ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love


ਸ਼ਬਦ-ਬੋਧ

ਕਾਂਡ 8 ਕਿਰਿਆ-ਵਿਸ਼ੇਸ਼ਣ

ਕਿਰਿਆ-ਵਿਸ਼ੇਸ਼ਣ – ਜਿਹੜਾ ਸ਼ਬਦ ਕਿਸੇ ਵਿਸ਼ੇਸ਼ਣ, ਕਿਰਿਆ, ਜਾਂ ਕਿਰਿਆ ਵਿਸ਼ੇਸ਼ਣ ਦੇ ਅਰਥਾਂ ਵਿੱਚ ਵਿਸ਼ੇਸ਼ਤਾ ਪ੍ਰਗਟ ਕਰੇ, ਜਾਂ ਕਿਸੇ ਕੰਮ ਦੇ ਹੋਣ ਦਾ ਸਮਾਂ, ਟਿਕਾਣਾ, ਕਾਰਣ, ਜਾਂ ਢੰਗ ਦੱਸੇ, ਉਹਨੂੰ ਕਿਰਿਆ-ਵਿਸ਼ੇਸ਼ਣ ਆਖਦੇ ਹਨ। ਜਿਵੇਂ – ਹੁਣ, ਅਜੇ, ਅੱਜ, ਛੇਤੀ, ਇਧਰ, ਬਹੁਤ, ਬੜਾ। ਜਿਹੜੇ ਸ਼ਬਦ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦਾ ਸਮਾਂ, ਥਾਂ ਟਿਕਾਣਾ, ਕਾਰਨ, ਤਰੀਕਾ, ਆਦਿਕ ਦੱਸਣ, ਜਾਂ ਕਿਸੇ ਵਿਸ਼ੇਸ਼ਣ ਜਾਂ ਕਿਰਿਆ-ਵਿਸ਼ੇਸ਼ਣ ਦੇ ਅਰਥਾਂ ਵਿੱਚ ਵਿਸ਼ੇਸ਼ਤਾ ਪੈਦਾ ਕਰਨ, ਅਰਥਾਤ, ਕਿਸੇ ਵਿਸ਼ੇਸ਼ਣ ਜਾਂ ਕਿਰਿਆ-ਵਿਸ਼ੇਸ਼ਣ ਤੋਂ ਪ੍ਰਗਟ ਹੋਣ ਵਾਲੇ ਗੁਣ, ਢੰਗ ਆਦਿਕ ਨੂੰ ਹੋਰ ਵਧੇਰੇ ਜਾਂ ਘੱਟ ਦਰਸਾਉਣ, ਉਹਨਾਂ ਨੂੰ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ – ਅੱਜ, ਹੁਣ, ਕੱਲ੍ਹ, ਸਵੇਰੇ, ਏਥੇ, ਓਥੇ, ਹੌਲੀ, ਛੇਤੀ, ਕਾਹਲੀ। ‘ਉਹ ਬਹੁਤ ਹੱਸਦਾ ਹੈ। ਉਹ ਛੇਤੀ ਤੁਰਦਾ ਹੈ। ਉਹ ਪਰਸੋਂ ਆਇਆ ਸੀ। ਉਹ ਏਥੇ ਬੈਠਾ ਹੈ।’ ਇਹਨਾਂ ਵਾਕਾਂ ਵਿੱਚ ਸ਼ਬਦ ‘ਬਹੁਤ’ ਹੱਸਣ ਦੀ ਮਿਕਦਾਰ, ‘ਛੇਤੀ-ਛੇਤੀ’ ਤੁਰਨ ਦਾ ਤਰੀਕਾ, ‘ਪਰਸੋਂ’ ਆਉਣ ਦਾ ਸਮਾਂ, ਅਤੇ ‘ਏਥੇ’ ਬੈਠਣ ਦੀ ਥਾਂ ਦੱਸਦਾ ਹੈ। ਇਹ ਸ਼ਬਦ ਇਨ੍ਹਾਂ ਕਿਰਿਆਂ ਦੇ ਵਿਸ਼ੇਸ਼ਣ ਜਾਂ ਕਿਰਿਆ-ਵਿਸ਼ੇਸ਼ਣ ਹਨ। ‘ਬਹੁਤ ਭੈੜਾ ਸਮਾਂ ਆ ਰਿਹਾ ਹੈ। ਉਹ ਬਹੁਤ ਚੰਗਾ ਬੰਦਾ ਹੈ।’ ਇਹਨਾਂ ਵਾਕਾਂ ਵਿੱਚ ਆਇਆ ਸ਼ਬਦ ‘ਬਹੁਤ’ ਵਿਸ਼ੇਸ਼ਣ ‘ਭੈੜਾ’ ਤੇ ‘ਚੰਗਾ’ ਤੋਂ ਪ੍ਰਗਟ ਹੋ ਰਹੇ ਗੁਣ-ਔਗੁਣ ਨੂੰ ਹੋਰ ਵਧੇਰੇ ਕਰ ਕੇ ਦਰਸਾਉਂਦਾ ਹੈ, ਵਿਸ਼ੇਸ਼ ਕਰਦਾ ਹੈ। ਇਸ ਲਈ ਇਹਨਾਂ ਵਿਸ਼ੇਸ਼ਣਾਂ ਦਾ ਵਿਸ਼ੇਸ਼ਣ ਹੈ। ਵਿਆਕਰਨ ਵਾਲੇ ਵਿਸ਼ੇਸ਼ਣਾਂ ਦੇ ਵਿਸ਼ੇਸ਼ਣ ਨੂੰ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ। ਸੋ ਏਥੇ ‘ਬਹੁਤ’ ਕਿਰਿਆ-ਵਿਸ਼ੇਸ਼ਣ ਹੈ। ‘ਮੈਂ ਬਹੁਤ ਛੇਤੀ-ਛੇਤੀ ਤੁਰਦਾ ਹਾਂ। ਤੁਸੀਂ ਬਹੁਤ ਹੌਲੀ-ਹੌਲੀ ਤੁਰਦੇ ਹੋ।’ ਇਹਨਾਂ ਵਾਕਾਂ ਵਿੱਚ ਆਇਆ ਸ਼ਬਦ ‘ਬਹੁਤ’ ਕਿਰਿਆ-ਵਿਸ਼ੇਸ਼ਣਾਂ ‘ਛੇਤੀ-ਛੇਤੀ’ ਤੇ ‘ਹੌਲੀ-ਹੌਲੀ’ ਤੋਂ ਪ੍ਰਗਟ ਹੋਏ ਤੁਰਨ ਦੇ ਢੰਗ ਨੂੰ ਵਧੇਰੇ ਕਰ ਕੇ,ਵਿਸ਼ੇਸ਼ ਕਰ ਕੇ ਦੱਸਦਾ ਹੈ। ਇਸ ਲਈ ਇਹ ਇਨ੍ਹਾਂ ਕਿਰਿਆ-ਵਿਸ਼ੇਸ਼ਣਾਂ ਦਾ ਵਿਸ਼ੇਸ਼ਣ ਹੈ। ਵਿਆਕਰਣ ਦੀ ਬੋਲੀ ਵਿੱਚ ਕਿਰਿਆ-ਵਿਸ਼ੇਸ਼ਣ ਦੇ ਵਿਸ਼ੇਸ਼ਣ ਨੂੰ ਵੀ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ। ਇਸ ਕਰਕੇ ਏਥੇ ‘ਬਹੁਤ’ਕਿਰਿਆ-ਵਿਸ਼ੇਸ਼ਣ ਹੈ।

ਕਿਰਿਆ-ਵਿਸ਼ੇਸ਼ਣ ਦੀਆਂ ਕਿਸਮਾਂ
ਕਿਰਿਆ-ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ –

(1) ਕਾਲਵਾਚਕ ਕਿਰਿਆ-ਵਿਸ਼ੇਸ਼ਣ
(2) ਸਥਾਨਵਾਚਕ ਕਿਰਿਆ-ਵਿਸ਼ੇਸ਼ਣ
(3) ਪਰਕਾਰਵਾਚਕ ਕਿਰਿਆ-ਵਿਸ਼ੇਸ਼ਣ
(4) ਪਰਮਾਣਵਾਚਕ ਕਿਰਿਆ-ਵਿਸ਼ੇਸ਼ਣ
(5) ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ
(6) ਨਿਰਨਾਵਾਚਕ ਕਿਰਿਆ-ਵਿਸ਼ੇਸ਼ਣ
(7) ਕਾਰਨਵਾਚਕ ਕਿਰਿਆ-ਵਿਸ਼ੇਸ਼ਣ
(8) ਤਾਕੀਦਵਾਚਕ ਕਿਰਿਆ-ਵਿਸ਼ੇਸ਼ਣ

(1) ਕਾਲਵਾਚਕ ਕਿਰਿਆ-ਵਿਸ਼ੇਸ਼ਣ – ਜਿਹੜੇ ਕਿਰਿਆ-ਵਿਸ਼ੇਸ਼ਣ ਕਿਸੇ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦੇ ਹੋਣ ਜਾਂ ਕੀਤੇ ਜਾਣ ਦਾ ਸਮਾਂ ਦੱਸਣ, ਉਹਨਾਂ ਨੂੰ ਕਾਲਵਾਚਕ ਕਿਰਿਆ-ਵਿਸ਼ੇਸ਼ਣ ਆਖਦੇ ਹਨ। ਜਿਵੇਂ –‘ਅੱਜ’ ਮੀਂਹ ਵਰ੍ਹੇਗਾ। ਉਹ ‘ਪਰਸੋਂ’ ਗਿਆ ਸੀ। ਤੁਸੀਂ ‘ਭਲਕੇ ਸਵੇਰੇ’ ਦਿੱਲੀ ਜਾਓਗੇ। ਅਸੀਂ ‘ਹੁਣੇ’ ਪਹੁੰਚ ਰਹੇ ਹਾਂ। ਇਹਨਾਂ ਵਾਕਾਂ ਵਿੱਚ ਅੱਜ, ਪਰਸੋਂ, ਭਲਕੇ ਸਵੇਰੇ, ਹੁਣੇ ਕਾਲਵਾਚਕ ਕਿਰਿਆ-ਵਿਸ਼ੇਸ਼ਣ ਹਨ। ਇਸੇ ਤਰ੍ਹਾਂ ਕਦੇ, ਕਦੋਂ, ਜਦ, ਜਦੋਂ, ਓਦੋਂ, ਪਰ ਸਾਲ ਵੀ ਅਜੇਹੇ ਕਿਰਿਆ-ਵਿਸ਼ੇਸ਼ਣ ਹਨ।

(2) ਸਥਾਨਵਾਚਕ ਕਿਰਿਆ-ਵਿਸ਼ੇਸ਼ਣ – ਜਿਹੜੇ ਕਿਰਿਆ-ਵਿਸ਼ੇਸ਼ਣ ਕਿਸੇ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦੇ ਹੋਣ ਜਾਂ ਕੀਤੇ ਜਾਣ ਦਾ ਥਾਂ ਟਿਕਾਣਾ ਦੱਸਣ, ਉਹਨਾਂ ਨੂੰ ਸਥਾਨਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ – ‘ਉਹ ਏਥੇ ਖੜ੍ਹਾ ਹੈ। ਮੈਂ ਓਧਰ ਜਾ ਰਿਹਾ ਹਾਂ, ਜਿੱਧਰੋਂ ਉਹ ਆਇਆ ਹੈ। ਅੰਬ ਹੇਠਾਂ ਡਿੱਗ ਪਿਆ। ਭੁਕਾਨਾ ਉੱਪਰ ਚੜ੍ਹ ਗਿਆ ਹੈ। ਮੈਂ ਨੇੜੇ ਪਹੁੰਚ ਗਿਆ। ਤੁਸੀਂ ਦੂਰ ਚਲੇ ਗਏ।’ ਇਹਨਾਂ ਵਾਕਾਂ ਵਿੱਚ ਏਥੇ, ਓਧਰ, ਜਿੱਧਰੋਂ, ਹੇਠਾਂ, ਉੱਪਰ, ਨੇੜੇ ਤੇ ਦੂਰ ਸਥਾਨਵਾਚਕ ਕਿਰਿਆ-ਵਿਸ਼ੇਸ਼ਣ ਹਨ। ‘ਸੱਜੇ, ਖੱਬੇ, ਸੱਜੇ ਖੱਬੇ, ਹੇਠਾਂ ਉੱਤੇ, ਅੰਦਰ,  ਬਾਹਰ, ਕਿੱਧਰ,  ਪਰੇ, ਪਾਸ,  ਇੱਧਰ, ਐਧਰ, ਔਧਰ, ਹੈਧਰ’ ਵੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਹਨ।
ਕਈ ਵੇਰ ਥਾਂ (ਅਸਥਾਨ) ਤੇ ਸਮਾਂ ਦੱਸਣ ਵਾਲੇ ਨਾਉਂ ਵੀ ਕਿਰਿਆ-ਵਿਸ਼ੇਸ਼ਣ ਦਾ ਕੰਮ ਕਰਦੇ ਹਨ। ਜਿਵੇਂ – ਉਹ ਅੰਮ੍ਰਿਤਸਰ ਵੱਸਦਾ ਹੈ, ਮੈਂ ਘਰ (ਸਕੂਲੇ, ਕਾਲਜ, ਦਿੱਲੀ) ਗਿਆ ਸਾਂ। ਮੈਂ ਘਰੋਂ (ਪਿੰਡੋਂ, ਸ਼ਹਿਰੋਂ, ਦਿੱਲੀਓਂ,ਸਕੂਲੋਂ, ਕਾਲਜੋਂ) ਆਇਆ ਹਾਂ। ਤੁਸੀਂ ਰਾਤੀਂ (ਦਿਨੇ, ਸ਼ਾਮੀਂ) ਕਿੱਧਰ ਗਏ ਸਾਉ?

(3) ਪਰਕਾਰ ਵਾਚਕ ਕਿਰਿਆ-ਵਿਸ਼ੇਸ਼ਣ – ਜਿਹੜੇ ਕਿਰਿਆ-ਵਿਸ਼ੇਸ਼ਣ ਕਿਸੇ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦੇ ਹੋਣ ਜਾਂ ਕੀਤੇ ਜਾਣ ਦਾ ਪਰਕਾਰ ਜਾਂ ਢੰਗ, ਤਰੀਕਾ ਦੱਸਣ, ਉਨ੍ਹਾਂ ਨੂੰ ਪਰਕਾਰ ਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ – ਉਹ ‘ਇਉਂ’ ਬੋਲਦਾ ਹੈ ‘ਜੀਕੁਰ’ ਪਾਗਲ ਬੋਲਦੇ ਹਨ। ਤੁਸੀਂ ‘ਇਸ ਤਰ੍ਹਾਂ’ ਘਰ ਜਾ ਬੈਠੇ ‘ਜਿਵੇਂ’ ਤੁਹਾਨੂੰ ਕੋਈ ਕੰਮ ਨਹੀਂ ਸੀ। ‘ਜਿਸ ਤਰ੍ਹਾਂ’ ਮੈਂ ਆਖਾਂ, ਤੁਸੀਂ ‘ਉਸੇ ਤਰ੍ਹਾਂ’ ਕਰੋ। ਇਨ੍ਹਾਂ ਵਾਕਾਂ ਵਿੱਚ ਇਉਂ, ਜੀਕੁਰ, ਇਸ ਤਰ੍ਹਾਂ, ਜਿਵੇਂ, ਜਿਸ ਤਰ੍ਹਾਂ, ਉਸ ਤਰ੍ਹਾਂ ਪਰਕਾਰ ਵਾਚਕ ਕਿਰਿਆ-ਵਿਸ਼ੇਸ਼ਣ ਹਨ। ਇਸੇ ਤਰ੍ਹਾਂ ‘ਇਵੇਂ, ਕਿਵੇਂ, ਈਕੁਰ, ਕੀਕੁਰ, ਉੱਦਾਂ, ਇੱਦਾਂ, ਕਿੱਦਾਂ, ਜਿੱਦਾਂ, ਬਹੁਤ, ਹੌਲੀ, ਧੀਰੇ, ਘੱਟ, ਛੇਤੀ’ਵੀ ਪਰਕਾਰ ਵਾਚਕ ਕਿਰਿਆ-ਵਿਸ਼ੇਸ਼ਣ ਹਨ।

(4) ਪਰਮਾਣ ਵਾਚਕ ਕਿਰਿਆ-ਵਿਸ਼ੇਸ਼ਣ – ਜਿਹੜੇ ਕਿਰਿਆ-ਵਿਸ਼ੇਸ਼ਣ ਕਿਸੇ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦੇ ਹੋਣ ਜਾਂ ਕੀਤੇ ਜਾਣ ਦਾ ਜਾਂ ਕਿਸੇ ਗੁਣ-ਔਗੁਣ ਦਾ ਪਰਮਾਣ ਜਾਂ ਮਿਣਤੀ ਮਿਕਦਾਰ ਦੱਸਣ, ਉਹਨਾਂ ਨੂੰ  ਪਰਮਾਣ ਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ – ਉਹ ‘ਬਹੁਤਾ’ ਬੋਲਦਾ ਹੈ। ਭਗਤ ਲੋਕ ‘ਥੋੜ੍ਹਾ’ ਖਾਂਦੇ ਅਤੇ ‘ਘੱਟ’ ਬੋਲਦੇ ਹਨ। ਇਹ ਮੁੰਡਾ ‘ਬਹੁਤ’ ਚਲਾਕ ਹੈ। ਇਹ ਤਾਂ ‘ਨਿਰਾ’ ਮੁਰਖ ਹੈ। ਇਸੇ ਤਰ੍ਹਾਂ, ਇੰਨਾ,  ਜਿੰਨਾ, ਕਿੰਨਾ,  ਉੱਨਾ,  ਇਤਨਾ, ਜਿਤਨਾ, ਉਤਨਾ, ਕਿਤਨਾ, ਬਹੁਤ ਹੀ ਪਰਮਾਣ ਵਾਚਕ ਕਿਰਿਆ-ਵਿਸ਼ੇਸ਼ਣ ਹਨ।

(5) ਸੰਖਿਆ ਵਾਚਕ ਕਿਰਿਆ-ਵਿਸ਼ੇਸ਼ਣ – ਜਿਹੜੇ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦੀਆਂ ਵਾਰੀਆਂ ਦੱਸਣ ਉਹਨਾਂ ਨੂੰ ਸੰਖਿਆ ਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ – ਤੁਸੀਂ ‘ਇਕੇਰਾਂ’ ਇਹ ਫਲ ਖਾ ਕੇ ਵੇਖੋ। ਮੈਂ ਤੁਹਾਨੂੰ ਇਹ ਕੰਮ ਕਰਨ ਲਈ ‘ਦੁਬਾਰਾ’ ਨਹੀਂ ਕਹਾਂਗਾ। ਉਹ ‘ਘੜੀ-ਮੁੜੀ’ ਬਾਹਰ ਜਾਂਦਾ ਹੈ। ਅਸਾਂ ‘ਕਈ-ਵੇਰ’ ਉਸ ਨੂੰ ਡਿੱਠਾ ਹੈ। ਮੁੰਡੇ ‘ਇਕ-ਇਕ, ਦੋ-ਦੋ’ ਕਰ ਕੇ ਨਿਕਲ ਗਏ। ਇਹਨਾਂ ਵਾਕਾਂ ਵਿੱਚ ‘ਇਕੇਰਾਂ, ਦੁਬਾਰਾ, ਘੜੀ-ਮੁੜੀ, ਕਈ ਵੇਰ, ਇਕ-ਇਕ ਦੋ-ਦੋ ਕਰਕੇ’ ਸੰਖਿਆ ਵਾਚਕ ਕਿਰਿਆ-ਵਿਸ਼ੇਸ਼ਣ ਹਨ। ਇਸੇ ਤਰ੍ਹਾਂ ‘ਬਾਰ-ਬਾਰ, ਅਨੇਕ ਵਾਰ, ਕਈ ਵੇਰ’ ਵੀ ਸੰਖਿਆ ਵਾਚਕ ਕਿਰਿਆ-ਵਿਸ਼ੇਸ਼ਣ ਹਨ।

(6) ਨਿਰਨਾ-ਵਾਚਕ ਕਿਰਿਆ-ਵਿਸ਼ੇਸ਼ਣ – ਜਿਹੜੇ ਕਿਰਿਆ-ਵਿਸ਼ੇਸ਼ਣ ਕਿਸੇ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦੇ ਹੋਣ ਜਾਂ ਨਾ ਹੋਣ ਦਾ ਕੀਤੇ ਜਾਣ ਜਾਂ ਨਾ ਕੀਤੇ ਜਾਣ ਦਾ ਨਿਰਨਾ ਕਰਨ, ਇਹ ਦੱਸਣ ਕਿ ਉਹ ਕੰਮ ਹੋਇਆ ਕਿ ਨਾ ਹੋਇਆ, ਕੀਤਾ ਗਿਆ ਕਿ ਨਾ ਕੀਤਾ ਗਿਆ। ਉਹਨਾਂ ਨੂੰ ਨਿਰਨਾ-ਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ – ‘ਹਾਂ, ਮੈਂ ਤੁਹਾਨੂੰ ਓਥੇ ਬੈਠਾ ਵੇਖਿਆ ਸੀ। ਤੁਸੀਂ ਮੇਰਾ ਇਤਬਾਰ ਨਹੀਂ ਕਰਦੇ। ਸੱਤ ਬਚਨ ਮੈਂ ਪਹੁੰਚ ਜਾਵਾਂਗਾ। ਤੁਸੀਂ ਠੀਕ ਹੀ ਕਾਲਜ ਗਏ ਸਾਉ।’ ਇਹਨਾਂ ਵਾਕਾਂ ਵਿੱਚ ‘ਹਾਂ, ਨਹੀਂ, ਸਤ ਬਚਨ, ਠੀਕ ਹੀ’, ਨਿਰਨਾ-ਵਾਚਕ ਕਿਰਿਆ-ਵਿਸ਼ੇਸ਼ਣ ਹਨ। ਇਸੇ ਤਰ੍ਹਾਂ ‘ਹਾਂ ਜੀ, ਆਹੋ ਜੀ, ਨਾ ਭਲਾ ਜੀ, ਹੱਛਾ, ਬਹੁਤ ਹੱਛਾ, ਚੰਗਾ, ਜੀ ਹਾਂ’ ਵੀ ਨਿਰਨਾ-ਵਾਚਕ ਕਿਰਿਆ-ਵਿਸ਼ੇਸ਼ਣ ਹਨ।

(7) ਕਾਰਨ ਵਾਚਕ ਕਿਰਿਆ-ਵਿਸ਼ੇਸ਼ਣ – ਜਿਹੜੇ ਕਿਰਿਆ-ਵਿਸ਼ੇਸ਼ਣ ਕਿਸੇ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਦਾ ਕਾਰਨ ਦੱਸਣ। ਉਹਨਾਂ ਨੂੰ ਕਾਰਨ ਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ – ‘ਮੈਨੂੰ ਪਤਾ ਨਹੀਂ, ਤੁਸੀਂ ਕਿਉਂ ਮੇਰੇ ਨਾਲ ਨਹੀਂ ਬੋਲਦੇ। ਮੈਂ ਸਕੂਲੇ ਨਹੀਂ ਗਿਆ, ਕਿਉਂਕਿ ਮੈਂ ਬੀਮਾਰ ਹਾਂ। ਮੈਂ ਗੱਡੀ ਫੜਨੀ ਹੈ, ਇਸੇ ਲਈ ਮੈਂ ਸੁਵਖਤੇ ਉੱਠਿਆ ਹਾਂ। ਢਿੱਲ ਕੀਤਿਆਂ ਕੰਮ ਵਿਗੜ ਜਾਂਦਾ ਹੈ। ਇਹ ਅਫਸਰ ਵੱਢੀ-ਖੋਰ ਹੋਣ ਕਰਕੇ ਬਦਨਾਮ ਹੈ।’ ਇਹਨਾਂ ਵਾਕਾਂ ਵਿੱਚ ਕਿਉਂ, ਕਿਉਂਕਿ, ਇਸੇ ਲਈ, ਢਿੱਲ ਕੀਤਿਆਂ, ਕਰਕੇ ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ ਹਨ। ਇਸ ਤਰ੍ਹਾਂ ‘ਤਾਂ ਜੁ, ਤਾਂ ਹੀ, ਇਸ ਵਾਸਤੇ, ਇਸ ਕਾਰਨ, ਇਸ ਕਰਕੇ, ਤਦੇ’ ਕਾਰਨ ਵਾਚਕ ਕਿਰਿਆ-ਵਿਸ਼ੇਸ਼ਣ ਹਨ।

(8) ਤਾਕੀਦਵਾਚਕ ਕਿਰਿਆ-ਵਿਸ਼ੇਸ਼ਣ – ਜਿਹੜੇ ਕਿਰਿਆ-ਵਿਸ਼ੇਸ਼ਣ ਕਿਸੇ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦੀ ਤਾਕੀਦ ਜਾਂ ਪਰੋੜਤਾ ਕਰਨ, ਉਨ੍ਹਾਂ ਨੂੰ ਤਾਕੀਦਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ – ‘ਅਸੀਂ ਜ਼ਰੂਰ ਤੁਹਾਡੀ ਸਹਾਇਤਾ ਕਰਾਂਗੇ। ਤੁਸੀਂ ਮੂਲੋਂ ਮੇਰੀ ਗੱਲ ਨਹੀਂ ਮੰਨਦੇ। ਮੈਂ ਉਹਨੂੰ ਕਦੇ ਵੇਖਿਆ ਵੀ ਨਹੀਂ। ਮੇਰੇ ਵੱਲ ਤੱਕੋ ਵੀ ਨਾ। ਉਹ ਤਾਂ ਮੇਰੇ ਨਾਲ ਬੋਲਿਆ ਤੱਕ ਨਹੀਂ।’ ਇਹਨਾਂ ਵਾਕਾਂ ਵਿੱਚ ‘ਜ਼ਰੂਰ, ਮੂਲੋਂ, ਨੀ, ਵੀ ਨਾ, ਤੱਕ’ ਤਾਕੀਦਵਾਚਕ ਕਿਰਿਆ-ਵਿਸ਼ੇਸ਼ਣ ਹਨ। ਇਸੇ ਤਰ੍ਹਾਂ ‘ਹੀ, ਮੂਲੋਂ ਹੀ, ਉੱਕਾ ਹੀ, ਬਿਲਕੁਲ, ਤਾਂ’ ਤਾਕੀਦਵਾਚਕ ਕਿਰਿਆ-ਵਿਸ਼ੇਸ਼ਣ ਹਨ।

ਅਵੱਸਥਾ
ਕਿਰਿਆ-ਵਿਸ਼ੇਸ਼ਣ ਦੀਆਂ ਤਿੰਨ ਅਵੱਸਥਾਵਾਂ ਹੁੰਦੀਆਂ ਹਨ
(1) ਸਧਾਰਨ ਅਵਸਥਾ
(2) ਪ੍ਰਸ਼ਨਿਕ ਅਵਸਥਾ
(3) ਯੋਜਕੀ ਅਵਸਥਾ

(1) ਸਧਾਰਨ ਅਵੱਸਥਾ – ਜਦੋਂ ਕਿਰਿਆ-ਵਿਸ਼ੇਸ਼ਣ ਕੇਵਲ ਕਿਰਿਆ-ਵਿਸ਼ੇਸ਼ਣ ਹੀ ਹੋਣ ਤੇ ਹੋਰ ਕੋਈ ਕੰਮ ਨਾ ਕਰਨ, ਤਾਂ ਉਹ ਸਧਾਰਨ ਅਵੱਸਥਾ ਵਿੱਚ ਹੁੰਦੇ ਹਨ। ਜਿਵੇਂ – ‘ਉਹ ਸਵੇਰੇ ਆਵੇਗਾ, ਮੈਂ ਅੱਜ ਹੀ ਓਥੇ ਹੋ ਕੇ ਆਇਆ ਹਾਂ। ਇਹ ਮੁੰਡਾ ਕਈ ਵੇਰ ਮੈਨੂੰ ਮਿਲਿਆ ਹੈ। ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਅਸੀਂ ਦਿਨੇ ਕੰਮ ਕਰਦੇ ਤੇ ਰਾਤੀਂ ਸੌਂਦੇ ਹਾਂ। ਉਹ ਝੱਟ ਉੱਠ ਬੈਠਾ।’ ਇਹਨਾਂ ਵਾਕਾਂ ਵਿੱਚ ‘ਸਵੇਰੇ, ਅੱਜ ਹੀ, ਓਥੇ, ਕਈ ਵੇਰ, ਚੰਗੀ ਤਰ੍ਹਾਂ, ਦਿਨੇ, ਰਾਤੀਂ, ਝੱਟ’ – ਇਹ ਸਾਰੇ ਕਿਰਿਆ-ਵਿਸ਼ੇਸ਼ਣ ਸਧਾਰਨ ਅਵੱਸਥਾ ਵਿੱਚ ਹਨ।

(2) ਪ੍ਰਸ਼ਨਿਕ ਅਵੱਸਥਾ – ਜਦੋਂ ਕੋਈ ਕਿਰਿਆ-ਵਿਸ਼ੇਸ਼ਣ ਕੇਵਲ ਕਿਰਿਆ ਵਿਸ਼ੇਸ਼ਣ ਹੀ ਨਾ ਹੋਵੇ, ਸਗੋਂ ਨਾਲ ਹੀ ਕੁਝ ਪੁੱਛਣ ਦਾ ਕੰਮ ਵੀ ਦੇਵੇ, ਤਾਂ ਉਹ ਪ੍ਰਸ਼ਨਿਕ ਅਵੱਸਥਾ ਵਿੱਚ ਹੁੰਦਾ ਹੈ। ਜਿਵੇਂ – ‘ਇਹ ਦਵਾਤ ਕਿੱਦਾਂ ਟੁੱਟੀ? ਤੁਸੀਂ ਕਦੋਂ ਦਰਸ਼ਨ ਦਿਓਗੇ? ਉਹ ਕਿਉਂ ਨਹੀਂ ਆਇਆ? ਤੁਸੀਂ ਓਥੇ ਕਿਸ ਤਰ੍ਹਾਂ ਪੁੱਜੇ?’ ਇਹਨਾਂ ਵਾਕਾਂ ਵਿੱਚ ‘ਕਿੱਦਾਂ, ਕਦੋਂ, ਕਿਉਂ, ਕਿਸ ਤਰ੍ਹਾਂ’ ਪ੍ਰਸ਼ਨਿਕ ਅਵੱਸਥਾ ਵਿੱਚ ਹਨ। ਇਸੇ ਤਰ੍ਹਾਂ ‘ਕਿਸ ਕਰਕੇ, ਕਿਸ ਲਈ, ਕੀਕੁਰ, ਕਿੱਥੇ, ਕਿੱਧਰ, ਕਿਧਰੋਂ’ ਇਹ ਸਭ ਕਿਰਿਆ-ਵਿਸ਼ੇਸ਼ਣ ਪ੍ਰਸ਼ਨਿਕ ਅਵੱਸਥਾ ਵਿੱਚ ਹਨ।

ਇਨ੍ਹਾਂ ਕਿਰਿਆ-ਵਿਸ਼ੇਸ਼ਣਾਂ ਨੂੰ ਸਧਾਰਨ ਅਵੱਸਥਾ ਵਿੱਚ ਵੀ ਵਰਤਿਆ ਜਾ ਸਕਦਾ ਹੈ। ਜਿਵੇਂ – ‘ਮੈਨੂੰ ਪਤਾ ਹੈ ਕਿ ਉਹ ਕਿਉਂ ਚੁੱਪ ਹੈ। ਤੁਸੀਂ ਜਾਣਦੇ ਹੀ ਹੋ ਕਿ ਮੈਂ ਕਿਸ ਤਰ੍ਹਾਂ ਤੁਹਾਡੀ ਸਹਾਇਤਾ ਕਰਦਾ ਰਿਹਾ ਹਾਂ। ਮੈਂ ਕਹਿ ਨਹੀਂ ਸਕਦਾ ਕਿ ਮੈਂ ਕਿੱਦਾਂ ਤੇ ਕਦੋਂ ਤੁਹਾਡੇ ਦਰਸ਼ਨ ਕਰ ਸਕਾਂ। ਦੱਸੋ ਤਾਂ ਸਹੀ ਕਿ ਤੁਸੀਂ ਕਿੱਧਰ ਗਏ ਤੇ ਕਿੱਧਰੋਂ ਆਏ। ਮੈਨੂੰ ਪਤਾ ਨਹੀਂ ਉਹ ਕਿੱਥੇ ਗਿਆ ਸੀ।’

(3) ਯੋਜਕੀ ਅਵੱਸਥਾ – ਜਦੋਂ ਕੋਈ ਕਿਰਿਆ-ਵਿਸ਼ੇਸ਼ਣ ਨਿਰਾ-ਪੁਰਾ ਵਿਸ਼ੇਸ਼ਣ ਦਾ ਹੀ ਕੰਮ ਨਾ ਕਰੇ, ਸਗੋਂ ਨਾਲ ਹੀ ਯੋਜਕ ਵਾਂਙ ਵਾਕਾਂ ਜਾਂ ਉਪਵਾਕਾਂ ਨੂੰ ਜੋੜੇ ਵੀ ਤਾਂ ਉਹ ਯੋਜਕੀ ਅਵੱਸਥਾ ਵਿੱਚ ਹੁੰਦਾ ਹੈ। ਜਿਵੇਂ – ‘ਜਦੋਂ ਤੁਸੀਂ ਕਹੋਗੇ ਚਲੇ ਚੱਲਾਂਗੇ। ਜਿੱਥੇ ਤੁਸੀਂ ਜਾਵੋਗੇ, ਮੈਂ ਤੁਹਾਡੇ ਨਾਲ ਜਾਵਾਂਗਾ। ਜਿੱਧਰ ਗਈਆਂ ਬੇੜੀਆਂ, ਓਧਰ ਗਏ ਮੱਲਾਹ।’ ਇਹਨਾਂ ਵਾਕਾਂ ਵਿੱਚ ‘ਜਦੋਂ, ਜਿੱਥੇ, ਜਿੱਧਰ, ਓਧਰ’। ਇਹ ਸਾਰੇ ਕਿਰਿਆ-ਵਿਸ਼ੇਸ਼ਣ ਯੋਜਕੀ ਅਵੱਸਥਾ ਵਿੱਚ ਹਨ। ਇਸ ਤਰ੍ਹਾਂ ‘ਜਦ, ਤਦ, ਜਿੱਦਾਂ, ਜੀਕੁਰ, ਜਿਸ ਤਰ੍ਹਾਂ, ਜਿਸ ਥਾਂ’ ਆਦਿ ਕਿਰਿਆ-ਵਿਸ਼ੇਸ਼ਣ ਯੋਜਕੀ ਅਵੱਸਥਾ ਵਿੱਚ ਹੁੰਦੇ ਹਨ।

ਨੋਟ – ਆਮ ਤੌਰ ਤੇ  ਕਿਰਿਆ-ਵਿਸ਼ੇਸ਼ਣ ਅਸਾਧ ਹੁੰਦੇ ਹਨ, ਭਾਵ ਇਹ ਕਿ ਲਿੰਗ, ਵਚਨ ਆਦਿਕ ਦੇ ਫ਼ਰਕ ਕਰਕੇ ਇਨ੍ਹਾਂ ਦੇ ਰੂਪ ਨਹੀਂ ਬਦਲਦੇ। ਜਿਵੇਂ – ‘ਇਹ ਬੜਾ ਬੋਲਦਾ ਹੈ। ਉਹ ਬੜਾ ਬੋਲਦੇ ਹਨ। ਇਹ ਬੜਾ ਬੋਲਦੀ ਹੈ। ਇਹ ਬੜਾ ਬੋਲਦੀਆਂ ਹਨ। ਤੁਸੀਂ ਬੜਾ ਬੋਲਦੇ ਹੋ। ਤੂੰ ਬੜਾ ਬੋਲਦਾ ਹੈਂ।’ ਪਰ ਕਦੇ-ਕਦੇ ਇਨ੍ਹਾਂ ਦੇ ਰੂਪ, ਲਿੰਗ, ਵਚਨ ਆਦਿ ਦੇ ਕਾਰਨ ਬਦਲ ਵੀ ਜਾਂਦੇ ਹਨ। ਜਿਵੇਂ – ‘ਉਹ ਦੁਰੇਡਾ ਚਲਿਆ ਗਿਆ। ਉਹ ਦੁਰੇਡੇ ਚਲੇ ਗਏ। ਉਹ ਦੁਰੇਡੀ ਚਲੀ ਗਈ। ਤੁਸੀਂ ਦੁਰੇਡੀਆਂ ਚਲੀਆਂ ਗਈਆਂ। ਤੂੰ ਉੱਕਾ ਹੀ ਨਹੀਂ ਬੋਲਦਾ। ਤੂੰ ਉੱਕੀ ਹੀ ਗ਼ਲਤ ਹੈਂ। ਤੁਸੀਂ ਉੱਕੇ ਹੀ ਚੁੱਪ ਬੈਠੇ ਹੋ। ਮੈਂ ਇਹ ਗੱਲ ਉੱਕੀ ਹੀ ਨਹੀਂ ਸੁਣੀ। ਇਹ ਮੁੰਡੇ ਉੱਕੇ ਹੀ ਚੁੱਪ ਬੈਠੇ ਹੋ। ਮੈਂ ਇਹ ਗੱਲ ਉੱਕੀ ਹੀ ਨਹੀਂ ਸੁਣੀ। ਇਹ ਮੁੰਡੇ ਉੱਕੇ ਹੀ ਗੱਪੀ ਹਨ। ਮੈਨੂੰ ਅਰਬੀ ਬੋਲੀ ਉੱਕੀ ਹੀ ਨਹੀਂ ਆਉਂਦੀ।’

ਬਣਤਰ

ਕਈ ਸ਼ਬਦ ਤਾਂ ਹੁੰਦੇ ਹੀ ਕਿਰਿਆ-ਵਿਸ਼ੇਸ਼ਣ ਹਨ, ਪਰ ਕਈ ਇਸ ਕੰਮ ਲਈ ਉਚੇਚੇ ਘੜੇ ਜਾਂਦੇ ਹਨ। ਇਹ ਘਾੜਤ ਦੋਂਹ ਢੰਗਾਂ ਨਾਲ ਕੀਤੀ ਜਾਂਦੀ ਹੈ।

(1) ਪਿਛੇਤਰ ਲਾ ਕੇ – ਜਿਵੇਂ – ਦਿਨੇ, ਸ਼ਾਮੀ, ਰਾਤੀ, ਅਧਵਾਟੇ, ਅਸਮਾਨੋਂ, ਘਰੀਂ, ਸਕੂਲੇ। ਅਸੀਂ ਦਿਨੇਂ ਕੰਮ ਕਰਦੇ ਹਾਂ ਤੇ ਰਾਤੀਂ ਸੌਂਦੇ ਹਾਂ। ਉਹ ਅਧਵਾਟੇ ਢਹਿ ਪਿਆ। ਇੱਕ ਪੱਥਰ ਅਸਮਾਨੋਂ ਡਿੱਗਾ। ਅਸੀਂ ਘਰੀਂ ਹੀ ਬੈਠੇ ਰਹੇ। ਮੈਂ ਸਕੂਲੇ ਗਿਆ ਸਾਂ।

(2) ਕਿਰਿਆ-ਵਿਸ਼ੇਸ਼ਣੀ ਵਾਕੰਸ਼ ਵਰਤ ਕੇ – ਜਿਵੇਂ – ਸਹਿਜ ਸੁਭਾ, ਕਾਹਲੀ ਨਾਲ, ਸਿਰ ਪਰਨੇ, ਇਸ ਤਰ੍ਹਾਂ, ਇਸ ਕਾਰਨ, ਇਸ ਕਰਕੇ, ਹਰ ਰੋਜ਼, ਨੇੜੇ ਤੋਂ ਨੇੜੇ, ਛੇਤੀ ਤੋਂ ਛੇਤੀ। ‘ਉਹਨੇ ਇਹ ਗੱਲ ਸਹਿਜ ਸੁਭਾ ਕਹਿ ਦਿੱਤੀ। ਉਹ ਕਾਹਲੀ ਨਾਲ ਉੱਠਿਆ। ਮੈਂ ਉਸ ਨੂੰ ਨੇੜੇ ਤੋਂ ਨੇੜੇ ਹੋ ਕੇ ਵੇਖਿਆ। ਮੈਂ ਛੇਤੀ ਤੋਂ ਛੇਤੀ ਤੁਹਾਡੇ ਪਾਸ ਪੁੱਜ ਜਾਵਾਂਗਾ। ਮੁੰਡਾ ਸਿਰ ਪਰਨੇ ਡਿੱਗ ਪਿਆ। ਦਿਨ ਚੜ੍ਹਦੇ ਨੂੰ ਅਸੀਂ ਘਰੋਂ ਨਿਕਲ ਤੁਰੇ। ਉਹ ਹਰ ਰੋਜ਼ ਪਾਠ ਕਰਦਾ ਹੈ।’

 

Loading spinner