ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਵਰਣ-ਬੋਧ

ਕਾਂਡ 6ਸ਼ਬਦ-ਜੋੜ (5)
ਖਾਸ ਅੱਖਰਾਂ ਦੀ ਵਰਤੋਂ
– 2

  1. ‘ਡ’ ਤੇ‘ਢ’

ੳ) ਇਨ੍ਹਾਂ ਦੋਹਾਂ ਸਬੰਧੀ ਵੀ ਗ਼ਲਤੀਆਂ  ਹੋ ਜਾਇਆ ਕਰਦੀਆਂ ਹਨ। ਹੇਠਾਂ ਕੁਝ ਅਜਿਹੇ ਸ਼ਬਦ ਦਿੱਤੇ ਗਏ ਹਨ ਜਿਨ੍ਹਾਂ ਵਿੱਚ ‘ਢ’ ਵਰਤਣਾ ਚਾਹੀਦਾ ਹੈ, ਪਰ ਕਈ ‘ਡ’ ਲਿਖ ਕੇ ਜੋੜ ਗ਼ਲਤ ਬਣਾ ਦਿੰਦੇ ਹਨ –

ਆਂਢ-ਗੁਆਂਢ
ਕਾਢ
ਗੁਆਂਢੀ
ਬੁੱਢੜਾ
ਆਂਢਣ-ਗੁਆਂਢਣ
ਕਾਢਾ
ਚੂੰਢੀ
ਬੁੱਢੜੀ
ਆਂਢੀ-ਗੁਆਂਢੀ
ਕੁੰਢ
ਟੇਢ
ਬੁੱਢਾ
ਸੰਢ
ਕੁੰਢਾ
ਟੇਢਾ
ਬੁਢੇਪਾ
ਸੰਢਾ
ਖਰੀਂਢ
ਠੰਢ
ਮੁੱਢ
ਸਾਂਢਣੀ
ਖੁੰਢ
ਠੰਢਾ
ਮੁੱਢਲਾ
ਸਾਂਢੂ
ਖੁੰਢਾ
ਠੰਢਿਆਉਣਾ
ਮੁੱਢਾ
ਸੀਂਢ
ਗੰਢ
ਡਾਢਾ
ਮੁੱਢੀ
ਸੁੰਢ
ਗੰਢਣਾ
ਢੱਡ
ਮੀਢੀ
ਸੋਢੀ
ਗੰਢੜੀ
ਢਾਡੀ
ਮੂਢਾ
ਹੰਢਣਸਾਰ
ਗੰਢਾ
ਢੂੰਡ
ਮੋਢੀ
ਹੰਢਣਾ
ਗੰਢਾਉਣਾ
ਢੂੰਢਣਾ
ਵੱਢਣਾ
ਹੰਢਾਉਣਾ
ਗੰਢਾਈ
ਨੱਢਾ
ਵੱਢੀ
ਕੱਢਣਾ
ਗੰਢੀ
ਨਾਢੂਸ਼ਾਹ
ਵਾਢੀ
ਕੰਢਾ
ਗੁਆਂਢ
ਨਾਢੂਖਾਂ
ਵਾਂਢੇ
ਕਢਾਈ
ਗੁਆਂਢਣ


ਅ) ਹੇਠਲੇ ਸ਼ਬਦਾਂ ਵਿੱਚ ‘ਡ’ ਦੇ ਥਾਂ ‘ਢ’ ਲਿਖਣਾ ਠੀਕ ਨਹੀਂ

ਸੁੰਡੀ
ਗੱਡਣਾ
ਝੰਡ
ਡਾਡ
ਹਾਂਡੀ
ਗੱਡਾ, ਗੱਡੀ
ਝੁੰਡ
ਢਿੱਡ
ਕੰਡ
ਗੁੱਡਾ
ਟਾਡ
ਢਿੱਡਲ
ਕਾਂਡ
ਗੁੱਡੀ
ਟਿੱਡ, ਟਿੰਡ
ਢੁੱਡ
ਖੁੰਡੀ
ਚਡ
ਟਿੱਡੀ
ਫੰਡਰ
ਖੂੰਡਾ
ਚੂੰਡਾ (ਜੂੜਾ)
ਠੁੱਡ
ਬਿੰਡਾ
ਖੂੰਡੀ
ਚੂੰਡੀ (ਜੂੜੀ)
ਡੱਡੂ
ਭੂੰਡ

ੲ) ਅਰਥ-ਭੇਦ – ‘ਡ’ ਤੇ ‘ਢ’ ਨੂੰ ਇੱਕ ਦੂਜੇ ਦੀ ਥਾਂ ਵਰਤਿਆਂ ਕਈ ਵੇਰ ਅਰਥਾਂ ਵਿੱਚ ਫਰਕ ਹੋ ਜਾਂਦਾ ਹੈ, ਜਿਵੇਂ –

ਸਾਡੇ – ਸਾਡੇ ਦੇਸ ਵਿੱਚ ਧਰਮ ਬਹੁਤ ਹਨ, ਪਰ ਧਰਮੀ ਬੰਦੇ ਬਹੁਤ ਘੱਟ ਹਨ।
ਸਾਢੇ – ਸਾਢੇ ਪੰਜ ਵਜੇ ਘਰ ਪਹੁੰਚ ਜਾਣਾ।
ਸੁੰਡ – ਹਾਥੀ ਨੇ ਆਪਣੀ ਸੁੱਡ ਨਾਲ ਭਾਰੀ ਲੱਕੜ ਚੁੱਕ ਲਈ।
ਸੁੰਢ – ਸੁੰਢ ਖਾਣ ਨਾਲ ਬਾਦੀ ਘਟ ਜਾਂਦੀ ਹੈ।
ਕੰਡਾ – ਮੇਰੇ ਪੈਰ ਵਿੱਚ ਬੇਰੀ ਦਾ ਕੰਡਾ ਵੱਜ ਗਿਆ। ਕੰਡਾ ਲੈ ਕੇ ਗਹਿਣੇ ਤੋਲੋ।
ਕੰਢਾ – ਇਥੇ ਨਦੀ ਦਾ ਕੰਢਾ ਬਹੁਤ ਉੱਚਾ ਤੇ ਸਿੱਧਾ ਹੈ।
ਕੰਡੀ – ਸਰਾਫ ਕੰਡਾ ਨਾਲ ਸੋਨੇ ਦੇ ਗਹਿਣੇ ਤੋਲਦਾ ਹੈ।
ਕੰਢੀ – ਮੱਝਾਂ ਦਰਿਆ ਦੀ ਕੰਢੀ ਤੇ ਚਰ ਰਹੀਆਂ ਹਨ।
ਕੁੰਡ – ਹਵਨ ਵਾਸਤੇ ਕੁੰਡ ਤਿਆਰ ਕੀਤਾ ਗਿਆ।
ਕੁੰਢ – ਸਾਡੀ ਬੂਰੀ ਮੱਝ ਤੇ ਕੁੰਢ ਵਿੱਚ ਵੱਜੇ ਹੋਏ ਹਨ।
ਗੰਡ – ਚੱਕੀ ਦੇ ਗੰਡ ਵਿੱਚ ਆਟਾ ਗੁਦਾਲੋ।
ਗੰਢ – ਰੱਸੀ ਨੂੰ ਕੱਸ ਕੇ ਗੰਢ ਦਿਓ।
ਵੱਡਾ – ਤੁਹਾਡਾ ਵੱਡਾ ਭਰਾ ਕੀ ਕੰਮ ਕਰਦਾ ਹੈ?
ਵੱਢਾ – ਪੱਥਰ ਉੱਤੇ ਵੱਜ ਜਾਣ ਕਾਰਨ ਕੁਹਾੜੇ ਨੂੰ ਵੱਢਾ ਪੈ ਗਿਆ।
ਵੱਡੀ – ਤੁਹਾਡੀ ਵੱਡੀ ਭੈਣ ਤੁਹਾਡੇ ਨਾਲੋਂ ਕਿੰਨੇ ਸਾਲ ਵੱਡੀ ਹੈ?
ਵੱਢੀ – ਸਾਡੇ ਦੇਸ਼ ਵਿੱਚ ਬਹੁਤੇ ਅਫਸਰ ਵੱਢੀ ਖਾਂਦੇ ਹਨ। ਦਾਤ ਨਾਲ ਸਾਗ ਚੀਰਦਿਆਂ ਮੇਰੀ ਉਂਗਲੀ ਵੱਢੀ ਗਈ।

  1. ‘ਣ’ ਤੇ‘ਨ’

‘ਣ’ ਤੇ ‘ਨ’ ਦੀ ਵਰਤੋਂ ਬਾਰੇ ਚੇਤੇ ਰੱਖਣ-ਯੋਗ ਕੁਝ ਗੱਲਾਂ ਇਹ ਹਨ –

1) ਪੰਜਾਬੀ ਦੀ ਠੁੱਕ ਤੇ ਉਚਾਰਨ ਮੂਜਬ ਸ਼ਬਦਾਂ ਦੇ ਅੰਤ ਵਿੱਚ ‘ਰ’ ਦੇ ਮਗਰ ‘ਨ’ ਆਉਂਦਾ ਹੈ ‘ਣ’ ਨਹੀਂ ਆਉਂਦਾ, ਜਿਵੇਂ ਉਚਾਰਨ, ਉਦਾਹਰਨ, ਸਾਧਾਰਨ, ਸੰਪੂਰਨ, ਸਰਨ, ਹਰਨ, ਕਰਨ, ਕਾਰਨ, ਕਿਰਨ, ਚਰਨ, ਜਰਨ, ਤਰਨ, ਹਾਰਨ, ਨਿਰਨਾ, ਪੂਰਨ, ਭਰਨ, ਮਰਨ, ਮਾਰਨ। ਕਈ ਸੱਜਣ ਹਿੰਦੀ ਦੀ ਰੀਸ ਅਜੇਹੇ ਸ਼ਬਦਾਂ ਨੂੰ ‘ਣ’ ਨਾਲ ਲਿਖ ਦਿੰਦੇ ਹਨ, ਜੋ ਠੀਕ ਨਹੀਂ। ਨਵੇਂ ਸ਼ਬਦ ਜੋੜਾਂ ਅਨੁਸਾਰ ਕੁਝ ਸ਼ਬਦਾਂ ਪਿੱਛੇ ‘ਣ’ ਵੀ ਲਗਦਾ ਹੈ। ਪਰ ਰਣ (ਲੜਾਈ ਦਾ ਅਖਾੜਾ) ਵਿੱਚ ‘ਣ’ ਪ੍ਰਚਲਤ ਹੋਣ ਕਰਕੇ ਠੀਕ ਮੰਨਿਆ ਗਿਆ ਹੈ। ਜਿਵੇਂ ਰਣਜੀਤ, ਰਣਭੂਮੀ, ਰਣਜੋਧਾ, ਰਣਬੀਰ, ਰਣਧੀਰ।

2) ਪੰਜਾਬੀ ਵਿੱਚ ਕਿਸੇ ਕੰਮ ਦੇ ਕਰਨ ਜਾਂ ਹੋਣ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ-ਭਾਵਾਰਥਾਂ ਦੇ ਅੰਤ ਵਿੱਚ ਆਮ-ਤੌਰ ਤੇ ‘ਣ’ ਆਉਂਦਾ ਤੇ ਉਰਦੂ ਹਿੰਦੀ ਵਾਕੁਰ ‘ਨ’ ਨਹੀਂ ਆਉਂਦਾ, ਜਿਵੇਂ

ਉੱਗਣਾ
ਸੁੱਜਣਾ
ਘਰਕਣਾ
ਡਿੱਗਣਾ
ਉਗਾਉਣਾ
ਹੱਸਣਾ
ਘਬਰਾਉਣਾ
ਢਾਹੁਣਾ
ਉੱਡਣਾ
ਕੱਢਣਾ
ਚੱਲਣਾ
ਥਿੜਕਣਾ
ਆਉਣਾ
ਖਾਣਾ
ਛਿੱਲਣਾ
ਪਾਟਣਾ
ਆਖਣਾ
ਗੰਢਾਉਣਾ
ਜੰਮਣਾ
ਬਣਾਉਣਾ
ਸਹਿਣਾ
ਗਿਣਾਉਣਾ
ਜਿਉਣਾ
ਲੰਘਣਾ

3) ਪਰ ਜਦ ਭਾਵਾਰਥ ਦੀ ਨਿਸ਼ਾਨੀ ਤੋਂ ਪਹਿਲਾਂ (ਧਾਤੂ ਦਾ ਅੰਤਲਾ ਅੱਖਰ) ਲਗ-ਰਹਿਤ ‘ਣ’, ‘ਰ’, ‘ਰ੍ਹ’, ‘ੜ’, ਹੋਵੇ ਤਾਂ ‘ਣ’ ਦੀ ਥਾਂ ‘ਨ’ ਵਰਤਿਆ ਜਾਂਦਾ ਹੈ, ਜਿਵੇਂ

ਉਣਨਾ
ਪਛਾਣਨਾ
ਕਰਨਾ
ਡਰਨਾ
ਸਿਆਣਨਾ
ਪੁਣਨਾ
ਕਿਰਨਾ
ਤਰਨਾ
ਸੁਣਨਾ
ਬਣਨਾ
ਕੇਰਨਾ
ਧਰਨਾ
ਗਿਣਨਾ
ਮਿਣਨਾ
ਗਿਰਨਾ
ਨਿੱਤਰਨਾ
ਚੁਣਨਾ
ਉੱਸਰਨਾ
ਜਰਨਾ
ਨਿਤਾਰਨਾ
ਛਾਣਨਾ
ਉੱਸਾਰਨਾ
ਚਰਨਾ
ਭਰਨਾ
ਜਾਣਨਾ
ਹਾਰਨਾ
ਠਰਨਾ
ਮਰਨਾ
ਵਰ੍ਹਨਾ
ਜੋੜਨਾ
ਪਕੜਨਾਂ
ਕੜ੍ਹਨਾ
ਸੜਨਾ
ਝੜਨਾ
ਭਿੜਨਾ
ਕੁੜ੍ਹਨਾ
ਕੁੜਨਾ
ਝਾੜਨਾ
ਮੁੜਨਾ
ਚੜ੍ਹਨਾ
ਗਿੜਨਾ
ਤਾੜਨਾ
ਲੜਨਾ
ਚਿੜ੍ਹਨਾ
ਚਿੜਨਾ
ਦੜਨਾ
ਲਿਤਾੜਨਾ
ਪੜ੍ਹਨਾ
ਜੜਨਾ
ਨਰੜਨਾ
ਵਿਗੜਨਾ
ਰਿੜ੍ਹਨਾ

ਸੁਨਣਾ, ਗਿਨਣਾ, ਜਾਨਣਾ ਆਦਿ ਜੋੜ ਗ਼ਲਤ ਹਨ।

4) ਪੰਜਾਬੀ ਵਿਚ ‘ਲ’ ਦੀਆਂ ਦੋ ਆਵਾਜ਼ਾਂ ਹਨ – ਤਾਲਵੀ ਤੇ ਦੰਤੀ। ਤਾਲਵੀ ਆਵਾਜ਼ ਨੂੰ ਪ੍ਰਗਟ ਕਰਨ ਵਾਸਤੇ ‘ਲ’ ਹੇਠ ਬਿੰਦੀ ਲਾ ਕੇ ‘ਲ਼’ ਕਰਕੇ ਅਤੇ ਇਕੱਲਾ ‘ਲ’ ਦੰਤੀ ਆਵਾਜ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ। ਜਿਨ੍ਹਾਂ ਭਾਵਾਰਥਾਂ ਵਿੱਚ ਭਾਵਾਰਥੀ ਨਿਸ਼ਾਨੀ (‘ਣਾ’ ਜਾਂ ‘ਨਾ’) ਤੋਂ ਪਹਿਲਾਂ ‘ਲ’ ਹੋਵੇ, ਉਹਨਾਂ ਦੇ ਅੰਤ ਵਿੱਚ ‘ਣਾ’ ਜਾਂ ‘ਨਾ’ ਹੇਠ ਅਨੁਸਾਰ ਲਗਦਾ ਹੈ।

ੳ) ਜਦ ਅਜੇਹੇ ‘ਲ’ ਤੋਂ ਪਹਿਲੇ ਅੱਖਰ ਉੱਪਰ ਅਧਕ ਹੋਵੇ (ਜਿਸ ਕਾਰਨ ‘ਲ’ ਦੀ ਆਵਾਜ ਦੂਹਰੀ ਬੋਲਦੀ ਹੋਵੇ), ਜਾਂ ਉਸ ਨਾਲ ਕੋਈ ਲੰਮੀ ਲਗ (ਕੰਨਾ, ਬਿਹਾਰੀ, ਲਾਂ, ਹੋੜਾ, ਕਨੌੜਾ, ਦੁਲੈਂਕੜੇ) ਲੱਗੀ ਹੋਵੇ, ਤਾਂ ‘ਲ’ਦੀ ਆਵਾਜ਼ ਦੰਤੀ ਹੁੰਦੀ ਹੈ ਅਤੇ ਉਹਦੇ ਮਗਰ ‘ਣਾ’ ਲਗਦਾ ਹੈ, ਜਿਵੇਂ

ਉਥੱਲਣਾ
ਮੱਲਣਾ
ਟਾਲਣਾ
ਫੈਲਣਾ
ਸੱਲਣਾ
ਉਗਾਲਣਾ
ਢਾਲਣਾ
ਘੋਲਣਾ
ਖੁੱਲ੍ਹਣਾ
ਉਛਾਲਣਾ
ਨਿਕਾਲਣਾ
ਡੇਲ੍ਹਣਾ
ਵੱਲਣਾ
ਉਧਾਲਣਾ
ਬਾਲਣਾ
ਤੋਲਣਾ
ਛਿੱਲਣਾ
ਉਬਾਲਣਾ
ਕੀਲਣਾ
ਫੋਲਣਾ
ਝੱਲਣਾ
ਖਾਲਣਾ
ਅਦੂਲਣਾ
ਰੋਲਣਾ
ਫੁੱਲਣਾ
ਗਾਲਣਾ
ਕਬੂਲਣਾ
ਗੌਲਣਾ
ਠੱਲ੍ਹਣਾ
ਘਾਲਣਾ
ਖੇਲਣਾ
ਡੋਲਣਾ
ਡੁਲ੍ਹੱਣਾ
ਜਾਲਣਾ
ਪੇਲਣਾ
ਮੌਲਣਾ

ਅ) ਜਦ ਅਜੇਹੇ ‘ਲ’ ਤੋਂ ਪਹਿਲੇ ਅੱਖਰ ਉੱਪਰ ਨਾ ਅਧਕ ਹੋਵੇ ਤੇ ਨਾ ਹੀ ਉਸ ਨਾਲ ਕੋਈ ਲੰਮੀ ਲਗ ਲੱਗੀ ਹੋਵੇ, ਤਾਂ ‘ਲ’ ਦੀ ਆਵਾਜ਼ ਤਾਲਵੀ ਹੁੰਦੀ ਹੈ, ਉਸ ਨੂੰ ‘ਲ’ ਲਿਖਣਾ ਚਾਹੀਦਾ ਹੈ, ਤੇ ਉਹਦੇ ਮਗਰ ‘ਨਾ’ਲਗਦਾ ਹੈ ਜਿਵੇਂ –

ਉਛਾਲ਼ਨਾ
ਗਲ਼ਨਾ
ਟਲ਼ਨਾ
ਬਲ਼ਨਾ
ਉਗਲ਼ਨਾ
ਘੁਲ਼ਨਾ
ਢਲ਼ਨਾ
ਮਲ਼ਨਾ
ਉਧਲ਼ਨਾ
ਚਲ਼ਨਾ
ਤਲ਼ਨਾ
ਮਿਲ਼ਨਾ
ਉਬਲ਼ਨਾ
ਛਲ਼ਨਾ
ਨਿਕਲ਼ਨਾ
ਰੁਲ਼ਨਾ
ਖਲ਼ਨਾ
ਜਲ਼ਨਾ
ਫਲ਼ਨਾ
ਵਲ਼ਨਾ

5) ਕਈ ਸੱਜਣ ਉਰਦੂ, ਹਿੰਦੀ ਦੀ ਰੀਸ ਕਰ ਕੇ ਪੰਜਾਬੀ ਦੇ ‘ਣ’ ਨਾਲ ਉਚਾਰੇ ਜਾਂਦੇ ਸ਼ਬਦਾਂ ਨੂੰ ‘ਨ’ ਨਾਲ ਲਿਖ ਦਿੰਦੇ ਹਨ। ਪਰ ਅਜੇਹਾ ਕਰਨਾ ਠੀਕ ਨਹੀਂ। ਹੇਠਲੇ ਸ਼ਬਦਾਂ ਵਿੱਚ ‘ਣ’ ਵਰਤਣਾ ਚਾਹੀਦਾ ਹੈ, ‘ਨ’ਨਹੀਂ।

ਸ਼ੁੱਧ
ਅਸ਼ੁੱਧ
ਸ਼ੁੱਧ
ਅਸ਼ੁੱਧ
ਉਧੇੜ-ਬੁਣ
ਉਧੇੜ-ਬੁਨ
ਦਾਤਣ
ਦਾਤਨ
ਉਲਝਣ
ਉਲਝਨ
ਦੁਸ਼ਮਣ
ਦੁਸ਼ਮਨ
ਆਸਣ
ਆਸਨ
ਧੂਣੀ
ਧੂਨੀ
ਆਪਣਾ
ਅਪਨਾ, ਆਪਨਾ
ਪਠਾਣ
ਪਠਾਨ
ਸੱਜਣ
ਸੱਜਨ
ਪੱਤਣ
ਪੱਤਨ
ਸੰਮਣ
ਸੰਮਨ
ਪਰਾਣੀ
ਪਰਾਨੀ
ਸੁਹਾਗਣ
ਸੁਹਾਗਨ
ਪਾਣੀ
ਪਾਨੀ
ਕਹਾਣੀ
ਕਹਾਨੀ
ਪੁਰਾਣਾ
ਪੁਰਾਨਾ
ਖਾਣਾ
ਖਾਨਾ
ਪੂਣੀ
ਪੂਨੀ
ਗਾਣਾ
ਗਾਨਾ
ਪੋਣਾ
ਪੋਨਾ
ਘਾਣੀ
ਘਾਨੀ
ਬਣਾਵਟ
ਬਨਾਵਟ
ਚਟਣੀ
ਚਟਨੀ
ਬਾਣੀ
ਬਾਨੀ
ਚੱਪਣੀ
ਚੱਪਨੀ
ਬੁਣਨੀ
ਬੁਨਨੀ
ਛੱਟਣ
ਛੱਟਨ
ਭਿਣ-ਭਿਣ
ਭਿਨ-ਭਿਨ
ਛਾਉਣੀ
ਛਾਉਨੀ
ਮੱਖਣ
ਮੱਖਨ
ਜਾਣ-ਪਛਾਣ
ਜਾਨ-ਪਛਾਨ
ਮਿਣਤੀ
ਮਿਨਤੀ
ਟਿਕਾਣਾ
ਟਿਕਾਨਾ
ਰੌਣਕ
ਰੌਨਕ
ਠਾਣਾ, ਥਾਣਾ
ਠਾਨਾ, ਥਾਨਾ
ਵੱਟਣਾ
ਵੱਟਨਾ
ਤਾਣਾ
ਤਾਨਾ
ਵਿਛੌਣਾ
ਵਿਛੌਨਾ
ਦਾਣਾ
ਦਾਨਾ
ਵੇਲਣਾ
ਵੇਲਨਾ

6)      ਨਾਵਾਂ ਦੇ ਜਿਨ੍ਹਾਂ ਇਸਤਰੀ-ਲਿੰਗ ਰੂਪਾਂ ਮਗਰ ‘ਣ’, ‘ਣੀ’, ‘ਨ’ ਜਾਂ ‘ਨੀ’ ਆਉਂਦਾ ਹੈ, ਉਹਨਾਂ ਸਬੰਧੀ ਵੀ ਭਾਵਾਰਥਾਂ ਵਾਲਾ ਨੇਮ ਹੀ ਵਰਤਣਾ ਚਾਹੀਦਾ ਹੈ, ਅਰਥਾਤ ਲਗ-ਰਹਿਤ ‘ਣ’, ‘ਰ’ ਤੇ ‘ੜ’ ਮਗਰ ‘ਨ’ਜਾਂ ‘ਨੀ’ ਅਤੇ ਬਾਕੀ ਥਾਈਂ ‘ਣ’ ਜਾਂ ‘ਣੀ’ ਆਉਂਦਾ ਹੈ, ਜਿਵੇਂ – ਹਾਣਨ, ਖਿਡਾਰਨ, ਪਟਵਾਰਨ, ਪੁਜਾਰਨ, ਪੋਠੋਹਾਰਨ, ਭਠਿਆਰਨ, ਭਿਖਿਆਰਨ, ਫਕੀਰਨੀ, ਝੀਊਰਨੀ, ਜਮੇਦਾਰਨੀ, ਜਾਦੂਗਰਨੀ, ਪਹਾੜਨ, ਭਸੌੜਨ, ਅਮਲਣ, ਸੋਗਣ, ਜੋਗਣ, ਛੀਂਬਣ, ਤੇਲਣ, ਸੰਤਣੀ, ਸਾਧਣੀ ਆਦਿ।    ਪਰ ‘ਪਤਨੀ’ ਵਿੱਚ ‘ਨ’ ਚਿਰਾਂ ਤੋਂ ਪ੍ਰਚਲਤ ਹੈ ਤੇ ਠੀਕ ਹੈ।

7) ‘ਅਰਾਧਨਾ, ਸਾਧਣਾ, ਸੌਂਪਣਾ, ਕਲਪਣਾ, ਚੱਲਣਾ, ਪਰਕਾਸ਼ਣਾ, ਪਾਲਣਾ, ਰਚਣਾ’ ਆਦਿਕ ਭਾਵਾਰਥਾਂ ‘ਅਰਾਧਨਾ, ਸਾਧਨਾ, ਸੌਂਪਨਾ, ਕਲਪਨਾ, ਚੱਲਨਾ, ਪਰਕਾਸ਼ਨਾ, ਪਾਲਨਾ, ਰਚਨਾ’ ਆਦਿਕ ਤੋਂ ਬਣੇ ਨਾਉਂ ਹਨ। ਇਹਨਾਂ ਅਤੇ ਅਜੇਹੇ ਹੋਰ ਨਾਵਾਂ ਨੂੰ ‘ਨ’ ਨਾਲ ਲਿਖਣਾ ਚਾਹੀਦਾ ਹੈ, ‘ਣ’ ਨਾਲ ਲਿਖਣਾ ਗ਼ਲਤ ਹੈ। ਜਿਵੇਂ ‘ਪ੍ਰਭੂ ਨੂੰ ਅਰਾਧਨਾ, ਪ੍ਰਭੂ ਦੀ ਅਰਾਧਨਾ ਕਰਨੀ, ਤਪ-ਸਾਧਣਾ, ਤਪ-ਸਾਧਨਾ ਕਰਨੀ’ ਕੋਈ ਕੰਮ ਕਿਸੇ ਨੂੰ ਸੌਂਪਣਾ, ਕਿਸੇ ਕੰਮ ਆਦਿ ਦੀ ਸੌਂਪਨਾ ਕਰਨੀ, ਕਿਸੇ ਗੱਲੇ ਕਲਪਣਾ, ਕਿਸੇ ਗੱਲ ਦੀ ਕਪਲਪਨਾ ਕਰਨੀ, ਠੀਕ ਰਾਹੇ ਚੱਲਣਾ, ਚਾਲ-ਚਲਨ ਠੀਕ ਹੋਣਾ, ਪੁਸਤਕ ਨੂੰ ਪ੍ਰਕਾਸ਼ਣਾ, ਇਹ ਪੁਸਤਕ ਸਰਕਾਰੀ ਪ੍ਰਕਾਸ਼ਨਾ ਹੈ, ਹੁਕਮ ਪਾਲਣਾ, ਬੱਚਾ ਪਾਲਣਾ, ਆਗਿਆ ਦੀ ਪਾਲਨ ਕਰਨਾ, ਹੁਕਮ ਦੀ ਪਾਲਨਾ ਕਰਨੀ, ਕੋਈ ਗਰੰਥ ਰਚਣਾ, ਕਿਸੇ ਗਰੰਥ ਦੀ ਰਚਨਾ ਕਰਨੀ।   ਇਸੇ ਤਰ੍ਹਾਂ ਦੇ ਕੁਝ ਹੋਰ ਨਾਉਂ –
ਉਪਾਸਨਾ, ਆਲੋਚਨਾ, ਸਥਾਪਨਾ, ਘਾਲਨਾ, ਜਾਚਨਾ, ਤੁਲਨਾ, ਭੜਕਨਾ, ਭੜਕਨੀ, ਭਾਵਨਾ, ਭਾਵਨੀ, ਲਗਨ। ਇਸੇ ਤਰ੍ਹਾਂ ਕੁਝ ਭਾਵ ਅਰਥਾਂ ਤੋਂ ‘ਅਰਪਨ’, ‘ਸਮਰਪਨ’, ‘ਸਾਧਨ’, ‘ਪਾਲਨ’, ‘ਰਚਨਾ’ ਆਦਿਕ ਨਾਉਂ ਇਸਤਰੀ ਲਿੰਗ ਤੇ ‘ਨ’ ਅੰਤਿਕ ਨਾਉਂ ਪੁਲਿੰਗ ਹੁੰਦੇ ਹਨ, ਜਿਵੇਂ ਪਾਲਨਾ ਕੀਤੀ, ਪਾਲਨ ਕੀਤਾ, ਰਚਨਾ ਰਚੀ, ਰਚਨ ਰਚਾਇਆ, ਸਾਧਨਾ ਕੀਤੀ, ਸਾਧਨ ਕੀਤਾ।

8) ਅਰਥ-ਭੇਦ – ‘ਣ’ ਤੇ ‘ਨ’ ਨੂੰ ਇੱਕ ਦੂਜੇ ਦੀ ਥਾਂ ਵਰਤਣ ਨਾਲ ਅਰਥਾਂ ਵਿੱਚ ਫ਼ਰਕ ਪੈ ਜਾਂਦਾ ਹੈ ਜਿਵੇਂ-

ਸਾਣੀ – ਸਾਣੀ ਮੰਜੀ ਤੇ ਸੌਣਾ ਜੇ ਕਿ ਮੋੰਜੀ ਤੇ?
ਸਾਨੀ – ਮਹਾਤਮਾ ਜੀ ਦਾ ਸਾਨੀ ਅੱਜ ਦੇ ਜ਼ਮਾਨੇ ਵਿੱਚ ਕੋਈ ਨਹੀਂ ਮਿਲਦਾ।
ਹਾਣ – ਹਰ ਕੋਈ ਆਪਣੇ ਹਾਣ ਦੇ ਸਾਥੀ ਚਾਹੁੰਦਾ ਹੈ। ਹਾਣ ਨੂੰ ਹਾਣ ਪਿਆਰਾ ਹੁੰਦਾ ਹੈ।
ਹਾਨ – ਅਜੇਹਾ ਸੌਦਾ ਨਾ ਕਰੋ ਜਿਸ ਤੋਂ ਹਾਨ ਹੋਣ ਦਾ ਡਰ ਹੋਵੇ।
ਹਾਣੀ – ਆਪੋ-ਆਪਣੇ ਹਾਣੀ ਲੈ ਕੇ ਖੇਡ ਅਰੰਭ ਕਰੋ।
ਹਾਨੀ – ਗੱਦਾਰਾਂ ਦੀਆਂ ਕਰਤੂਤਾਂ ਕੌਮ ਦੀ ਹਾਨੀ ਕਰਦੀਆਂ ਹਨ।
ਕਾਣਾ – ਇਹ ਬੰਦਾ, ਜੋ ਹੁਣੇ ਇਥੋਂ ਗਿਆ ਹੈ, ਇੱਕ ਅੱਖੋਂ ਕਾਣਾ ਸੀ।
ਕਾਨਾ – ਕਾਨਾ ਲੈ ਕੇ ਕਲਮ ਘੜੋ।
ਕਾਣੀ – ਅੰਗਰੇਜ਼ਾਂ ਨੇ ਪੰਜਾਬ ਦੀ ਕਾਣੀ-ਵੰਡ ਕੀਤੀ। ਇਹ ਘੋੜੀ ਕਿਹੜੀ ਅੱਖੋਂ ਕਾਣੀ ਹੈ?
ਕਾਨੀ – ਕਾਨੀ ਨਾਲ ਸਾਫ਼-ਸਾਫ਼ ਲਿਖੋ।
ਕਿਣ – ਬੱਦਲ ਗੱਜ ਰਿਹਾ ਹੈ ਤੇ ਕਿਣ-ਮਿਣ ਹੋ ਰਹੀ ਹੈ।
ਕਿਨ – ਦੇਸ਼ ਨੂੰ ਆਜ਼ਾਦ ਕਰਾਉਣ ਦਾ ਬੀੜਾ ਕਿਨ ਚੁੱਕਿਆ?
ਖਾਣ –ਕਮਾਉਣ ਨੂੰ ਇਕੱਲਾ ਤੇ ਖਾਣ-ਪੀਣ ਨੂੰ ਗੱਲਾ। ਇਸ ਖਾਣ ਵਿਚੋਂ ਸੋਨਾ ਨਿਕਲਦਾ ਹੈ।
ਖਾਨ – ਖਾਨ ਆਪਣਾ ਵੱਖਰਾ ਸੂਬਾ ਮੰਗਦੇ ਹਨ।
ਖਾਨਾ – ਮੇਜ਼ ਦਾ ਇਹ ਖਾਨਾ ਗੰਦਾ ਹੈ। ਉਹਦੀ ਘਰ ਵਾਲੀ ਦੇ ਮਰਨ ਨਾਲ ਉਹਦਾ ਖਾਨਾ ਹੀ ਖਰਾਬ ਹੋ ਗਿਆ। ਡਾਕਖਾਨਾ ਸਾਡੇ ਘਰ ਦੇ ਪਾਸ ਹੀ ਹੈ। ਖਾਨਾ, ਕਿੱਧਰ ਜਾ ਰਿਹਾ ਏਂ।
ਘਟਣਾ – ਪੁੰਨਿਆ ਮਗਰੋਂ ਚੰਦ ਘਟਣਾ ਸ਼ੁਰੂ ਹੋ ਜਾਂਦਾ ਹੈ।
ਘਟਨਾ – ਜੋ ਘਟਨਾ ਵਾਪਰੀ ਉਹਦਾ ਪੂਰਾ ਹਾਲ ਦੱਸੋ।
ਚੀਣਾ – ਇਸ ਖੇਤ ਵਿੱਚ ਚੀਣਾ ਬੀਜਿਆ ਹੋਇਆ ਹੈ।
ਚੀਨਾ – ਇਸ ਹੱਟੀ ਦਾ ਮਾਲਕ ਚੀਨਾ ਹੈ, ਜੋ ਪਿੱਛੇ ਜਿਹੇ ਚੀਨੋਂ ਆਇਆ ਸੀ। ਮੇਰਾ ਚੀਨਾ ਕਬੂਤਰ ਬੜਾ ਉੱਡਦਾ ਹੈ।
ਜਣ – ਮਾਪੇ ਧੀਆਂ ਪੁੱਤ ਜਣ ਕੇ ਉਨ੍ਹਾਂ ਦੀ ਪਾਲਣਾ ਕਰਦੇ ਹਨ।
ਜਨ – ਇਹ ਗੱਲ-ਸਧਾਰਨ ਦੀ ਸਮਝ ਤੋਂ ਪਰੇ ਹੈ। ਸੰਤ ਜਨ ਪਰਉਪਕਾਰ ਕਮਾਉਂਦੇ ਹਨ।
ਜਾਣ – ਛੇਤੀ ਕਰੋ, ਗੱਡੀ ਜਾਣ ਵਾਲੀ ਹੈ। ਚੱਲੋ, ਜਾਣ ਦਿਓ ਇਸ ਗੱਲ ਨੂੰ। ਇਹਨੇ ਇਹ ਗ਼ਲਤੀ ਜਾਣ ਕੇ ਨਹੀਂ ਕੀਤੀ। ਇਹ ਬੜੀ ਜਾਣ-ਪਛਾਣ ਵਾਲਾ ਬੰਦਾ ਹੈ।
ਜਾਨ – ਜਾਨ ਹਰੇਕ ਨੂੰ ਪਿਆਰੀ ਹੁੰਦੀ ਹੈ। ਕਿਸੇ ਜੀਵ ਦੀ ਜਾਨ ਲੈਣਾ ਪਾਪ ਹੈ।
ਜਾਣੀ – ਗੱਡੀ ਜਿੱਥੇ ਜਾਣੀ ਸੀ ਉੱਥੇ ਚਲੀ ਗਈ। ਅਸਾਂ ਇਹ ਗੱਲ ਜਾਣੀ ਹੈ ਕਿ ਤੁਸੀਂ ਸਾਉ ਬੰਦੇ ਹੋ।
ਜਾਨੀ – ਉਹ ਨਾਲੇ ਮੇਰੇ ਪੈਸੇ ਲੈ ਕੇ ਮੁੱਕਰ ਗਿਆ ਤੇ ਨਾਲੇ ਮੇਰਾ ਜਾਨੀ ਦੁਸ਼ਮਣ ਬਣ ਗਿਆ। ਮੇਰਾ ਢੋਲ ਜਾਨੀ ਕਿਧਰ ਗਿਆ, ਨੀ ਅੜੀਓ।
ਟਣ – ਸਕੂਲ ਦੀ ਘੰਟੀ ਟਣ-ਟਣ ਕਰਦੀ ਹੈ।
ਟਨ – ਇੱਕ ਟਨ ਅਠਾਈ ਕੁ ਮਣਾਂ ਦਾ ਹੁੰਦਾ ਹੈ।
ਤਣ – ਜੁਲਾਹਾ ਤਾਣਾ ਤਣ ਰਿਹਾ ਹੈ। ਮਕੜੀ ਜਾਲ ਤਣ ਰਹੀ ਹੈ।
ਤਨ – ਹਰੇਕ ਨਾਗਰਿਕ ਦਾ ਫਰਜ਼ ਹੈ ਕਿ ਤਨ, ਮਨ, ਧਨ ਨਾਲ ਦੇਸ਼ ਦੀ ਸੇਵਾ ਕਰੇ। ਤਨ ਕੱਜਣ ਲਈ ਕੱਪੜੇ ਦੀ ਤਾਂ ਹਰੇਕ ਨੂੰ ਲੋੜ ਹੁੰਦੀ ਹੈ।
ਦਾਣਾ – ਘੋੜੇ ਨੂੰ ਦਾਣਾ ਪਾਓ। ਬਜ਼ਾਰੋਂ ਦਾਣਾ-ਖੰਡ ਲਿਆਓ। ਉਹਦੇ ਪਿੰਡੇ ਉੱਤੇ ਚੇਚਕ ਦਾ ਕੋਈ-ਕੋਈ ਦਾਣਾ ਨਿਕਲਿਆ ਹੈ। ਐਤਕੀਂ ਕਣਕ ਨੂੰ ਦਾਣਾ ਚੰਗਾ ਪਿਆ ਹੈ। ਦਾਣਾ ਫੱਕਾ ਸਾਂਭ ਜੱਟ ਮੇਲੇ ਚੱਲਿਆ।
ਦਾਨਾ – ਦਾਨਾ ਬੰਦਾ ਹਰੇਕ ਕੰਮ ਸੋਚ-ਵਿਚਾਰ ਕੇ ਕਰਦਾ ਹੈ।
ਪਾਣ – ਕੌਰੇ ਕੱਪੜੇ ਨੂੰ ਧੋ ਕੇ ਇਸ ਵਿੱਚੋਂ ਪਾਣ ਕੱਢ ਦਿਓ। ਤਲਵਾਰ ਨੂੰ ਪਾਣ ਚਾੜ ਲਵੋ।
ਪਾਨ – ਪਾਨ ਚੂਸ ਕੇ ਥਾਂ-ਥਾਂ ਥੁੱਕਦੇ ਫਿਰਨਾ ਬੜੀ ਗੰਦੀ ਬਾਣ ਹੈ। ਇਹ ਸਰ ਮੇਰੇ ਪਾਨ ਦਾ ਦਹਿਲੇ ਦੀ ਹੈ।
ਪੋਣਾ – ਸਾਫ਼ ਪੋਣਾ ਲੈ ਕੇ ਲੱਸੀ ਪੁਣੋ ਤੇ ਸਾਨੂੰ ਛਕਾਓ। ਇਸਤਰੀ ਦੇ ਇਸ਼ਨਾਨ ਕਰਨ ਲਈ ਸਰੋਵਰ ਦੇ ਕੰਢੇ ਪੋਣਾ ਬਣਿਆ ਹੋਇਆ ਹੈ।
ਪੋਨਾ – ਪੋਨਾ ਗੰਨਾ ਬੜਾ ਸੁਆਦੀ ਹੁੰਦਾ ਹੈ, ਪਰ ਅੱਜ ਕੱਲ ਇਹ ਘੱਟ-ਵੱਧ ਹੀ ਬੀਜਿਆ ਜਾਂਦਾ ਹੈ।
ਬਣ – ਗੱਭਰੂ ਬਣ-ਠਣ ਕੇ ਮੇਲੇ ਨੂੰ ਤੁਰ ਗਿਆ। ਮਕਾਨ ਬਣ ਕੇ ਤਿਆਰ ਹੋ ਗਿਆ ਹੈ।
ਬਨ – ਇਸ ਬਨ ਵਿੱਚ ਰੁੱਖ ਉੱਚੇ ਤੇ ਸੰਘਣੇ ਹਨ। ਸ੍ਰੀ ਰਾਮ ਚੰਦਰ ਜੀ ਨੇ ਚੌਦਾਂ ਸਾਲਾਂ ਦਾ ਬਨਵਾਸ ਕੱਟਿਆ।
ਬਾਣਾ – ਗੁਰੂ ਨਾਨਕ ਦੇਵ ਜੀ ਨੇ ਹਾਜੀਆਂ ਵਾਲਾ ਬਾਣਾ ਪਹਿਨ ਕੇ ਮੱਕੇ ਸ਼ਰੀਫ ਦਾ ਹੱਜ ਕੀਤਾ।
ਬਾਨ੍ਹਾ – ਕਈ ਪਾਪੜ ਵੇਲਣ ਤੇ ਥਾਂ-ਥਾਂ ਭਟਕਣ ਮਗਰੋਂ ਉਹਨੇ ਘਰ ਦਾ ਬਾਨ੍ਹਾ ਬਨ੍ਹਿਆ ਤੇ ਟਿਕ ਕੇ ਰਹਿਣ ਲੱਗ ਪਿਆ
ਬਾਣੀ – ਗੁਰੂ ਜੀ ਦੀ ਬਾਣੀ ਬੜੀ ਮਿੱਠੀ ਤੇ ਸਿੱਖਿਆ ਭਰਪੂਰ ਹੈ।
ਬਾਨੀ – ਹਿੰਦੁਸਤਾਨ ਵਿੱਚ ਮੁਗਲ ਰਾਜ ਦਾ ਬਾਨੀ ਬਾਬਰ ਪਾਤਸ਼ਾਹ ਸੀ।
ਮਣ – ਖੂਹੀ ਦੀ ਮਣ ਸਾਫ਼ ਕਰੋ ਤੇ ਸਾਫ਼ ਰੱਖੋ। ਕਦੇ ਕਣਕ ਢਾਈ ਰੁਪਏ ਮਣ ਵਿਕਿਆ ਕਰਦੀ ਸੀ।
ਮਨ – ਜਿਹੜਾ ਇਨਸਾਨ ਆਪਣੇ ਮਨ ਨੂੰ ਵੱਸ ਵਿੱਚ ਰੱਖਣਾ ਸਿੱਖ ਲਵੇ, ਉਹ ਸਦਾ ਸੁਖੀ ਰਹਿੰਦਾ ਹੈ।
ਮਾਣ – ਧਨ-ਜੋਬਨ ਦਾ ਮਾਣ ਕਰਨਾ ਠੀਕ ਨਹੀਂ। ਸਾਨੂੰ ਆਪਣੇ ਗੁਣਾਂ ਉੱਪਰ ਮਾਣ ਹੋਣਾ ਚਾਹੀਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਹ ਮੌਜਾਂ ਮਾਣ ਸਕੇ।
ਮਾਨ – ਭਲੇ ਪੁਰਸ਼ਾਂ ਦਾ ਹਰ ਕੋਈ ਮਾਨ ਕਰਦਾ ਹੈ। ਮੇਰੇ ਮਾਨਯੋਗ ਮਾਸਟਰ ਜੀ ਆ ਰਹੇ ਹਨ।
ਮਾਣੋ – ਖੱਟੋ ਕਮਾਓ ਤੇ ਮੋਜਾਂ ਮਾਣੋ। ਮਾਣੋ ਆਈ ਤਾਂ ਚੂਹੇ ਨੱਸ ਗਏ।
ਮਾਨੋ – ਉਹ ਝੱਟ-ਪੱਟ ਟੱਬਰ ਵਿੱਚ ਰਚ-ਮਿਚ ਗਿਆ, ਮਾਨੋ ਉਹ ਜੰਮਿਆ ਪਲ਼ਿਆ ਇੱਥੇ ਹੀ ਸੀ।
ਮੋਣ – ਮੈਦੇ ਵਿੱਚ ਮੋਣ ਪਾ ਲਵੇ, ਮੱਠੀਆਂ ਪੋਲੀਆਂ ਬਣਨਗੀਆਂ।
ਮੋਨ – ਮਹਾਤਮਾ ਗਾਂਧੀ ਜੀ ਹਫ਼ਤੇ ਵਿੱਚ ਇੱਕ ਦਿਨ ਮੋਨ ਧਾਰਿਆ ਕਰਦੇ ਸਨ।
ਮੋਣਾ – ਮੋਣਾ ਮੈਦਾ ਲੈ ਕੇ ਮੱਠੀਆਂ ਪਕਾਓ।
ਮੋਨਾ – ਉਹ ਆਪ ਤਾਂ ਮੋਨਾ ਹੈ, ਪਰ ਉਹਦਾ ਪੁੱਤ ਕੇਸਧਾਰੀ ਹੈ।
ਰੋਗਣ – ਇਕ ਕੁੜੀ ਪੱਕੀ ਰੋਗਣ ਹੈ, ਕਦੇ ਰਾਜ਼ੀ ਨਹੀਂ ਰਹਿੰਦੀ।
ਰੋਗਨ – ਦਰਵਾਜ਼ਿਆਂ ਨੂੰ ਰੋਗਨ ਕਰਵਾ ਲਵੋ। ਰੋਗਣ ਬਦਾਮ ਰੋਗਨ ਦਿਓ।

9) ਨਿਖੇਧ ਰੂਪ ਲਈ ਵਰਤਿਆ ਜਾਣ ਵਾਲਾ ਅਗੇਤਰ ਆਮ ਤੌਰ ਤੇ ‘ਅਣ’ ਹੋਣਾ ਚਾਹੀਦਾ ਹੈ ਜਿਵੇਂ

ਅਣਇੱਛਿਤ
ਅਣਸੋਧਿਆ
ਅਣਗੁੱਧਾ
ਅਣਚੂਸਿਆ
ਅਣਸੱਦਿਆ
ਅਣਕੱਤਿਆ
ਅਣਘੜਤ
ਅਣਚੋਪੜਿਆ
ਅਣਸਿੱਖਿਆ
ਅਣਖਿੜਿਆ
ਅਣਘੁਲਿਆ
ਅਣਛਪਿਆ
ਅਣਸੁਣਿਆ
ਅਣਗਿਣਤ
ਅਣਚਾਹਿਆ
ਅਣਛੋਹਿਆ
ਅਣਜਾਚਿਆ
ਅਣਢਲਿਆ
ਅਣਦਿਸਦਾ
ਅਣਭਿੱਜ
ਅਣਜਾਣ
ਅਣਢੁਕਦਾ
ਅਣਦੇਖਿਆ
ਅਣਭਾਉਂਦਾ
ਅਣਜੋਖਿਆ
ਅਣਤੱਕਿਆ
ਅਣਧੋਤਾ
ਅਣਮੰਗਿਆ
ਅਣਟੁੱਟ
ਅਣਤੋਲਵਾਂ
ਅਣਨ੍ਹਾਤਾ
ਅਣਮਿਥਿਆ
ਅਣਠੋਕਿਆ
ਅਣਤੋਲਿਆ
ਅਣਪੜ੍ਹ
ਅਣਲੱਗ
ਅਣਡਿੱਠ
ਅਣਥੱਕ
ਅਣਪੁੱਛਿਆ
ਅਣਲਿਖਿਆ
ਅਣਡੋਲਿਆ
ਅਣਦੱਸਿਆ
ਅਣਬਣ
ਅਣਵਿਕਿਆ
ਅਣਢੱਕਿਆ
ਅਣਦਲਿਆ
ਅਣਬੋਲਿਆ
ਅਣਵਿੱਧ

ਪਰ ਅਨੇਕ, ਅਨਹਦ, ਅਨਾਹਦ, ਅਨਰਥ, ਅਨਹੋਣੀ, ਅਨ-ਅਧਿਕਾਰੀ ਜੋੜ ਸ਼ੁੱਧ ਹਨ।

3. ਦ’ ਅਤੇ‘ਧ’

1) ਸ਼ਬਦਾਂ ਦੇ ਵਿੱਚ ਜਾਂ ਅਖੀਰ ਤੇ ਆਉਣ ਵਾਲੇ ਇਹਨਾ ਦੋਹਾਂ ਅੱਖਰਾਂ ਦੀ ਵਰਤੋਂ ਵਿੱਚ ਕਈ ਵਾਰ ਭੁਲੇਖਾ ਪੈ ਜਾਂਦਾ ਹੈ। ਹੇਠਾਂ ਕੁਝ ਸ਼ਬਦ ਦਿੱਤੇ ਹਨ ਜਿਨ੍ਹਾਂ ਵਿੱਚ ‘ਧ’ ਵਰਤਣਾ ਚਾਹੀਦਾ ਹੈ
ਉਧਾਲਣਾ, ਗੰਧਕ, ਧੁੰਦਲਾ, ਫੰਧਾ, ਉਂਧੀ, ਅਧਿਕਾਰ, ਸਮਾਧ, ਮਧਰਾ, ਖੁੰਧਰ, ਦੋਧਕ, ਸਾਧਨ, ਮਧਾਣੀ।

2) ਅਰਥ-ਭੇਦ – ‘ਦ’ ਅਤੇ ‘ਧ’ ਨੂੰ ਇੱਕ ਦੂਜੇ ਦੀ ਥਾਂ ਵਰਤਿਆਂ ਕਈ ਵੇਰ ਅਰਥਾਂ ਵਿੱਚ ਫ਼ਰਕ ਪੈ ਜਾਂਦਾ ਹੈ ਜਿਵੇਂ –

ਉਦਰ – ਬੱਚਾ ਨੌਂ ਮਹੀਨੇ ਮਾਤਾ ਦੇ ਉਦਰ ਵਿੱਚ ਪਲਦਾ ਹੈ।
ਉੱਧਰ – ਮੈਂ ਉੱਧਰ ਚੱਲਿਆ ਹਾਂ ਜਿਧਰੋਂ ਤੁਸੀਂ ਆਏ ਹੋ।
ਓਦਰ – ਮਾਪਿਆਂ ਤੋਂ ਵਿਛੜ ਕੇ ਬੱਚਾ ਓਦਰ ਗਿਆ।
ਓਧਰ – ਤੁਸੀਂ ਏਧਰ ਆਓ ਮੈਂ ਓਧਰ ਜਾਂਦਾ ਹਾਂ।
ਸੁਗੰਦ – ਮੈਨੂੰ ਸੁਗੰਦ (ਸਹੁੰ) ਹੈ ਜੇ ਮੈਂ ਕਦੇ ਧੋਖਾ ਦਿਆਂ। ਮੈਂ ਆਪਣੀ ਸੁਗੰਦ ਤੇ ਪੱਕਾ ਰਹਾਂਗਾ।
ਸੁੰਗਧ – ਇਸ ਫੁੱਲ ਦੀ ਸੁਗੰਧ (ਖੁਸ਼ਬੂ) ਬੜਾ ਮਨ-ਭਾਉਣੀ ਹੈ।
ਸਾਦੀ – ਸਾਦੀ ਖੁਰਾਕ ਖਾਓ ਤੇ ਸਾਦੀ ਪੁਸ਼ਾਕ ਪਹਿਨੋ।
ਸਾਧੀ – ਇਸ ਤਪੱਸਵੀ ਨੇ ਬੜੀ ਕਰੜੀ ਤਪੱਸਿਆ ਸਾਧੀ ਹੈ।
ਸੁੱਦਾ – ਬਿਮਾਰ ਨੂੰ ਕਈ ਦਿਨਾਂ ਤੋਂ ਕਬਜ਼ ਸੀ, ਦਵਾਈ ਲੈਣ ਨਾਲ ਉਹਦੇ ਅੰਦਰੋਂ ਸੁੱਦਾ ਨਿੱਕਲਿਆ ਤੇ ਉਹਨੂੰ ਚੈਨ ਆਇਆ।
ਸੁੱਧਾ – ਜੋ ਕੁਝ ਉਹ ਦੱਸਦਾ ਹੈ, ਉਹ ਸੁੱਧਾ ਹੀ ਝੂਠ ਹੈ।
ਗਦਾ – ਗੁਰੂ ਜੀ ਕਹਿੰਦੇ ਹਨ ਕਿ ਸਾਡੀ ਗਦਾ ਗਰੀਬੀ ਹੈ ਜਿਸ ਦੇ ਅੱਗੇ ਕੋਈ ਵਿਕਾਰੀ ਅੜ ਨਹੀਂ ਸਕਦਾ।
ਗਧਾ – ਗਧਾ ਰੂੜੀਆਂ ਤੇ ਚਰਦਾ ਹੈ ਤੇ ਘੱਟੇ ਵਿੱਚ ਲੇਟਦਾ ਹੈ।
ਬਿਦ – ਆਓ ਮੇਰੇ ਨਾਲ ਬਿਦ ਕੇ ਘੋੜੀ ਭਜਾ ਲਵੋ। ਜਦੋਂ ਦਾ ਉਹ ਸਰਪੰਚ ਬਣਿਆ ਹੈ, ਉਹ ਕਿਸੇ ਨੂੰ ਬਿਦਦਾ ਹੀ ਨਹੀਂ।
ਬਿਧ – ਮਹਾਤਮਾ ਜੀ ਨੇ ਅੰਗਰੇਜਾਂ ਨੂੰ ਇਸ ਦੇਸੋਂ ਕੱਢਣ ਦੀ ਵਧੀਆ ਬਿਧ ਸੋਚੀ।
ਬੋਦੀ – ਪਾਂਡੇ ਦੀ ਬੋਦੀ ਬੜੀ ਲੰਮੀ ਹੈ। ਤੱਕੜੀ ਨੂੰ ਨਵੀਂ ਬੋਦੀ ਪਾਓ। ਇਹ ਲੱਕੜ ਬੋਦੀ ਹੈ।
ਬੋਧੀ – ਤਿੱਬਤ ਵਿੱਚ ਬਹੁਤੇ ਬੋਧੀ ਵਸਦੇ ਹਨ।

  1. ‘ਬ’ ਤੇ‘ਭ’

1) ਇਹਨਾਂ ਦੋਹਾਂ ਅੱਖਰਾਂ ਦੀ ਵਰਤੋਂ ਵਿੱਚ ਵੀ ਉਕਾਈ ਹੋ ਜਾਂਦੀ ਹੈ। ਹੇਠਾਂ ਕੁਝ ਅਜੇਹੇ ਸ਼ਬਦਾਂ ਦੇ ਠੀਕ ਜੋੜ ਦਿੱਤੇ ਹਨ ਜਿਨ੍ਹਾਂ ਵਿੱਚ ‘ਭ’ ਤੇ ‘ਬ’ ਦੀ ਗ਼ਲਤ ਵਰਤੋਂ ਹੋ ਜਾਇਆ ਕਰਦੀ ਹੈ।
(ੳ)

ਉੱਭਰਨ
ਸੰਭਲਣਾ
ਖੁੱਭਣ
ਜੀਭ
ਉਭਾਰ
ਸੰਭਾਲ
ਖੁੱਭਣਾ
ਟੁੱਭੀ
ਉੱਭੇ ਸਾਹ
ਸੰਭਾਲਣਾ
ਖੋਭ
ਟੋਭਾ
ਅਭਿਮਾਨ
ਸਾਂਭ
ਗੱਭਰੂ
ਦੁਬਧਾ
ਅੱਭੜਵਾਹ
ਸ਼ੁਭ
ਗੱਭਲ
ਨਾਭਾ
ਅਭਿਆਸ
ਸੋਭਾ
ਗੋਭੀ
ਨਿਭਣਾ
ਅਭਿਆਗਤ
ਖੱਭ
ਚੁਭਣਾ
ਪ੍ਰਭੂ
ਸਭ
ਖੱਭਾ
ਚੋਭਣਾ
ਪਰਭਾਤ
ਬਿਭੂਤ
ਲਾਭ
ਲੱਭਣ
ਵਿਭਚਾਰ
ਲੱਭਣਾ
ਲੱਭ
ਲੋਭੀ
ਵਿਭਚਾਰਨ

(ਅ)
ਅਬਰਕ
ਟਿੱਬਾ
ਭੰਬੀਰੀ
ਭੁੱਬਲ
ਕੁੱਬਾ
ਨਿੱਬੜਨਾ
ਭਾਂਬੜ
ਰਿੱਬ
ਖਹਿਬੜਨਾ
ਨਿਬਾਹੁਣਾ
ਭਾਬੜਾ
ਰਹੁਬ
ਘਬਰਾਉਣਾ
ਭੰਬਟ
ਭਾਬੀ
ਲਬ
ਜੇਬ
ਭੰਬਲਭੂਸੇ
ਭੁੱਬ
ਵਹਿਬੜ

2) ਅਰਥ-ਭੇਦ – ਕਈ ਸ਼ਬਦ ਅਜੇਹੇ ਹਨ ਕਿ ਉਹਨਾਂ ਵਿੱਚ ‘ਬ’ ਜਾਂ ‘ਭ’ ਲਿਖਣ ਨਾਲ ਅਰਥ-ਭੇਦ ਹੋ ਜਾਂਦਾ ਹੈ –

ਸਬ – ਨੇਮ ਬਣਾਉਣ ਲਈ ਇਕ ਸਬ-ਕਮੇਟੀ ਬਣਾਈ ਗਈ।
ਸਭ – ਗੁਰੂ ਨਾਨਕ ਸਭ ਦਾ ਸਾਂਝਾ, ਸਭ ਉਸਤਤ ਕਰਦੇ ਨੇਂ।
ਖੱਬੀ – ਪੋਠੋਹਾਰੀਏ ਆਮ ਤੌਰ ਤੇ ਖੱਬੀ ਪੱਗ ਬੰਨ੍ਹਦੇ ਹਨ। ਇਹ ਕੁੜੀ ਖੱਬੀ ਬੁੱਕਲ ਮਾਰਦੀ ਹੈ।
ਖੱਭੀ – ਜੇ ਲਗਾਮ ਨਹੀਂ ਲੱਭਦੀ ਤਾਂ ਘੋੜੀ ਨੂੰ ਖੱਭੀ ਦੇ ਲਵੋ।
ਗਰਬ – ਮਾਇਆ ਦਾ ਗਰਬ ਕਰਨਾ ਤੇ ਆਕੜੇ ਫਿਰਨਾਂ ਹੋਛਿਆਂ ਦਾ ਕੰਮ ਹੁੰਦਾ ਹੈ।
ਗਰਭ – ਮਾਤਾ ਦੇ ਗਰਭ ਵਿੱਚ ਬੰਚੇ ਦਾ ਸਿਰ ਹੇਠਾਂ ਤੇ ਪੈਰ ਉੱਪਰ ਹੁੰਦੇ ਹਨ।
ਚੋਬ – ਤੰਬੂ ਦੀ ਚੋਬ ਕਮਜ਼ੋਰ ਹੈ, ਇਸ ਨੂੰ ਬਦਲ ਦਿਓ। ਚੋਬਦਾਰ ਹੱਥ ਵਿੱਚ ਚੋਬ ਪਕੜੀ ਦਰਵਾਜੇ ਤੇ ਖੜ੍ਹਾ ਹੈ।
ਚੋਭ – ਜੁੱਤੀ ਦੇ ਕਿੱਲ ਨਾਲ ਮੇਰੀ ਅੱਡੀ ਵਿੱਚ ਚੋਭ ਲੱਗ ਗਈ ਹੈ। ਉਸ ਨੇ ਡਾਂਗ ਦੀ ਚੋਭ ਨਾਲ ਸੁੱਤੇ ਨੂੰ ਜਗਾਇਆ। ਕੰਡਾ ਪੈਰ ਵਿੱਚ ਬਹੁਤ ਖੁੱਭਿਆ ਨਹੀਂ, ਏਵੇਂ ਚੋਭ ਹੀ ਆਈ ਹੈ।
ਚੋਬਾ – ਖਾਣ ਲੱਗਾ ਤਾਂ ਇਹ ਚੋਬਾ ਰੱਜਦਾ ਹੀ ਨਹੀਂ।
ਚੋਭਾ – ਹਾਲ਼ੀ ਪਰਾਣੀ ਦੇ ਚੋਭੇ ਨਾਲ ਬਲਦਾਂ ਨੂੰ ਹਿੱਕਦਾ ਹੈ।
ਦੱਬ – ਸੱਪ ਨੂੰ ਡੂੰਘਾ ਕਰ ਕੇ ਦੱਬ ਦਿਓ। ਦੱਬ ਕੇ ਵਾਹ ਤੇ ਰੱਜ ਕੇ ਖਾਹ।
ਦੱਭ – ਇਸ ਖਾਲ ਦੀ ਵੱਟ ਉੱਤੇ ਦੱਭ ਬਹੁਤ ਉੱਗੀ ਹੋਈ ਹੈ।
ਨਿੱਬ – ਇਸ ਡੰਕ ਦੀ ਨਿੱਬ ਖਰਾਬ ਹੋ ਗਈ ਹੈ।
ਨਿਭ – ਸ਼ੁਕਰ ਹੈ ਕਿ ਸਭ ਕਾਰਜ ਸੁੱਖ-ਸੁੱਖ ਨਾਲ ਨਿਭ ਗਿਆ।
ਲਬ – ਕੜਾਹ ਦੇ ਖੁਲ੍ਹੇ ਗੱਫੇ ਮਿਲਦੇ ਵੇਖ ਕੇ ਉਹਨੇ ਲਬ ਕੀਤਾ ਤੇ ਵਿਤੋਂ ਵੱਧ ਖਾ ਕੇ ਬਿਮਾਰ ਹੋ ਗਿਆ।
ਲੱਭ – ਮੈਨੂੰ ਇਕ ਸੱਚਾ-ਸੁੱਚਾ ਸਾਥੀ ਲੱਭ ਪਿਆ ਹੈ। ਮੇਰੀ ਇਹ ਲੱਭ ਬੜੀ ਕੀਮਤੀ ਹੈ।

 

Loading spinner