ਵਰਣ-ਬੋਧ
ਕਾਂਡ 1
ਵਰਣਮਾਲਾ, ਲਗਾਂ, ਲਗਾਖਰ ਵਰਣ ਜਾਂ ਅੱਖਰ – ਪੰਜਾਬੀ ਬੋਲੀ ਦੀਆਂ ਆਵਾਜ਼ਾਂ ਨੂੰ ਲਿਖ ਕੇ ਪਰਗਟ ਕਰਨ ਲਈ ਜੋ ਮੂਲ ਚਿੰਨ੍ਹ ਵਰਤੇ ਜਾਂਦੇ ਹਨ, ਉਹਨਾਂ ਨੂੰ ਵਰਣ ਜਾਂ ਅੱਖਰ ਆਖਦੇ ਹਨ, ਜਿਵੇਂ – ੳ, ੲ, ਕ, ਖ, ਲ।
ਵਰਣਮਾਲਾ ਜਾਂ ਲਿਪੀ – ਕਿਸੇ ਬੋਲੀ ਦੇ ਸਾਰੇ ਅੱਖਰਾਂ (ਵਰਣਾਂ) ਦੇ ਸਮੂਹ ਨੂੰ ਉਸ ਬੋਲੀ ਦੀ ਵਰਣਮਾਲਾ ਜਾਂ ਲਿਪੀ ਕਹਿੰਦੇ ਹਨ। ਪੰਜਾਬੀ ਬੋਲੀ ਲਿਖਣ ਲਈ ਜੋ ਲਿਪੀ ਵਰਤੀ ਜਾਂਦੀ ਹੈ, ਉਸ ਦਾ ਪ੍ਰਚੱਲਤ ਨਾ ਗੁਰਮੁਖੀ ਹੈ। ਇਸ ਨਾਂ ਤੋਂ ਇਹ ਭੁਲੇਖਾ ਪੈਂਦਾ ਹੈ ਕਿ ਇਹ ਲਿਪੀ ਕੇਵਲ ਸਿੱਖ ਗੁਰੂ ਸਾਹਿਬਾਂ ਨਾਲ ਸਬੰਧਤ ਹੈ ਅਤੇ ਕੇਵਲ ਉਨ੍ਹਾਂ ਦੀਆਂ ਰਚਨਾਵਾਂ ਨੂੰ ਲਿਖਣ ਦੀ ਖਾਤਿਰ ਇਸ ਲਿਪੀ ਦੀ ਕਾਢ ਕੱਢੀ ਗਈ। ਪਰ ਇਹ ਭੁਲੇਖਾ ਨਿਰਮੂਲ ਹੈ, ਕਿਉਂਕਿ ਜਿਨ੍ਹਾਂ ਅੱਖਰਾਂ ਦੀ ਵਰਤੋਂ ਗੁਰਮੁਖੀ ਲਿਪੀ ਵਿੱਚ ਕੀਤੀ ਜਾਂਦੀ ਹੈ, ਉਹ ਅੱਖਰ ਗੁਰੂ ਨਾਨਕ ਦੇਵ ਜੀ ਤੋਂ ਵੀ ਢੇਰ ਸਮਾਂ ਪਹਿਲਾਂ ਪੰਜਾਬ ਵਿਚ ਵਰਤੇ ਜਾਂਦੇ ਸਨ। ਗੁਰਮੁਖੀ ਲਿਪੀ ਗੁਰੂ ਸਾਹਿਬਾਂ ਦੀ ਆਪਣੀ ਕਾਢ ਨਹੀਂ ਸੀ, ਸਗੋਂ ਉਨ੍ਹਾਂ ਤੋਂ ਪਹਿਲਾਂ ਹੀ ਹੋਂਦ ਤੇ ਵਰਤੋਂ ਵਿੱਚ ਆ ਚੁੱਕੀ ਸੀ। ਪੰਜਾਬ ਦੇ ਹਰੇਕ ਸਮਾਜਿਕ ਤੇ ਧਾਰਮਿਕ ਮੱਤ ਜਾਂ ਫਿਰਕੇ ਤੇ ਹਰੇਕ ਵਿਸ਼ੇ ਸਬੰਧੀ ਸਾਹਿਤ ਇਨ੍ਹਾਂ (ਗੁਰਮੁਖੀ) ਅੱਖਰਾਂ ਵਿਚ ਲਿਖੀਦਾ ਸੀ ਤੇ ਲਿਖੀਦਾ ਆਇਆ ਹੈ। ਗੁਰੂ ਨਾਨਕ ਜੀ ਨੇ ਇਸ ਲਿਪੀ ਨੂੰ ਸੋਧ ਸਵਾਰ ਕੇ ਪੰਜਾਬ ਦੀ ਬੋਲੀ ਪੰਜਾਬੀ ਨੂੰ ਸ਼ੁੱਧ ਰੂਪ ਵਿਚ ਲਿਖਤ ਦਾ ਜਾਮਾ ਪੁਆ ਸਕਣ ਦੇ ਸਮਰੱਥ ਬਣਾਇਆ। ਗੁਰਮੁਖੀ ਲਿਪੀ ਦਾ ਦੂਜਾ ਪ੍ਰਸਿੱਧ ਨਾਂ ‘ਪੈਂਤੀ’ ਜਾਂ ‘ਪੈਂਤੀ-ਅੱਖਰੀ’ ਹੈ, ਕਿਉਂਕਿ ਇਸ ਦੇ ਕੁੱਲ ਅੱਖਰ 35 ਹਨ, ਜੋ ਸਾਰੀਆਂ ਪੰਜਾਬੀ ਆਵਾਜ਼ਾਂ ਨੂੰ ਪ੍ਰਗਟਾਉਣ ਦੇ ਸਮਰੱਥ ਹਨ। ਮਗਰੋਂ ਅਰਬੀ, ਫਾਰਸੀ ਦੇ ਸ਼ਬਦਾਂ ਨੂੰ ਉਨ੍ਹਾਂ ਦੇ ਮੂਲ ਉਚਾਰਨ ਅਨੁਸਾਰ ਪੰਜਾਬੀ ਵਿਚ ਲਿਖਣ ਲਈ ‘ਸ’, ‘ਖ’, ‘ਗ’, ‘ਜ’ ਤੇ ‘ਫ’ ਹੇਠਾਂ ਬਿੰਦੀ ਲਾ ਕੇ ਇਨ੍ਹਾਂ ਨੂੰ ਫਾਰਸੀ ਉਚਾਰਨ ਦੇ ਅਨੁਕੂਲ ਬਣਾਇਆ ਗਿਆ। ਹੁਣ ‘ਲ’ ਦੀ ਤਾਲਵੀ ਆਵਾਜ਼ ਨੂੰ ਪ੍ਰਗਟ ਕਰਨ ਲਈ ‘ਲ਼’ ਹੇਠ ਬਿੰਦੀ ਲਾ ਕੇ ਲ ਬਣਾਉਣ ਦਾ ਤੋਰਾ ਤੁਰ ਚੁੱਕਾ ਹੈ, ਜੋ ਠੀਕ ਹੈ। ਜਿਵੇਂ ਕਿ – ਸ਼, ਖ਼, ਗ਼, ਜ਼, ਫ਼, ਲ਼।
ਨਾਸਕੀ ਅੱਖਰ – ਗੁਰਮੁਖੀ ਲਿਪੀ ਦੇ ਪੰਜ ਅੱਖਰਾਂ – ਙ, ਞ, ਣ, ਨ, ਮ ਦੀ ਆਵਾਜ਼ ਨਾਸਾਂ ਵਿਚੋਂ ਨਿਕਲਦੀ ਹੈ। ਇਨ੍ਹਾਂ ਨੂੰ ਨਾਸਕੀ ਅੱਖਰ ਕਹਿੰਦੇ ਹਨ।
ਲਗਾਂ – ਨਿਰੇ ਅੱਖਰ ਉਚਾਰੇ ਨਹੀਂ ਜਾ ਸਕਦੇ। ਇਨ੍ਹਾਂ ਨੂੰ ਉਚਾਰਨ ਲਈ ਜਿਨ੍ਹਾਂ ਆਵਾਜ਼ਾ ਦੀ ਸਹਾਇਤਾ ਦੀ ਲੋੜ ਹੁੰਦੀ ਹੈ। ਉਹਨਾਂ ਨੂੰ ਪ੍ਰਗਟ ਕਰਨ ਲਈ ਅੱਖਰਾਂ ਨਾਲ ਜੋ ਚਿੰਨ੍ਹ ਲਾਏ ਜਾਂਦੇ ਹਨ ਉਨ੍ਹਾਂ ਨੂੰ ਲਗਾਂ-ਅੱਖਰਾਂ ਨਾਲ ਲੱਗਣ ਵਾਲੇ ਚਿਨ੍ਹਾ ਕਿਹਾ ਜਾਂਦਾ ਹੈ। ਜਾਂ ਇਉਂ ਕਹਿ ਲਈਦਾ ਹੈ ਕਿ ਅੱਖਰਾਂ ਨੂੰ ਉਚਾਰਨ ਲਈ ਉਨ੍ਹਾਂ ਨਾਲ ਜੋ ਚਿੰਨ੍ਹ ਲਾਏ ਜਾਂਦੇ ਹਨ, ਉਨ੍ਹਾਂ ਨੂੰ ਲਗਾਂ ਆਖਦੇ ਹਨ।
ਗੁਰਮੁਖੀ ਲਿਪੀ ਵਿਚ ਦਸ ਲਗਾਂ ਹਨ, ਜਿਨ੍ਹਾਂ ਦੇ ਨਾਂ, ਰੂਪ ਤੇ ਉਦਾਹਰਣਾਂ ਹੇਠਾਂ ਦੇਂਦੇ ਹਾਂ-
ਨਾਂ ਰੂਪ ਉਦਾਹਰਣ
ਮੁਕਤਾ ਕ, ਖ
ਕੰਨਾ ਾ ਕਾ, ਖਾ
ਸਿਹਾਰੀ ਿ ਕਿ, ਖਿ
ਬਿਹਾਰੀ ੀ ਕੀ, ਖੀ
ਔਂਕੜ ੁ ਕੁ, ਖੁ
ਦੁਲੈਂਕੜੇ ੂ ਕੂ, ਖੂ
ਲਾਂ ੇ ਕੇ, ਖੇ
ਦੁਲਾਵਾਂ ੈ ਕੈ, ਖੈ
ਹੋੜਾ ੋ ਕੋ, ਖੋ
ਕਨੌੜਾ ੌ ਕੌ, ਖੌ
ਮੁਕਤਾ ਲਗ ਕੇਵਲ ਆਵਾਜ਼ ਰੂਪ ਹੀ ਹੈ, ਇਸ ਦਾ ਚਿੰਨ੍ਹ ਕੋਈ ਨਹੀਂ ਹੁੰਦਾ ‘ੳ’, ‘ਅ’ ਤੇ ‘ੲ’ ਤੋਂ ਬਿਨਾਂ ਬਾਕੀ ਅੱਖਰਾਂ ਨਾਲ ਇਹ ਦਸੇ ਲਗਾਂ ਲੱਗ ਸਕਦੀਆਂ ਹਨ। ਪਰ ‘ੳ’ ਨਾਲ ਕੇਵਲ ਤਿੰਨ ਲਗਾਂ – ਔਂਕੜ, ਦੁਲੈਂਕੜੇ ਤੇ ਹੋੜਾ, ‘ਅ’ ਨਾਲ ਚਾਰ ਲਗਾਂ – ਮੁਕਤਾ, ਕੰਨਾ, ਦੁਲਾਈਆਂ ਤੇ ਕਨੌੜਾ ਅਤੇ ‘ੲ’ ਨਾਲ ਤਿੰਨ ਲਗਾਂ – ਸਿਹਾਰੀ, ਬਿਹਾਰੀ ਤੇ ਲਾਂ ਹੀ ਲਗਾਈਆਂ ਜਾ ਸਕਦੀਆਂ ਹਨ।
ਸ੍ਵਰ, ਵਿਅੰਜਨ – ‘ੳ’, ‘ਅ’ ਤੇ ‘ੲ’ ਨਾਲ ਲਗਾਂ ਲਾਉਣ ਨਾਲ ਜੋ ਦਸ ਅੱਖਰ ਬਣਦੇ ਹਨ, ਉਹਨਾਂ ਨੂੰ ਸ੍ਵਰ-ਅੱਖਰ ਆਖਦੇ ਹਨ। ਜਿਵੇਂ ਕਿ – ਅ, ਆ, ਇ, ਈ, ਉ, ਊ, ਏ, ਐ, ਓ, ਔ। ਇਸ ਕਰਕੇ ‘ੳ’, ‘ਅ’ ਤੇ ‘ੲ’ਨੂੰ ਸ੍ਵਰ-ਅੱਖਰ ਆਖਦੇ ਹਨ। ਬਾਕੀ ਦੇ ਸਾਰੇ ਅੱਖਰਾਂ ਨੂੰ ਵਿਅੰਜਨ ਕਿਹਾ ਜਾਂਦਾ ਹੈ।
ਲਗਾਖਰ – ਸ਼ਬਦ ਲਿਖਣ ਲਈ ਅੱਖਰਾਂ ਤੇ ਲਗਾਂ ਤੋਂ ਬਿਨਾਂ ਕੁਝ ਹੋਰ ਚਿੰਨ੍ਹ ਵੀ ਵਰਤੇ ਜਾਂਦੇ ਹਨ। ਇਨ੍ਹਾਂ ਦਾ ਉਚਾਰਨ ਲਗਾਂ ਤੋਂ ਮਗਰੋਂ ਹੁੰਦਾ ਹੈ। ਇਸ ਕਰਕੇ ਇਨ੍ਹਾਂ ਨੂੰ ਲਗਾਖਰ ਆਖਦੇ ਹਨ। ਇਹ ਇੱਕ ਤਰ੍ਹਾਂ ਦੀਆਂ ਸਹਾਇਕ ਲਗਾਂ ਹਨ ਤੇ ਮੁੱਖ ਲਗਾਂ ਦੇ ਨਾਲ ਮਿਲ ਕੇ ਬੋਲਦੀਆਂ ਹਨ। ਸ਼ਬਦਾਂ ਦੇ ਉਚਾਰਨ ਸਮੇਂ ਪਹਿਲਾਂ ਅੱਖਰ ਬੋਲਦੇ ਹਨਸ ਫੇਰ ਲਗਾਂ ਤੇ ਫੇਰ ਲਗਾਖਰ। ਇਹ ਗਿਣਤੀ ਵਿਚ ਤਿੰਨ ਹਨ –
ਨਾਂ ਰੂਪ ਉਦਾਹਰਣ
ਬਿੰਦੀ ਂ ਕਾਂ, ਚੀਂ, ਭੇਂ, ਭੌਂ, ਮੈਂ, ਉਂਝ
ਟਿੱਪੀ ੰ ਅੰਬ, ਨੂੰ, ਤਿੰਨ
ਅੱਧਕ ੱ ਅੱਖ, ਕਿੱਲਾ, ਨਿੱਕਾ
ਬਿੰਦੀ ਤੇ ਟਿੱਪੀ ਦਾ ਉਚਾਰਨ ਨਾਸਾਂ ਰਾਹੀਂ ਹੁੰਦਾ ਹੈ। ਜਿਵੇਂ ਕਿ – ਕਾਂ, ਨੀਂ, ਤੂੰ, ਭੌਂ, ਜੰਗ। ਜਿਸ ਅੱਖਰ ਉੱਪਰ ਅਧਕ ਲਾਈ ਜਾਵੇ, ਉਸ ਤੋਂ ਅਗਲੇ ਅੱਖਰ ਦੀ ਆਵਾਜ਼ ਦੂਹਰੀ ਨਿਕਲਦੀ ਹੈ। ਜਿਵੇਂ – ਛੱਤ = ਛੱਤ + ਤ ।