ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਸ਼ਬਦ-ਬੋਧ

ਕਾਂਡ -10 ਯੋਜਕ

ਯੋਜਕ – ਜਿਹੜਾ ਸ਼ਬਦ ਦੋ ਸ਼ਬਦਾਂ, ਵਾਕੰਸ਼ਾਂ, ਜਾਂ ਵਾਕਾਂ ਨੂੰ ਜੋੜੇ ਉਹਨੂੰ ਯੋਜਕ ਆਖਦੇ ਹਨ। ਜਿਵੇਂ – ਤੇ, ਅਤੇ, ਜਾਂ, ਪਰ, ਸਗੋਂ, ਨਾਲੇ। ਸ਼ਬਦ ਯੋਜਕ ਦਾ ਭਾਵ ਹੈ ‘ਜੋੜਨ ਵਾਲਾ’। ਜਿਹੜਾ ਸ਼ਬਦ ਦੋਂਹ ਸ਼ਬਦਾਂ, ਵਾਕੰਸ਼ਾਂ, ਜਾਂ ਵਾਕਾਂ ਨੂੰ ਜੋੜੇ, ਉਹਨੂੰ ਯੋਜਕ ਕਹਿੰਦੇ ਹਨ। ਜਿਵੇਂ – ‘ਪੁੱਤ ਤੇ ਧੀ’ ਵਿੱਚ ‘ਤੇ’ ਦੋਂਹ ਸ਼ਬਦਾਂ ਨੂੰ ਜੋੜਦਾ ਹੈ। ‘ਕੋਠੇ ਦੇ ਉੱਪਰ ਨਾਲੇ ਵਿਹੜੇ ਦੇ ਅੰਦਰ’ ਵਿੱਚ ‘ਨਾਲੇ’ ਦੋਂਹ ਵਾਕਾਂ ਨੂੰ ਜੋੜਦਾ ਹੈ। ‘ਮੁੰਡਾ ਘਰ ਤਾਂ ਆਇਆ ਪਰ ਛੇਤੀ ਮੁੜ ਗਿਆ’ ਵਿੱਚ ‘ਪਰ’ ਦੋਂਹ ਵਾਕਾਂ ਨੂੰ ਜੋੜਦਾ ਹੈ। ਇਸ ਕਰਕੇ ‘ਤੇ’, ‘ਨਾਲੇ’ ਤੇ ‘ਪਰ’ ਯੋਜਕ ਹਨ। ਯੋਜਕਾਂ ਦੀ ਵੰਡ ਤੇ ਲੱਛਣ ਸਮਝਣ ਲਈ ਹੇਠ ਲਿਖੀ ਜਾਣਕਾਰੀ ਦੀ ਲੋੜ ਹੈ।

(1) ਸੰਜੁਗਤ ਵਾਕ – ਦੋ ਸੁਤੰਤਰ ਵਾਕਾਂ ਦੇ ਜੁੜਨ ਤੋਂ ਜਿਹੜਾ ਵਾਕ ਬਣੇ ਉਹਨੂੰ ਸੰਜੁਗਤ ਵਾਕ ਕਹਿੰਦੇ ਹਨ। ਜਿਵੇਂ – ‘ਸਰਦਾਰ ਭਗਤ ਸਿੰਘ ਨੇ ਜੈ ਹਿੰਦ ਦਾ ਨਾਅਰਾ ਲਾਇਆ ਤੇ ਉਹ ਫਾਂਸੀ ਦੇ ਫੱਟੇ ਉੱਤੇ ਚੜ੍ਹ ਗਿਆ। ਉਹ ਮੌਤ ਤੋਂ ਮੂਲੋਂ ਨਾ ਡਰਿਆ, ਸਗੋਂ ਉਹਨੇ ਫਾਂਸੀ ਦੇ ਰੱਸੇ ਨੂੰ ਰੀਝ ਨਾਲ ਚੁੰਮਿਆ। ਜਗਜੀਤ ਆ ਗਿਆ ਪਰ ਗੁਰਦੀਪ ਅਜੇ ਨਹੀਂ ਪੁੱਜਾ।’ ਇਹ ਵਾਕ ਦੋਂਹ-ਦੋਂਹ ਪੂਰਨ ਤੇ ਸੁਤੰਤਰ ਵਾਕਾਂ ਦੇ ਜੁੜਨ ਤੋਂ ਬਣੇ ਹਨ। ਇਹ ਸੰਜੁਗਤ ਵਾਕ ਹਨ। ਜੇ ਹਰੇਕ ਯੋਜਕ (ਤੇ, ਸਗੋਂ, ਪਰ) ਕੱਢ ਕੇ ਜੁੜੇ ਵਾਕਾਂ ਨੂੰ ਵੱਖ-ਵੱਖ ਕਰ ਦੇਈਏ ਤਾਂ ਵੀ ਇਹ ਪੂਰਨ ਵਾਕ ਰਹਿ ਜਾਂਦੇ ਹਨ। ‘ਸਰਦਾਰ ਭਗਤ ਸਿੰਘ ਨੇ ਜੈ ਹਿੰਦ ਦਾ ਨਾਅਰਾ ਲਾਇਆ। ਉਹ ਫਾਂਸੀ ਦੇ ਫੱਟੇ ਉੱਤੇ ਚੜ੍ਹ ਗਿਆ। ਉਹ ਮੌਤ ਤੋਂ ਮੂਲੋਂ ਨਾ ਡਰਿਆ।  ਉਹਨੇ ਫਾਂਸੀ ਦੇ ਰੱਸੇ ਨੂੰ ਰੀਝ ਨਾਲ ਚੁੰਮਿਆ। ਜਗਜੀਤ ਆ ਗਿਆ। ਗੁਰਦੀਪ ਅਜੇ ਨਹੀਂ ਪੁੱਜਾ।’

(2) ਮਿਸ਼ਰਤ ਵਾਕ – ਜਦੋਂ ਦੋ ਵਾਕ ਆਪਸ ਆਪਸ ਵਿੱਚ ਇਓਂ ਜੁੜਨ ਕਿ ਉਹਨਾਂ ਵਿਚੋਂ ਇਕ ਵਾਕ ਦੂਜੇ ਦਾ ਹਿੱਸਾ ਬਣ ਜਾਵੇ, ਤਾਂ ਅਜੇਹੇ ਜੋੜ ਤੋਂ ਬਣੇ ਵਾਕ ਨੂੰ ਮਿਸ਼ਰਤ ਵਾਕ ਆਖਦੇ ਹਨ। ਜਿਵੇਂ – ‘ਮੈਂ ਜਾਣਦਾ ਹਾਂ ਕਿ ਤੁਸੀਂ ਬੜੇ ਇਮਾਨਦਾਰ ਹੋ।’ ਜੇ ਇਸ ਵਾਕ ਵਿਚੋਂ ਯੋਜਕ ‘ਕਿ’ ਕੱਢ ਕੇ ਵਾਕ ਦੇ ਦੋਂਹ ਹਿੱਸਿਆਂ ਨੂੰ ਵੱਖ-ਵੱਖ ਲਿਖੀਏ – ‘ਮੈਂ ਜਾਣਦਾ ਹਾਂ। ਤੁਸੀਂ ਬੜੇ ਇਮਾਨਦਾਰ ਹੋ।’ ਤਾਂ ਦੋ ਪੂਰਨ ਵਾਕ ਨਹੀਂ ਬਣਦੇ। ਮੈਂ ਜਾਣਦਾ ਹਾਂ, ਪੂਰਨ ਵਾਕ ਨਹੀਂ। ਪੂਰਨ ਵਾਕ ਬਣਨ ਲਈ ਇਹ ਕੁਝ ਹੋਰ ਮੰਗਦਾ ਹੈ, ਭਈ ਮੈਂ ਕੀ ਜਾਣਦਾ ਹਾਂ। ਜੇ ਉਹ ਕੁਝ ਇਸ ਦੇ ਨਾਲ ਆ ਮਿਲੇ, ਤਾਂ ਇਹ ਪੂਰਨ ਵਾਕ ਬਣ ਜਾਵੇਗਾ- ‘ਮੈਂ ਜਾਣਦਾ ਹਾਂ ਕਿ ਤੁਸੀਂ ਬੜੇ ਇਮਾਨਦਾਰ ਹੋ।’ ਦੋਂਹ ਹਿੱਸਿਆਂ ਦੇ ਮੇਲ ਤੋਂ ਪੂਰਨ ਵਾਕ ਬਣ ਗਿਆ ਹੈ, ਇੱਕ ਵਾਕ ਦੂਜੇ ਵਾਕ ਦੀ ਹਿੱਸਾ ਬਣ ਗਿਆ ਹੈ। ਇਹ ਮਿਸ਼ਰਤ ਵਾਕ ਹੈ।

(3) ਉਪਵਾਕ – ‘ਉਪਵਾਕ’ ਦਾ ਭਾਵ ਹੈ ‘ਛੁਟੇਰਾ ਵਾਕ, ਛੁਟੇਰੇ ਦਰਜੇ ਦਾ ਵਾਕ’। ਜਿਨ੍ਹਾਂ ਵਾਕਾਂ ਦੇ ਜੋੜ ਤੋਂ ਸੰਜੁਗਤ ਜਾਂ ਮਿਸ਼ਰਤ ਵਾਕ ਬਣਦਾ ਹੈ, ਉਹਨਾਂ ਨੂੰ ਉਪਵਾਕ ਕਹਿੰਦੇ ਹਨ। ਉਪਵਾਕ ਤਿੰਨ ਤਰ੍ਹਾਂ ਦੇ ਹੁੰਦੇ ਹਨ।

(ੳ) ਸਮਾਨ ਉਪਵਾਕ
(ਅ) ਪ੍ਰਧਾਨ ਉਪਵਾਕ
(ੲ) ਅਧੀਨ ਉਪਵਾਕ

(ੳ) ਸਮਾਨ ਉਪਵਾਕ – ਜਿਨ੍ਹਾਂ ਉਪਵਾਕਾਂ ਦੇ ਜੋੜ ਤੋਂ ਸੰਜੁਗਤ ਵਾਕ ਬਣਦਾ ਹੈ, ਉਹਨਾਂ ਨੂੰ  ਸਮਾਨ (ਬਰਾਬਰ ਦੇ) ਉਪਵਾਕ ਕਹਿੰਦੇ ਹਨ। ਇਹਨਾਂ ਉਪਵਾਕਾਂ ਦਾ ਦਰਜਾ ਇੱਕ-ਸਮਾਨ ਹੁੰਦਾ ਹੈ। ਜੇ ਸਮਾਨ ਉਪਵਾਕ ਅੱਡ-ਅੱਡ ਕਰ ਕੇ ਲਿਖੇ ਜਾਣ, ਤਾਂ ਉਹ ਪੂਰਨ ਵਾਕ ਬਣਾ ਸਕਦੇ ਹਨ। ਦੋਵੇਂ ਉਪਵਾਕ ਬਰਾਬਰ ਦੇ ਹਨ। ‘ਹਰਜੀਤ ਨੇ ਕਿਤਾਬ ਪੜ੍ਹੀ ਤੇ ਮਨਜੀਤ ਨੇ ਲੇਖ ਲਿਖਿਆ’ ਵਿੱਚ ‘ਹਰਜੀਤ ਨੇ ਕਿਤਾਬ ਪੜ੍ਹੀ’ ਇੱਕ ਸਮਾਨ ਉਪਵਾਕ ਹੈ ਤੇ ‘ਮਨਜੀਤ ਨੇ ਲੇਖ ਲਿਖਿਆ’ ਦੂਜਾ ਸਮਾਨ ਉਪਵਾਕ ਹੈ। ਦੋਂਹ ਸਮਾਨ ਉਪਵਾਕਾਂ ਦੇ ਮੇਲ ਤੋਂ ਸੰਜੁਗਤ ਵਾਕ ਬਣਿਆ ਹੈ।

(ਅ) ਅਧੀਨ ਉਪਵਾਕ – ਮਿਸ਼ਰਤ ਵਾਕ ਵਿੱਚ ਜਿਹੜਾ ਉਪਵਾਕ ਦੂਜੇ ਉਪਵਾਕ ਨਾਲ ਮਿਲ ਕੇ ਉਸ ਦਾ ਹਿੱਸਾ ਬਣਿਆ ਹੋਵੇ, ਉਹਨੂੰ ਅਧੀਨ ਉਪਵਾਕ ਆਖਦੇ ਹਨ। ਜਿਵੇਂ – ‘ਮੈਂ ਸੋਚਿਆ ਕਿ ਉਹ ਜ਼ਰੂਰ ਆਵੇਗਾ’ ਵਿੱਚ ‘ਉਹ ਜ਼ਰੂਰ ਆਵੇਗਾ’ ‘ਮੈਂ ਸੋਚਿਆ’ ਨਾਲ ਮਿਲ ਕੇ  ਉਹਦਾ ਅੰਗ ਬਣ ਗਿਆ ਹੈ। ਵਾਕ ਤੋਂ ਪ੍ਰਗਟ ਹੋਣ ਵਾਲਾ ਮੁੱਖ ਕੰਮ ਕਿਰਿਆ ‘ਸੋਚਿਆ’ ਤੋਂ ਪ੍ਰਗਟ ਹੁੰਦਾ ਹੈ। ‘ਉਹ ਜ਼ਰੂਰ ਆਵੇਗਾ’ ਦੱਸਦਾ ਹੈ ਕਿ ਕੀ ਸੋਚਿਆ ਸ ਤੇ ਇਸ ਦਾ ਦਰਜਾ ‘ਮੈਂ ਸੋਚਿਆ’ ਨਾਲੋਂ ਨੀਵਾਂ ਹੈ, ਇਹ ਉਹਦਾ ਅਧੀਨ ਅੰਗ ਬਣ ਕੇ ਵਾਕ ਪੂਰਾ ਕਰਦਾ ਹੈ। ਇਸ ਲਈ ਇਹ ਅਧੀਨ ਉਪਵਾਕ ਹੈ।

(ੲ) ਅਧੀਨ ਉਪਵਾਕ – ਮਿਸ਼ਰਤ ਵਾਕ ਵਿੱਚ ਜਿਸ ਉਪਵਾਕ ਦਾ ਹਿੱਸਾ ਅਧੀਨ ਉਪਵਾਕ ਹੁੰਦੇ ਹੈ। ਉਹਨੂੰ ਪ੍ਰਧਾਨ ਉਪਵਾਕ ਕਹਿੰਦੇ ਹਨ। ਜਿਵੇਂ – ‘ਤੁਹਾਨੂੰ ਪਤਾ ਹੈ ਕਿ ਮੈਂ ਬਿਮਾਰ ਸਾਂ’ ਏਥੇ ਵਾਕ ਦਾ ਵੱਡਾ ਕੰਮ ‘ਤੁਹਾਨੂੰ ਪਤਾ ਹੈ’ ਤੋਂ ਪ੍ਰਗਟ ਹੁੰਦਾ ਹੈ। ‘ਮੈਂ ਬਿਮਾਰ ਸਾਂ’ ਇਸ ਨਾਲ ਮਿਲ ਕੇ ਇਸ ਦਾ ਅਧੀਨ ਅੰਗ ਬਣ ਕੇ ਵਾਕ ਪੂਰਾ ਕਰਦਾ ਹੈ। ਇਸ ਲਈ ‘ਤੁਹਾਨੂੰ ਪਤਾ ਹੈ’ ਪ੍ਰਧਾਨ ਉਪਵਾਕ ਹੈ ਅਤੇ ‘ਮੈਂ ਬਿਮਾਰ ਸਾਂ’ ਇਹਦਾ ਅਧੀਨ ਉਪਵਾਕ ਹੈ।

(4) ਸਮਾਨ ਅਧਿਕਰਨ – ਸਮਾਨ ਅਧਿਕਰਨ ਦਾ ਅਰਥ ਹੈ ‘ਬਰਾਬਰ ਦਾ ਸਹਾਰਾ ਜਾਂ ਸਿਰਨਾਂਵਾਂ’। ਜਦੋਂ ਦੋ ਸ਼ਬਦ ਜਾਂ ਵਾਕੰਸ਼ ਇਕੱਠੇ ਆਉਣ, ਪਰ ਪ੍ਰਗਟ ਇੱਕੋ ਗੱਲ ਜਾਂ ਸ਼ੈ ਨੂੰ ਕਰਨ, ਜਾਂ ਪਹਿਲਾ ਦੂਜੇ ਦੇ ਅਰਥਾਂ ਨੂੰ ਸਪਸ਼ਟ ਕਰ ਕੇ ਦੱਸੇ, ਤਾਂ ਪਹਿਲੇ ਹਿੱਸੇ ਨੂੰ ਮੁੱਖ ਸ਼ਬਦ ਕਹਿੰਦੇ ਹਨ ਅਤੇ ਦੂਜੇ ਨੂੰ ਸਮਾਨ ਅਧਿਕਰਨ। ਜਿਵੇਂ – ‘ਮਹਾਰਾਜਾ ਰਣਜੀਤ ਸਿੰਘ, ਪੰਜਾਬ ਦਾ ਸ਼ੇਰ, ਜਿੱਤ ਤੇ ਜਿੱਤ ਪਰਾਪਤ ਕਰਦਾ ਰਿਹਾ। ਸ੍ਰੀ ਦਮਦਮਾ ਸਾਹਿਬ, ਗੁਰੂ ਕੀ ਕਾਸ਼ੀ, ਸਿੱਖਾਂ ਦਾ ਪ੍ਰਸਿਧ ਧਰਮ ਅਸਥਾਨ ਹੈ।’ ਏਥੇ ‘ਮਹਾਰਾਜਾ ਰਣਜੀਤ ਸਿੰਘ’ ਤੇ ‘ਸ੍ਰੀ ਦਮਦਮਾ ਸਾਹਿਬ’ ਮੁੱਖ ਸ਼ਬਦ ਹਨ, ਅਤੇ ‘ਪੰਜਾਬ ਦਾ ਸ਼ੇਰ’ ਅਤੇ ‘ਗੁਰੂ ਕੀ ਕਾਸ਼ੀ’ ਸਮਾਨ ਅਧਿਕਰਨ ਹਨ।
ਯੋਜਕਾਂ ਦੀ ਵੰਡ

ਯੋਜਕ ਦੋ ਪਰਕਾਰ ਦੇ ਹੁੰਦੇ ਹਨ –

  1. ਸਮਾਨ ਯੋਜਕ
  2. ਅਧੀਨ ਯੋਜਕ
    1.ਸਮਾਨ ਯੋਜਕ – ਜਿਹੜੇ ਯੋਜਕ ਸਮਾਨ (ਬਰਾਬਰ ਦੇ) ਸ਼ਬਦਾਂ, ਵਾਕੰਸ਼ਾਂ, ਉਪਵਾਕਾਂ, ਜਾਂ ਵਾਕਾਂ ਨੂੰ ਜੋੜਨ, ਉਹਨਾਂ ਨੂੰ ਸਮਾਨ ਯੋਜਕ ਆਖਦੇ ਹਨ। ਜਿਵੇਂ -‘ਮੇਜ ਤੇ ਕੁਰਸੀ ਧੁੱਪੇ ਡਾਹੋ। ਕਮਰਿਆਂ ਦੇ ਅੰਦਰ ਨਾਲੇ ਵਿਹੜੇ ਦੇ ਵਿੱਚ ਭੀੜ ਲੱਗ ਗਈ ਹੈ। ਮੈਨੂੰ ਯਕੀਨ ਹੈ ਕਿ ਉਹ ਬਿਮਾਰ ਨਹੀਂ ਸਗੋਂ ਪਖੰਡ ਕਰਦਾ ਹੈ। ਮੈਂ ਬਿਮਾਰ ਸਾਂ, ਇਸ ਕਰਕੇ ਮੈਂ ਹਾਜ਼ਰ ਨਹੀਂ ਹੋ ਸਕਿਆ।’ ਇਹਨਾਂ ਵਾਕਾਂ ਵਿੱਚ ਯੋਜਕ‘ਤੇ’ ਦੋ ਬਰਾਬਰ ਦੇ ਸ਼ਬਦਾਂ ਨੂੰ ਜੋੜਦਾ ਹੈ। ‘ਨਾਲੇ’ ਦੋ ਬਰਾਬਰ ਦੇ ਵਾਕੰਸ਼ਾਂ ਨੂੰ, ‘ਸਗੋਂ’ ਦੋ ਬਰਾਬਰ ਦੇ ਉਪਵਾਕਾਂ ਨੂੰ ਅਤੇ ‘ਇਸ ਕਰਕੇ’ ਦੋ ਸਮਾਨ ਵਾਕਾਂ ਨੂੰ ਜੋੜਦਾ ਹੈ। ਇਸ ਲਈ ਇਹ ਤਿੰਨੇ ਸਮਾਨ ਯੋਜਕ ਹਨ।

ਸਮਾਨ ਯੋਜਕ ਚਾਰ ਪਰਕਾਰ ਦੇ ਹੁੰਦੇ ਹਨ
(1) ਸਮੁੱਚੀ ਸਮਾਨ ਯੋਜਕ (2) ਵਿਕਲਪੀ ਸਮਾਨ ਯੋਜਕ (3) ਨਿਖੇਧੀ ਸਮਾਨ ਯੋਜਕ (4) ਸੰਕੇਤੀ ਜਾਂ ਕਾਰਜ-ਬੋਧਕ ਸਮਾਨ ਯੋਜਕ

(1) ਸਮੁੱਚੀ ਸਮਾਨ ਯੋਜਕ – ਜਿਹੜੇ ਸਮਾਨ ਯੋਜਕ ਦੋ ਸੁਤੰਤਰ ਸ਼ਬਦਾਂ ਜਾਂ ਵਾਕਾਂ ਨੂੰ ਸਧਾਰਨ ਤੌਰ ਤੇ ਜੋੜਨ ਤਾਂ ਜੁ ਜੋੜ ਤੋਂ ਦੋਹਾਂ ਦਾ ਸਮੁੱਚਾ ਭਾਵ ਪ੍ਰਗਟ ਹੋਵੇ। ਉਹਨਾਂ ਨੂੰ ਸਮੁੱਚੀ ਸਮਾਨ ਯੋਜਕ ਕਹਿੰਦੇ ਹਨ। ਜਿਵੇਂ –ਤੇ, ਅਤੇ, ਵੀ, ਨਾ ਕੇਵਲ – ਸਗੋਂ, ਅਤੇ – ਦੋਹਾਂ, ਨਾਲੇ-ਨਾਲੇ, ਅਰ। ‘ਅੰਬ ਤੇ ਅਨਾਰ ਛਕੋ। ਦੁੱਧ ਵੀ ਦਿਓ ਤੇ ਮੱਖਣ ਵੀ, ਨਾ ਕੇਵਲ ਸੱਚ ਹੀ ਬੋਲੋ ਸਗੋਂ ਨਿਆਂ ਵੀ ਕਰੋ। ਪੁਲਿਸ ਨੇ ਚੋਰ ਅਤੇ ਸ਼ਰਾਬੀ ਦੋਹਾਂ ਨੂੰ ਫੜ ਲਿਆ। ਉਹ ਨਾਲੇ ਚੋਰ ਹੈ ਨਾਲੇ ਚਤਰ ਬਣਦਾ ਹੈ। ਅਣਖ ਅਰ ਆਜ਼ਾਦੀ ਹਰੇਕ ਨੂੰ ਪਿਆਰੀ ਲਗਦੀ ਹੈ।’

(2) ਵਿਕਲਪੀ ਸਮਾਨ ਯੋਜਕ – ਜਿਹੜੇ ਸਮਾਨ ਯੋਜਕ ਸੁਤੰਤਰ ਵਾਕਾਂ ਜਾਂ ਸ਼ਬਦਾਂ ਨੂੰ ਇਸ ਤਰ੍ਹਾਂ ਜੋੜਨ ਕਿ ਉਹਨਾਂ ਦੋਹਾਂ ਦਾ ਆਪੋ ਵਿੱਚ ਵਟਾਂਦਰਾ ਜਾਂ ਦੋਹਾਂ ਵਿਚੋਂ ਇੱਕ ਦਾ ਭਾਵ ਪ੍ਰਗਟ ਹੋਵੇ, ਉਹਨਾਂ ਨੂੰ ਵਿਕਲਪੀ ਸਮਾਨ ਯੋਜਕ ਕਹਿੰਦੇ ਹਨ। ਜਿਵੇਂ – ‘ਜਾਂ ਦੁੱਧ ਪੀਓ ਜਾਂ ਲੱਸੀ। ਬਹਿ ਜਾਓ ਜਾਂ ਚਲੇ ਜਾਓ। ਭਾਵੇਂ ਖੇਡੋ ਭਾਵੇਂ ਪੜ੍ਹੋ। ਚਾਹੇ ਪਡ਼੍ਹੋ ਚਾਹੇ ਲੇਖ ਲਿਖੋ। ਸਕੂਲੇ ਜਾਓ ਨਹੀਂ ਤਾਂ ਡੰਗਰ ਚਾਰੋ।’ ਇਹਨਾਂ ਵਾਕਾਂ ਵਿੱਚ – ‘ਜਾਂ, ਜਾਂ-ਜਾਂ, ਭਾਵੇਂ-ਭਾਵੇਂ, ਚਾਹੇ-ਚਾਹੇ, ਨਹੀਂ ਤਾਂ’ ਸਭ ਵਿਕਲਪੀ ਸਮਾਨ ਯੋਜਕ ਹਨ।

(3) ਨਿਖੇਧੀ ਸਮਾਨ ਯੋਜਕ – ਜਿਹੜੇ ਸਮਾਨ ਯੋਜਕ ਦੋ ਸੁਤੰਤਰ ਵਾਕਾਂ ਜਾਂ ਸ਼ਬਦਾਂ ਨੂੰ ਇਸ ਤਰ੍ਹਾਂ ਜੋੜਨ ਕਿ ਇੱਕ ਦੂਜੇ ਨਾਲ ਟਾਕਰਾ, ਨਿਖੇਧ, ਜਾਂ ਵਿਰੋਧ ਪਰਤੀਤ ਹੋਵੇ, ਉਹਨਾਂ ਨੂੰ ਨਿਖੇਧੀ ਸਮਾਨ ਯੋਜਕ ਕਹਿੰਦੇ ਹਨ। ਜਿਵੇਂ – ‘ਮੈਂ ਉਹਨੂੰ ਵੇਖਿਆ ਤਾਂ ਸੀ ਪਰ ਪਛਾਣਿਆ ਨਹੀਂ। ਮਾਤਾ ਜੀ ਆਏ ਤਾਂ ਸਨ ਪਰੰਤੂ ਲੱਡੂ ਨਹੀਂ ਲਿਆਏ। ਉਹ ਦਲੇਰ ਨਹੀਂ ਸਗੋਂ ਡਰਾਕਲ ਹੈ।’ ਇਹਨਾਂ ਵਾਕਾਂ ਵਿੱਚ ‘ਪਰ, ਪਰੰਤੂ, ਸਗੋਂ’ ਨਿਖੇਧੀ ਸਮਾਨ ਯੋਜਕ ਹਨ।

(4) ਸੰਕੇਤੀ ਜਾਂ ਕਾਰਜ ਬੋਧਕ ਸਮਾਨ ਯੋਜਕ – ਜਿਹੜੇ ਸਮਾਨ ਯੋਜਕ ਦੋ ਸੁਤੰਤਰ ਵਾਕਾਂ ਨੂੰ ਇਸ ਤਰ੍ਹਾਂ ਜੋੜਨ ਕਿ ਉਹਨਾਂ ਵਿੱਚੋਂ ਪਹਿਲਾ ਕਾਰਨ ਜਾਂ ਸਬੱਬ ਨੂੰ ਅਤੇ ਦੂਜਾ ਕਾਰਜ, ਅਸਰ, ਜਾਂ ਸਿੱਟੇ ਨੂੰ ਪ੍ਰਗਟ ਕਰੇ, ਉਨ੍ਹਾਂ ਨੂੰ ਸੰਕੇਤੀ ਜਾਂ ਕਾਰਜ-ਬੋਧਕ ਸਮਾਨ-ਬੋਧਕ ਸਮਾਨ ਯੋਜਕ ਆਖਦੇ ਹਨ। ਜਿਵੇਂ – ‘ਮੁਖਤਾਰ ਸਿੰਘ ਬਿਮਾਰ ਸੀ, ਇਸ ਲਈ ਉਹ ਸਕੂਲੇ ਨਹੀਂ ਗਿਆ। ਉਸ ਦੇ ਪੁੱਤਰ ਨੂੰ ਸੱਟ ਲੱਗੀ ਹੈ, ਇਸ ਕਰਕੇ ਉਹ ਉਦਾਸ ਹੈ। ਤੁਹਾਡਾ ਕਾਰਜ ਹੋ ਗਿਆ ਹੈ, ਸੋ ਤੁਸੀਂ ਚਿੰਤਾ ਨਾ ਕਰੋ। ਉਹਦੀ ਨੀਤ ਵਿੱਚ ਫਰਕ ਹੈ, ਤਾਹੀਓਂ ਉਹ ਅੱਖ ਨਹੀਂ ਚੁੱਕਦਾ। ਉਹ ਗ਼ੈਰ-ਹਾਜਰ ਸੀ, ਇਸ ਵਾਸਤੇ ਉਹਨੂੰ ਸਜ਼ਾ ਮਿਲੀ।’ ਇਹਨਾਂ ਵਾਕਾਂ ਵਿੱਚ ਆਏ ਯੋਜਕ ‘ਇਸ ਲਈ, ਇਸ ਕਰਕੇ, ਇਸ ਵਾਸਤੇ, ਸੋ, ਤਾਹੀਓਂ’ ਸਭ ਸੰਕੇਤੀ ਜਾਂ ਕਾਰਜ-ਬੋਧਕ ਸਮਾਨ ਯੋਜਕ ਹਨ।

2. ਅਧੀਨ ਯੋਜਕ – ਜਿਹੜੇ ਯੋਜਕ ਅਧੀਨ ਉਪਵਾਕ ਨੂੰ ਪ੍ਰਧਾਨ ਉਪਵਾਕ ਨਾਲ ਜੋੜਨ ਤੇ ਇਸ ਤਰ੍ਹਾਂ ਮਿਸ਼ਰਤ ਵਾਕ ਬਣਾਉਣ, ਉਹਨਾਂ ਨੂੰ ਅਧੀਨ ਯੋਜਕ ਆਖਦੇ ਹਨ। ਅਧੀਨ ਅਤੇ ਪ੍ਰਧਾਨ ਉਪਵਾਕਾਂ ਦਾ ਆਪੋ ਵਿੱਚ ਕਈ ਤਰ੍ਹਾਂ ਦਾ ਸਬੰਧ ਹੁੰਦਾ ਹੈ ਅਤੇ ਇਨ੍ਹਾਂ ਨੂੰ ਜੋੜਨ ਵਾਲੇ ਅਧੀਨ ਯੋਜਕ ਉਸ ਸਬੰਧ ਨੂੰ ਪ੍ਰਗਟ ਕਰਦੇ ਹਨ। ਇਹ ਸਬੰਧ ਸੱਤ ਪ੍ਰਕਾਰ ਦੇ ਹਨ।

(1) ਸਮਾਨ ਅਧਿਕਰਨ – ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੇ ਕਿਸੇ ਨਾਉਂ ਜਾਂ ਪੜਨਾਉਂ ਦੀ ਸਮਾਨ ਅਧਿਕਰਨ ਹੋਵੇ ਜਾਂ ਪ੍ਰਧਾਨ ਉਪਵਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਕਰੇ। ਇਸ ਸਬੰਧ ਨੂੰ ਪ੍ਰਗਟ ਕਰਨ ਲਈ ਇਹ ਯੋਜਕ ਵਰਤੇ ਜਾਂਦੇ ਹਨ – ਕਿ, ਜੁ, ਭਈ, ਜੀਕੁਰ। ਜਿਵੇਂ – ‘ਇਹ ਗੱਲ ਸਾਰੇ ਜਾਣਦੇ ਹਨ ਕਿ ਪੁਲਸੀਏ ਵੱਢੀ ਖਾਂਦੇ ਹਨ। ਇਹ ਝੂਠ ਹੈ ਜੁ ਉਚੇਰੇ ਅਫਸਰਾਂ ਨੂੰ ਇਸ ਗੱਲ ਦਾ ਪਤਾ ਨਹੀਂ। ਸਾਨੂੰ ਪਤਾ ਹੈ ਭਈ ਇਨ੍ਹਾਂ ਨੂੰ ਵਰਜਣ ਵਾਲਾ ਕੋਈ ਨਹੀਂ। ਉਹਦਾ ਵਤੀਰਾ ਜੀਕੁਰ ਸਾਰੇ ਉਸ ਦੇ ਨੌਕਰ ਹਨ ਹਰੇਕ ਨੂੰ ਬੁਰਾ ਲਗਦਾ ਹੈ।’ ਏਥੇ ‘ਇਹ ਗੱਲ, ਇਹ, ਪਤਾ ਤੇ ਵਤੀਰਾ’ ਮੁੱਖ ਸ਼ਬਦ ਹਨ ਅਤੇ ‘ਕਿ, ਜੁ, ਜੀਕੁਰ’ ਅਧੀਨ ਯੋਜਕਾਂ ਰਾਹੀਂ ਜੁੜੇ ਅਧੀਨ ਉਪਵਾਕ ਇਨ੍ਹਾਂ ਮੁੱਖ ਸ਼ਬਦਾਂ ਦੇ ਸਮਾਨ ਅਧਿਕਰਨ ਹਨ। ਅਜੇਹੇ ਯੋਜਕਾਂ ਨੂੰ ਸਮਾਨ ਅਧਿਕਰਨ ਵਾਚਕ ਅਧੀਨ ਯੋਜਕ ਆਖਦੇ ਹਨ।

(2) ਕਾਰਨ – ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦਾ ਕਾਰਨ ਦੱਸੇ। ਉਸ ਸਬੰਧ ਨੂੰ ਪ੍ਰਗਟ ਕਰਨ ਲਈ ਜੋ ਅਧੀਨ ਯੋਜਕ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਕਾਰਨ ਵਾਚਕ ਅਧੀਨ ਯੋਜਕ ਆਖਦੇ ਹਨ। ਜਿਵੇਂ – ‘ਕਿਉਂਕਿ – ਇਸ ਲਈ’, ‘ਇਸ ਲਈ – ਕਿ’, ‘ਇਸ ਲਈ – ਕਿਉਂ ਜੁ’, ‘ਇਸ ਲਈ – ਕਿਉਂਕਿ’। ‘ਕਿਉਂਕਿ ਮੁੰਡੇ ਦਾ ਹੱਥ ਦੁਖਦਾ ਸੀ, ਇਸ ਲਈ ਉਹ ਸਕੂਲੇ ਨਹੀਂ ਗਿਆ। ਅਸੀਂ ਉੱਨਤੀ ਇਸ ਲਈ ਨਹੀਂ ਕਰ ਰਹੇ ਕਿਉਂ ਜੁ ਅਸੀਂ ਆਪੋ ਵਿੱਚ ਲੜਦੇ ਰਹਿੰਦੇ ਹਾਂ।’

(3) ਮੰਤਵ – ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਤੋਂ ਪ੍ਰਗਟ ਹੋ ਰਹੇ ਕੰਮ ਸਬੰਧੀ ਮੰਤਵ ਜਾਂ ਮਨੋਰਥ ਦੱਸੇ। ਇਸ ਸਬੰਧ ਨੂੰ ਪ੍ਰਗਟ ਕਰਨ ਲਈ ਜੋ ਅਧੀਨ ਯੋਜਕ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਮੰਤਵ ਵਾਚਕ ਅਧੀਨ ਯੋਜਕ ਆਖਦੇ ਹਨ। ਜਿਵੇਂ – ‘ਤਾਂ ਜੁ, ਤਾਕਿ, ਇਸ ਲਈ ਕਿ, ਇਸ ਲਈ ਜੁ, ਮਤਾਂ ਆਦਿਕ। ‘ਪੰਜਾਬੀਓ ਇੱਕ ਜਾਨ ਹੋ ਜਾਓ, ਤਾਂ ਜੋ ਦੇਸ਼ ਉੱਨਤੀ ਕਰ ਸਕੇ। ਕਿਰਤੀ ਸਿਰਤੋੜ ਮਿਹਨਤ ਕਰਦੇ ਹਨ ਤਾਂਕਿ ਉਹ ਆਪਣੇ ਟੱਬਰਾਂ ਦੀ ਪਾਲਨਾ ਕਰ ਸਕਣ। ਠੰਢ ਵਿੱਚ ਮੂਲੀ ਨਾ ਖਾਓ ਮਤਾਂ ਢਿੱਡ ਵਿੱਚ ਪੀੜ ਹੋਣ ਲੱਗ ਪਵੇ।’

(4) ਫਲ – ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਤੋਂ ਪ੍ਰਗਟ ਹੋ ਰਹੇ ਕੰਮ ਦਾ ਨਤੀਜਾ ਜਾਂ ਫਲ ਦੱਸੇ। ਇਸ ਸਬੰਧ ਨੂੰ ਪ੍ਰਗਟ ਕਰਨ ਲਈ ਜੋ ਅਧੀਨ ਯੋਜਕ ਵਰਤੇ ਜਾਂਦੇ ਹਨ, ਉਹਨਾਂ ਨੂੰ ਫਲ ਵਾਚਕ ਅਧੀਨ ਯੋਜਕ ਆਖਦੇ ਹਨ। ਜਿਵੇਂ – ਕਿ, ਜੁ ਆਦਿਕ। ‘ਪੁਲਸ ਨੇ ਚੋਰ ਨੂੰ ਇੰਨਾ ਕੁੱਟਿਆ ਕਿ ਉਹ ਮਰਨੋਂ ਮਸਾਂ ਬਚਿਆ। ਉਹ ਇੰਨੀ ਰੋਟੀ ਖਾ ਗਿਆ ਕਿ ਉਹਨੂੰ ਬਦਹਜ਼ਮੀ ਹੋ ਗਈ। ਬਦੇਸੀਆਂ ਨੇ ਦੇਸ ਨੂੰ ਅਜਿਹਾ ਲੁੱਟਿਆ ਜੁ ਇਹ ਕੰਗਾਲ ਹੋ ਗਿਆ।’

(5) ਵਿਰੋਧ – ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਨਾਲ ਵਿਰੋਧ ਦੱਸੇ। ਇਸ ਸਬੰਧ ਨੂੰ ਪ੍ਰਗਟ ਕਰਨ ਲਈ ਜਿਹੜੇ ਅਧੀਨ ਯੋਜਕ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਵਿਰੋਧ ਵਾਚਕ ਅਧੀਨ ਯੋਜਕ ਆਖਦੇ ਹਨ। ਜਿਵੇਂ –ਭਾਵੇਂ – ਫਿਰ ਵੀ, ਚਾਹੇ – ਫਿਰ ਵੀ, ਭਾਵੇਂ – ਫਿਰ ਵੀ, ਭਾਵੇਂ – ਪਰ, ਤਾਂ ਵੀ, ਆਦਿਕ। ‘ਭਾਵੇਂ ਅਸੀਂ ਆਜ਼ਾਦ ਹਾਂ ਫਿਰ ਵੀ ਅਸੀਂ ਗ਼ਰੀਬ ਤੇ ਦੁਖੀ ਹਾਂ। ਹਾਲਾਂਕਿ ਅਸੀਂ ਗਿਣਤੀ ਵਿੱਚ ਅੰਗ੍ਰੇਜ਼ਾਂ ਨਾਲੋਂ ਵੱਧ ਸਾਂ, ਫਿਰ ਵੀ ਅਸੀਂ ਉਹਨਾਂ ਦੇ ਅਧੀਨ ਸਾਂ। ਚਾਹੇ ਉਹ ਅਣਪੜ੍ਹ ਹੈ, ਫਿਰ ਵੀ ਉਹ ਸਿਆਣਾ ਹੈ। ਉਹ ਧਨਾਢ ਹੈ, ਤਾਂ ਵੀ ਉਹ ਦੁਖੀ ਹੈ।’

(6) ਸ਼ਰਤ – ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦਾ ਕਾਰਨ ਸ਼ਰਤ ਦੀ ਸ਼ਕਲ ਦੱਸੇ। ਇਸ ਸਬੰਧ ਨੂੰ ਪ੍ਰਗਟ ਕਰਨ ਲਈ ਜੋ ਅਧੀਨ ਯੋਜਕ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਸ਼ਰਤ ਵਾਚਕ ਅਧੀਨ ਯੋਜਕ ਆਖਦੇ ਹਨ ਜਿਵੇਂ – ‘ਜੇ-ਤਾਂ, ਜੇਕਰ – ਤਾਂ, ਜਦ – ਤਾਂ’ ਆਦਿਕ। ‘ਜੇ ਤੁਸੀਂ ਦੇਸ ਹਿਤ ਕੁਰਬਾਨੀ ਕਰੋਗੇ, ਤਾਂ ਦੇਸ ਖੁਸ਼ਹਾਲ ਹੋ ਜਾਵੇਗਾ। ਜੇਕਰ ਤੁਸੀਂ ਆਪੋ ਵਿਚ ਲੜਦੇ ਰਹੋਗੇ, ਤਾਂ ਗ਼ਰੀਬ ਹੀ ਰਹੋਗੇ। ਜਦ ਗ਼ਰੀਬੀ ਬੁਰੀ ਚੀਜ਼ ਹੈ, ਤਾਂ ਤੁਸੀਂ ਇਸ ਨੂੰ ਖ਼ਤਮ ਕਿਉਂ ਨਹੀਂ ਕਰਦੇ?’

(7) ਤੁਲਨਾ – ਜਦੋਂ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕ ਦੋ ਚੀਜ਼ਾਂ ਦੇ ਗੁਣਾ, ਲੱਛਣਾਂ ਆਦਿਕ ਦਾ ਟਾਕਰਾ ਕਰਨ। ਅਜੇਹੇ ਸਬੰਧ ਨੂੰ ਪ੍ਰਗਟ ਕਰਨ ਲਈ ਜਿਹੜੇ ਅਧੀਨ ਉਪਵਾਕ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਤੁਲਨਾ ਵਾਚਕ ਅਧੀਨ ਯੋਜਕ ਆਖਦੇ ਹਨ ਜਿਵੇਂ – ‘ਮਾਨੋ, ਜਿਵੇਂ, ਕਿ, ਜੁ’। ‘ਸਾਡਾ ਮੁੱਖ-ਮੰਤਰੀ ਇੰਨਾ ਕੰਮ ਕਰਦਾ ਹੈ ਕਿ ਲੋਕੀਂ ਵੇਖ-ਵੇਖ ਦੰਗ ਰਹਿ ਜਾਂਦੇ ਹਨ। ਉਹ ਇੰਨਾ ਤੇਜ਼ ਬੋਲਦਾ ਹੈ ਜਿਵੇਂ ਹਨੇਰੀ ਪਈ ਵਗਦੀ ਹੈ। ਉਹ ਇੰਨਾ ਪਤਲਾ ਹੈ ਮਾਨੋ ਹੱਡੀਆਂ ਉਪਰ ਮਾਸ ਹੈ ਹੀ ਨਹੀਂ। ਉਹਦੇ ਪੈਰ ਇੰਨੇ ਠੰਢੇ ਹਨ ਜੀਕੁਰ ਬਰਫ ਵਿੱਚ ਧਰੇ ਹੁੰਦੇ ਹਨ।’

 

Loading spinner