ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਵਾਕ-ਬੋਧ
ਕਾਂਡ – 2
ਵਾਕ-ਰਚਨਾ ਦੇ ਨੇਮ

ਵਾਕ ਰਚਨਾ ਦੇ ਨੇਮ ਤਿੰਨ ਪ੍ਰਕਾਰ ਦੇ ਹਨ

1)ਮੇਲ ਸਬੰਧੀ, 2) ਅਧਿਕਾਰ ਸਬੰਧੀ, 3) ਤਰਤੀਬ ਸਬੰਧੀ।

(1) ਮੇਲ

ਵਾਕ ਦੇ ਸ਼ਬਦਾਂ ਦਾ ਲਿੰਗ, ਵਚਨ, ਪੁਰਖ, ਕਾਲ ਆਦਿ ਅਨੁਸਾਰ ਜੋ ਮੇਲ ਜਾਂ ਸਮਾਨਤਾ ਆਪ ਵਿੱਚ ਹੁੰਦੀ ਹੈ, ਉਹਨੂੰ ਮੇਲ ਕਹਿੰਦੇ ਹਨ। ਪੰਜਾਬੀ ਵਿਆਕਰਣ ਮੂਜਬ ਹੇਠ ਦੱਸੇ ਵਾਕ-ਅੰਗਾਂ ਦਾ ਆਪੋ ਵਿੱਚ ਮੇਲ ਹੁੰਦਾ ਹੈ।

ਕਿਰਿਆ ਦਾ ਕਰਤਾ ਤੇ ਕਰਮ ਨਾਲ,
ਪੜਨਾਉਂ ਦਾ ਨਾਉਂ ਨਾਲ,
ਵਿਸ਼ੇਸ਼ਣ ਦਾ ਵਿਸ਼ੇਸ਼ ਨਾਲ ਅਤੇ ਸਬੰਧ ਪਦ ਦਾ ਸਬੰਧਮਾਨ ਨਾਲ।

(1) ਕਿਰਿਆ ਦਾ ਕਰਤਾ ਤੇ ਕਰਮ ਨਾਲ ਮੇਲ

(ੳ) ਕਰਤਾ ਸਧਾਰਨ ਰੂਪ ਅਤੇ ਇੱਕ – ਜਦੋਂ ਕਰਤਾ ਇੱਕ ਹੋਵੇ ਤੇ ਸਧਾਰਨ ਰੂਪ ਵਿੱਚ ਹੋਵੇ, ਅਰਥਾਤ ਉਸ ਨਾਲ ਕੋਈ ਸਬੰਧਕ ਨਾ ਲੱਗਾ ਹੋਵੇ ਤਾਂ ਕਿਰਿਆ ਦਾ ਵਚਨ, ਲਿੰਗ ਤੇ ਪੁਰਖ ਉਹੋ ਹੁੰਦਾ ਹੈ ਜੋ ਕਰਤਾ ਦਾ। ਜਿਵੇਂ ਜੱਟ ਹਲ ਵਾਹੁੰਦਾ ਹੈ, ਜੱਟੀ ਭੱਤਾ ਢੋਂਦੀ ਹੈ। ਮੁੰਡੇ ਹਾਕੀ ਖੇਡ ਰਹੇ ਹਨ। ਗੁਲਾਮ ਕੌਮਾਂ ਕਦੇ ਸੁਖੀ ਨਹੀਂ ਹੋ ਸਕਦੀਆਂ। ਅਸੀਂ ਪੜ੍ਹ ਰਹੇ ਹਾਂ। ਤੁਸੀਂ ਕਿਧਰ ਜਾ ਰਹੇ ਹੋ? ਉਲੰਘਣ – ਜਦ ਕਿਸੇ ਹਸਤੀ ਦਾ ਆਦਰ ਨਾਲ ਜ਼ਿਕਰ ਹੋਵੇ, ਤਾਂ ਉਹਨੂੰ ਪ੍ਰਗਟ ਕਰਨ ਵਾਲੇ ਇੱਕ-ਵਚਨ ਕਰਤਾ ਨਾਲ ਕਿਰਿਆ ਬਹੁ-ਵਚਨ ਹੋ ਜਾਂਦੀ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਸਭ ਜਗ ਦੇ ਸਾਂਝੇ ਪੀਰ ਸਨ। ਮਹਾਤਮਾ ਗਾਂਧੀ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਸਨ। ਪਰ ਜਦ ਆਦਰ ਬਹੁਤ ਡੂੰਘਾ ਹੋਵੇ ਤਾਂ ਕਿਰਿਆ ਇੱਕ-ਵਚਨ ਦੀ ਵੀ ਆ ਜਾਂਦੀ ਹੈ। ਜਿਵੇਂ – ਗੁਰੂ ਨਾਨਕ ਸਭ ਦਾ ਸਾਂਝਾ ਹੈ, ਸਭ ਨੂੰ ਪਿਆਰਾ ਲਗਦਾ ਹੈ। ਬਾਪੂ ਗਾਂਧੀ ਸਾਨੂੰ ਆਜ਼ਾਦ ਕਰਾ ਗਿਆ ਆਪ ਸ਼ਹੀਦ ਦੋ ਗਿਆ।

(ਅ) ਕਰਤਾ ਸਧਾਰਨ ਦੇ ਰੂਪ ਤੇ ਇੱਕ ਤੋਂ ਵੱਧ
(1) ਜਦੋਂ ਕਰਤਾ ਇੱਕ ਤੋਂ ਵੱਧ ਹੋਣ, ਉਹਨਾਂ ਦਾ ਰੂਪ ਸਧਾਰਨ ਹੋਵੇ ਅਤੇ ਉਹ ‘ਤੇ’, ‘ਅਤੇ’ ਆਦਿ ਸਮੁੱਚੀ ਯੋਜਕਾਂ ਨਾਲ ਜੁੜੇ ਹੋਏ ਹੋਣ ਤਾਂ ਕਿਰਿਆ ਦੇ ਵਚਨ, ਲਿੰਗ ਤੇ ਪੁਰਖ ਦਾ ਮੇਲ ਹੇਠ ਲਿਖੇ ਅਨੁਸਾਰ ਹੁੰਦਾ ਹੈ।
ਵਚਨ – ਵਚਨ ਸਦਾ ਬਹੁਵਚਨ ਹੁੰਦਾ ਹੈ। ਜਿਵੇਂ – ਮੁੰਡਾ ਤੇ ਬੁੱਢਾ ਰੋਟੀ ਖਾ ਰਹੇ ਹਨ। ਊਠ ਤੇ ਘੋੜਾ ਨੱਸ ਰਹੇ ਹਨ।

ਉਲੰਘਣ – ਜਦ ਸਮੁੱਚੀ ਯੋਜਕਾਂ ਨਾਲ ਜੁੜੇ ਹੋਏ ਕਰਤਾ ਨਿਰਜੀਵ-ਵਾਚਕ ਹੋਣ ਤਾਂ ਕਿਰਿਆ ਦਾ ਵਚਨ ਅਖੀਰਲੇ ਕਰਤਾ ਵਾਲਾ ਹੁੰਦਾ ਹੈ। ਜਿਵੇਂ ਉਸ ਦਾ ਕੁੜਤਾ, ਪਗੜੀ ਤੇ ਤੋਲੀਆ ਗੁਆਚ ਗਿਆ। ਏਥੇ ਘਿਉ, ਗੁੜ ਤੇ ਸਬਜ਼ੀ ਵਿਕਦੀ ਹੈ। ਇਸ ਖੇਤ ਵਿੱਚ ਮੂਲੀਆਂ, ਗਾਜਰਾਂ ਤੇ ਗੋਂਗਲੂ ਬੀਜੇ ਹਨ।

ਲਿੰਗ – (ੳ) ਜੇ ਸਮੁੱਚੀ ਯੋਜਕਾਂ ਨਾਲ ਜੁੜੇ ਹੋਏ ਕਰਤਾ ਇੱਕੋ ਲਿੰਗ ਦੇ ਹੋਣ ਤਾਂ ਕਿਰਿਆ ਦਾ ਲਿੰਗ ਵੀ ਉਹਨਾ ਵਾਲਾ ਹੀ ਹੁੰਦਾ ਹੈ। ਜਿਵੇਂ – ਬੱਕਰਾ ਤੇ ਘੋੜਾ ਚਰਦੇ ਹਨ। ਭੇਡਾਂ ਤੇ ਬੱਕਰੀਆਂ ਚਰਦੀਆਂ ਹਨ।

(ਅ)  ਕਰਤਾ ਸਧਾਰਨ ਰੂਪ ਤੇ ਇੱਕ ਤੋਂ ਵੱਧ

(1) ਜਦੋਂ ਕਰਤਾ ਇੱਕ ਤੋਂ ਵੱਧ ਹੋਣ, ਉਹਨਾਂ ਦਾ ਰੂਪ ਸਧਾਰਨ ਹੋਵੇ, ਅਤੇ ਉਹ ‘ਤੇ’, ‘ਅਤੇ’ ਆਦਿ ਸਮੁੱਚੀ ਯੋਜਕਾਂ ਨਾਲ ਜੁੜੇ ਹੋਏ ਹੋਣ, ਤਾਂ ਕਿਰਿਆ ਦੇ ਵਚਨ ਲਿੰਗ, ਤੇ ਪੁਰਖ ਦਾ ਮੇਲ ਹੇਠ ਲਿਖੇ ਨੇਮਾਂ ਅਨੁਸਾਰ ਹੁੰਦਾ ਹੈ –

ਵਚਨ – ਵਚਨ ਸਦਾ ਬਹੁਵਚਨ ਹੁੰਦਾ ਹੈ, ਜਿਵੇਂ – ਮੁੰਡਾ ਕੇ ਬੁੱਢਾ ਰੋਟੀ ਖਾ ਰਹੇ ਹਨ। ਊਠ ਤੇ ਘੋੜਾ ਨੱਸ ਰਹੇ ਹਨ।

ਉਲੰਘਣ – ਜਦ ਸਮੁੱਚੀ ਯੋਜਕਾਂ ਨਾਲ ਜੁੜੇ ਹੋਏ ਕਰਤਾ ਨਿਰਜੀਵ ਵਾਚਕ ਹੋਣ ਤਾਂ ਕਿਰਿਆ ਦਾ ਵਚਨ ਅਖੀਰਲੇ ਕਰਤਾ ਵਾਲਾ ਹੁੰਦਾ ਹੈ। ਜਿਵੇਂ ਉਸ ਦਾ ਕੁੜਤਾ, ਪਗੜੀ ਤੇ ਤੌਲੀਆ ਗੁਆਚ ਗਿਆ ਹੈ। ਏਥੇ ਘਿਉ ਗੁੜ ਤੇ ਸਬਜ਼ੀ ਵਿਕਦੀ ਹੈ। ਇਸ ਖੇਤ ਵਿੱਚ ਮੂਲੀਆਂ, ਗਾਜਰਾਂ ਤੇ ਗੋਂਗਲੂ ਬੀਜੇ ਹਨ।

ਲਿੰਗ – (ੳ) ਜੇ ਸਮੁੱਚੀ ਯੋਜਕਾਂ ਨਾਲ ਜੁੜੇ ਹੋਏ ਕਰਤਾ ਇੱਕੋ ਲਿੰਗ ਦੇ ਹੋਣ ਤਾਂ ਕਿਰਿਆ ਦਾ ਲਿੰਗ ਵੀ ਉਹਨਾਂ ਵਾਲਾ ਹੀ ਹੁੰਦਾ ਹੈ। ਜਿਵੇਂ ਬੱਕਰਾ ਤੇ ਘੋੜਾ ਚਰਦੇ ਹਨ। ਭੇਡਾਂ ਤੇ ਬੱਕਰੀਆਂ ਚਰਦੀਆਂ ਹਨ।

(ਅ) ਜੇ ਸਮੁਚੀ ਯੋਜਕਾਂ ਨਾਲ ਜੁੜੇ ਕਰਤਾ ਵੱਖ-ਵੱਖ ਲਿੰਗ ਵਾਲੇ ਹੋਣ ਅਤੇ ਅਖੀਰਲਾ ਕਰਤਾ ਇੱਕ-ਵਚਨ ਹੋਵੇ ਤਾਂ ਕਿਰਿਆ ਬਹੁ-ਵਚਨ ਪੁਲਿੰਗ ਹੁੰਦੀ ਹੈ। ਜਿਵੇਂ ਉਹਦਾ ਭਰਾ ਤੇ ਭਰਜਾਈ ਆਉਣਗੇ। ਤੁਹਾਡੀ ਮਾਤਾ ਤੇ ਪਿਤਾ ਆ ਰਹੇ ਹਨ। ਇੱਕ ਘੋੜਾ, ਦੋ ਮੱਝਾਂ ਤੇ ਇੱਕ ਗਊ ਚਰ ਕੇ ਆਏ ਹਨ।

(ੲ) ਜੇ ਸਮੁੱਚੀ ਯੋਜਕਾਂ ਨਾਲ ਜੁੜੇ ਕਰਤਾ ਵੱਖ-ਵੱਖ ਲਿੰਗ ਦੇ ਹੋਣ ਤੇ ਅਖੀਰਲਾ ਕਰਤਾ ਬਹੁਵਚਨ ਹੋਵੇ ਤਾਂ ਕਿਰਿਆ ਦਾ ਲਿੰਗ ਇਸ ਅਖੀਰਲੇ ਕਰਤਾ ਵਾਲਾ ਹੀ ਹੁੰਦਾ ਹੈ। ਜਿਵੇਂ ਮੇਰਾ ਭਰਾ ਤੇ ਭਰਜਾਈਆਂ ਆ ਰਹੀਆਂ ਹਨ। ਕੁੜੀਆਂ ਤੇ ਮੁੰਡੇ ਇਕੱਠੇ ਪੜ੍ਹਦੇ ਹਨ। ਮੁੰਡੇ ਤੇ ਕੁੜੀਆਂ ਨੱਸ ਰਹੀਆਂ ਹਨ। ਬੱਕਰੀ ਤੇ ਬੱਕਰੇ ਚਰ ਰਹੇ ਹਨ।

ਪੁਰਖ – (ੳ) ਜੇ ਸਮੁੱਚੀ ਯੋਜਕਾਂ ਨਾਲ ਜੁੜੇ ਕਰਤਾ ਵੱਖ-ਵੱਖ ਪੁਰਖ ਦੇ ਹੋਣ ਅਤੇ ਇਹਨਾਂ ਵਿਚ ਕੋਈ ਪਹਿਲੇ ਪੁਰਖ ਦਾ ਹੋਵੇ ਤਾਂ ਕਿਰਿਆ ਪਹਿਲੇ ਪੁਰਖ ਦੀ ਹੁੰਦੀ ਹੈ। ਜਿਵੇਂ ਤੂੰ, ਉਹ ਤੇ ਮੈਂ ਖੇਡ ਰਹੇ ਹਾਂ। ਉਹ ਤੇ ਮੈਂ ਪੜ੍ਹਨ ਜਾਂਦੇ ਹਾਂ। ਤੂੰ ਤੇ ਮੈਂ ਨੱਸ ਰਹੀਆਂ ਸਾਂ।

(ਅ) ਜੇ ਸਮੁੱਚੀ ਯੋਜਕਾਂ ਨਾਲ ਜੜੇ ਕਰਤਾ ਵਿੱਚ ਕੋਈ ਪਹਿਲੇ ਪੁਰਖ ਦਾ ਨਾ ਹੋਵੇ, ਉਹ ਕੇਵਲ ਦੂਜੇ ਤੇ ਤੀਜੇ ਪੁਰਖ ਦੇ ਹੀ ਹੋਣ, ਤਾਂ ਕਿਰਿਆ ਦੂਜੇ (ਮੱਧਮ) ਪੁਰਖ ਦੀ ਹੁੰਦੀ ਹੈ। ਜਿਵੇਂ ਤੂੰ ਤੇ ਉਹ ਪੜ੍ਹਨ ਜਾਇਓ। ਹਰਨਾਮੋ ਤੇ ਤੂੰ ਕਿਥੋਂ ਆਈਆਂ ਹੋ।

(2) ਜੇ ਸਮੁੱਚੀ ਯੋਜਕਾਂ ਨਾਲ ਜੁੜੇ ਸਧਾਰਨ ਰੂਪ ਕਰਤਾ ਦੇ ਅਖੀਰ ਵਿੱਚ ਸਭ, ਕੋਈ ਵੀ, ਸਭ ਕੋਈ, ਸੱਭੋ ਆਦਿਕ ਸ਼ਬਦ ਲੱਗੇ ਹੋਣ ਤਾਂ ਕਿਰਿਆ ਦਾ ਲਿੰਗ, ਵਚਨ ਤੇ ਪੁਰਖ ਉਹਨਾਂ ਸ਼ਬਦਾਂ (ਸਭ, ਕੋਈ ਵੀ, ਆਦਿਕ) ਅਨੁਸਾਰ ਹੁੰਦਾ ਹੈ ਜਿਵੇਂ ਮਾਂ, ਪਿਉ, ਪੁੱਤ ਤੇ ਧੀਆਂ ਸਭ ਆਪੋ-ਆਪਣਾ ਸੁਖ ਲੋਚਦੇ ਹਨ। ਮੁੰਡੇ, ਕੁੜੀਆਂ, ਬੁੱਢੇ ਤੇ ਨੱਢੇ ਕੋਈ ਵੀ ਦੁੱਖ ਭੋਗਣਾ ਨਹੀਂ ਚਾਹੁੰਦਾ। ਉਹਦਾ ਗਹਿਣਾ-ਗੱਟਾ, ਦਾਣਾ-ਫੱਕਾ ਤੇ ਮਾਲ-ਡੰਗਰ ਸੱਭੋ ਕੁਝ ਜਾਂਦਾ ਰਿਹਾ।

(3) ਜੇ ਸਧਾਰਨ ਰੂਪ ਕਰਤਾ ਦੋ ਜਾਂ ਵਧੇਰੇ ਹੋਣ ਅਤੇ ‘ਜਾਂ’ ਆਦਿਕ ਵਿਕਲਪੀ ਯੋਜਕ ਨਾਲ ਜੁੜੇ ਹੋਣ ਤਾਂ ਕਿਰਿਆ ਦਾ ਲਿੰਗ, ਵਚਨ ਤੇ ਪੁਰਖ ਅਖੀਰਲੇ ਕਰਤਾ ਅਨੁਸਾਰ ਹੁੰਦਾ ਹੈ। ਜਿਵੇਂ ਉਹਦਾ ਭਰਾ ਜਾਂ ਭਰਜਾਈਆਵੇਗੀ। ਮੇਰਾ ਪੁੱਤ, ਧੀ, ਜਾਂ ਭੈਣਾਂ ਉਹਨਾਂ ਲਈ ਰੋਟੀ ਪਾਣੀ ਲਿਆਉਣਗੀਆਂ। ਉਹਨੂੰ ਦੋ ਲੱਡੂ ਜਾਂ ਇੱਕ ਮੱਠੀ ਮਿਲੇਗੀ।

(ੲ) ਕਰਤਾ ਸਬੰਧਕੀ ਰੂਪ ਤੇ ਕਰਮ ਸਧਾਰਨ ਰੂਪ

(1) ਜਦੋਂ ਕਰਤਾ ਸਬੰਧਕ ਸਹਿਤ ਹੋਵੇ ਤੇ ਕਰਮ ਸਬੰਧਕ ਰਹਿਤ ਹੋਵੇ ਤਾਂ ਕਿਰਿਆ ਦਾ ਲਿੰਗ ਤੇ ਵਚਨ ਕਰਮ ਵਾਲਾ ਹੁੰਦਾ ਹੈ। ਜਿਵੇਂ ਮੁੰਡੇ ਨੇ ਚਿੱਠੀ ਲਿਖੀ, ਕੁੜੀਆਂ ਚਰਖਾ ਕੱਤਿਆ। ਜਵਾਨਾਂ ਨੇ ਦੇਸ਼ ਦੀ ਸ਼ਾਨ ਵਧਾਈ। ਕਿਰਸਾਨਾਂ ਨੇ ਬਹੁਤਾ ਅੰਨ ਉਗਾਇਆ। ਅਸਾਂ ਛੁੱਟੀ ਮਨਾਈ। ਤੁਸਾਂ ਗੁੱਡੀ ਉਡਾਈ।

(2) ਜਦੋਂ ਕਰਤਾ ਸਬੰਧਕ ਸਹਿਤ ਹੋਵੇ ਅਤੇ ਸਧਾਰਨ ਰੂਪ ਕਰਮ ਇੱਕ ਤੋਂ ਵੱਧ ਹੋਣ ਤਦੋਂ ਕਿਰਿਆ ਦਾ ਕਰਮ ਨਾਲ ਉਹਨਾਂ ਹੀ ਨੇਮਾਂ ਦੇ ਅਨੁਸਾਰ ਹੁੰਦਾ ਹੈ ਜਿਨ੍ਹਾਂ ਅਨੁਸਾਰ ਇੱਕ ਤੋਂ ਵੱਧ ਸਧਾਰਨ ਰੂਪ ਕਰਤਾ ਨਾਲ ਹੁੰਦਾ ਹੈ ਜਿਵੇਂ ਉਹਨੇ ਦੋ ਘੋੜੇ ਤੇ ਚਾਰ ਬੋਤੀਆਂ ਖਰੀਦੀਆਂ। ਹਰਨਾਮ ਨੇ ਘੋੜਾ ਜਾਂ ਊਠਣੀ ਮੰਗੀ ਹੈ।

(ਸ) ਕਰਤਾ ਤੇ ਕਰਮ ਦੋਵੇਂ ਸਬੰਧਕੀ ਰੂਪ
ਜਦੋਂ ਕਰਤਾ ਤੇ ਕਰਮ ਦੋਵੇਂ ਸਬੰਧਕ ਸਹਿਤ (ਸਬੰਧਕੀ ਰੂਪ ਵਿੱਚ) ਹੋਣ ਜਾਂ ਕਰਤਾ ਸਬੰਧਕ ਸਹਿਤ ਹੋਵੇ ਤੇ ਕਰਮ ਕੋਈ ਉਪ-ਵਾਕ ਹੋਵੇ ਤਾਂ ਕਿਰਿਆ ਸਦਾ ਪੁਲਿੰਗ, ਇੱਕ ਵਚਨ ਤੇ ਤੀਜੇ (ਅਨ) ਪੁਰਖ ਦੀ ਹੁੰਦੀ ਹੈ। ਜਿਵੇਂ ਇਹਨਾਂ ਦੇਸ-ਧਰੋਹੀਆਂ ਨੇ ਕਈ ਦੇਸ-ਭਗਤਾਂ ਨੂੰ ਫਾਹੇ ਲਵਾਇਆ। ਕਰਮ ਸਿੰਘ ਨੇ ਸ਼ੇਰਨੀ ਨੂੰ ਗੋਲੀ ਮਾਰ ਦਿੱਤੀ। ਸਿਆਣਿਆਂ ਨੇ ਕਿਹਾ ਹੈ ਕਿ ਵੈਰੀ ਕਦੇ ਮਿੱਤ ਨਹੀਂ ਹੁੰਦੇ।

(ਹ) ਫੁਟਕਲ – ‘ਹੈ’ ਅਤੇ ‘ਸੀ’ ਦੋ ਰੂਪ ਤਿੰਨਾਂ ਪੁਰਖਾਂ ਨਾਲ ਇਉਂ ਲਗਦੇ ਹਨ। ਮੈਂ ਹਾਂ, ਅਸੀਂ ਹਾਂ, ਉਹ ਹੈ, ਉਹ ਹਨ, ਮੈਂ ਸਾਂ, ਅਸੀਂ ਸਾਂ, ਤੂੰ ਸੈਂ, ਤੁਸੀਂ ਸਾਉ, ਉਹ ਸੀ, ਉਹ ਸਨ, ਇਸ ਲਈ ‘ਮੈਂ ਪੜ੍ਹਦਾ ਸੀ’, ‘ਤੂੰ ਜਾਂਦਾ ਸੀ’, ‘ਤੁਸੀਂ ਗਏ ਸੀ’ ਲਿਖਣਾ ਗ਼ਲਤ ਹੈ। 

2. ਪੜਨਾਉਂ ਦਾ ਨਾਉਂ ਨਾਲ ਮੇਲ

(1) ਲਿੰਗ ਤੇ ਵਚਨ ਕਰਕੇ ਪੜਨਾਉਂ ਸਦਾ ਉਸ ਨਾਉਂ ਅਨੁਸਾਰ ਹੁੰਦਾ ਹੈ ਜਿਸ ਦੀ ਥਾਂ ਉਹ ਵਰਤਿਆ ਜਾਂਦਾ ਹੈ। ਜਿਵੇਂ ਜਿਹੜੇ ਲੋਕ ਆਪੋ ਵਿੱਚ ਝਗੜਦੇ ਰਹਿੰਦੇ ਹਨ ਉਹਨਾਂ ਨੂੰ ਕਦੇ ਸੁੱਖ ਨਸੀਬ ਨਹੀਂ ਹੁੰਦਾ। ਜਿਹੜੇ ਬੱਦਲ ਗਜਦੇ ਹਨ ਇਹ ਕਦੇ ਵਰ੍ਹ ਵੀ ਪੈਂਦੇ ਹਨ।
(2) ਜਦੋਂ ਕਿਸੇ ਹਸਤੀ ਦਾ ਆਦਰ ਕਰਨਾ ਹੋਵੇ ਤਾਂ ਇੱਕ ਵਚਨ ਨਾਉਂ ਦੀ ਥਾਂ ਬਹੁ-ਵਚਨ ਪੜਨਾਉਂ ਵਰਤਿਆ ਜਾਂਦਾ ਹੈ। ਜਿਵੇਂ ਮਹਾਤਮਾ ਜੀ ਉੱਘੇ ਦੇਸ-ਭਗਤ ਸਨ। ਉਹਨਾਂ ਨੇ ਆਪਣੀ ਸਾਰੀ ਉਮਰ ਦੇਸ-ਸੇਵਾ ਵਿੱਚ ਗੁਜ਼ਾਰੀ।
(3) ਪੁਸਸਤਕਾਂ, ਅਖ਼ਬਾਰਾਂ, ਰਸਾਲਿਆਂ ਦੇ ਲੇਖਕ ਜਾਂ ਸੰਪਾਦਕ ਅਤੇ ਰਾਜੇ ਪਾਤਸ਼ਾਹ ਆਪਣੇ ਲਈ ਬਹੁਵਚਨ ਉੱਤਮ (ਪਹਿਲਾ) ਪੁਰਖ ਪੜਨਾਉਂ (ਅਸੀਂ. ਅਸਾਂ, ਸਾਡਾ ਆਦਿ) ਵਰਤਦੇ ਹਨ। ਜਿਵੇਂ ਮਹਾਰਾਜਾ ਸਾਹਿਬ ਨੇ ਕਿਹਾ, ‘ਅਸੀਂ’ ਪਰਜਾ ਨੂੰ ਸੁਖੀ ਵੇਖਣਾ ਚਾਹੁੰਦੇ ਹਾਂ। ਸਾਡੀ ਇਹੋ ਇੱਛਾ ਹੈ ਕਿ ਸਾਡੀ ਪਰਜਾ ਸਦਾ ਖੁਸ਼ਹਾਲ ਰਹੇ। ਅਕਾਲੀ ਅਖ਼ਬਾਰ ਦੇ ਸੰਪਾਦਕ ਨੇ ਲਿਖਿਆ ‘ਅਸੀਂ’ ਕਿਸੇ ਝਗੜੇ ਵਿੱਚ ਨਹੀਂ ਪੈਣਾ ਚਾਹੁੰਦੇ। ਸਾਡਾ ਪੱਕਾ ਯਕੀਨ ਹੈ ਕਿ ਸਾਡੇ ਪਾਠਕ ਸਾਡੇ ਨਾਲ ਸਹਿਮਤ ਹੋਣਗੇ। ‘ਅਸਾਂ’ ਇਹ ਕਿਤਾਬ ਵਿਦਿਆਰਥੀਆਂ ਲਈ ਲਿਖੀ ਹੈ।

3) ਵਿਸ਼ੇਸ਼ਣ ਦਾ ਵਿਸ਼ੇਸ਼ ਨਾਲ ਮੇਲ
(1) ਜਦੋਂ ਵਿਸ਼ੇਸ਼ ਇੱਕ ਹੋਵੇ ਤੇ ਵਿਸ਼ੇਸ਼ਣ ਇੱਕ ਜਾਂ ਇੱਕ ਤੋਂ ਵੱਧ ਹੋਣ ਤਾਂ ਵਿਸ਼ੇਸ਼ਣ ਲਿੰਗ, ਵਚਨ ਤੇ ਕਾਰਕ ਰੂਪ ਕਰਕੇ ਆਪਣੇ ਵਿਸ਼ੇਸ਼ ਦੇ ਅਨੁਸਾਰ ਹੁੰਦੇ ਹਨ। ਜਿਵੇਂ
ਬੀਬਾ ਬੱਚਾ, ਬੀਬੇ ਬੱਚੇ, ਬੀਬੇ ਬੱਚੇ ਨੂੰ, ਬੀਬੀਆਂ ਬੱਚੀਆਂ ਨੂੰ, ਬੀਬਿਆ ਬੱਚਿਆ, ਬੀਬਿਓ ਬੱਚਿਉ।
ਬੀਬੀ ਬੱਚੀ, ਬੀਬੀਆਂ ਬੱਚੀਆਂ, ਬੀਬੀ ਬੱਚੀ, ਬੀਬੀਆਂ ਬੱਚੀਆਂ ਨੂੰ, ਬੀਬੀਏ ਬੱਚੀਏ, ਬੀਬੀਓ ਬੱਚੀਓ।
ਨਿੱਕੇ ਵੱਡੇ, ਤਕੜੇ ਮਾੜੇ, ਚੰਗੇ ਮੰਦੇ, ਸਭ ਤਰਾਂ ਦੇ ਲੋਕ।

ਨੋਟ (ੳ) ਅੱਜ ਕਲ ਸਬੰਧਕੀ ਰੂਪ ਪੁਲਿੰਗ ਬਹੁਵਚਨ ਵਿਸ਼ੇਸ਼ ਨਾਲ ਆਮ ਤੌਰ ਤੇ ਇੱਕ ਵਚਨ ਪੁਲਿੰਗ ਸਬੰਧਕੀ ਰੂਪ ਵਿਸ਼ੇਸ਼ਣ ਵਰਤਿਆ ਜਾਣ ਲੱਗ ਪਿਆ ਹੈ। ਜਿਵੇਂ ਬੀਬੇ ਬੱਚਿਆਂ ਨੂੰ, ਵੱਡੇ ਲੋਕਾਂ ਲਈ, ਚੰਗੇ ਬੰਦਿਆਂ ਦਾ, ਬੀਬਿਆਂ ਬੱਚਿਆਂ ਨੂੰ, ਵੱਡਿਆਂ ਲੋਕਾਂ ਲਈ, ਚੰਗਿਆਂ ਬੰਦਿਆਂ ਦਾ, ਭਾਵੇਂ ਵਿਆਕਰਣਿਕ ਤੌਰ ਤੇ ਠੀਕ ਹਨ, ਪਰ ਅਜੋਕੀ ਵਰਤੋਂ ਇਹਨਾਂ ਰੂਪਾਂ ਨੂੰ ਤਿਆਗ ਕੇ ਬੀਬੇ ਬੱਚਿਆਂ ਨੂੰ ਆਦਿਕ ਦੇ ਵਰਤਣ ਦੇ ਹੱਕ ਵਿੱਚ ਹੈ। ਵਿਆਕਰਣ ਨੂੰ ਇਹ ਵਰਤੋਂ ਪਰਵਾਨ ਕਰਨੀ ਪਵੇਗੀ।

(ਅ) ਇਸੇ ਤਰ੍ਹਾਂ ਵਿਆਕਰਣ ਅਨੁਸਾਰ ਸ਼ੁੱਧ ਰੂਪ ‘ਕਈਆਂ ਬੱਚਿਆਂ ਨੂੰ’ ਅਤੇ ‘ਕਈਆਂ ਬੱਚੀਆਂ ਨੂੰ’ ਦੀ ਥਾਂ ‘ਕਈ ਬੱਚਿਆਂ ਨੂੰ’ ਵਰਤੋਂ ਵਿੱਚ ਆ ਰਹੇ ਹਨ। ਇਹ ਵੀ ਠੀਕ ਮੰਨ ਕੇ ਪਰਵਾਨਣੇ ਚਾਹੀਦੇ ਹਨ।

(2) ਜਦੋਂ ਵਿਸ਼ੇਸ਼ਣ ਇੱਕ ਹੋਵੇ ਤੇ ਉਹਦੇ ਵਿਸ਼ੇਸ਼ ਇੱਕ ਤੋਂ ਵੱਧ ਹੋਣ ਤਾਂ ਵਿਸ਼ੇਸ਼ਣ ਲਿੰਗ, ਵਚਨ ਆਦਿਕ ਉਸ ਵਿਸ਼ੇਸ਼ ਅਨੁਸਾਰ ਹੁੰਦਾ ਹੈ ਜਿਹੜਾ ਉਸ ਦੇ ਨੇੜੇ ਹੋਵੇ। ਜਿਵੇਂ ਕਾਲੇ ਕੁੱਤੇ ਤੇ ਕੁੱਤੀਆਂ, ਕਾਲੀਆਂ ਕੁੱਤੀਆਂ ਤੇ ਕੁੱਤੇ। ਬੀਬਾ ਮੁੰਡਾ ਤੇ ਕੁੜੀ, ਬੀਬੀ ਕੁੜੀ ਤੇ ਮੁੰਡਾ। 

ਨੋਟ – (1) ਸਬੰਧਕ ਸਹਿਤ ਕਰਮ ਦਾ ਵਿਸ਼ੇਸ਼ਣ  ਕਦੇ ਇੱਕ ਵਚਨ, ਪੁਲਿੰਗ ਸਧਾਰਨ ਰੂਪ ਹੁੰਦਾ ਹੈ ਅਤੇ ਕਦੇ ਬਹੁਵਚਨ ਪੁਲਿੰਗ ਸਬੰਧਕੀ ਰੂਪ ਵਿੱਚ। ਜਿਵੇਂ  ਮੁੰਡਾ ਮੇਜ ਨੂੰ ਗੰਦਾ (ਗੰਦਿਆਂ) ਕਰ ਰਿਹਾ ਹੈ। ਕੁੜੀ ਆਪਣਾ ਕਮੀਜ਼ ਨੂੰ ਮੈਲਾ (ਮੈਲਿਆਂ) ਕਰ ਬੈਠੀ ਹੈ। ਧੋਬੀ ਕਪੜਿਆਂ ਨੂੰ ਚਿੱਟਾ (ਚਿੱਟਿਆਂ) ਕਰ ਦੇਵੇਗਾ। ਧੋਬਣ ਨੇ ਤੇਰੀਆਂ ਕਮੀਜ਼ਾਂ ਨੂੰ ਚਿੱਟਾ (ਚਿੱਟਿਆਂ) ਕਰ ਦਿੱਤਾ ਹੈ।

(2) ਜੋ ਵਿਸ਼ੇਸ਼ਣ ਸਧਾਰਨ ਰੂਪ (ਸਬੰਧਕ ਰਹਿਤ) ਕਰਮ ਹੋਵੇ ਅਤੇ ਵਿਸ਼ੇਸ਼ਣ ‘ਕਰਮ ਪੂਰਕ’ ਤਾਂ ਵਿਸ਼ੇਸ਼ਣ ਦਾ ਲਿੰਗ ਵਚਨ ਵਿਸ਼ੇਸ਼ ਵਾਲਾ ਹੁੰਦਾ ਹੈ। ਜਿਵੇਂ ਮੁੰਡੇ ਨੇ ਕੁੜਤਾ ਮੈਲਾ ਕਰ ਲਿਆ। ਕੁੜੀ ਨੇ ਕੁਰਸੀ ਗੰਦੀ ਕਰ ਦਿੱਤੀ। ਬੱਚਿਆਂ ਨੇ ਕੱਪੜੇ ਮੈਲੇ ਕਰ ਲਏ। ਕੁੜੀਆਂ ਨੇ ਤੱਕਲ਼ੇ ਵਿੰਗੇ ਕਰ ਲਏ। ਧੋਬੀ ਨੇ ਕਮੀਜਾਂ ਚਿੱਟੀਆਂ ਕਰ ਦਿੱਤੀਆਂ।

  1. ਸਬੰਧ-ਪਦ ਤੇ ਸਬੰਧ ਮਾਨ ਦਾ ਮੇਲ

(1) ਸਬੰਧ-ਪਦਾਂ ਤੇ ਸਬੰਧਕਾਰਕ ਦੇ ਚਿੰਨ੍ਹਾਂ ਦਾ ਵਚਨ ਲਿੰਗ ਤੇ ਕਾਰਕਰੂਪ ਉਹ ਹੁੰਦਾ ਹੈ ਜਿਹੜਾ ਉਨ੍ਹਾਂ ਦੇ ਸਬੰਧ-ਮਾਨਾਂ ਦਾ ਜਿਵੇਂ ਉਹਦੀ ਕੋਠੀ, ਉਹਦਾ ਮਕਾਨ, ਉਹਦੇ ਘੋੜੇ, ਉਹਦੀਆਂ ਡਾਚੀਆਂ।
(2) ਜੇ ਸਬੰਧਮਾਨ ਇੱਕ ਤੋਂ ਵੱਧ ਹੋਣ ਤਾਂ ਸਬੰਧ-ਪਦ ਦਾ ਮੇਲ ਨੇੜੇ ਦੇ ਸਬੰਧਮਾਨ ਨਾਲ ਹੁੰਦਾ ਹੈ ਜਿਵੇਂ ਉਹਦੀਆਂ ਬੋਤੀਆਂ ਤੇ ਘੋੜੇ, ਉਹਦਾ ਘੋੜਾ ਤੇ ਵਛੇਰੀ, ਉਹਦੇ ਊਠ ਤੇ ਘੋੜੀਆਂ, ਉਹਦੀ ਕੋਠੀ ਤੇ ਮਕਾਨ, ਉਹਦੀ ਭੈਣ ਤੇ ਭਰਾ।

(2) ਅਧਿਕਾਰ
ਅਧਿਕਾਰ ਬਾਬਤ ਨੇਮਾਂ ਤੋਂ ਇਹ ਪਤਾ ਲਗਦਾ ਹੈ ਕਿ ਵਾਕ ਵਿਚਲੇ ਕਿਸੇ ਸ਼ਬਦ ਨੂੰ ਕਿਸੇ ਹੋਰ ਸ਼ਬਦ ਜਾਂ ਕੁਝ ਹੋਰ ਸ਼ਬਦਾਂ ਦੇ ਕਾਰਕ ਤੇ ਰੂਪ ਉੱਪਰ ਕੀ ਅਧਿਕਾਰ ਪ੍ਰਾਪਤ ਹੈ ਅਰਥਾਤ ਉਹਦਾ ਉਹਨਾਂ ਉੱਪਰ ਕੀ ਅਸਰ ਪੈਂਦਾ ਹੈ। ਕੁਝ ਮੋਟੇ-ਮੋਟੇ ਨੇਮ ਹੇਠਾਂ ਦਿੱਤੇ ਜਾਂਦੇ ਹਨ।

(1) ਸਬੰਧਕ ਦਾ ਸਬੰਧੀ ਤੇ ਉਸ ਸਬੰਧੀ ਦੇ ਵਿਸ਼ੇਸ਼ਣ ਸਦਾ ਸਬੰਧਕੀ ਰੂਪ ਵਿੱਚ ਹੁੰਦੇ ਹਨ, ਜਿਵੇਂ ‘ਮੁੰਡੇ’ ਨੇ ‘ਕੁੱਤੇ’ ਨੂੰ ‘ਸੋਟੇ’ ਨਾਲ ਕੁੱਟਿਆ। ‘ਜਿਸ’ ਦਾ ਰਾਖਾ ਆਪ ਕਰਤਾਰ ਹੋਵੇ ‘ਤਿਸ’ (‘ਉਸ’) ਨੂੰ ਕੌਣ ਮਾਰ ਸਕਦਾ ਹੈ? ਸਾਡੇ ‘ਕਾਲੇ ਕੁੱਤੇ’ ਨੇ ਤੁਹਾਡੇ ‘ਚਿੱਟੇ ਘੋੜੇ’ ਨੂੰ ਵੱਢ ਖਾਧਾ।

(2) ਜੇ ਵਿਸਮਕ ਦੀ ਵਰਤੋਂ ਹੋਵੇ ਤਾਂ ਵਿਸਮਕ ਨਾਉਂ ਸੰਬੋਧਨ ਰੂਪ ਵਿੱਚ ਹੁੰਦਾ ਹੈ। ਜਿਵੇਂ ਹੇ ਰੱਬਾ!, ਓਇ ਮੁੰਡਿਆ!, ਨੀ ਕੁੜਾਏ!, ਵੇ ਮਾਲੀਆ!, ਕੁੜੇ ਤੇਲਣੇ!

(3) ਅਕਰਮਿਕ ਕਿਰਿਆ ਦਾ ਕਰਤਾ ਸਧਾਰਨ ਰੂਪ ਵਿੱਚ ਹੁੰਦਾ ਹੈ। ਜਿਵੇਂ ਮੁੰਡਾ ਖੇਡਦਾ ਹੈ। ਤੋਤਾ ਉੱਡ ਗਿਆ। ਅਸੀਂ ਪੜ੍ਹਦੇ ਹਾਂ। ਤੁਸੀਂ ਲਿਖਦੇ ਹੋ।

(4) ਸਕਰਮਿਕ ਕਿਰਿਆ ਦੇ ਅਨਿਸਚਿਤ ਭੂਤ ਕਾਲ, ਪੂਰਨ ਵਰਤਮਾਨ ਕਾਲ ਤੇ ਪੂਰਨ ਭੂਤ ਕਾਲ ਦਾ ਕਰਤਾ ਸਬੰਧਕੀ ਰੂਪ ਵਿੱਚ ਹੁੰਦਾ ਹੈ ਤੇ ਉਹਦੇ ਨਾਲ ਸਬੰਧਕ ‘ਨੇ’ ਆਉਂਦਾ ਹੈ, ਬਾਕੀ ਦੇ ਕਾਲਾਂ ਦਾ ਕਰਤਾ ਸਧਾਰਨ ਰੂਪ ਵਿੱਚ ਹੁੰਦਾ ਹੈ। ਜਿਵੇਂ ਕੁੱਤੇ ਨੇ ਚੀਕ ਮਾਰੀ, ਮਾਰੀ ਹੈ, ਮਾਰੀ ਸੀ। ਕੁੱਤਾ ਚੀਕ ਮਾਰਦਾ ਹੈ, ਮਾਰਦਾ ਸੀ, ਮਾਰੇਗਾ। ਮਾਰਦੇ ਹੋਵੇਗਾ, ਮਾਰ ਰਿਹਾ ਸੀ, ਮਾਰ ਰਿਹਾ ਹੋਵੇਗਾ।

(5) ਦੁਕਰਮਿਕ ਕਿਰਿਆ ਦਾ ਸਬੰਧਕੀ ਰੂਪ ਤੇ ਉਸ ਨਾਲ ‘ਨੂੰ’ ਲੱਗਾ ਹੁੰਦਾ ਹੈ। ਜਿਵੇਂ ਮੁੰਡੇ ਨੇ ਘੋੜੇ ਨੂੰ ਸੋਟਾ ਮਾਰਿਆ। ਘੋੜੇ ਨੇ ਮੁੰਡੇ ਨੂੰ ਦੁਲੱਤਾ ਮਾਰਿਆ।

(6) ਜਦ ਪੜਨਾਵਾਂ ਤੇ ਵਿਸ਼ੇਸ਼ਣ ਕਿਰਿਆ ਦੇ ਕਰਮ ਹੋਣ, ਤਦ ਉਹਨਾਂ ਨਾਲ ਸਬੰਧਕ ‘ਨੂੰ’ ਲੱਗਾ ਹੁੰਦਾ ਹੈ ਅਤੇ ਉਹਨਾਂ ਦਾ ਰੂਪ ਸਬੰਧਕੀ ਹੁੰਦਾ ਹੈ। ਜਿਵੇਂ ਮੁੰਡੇ ਨੇ ‘ਉਸ ਨੂੰ’ (ਉਹਨੂੰ) ਸੱਦਿਆ। ਤੁਸਾਂ ਨਾ ‘ਮੈਨੂੰ’ ਸੱਦਿਆ ਤੇ ਨਾ ਹੋਰ ‘ਮਿੱਤਰਾਂ ਨੂੰ’। ਇਹ ਲੋਕ ‘ਮਾੜਿਆਂ’ ਨੂੰ ਕੋਸਦੇ ਹਨ ਤੇ ਡਾਢਿਆਂ ਨੂੰ ਪਲੋਸਦੇ ਹਨ। ‘ਬੁਰੇ’ ਨੂੰ ਹਰ ਕੋਈ ਦੁਤਕਾਰਦਾ ਹੈ।

(7) ਪੁਰਖਵਾਚਕ ਪੜਨਾਵਾਂ (ਮੈਂ, ਅਸੀਂ, ਤੂੰ, ਤੁਸੀਂ, ਇਹ, ਉਹ, ਐਹ, ਔਹ) ਦੇ ਸਬੰਧਕੀ ਰੂਪ ਇਸ ਪ੍ਰਕਾਰ ਹੁੰਦੇ ਹਨ।
(ੳ) ‘ਮੁੰਡੇ ਦਾ’ ਦੇ ਟਾਕਰੇ ਤੇ – ਮੇਰਾ, ਸਾਡਾ, ਤੇਰਾ, ਤੁਹਾਡਾ, ਇਹਦਾ, ਉਹਦਾ, ਐਹਦਾ, ਔਹਦਾ, ਇਹਨਾਂ ਦਾ, ਉਹਨਾਂ ਦਾ, ਐਹਨਾਂ ਦਾ, ਔਹਨਾਂ ਦਾ। ਤੀਜੇ ਪੁਰਖ ਦੇ ਪੜਨਾਵਾਂ ਦੇ ਇਹ ਰੂਪ ਵੀ ਵਰਤੇ ਜਾਂਦੇ ਹਨ। ‘ਇਸ ਦਾ, ਉਸ ਦਾ, ਐਸ ਦਾ, ਔਸ ਦਾ, ਇਨ੍ਹਾਂ ਦਾ, ਉਨ੍ਹਾਂ ਦਾ, ਐਨ੍ਹਾਂ ਦਾ। ਪਹਿਲੇਰੇ ਰੂਪ ਠੇਠ ਉਚਾਰਨ ਦੇ ਅਨੁਸਾਰ ਹੋਣ ਕਰਕੇ ਚੰਗੇਰੇ ਹਨ ਪਰ ਮੈਂਡਾ, ਮੈਂ ਦਾ, ਅਸਾਂ ਦਾ, ਅਸਾਡਾ, ਤੈਂਡਾ, ਤੂਸਾਡਾ, ਤੁਸਾਂ ਦਾ’ ਰੂਪ ਗ਼ਲਤ ਹਨ।
(ਅ) ‘ਮੁੰਡੇ ਨੇ’ ਦੇ ਟਾਕਰੇ ਤੇ – ਮੈਂ, ਅਸਾਂ, ਤੂੰ, ਤੁਸਾਂ, ਉਹਨੇ, ਇਹਨੇ, ਐਹਨੇ, ਔਹਨੇ, ਇਹਨਾਂ ਨੇ, ਉਹਨਾਂ ਨੇ, ਐਹਨਾਂ ਨੇ, ਔਹਨਾਂ ਨੇ’। ਤੀਜੇ ਪੁਰਖ ਦੇ ਇਹ ਰੂਪ ਵੀ ਵਰਤੋਂ ਵਿੱਚ ਹਨ। ਇਸ ਨੇ, ਉਸ ਨੇ, ਇਨ੍ਹਾਂ ਨੇ, ਉਨ੍ਹਾਂ ਨੇ, ਐਨ੍ਹਾਂ ਨੇ, ਔਨ੍ਹਾਂ ਨੇ। ਪਰ ਪਹਿਲੇਰੇ ਚੰਗੇਰੇ ਹਨ, ‘ਮੈਂ ਨੇ’, ‘ਅਸਾਂ ਨੇ’, ‘ਤੁਸਾਂ ਨੇ’ ਲਿਖਣਾ ਠੀਕ ਨਹੀਂ।
(ੲ) ‘ਮੁੰਡੇ ਨੂੰ’ ਦੇ ਟਾਕਰੇ ਤੇ – ਮੈਨੂੰ, ਸਾਨੂੰ, ਤੈਨੂੰ, ਤੁਹਾਨੂੰ, ਇਹਨੂੰ, ਇਹਨਾਂ ਨੂੰ, ਉਹਨਾਂ ਨੂੰ, ਐਹਨੂੰ, ਐਹਨਾਂ ਨੂੰ, ਔਹਨੂੰ, ਔਹਨਾਨੂੰ। ਤੀਜੇ ਪੁਰਖ ਦੇ ਹੇਠਲੇ ਰੂਪ ਵੀ ਪ੍ਰਚਲਤ ਹਨ। ਇਸ ਨੂੰ, ਇਨ੍ਹਾਂ ਨੂੰ, ਉਸਨੂੰ, ਉਨ੍ਹਾਂ ਨੂੰ, ਐਸਨੂੰ, ਐਨ੍ਹਾਂ ਨੂੰ, ਔਸਨੂੰ, ਔਨ੍ਹਾਂ ਨੂੰ। ਪਰ ਪਹਿਲੇ ਦਿੱਤੇ ਰੂਪ ਚੰਗੇਰੇ ਹਨ। ਮੈਂ ਨੂੰ, ਅਸਾਂ ਨੂੰ, ਤੈਂ ਨੂੰ, ਤੁਸਾਂ ਨੂੰ ਰੂਪ ਗ਼ਲਤ ਹਨ।
(ਸ) ‘ਮੁੰਡੇ ਤੋਂ’ ਜੇ ਟਾਕਰੇ ਤੇ – ਮੈਥੋਂ ਜਾਂ ਮੇਥੋਂ, ਸਾਥੋਂ, ਤੈਥੋਂ ਜਾਂ ਤੇਥੋਂ, ਤੁਹਾਥੋਂ, ਉਸ ਤੋਂ, ਇਸ ਤੋਂ, ਐਸ ਤੋਂ, ਔਸ ਤੋਂ, ਇਹਨਾਂ ਤੋ, ਉਹਨਾਂ ਤੋਂ, ਐਹਨਾਂ ਤੋਂ, ਔਹਨਾਂ ਤੋਂ। ‘ਮੈਂ ਤੋਂ, ਅਸਾਂ ਤੋਂ, ਤੈਂ ਤੋਂ, ਤੁਸਾਂ ਤੋਂ, ਉਹ ਤੋਂ ਲਿਖਣਾ ਗ਼ਲਤ ਹੈ।
(ਹ) ‘ਮੁੰਡੇ ਪਾਸ’ ਦੇ ਟਾਕਰੇ ਤੇ – ਮੇਰੇ ਪਾਸ, ਸਾਡੇ ਪਾਸ, ਤੇਰੇ ਪਾਸ, ਤੁਹਾਡੇ ਪਾਸ, ਉਸ ਪਾਸ, ਉਹਨਾਂ ਪਾਸ, ਇਸ ਪਾਸ, ਐਸ ਪਾਸ, ਐਹਨਾਂ ਪਾਸ, ਔਸ ਪਾਸ, ਔਹਨਾਂ ਪਾਸ। ਅਸਾਂ ਪਾਸ, ਤੁਸਾਂ ਪਾਸ, ਲਿਖਣਾ ਗ਼ਲਤ ਹੈ। 

(3) ਤਰਤੀਬ

ਸਧਾਰਨ ਤੇ ਵਿਸ਼ੇਸ਼ ਤਰਤੀਬ – ਤਰਤੀਬ ਸਬੰਧੀ ਨੇਮਾਂ ਤੋਂ ਇਹ ਪਤਾ ਲਗਦਾ ਹੈ ਕਿ ਵਾਕ ਵਿੱਚ ਕਿਹੜੇ ਸ਼ਬਦ ਪਹਿਲਾਂ ਤੇ ਕਿਹੜੇ ਸ਼ਬਦ ਪਿੱਛੋਂ ਆਉਂਦੇ ਹਨ। ਵਾਕ ਵਿੱਚ ਸ਼ਬਦਾਂ ਦੀ ਤਰਤੀਬ ਜਾਂ ਸਧਾਰਨ ਹੁੰਦੀ ਹੈ ਜਾਂ ਵਿਸ਼ੇਸ਼। ਜਿਸ ਤਰਤੀਬ ਵਿੱਚ ਸ਼ਬਦ ਆਮ ਤੌਰ ਤੇ ਵਰਤੇ ਜਾਂਦੇ ਹਨ, ਉਹਨੂੰ ਸਧਾਰਨ ਤਰਤੀਬ ਕਹਿੰਦੇ ਹਨ। ਜਿਵੇਂ ਤੁਸਾਂ ਘੋੜੀ ਮੰਗੀ ਸੀ, ਉਹ ਤੁਹਾਨੂੰ ਮਿਲ ਗਈ। ਤੁਸਾਂ ਗਲਤੀ ਕੀਤੀ ਸੀ ਤੇ ਤੁਹਾਨੂੰ ਉਹਦੀ ਸਜ਼ਾ ਮਿਲ ਗਈ।
ਜਦ ਵਾਕ ਦੇ ਕਿਸੇ ਖਾਸ ਹਿੱਸੇ ਨੂੰ ਵਿਸ਼ੇਸ਼ਤਾ ਦੇਣ ਲਈ ਸਧਾਰਨ ਤਰਤੀਬ ਬਦਲੀ ਜਾਵੇ, ਤਾਂ ਉਹ ਤਰਤੀਬ ਵਿਸ਼ੇਸ਼ ਤਰਤੀਬ ਅਖਵਾਉਂਦੀ ਹੈ। ਜਿਵੇਂ ਮੈਂ ਘੋੜੀ ਮੰਗੀ ਤਾਂ ਸੀ ਹੇਠਾਂ ਲਈ ਪਰ ਮੈਨੂੰ ਮਿਲ ਗਈ ਘੋੜੀ ਉੱਪਰ ਲਈ। ਗ਼ਲਤੀ ਤਾਂ ਕੀਤੀ ਸੀ ਤੁਸਾਂ ਤੇ ਸਜ਼ਾ ਮਿਲ ਗਈ ਮੈਨੂੰ, ਮੰਗੀ ਤਾਂ ਸੀ ਮੈਂ ਰੋਟੀ ਪਰ ਮਿਲ ਗਈ ਮੈਨੂੰ ਸੋਟੀ।
ਸਧਾਰਨ ਤਰਤੀਬ ਦੇ ਕੁਝ ਨੇਮ – (1) ਸਧਾਰਨ ਤੌਰ ਤੇ ਵਾਕ ਵਿਚਲੇ ਸ਼ਬਦਾਂ ਦੀ ਤਰਤੀਬ ਇਹ ਹੁੰਦੀ ਹੈ।
ਕਰਤਾ, ਕਰਮ, ਪੂਰਕ ਤੇ ਕਿਰਿਆ ਜਿਵੇਂ ਹਿੰਦੀਆਂ ਨੇ ਦੇਸ਼ ਆਜ਼ਾਦ ਕਰਵਾ ਲਿਆ। ਅਸੀਂ ਸਭ ਪ੍ਰਸੰਨ ਹੋ ਗਏ ਹਾਂ। ਪੁਲਿਸ ਨੇ ਚੋਰ ਨੂੰ ਗ੍ਰਿਫਤਾਰ ਕਰ ਲਿਆ।

ਨੋਟ – ਵੇਖੋ ‘ਅਫਸਰ, ਜਨਤਾ ਦੇ ਸੇਵਕ’ ਬਣ ਗਏ ਤੇ ਜਨਤਾ ਦੇ ਸੇਵਕ, ਅਫਸਰ ਬਣ ਗਏ। ਇਹਨਾਂ ਦੋਵਾਂ ਵਾਕਾਂ ਵਿੱਚ ਫਰਕ ਹੈ। ਪਹਿਲੇ ਵਾਕ ਦਾ ਭਾਵ ਹੈ ਕਿ ਜੋ ਲੋਕ ਪਹਿਲਾਂ ਅਫਸਰ ਹੁੰਦੇ ਸਨ ਉਹ ਹੁਣ ‘ਜਨਤਾ ਦੇ ਸੇਵਕ’ ਬਣ ਗਏ ਹਨ। ਦੂਜੇ ਵਾਕ ਦਾ ਭਾਵ ਹੈ ਕਿ ਜੋ ਲੋਕ ਪਹਿਲਾਂ ‘ਜਨਤਾ ਦੇ ਸੇਵਕ’ ਸਨ ਉਹ ਹੁਣ ‘ਅਫਸਰ’ ਬਣ ਗਏ ਹਨ। ਏਥੇ ਤਰਤੀਬ ਇਹ ਹੈ ਕਿ ਕਰਤਾ, ਪੂਰਕ ਤੇ ਕਿਰਿਆ। ਸਧਾਰਨ ਤਰਤੀਬ ਇਹੋ ਹੀ ਹੁੰਦੀ ਹੈ ਨਾ। ਵਾਕ ਦਾ ਅਰਥ ਸਮਝਣ ਲਈ ਵੇਖਣਾ ਇਹ ਹੈ ਕਿ  ਕਰਤਾ ਕਿਹੜਾ ਹੈ ਤੇ ਪੁਰਖ ਕਿਹੜਾ। ਪਹਿਲੇ ਵਾਕ ਵਿੱਚ ‘ਅਫਸਰ’ ਕਰਤਾ ਹੈ ਤੇ ‘ਜਨਤਾ ਦੇ ਸੇਵਕ’ ਪੂਰਕ। ਦੂਜੇ ਵਾਕ ਵਿੱਚ ‘ਜਨਤਾ ਦੇ ਸੇਵਕ’ਕਰਤਾ ਹੈ ਤੇ ‘ਅਫਸਰ’ ਪੂਰਕ।

ਇਸੇ ਤਰ੍ਹਾਂ ‘ਜੇ ਭੈਣ ਵੀਰ ਖਿਡਾਵੇ’ ਤੇ ‘ਜੇ ਵੀਰ ਭੈਣ ਖਿਡਾਵੇ’ ਦੇ ਅਰਥ ਵੱਖ-ਵੱਖ ਹਨ। ਪਹਿਲੇ ਵਾਕ ਵਿੱਚ ‘ਭੈਣ’ ਕਰਤਾ ਹੈ ਤੇ ‘ਵੀਰ’ ਕਰਮ, ਖਿਡਾਉਣ ਦਾ ਕੰਮ ਭੈਣ ਨੇ ਕਰਨਾ ਹੈ ਤੇ ਉਹਨੇ ਖਿਡਾਉਣਾ ਹੈ ਵੀਰ ਨੂੰ। ਦੂਜੇ ਵਾਕ ਵਿੱਚ ‘ਵੀਰ’ ਕਰਤਾ ਹੈ ਤੇ ‘ਭੈਣ’ ਕਰਮ। ਖਿਡਾਉਣ ਦਾ ਕੰਮ ਵੀਰ ਨੇ ਕਰਨਾ ਹੈ, ਤੇ ਉਸ ਨੇ ਖਿਡਾਉਣਾ ਹੈ ਭੈਣ ਨੂੰ।
ਇਸੇ ਤਰ੍ਹਾਂ ‘ਅਮੀਰ ਗ਼ਰੀਬ ਹੋ ਗਏ’ ਤੇ ‘ਗ਼ਰੀਬ ਅਮੀਰ ਹੋ ਗਏ’ ਵਿੱਚ ਅਰਥਭੇਦ ਹੈ।

(2) ਦੁਕਰਮਿਕ ਕਿਰਿਆ ਦਾ ਅਪ੍ਰਧਾਨ ਕਰਮ ਪਹਿਲਾਂ ਤੇ ਪ੍ਰਧਾਨ ਕਰਮ ਮਗਰੋਂ ਆਉਂਦਾ ਹੈ। ਜਿਵੇਂ ਮਾਤਾ ਜੀ ਨੇ ਮੰਗਤਿਆਂ ਨੂੰ ਪ੍ਰਸ਼ਾਦੇ ਛਕਾਏ। ਇਹਨਾਂ ਨੇ ਉਹਨਾਂ ਨੂੰ ਅਸੀਸਾਂ ਦਿੱਤੀਆਂ।

(3) ਵਿਸ਼ੇਸ਼ਣ ਆਪਣੇ ਵਿਸ਼ੇਸ਼ ਤੋਂ ਪਹਿਲਾਂ ਆਉਂਦਾ ਹੈ। ਜਿਵੇਂ ਬੀਬਾ ਬਾਲਕ, ਸੁਚੱਜੀ ਧੀ, ਪਿਆਰੀ ਮਾਂ, ਧਰਮੀ ਪਿਤਾ। ਪਰ ਜੇ ਕੋਈ ਵਿਸ਼ੇਸ਼ ਕਿਸੇ ਵਾਕ ਵਿੱਚ ਪੂਰਕ ਦਾ ਕੰਮ ਕਰਦਾ ਹੋਵੇ ਤਾਂ ਸਧਾਰਨ ਤਰਤੀਬ ਦੇ ਪਹਿਲੇ ਨੇਮ ਅਨੁਸਾਰ ਵਿਸ਼ੇਸ਼ ਪਹਿਲਾਂ ਤੇ ਵਿਸ਼ੇਸ਼ਣ ਪਿੱਛੋਂ ਆਉਂਦਾ ਹੈ। ਜਿਵੇਂ ਇਹ ਬਾਲ ‘ਬੀਬਾ’ ਹੈ, ਇਹ ਬੱਚੀ ‘ਸੁਚੱਜੀ’ ਬਣ ਗਈ ਹੈ। ਮਾਤਾ ਜੀ ‘ਬਿਮਾਰ’ ਹੋ ਗਏ ਹਨ।
ਇਸ ਨੇਮ ਅਨੁਸਾਰ ‘ਗੋਲ ਇੱਕ ਮੋਟਾ ਜਿਹਾ ਸਿਰਹਾਣਾ’, ‘ਇੱਕ ਦੁੱਧ ਦਾ ਗਲਾਸ’, ‘ਇੱਕ ਕਣਕ ਦੀ ਰੋਟੀ’, ‘ਇੱਕ ਗਰੀਬ ਮਾਪਿਆਂ ਦਾ ਪੁੱਤ’, ‘ਇੱਕ ਜਪਾਨੀ ਬੋਲੀ ਦਾ ਨਾਟਕ’ ਸਭ ਗ਼ਲਤ ਹਨ। ਇਹਨਾਂ ਦੇ ਠੀਕ ਰੂਪ ਇਹ ਹਨ। ‘ਇੱਕ ਮੋਟਾ ਜਿਹਾ ਗੋਲ ਸਿਰਹਾਣਾ’, ਦੁੱਧ ਦਾ ਇੱਕ ਗਿਲਾਸ, ਕਣਕ ਦੀ ਇੱਕ ਰੋਟੀ, ਗਰੀਬ ਮਾਪਿਆਂ ਦਾ ਇੱਕ ਪੁੱਤ, ਜਪਾਨੀ ਬੋਲੀ ਦਾ ਇੱਕ ਨਾਟਕ। ਇਸੇ ਤਰ੍ਹਾਂ ‘ਕਾਫੀ ਮੇਰੀਆਂ ਚੀਜਾਂ ਕਬੂਲੀਆਂ’ ਜਾਣ ਲੱਗ ਪਈਆਂ ਹਨ ਦੀ ਥਾਂ ‘ਮੇਰੀਆਂ ਕਾਫੀ ਚੀਜਾਂ ਕਬੂਲੀਆਂ ਜਾਣ ਲੱਗ ਪਈਆਂ ਹਨ’ ਚਾਹੀਦਾ ਹੈ ਅਤੇ ਜਾਂ ‘ਮੇਰੀਆਂ ਚੀਜਾਂ ਕਾਫੀ ਕਬੂਲੀਆਂ ਜਾਣ ਲੱਗ ਪਈਆਂ ਹਨ’।

(4) ਕਿਰਿਆ-ਵਿਸ਼ੇਸ਼ਣ ਆਮ ਤੌਰ ਤੇ ਆਪਣੇ ਆਪਣੇ ਵਿਸ਼ੇਸ਼ ਤੋਂ ਪਹਿਲਾਂ ਆਉਂਦਾ ਹੈ ਜਿਵੇਂ – ਇਹ ਘੋੜਾ ‘ਤੋਜ਼’ ਦੌੜਦਾ ਹੈ। ਔਹ ਘੋੜਾ ‘ਬਹੁਤ’ ਤੇਜ਼ ਦੌੜਦਾ ਹੈ। ਉਹ ਬੱਚੀ ‘ਬਹੁਤ’ ਸਿਆਣੀ ਹੈ।

ਨੋਟ – (ੳ) ਪਰ ਤਾਕੀਦ ਪ੍ਰਗਟ ਕਰਨ ਵਾਲੇ ਕਿਰਿਆ-ਵਿਸ਼ੇਸ਼ਣ – ਹੀ, ਵੀ, ਆਪਣੇ ਵਿਸ਼ੇਸ਼ ਤੋਂ ਮਗਰੋਂ ਆਉਂਦੇ ਹਨ। ਜਿਵੇਂ ਤੁਸੀਂ ਬੜੇ ਹੀ ਭੋਲੇ ਹੋ। ਤੁਸੀਂ ਕੁਝ ਬੋਲੋ ਵੀ ਨਾ।
(ਅ) ਕਦੇ-ਕਦੇ ਕਾਲ ਵਾਚਕ ਕਿਰਿਆ-ਵਿਸ਼ੇਸ਼ਣ ਵਾਕ ਦੇ ਸ਼ੁਰੂ ਵਿੱਚ ਵੀ ਆ ਜਾਂਦੇ ਹਨ। ਜਿਵੇਂ ਅੱਜ ਕਲ੍ਹ ਲੋਕੀਂ ਕੰਮਚੋਰ ਤੇ ਲਾਲਚੀ ਹੋ ਗਏ ਹਨ। ਹੁਣ ਪੁਰਾਣੀਆਂ ਰੀਤਾਂ ਛੱਡ ਦਿਓ। ਉਸ ਦਿਨ ਮੈਂ ਘਰ ਨਹੀਂ ਸਾਂ। ਸਾਵਣ ਦੀ ਰੁੱਤ ਕਾਲੇ-ਕਾਲੇ ਬੱਦਲ ਬੜੇ ਸੋਹਣੇ ਲਗਦੇ ਹਨ।
(ੲ) ਸਬੰਧ ਵਾਚਕ ਤੇ ਅਨੁਸਬੰਧ ਵਾਚਕ ਪੜਨਾਵਾਂ ਤੋਂ ਬਣੇ ਹੋਏ ਕਿਰਿਆ ਵਿਸ਼ੇਸ਼ਣ ਕਦੇ-ਕਦੇ ਵਾਕ ਦੇ ਸ਼ੁਰੂ ਵਿੱਚ ਆ ਜਾਂਦੇ ਹਨ। ਜਿਵੇਂ – ਜਿਵੇਂ ਕਹੋਗੇ, ਤਿਵੇਂ ਹੀ ਕਰਾਂਗੇ। ਜਿੱਥੇ ਭੇਜੋਗੇ ਉੱਥੇ ਜਾਵਾਂਗੇ।
(ਸ) ਪ੍ਰਸ਼ਨ ਵਾਚਕ ਕਿਰਿਆ ਵਿਸ਼ੇਸ਼ਣ ‘ਕੀ’ ਸਦਾ ਵਾਕ ਦੇ ਸ਼ੁਰੂ ਵਿੱਚ ਆਉਂਦਾ ਹੈ। ਜਿਵੇਂ ਕੀ ਤੁਸਾਂ ਪਾਠ ਕੀਤਾ ਹੈ?
ਵੇਖੋ ‘ਉਹ ਕੀ ਮੰਗਦਾ ਹੈ?’ ਵਿੱਚ ‘ਕੀ’ ਕਿਰਿਆ ਵਿਸ਼ੇਸ਼ਣ ਨਹੀਂ ਸਗੋਂ ਪੜਨਾਉਂ ਹੈ ਟਪਲੇ ਤੋਂ ਬਚਣਾ।
ਗ਼ਲਤ ਤਰਤੀਬ ਦੀਆਂ ਉਦਾਹਰਣਾਂ ਬਣਾਉਟੀ ਨਹੀਂ, ਪ੍ਰਸਿਧ ਲਿਖਾਰੀਆਂ ਦੀਆਂ ਲਿਖਤਾਂ ਵਿਚੋਂ ਲਈਆਂ ਗਈਆਂ ਹਨ। ਅਜੇਹੀਆਂ ਗ਼ਲਤੀਆਂ ਤੋਂ ਬਚਣਾ ਚਾਹੀਦਾ ਹੈ।

(5) ਸਬੰਧਕ ਆਪਣੇ ਆਪਣੇ ਸਬੰਧੀ ਦੇ ਮਗਰ ਆਉਂਦਾ ਹੈ। ਜਿਵੇਂ ਪੁਲਸ ‘ਨੇ’ ਚੋਰ ‘ਨੂੰ’ ਲਾਠੀ ਨਾਲ ਕੁੱਟਿਆ।
ਪਰ ਕਦੇ-ਕਦੇ ‘ਸਣੇ’, ‘ਸਮੇਤ’, ‘ਬਗੈਰ’ ਤੇ ‘ਬਿਨਾਂ’ ਆਪਣੇ ਸਬੰਧੀਆਂ ਤੋਂ ਪਹਿਲਾਂ ਵੀ ਆ ਜਾਂਦੇ ਹਨ। ਜਿਵੇਂ ਪਹਾੜੀ ਰਾਜਾ ਸਣੇ ਪਰਿਵਾਰ ਸ੍ਰੀ ਦਸਮੇਸ਼ ਜੀ ਦੀ ਸ਼ਰਨੀਂ ਪਿਆ। ਫੌਜਾਂ ਸਮੇਤ ਆਪਣੇ ਸਾਮਾਨ ਉੱਥੇ ਪੁੱਜ ਗਈਆਂ। ਅੱਜ ਕੱਲ੍ਹ ਬਗੈਰ ਵੱਢੀ ਦੇ ਕੋਈ ਕੰਮ ਨਹੀਂ ਹੁੰਦਾ। ਬਿਨਾਂ ਉੱਦਮ ਕੁਝ ਨਹੀਂ ਮਿਲਦਾ।
ਵਿਸ਼ੇਸ਼ਣ ਉਪਵਾਕ ਵਾਲੇ ਮਿਸ਼ਰਤ ਵਾਕ ਵਿੱਚ ਜਦ ਉਪਵਾਕ ਦੇ ਵਿਸ਼ੇਸ਼ ਨਾਲ ‘ਦਾ’ ਨੇ, ਨੂੰ, ਨਾਲ ਆਦਿਕ ਸਬੰਧਕ ਵਿਸ਼ੇਸ਼ ਦੇ ਮਗਰ ਨਾਲ ਲੱਗਵਾਂ ਅਤੇ ਵਿਸ਼ੇਸ਼ਣ ਉਪਵਾਕ ਤੋਂ ਪਹਿਲਾਂ ਲੱਗਣਾ ਚਾਹੀਦਾ ਹੈ। ਜਿਵੇਂ ਸਰਦਾਰ ਭਗਤ ਸਿੰਘ ਨੂੰ ਜਿਸ ਨੇ ਦੇਸ਼ ਦੀ ਖਾਤਰ ਜਾਨ ਵਾਰ ਦਿੱਤੀ, ਹਰ ਕੋਈ ਪਿਆਰ ਸਤਕਾਰ ਨਾਲ ਯਾਦ ਕਰਦਾ ਹੈ। ਅਸੀਂ ਆਪਣੇ ਉਹਨਾਂ ਪਾਠਕਾਂ ਦੇ ਜਿਨ੍ਹਾਂ ਵੱਲੋਂ ਪ੍ਰਸੰਸਾਂ ਪੱਤਰ ਆਏ ਹਨ, ਅਤੀ ਧੰਨਵਾਦੀ ਹਾਂ। ਆਪਣੀ ਸਿਆਣਪ ਨਾਲ, ਜੋ ਉਹਨੂੰ ਵਿਰਸੇ ਵਿੱਚ ਮਿਲੀ ਸੀ ਉਹ ਹਰ ਥਾਂ ਸਫਲ ਹੁੰਦਾ ਰਿਹਾ।

(6) ਵਿਸਮਕ ਤੇ ਉਹਨਾਂ ਨਾਲ ਸਬੰਧਤ ਸ਼ਬਦ ਵਾਕ ਦੇ ਸ਼ੁਰੂ ਵਿੱਚ ਆਉਂਦੇ ਹਨ। ਜਿਵੇਂ ਹੇ ਰੱਬਾ! ਸਾਡੇ ਭਾਗ ਕਦ ਜਾਗਣਗੇ? ਹਾਇ ਨੀ ਕੁੜੀਏ! ਤੈਨੂੰ ਕਦੋਂ ਸਮਝ ਆਵੇਗੀ?

(7) ਸੰਬੋਧਨ ਕਾਰਕ ਜਾਂ ਤਾਂ ਵਾਕ ਦੇ ਸ਼ੁਰੂ ਵਿੱਚ ਤੇ ਜਾਂ ਬਿਲਕੁਲ ਅੰਤ ਵਿੱਚ ਆਉਂਦਾ ਹੈ। ਜਿਵੇਂ ਵੇ ਮੁੰਡਿਆ, ਤੂੰ ਕਿਧਰ ਜਾ ਰਿਹਾ ਹੈਂ? ਅੜੀਏ, ਉਰੇ ਆ। ਉਰੇ ਆ, ਬੱਚੀਏ।

(8) ਪੰਜਾਬੀ ਦੀ ਠੁੱਕ ਮੂਜਬ ਮਿਸ਼ਰਤ ਵਾਕ ਦਾ ਕਿਰਿਆ-ਵਿਸ਼ੇਸ਼ਣ ਉਪਵਾਕ ਆਮ-ਤੌਰ ਤੇ ਪ੍ਰਧਾਨ ਉਪਵਾਕ ਤੋਂ ਪਹਿਲਾਂ ਆਉਂਦਾ ਹੈ। ਪਰ ਕਈ ਲਿਖਾਰੀ ਅੰਗ੍ਰੇਜ਼ੀ ਦੀ ਰੀਸ ਕਰ ਕੇ, ਪੰਜਾਬੀ ਵਿੱਚ ਅਜੇਹੇ ਵਾਕ ਲਿਖ ਦੇਂਦੇ ਹਨ। ‘ਅਸੀਂ ਤੁਹਾਡੇ ਹੁਕਮ ਦੀ ਪਾਲਨਾ ਕਰਾਂਗੇ ਜੇ ਉਹ ਸਾਨੂੰ ਵੇਲੇ ਸਿਰ ਮਿਲ ਗਿਆ। ਤੁਸੀਂ ਪਾਸ ਹੋ ਸਕਦੇ ਹੋ ਜੇ ਤੁਸੀਂ ਮਿਹਨਤ ਕਰੋ। ਗੱਡੀ ਤੁਰ ਪਈ ਜਦੋਂ ਮੈਂ ਸਟੇਸ਼ਨ ਤੇ ਪੁੱਜਾ। ਉਹ ਆ ਜਾਵੇਗਾ

ਜੇ ਤੁਸੀਂ ਚਾਹੁੰਦੇ ਹੋ।’

ਇਹਨਾਂ ਵਾਕਾਂ ਨੂੰ ਇਉਂ ਲਿਖਣਾ ਚਾਹੀਦਾ ਹੈ – ‘ਜੇ ਤੁਹਾਡਾ ਹੁਕਮ ਸਾਨੂੰ ਵੇਲੇ ਸਿਰ ਮਿਲ ਗਿਆ, ਤਾਂ ਅਸੀਂ ਉਸ ਦੀ ਪਾਲਨਾ ਕਰਾਂਗੇ। ਜੇ ਤੁਸੀਂ ਮਿਹਨਤ ਕਰੋ ਤਾਂ ਪਾਸ ਹੋ ਸਕਦੇ ਹੋ। ਜਦੋਂ ਮੈਂ ਸਟੇਸ਼ਨ ਪੁੱਜਾ ਗੱਡੀ ਤੁਰ ਪਈ। ਜੇ ਤੁਸੀਂ ਚਾਹੁੰਦੇ ਹੋ ਤਾਂ ਉਹ ਆ ਜਾਵੇਗਾ।’

(9) ਕਿਰਿਆ-ਵਿਸ਼ੇਸ਼ਣ ਉਪਵਾਕਾਂ ਵਾਲੇ ਮਿਸ਼ਰਤ ਵਾਕਾਂ ਵਿੱਚ ਇੱਕ ਹੋਰ ਗ਼ਲਤੀ ਹੋ ਜਾਇਆ ਕਰਦੀ ਹੈ। ਉਹ ਇਹ ਕਿ ਪ੍ਰਧਾਨ ਤੇ ਅਧੀਨ ਉਪਵਾਕਾਂ ਦੀਆਂ ਕਿਰਿਆਵਾਂ ਦੇ ਕਾਲਾਂ ਦੇ ਰੂਪ ਬੇਮੇਲਵੇਂ ਹੋ ਜਾਂਦੇ ਹਨ ਜਿਵੇਂ

ਅਸ਼ੁੱਧ – ਜੇ ਉਹ ਆਉਂਦਾ ਤਾਂ ਮੈਂ ਵੀ ਜਾਵਾਂ।
ਸ਼ੁੱਧ – ਜੇ ਉਹ ਆਉਂਦਾ ਤਾਂ ਮੈਂ ਵੀ ਜਾਂਦਾ।
ਅਸ਼ੁੱਧ – ਜੇ ਤੁਸਾਂ ਆਉਣਾ ਹੋਇਆ, ਤਾਂ ਮੈਨੂੰ ਦੱਸ ਦੇਂਦੇ।
ਸ਼ੁੱਧ – ਜੇ ਤੁਸਾਂ ਆਉਣਾ ਹੋਇਆ, ਤਾਂ ਮੈਨੂੰ ਦੱਸ ਦੇਣਾ।

ਵਿਸ਼ੇਸ਼ ਤਰਤੀਬ – ਵਾਕ ਦੇ ਜਿਸ ਹਿੱਸੇ ਨੂੰ ਵਿਸ਼ੇਸ਼ਤਾ ਦੇਣੀ ਹੋਵੇ, ਵਿਸ਼ੇਸ਼ ਤਰਤੀਬ ਵਿੱਚ ਉਹਨੂੰ ਉਹਦੀ ਅਸਲੀ ਥਾਂ ਤੋਂ ਚੁੱਕ ਕੇ ਪਹਿਲਾਂ ਲਿਆਂਦਾ ਜਾਂਦਾ ਹੈ।

(1) ਕਰਤਾ ਤੋਂ ਪਹਿਲਾਂ ਕਿਰਿਆ, ਜਿਵੇਂ – ਰੁੱਸਿਆ ਸੀ ਜੱਗਾ, ਪਰ ਮਨਾਇਆ ਗਿਆ ਬੱਗਾ। ਚੋਰੀ ਕੀਤੀ ਸੀ ਭਗਤੇ ਨੇ, ਪਰ ਫਸ ਗਿਆ ਜਗਤਾ। ਘਰੋਂ ਤਾਂ ਆਇਆ ਮੈਂ, ਤੇ ਸੁਨੇਹੇਂ ਦੇਵੇਂ ਤੂੰ।
(2) ਕਰਤਾ ਤੋਂ ਪਹਿਲਾਂ ਕਰਮ, ਜਿਵੇਂ – ਇਸ ਭੌਂਦੂ ਨੂੰ ਅਸੀਂ ਕਈ ਵੇਰ ਡਿੱਠਾ ਹੈ। ਚੋਰ ਨੂੰ ਅਸਾਂ ਫੜ ਤਾਂ ਲਿਆ, ਪਰ ਉਹ ਨੱਸ ਗਿਆ।
(3) ਕਰਮ ਤੋਂ ਪਹਿਲਾਂ ਕਿਰਿਆ, ਜਿਵੇਂ – ਅਸਾਂ ਮੰਗੀ ਸੀ ਰੋਟੀ, ਤੁਸਾਂ ਦਿੱਤੇ ਪੱਥਰ।
(4) ਕਰਤਾ ਤੋਂ ਪਹਿਲਾਂ ਸੰਪਰਦਾਨ, ਜਿਵੇਂ – ਆਪਣੇ ਭਲੇ ਲਈ ਤਾਂ ਹਰ ਕੋਈ ਉੱਦਮ ਕਰਦਾ ਹੈ, ਹੋਰਨਾਂ ਦੇ ਭਲੇ ਦੀ ਖਾਤਰ ਵਿਰਲੇ ਹੀ ਦੁੱਖ ਝੱਲਦੇ ਹਨ।

ਤਰਤੀਬ ਬਾਰੇ ਖਾਸ ਵਿਚਾਰ – (1) ਸ਼ਬਦਾਂ ਦੀ ਤਰਤੀਬ ਦੇ ਫਰਕ ਨਾਲ ਕਈ ਵੇਰ ਵਾਕ ਦੇ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ। ਜਿਵੇਂ

(ੳ) ਇਹ ਗਊ ਰਾਮ ਦੀ ਹੈ। (ਹੋਰ ਕਿਸੇ ਦੀ ਨਹੀਂ)। ਰਾਮ ਦੀ ਇਹ ਗਊ ਹੈ। (ਹੋਰ ਕੋਈ ਗਊ ਨਹੀਂ)
(ਅ) ਕੀ ਤੁਸੀਂ ਪੜ੍ਹਦੇ ਹੋ? ਤੁਸੀਂ ਕੀ ਪੜ੍ਹਦੇ ਹੋ?
(ੲ) ਕੇਵਲ ਉਹ ਅੰਗ੍ਰੇਜ਼ੀ ਬੋਲ ਸਕਦਾ ਹੈ। (ਹੋਰ ਕੋਈ ਨਹੀਂ ਬੋਲ ਸਕਦਾ) ਉਹ ਕੇਵਲ ਅੰਗ੍ਰਜ਼ੀ ਬੋਲਦਾ ਹੈ। (ਲਿਖ ਪੜ੍ਹ ਨਹੀਂ ਸਕਦਾ)
(ਸ) ਮਸਾਂ ਉਹ ਘਰ ਪੁੱਜਾ। (ਹੋਰ ਕੋਈ ਨਾ ਪੁੱਜਾ) ਉਹ ਮਸਾਂ ਘਰ ਪੁੱਜਾ। (ਹੋਰ ਅੱਗੇ ਕਿਤੇ ਨਾ ਜਾ ਸਕਿਆ) ਉਹ ਘਰ ਮਸਾਂ ਪੁੱਜਾ। (ਔਖ ਨਾਲ ਪੁੱਜਾ)

(2) ਯੋਜਕ ‘ਜਾਂ-ਜਾਂ’ ਤੇ ‘ਨਾ-ਨਾ’ ਦੀ ਵਰਤੋਂ ਵੇਲੇ ਵੀ ਵਾਕ ਵਿੱਚ ਇਹਨਾਂ ਦੀ ਜਗ੍ਹਾ ਦਾ ਖਿਆਲ ਰੱਖਣਾ ਜ਼ਰੂਰੀ ਹੈ। ਇਹ ਉਹਨਾਂ ਸ਼ਬਦਾਂ ਦੇ ਪਹਿਲਾਂ ਆਉਂਦੇ ਹਨ ਜਿਨ੍ਹਾਂ ਦਾ ਆਪੋ ਵਿੱਚ ਟਾਕਰਾ ਹੁੰਦਾ ਹੈ। ਜਿਵੇਂ – ਜਾਂ ਤੁਸੀਂ ਜਾਓ, ਜਾਂ ਤੁਹਾਡਾ ਭਰਾ। ਤੁਸੀਂ ਜਾਂ ਜਾਓ ਜਾਂ ਬਹਿ ਕੇ ਗੱਲ ਕਰੋ। ਉਹ ਜਾਂ ਖੇਤ ਵਿੱਚ ਹੋਵੇਗਾ ਜਾਂ ਖੂਹ ਤੇ। ਉਹ ਖੇਤ ਦੇ ਵਿੱਚ ਹੋਵੇਗਾ ਜਾਂ ਵੱਟ ਉੱਪਰ। ਨਾ ਅਸਾਂ ਕੁਝ ਖਾਧਾ, ਨਾ ਕੁਝ ਪੀਤਾ।
ਇਸ ਕਰਕੇ ‘ਜਾਂ ਤੁਸੀਂ ਚਲੇ ਜਾਓ ਜਾਂ ਬਹਿ ਜਾਓ। ਜਾਂ ਉਹ ਮੇਰੇ ਪੈਸੇ ਦੇਣ ਜਾਂ ਅਸ਼ਟਾਮ ਤੇ ਲਿਖ ਦੇਣ। ਨਾ ਮੈਂ ਤੁਹਾਥੋਂ ਕੁਝ ਲਵਾਂਗਾ ਨਾ ਤੁਹਾਨੂੰ ਕੁਝ ਦੇਵਾਂਗਾ’ ਵਿੱਚ ‘ਜਾਂ-ਜਾਂ’ ‘ਨਾ-ਨਾ’ ਠੀਕ ਥਾਂ ਸਿਰ ਨਹੀਂ।

Loading spinner