ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਵਾਕ-ਬੋਧ

ਕਾਂਡ – 3 ਵਾਕ ਦੀਆਂ ਕਿਸਮਾਂ

ਵਾਕ ਚਾਰ ਪਰਕਾਰ ਦੇ ਹੁੰਦੇ ਹਨ। (1) ਸਧਾਰਨ ਵਾਕ, (2) ਮਿਸ਼ਰਤ ਵਾਕ, (3) ਸੰਜੁਗਤ ਵਾਕ ਤੇ (4) ਗੁੰਝਲਦਾਰ ਵਾਕ।

(1) ਸਧਾਰਨ ਵਾਕ – ਜਿਸ ਵਾਕ ਵਿੱਚ ਕੇਵਲ ਇੱਕ ਕਿਰਿਆ ਹੋਵੇ ਉਹ ਸਧਾਰਨ ਵਾਕ ਹੁੰਦਾ ਹੈ। ਜਿਵੇਂ ਕਿਸਾਨ ਹਲ ਵਾਹੁੰਦਾ ਹੈ। ਜਵਾਨਾਂ ਨੇ ਦੇਸ ਦੀ ਰੱਖਿਆ ਕੀਤੀ। ਵੈਰੀ ਨੂੰ ਮੂੰਹ-ਤੋੜ ਜਵਾਬ ਦਿੱਤਾ ਗਿਆ।

(2) ਮਿਸ਼ਰਤ ਵਾਕ – ਅੱਗੇ ‘ਯੋਜਕ’ ਸਬੰਧੀ ਵਿਚਾਰ ਕਰਦਿਆਂ ਦੱਸਿਆ ਜਾ ਚੁੱਕਾ ਹੈ ਕਿ ਜਦ ਦੋ ਸਧਾਰਨ ਵਾਕ ਇਸ ਤਰ੍ਹਾਂ ਜੁੜਨ ਕਿ ਦੋਹਾਂ ਵਿਚੋਂ ਇੱਕ ਵਾਕ ਦੂਜੇ ਦਾ ਹਿੱਸਾ ਬਣ ਜਾਵੇ, ਤਾਂ ਅਜੇਹੇ ਜੋੜ ਤੋਂ ਬਣੇ ਵਾਕ ਨੂੰ ਮਿਸ਼ਰਤ ਵਾਕ ਆਖਦੇ ਹਨ। ਜਿਵੇਂ – ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡਾ ਮਿੱਤਰ ਹਾਂ। ਜਦ ਉਹ ਆਇਆ, ਉਹਦਾ ਭਰਾ ਚਲਾ ਗਿਆ। ਉਹ ਘੋੜਾ, ਜੋ ਨੱਸ ਰਿਹਾ ਹੈ, ਮੇਰੇ ਮਾਮੇ ਦਾ ਹੈ।

ਉਪਵਾਕ – ਜਿਵੇਂ ਕਿ ਅੱਗੇ ਦੱਸਿਆ ਗਿਆ ਹੈ, ਮਿਸ਼ਰਤ ਵਾਕ ਵਿੱਚ ਇੱਕ ਪ੍ਰਧਾਨ ਉਪਵਾਕ ਹੁੰਦਾ ਹੈ ਅਤੇ ਇੱਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਹਨ। ਜਿਵੇਂ – ਮੈਂ ਸੁਣਿਆ ਹੈ ਕਿ ਮੇਰਾ ਭਰਾ ਆਵੇਗਾ ਤੇ ਮੇਰੇ ਲਈ ਤੋਹਫੇ ਲਿਆਵੇਗਾ। ਇਸ ਵਾਕ ਵਿੱਚ ‘ਮੈਂ ਸੁਣਿਆ ਹੈ’ ਪ੍ਰਧਾਨ ਉਪਵਾਕ ਹੈ ਅਤੇ ‘ਮੇਰਾ ਭਰਾ ਆਵੇਗਾ’ ਅਤੇ ‘ਮੇਰੇ ਲਈ ਤੋਹਫੇ ਲਿਆਵੇਗਾ’ ਦੋਵੇਂ ਅਧੀਨ ਉਪਵਾਕ ਹਨ। ਯੋਜਕ ‘ਕਿ’ ਪ੍ਰਧਾਨ ਉਪਵਾਕ ਨੂੰ ਅਧੀਨ

ਉਪਵਾਕ ਨਾਲ ਜੋੜਦਾ ਹੈ ਅਤੇ ਯੋਜਕ ‘ਤੇ’ ਇੱਕ ਅਧੀਨ ਉਪਵਾਕ ਨੂੰ ਦੂਜੇ ਅਧੀਨ ਉਪਵਾਕ ਨਾਲ ਜੋੜਦਾ ਹੈ। ਅਜੇਹੇ ਜੋੜਨ ਵਾਲੇ ਸ਼ਬਦ ਨੂੰ ਯੋਜਕ ਆਖਦੇ ਹਨ। ਸੋ ਏਥੇ ‘ਕਿ’ ਅਤੇ ‘ਤੇ’ ਯੋਜਕ ਹਨ। ਅਧੀਨ ਉਪਵਾਕ ਤਿੰਨ ਪ੍ਰਕਾਰ ਦੇ ਹੁੰਦੇ ਹਨ – (ੳ) ਨਾਉਂ-ਉਪਵਾਕ, (ਅ) ਵਿਸ਼ੇਸ਼ਣ ਉਪਵਾਕ, (ੲ) ਕਿਰਿਆ-ਵਿਸ਼ੇਸ਼ਣ ਉਪਵਾਕ।

(ੳ) ਨਾਉਂ-ਉਪਵਾਕ – ਜਿਵੇਂ ਕਿ ਇਸ ਦਾ ਨਾਂ ਹੀ ਦਸਦਾ ਹੈ, ਇਹ ਅਧੀਨ ਉਪਵਾਕ ਨਾਉਂ ਦਾ ਕੰਮ ਕਰਦਾ ਹੈ। ਇਸ ਕਰਕੇ ਇਹ ਜਾਂ ਤਾਂ ਆਪਣੇ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਕਰਤਾ, ਕਰਮ, ਜਾਂ ਪੂਰਕ ਹੁੰਦਾ ਹੈ ਅਤੇ ਜਾਂ ਪ੍ਰਧਾਨ ਉਪਵਾਕ ਵਿਚਲੇ ਕਿਸੇ ਸਬੰਧਕ ਦਾ ਸਬੰਧੀ ਤੇ ਉਸ ਵਿਚਲੇ ਕਿਸੇ ਨਾਉਂ ਦਾ ਸਮਾਨ ਅਧਿਕਰਨ।

ਨਾਉਂ ਉਪਵਾਕ ਦੇ ਸ਼ੁਰੂ ਵਿੱਚ ‘ਕਿ’, ‘ਜੋ’ ਆਦਿਕ ਕੋਈ ਸਮਾਨ ਅਧਿਕਰਨ ਅਧੀਨ ਯੋਜਕ ਹੁੰਦਾ ਹੈ। ਕਈ ਵੇਰ ਇਹ ਯੋਜਕ ਪ੍ਰਗਟ ਕਰਨ ਤੇ ਕਈ ਵੇਰ ਲੁਪਤ ਹੁੰਦੇ ਹਨ। ‘ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਏਥੇ ਕਿਸੇ ਦਾ ਲਿਹਾਜ ਨਹੀਂ ਕੀਤਾ ਜਾਂਦਾ। ਇਹ ਖਬਰ ਕਿ ਪ੍ਰਧਾਨ ਜੀ ਆ ਰਹੇ ਹਨ ਝੱਟ ਸਾਰੇ ਸ਼ਹਿਰ ਵਿੱਚ ਫੈਲ ਗਈ।’ ਪਹਿਲੇ ਵਾਕ ਵਿੱਚ ‘ਮੈਂ ਤੁਹਾਨੂੰ ਦੱਸ ਦਿੱਤਾ ਹੈ’ ਪ੍ਰਧਾਨ ਉਪਵਾਕ ਹੈ ਤੇ ‘ਏਥੇ ਕਿਸੇ ਦਾ ਲਿਹਾਜ ਨਹੀਂ ਕੀਤਾ ਜਾਂਦਾ’ ਨਾਉਂ ਉਪਵਾਕ ਹੈ, ਜੋ ‘ਦੱਸ ਦਿੱਤਾ ਹੈ’ ਦਾ ਕਰਮ ਹੈ। ਦੂਜੇ ਵਾਕ ਵਿੱਚ ‘ਇਹ ਖਬਰ ਝੱਟ ਸਾਰੇ ਸ਼ਹਿਰ ਵਿੱਚ ਫੈਲ ਗਈ’ ਪ੍ਰਧਾਨ ਉਪਵਾਕ ਹੈ, ਅਤੇ ‘ਪ੍ਰਧਾਨ ਜੀ ਆ ਰਹੇ ਹਨ’ ਨਾਉਂ ਉਪਵਾਕ ਹੈ ਤੇ ਨਾਉਂ ਖਬਰ ਦਾ ਸਮਾਨ ਅਧਿਕਰਨ ਹੈ।

(ਅ) ਵਿਸ਼ੇਸ਼ਣ ਉਪਵਾਕ – ਜਿਹੜਾ ਅਧੀਨ-ਉਪਵਾਕ ਵਿਸ਼ੇਸ਼ਣ ਦਾ ਕੰਮ ਕਰੇ ਉਹਨੂੰ ਵਿਸ਼ੇਸ਼ਣ ਉਪਵਾਕ ਆਖਦੇ ਹਨ। ਇਹ ਆਪਣੇ ਪ੍ਰਧਾਨ ਉਪਵਾਕ ਦੇ ਕਰਤਾ, ਕਰਮ ਜਾਂ ਪੂਰਕ ਦਾ ਵਿਸਥਾਰ ਹੁੰਦਾ ਹੈ। ਜਿਵੇਂ – ‘ਸਾਡੀ ਕੌਮ, ਜੋ ਆਪ ਵਿੱਚ ਪਾਟੀ ਹੋਈ ਸੀ, ਪਰਦੇਸੀ ਹਾਕਮਾਂ ਦੀ ਗ਼ੁਲਾਮ ਬਣ ਗਈ’ (ਕਰਤਾ ਵਿਸਥਾਰ)। ‘ਆਜ਼ਾਦ ਕੌਮਾਂ ਉਸ ਕੌਮ ਨੂੰ ਜਿਹੜੀ ਕਿਸੇ ਦੀ ਗ਼ੁਲਾਮ ਹੋਵੇ, ਨਫਰਤ ਨਾਲ ਵੇਖਦੀਆਂ ਹਨ’ (ਕਰਮ ਵਿਸਥਾਰ)। ‘ਦੇਸ-ਪਿਆਰ ਇੱਕ ਅਜੇਹਾ ਗੁਣ ਹੈ ਜਿਸ ਦੀ ਸਾਰੇ ਜੱਗ ਵਿੱਚ ਕਦਰ ਹੁੰਦੀ ਹੈ’ (ਪੂਰਕ ਵਿਸਥਾਰ)।

ਵਿਸ਼ੇਸ਼ਣ-ਉਪਵਾਕ ਦੇ ਸ਼ੁਰੂ ਵਿੱਚ ‘ਜੋ’, ‘ਜਿਹੜਾ’ ਆਦਿਕ ਸਬੰਧ-ਵਾਚਕ ਪੜਨਾਉਂ ਹੁੰਦੇ ਹਨ। ਕਈ ਵੇਰ ਇਹਨਾਂ ਦੇ ਸ਼ੁਰੂ ਵਿੱਚ ‘ਜਿੱਥੇ’, ‘ਜਦੋਂ’ ਆਦਿਕ ਕਿਰਿਆ-ਵਿਸ਼ੇਸ਼ਣ ਵੀ ਆ ਜਾਂਦੇ ਹਨ। ਇਹ ਵੀ ਯੋਜਕ ਹੁੰਦੇ ਹਨ।

(ੲ) ਕਿਰਿਆ-ਵਿਸ਼ੇਸ਼ਣ ਉਪਵਾਕ – ਜਿਹੜਾ ਅਧੀਨ ਉਪਵਾਕ ਕਿਰਿਆ-ਵਿਸ਼ੇਸ਼ਣ ਦਾ ਕੰਮ ਕਰੇ, ਅਰਥਾਤ ਆਪਣੇ ਪ੍ਰਧਾਨ-ਉਪਵਾਕ ਦੀ ਕਿਰਿਆ, ਕਿਰਿਆ-ਵਿਸ਼ੇਸ਼ਣ ਜਾਂ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਪ੍ਰਗਟ ਕਰੇ, ਉਹਨੂੰ ਕਿਰਿਆ-ਵਿਸ਼ੇਸ਼ਣ ਉਪਵਾਕ ਆਖਦੇ ਹਨ। ਜਿਵੇਂ ‘ਜੇ ਆਗਿਆ ਦਿਓ ਤਾਂ ਅਸੀਂ ਪਿੰਡ ਹੋ ਕੇ ਆਈਏ। ਤੰਦੂਰ ਇੰਨਾ ਤਪ ਗਿਆ ਹੈ ਕਿ ਇਸ ਨੂੰ ਹੱਥ ਨਹੀਂ ਲਾਇਆ ਜਾਂਦਾ। ਉਹ ਇਸ ਤਰ੍ਹਾਂ ਫਿੱਟ ਗਿਆ ਹੈ ਕਿ ਕਿਸੇ ਦੀ ਸੁਣਦਾ ਹੀ ਨਹੀਂ।’

ਕਿਰਿਆ-ਵਿਸ਼ੇਸ਼ਣ ਉਪਵਾਕ ਕਾਰਨ, ਥਾਂ, ਸ਼ਰਤ, ਮੰਤਵ, ਸਿੱਟਾ, ਢੰਗ, ਸਮਾਂ, ਮਿਣਤੀ ਆਦਿਕ ਪ੍ਰਗਟ ਕਰਦੇ ਹਨ।

(3) ਸੰਜੁਗਤ ਵਾਕ – ਜਿਵੇਂ ਕਿ ਅੱਗੇ ਦੱਸਿਆ ਗਿਆ ਹੈ, ਸਮਾਨ ਯੋਜਕਾਂ ਨਾਲ ਜੁੜੇ ਹੋਏ ਦੋ ਜਾਂ ਵਧੇਰੇ ਉਪਵਾਕਾਂ ਦੇ ਜੋੜ ਤੋਂ ਸੰਜੁਗਤ ਵਾਕ ਬਣਦਾ ਹੈ। ਇਹ ਉਪਵਾਕ ਆਪਣੇ ਆਪ ਵਿੱਚ ਸੰਪੂਰਨ ਹੁੰਦੇ ਹਨ ਅਤੇ ਪੂਰੇ ਅਰਥ ਪ੍ਰਗਟ ਕਰਦੇ ਹਨ। ਇਹਨਾਂ ਉਪਵਾਕਾਂ ਨੂੰ ਸਮਾਨ ਉਪਵਾਕ ਕਹਿੰਦੇ ਹਨ। ਸਮਾਨ ਯੋਜਕਾਂ ਨਾਲ ਜੁੜੇ ਹੋਏ ਜਿਨ੍ਹਾਂ ਉਪਵਾਕਾਂ ਦੇ ਜੋੜ ਤੋਂ ਸੰਜੁਗਤ ਵਾਕ ਬਣਦਾ ਹੈ, ਉਹਨਾਂ ਨੂੰ ਸਮਾਨ ਉਪਵਾਕ ਕਹਿੰਦੇ ਹਨ। ‘ਕੀਰਤ ਸਿੰਘ ਘਰ ਜਾ ਪੁੱਜਾ ਤੇ ਉਹਦਾ ਭਰਾ ਸ਼ਹਿਰ ਨੂੰ ਤੁਰ ਗਿਆ। ਮਾਤਾ ਜੀ ਨੇ ਭਾਜੀ ਰਿੱਧੀ ਤੇ ਰੋਟੀ ਪਕਾਈ।’

ਸਮਾਨ ਉਪਵਾਕਾਂ ਨੂੰ ਜੋੜਨ ਵਾਲੇ ਸ਼ਬਦ ਸਮਾਨ ਯੋਜਕ ਹੁੰਦੇ ਹਨ। ਉਹਨਾਂ ਦਾ ਹਾਲ ਫੇਰ ਪਡ਼੍ਹੋ ਤੇ ਵੇਖੋ ਕਿ ਉਹ ਕੀ ਕੀ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ।

ਕਈ ਵੇਰ ਕਿਸੇ ਸ਼ਬਦ ਦੀ ਥਾਂ ਕੁਝ ਸ਼ਬਦਾਂ ਦੀ ਦੂਹਰੀ ਵੇਰ ਵਰਤੋਂ ਕਰਨ ਤੋਂ ਬਚਨ ਲਈ ਸੰਜੁਗਤ ਵਾਕ ਨੂੰ ਸੰਕੋਚ ਕੇ (ਛੋਟਾ ਕਰ ਕੇ) ਬੋਲਿਆ, ਲਿਖਿਆ ਜਾਂਦਾ ਹੈ। ਅਜਿਹੇ ਵਾਕਾਂ ਨੂੰ ਸੰਕੁਚਿਤ ਸੰਜੁਗਤ ਵਾਕ ਆਖਦੇ ਹਨ। ਇਹ ਸੰਕੇਚ ਇਓਂ ਕੀਤਾ ਜਾਂਦਾ ਹੈ।

(ੳ) ਅੰਤਮ ਲੁਪਤ ਹੁੰਦਾ ਹੈ ਜਿਵੇਂ – ‘ਉਹ ਤੇ ਨਾਲ ਉਹਦੇ ਭਰਾ ਵੀ ਆਏ। ਉਹ ਆਇਆ ਤੇ ਨਾਲ ਉਸ ਦੇ ਭਰਾ ਵੀ ਆਏ’। ‘ਰਾਮੂ ਨੇ ਦੁੱਧ ਪੀਤਾ ਤੇ ਸ਼ਾਮੂ ਨੇ ਵੀ’। ‘ਰਾਮੂ ਨੇ ਦੁੱਧ ਪੀਤਾ ਤੇ ਸ਼ਾਮੂ ਨੇ ਵੀ ਦੁੱਧ ਪੀਤਾ’।

(ਅ) ਕਰਤਾ ਲੁਪਤ ਹੁੰਦਾ ਹੈ ਜਿਵੇਂ – ‘ਉਹ ਕਿਤਾਬਾਂ ਖਰੀਦਦਾ ਹੈ ਪਰ ਉਹਨਾਂ ਨੂੰ ਪੜ੍ਹਦਾ ਨਹੀਂ’। ‘ਉਹ ਕਿਤਾਬਾਂ ਖਰੀਦਦਾ ਹੈ ਪਰ ਉਹ ਉਹਨਾਂ ਨੂੰ ਪੜ੍ਹਦਾ ਨਹੀਂ’।

(ੲ) ਕਰਮ ਲੁਪਤ ਹੁੰਦਾ ਹੈ ਜਿਵੇਂ – ‘ਉਹ ਕਿਤਾਬਾਂ ਖਰੀਦਦਾ ਹੈ ਪਰ ਉਹ ਪੜ੍ਹਦਾ ਨਹੀਂ’। ‘ਉਹ ਕਿਤਾਬਾਂ ਖਰੀਦਦਾ ਹੈ ਪਰ ਉਹ ਕਿਤਾਬਾਂ ਪੜ੍ਹਦਾ ਨਹੀਂ’।

(ਸ) ਕਰਤਾ ਤੇ ਕਰਮ ਦੋਵੇਂ ਲੁਪਤ ਹੁੰਦੇ ਹਨ ਜਿਵੇਂ – ‘ਉਹ ਇਕਰਾਰ ਕਰਦਾ ਹੈ ਪਰ ਕਦੇ ਪੂਰਾ ਨਹੀਂ ਕਰਦਾ’। ‘ਉਹ ਇਕਰਾਰ ਕਰਦਾ ਹੈ, ਪਰ ਉਹ ਕਦੇ ਇਕਰਾਰ ਪੂਰਾ ਨਹੀਂ ਕਰਦਾ’।
ਪਰ ਚੇਤੇ ਰਹੇ ਕਿ ਜੇ ਕਿਸੇ ਵਾਕ ਵਿੱਚ ਦੋ ਜਾਂ ਵਧੀਕ ਕਰਤਾ, ਕਰਮ ਜਾਂ ਪੂਰਕ ਯੋਜਕ ‘ਤੇ’ ਨਾਲ ਜੁੜੇ ਹੋਏ ਹੋਣ ਤਾਂ ਉਹ ਸੰਕੁਚਿਤ ਵਾਕ ਨਹੀਂ ਸਗੋਂ ਸਧਾਰਨ ਵਾਕ ਹੁੰਦਾ ਹੈ ਜਿਵੇਂ – ‘ਦਿਲਜੀਤ ਤੇ ਕਿਰਪਾਲ ਪੜ੍ਹਦੇ ਹਨ, ਉਹਨਾਂ ਨੇ ਦੋ ਕਿਤਾਬਾਂ ਤੇ ਦੋ ਰਸਾਲੇ ਪੜ੍ਹ ਲਏ ਹਨ’। ‘ਪੁਸ਼ਪਾ ਬੜੀ ਬੀਬੀ ਤੇ ਸਿਆਣੀ ਹੈ।’

(4) ਗੁੰਝਲਦਾਰ ਵਾਕ – ਜਿਸ ਵਾਕ ਵਿੱਚ ਸਮਾਨ ਯੋਜਕਾਂ ਨਾਲ ਜੁੜੇ ਹੋਏ ਵਾਕਾਂ ਵਿੱਚੋਂ ਇੱਕ ਜਾਂ ਵਧੇਰੇ ਮਿਸ਼ਰਤ ਵਾਕ ਹੋਣ, ਉਹਨੂੰ ਗੁੰਝਲਦਾਰ ਵਾਕ ਕਹਿੰਦੇ ਹਨ। ਜਿਵੇਂ – ‘ਜਦ ਉਹਨੇ ਮੈਨੂੰ ਵੇਖਿਆ, ਉਹਨੇ ਕਿਤਾਬਾਂ ਚੁੱਕੀਆਂ ਤੇ ਉਹ ਘਰ ਵੱਲ ਨੱਸ ਗਿਆ। ਮੈਂ ਸੁਣਿਆ ਹੈ ਕਿ ਗੋਪਾਲ ਏਥੇ ਆਵੇਗਾ ਤੇ ਮੇਰੇ ਲਈ ਵਧੀਆ ਤੁਹਫੇ ਲਿਆਵੇਗਾ, ਪਰ ਮੈਨੂੰ ਇਸ ਗੱਲ ਦਾ ਯਕੀਨ ਨਹੀਂ ਆਇਆ। ਜੇ ਤੁਸਾਂ ਜਾਣਾ ਹੀ ਹੈ ਤਾਂ ਜਾਉ, ਪਰ ਮੁੜ ਕੇ ਆਇਓ ਨਾ।’

 

Loading spinner