ਸ਼ਬਦ-ਬੋਧ
ਕਾਂਡ – 3 ਵਿਸ਼ੇਸ਼ਣ
ਵਿਸ਼ੇਸ਼ਣ – ਜਿਹੜਾ ਸ਼ਬਦ ਕਿਸੇ ਨਾਉਂ ਜਾਂ ਪੜਨਾਉਂ ਦੇ ਗੁਣ-ਔਗੁਣ ਜਾਂ ਗਿਣਤੀ, ਮਿਣਤੀ ਪ੍ਰਗਟ ਕਰੇ, ਅਤੇ ਇਸ ਤਰ੍ਹਾਂ ਉਹਨੂੰ ਉਸ ਵਰਗੇ ਹੋਰਨਾ ਨਾਲੋਂ ਵੱਖ ਕਰੇ ਜਾਂ ਵਿਸ਼ੇਸ਼ਤਾ ਦੇਵੇ, ਉਹਨੂੰ ਵਿਸ਼ੇਸ਼ਣ ਆਖਦੇ ਹਨ। ਜਿਵੇਂ – ਚਿੱਟਾ, ਦਲੇਰ, ਭੈੜਾ, ਸੁੰਦਰ, ਇਕੱਲਾ, ਕਈ, ਥੋੜ੍ਹਾ, ਬਹੁਤਾ, ਵੀਹ, ਪੰਜਵਾਂ, ਪਹਿਲਾ।
ਜਿਹੜਾ ਸ਼ਬਦ ਕਿਸੇ ਨਾਉਂ ਜਾਂ ਪੜਨਾਉਂ ਨਾਲ ਆ ਕੇ ਉਸ ਦੇ ਗੁਣ, ਔਗਣ ਜਾਂ ਗਿਣਤੀ-ਮਿਣਤੀ ਦੱਸੇ ਅਤੇ ਇਸ ਤਰਾਂ ਉਸ ਦੀ ਵਰਤੋਂ ਨੂੰ ਆਮ ਤੋਂ ਖਾਸ ਜਾਂ ਵਿਸ਼ੇਸ਼ ਬਣਾਵੇ ਜਾਂ ਉਹਦੀ ਵਿਸ਼ੇਸ਼ਤਾ ਦੱਸੇ, ਉਹਨੂੰ ਵਿਸ਼ੇਸ਼ਣ ਕਹਿੰਦੇ ਹਨ। ‘ਘੋੜਾ’ ਇਕ ਨਾਉਂ ਹੈ ਜੋ ਇਸ ਜਾਤੀ ਦੇ ਅਨੇਕਾਂ ਜੀਆਂ ਲਈ ਵਰਤਿਆ ਜਾ ਸਕਦਾ ਹੈ। ਪਰ ‘ਨੀਲਾ ਘੋੜਾ’ ਕਿਸੇ ਖਾਸ ਜਾਂ ਵਿਸ਼ੇਸ਼ ਘੋੜੇ ਨੂੰ ਹੀ ਕਿਹਾ ਜਾ ਸਕਦਾ ਹੈ। ਸ਼ਬਦ ‘ਨੀਲਾ’ ਇਸ ਘੋੜੇ ਨੂੰ ਆਮ ਘੋੜਿਆਂ ਨਾਲੋਂ ਵੱਖ ਕਰਦਾ ਹੈ, ਇਸ ਨੂੰ ਵਿਸ਼ੇਸ਼ਤਾ ਦੇਂਦਾ ਹੈ ਅਤੇ ਵਿਸ਼ੇਸ਼ ਬਣਾਉਂਦਾ ਹੈ। ਇਸ ਲਈ ਸ਼ਬਦ ‘ਨੀਲਾ’ ਨਾਉਂ ‘ਘੋੜਾ’ ਦਾ ਵਿਸ਼ੇਸ਼ਣ ਹੈ। ਇਸੇ ਤਰਾਂ ‘ਇਹ ਬੀਬਾ ਹੈ’, ‘ਉਹ ਗੋਲਾ ਹੈ’ ਵਿਚ ‘ਬੀਬਾ’ ਪੜਨਾਉਂ ‘ਇਹ’ ਦਾ ਅਤੇ ‘ਗੋਲਾ’ ਪੜਨਾਉਂ ‘ਉਹ’ ਦਾ ਗੁਣ ਦੱਸਦਾ ਹੈ। ਇਸ ਲਈ ‘ਬੀਬਾ’ ਤੇ ‘ਗੋਲਾ’ ਵਿਸ਼ੇਸ਼ਣ ਹਨ। ਜਿਸ ਨਾਉਂ ਜਾਂ ਪੜਨਾਉਂ ਦੀ ਵਿਸ਼ੇਸ਼ਤਾ ਕੋਈ ਵਿਸ਼ੇਸ਼ਣ ਦੱਸੇ, ਉਹਨੂੰ ਉਸ ਵਿਸ਼ੇਸ਼ਣ ਦਾ ਵਿਸ਼ੇਸ਼ ਕਿਹਾ ਜਾਂਦਾ ਹੈ। ‘ਬਹਾਦਰ ਫੌਜ’ ਵਿਚ ‘ਬਹਾਦਰ’ ਵਿਸ਼ੇਸ਼ਣ ਹੈ ਤੇ ‘ਫੌਜ’ ਉਹਦਾ ਵਿਸ਼ੇਸ਼ ਹੈ। ਇਸੇ ਤਰਾਂ ‘ਅਸੀਂ ਆਜ਼ਾਦ ਹਾਂ’ ਵਿਚ ‘ਅਸੀਂ’ ਵਿਸ਼ੇਸ਼ ਹਾਂ ਅਤੇ ‘ਆਜ਼ਾਦ’ ਵਿਸ਼ੇਸ਼ਣ।
- ਵਿਸ਼ੇਸ਼ਣਾਂ ਦੀ ਵਰਤੋਂ
ਵਿਸ਼ੇਸ਼ਣ ਦੋ ਤਰਾਂ ਦੇ ਵਰਤੇ ਜਾਂਦੇ ਹਨ
(1) ਵਿਸ਼ੇਸ਼ ਨਾਲ – ਜਦ ਵਿਸ਼ੇਸ਼ਣ ਕਿਰਿਆ ਦੀ ਸਹਾਇਤਾ ਤੋਂ ਬਿਨਾਂ ਹੀ ਆਪਣੇ ਵਿਸ਼ੇਸ਼ ਦਾ ਗੁਣ ਆਦਿਕ ਦਸਦਾ ਹੈ। ਜਿਵੇਂ – ਆਜ਼ਾਦ, ਭਾਰਤ, ਦਲੇਰ, ਜਵਾਨ, ਮਿਹਨਤੀ ਕਿਸਾਨ, ਇਮਾਨਦਾਰ ਅਫਸਰ।
(2) ਕਿਰਿਆ ਨਾਲ – ਜਦ ਵਿਸ਼ੇਸ਼ਣ ਕਿਸੇ ਕਿਰਿਆ ਦੀ ਸਹਾਇਤਾ ਨਾਲ ਆਪਣੇ ਵਿਸ਼ੇਸ਼ ਗੁਣ ਆਦਿਕ ਦੱਸਦਾ ਹੈ। ਜਿਵੇਂ – ਸਾਡਾ ਦੇਸ਼ ‘ਆਜ਼ਾਦ’ ਹੈ, ਸਾਡੇ ਜਵਾਨ ‘ਬਹਾਦਰ’ ਤੇ ‘ਬਲਵਾਨ’ ਹਨ। ਗੁਰਸਿੱਖ ‘ਨਿਰਭੈ’ਹੁੰਦੇ ਹਨ। ਮੈਂ ‘ਖੁਸ਼’ ਹਾਂ। ਤੁਸੀਂ ‘ਕਿਰਪਾਲੂ’ ਹੋ।
- ਪਰਕਾਰ (ਕਿਸਮਾਂ)
ਵਿਸ਼ੇਸ਼ਣ ਪੰਜ ਪਰਕਾਰ (ਕਿਸਮਾਂ) ਦੇ ਹੁੰਦੇ ਹਨ। (1) ਗੁਣ ਵਾਚਕ ਵਿਸ਼ੇਸ਼ਣ, (2) ਸੰਖਿਆਵਾਚਕ ਵਿਸ਼ੇਸ਼ਣ, (3) ਪਰਮਾਣਵਾਚਕ ਵਿਸ਼ੇਸ਼ਣ, (4) ਨਿਸ਼ਚੇਵਾਚਕ ਵਿਸ਼ੇਸ਼ਣ, (5) ਪੜਨਾਵੀਂ ਵਿਸ਼ੇਸ਼ਣ
- ਗੁਣਵਾਚਕ ਵਿਸ਼ੇਸ਼ਣ– ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦਾ ਗੁਣ ਜਾਂ ਔਗਣ ਦੱਸੇ, ਉਹਨੂੰ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ– ਨਿੱਕਾ, ਵੱਡਾ, ਮਾੜਾ, ਚਿੱਟਾ, ਕਾਲ਼ਾ, ਮੂਰਖ।
- ਸੰਖਿਆਵਾਚਕ ਵਿਸ਼ੇਸ਼ਣ– ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਗਿਣਤੀ, ਦਰਜਾ ਆਦਿਕ ਦੱਸੇ, ਉਹਨੂੰ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ– ਚਾਰ, ਦਸਵਾਂ, ਪੰਜੇ, ਢਾਈ, ਦੂਣਾ, ਬਹੁਤੇ, ਸਾਰੇ।
ਸੰਖਿਆਵਾਚਕ ਵਿਸ਼ੇਸ਼ਣ ਸੱਤ ਪਰਕਾਰ ਦੇ ਹੁੰਦੇ ਹਨ। (1) ਸਧਾਰਨ ਜਾਂ ਗਿਣਤੀਵਾਚਕ, (2) ਕਰਮਵਾਚਕ, (3) ਸਮੁੱਚਤਾ ਬੋਧਕ, (4) ਕਸਰੀ, (5) ਗੁਣਾਵਾਚਕ, (6) ਅਨਿਸ਼ਚਿਤ ਤੇ (7) ਨਿਖੇੜਵਾਚਕ।
(1) ਸਧਾਰਨ ਜਾਂ ਗਿਣਤੀਵਾਚਕ – ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਪੂਰੀ-ਪੂਰੀ ਗਿਣਤੀ ਦੱਸੇ, ਉਹਨੂੰ ਸਧਾਰਨ ਜਾਂ ਗਿਣਤੀਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ – ਇਕ, ਪੰਜ, ਸੌ, ਲੱਖ। ਇਕ ਤੋਂ ਬਿਨਾਂ ਬਾਕੀ ਦੇ ਇਹ ਸਭ ਵਿਸ਼ੇਸ਼ਣ ਬਹੁਵਚਨ ਹੁੰਦੇ ਹਨ।
(2) ਕਰਮਵਾਚਕ ਵਿਸ਼ੇਸ਼ਣ – ਕਰਮ ਦਾ ਅਰਥ ਹੈ ‘ਦਰਜਾ’, ‘ਤਰਤੀਬ’। ਜਿਹੜਾ ਵਿਸ਼ੇਸ਼ਣ ਗਿਣਤੀ ਕਰਕੇ ਆਪਣੇ ਵਿਸ਼ੇਸ਼ ਦਾ ਨੰਬਰ ਜਾਂ ਦਰਜਾ ਦੱਸੇ, ਇਹ ਗੱਲ ਦੱਸੇ ਕਿ ਉਹ ਕਿੰਨਵਾਂ ਹੈ, ਉਹਨੂੰ ਕਰਮਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ – ਪਹਿਲਾ, ਤੀਜਾ, ਦਸਵਾਂ, ਸੌਵਾਂ, ਹਜ਼ਾਰਵਾਂ, ਇੱਕ ਸੌ ਤੀਹਵਾਂ।
(3) ਸਮੁੱਚਤਾ ਬੋਧਕ ਵਿਸ਼ੇਸ਼ਣ – ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਸਮੁੱਚੀ ਜਾਂ ਸਾਰੀ ਦੀ ਸਾਰੀ ਗਿਣਤੀ ਪ੍ਰਗਟ ਕਰੇ, ਉਹਨੂੰ ਸਮੁੱਚਤਾ ਬੋਧਕ ਵਿਸ਼ੇਸ਼ਣ ਆਖਦੇ ਹਨ। ਜਿਵੇਂ – ਦੋਵੇਂ, ਚਾਰੇ, ਦਸੇ, ਵੀਹਾਂ ਦੇ ਵੀਹ, ਤੀਹੇ, ਸੌ ਦੇ ਸੌ। ਇਹ ਸਾਰੇ ਬਹੁਵਚਨ ਹੁੰਦੇ ਹਨ।
(4) ਕਸਰੀ ਵਿਸ਼ੇਸ਼ਣ – ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੇ ਹਿੱਸਿਆਂ ਦੀ ਗਿਣਤੀ ਦੱਸੇ, ਉਹਨੂੰ ਕਸਰੀ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ – ਅੱਧਾ, ਪੌਣਾ, ਸਵਾ, ਢਾਈ, ਸਾਢੇ ਬਾਰਾਂ, ਪੌਣੇ, ਸੋਲਾਂ, ਸਵਾ ਬੱਤੀ।
(5) ਗੁਣਾਵਾਚਕ ਵਿਸ਼ੇਸ਼ਣ – ਜਿਹੜਾ ਵਿਸ਼ੇਸ਼ਣ ਇਹ ਦੱਸੇ ਕਿ ਵਿਸ਼ੇਸ਼ ਵਸਤੂ ਕਿਸੇ ਹੋਰ ਵਸਤੂ ਨਾਲੋਂ ਕਿੰਨੇ ਗੁਣਾ ਹੈ, ਉਹਨੂੰ ਗੁਣਾਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ – ਦੂਣਾ, ਤੀਣਾ, ਚੌਣਆ, ਦਸ ਗੁਣਾ, ਤੀਹਰਾ, ਦੂਹਰਾ, ਚਹੁਰਾ।
(6) ਅਨਿਸਚਿਤ ਵਿਸ਼ੇਸ਼ਣ – ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਪੂਰੀ ਪੂਰੀ ਗਿਣਤੀ ਨਾ ਦੱਸੇ, ਉਹਨੂੰ ਅਨਿਸਚਿਤ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ – ਕਈ, ਬਹੁਤੇ, ਬਹੁਤ ਸਾਰੇ, ਚੋਖੇ, ਥੋੜੇ, ਕੁਝ, ਅਨੇਕ, ਹੋਰ। ਇਹ ਸਭ ਬਹੁਵਚਨ ਹੁੰਦੇ ਹਨ।
(7) ਨਿਖੇੜਵਾਚਕ ਵਿਸ਼ੇਸ਼ਣ – ਜਿਹੜਾ ਵਿਸ਼ੇਸ਼ਣ ਇਹ ਦੱਸੇ ਕਿ ਕਈ ਚੀਜ਼ਾਂ ਵਿੱਚੋਂ ਹਰ ਵੇਰ ਕਿੰਨੀਆਂ-ਕਿੰਨੀਆਂ ਅੱਡ ਕਿਤੀਆਂ ਜਾਂ ਨਿਖੇੜੀਆਂ ਗਈਆਂ ਉਹਨੂੰ ਨਿਖੇੜਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ – ਇੱਕ-ਇੱਕ, ਪੰਜ-ਪੰਜ, ਵੀਹ-ਵੀਹ, ਸਾਢੇ ਦਸ ਦਸ।
- ਪਰਨਾਮਵਾਚਕ ਜਾਂ ਮਿਣਤੀਵਾਚਕ ਵਿਸ਼ੇਸ਼ਣ– ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਮਿਣਤੀ, ਤੋਲ ਜਾਂ ਮਾਪ ਦੱਸੇ, ਉਹਨੂੰ ਪਰਮਾਣਵਾਚਕ ਜਾਂ ਮਿਣਤੀਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ– ਕਿਲੋਗਰਾਮ ਭਰ, ਦੋ ਮੀਟਰ, ਥੋੜ੍ਹਾ ਜਿਹਾ, ਚੋਖਾ, ਢੇਰ ਸਾਰਾ, ਬਹੁਤਾ, ਕਾਫੀ, ਬਥੇਰਾ।
(1) ਨਿਸਚਿਤ ਪਰਮਾਣਵਾਚਕ (2) ਅਨਿਸਚਿਤ ਪਰਮਾਣਵਾਚਕ
(1) ਨਿਸਚਿਤ ਪਰਮਾਣਵਾਚਕ ਵਿਸ਼ੇਸ਼ਣ – ਜਿਹੜਾ ਪਰਮਾਣਵਾਚਕ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਪੂਰੀ-ਪੂਰੀ ਮਿਣਤੀ, ਮਾਪ ਜਾਂ ਤੋਲ ਦੱਸੇ, ਉਹਨੂੰ ਨਿਸਚਿਤ ਪਰਮਾਣਵਾਚਕ ਵਿਸ਼ੇਸ਼ਣ ਆਖਦੇ ਹਨ। ਜਿਵੇਂ – ਪੰਜ ਕਿਲੋਗਰਾਮ, ਮੀਟਰ ਭਰ, ਗਿੱਠ ਭਰ, ਏਕੜ ਭਰ।
(2) ਅਨਿਸਚਿਤ ਪਰਮਾਣਵਾਚਕ ਵਿਸ਼ੇਸ਼ਣ – ਜਿਹੜਾ ਪਰਮਾਣਵਾਚਕ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਪੂਰੀ-ਪੂਰੀ ਮਿਣਤੀ, ਤੋਲ ਜਾਂ ਮਾਪ ਨਾ ਦੱਸੇ ਉਹਨੂੰ ਅਨਿਸਚਿਤ ਪਰਮਾਣਵਾਚਕ ਵਿਸ਼ੇਸ਼ਣ ਆਖਦੇ ਹਨ। ਜਿਵੇਂ –ਥੋੜ੍ਹਾ, ਬਹੁਤਾ, ਚੋਖਾ, ਚੋਖਾ ਸਾਰਾ, ਢੇਰ ਸਾਰਾ, ਕਾਫੀ, ਬਥੇਰਾ, ਹੋਰ।
ਨੋਟ – ਚੇਤੇ ਰੱਖੋ ਕਿ ਮਿਣਤੀਵਾਚਕ (ਪਰਮਾਣਵਾਚਕ) ਵਿਸ਼ੇਸ਼ਣਾਂ ਦਾ ਰੂਪ ਇਕ-ਵਚਨ ਹੁੰਦਾ ਹੈ। ਥੋੜ੍ਹ ਜਿਹਾ ਦੁੱਧ, ਬਹੁਤ ਸਾਰੀ ਭੋਂ, ਚੋਖਾ ਪਨੀਰ, ਬਹੁਤਾ ਧਨ, ਕੁਝ ਆਟਾ, ਹੋਰ ਧਨ।
ਜਦ ਇਹ ਸ਼ਬਦ ਬਹੁਵਚਨ ਹੋਣ, ਤਾਂ ਇਹ ਗਿਣਤੀ ਪ੍ਰਗਟ ਕਰਦੇ ਹਨ ਅਤੇ ਸੰਖਿਆਵਾਚਕ ਵਿਸ਼ੇਸ਼ਣ ਹੁੰਦੇ ਹਨ, ਥੋੜ੍ਹੇ ਵਿਦਿਆਰਥੀ, ਬਹੁਤੇ ਬੰਦੇ, ਕੁਝ ਪਰਾਹੁਣੇ, ਬਹੁਤ ਸਾਰੇ ਘੋੜੇ, ਚੋਖੇ ਮੰਗਤੇ, ਬਹੁਤ ਸਾਰੀਆਂ ਭੇਡਾਂ, ਹੋਰ ਘੋੜੀਆਂ।
4. ਨਿਸ਼ਚੇਵਾਚਕ ਵਿਸ਼ੇਸ਼ਣ– ਜਿਹੜਾ ਵਿਸ਼ੇਸ਼ਣ ਸੈਨਤ ਜਾਂ ਇਸ਼ਾਰੇ ਰਾਹੀਂ ਵਿਸ਼ੇਸ਼ ਨੂੰ ਆਮ ਤੋਂ ਖਾਸ ਬਣਾਵੇ, ਉਹਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਆਖਦੇ ਹਨ। ਜਿਵੇਂ– ‘ਇਹ’ ਕਿਤਾਬ ਮੇਰੀ ਹੈ, ‘ਉਹ’ ਤੁਹਾਡਾ ਘਰ ਹੈ,‘ਆਹ (ਐਹ)’ ਘੋੜਾ ਸਾਡਾ ਹੈ, ‘ਔਹ’ ਮੱਝ ਚਰ ਕੇ ਆਈ ਹੈ।
ਨਿਸ਼ਚੇਵਾਚਕ ਵਿਸ਼ੇਸ਼ਣ ਚਾਰ ਹਨ – ਇਹ, ਉਹ, ਆਹ (ਜਾਂ ਐਹ) ਤੇ ਔਹ। ਇਹਨਾਂ ਵਿਚੋਂ ‘ਇਹ ਤੇ ਆਹ (ਐਹ)’ ਗੱਲ ਕਰਨ ਵਾਲੇ ਦੇ ਨੇੜੇ ਦੀਆਂ ਸ਼ੈਆਂ ਪ੍ਰਗਟ ਕਰਨ ਵਾਲੇ ਨਾਵਾਂ ਨਾਲ ਆਉਂਦੇ ਹਨ ਤੇ ਨਿਕਟਵਰਤੀ ਨਿਸ਼ਚੇਵਾਚਕ ਵਿਸ਼ੇਸ਼ਣ ਅਖਵਾਉਂਦੇ ਹਨ। ‘ਉਹ’ ਤੇ ‘ਔਹ’ ਦੁਰੇਡੀਆਂ, ਅਰਥਾਤ ਗੱਲ ਕਰਨ ਵਾਲੇ ਤੋਂ ਪਰੇ ਪਈਆਂ ਸ਼ੈਆਂ ਆਦਿ ਨੂੰ ਪ੍ਰਗਟ ਕਰਨ ਵਾਲੇ ਨਾਵਾਂ ਨਾਲ ਆਉਂਦੇ ਹਨ ਅਤੇ ਦੂਰਵਰਤੀ ਨਿਸ਼ਚੇਵਾਚਕ ਅਖਵਾਉਂਦੇ ਹਨ।
ਨੋਟ – ਬੋਲ ਚਾਲ ਵਿਚ ਇਕ ਹੋਰ ਨਿਸ਼ਚੇਵਾਚਕ ਵਿਸ਼ੇਸ਼ਣ ਵੀ ਵਰਤਿਆ ਜਾਂਦਾ ਹੈ। ਉਹ ਹੈ ‘ਹਾਹ’। ਜਿਸ ਨਾਲ ਗੱਲ ਕੀਤੀ ਜਾਵੇ ਉਸ ਪਾਸਲੀ ਸ਼ੈ ਆਦਿ ਨੂੰ ਪ੍ਰਗਟ ਕਰਨ ਵਾਲੇ ਨਾਉਂ ਨਾਲ ਇਹ ਵਿਸ਼ੇਸ਼ਣ ਵਰਤਿਆ ਜਾਂਦਾ ਹੈ। ਜਿਵੇਂ – ‘ਆਹ’ ਜਾਂ ‘ਐਹ’ (ਗੱਲ ਕਰਨ ਵਾਲੇ ਜਾਂ ਮੇਰੇ ਪਾਸਲੀ) ਕਿਤਾਬ। ‘ਇਹ’ (ਗੱਲ ਕਰਨ ਵਾਲੇ ਦੇ ਜਾਂ ਮੇਰੇ ਨੇੜੇ ਪਈ) ਕਿਤਾਬ। ‘ਉਹ’ (ਗੱਲ ਕਰਨ ਵਾਲੇ ਤੋਂ ਜਾਂ ਮੈਥੋਂ ਦੂਰ ਪਈ) ਕਿਤਾਬ। ‘ਹਾਹ’(ਜਿਸ ਨਾਲ ਗੱਲ ਹੋ ਰਹੀ ਹੈ ਉਸ ਪਾਸਲੀ ਜਾਂ ਤੇਰੇ ਪਾਸਲੀ) ਕਿਤਾਬ। ਆਹ ਪੱਤਾ ਤੂਤ ਦਾ ਹੈ, ਹਾਹ ਪੱਤਾ ਕਿਹੜੇ ਰੁੱਖ ਦਾ ਹੈ?
‘ਹਾਹ’ ਦਾ ਸਬੰਧਕੀ ਰੂਪ ‘ਹੈਸ’ ਹੈ, ਮੈਂ ਐਸ ਰੁੱਖ ਤੇ ਚੜ੍ਹਦਾ ਹਾਂ ਤੂੰ ਹੈਸ ਰੁੱਖ ਤੇ ਚੜ੍ਹ।
- ਪੜਨਾਵੀਂ ਵਿਸ਼ੇਸ਼ਣ– ਜਿਹੜਾ ਵਿਸ਼ੇਸ਼ਣ ਅਸਲ ਵਿੱਚ ਪੜਨਾਉਂ ਹੋਵੇ ਜਾਂ ਪੜਨਾਉਂ ਤੋਂ ਬਣਿਆ ਹੋਵੇ, ਪਰ ਨਾਉਂ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਵੇ, ਉਹਨੂੰ ਪੜਨਾਵੀਂ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ -‘ਉਹ’ ਲੋਕ ਜੋ ਆਪੋ ਵਿੱਚ ਲੜਦੇ ਰਹਿੰਦੇ ਹਨ, ਦੁਖੀ ਹੁੰਦੇ ਹਨ। ਮੇਰੀ ਪੁਸਤਕ ‘ਤੇਰੇ’ ਬਸਤੇ ਵਿਚ ਕੀਕੁਰ ਚਲੀ ਗਈ?
ਪੜਨਾਵੀਂ ਵਿਸ਼ੇਸ਼ਣ ਦੋ ਪ੍ਰਕਾਰ ਦੇ ਹੁੰਦੇ ਹਨ।
(1) ਮੂਲ ਰੂਪ ਪੜਨਾਵੀਂ ਵਿਸ਼ੇਸ਼ਣ (2) ਉਤਪੰਨ ਰੂਪ ਪੜਨਾਵੀਂ ਵਿਸ਼ੇਸ਼ਣ
(1) ਮੂਲ ਰੂਪ ਪੜਨਾਵੀਂ ਵਿਸ਼ੇਸ਼ਣ – ਜਿਹੜਾ ਵਿਸ਼ੇਸ਼ਣ ਆਪਣੇ ਪੜਨਾਵੀਂ ਰੂਪ ਵਿੱਚ ਹੀ ਵਿਸ਼ੇਸ਼ਣ ਦਾ ਕੰਮ ਕਰ ਸਕੇ, ਉਹ ਮੂਲ ਰੂਪ ਪੜਨਾਵੀਂ ਵਿਸ਼ੇਸ਼ਣ ਹੁੰਦਾ ਹੈ। ਜਿਵੇਂ – ਉਹ (ਆਦਮੀ). ਇਹ (ਦੇਸ), ਕੌਣ (ਮਨੁੱਖ), ਕਿਹੜਾ (ਜਵਾਨ), ਕੀ (ਸ਼ੈ), ਜੋ (ਇਨਸਾਨ)।
(2) ਉਤਪੰਨ ਰੂਪ ਪੜਨਾਵੀਂ ਵਿਸ਼ੇਸ਼ਣ – ਜਿਹੜਾ ਵਿਸ਼ੇਸ਼ਣ ਕਿਸੇ ਪੜਨਾਉਂ ਤੋਂ ਬਣ ਕੇ ਵਿਸ਼ੇਸ਼ਣ ਦਾ ਕੰਮ ਕਰਦਾ ਹੈ, ਉਹਨੂੰ ਉਤਪੰਨ ਰੂਪ ਪੜਨਾਵੀਂ ਵਿਸ਼ੇਸ਼ਣ ਆਖਦੇ ਹਨ। ਜਿਵੇਂ – ਮੇਰਾ, ਤੇਰਾ, ਸਾਡਾ, ਤੁਹਾਡਾ, ਉਹਦਾ, ਕੀਹਦਾ, ਕਿੰਨਾ, ਜਿੰਨਾ, ਕੋਡਾ, ਜਿਹਾ।
ਨੋਟ – ਇਹ ਚੇਤੇ ਰੱਖੋ ਕਿ ਜਿਹੜੇ ਸ਼ਬਦ ਨਿਸ਼ਚੇਵਾਚਕ ਤੇ ਹੋਰ ਪਰਕਾਰ ਦੇ ਵਿਸ਼ੇਸ਼ਣ ਹੁੰਦੇ ਹਨ, ਜਦ ਉਹ ਨਾਵਾਂ ਤੋਂ ਬਿਨਾ ਆਉਣ ਤਾਂ ਪੜਨਾਉਂ ਹੁੰਦੇ ਹਨ ਤੇ ਜਦ ਨਾਵਾਂ ਦੇ ਨਾਲ ਆਉਣ ਤਾਂ ਵਿਸ਼ੇਸ਼ਣ ਹੁੰਦੇ ਹਨ। ਜਿਵੇਂ –
ਵਿਸ਼ੇਸ਼ਣ – ‘ਇਹ’ ਕੁੜੀ ਬੀਬੀ ਹੈ।
ਪੜਨਾਉਂ – ‘ਇਹ’ ਬੀਬੀ ਹੈ।
ਵਿਸ਼ੇਸ਼ਣ – ‘ਉਹ’ ਮੁੰਡਾ ਸਾਊ ਹੈ।
ਪੜਨਾਉਂ – ‘ਉਹ’ ਸਾਊ ਹੈ।
ਵਿਸ਼ੇਸ਼ਣ – ‘ਚਾਰ’ ਜਵਾਨ ਨੱਸ ਰਹੇ ਹਨ।
ਪੜਨਾਉਂ – ‘ਚਾਰ’ ਬੈਠੇ ਹਨ, ‘ਚਾਰ’ ਖੜ੍ਹੇ ਹਨ।
ਵਿਸ਼ੇਸ਼ਣ – ‘ਕਈ’ ਲੋਕ ਅਮੀਰ ਹਨ।
ਪੜਨਾਉਂ – ‘ਕਈ’ ਗ਼ਰੀਬ ਹਨ।
ਵਿਸ਼ੇਸ਼ਣ – ‘ਕੋਈ’ ਓਪਰਾ ਬੰਦਾ ਆਇਆ ਹੈ।
ਪੜਨਾਉਂ – ‘ਕੋਈ’ ਆਇਆ ਹੈ।
- ਦਰਜਾ ਜਾਂ ਅਵਸਥਾ
ਗੁਣਵਾਚਕ ਵਿਸ਼ੇਸ਼ਣ ਦੇ ਤਿੰਨ ਦਰਜੇ ਜਾਂ ਅਵਸਥਾਵਾਂ ਹੁੰਦੀਆਂ ਹਨ –
(1) ਪਹਿਲਾ ਦਰਜਾ ਜਾਂ ਸਧਾਰਨ ਅਵਸਥਾ – ਜਦੋਂ ਵਿਸ਼ੇਸ਼ ਦਾ ਉਸੇ ਹੁਣ ਵਾਲੇ ਕਿਸੇ ਹੋਰ ਨਾਉਂ ਨਾਲ ਟਾਕਰਾ ਨਹੀਂ ਕੀਤਾ ਹੁੰਦਾ, ਸਗੋਂ ਕੇਵਲ ਉਹਦੇ ਹੀ ਗੁਣ ਜਾਂ ਔਗੁਣ ਦੱਸੇ ਜਾਂਦੇ ਹਨ ਤਾਂ ਵਿਸ਼ੇਸ਼ਣ ਪਹਿਲੇ ਦਰਜੇ ਜਾਂ ਸਧਾਰਨ ਅਵਸਥਾ ਵਿੱਚ ਹੁੰਦਾ ਹੈ। ਜਿਵੇਂ – ਚੰਗਾ, ਸੋਹਣੀ, ਤਕੜਾ, ਮੋਟਾ, ਛੋਟੀ। ਇਹ ਮੂਰਤ ਸੋਹਣੀ ਹੈ, ਉਹ ਮੁੰਡਾ ਮੋਟਾ ਹੈ।
(2) ਦੂਜਾ ਦਰਜਾ ਜਾਂ ਅਧਿਕਤਰ ਅਵਸਥਾ – ਜਦੋਂ ਵਿਸ਼ੇਸ਼ ਦੇ ਕਿਸੇ ਗੁਣ ਔਗੁਣ ਦਾ ਕਿਸੇ ਹੋਰ ਨਾਉਂ ਦੇ ਉਸੇ ਗੁਣ ਜਾਂ ਔਗੁਣ ਨਾਲ ਟਕਰਾ ਕੀਤਾ ਜਾਵੇ, ਅਤੇ ਉਸ ਨੂੰ ਦੂਜੇ ਨਾਲੋਂ ਅਧਿਕ (ਵਧੇਰੇ ਗੁਣ ਔਗੁਣ ਵਾਲਾ) ਦੱਸਿਆ ਜਾਵੇ, ਤਾਂ ਉਹ ਵਿਸ਼ੇਸ਼ਣ ਦੂਜੇ ਦਰਜੇ ਜਾਂ ਅਧਿਕਤਰ ਅਵਸਥਾ ਵਿੱਚ ਕਿਹਾ ਜਾਂਦਾ ਹੈ। ਜਿਵੇਂ – ‘ਚੰਗੇਰਾ’, ‘ਮੁਟੇਰਾ’, ‘ਛੁਟੇਰਾ’, ‘ਲੰਮੇਰਾ’, ‘ਪਤਲੇਰਾ’, ‘ਉੱਚਤਰ’, ‘ਨਵੀਨਤਰ’। ਤੁਹਾਡਾ ਘੋੜਾ ਜਰੂਰ ਚੰਗਾ ਹੈ, ਪਰ ਮੇਰਾ ਉਸ ਨਾਲੋਂ ਚੰਗੇਰਾ ਹੈ।
(3) ਤੀਜਾ ਦਰਜਾ ਜਾਂ ਅਧਿਕਤਮ ਅਵਸਥਾ – ਜਦੋਂ ਵਿਸ਼ੇਸ਼ ਦੇ ਕਿਸੇ ਗੁਣ ਔਗੁਣ ਦਾ ਇੱਕ ਤੋਂ ਵਧੀਕ ਨਾਵਾਂ ਦੇ ਉਸੇ ਗੁਣ ਔਗੁਣ ਨਾਲ ਟਾਕਰਾ ਕੀਤਾ ਜਾਵੇ ਤੇ ਉਹਨੂੰ ਅਧਿਕਤਮ (ਸਭ ਤੋਂ ਵਧੇਰੇ ਗੁਣ ਔਗੁਣ ਵਾਲਾ) ਦੱਸਿਆ ਜਾਵੇ, ਤਾਂ ਵਿਸ਼ੇਸ਼ਣ ਤੀਜੇ ਦਰਜੇ ਜਾਂ ਅਧਿਕਤਮ ਅਵਸਥਾ ਵਿਚ ਹੁੰਦਾ ਹੈ। ਜਿਵੇਂ – ਸਭ ਤੋਂ ਚੰਗਾ, ਨਵੀਨਤਮ, ਉੱਚਤਮ, ਨੀਚਤਮ।
ਦੂਜੇ ਤੇ ਤੀਜੇ ਦਰਜੇ ਜਾਂ ਅਧਿਕਤਰ ਤੇ ਅਧਿਕਤਮ ਅਵਸਥਾ ਵਿਚਲੇ ਵਿਸ਼ੇਸ਼ਣਾਂ ਤੋਂ ਪਹਿਲਾਂ ‘ਨਾਲੋਂ’ ਜਾਂ ‘ਤੋਂ’ ਲਾਇਆ ਜਾਂਦਾ ਹੈ, ਅਤੇ ਕਈ ਕੰਨਾ ਅੰਤਿਕਾ ਵਿਸ਼ੇਸ਼ਣਾਂ ਦੀ ਅਧਿਕਤਰ ਅਵਸਥਾ ਅਖੀਰਲੇ ਕੰਨੇ ਦੀ ਥਾਂ ‘ਲਾਂ’ ਲਾ ਕੇ ਮਗਰ ‘ਰਾ’ ਵਧਾ ਕੇ ਬਣਾਈ ਜਾਂਦੀ ਹੈ। ਜਿਵੇਂ – ਛੋਟਾ-ਛੁਟੇਰਾ, ਮੋਟਾ-ਮੁਟੇਰਾ, ਪਤਲਾ-ਪਤਲੇਰਾ, ਚੰਗਾ-ਚੰਗੇਰਾ, ਉੱਚਾ-ਉਚੇਰਾ, ਮਾੜਾ-ਮਰੇੜਾ, ਲੰਮਾ-ਲੰਮੇਰਾ, ਮੰਦਾ-ਮੰਦੇਰਾ, ਉਤਲਾ-ਉਤਲੇਰਾ, ਹੇਠਲਾ-ਹੇਠਲੇਰਾ, ਪੋਲਾ-ਪੋਲੇਰਾ।
- ਕਾਰਕ-ਰੂਪ ਸਾਧਨਾ
(1) ਜਿਨ੍ਹਾਂ ਗੁਣਵਾਚਕ ਵਿਸ਼ੇਸ਼ਣਾਂ ਦੇ ਅੰਤ ਵਿੱਚ ਕੰਨਾ ਹੁੰਦਾ ਹੈ, ਉਹ ਲਿੰਗ, ਵਚਨ ਅਤੇ ਕਾਰਕ ਕਰਕੇ ਕੰਨਾ-ਅੰਤਿਕ ਨਾਵਾਂ ਵਾਕੁਰ ਹੀ ਰੂਪ ਬਦਲਦੇ ਹਨ। ਜਿਵੇਂ – ਬੀਬਾ
ਕਾਰਕ ਰੂਪ |
ਪੁਲਿੰਗ |
ਇਸਤਰੀ ਲਿੰਗ |
||
ਇੱਕ-ਵਚਨ |
ਬਹੁਵਚਨ |
ਇੱਕ-ਵਚਨ |
ਬਹੁਵਚਨ |
|
ਸਧਾਰਨ |
ਬੀਬਾ ਕਾਕਾ |
ਬੀਬੇ ਕਾਕੇ |
ਬੀਬੀ ਕਾਕੀ |
ਬੀਬੀਆਂ ਕਾਕੀਆਂ |
ਸਬੰਧਕੀ |
ਬੀਬੇ ਕਾਕੇ |
ਬੀਬਿਆਂ ਕਾਕਿਆਂ |
ਬੀਬੀ ਕਾਕੀ |
ਬੀਬੀਆਂ ਕਾਕੀਆਂ |
ਸੰਬੋਧਨ |
ਬੀਬਿਆ |
ਬੀਬਿਓ |
ਬੀਬੀਏ |
ਬੀਬੀਓ |
ਕਾਕਿਆ |
ਕਾਕਿਓ |
ਕਾਕੀਏ |
ਕਾਕੀਓ |
(2) (ੳ) ਜਿਨ੍ਹਾਂ ਗੁਣਵਾਚਕ ਵਿਸ਼ੇਸ਼ਣਾਂ ਦੇ ਅੰਤ ਵਿੱਚ ਕੰਨਾ ਨਹੀਂ ਹੁੰਦਾ, ਉਹ ਲਿੰਗ ਵਚਨ, ਤੇ ਕਾਰਕ ਕਰਕੇ ਆਪਣਾ ਰੂਪ ਨਹੀਂ ਬਦਲਦੇ। ਜਿਹਾ ਕਿ ਉੱਪਰ ਦਿੱਤੇ ਨਕਸ਼ੇ ਵਿੱਚ ਜੇ ਵਿਸ਼ੇਸ਼ਣ ‘ਬੀਬਾ’ ਦੀ ਥਾਂ ‘ਨੇਕ’,‘ਮਿਹਨਤੀ’, ‘ਬਲਵਾਨ’, ‘ਚਲਾਕ’ ਆਦਿ ਵਰਤਿਆ ਜਾਵੇ, ਤਾਂ ਸਭ ਥਾਈਂ ਰੂਪ ਇੱਕੋ ਹੀ ਰਹੇਗਾ। ਜਿਵੇਂ – ਨੇਕ ਕਾਕਾ, ਨੇਕ ਕਾਕੇ, ਨੇਕ ਕਾਕਿਆ, ਨੇਕ ਕਾਕਿਆਂ, ਨੇਕ ਕਾਕਿਓ, ਨੇਕ ਕਾਕੀ, ਨੇਕ ਕਾਕੀਆਂ, ਨੇਕ ਕਾਕੀਓ।
ਅਜੋਕੀ ਵਰਤੋਂ ਵਿੱਚ ਅਜੇਹੇ ਵਿਸ਼ੇਸ਼ਣਾਂ ਦਾ ਬਹੁਵਚਨ ਸਬੰਧਕੀ ਰੂਪ ਇਕਵਚਨ ਵਾਲਾ ਹੀ ਰੱਖਿਆ ਜਾਂਦਾ ਹੈ। ਜਿਵੇਂ – ਬੀਬੇ ਕਾਕਿਆਂ ਨੂੰ, ਬੀਬੀ ਕਾਕੀਆਂ ਦਾ।
(ਅ) ਪਰ ਕਦੇ ਕਦੇ ਮੁਕਤਾ-ਅੰਤਿਕ ਜਾਂ ਬਿਹਾਰੀ-ਅੰਤਿਕ ਗੁਣਵਾਚਕ ਵਿਸ਼ੇਸ਼ਣ ਵੀ ਲਿੰਗ, ਵਚਨ ਤੇ ਕਾਰਕ ਕਰਕੇ ਰੂਪ ਬਦਲ ਲੈਂਦੇ ਹਨ ਜਿਹਾ ਕਿ – ਗ਼ਰੀਬ
ਕਾਰਕ ਰੂਪ |
ਪੁਲਿੰਗ |
ਇਸਤਰੀ ਲਿੰਗ |
||
ਇੱਕ-ਵਚਨ |
ਬਹੁਵਚਨ |
ਇੱਕ-ਵਚਨ |
ਬਹੁਵਚਨ |
|
ਸਧਾਰਨ |
ਗ਼ਰੀਬ ਮੁੰਡਾ |
ਗ਼ਰੀਬ ਮੁੰਡੇ |
ਗ਼ਰੀਬਣੀ ਕੁੜੀ |
ਗ਼ਰੀਬਣੀਆਂ ਕੁੜੀਆਂ |
ਸਬੰਧਕੀ |
ਗ਼ਰੀਬ ਮੁੰਡੇ |
ਗਰੀਬ ਮੁੰਡਿਆਂ |
ਗ਼ਰੀਬਣੀ ਕੁੜੀ |
ਗ਼ਰੀਬਣੀਆਂ ਕੁੜੀਆਂ |
ਸੰਬੋਧਨ |
ਗ਼ਰੀਬਾ |
ਗ਼ਰੀਬੋ |
ਗ਼ਰੀਬਣੀਏ |
ਗ਼ਰੀਬਣੀਓ |
ਮੁੰਡਿਆ |
ਮੁੰਡਿਓ |
ਕੁੜੀਏ |
ਕੁੜੀਓ |
(3) ਜਦ ਗੁਣਵਾਚਕ ਵਿਸ਼ੇਸ਼ਣ ਇਕੱਲਾ ਹੋਵੇ, ਉਸ ਨਾਲ ਵਿਸ਼ੇਸ਼ ਨਾ ਲੱਗਾ ਹੋਵੇ ਤਾਂ ਉਹਦੇ ਅੰਤ ਵਿੱਚ ਭਾਂਵੇ ਕੋਈ ਵੀ ਲਗ ਹੋਵੇ, ਉਸ ਦਾ ਰੂਪ ਲਿੰਗ, ਵਚਨ ਤੇ ਕਾਰਕ ਕਰਕੇ ਬਦਲ ਜਾਂਦਾ ਹੈ ਜਿਹਾ ਕਿ ਉੱਦਮੀ, ਸੂੰਮ
ਕਾਰਕ ਰੂਪ |
ਪੁਲਿੰਗ |
ਇਸਤਰੀ ਲਿੰਗ |
||
ਇੱਕ-ਵਚਨ |
ਬਹੁਵਚਨ |
ਇੱਕ-ਵਚਨ |
ਬਹੁਵਚਨ |
|
ਸਧਾਰਨ |
ਉੱਦਮੀ, ਸੂੰਮ |
ਉੱਦਮੀ, ਸੂੰਮਾਂ |
ਉੱਦਮ, ਸੂੰਮਣ |
ਉੱਦਮਣਾਂ, ਸੂੰਮਣਾਂ |
ਸਬੰਧਕੀ |
ਉੱਦਮੀ, ਸੂੰਮ |
ਉੱਦਮੀਆ, ਸੂੰਮਾਂ |
ਉੱਦਮਣ, ਸੂੰਮਣ |
ਉੱਦਮਣਾਂ, ਸੂੰਮਣਾਂ |
ਸੰਬੋਧਨ |
ਉੱਦਮੀਆ, ਸੂੰਮਾ |
ਉੱਦਮੀਓ, ਸੂੰਮੋ |
ਉੱਦਮਣੇ, ਸੂੰਮਣੇ |
ਉੱਦਮਣੋ, ਸੂੰਮਣੋ |
ਨੋਟ – ਕਈ ਗੁਣਵਾਚਕ ਵਿਸ਼ੇਸ਼ਣ ਅਜੇਹੇ ਹਨ ਕਿ ਉਨ੍ਹਾਂ ਨੂੰ ਨਾਵਾਂ ਵਾਕੁਰ ਹੀ ਵਰਤਿਆ ਜਾ ਸਕਦਾ ਹੈ। ਜਿਵੇਂ – ਮਾੜੇ ਬੰਦਿਆਂ ਦੀ ਕੌਣ ਪਰਵਾਹ ਕਰਦਾ ਹੈ। ਏਥੇ ਮਾੜੇ ਦੁਖੀ ਹਨ ਤੇ ਤਕੜੇ ਮੌਜਾਂ ਲੁੱਟ ਰਹੇ ਹਨ। ਗ਼ਰੀਬ ਲੋਕਾਂ ਦਾ ਭਲਾ ਕਰਨਾ ਚਾਹੀਦਾ ਹੈ। ਗਰੀਬਾਂ ਦੀ ਸਹਾਇਤਾ ਕਰੋ। ਅਮੀਰ ਲੋਕ ਜੋ ਜੀ ਕਰੇ ਕਰਦੇ ਹਨ। ਅਮੀਰ ਅਨੰਦ ਭੋਗ ਰਹੇ ਹਨ ਤੇ ਗ਼ਰੀਬ ਫਾਕੇ ਕੱਟਦੇ ਹਨ। ਪੰਜਾਬੀ ਜਿੱਥੇ ਵੀ ਜਾਂਦੇ ਹਨ, ਮਿਹਨਤ ਕਰ ਕੇ ਸਫਲਤਾਵਾਂ ਪ੍ਰਾਪਤ ਕਰ ਲੈਂਦੇ ਹਨ। ਵਿਦਵਾਨ ਬੰਦੇ ਹਰ ਥਾਂ ਸਤਕਾਰੇ ਜਾਂਦੇ ਹਨ। ਵਿਦਵਾਨਾਂ ਦੀ ਹਰ ਥਾਂ ਕਦਰ ਹੁੰਦੀ ਹੈ। ਵਾਕਾਂ ਦੀਆਂ ਇਨ੍ਹਾਂ ਟੋਲੀਆਂ ਦੇ ਪਹਿਲੇ ਅੰਗਾਂ ਵਿਚ ‘ਮਾੜੇ’, ‘ਗ਼ਰੀਬ’, ‘ਅਮੀਰ’, ‘ਪੰਜਾਬੀ’, ਤੇ ‘ਵਿਦਵਾਨ’ ਗੁਣਵਾਚਕ ਵਿਸ਼ੇਸ਼ਣ ਹਨ ਤੇ ਦੂਜੇ ਅੰਗਾਂ ਵਿੱਚ ਨਾਉਂ ਹਨ।