ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਵਰਣ-ਬੋਧ
ਕਾਂਡ 3
ਸ਼ਬਦ – ਜੋੜ (2)

ਬਿੰਦੀ ਤੇ ਟਿੱਪੀ

ਬਿੰਦੀ ਤੇ ਟਿੱਪੀ ਦੀ ਵਰਤੋਂ ਬਾਰੇ ਹੇਠ ਲਿਖੀਆ ਗੱਲਾਂ ਚੇਲੇ ਰੱਖਣ ਦੀ ਲੋੜ ਹੈ –

“ਓ” ਨਾਲ ਸਦਾ ਬਿੰਦੀ ਹੀ ਲਗਦੀ ਹੈ, ਜਿਵੇਂ ਉਂਗਲ, ਉਂਜ, ਇਉਂ, ਕਿਤਿਓਂ, ਲਾਗਿਓਂ, ਊਂਘ, ਊਂਧੀ। ਇਹਨਾਂ ਸ਼ਬਦਾਂ ਨੂੰ ਟਿੱਪੀ ਨਾਲ ਊੰਗਲ, ਊੰਜ, ਊੰਨ, ਊੰਧੀ ਲਿਖਣਾ ਗ਼ਲਤ ਹੈ।

ਹੋਰਨਾ ਅੱਖਰਾਂ ਨਾਲ “ਬਿੰਦੀ”. “ਟਿੱਪੀ” ਦੀ ਵਰਤੋਂ ਇਉਂ ਹੁੰਦੀ ਹੈ – ਮੁਕਤੇ, ਸਿਹਾਰੀ, ਔਂਕੜ ਤੇ ਦੂਲੈਂਕੜ ਨਾਲ ਟਿੱਪੀ ਲਗਦੀ ਹੈ ਅਤੇ ਬਾਕੀ ਦੀਆਂ ਲਗਾਂ (ਕੰਨਾ, ਬਿਹਾਰੀ, ਲਾਂ, ਦੁਲਾਈਆਂ, ਹੋੜਾ ਤੇ ਕਨੌੜਾ) ਨਾਲ ਬਿੰਦੀ ਲਗਦੀ ਹੈ ਜਿਵੇਂ – ਅੰਗ, ਅੰਤ, ਸੰਗ, ਗੰਦ, ਇੰਜ, ਇੰਦਰ, ਕਿੰਗਰੀ, ਸੁੰਘਣਾ, ਕੁੰਡੀ, ਖੁੰਢਾ, ਹੂੰ, ਖੂੰਡਾ, ਠੂੰਗਾ, ਨੂੰ, ਆਂਦਰ, ਹਾਂ, ਬਾਂਦਰ, ਸੀਂਢ, ਚੀਂ-ਚੀਂ. ਪੀਂਘ, ਕੇਂਦਰ, ਗੇਂਦ, ਜਾਵੇਂ, ਸੈਂਕੜਾ, ਹੈਂਕੜ, ਚੌਂਦਾ, ਘਰੋਂ, ਉੱਤੋਂ, ਔਂਕੜ, ਸੌਂਤਰਾ, ਜੌਂ, ਭੌਂਦਾ।

ਨਾਸਕ ਵਿਅੰਜਨਾਂ ਦੇ ਉਚਾਰਨ ਵਿੱਚ ਬਿੰਦੀ ਦੀ ਆਵਾਜ਼ ਉਂਜ ਹੀ ਰਲ਼ੀ ਹੁੰਦੀ ਹੈ। ਇਸ ਕਰਕੇ ਆਮ ਤੌਰ ਤੇ ਇਨ੍ਹਾਂ ਨਾਲ ਬਿੰਦੀ ਨਹੀਂ ਲਗਦੀ। ਇਨ੍ਹਾਂ ਨੂੰ ਲੱਗਣ ਵਾਲੀ ਬਿੰਦੀ ਓਥੇ ਹੀ ਲਾਈ ਜਾਂਦੀ ਹੈ ਜਿੱਥੇ ਵਿਆਕਰਣ ਅਨੁਸਾਰ ਲੋੜ ਹੈ ਜਿਵੇਂ

ੳ) “ਜਿਨ੍ਹਾਂ, ਉਹਨਾਂ, ਇਹਨਾਂ, ਸਗਨਾਂ, ਕਰਮਾਂ, ਵਿਅੰਜਨਾਂ, ਕਿਰਨਾਂ (ਕਿਰਨ ਦਾ ਬਹੁਵਚਨ),  ਸਿੰਙਾਂ,  ਮੇਂਙਨਾ,  ਸੁਣੇਂ,  ਮੰਨੇਂ” ਆਦਿ ਵਿੱਚ ਅੰਤਲੀ ਲਗ ਨੂੰ ਬਿੰਦੀ ਲੱਗੇਗੀ।

ਅ) “ਲੰਮਾ, ਸੁਞਾ, ਗੰਨਾ, ਜਿੰਨਾ, ਕਿੰਨਾ, ਬੰਨਾ, ਭੁੰਞੇ, ਕਾਮਾ, ਆਨਾ, ਕਾਨਾ, ਨਿਮ੍ਹਾ, ਮੰਨੇ” ਆਦਿ ਵਿੱਚ ਅੰਤਲੀ ਲਗ ਬਿੰਦੀ ਨਹੀਂ ਲਗਦੀ, ਭਾਵੇਂ ਇਹ ਉਚਾਰਨ ਵਿੱਚ ਮੌਜੂਦ ਹੈ। ਆਮ ਤੌਰ ਤੇ ਨਾਸਕੀ ਵਿਅੰਜਨਾਂ ਦੇ ਗੁਆਂਢ (ਪਹਿਲਾਂ ਜਾਂ ਪਿੱਛੇ ਆਉਣ ਵਾਲੀ ਲੰਮੀ ਆਵਾਜ਼ ਵਾਲੀ ਲਗ ਨਾਲ ਬਿੰਦੀ ਜਾਂ ਟਿੱਪੀ ਨਹੀਂ ਲਗਦੀ, ਜਿਵੇਂ – ਸ਼ਾਮ, ਹਰਾਮ, ਕਾਮਾ, ਰਾਣੀ, ਬਾਣੀ, ਰਾਮੀ, ਵਾਣ, ਵਾਙ, ਵੀਣੀ, ਪੂਣੀ, ਨੈਣ, ਪੌਣ। ਇਨ੍ਹਾਂ ਸ਼ਬਦਾਂ ਨੂੰ  “ਸ਼ਾਂਮ, ਕਾਂਮਾ, ਰਾਣੀਂ” ਆਦਿ ਲਿਖਣਾ ਗ਼ਲਤ ਹੈ।

ਕਿਸੇ ਨੂੰ ਆਵਾਜ਼ ਮਾਰਨ ਜਾਂ ਸੰਬੋਧਨ ਕਰਨ ਲਈ ਸ਼ਬਦ ਦੇ ਮਗਰ ਜੋ ਕੰਨਾ ਲਗਦਾ ਹੈ, ਉਸ ਉਪਰ ਬਿੰਦੀ ਨਹੀਂ ਲਾਈ ਜਾਂਦੀ, ਪਰ ਸਬੰਧਕੀ ਬਹੁਵਚਨ ਦੇ ਅਖ਼ੀਰਲੇ ਕੰਨੇ ਉਪਰ ਬਿੰਦੀ ਜ਼ਰੂਰ ਲਗਦੀ ਹੈ। ਜਿਵੇਂ –ਸਿਆਣਿਆ ਪੁੱਤਰਾ, ਸਿਆਣਿਆਂ ਦਾ ਕਥਨ ਹੈ ਕਿ ਸਾਊ ਪੁੱਤਰਾਂ ਨੂੰ ਮਾਪਿਆਂ ਦੀ ਆਗਿਆ ਪਾਲਣੀ ਚਾਹੀਦੀ ਹੈ। ਗੁੰਗਿਆਂ ਪਹਿਲਵਾਨਾ, ਗੁੰਗਿਆਂ ਵਾਕੁਰ ਚੁੱਪ ਧਾਰ ਕੇ ਚੰਗੇ ਪਹਿਲਵਾਨਾਂ ਵਾਲ਼ਾ ਘੋਲ ਵਿਖਾ, ਸੰਤੋਖੀਆ ਜੱਟਾ, ਤਕੜਾ ਹੋ ਕੇ ਕਾਰ ਕਰ, ਸੰਤੋਖੀਆਂ ਨੂੰ ਫਲ ਮਿਲ਼ੇਗਾ ਤੇ ਜੱਟਾਂ ਦੇ ਦਿਨ ਫਿਰਨਗੇ, ਪਾਪੀਆ ਜ਼ਾਲਮਾ, ਪਾਪਾਂ ਤੋਂ ਡਰ, ਪਾਪੀਆਂ ਜ਼ਾਲਮਾਂ ਨੂੰ ਵੀ ਲੇਖਾ ਦੇਣਾ ਪਵੇਗਾ, ਮੁੰਡਿਆ, ਭੈੜੇ ਮੁੰਡਿਆਂ ਦੀ ਸੰਗਤ ਤੋਂ ਬਚ ਕੇ ਰਿਹਾ ਕਰ।

ਕਿਰਿਆ ਦੇ ਅਨਿਸਚਿਤ ਭੂਤ ਕਾਲ ਪੁਲਿੰਗ ਇੱਕ-ਵਚਨ (ਸੁਣਿਆ, ਛੱਡਿਆ, ਗਿਆ, ਘੱਲਿਆ ਆਦਿ) ਦੇ ਅੰਤਲੇ ਕੰਨੇ ਉੱਪਰ ਬਿੰਦੀ ਨਹੀਂ ਲਗਦੀ। ਜੇ ਇਨ੍ਹਾਂ ਸ਼ਬਦਾਂ ਦੇ ਅੰਤਲੇ ਕੰਨੇ ਉਪਰ ਬਿੰਦੀ ਲਾ ਦੇਈਏ, ਤਾਂ ਇਹ ਸ਼ਬਦ ਅਨਿਸਚਿਤ ਭੂਤ ਕਾਲ ਦੀ ਕਿਰਿਆ ਨਹੀਂ ਰਹਿੰਦੇ ਅਤੇ ਇਨ੍ਹਾਂ ਦੇ ਅਰਥ ਹੋਰ ਹੀ ਹੋ ਜਾਂਦੇ ਹਨ। ਜਿਵੇਂ ਅਜੇਹੀ ਖ਼ਬਰ ਸੁਣਿਆਂ (ਸੁਣਨ ਨਾਲ) ਚਿੱਤ ਦੁਖੀ ਹੁੰਦਾ ਹੈ, ਟੱਬਰ ਦਾ ਜੰਜਾਲ ਅਜੇਹਾ ਹੈ ਕਿ ਛੱਡਿਆਂ (ਛੱਡਣ ਦਾ ਯਤਨ ਕਰਨ ਤੇ) ਛੱਡਿਆ ਨਹੀਂ ਜਾਂਦਾ, ਤੁਰਦਿਆਂ ਤੁਰਦਿਆਂ (ਤੁਰਨ ਨਾਲ) ਸਾਡੇ ਪੈਰ ਅੰਬ ਗਏ, ਸਾਡੇ ਬੈਠਿਆਂ ਦੇ ਗੋਡੇ ਜੁੜ ਗਏ, ਕੋਠੇ ਤੋਂ ਡਿਗਿਆਂ (ਡਿੱਗਣ ਨਾਲ) ਸੱਟ ਲੱਗਣੀ ਹੀ ਹੋਈ, ਇਹ ਰੁੱਖ ਗਿਣਿਆਂ (ਗਿਣਨ ਦਾ ਜਤਨ ਕਰਨ ਤੇ) ਗਿਣੇ ਨਹੀਂ ਜਾਂਦੇ।

ਕਿਸੇ ਕੰਮ ਦੇ ਕਰਨ, ਜਰਨ ਜਾਂ ਹੋਣ ਨੂੰ ਪਰਗਟ ਕਰਨ ਵਾਲੇ ਸ਼ਬਦ – ਭਾਵਾਰਥ ਦੀ ਨਿਸ਼ਾਨੀ “ਣਾ” ਜਾਂ “ਨਾ” ਹੁੰਦੀ ਹੈ, “ਣਾਂ” ਜਾਂ “ਨਾਂ” ਨਹੀਂ, ਜਿਵੇਂ ਉਲੰਘਣਾ, ਖਾਣਾ, ਵਾਹੁਣਾ, ਕਿਰਨਾ, ਪੜ੍ਹਨਾ।

ਇਹ ਵੀ ਚੇਤੇ ਰੱਖੋ ਕਿ “ਉਲੰਘਣ, ਖਾਣ, ਕਿਰਨ, ਖੁਭਣ, ਤਿਲਕਣ” ਇੱਕਵਚਨ ਨਾਉਂ ਹਨ, ਅਤੇ ਉਲੰਘਣਾਂ, ਖਾਣਾਂ, ਕਿਰਨਾਂ, ਖੁੱਭਣਾਂ, ਤਿਲਕਣਾਂ ਇਨ੍ਹਾਂ ਦੇ ਬਹੁ-ਵਚਨ ਰੂਪ ਹਨ।

ਇਸੇ ਤਰਾਂ “ਸੁਣੇ, ਕਰੇ, ਗਿਣੇ, ਜਾਵੇ, ਛਾਣੇ, ਡਿੱਗੇ” ਆਦਿ ਵਿੱਚ “ਸੁਣੇਂ, ਕਰੇਂ, ਗਿਣੇਂ, ਜਾਵੇਂ, ਛਾਣੇਂ, ਡਿੱਗੇਂ” ਆਦਿ ਵਿੱਚ ਫ਼ਰਕ ਹੈ। ਅਸੀਂ ਕਹਿੰਦੇ ਹਾਂ

“ਅਸਾਂ ਵਧੀਆ ਗੀਤ ਸੁਣੇ”, “ਜੋ ਤੂੰ ਸੁਣੇਂ, ਤਾਂ ਮੈਂ ਸੁਣਾਵਾਂ, ਤੇਰਾ ਜੋ ਜੀ ਕਰੇ ਕਰ, ਜੇ ਤੂੰ ਨੇਕੀ ਕਰੇਂ ਤਾਂ ਸ਼ੋਭਾ ਖੱਟੇਂ, ਮੈਂ ਇਹ ਰੁੱਖ ਗਿਣੇ ਹਨ, ਜੇ ਤੂੰ ਗਿਣੇਂ ਤਾਂ ਤੈਨੂੰ ਇਨ੍ਹਾਂ ਦੀ ਗਿਣਤੀ ਮਲੂਮ ਹੋ ਜਾਵੇ, ਜੇ ਤੂੰ ਜਾਵੇਂ, ਤਾਂ ਮੈਂ ਤੇਰੇ ਨਾਲ ਜਾਵਾਂ, ਉਹ ਦੋਵੇਂ ਰੁੱਖ ਤੋਂ ਡਿੱਗੇ ਤੇ ਰੋਣ ਲੱਗ ਪਏ, ਜੇ ਤੂੰ ਡਿੱਗੇਂ ਤਾਂ ਤੂੰ ਵੀ ਰੋਣ ਲੱਗ ਪਏ, ਜੇ ਤੂੰ ਆਟਾ ਛਾਣੇਂ ਅਤੇ ਚੰਗੀ ਤਰ੍ਹਾਂ ਗੁਨ੍ਹੇਂ, ਤਾਂ ਤੂੰ ਥੱਕ ਤਾਂ ਨਾ ਜਾਵੇਂ” ਆਦਿ।

ਇਸੇ ਤਰ੍ਹਾਂ “ਤੂੰ ਸੁਣਾ ਤੇ ਮੈਂ ਸੁਣਾਂ, ਤੂੰ ਲਿਖਾ ਤੇ ਮੈਂ ਲਿਖਾਂ, ਮੈਂ ਇਹ ਪੁਸਤਕ ਪੜ੍ਹੀ ਹੈ, ਲੈ ਤੂੰ ਵੀ ਪੜ੍ਹੀਂ, ਮੈਂ ਲਿਖਾਵਾਂਗਾ, ਤੂੰ ਲਿਖੀਂ, ਜੋ ਕੁਝ ਉਹ ਕਹੇ ਧਿਆਨ ਨਾਲ ਸੁਣੀਂ, ਫੇਰ ਨਾ ਆਖੀਂ ਕਿ ਜੋ ਗੱਲ ਉਹਨੇ ਆਖੀ ਸੀ ਉਹ ਮੈਂ ਨਹੀਂ ਸੁਣੀ”

ਹੇਠਾਂ ਲਿਖੇ ਸ਼ਬਦਾਂ ਦੇ ਹੇਠਾਂ ਦਿੱਤੇ ਜੋੜ ਪ੍ਰਚੱਲਤ ਹੋ ਜਾਣ ਕਰਕੇ ਤੇ ਉਚਾਰਨ ਦੇ ਲਿਹਾਜ਼ ਨਾਲ ਠੀਕ ਮੰਨੇ ਗਏ ਹਨ। ਇਹਨਾਂ ਨੂੰ ਖਾਸ ਧਿਆਨ ਨਾਲ ਨੋਟ ਕਰਨ ਦੀ ਲੋੜ ਹੈ।

“ਸਮਾਂ” (ਥੋੜ੍ਹਾ ਸਮਾਂ ਹੋਰ ਠਹਿਰੋ), “ਸਮਾ” (ਇਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ, “ਨਾਂ” (ਤੇਰਾ ਨਾਂ ਕੀ ਹੈ), “ਨਾ” (ਝੂਠ ਨਾ ਬੋਲੋ), “ਨੀ” (ਨੀ ਕੁੜੀਏ!), “ਨੀਂ” (ਕਿਤਾਬਾਂ ਕਿੱਥੇ ਰੱਖੀਆਂ ਨੀਂ), “ਨੂੰ” (ਰਾਮੂ ਨੂੰ ਸੱਦੋ), “ਨੇ” (ਮੁਰਗੀ ਨੇ ਆਂਡਾ ਦਿੱਤਾ), “ਨੇਂ” (ਕਬੂਤਰ ਉੱਡਦੇ ਨੇ), ਨੌ ਨੌਵਾਂ,  ਨੌਮੀ,  ਮਾਂ,  ਮੈਨੂੰ,  ਮੈਥੋਂ,  ਤੂੰ,  ਤੈਨੂੰ, ਤੈਥੋਂ, ਸਾਨੂੰ, “ਬਿਨਾਂ” (ਤੇਰੇ ਬਿਨਾ ਮੇਰਾ ਕੌਣ ਹੈ?), “ਬਿਨਾ” (ਇਹ ਗੱਲ ਕਿਸ ਬਿਨਾ ਤੇ ਕਹਿ ਰਹੇ ਹੋ?)

ਕਈ ਹੋਰ ਵੀ ਸ਼ਬਦ ਹਨ ਜਿਨ੍ਹਾਂ ਵਿੱਚ ਬਿੰਦੀ ਦੀ ਹੋਂਦ ਅਣਹੋਂਦ ਕਰਕੇ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ, ਜਿਵੇਂ –
ਅੱਗਾ – ਅੱਗਾ ਪਿੱਛਾ ਸੋਚੇ ਬਿਨਾ ਕੰਮ ਨਾ ਕਰੋ।
ਅੱਗਾਂ – ਫਸਾਦਾਂ ਦੇ ਦਿਨੀਂ ਥਾਂ-ਥਾਂ ਅੱਗਾਂ ਲੱਗਦੀਆਂ ਤੇ ਘਰ ਫੂਕੀਦੇ ਸਨ।
ਆਸਾ – ਜੀਵੇ ਆਸਾ, ਮਰੇ ਨਿਰਾਸਾ। ਇਹ ਸ਼ਬਦ ਰਾਗ ਆਸਾ ਵਿੱਚ ਹੈ।
ਆਸਾਂ – ਪਰਮਾਤਮਾ ਤੁਹਾਡੀਆਂ ਆਸਾਂ ਪੂਰੀਆਂ ਕਰੇ।
ਔਕੜ – ਹਰੇਕ ਔਕੜ ਦਾ ਡਟ ਕੇ ਟਾਕਰਾ ਕਰੋ।
ਔਂਕੜ – “ੲ” ਤੇ “ਅ” ਨਾਲ ਔਂਕੜ ਨਹੀਂ ਲਗਦਾ।
ਸਮਾ – ਇਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ।
ਸਮਾਂ – ਸਮਾਂ ਅਮੋਲਕ ਧਨ ਹੈ, ਇਹਨੂੰ ਨਕੰਮੇ ਕੰਮੀ ਲੱਗ ਕੇ ਨਾ ਗਵਾਓ।
ਸਾਈ – ਮੈਂ ਮਝ ਦੀ ਸਾਈ ਦੇ ਆਇਆ ਹਾਂ, ਬਾਕੀ ਰਕਮ ਸਵੇਰੇ ਤਾਰਨੀ ਹੈ।
ਸਾਈਂ – ਤੁਹਾਨੂੰ ਸੱਚੇ ਸਾਈਂ ਦੀਆਂ ਰੱਖਾਂ, ਇਸ ਮਾਲ ਦਾ ਸਾਈਂ ਕੋਈ ਨਹੀਂ ਬਣਦਾ।
ਸਾਗ – ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਬੜੀ ਨਿਆਮਤ ਹੈ।
ਸਾਂਗ – ਕਿਸੇ ਦੇ ਸਾਂਗ ਨਹੀਂ ਲਾਈਦੇ।
ਸੌਦਾ – ਅਸੀਂ ਮਕਾਨ ਦਾ ਸੌਦਾ ਕਰ ਕੇ ਸਾਈ ਦੇ ਦਿੱਤੀ ਹੈ।
ਸੌਂਦਾ – ਮੈਂ ਰੋਜ ਵੇਲੇ ਸਿਰ ਸੌਂਦਾ ਤੇ ਵੇਲੇ ਸਿਰ ਉੱਠਦਾ ਹਾਂ।
ਹੱਟੀ – ਬਾਣੀਏ ਦੀ ਹੱਟੀ ਤੋਂ ਸੌਦਾ ਲਿਆਓ।
ਹੱਟੀਂ – ਮੈਂ ਕਈ ਹੱਟੀਂ ਗਿਆ, ਪਰ ਕਿਤਿਓਂ ਵੀ ਇਹ ਸ਼ੈ ਨਾ ਮਿਲੀ।
ਕੋਹੀ – ਉਸ ਜ਼ਾਲਮ ਦੇ ਰਾਜ ਸਮੇਂ ਪਰਜਾ ਬੁਰੀ ਤਰ੍ਹਾਂ ਕੋਹੀ ਜਾਂਦੀ ਸੀ।
ਕੋਹੀਂ – ਬੋਲੀ ਬਾਰੀਂ ਕੌਹੀਂ ਬਦਲ ਜਾਂਦੀ ਹੈ।
ਗੋਡੀ – ਜੇ ਫਸਲ ਦੀ ਵੇਲੇ ਸਿਰ ਗੋਡੀ ਕੀਤੀ ਜਾਵੇ, ਤਾਂ ਝਾੜ ਚੰਗਾ ਹੁੰਦਾ ਹੈ।
ਗੋਡੀਂ – ਵਾਈ ਦੇ ਕਾਰਨ ਮੇਰੇ ਗੋਡੀਂ ਪੀੜਾਂ ਹੁੰਦੀਆਂ ਹਨ।
ਗੋਦ – ਬੱਚਾ ਮਾਂ ਦੀ ਗੋਦ ਵਿੱਚ ਪਿਆ ਖੇਡਦਾ ਹੈ।
ਗੋਂਦ – ਇਹ ਦੁਰਘਟਨਾ ਕਿਸੇ ਗੁਪਤ ਗੋਂਦ ਦਾ ਸਿੱਟਾ ਸੀ।
ਨਾ – ਪਾਪ ਨਾ ਕਮਾਓ, ਤੇ ਅੱਗਾ ਭਾਰਾ ਨਾ ਕਰੋ।
ਨਾਂ – ਤੁਹਾਡੇ ਮਿੱਤਰ ਦਾ ਨਾਂ ਕੀ ਹੈ ?
ਪੈਦਾ – ਸਾਡੇ ਦੇਸ ਵਿੱਚ ਕਣਕ ਬਹੁਤ ਪੈਦਾ ਹੁੰਦੀ ਹੈ।
ਪੈਂਦਾ – ਇਸ ਰਾਜ ਵਿੱਚ ਹਰੇਕ ਨੂੰ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ।
ਬਾਦੀ – ਕਿਸੇ ਨੂੰ ਮਾਂਹ ਮਾਫ਼ਕ ਕਿਸੇ ਨੂੰ ਮਾਂਹ ਬਾਦੀ।
ਬਾਂਦੀ – ਬਾਂਦੀ ਨੇ ਸੁਆਣੀ ਦੇ ਚਰਨ ਧੋਤੇ।
ਭਰਮਾੱ – ਠੱਗ ਨੇ ਲਾਲਚ ਦੇ ਕੇ ਤੀਵੀਂ ਨੂੰ ਭਰਮਾੱ ਲਿਆ।
ਭਰਮਾਂ – ਕਈ ਲੋਕ ਵਾਧੂ ਭਰਮਾਂ ਵਿੱਚ ਫਸੇ ਰਹਿੰਦੇ ਹਨ।
ਟਿੱਪੀ ਦੀ ਹੋਂਦ ਜਾਂ ਅਣਹੋਂਦ ਕਾਰਨ ਵੀ ਅਰਥਾਂ ਵਿੱਚ ਫ਼ਰਕ ਪੈ ਜਾਂਦਾ ਹੈ
ਅੱਗ – ਅੱਗ ਬਾਲੋ ਤੇ ਛੱਲੀਆਂ ਭੁੰਨੋ।
ਅੰਗ – ਅੱਖਾਂ ਸਰੀਰ ਦਾ ਜ਼ਰੂਰੀ ਅੰਗ ਹਨ।
ਅੱਤ – ਅੱਜ ਅੱਤ ਦੀ ਸੀਤ ਹੈ।
ਅੰਤ – ਮਾੜੇ ਕੰਮ ਦਾ ਅੰਤ ਮਾੜਾ ਹੁੰਦਾ ਹੈ।
ਸੱਦ – ਜਦ ਲੋੜ ਹੋਵੇ ਮੈਨੂੰ ਸੱਦ ਲੈਣਾ।
ਸੰਦ – ਵਾਹੀਕਾਰੀ ਦੇ ਨਵੇਂ ਨਵੇਂ ਤੇ ਵਧੀਆ ਸੰਦ ਚਾਲੂ ਹੋ ਗਏ।
ਸੁੱਘ – ਡਾਕੂਆਂ ਦੀ ਕੋਈ ਉੱਘ-ਸੁੱਘ ਨਾ ਨਿੱਕਲੀ।
ਸੁੰਘ – ਇਹ ਫੁੱਲ ਸੁੰਘ ਕੇ ਵੇਖੋ, ਕਿੰਨੀ ਮਹਿਕ ਦੇ ਰਿਹਾ ਹੈ।
ਹੱਸ – ਹੱਸ-ਹੱਸ ਕੇ ਦਿਨ ਗੁਜ਼ਾਰੋ।
ਹੰਸ – ਕਾਂ ਚੱਲਿਆ ਹੰਸ ਦੀ ਚਾਲ, ਆਪਣੀ ਚਾਲ ਭੁਲਾ ਬੈਠਾ।
ਕੱਤ – ਮਾਈ ਚਰਖਾ ਕੱਤ ਰਹੀ ਹੈ।
ਕੰਤ – ਜੋ ਆਪਣੇ ਕੰਤ ਨੂੰ ਪਿਆਰੀ, ਸੋਈ ਸੁਹਾਗਣ ਨਾਰੀ।
ਖੱਡ – ਬੱਸ ਉਲਟ ਕੇ ਖੱਡ ਵਿੱਚ ਡਿੱਗ ਪਈ।
ਖੰਡ – ਮੈਂ ਖੰਡ-ਘਿਓ ਨਾਲ ਰੋਟੀ ਖਾਧੀ।
ਖੱਭ – ਘੋੜੀ ਨੂੰ ਖੱਭਾ ਦੇ ਕੇ  ਉਸ ਉੱਪਰ ਪਲਾਕੀ ਮਾਰੋ।
ਖੰਭ – ਪੰਛੀ ਖੰਭਾਂ ਦੇ ਬਲ ਉੱਡਦੇ ਹਨ।
ਗੁੱਡਾ – ਮੈਂ ਬਸੰਤ ਵਾਲੇ ਦਿਨ ਗੁੱਡਾ ਉਡਾਵਾਂਗਾ।
ਗੁੰਡਾ – ਗੁੰਡਾ ਬੰਦਾ ਹਰ ਕਿਸੇ ਨੂੰ ਬੁਰਾ ਲਗਦਾ ਹੈ।
ਚੁਗ – ਪੰਛੀ ਚੋਗ ਚੁਗ ਰਹੇ ਹਨ।
ਚੁੰਗ – ਦਾਨੇ ਭੁੰਨਣ ਵਾਲੀ ਦਾਣਿਆਂ ਚੋਂ ਚੁੰਗ ਰਖਦੀ ਹੈ।
ਢੱਗਾ – ਮਾੜਾ ਢੱਗਾ ਛੱਤੀ ਰੋਗ।
ਢੰਗਾ – ਖੋਤੇ ਨੂੰ ਢੰਗਾ ਪਾ ਦਿਓ, ਤਾਂ ਜੁ ਉਹ ਨੱਸ ਨਾ ਜਾਵੇ।
ਪੱਜ – ਜੇ ਕੰਮ ਕਰਨ ਦੀ ਨੀਤ ਨਾ ਹੋਵੇ ਤਾ ਕਈ ਪੱਜ ਲੱਭ ਪੈਂਦੇ ਹਨ।
ਪੰਜ – ਹੱਥ ਦੀਆਂ ਪੰਜ ਉਂਗਲਾਂ ਹੁੰਦੀਆਂ ਹਨ।
ਪੁੱਜ – ਮੈਂ ਸਵੇਰੇ ਹੀ ਓਥੇ ਪੁੱਜ ਗਿਆ।
ਪੁੰਜ – ਸ੍ਰੀ ਗੁਰੂ ਅਰਜਨ ਦੇਵ ਦੀ ਸ਼ਾਂਤੀ ਦੇ ਪੁੰਜ ਸਨ।
ਮੁਨੀ – ਭਾਰਤ ਵਿੱਚ ਕਈ ਰਿਸ਼ੀ-ਮੁਨੀ ਹੋ ਚੁੱਕੇ ਹਨ।
ਮੁੰਨੀ – ਮੁੰਨੀ ਨੂੰ ਆਖੋ ਕਿ ਚਰਖਾ ਕੱਤੇ।

ਇਸੇ ਤਰ੍ਹਾਂ ਕੁਝ ਹੋਰ ਸ਼ਬਦ – ਅੱਕ,  ਅੰਕ,  ਸਖੀ,  ਸੰਖੀ,  ਸੱਚ,  ਸੰਚ,  ਸਤ,  ਸੰਤ,  ਸਿੱਧੀ,  ਸਿੰਧੀ, ਹੁੱਦਾ,  ਹੁੰਦਾ,ਗੱਡ, ਗੰਡ, ਗੁੱਗਾ, ਗੁੰਗਾ, ਜੱਗ, ਜੰਗ, ਝੱਗੀ, ਝੰਗੀ, ਡੱਕ, ਡੰਕ, ਡਿੱਗਾ, ਡਿੰਗਾ, ਤਦ, ਤੰਦ, ਧਨ, ਧੰਨ, ਧੁਨੀ, ਧੁੰਨੀ, ਵੱਗ, ਵੰਗ।

Loading spinner