ਸ਼ਬਦ-ਬੋਧ
ਕਾਂਡ – 11 ਵਿਸਮਕ
ਵਿਸਮਕ – ਜਿਹੜਾ ਸ਼ਬਦ ਕਿਸੇ ਨੂੰ ਆਵਾਜ਼ ਮਾਰਨ ਲਈ, ਜਾਂ ਖੁਸ਼ੀ, ਗ਼ਮੀ, ਹੈਰਾਨੀ ਆਦਿਕ ਮਨ ਦੇ ਕਿਸੇ ਡੂੰਘੇ ਤੇਜ਼ ਭਾਵ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਵੇ, ਉਹਨੂੰ ਵਿਸਮਕ ਆਖਦੇ ਹਨ। ਜਿਵੇਂ – ਵੇ, ਨੀ, ਓਇ, ਆਹਾ, ਆਹ, ਹਾਇ, ਧੰਨ, ਬੱਲੇ-ਬੱਲੇ, ਵਾਹ, ਸ਼ਾਬਾਸ਼।
ਜਿਹੜੇ ਸ਼ਬਦ ਕਿਸੇ ਨੂੰ ਸੱਦਣ ਜਾਂ ਆਵਾਜ਼ ਮਾਰਨ ਲਈ, ਜਾਂ ਖੁਸ਼ੀ, ਗ਼ਮੀ, ਅਸਚਰਜਤਾ (ਹਰਾਨੀ) ਆਦਿਕ ਮਨ ਦੇ ਕਿਸੇ ਡੂੰਘੇ ਤੇ ਤੇਜ ਭਾਵ ਨੂੰ ਪ੍ਰਗਟ ਕਰਨ ਲਈ ਵਰਤੇ ਜਾਣ ਉਨ੍ਹਾਂ ਨੂੰ ਵਿਸਮਕ ਕਹਿੰਦੇ ਹਨ। ਇਹ ਕਈ ਤਰਾਂ ਦੇ ਹੁੰਦੇ ਹਨ ਜਿਹਾ ਕਿ –
(1) ਸੱਦਣ ਜਾਂ ਆਵਾਜ਼ ਮਾਰਨ ਲਈ – ਓਇ ! ਨੀ ! ਵੇ ! ਅੜਿਆ ! ਅੜੀਏ ! ਅਰੇ ! ਕੁੜੇ !
(2) ਖੁਸ਼ੀ ਲਈ – ਆਹਾ ! ਵਾਹ ! ਵਾਹ ਜੀ ਵਾਹ ! ਧੰਨ ! ਬੱਲੇ ਬੱਲੇ ! ਵਾਹ ਭਈ ਵਾਹ !
(3) ਦੁੱਖ ਲਈ – ਹਾਏ ! ਊਈ ! ਉਹੋ ! ਉਹ ਹੋ ! ਹਾ ਹਾ ! ਸ਼ੋਕ ! ਅਫ਼ਸੋਸ ! ਹਾਏ ਰੱਬਾ ! ਹਾਏ ਮੈਂ ਮੋਇਆ ! ਸਿਆਪਾ ਮੇਰੇ ਭਾ ਦਾ !
(4) ਅਸਚਰਜਤਾ (ਹਰਾਨੀ ਲਈ) – ਵਾਹ ! ਵਾਹ ਵਾਹ ! ਹੈਂ ! ਹੈਂ ਹੈਂ ! ਆਹਾ ! ਵਾਹ ਭਈ ਵਾਹ ! ਹੱਦ ਹੋ ਗਈ !
(5) ਫਿਟਕਾਰ ਲਈ – ਫਿੱਟ ਘੱਟਾ ! ਦੁਰ-ਦੁਰ ! ਲੱਖ ਲਾਹਨਤ ! ਧਿਰਕਾਰ ! ਫਿੱਟੇ ਮੂੰਹ !
(6) ਆਦਰ ਲਈ – ਆਈਏ ਜੀ ! ਧੰਨ ਭਾਗ ! ਜੀ ਆਇਆਂ ਨੂੰ !
(7) ਅਸੀਸ ਲਈ – ਦੂਣੇ ਇਕਬਾਲ ! ਭਾਗ ਲੱਗੇ ਰਹਿਣ ! ਜੁਗ-ਜੁਗ ਜੀਵੋ ! ਹੁਕਮ ਸਵਾਏ ! ਭਲਾ ਕਰੇ ਕਰਤਾਰ ! ਜੀਉਂਦਾ ਰਹੁ ! ਦੁੱਧੀ ਨ੍ਹਾਓ ਤੇ ਪੁੱਤਰੀਂ ਫਲੋ ! ਸੁਹਾਗ ਜੀਵੇ ! ਠੰਢੜੀ ਰਹੁ ! ਸਾਈਂ ਜੀਵੇ !
(8) ਇੱਛਾ ਲਈ – ਕਾਸ਼ ! ਹਾਏ ਜੇ ! ਜੇ !
(9) ਸੁਚੇਤ ਕਰਨ ਲਈ – ਖ਼ਬਰਦਾਰ ! ਵੇਖੀਂ ! ਵੇਖੋ ! ਸੋਘੇ ਰਹਿਣਾ !
(10) ਸਲਾਹੁਤ ਜਾਂ ਪਰਵਾਨਗੀ ਲਈ – ਸ਼ਾਬਾਸ਼ ! ਬੱਲੇ ! ਬੱਲੇ ਬੱਲੇ ! ਅਸ਼ਕੇ ! ਸਦਕੇ ! ਨਹੀਂ ਰੀਸਾਂ ! ਬਹੁਤ ਖ਼ੂਬ !
(11) ਬਦ-ਅਸੀਸ ਲਈ – ਤੇਰਾ ਬੇੜਾ ਗ਼ਰਕ ! ਤੈਨੂੰ ਰੱਬ ਲਵੇ ! ਪੀਰਾਂ ਦੀ ਮਾਰ ਵਗੇ ! ਸੱਤਿਆਨਾਸ ਹੋਵੇ ! ਗਰਕੀ ਆਵੇ ! ਖ਼ਾਲੀ ਜਾਏਂ ਜਹਾਨੋਂ !
(12) ਸਹਾਇਤਾ ਵਾਸਤੇ ਪੁਕਾਰ ਲਈ – ਬਹੁੜੀ ! ਬਹੁੜੀ ਰੱਬਾ ! ਬਹੁੜੀ ਵੇ ਲੋਕੋ !