ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਸਰੀਰਿਕ ਰਚਨਾ

ਅੰਗ ਦਾਨ  ਤੁਹਾਡਾ ਸਭ ਤੋਂ ਉੱਤਮ ਤੋਹਫ਼ਾ

 

ਅੰਗ ਦਾਨ ਕਿਉਂ ਮਹੱਤਵਪੂਰਨ ਹੈ?

 

ਹਰ ਸਾਲ ਹਜ਼ਾਰਾਂ ਲੋਕ ਦਿਲ ਦੀ ਧਡ਼ਕਣ ਬੰਦ ਹੋ ਜਾਣ ਕਾਰਨ (Heart Failure), ਗੁਰਦਿਆਂ (Kidneys), ਜਿਗਰ ਜਾਂ ਪਾਚਕ ਗ੍ਰੰਥੀ (Pancreas) ਦੇ ਖ਼ਰਾਬ ਹੋ ਜਾਣ ਕਾਰਨ ਜਾਂ ਖ਼ੂਨ ਦੀ ਕਮੀ ਕਾਰਨ ਮਰ ਜਾਂਦੇ ਹਨ। 20 ਲੱਖ ਤੋਂ ਵੱਧ ਲੋਕ ਜਿਨ੍ਹਾਂ ਵਿੱਚ ਬਹੁਤੇ ਬੱਚੇ ਹੁੰਦੇ ਹਨ, ਅੱਖਾਂ ਦੇ ਆਨਿਆਂ ਦੇ ਪਾਰਦਰਸ਼ੀ ਪਰਦੇ (Corneas) ਦੇ ਖ਼ਰਾਬ ਹੋ ਜਾਣ ਕਾਰਨ ਅੰਨ੍ਹੇ ਹੋ ਜਾਂਦੇ ਹਨ। ਅਸੀਂ ਉਨ੍ਹਾਂ ਦੀ ਸਹਾਇਤਾ ਕਰ ਸਕਦੇ ਹਾਂ। ਜੇ ਅਸੀਂ ਆਪਣੇ ਤੰਦਰੁਸਤ ਅੰਗ ਦੂਸਰਿਆਂ ਦੇ ਲਾਭ ਲਈ ਦਾਨ ਵਿੱਚ ਦੇਣ ਲਈ ਤਿਆਰ ਹੋ ਜਾਈਏ ਤਾਂ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ਅਤੇ ਬਹੁਤ ਸਾਰੇ ਅੰਨ੍ਹਿਆਂ ਨੂੰ ਅੱਖਾਂ ਮਿਲ ਸਕਦੀਆਂ ਹਨ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦਿਮਾਗ਼ ਨੂੰ ਛੱਡ ਕੇ ਸਰੀਰ ਦੇ ਬਾਕੀ ਸਾਰੇ ਅੰਗ ਬਦਲੇ ਜਾ ਸਕਦੇ ਹਨ ਅਤੇ ਟਿਸ਼ੂਜ਼ (Tissues) ਜਿਵੇਂ ਚਮਡ਼ੀ ਤੇ ਹੱਡੀਆਂ ਦੀ ਮੁਰੰਮਤ ਵੀ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਦੁਬਾਰਾ ਬਣਾਇਆ ਵੀ ਜਾ ਸਕਦਾ ਹੈ।

 

ਅੰਗ ਦਾਨ ਕੌਣ ਕਰ ਸਕਦਾ ਹੈ ?

 

ਕਿਸੇ ਵੀ ਜ਼ਾਤ, ਨਸਲ ਅਤੇ ਲਿੰਗ ਦਾ ਕੋਈ ਵੀ ਤੰਦਰੁਸਤ ਵਿਅਕਤੀ ਅੰਗ ਦਾਨ ਕਰ ਸਕਦਾ ਹੈ। ਜੇ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ ਤਾਂ ਤੁਹਾਨੂੰ ਅੰਗ-ਦਾਨ ਲਈ ਆਪਣੇ ਮਾਪਿਆਂ ਤੋਂ ਆਗਿਆ ਲੈਣੀ ਪਵੇਗੀ।

 

ਕਿਹਡ਼ੇ ਅੰਗ ਦਾਨ ਵਿੱਚ ਦਿੱਤੇ ਜਾ ਸਕਦੇ ਹਨ ?

 

ਦਿਲ, ਦਿਲ ਦੇ ਵਾਲਵ (Valves), ਫੇਫਡ਼ੇ, ਜਿਗਰ (Liver), ਪਾਚਕ ਗ੍ਰੰਥੀ (Pancreas), ਗੁਰਦੇ (Kidneys), ਅੱਖਾਂ, ਚਮਡ਼ੀ, ਹੱਡੀਆਂ, ਹੱਡੀਆਂ ਦੀ ਮਿੱਝ (Bone Marros), ਜੋਡ਼ਨ ਵਾਲੇ ਟਿਸ਼ੂਜ਼ (Connecting Tissues), ਕੰਨਾਂ ਦਾ ਵਿਚਕਾਰਲਾ ਭਾਗ (Middle ear) ਅਤੇ ਖ਼ੂਨ ਦੀਆਂ ਨਾਡ਼ੀਆਂ (Blood vessels) ਦਾਨ ਵਿੱਚ ਦਿੱਤੇ ਜਾ ਸਕਦੇ ਹਨ। ਤੁਸੀਂ ਆਪਣਾ ਪੂਰਾ ਸਰੀਰ ਵੀ ਡਾਕਟਰੀ ਵਿਦਿਅਕ ਅਤੇ ਖੋਜ ਲਈ ਦਾਨ ਕਰ ਸਕਦੇ ਹੋ।

 

ਅੰਗ-ਦਾਨ ਕਦੋਂ ਕੀਤਾ ਜਾ ਸਕਦਾ ਹੈ ?

 

ਜਿਊਂਦੇ-ਜੀ  ਜਿਊਂਦੇ-ਜੀ ਅੰਗ ਦਾਨ ਕੀਤਾ ਜਾ ਸਕਦਾ ਹੈ। ਅਸੀਂ ਜਿਊਂਦੇ-ਜੀ ਆਪਣੇ ਖ਼ੂਨ ਦੇ ਰਿਸ਼ਤੇਦਾਰਾਂ (ਭੈਣ, ਭਰਾ, ਮਾਤਾ-ਪਿਤਾ ਅਤੇ ਬੱਚਿਆਂ) ਨੂੰ ਆਪਣੇ ਅੰਗ ਦਾਨ ਵਿੱਚ ਦੇ ਸਕਦੇ ਹਾਂ। ਅਸੀਂ ਇੱਕ ਗੁਰਦਾ, ਜਿਗਰ ਜਾਂ ਪਾਚਨ ਗ੍ਰੰਥੀ ਦਾ ਇੱਕ ਭਾਗ, ਹੱਡੀਆਂ ਦੀ ਮਿੱਝ ਦਾਨ ਵਿੱਚ ਦੇਣ ਦੇ ਬਾਵਜੂਦ ਬਿਨਾਂ ਕਿਸੇ ਸਰੀਰਿਕ ਹਾਨੀ ਦੇ ਪਹਿਲਾਂ ਵਾਂਗ ਆਮ ਜੀਵਨ ਬਤੀਤ ਕਰ ਸਕਦੇ ਹਾਂ। ਕੋਈ ਵੀ ਤੰਦਰੁਸਤ ਵਿਅਕਤੀ ਖ਼ੂਨ ਦਾਨ ਕਰ ਸਕਦਾ ਹੈ। ਸਿਰਫ਼ ਨਜ਼ਦੀਕੀ ਰਿਸ਼ਤੇਦਾਰ ਹੀ ਨਹੀਂ, ਦੂਸਰਾ ਕੋਈ ਵੀ ਵਿਅਕਤੀ ਜਿਸ ਦੇ ਖ਼ੂਨ ਨਾਲ ਇਹ ਖ਼ੂਨ ਮੇਲ ਖਾਂਦਾ ਹੋਵੇ, ਸਾਡੇ ਖ਼ੂਨ ਤੋਂ ਲਾਭ ਲੈ ਸਕਦਾ ਹੈ।

 

ਮੌਤ ਤੋਂ ਬਾਅਦ  ਮੌਤ ਤੋਂ ਬਾਅਦ ਇੱਕ ਵਿਅਕਤੀ ਦੇ ਅੰਗ ਦੂਸਰੇ ਵਿਅਕਤੀ ਦੇ ਸਰੀਰ ਵਿੱਚ ਲਾਉਣ ਦੀ ਦ੍ਰਿਸ਼ਟੀ ਤੋਂ ਡਾਕਟਰੀ ਪੇਸ਼ੇ ਵਿੱਚ ਦੋ ਤਰ੍ਹਾਂ ਦੀ ਮੌਤ ਮੰਨੀ ਜਾਂਦੀ ਹੈ  ਦਿਮਾਗ਼ੀ ਮੌਤ ਤੇ ਦਿਲ ਦੀ ਮੌਤ। ਦਿਮਾਗ਼ੀ ਮੌਤ ਵਾਲੇ ਵਿਅਕਤੀ ਦੇ ਅੰਗਾਂ ਨੂੰ ਬਿਹਤਰ ਮੰਨਿਆ ਜਾਂਦਾ ਹੈ ਕਿਉਂਕਿ ਦਿਮਾਗ਼ੀ ਮੌਤ ਹੋ ਜਾਣ ਦਾ ਬਾਵਜ਼ੂਦ ਦਿਲ ਦੇ ਕਾਫ਼ੀ ਦੇਰ ਤੱਕ ਕੰਮ ਕਰਦੇ ਰਹਿਣ ਕਾਰਨ ਮਿਰਤਕ ਦੇ ਅੰਗਾਂ ਦੀ ਸ਼ਕਤੀ ਕਾਇਮ ਰਹਿੰਦੀ ਹੈ। ਦਿਲ ਫ਼ੇਲ ਜੋ ਜਾਣ ਕਾਰਨ ਹੋਈ ਮੌਤ ਵਿੱਚ ਮਿਰਤਕ ਦੇ ਅੰਗ ਦੂਜੇ ਵਿਅਕਤੀ ਦੇ ਸਰੀਰ ਵਿੱਚ ਲਾਉਣ ਲਈ ਬਹੁਤ ਘੱਟ ਸਮਾਂ ਹੁੰਦਾ ਹੈ ਕਿਉਂਕਿ ਇਨ੍ਹਾਂ ਅੰਗਾਂ ਦੀ ਸ਼ਕਤੀ ਛੇਤੀ ਹੀ ਮੰਦ ਪੈ ਜਾਂਦੀ ਹੈ।

 

ਦਿਮਾਗ਼ੀ ਮੌਤ ਆਮ ਕਰ ਕੇ ਹਾਦਸਿਆਂ ਕਾਰਨ ਸਿਰ ਵਿੱਚ ਲੱਗੀ ਜ਼ਬਰਦਸਤ ਚੋਟ ਨਾਲ ਹੁੰਦੀ ਹੈ ਜਾਂ ਦਿਮਾਗ਼ੀ ਰਸੌਲੀ (Brain Tumour) ਕਾਰਨ ਹਸਪਤਾਲਾਂ ਦੇ ਆਈ.ਸੀ.ਯੂ. (I.C.U) ਵਿੱਚ ਹੁੰਦੀ ਹੈ। ਅਜਿਹੀ ਹਾਲਤ ਵਿੱਚ ਡਾਕਟਰਾਂ ਦੀ ਇੱਕ ਟੀਮ ਦੁਆਰਾ ਨਿਰਧਾਰਿਤ ਟੈਸਟ ਕਰਨ ਤੋਂ ਬਾਅਦ ਮਰੀਜ਼ ਦੇ ਦਿਮਾਗ਼ੀ ਤੌਰ ਤੇ ਮੁਰਦਾ ਹੋ ਜਾਣ ਦਾ ਸਰਟੀਫਿਕੇਟ ਦਿੱਤਾ ਜਾਣਾ ਜ਼ਰੂਰੀ ਹੈ।

 

ਅੰਗ ਦਾਨ ਕਰਨ ਦੀ ਵਿਵਸਥਾ ਕਿਵੇਂ ਕਰੀਏ ?

 

ਜੇ ਤੁਸੀਂ ਮੌਤ ਤੋਂ ਬਾਅਦ ਕਿਸੇ ਵੀ ਅੰਗ ਦਾ ਦਾਨ ਕਰਨਾ ਚਾਹੁੰਦੇ ਹੋ ਤਾਂ ਆਪਣੇ ਸਥਾਨਿਕ ਹਸਪਤਾਲ ਜਾਂ ਆਪਣੇ ਡਾਕਟਰ ਤੋਂ ਇਸ ਬਾਰੇ ਜ਼ਰੂਰੀ ਜਾਣਕਾਰੀ ਪ੍ਰਾਪਤ ਕਰੋ ਕਿ ਤੁਸੀਂ ਅੰਗ-ਦਾਨ ਕਰਨ ਲਈ ਆਪਣਾ ਨਾਂ ਕਿਵੇਂ ਦਰਜ ਕਰਵਾ ਸਕਦੇ ਹੋ ਅਤੇ ਅੰਗ ਦਾਨ ਕਰਨ  ਵਾਲੇ ਦਾਨੀ ਨੂੰ ਦਿੱਤਾ ਜਾਣ ਵਾਲਾ ਕਾਰਡ ਜਾਂ ਪੱਤਰ ਕਿਵੇਂ ਪ੍ਰਾਪਤ ਕਰ ਸਕਦੇ ਹੋ। ਅੰਗ-ਦਾਨ ਕਰਨ ਬਾਰੇ ਆਪਣੇ ਫ਼ੈਸਲੇ ਬਾਰੇ ਆਪਣੇ ਘਰ ਦੇ ਦੂਸਰੇ ਜੀਆਂ ਨੂੰ ਪਹਿਲਾਂ ਦੱਸ ਦੇਣਾ ਜ਼ਰੂਰੀ ਹੈ ਤਾਂ ਜੋ ਤੁਹਾਡੀ ਮਿਰਤੂ ਦੇ ਸਮੇਂ ਤੁਹਾਡੇ ਅੰਗ-ਦਾਨ ਦੀ ਇੱਛਾ ਪੂਰੀ ਕਰ ਸਕਣ।

ਜੇ ਤੁਸੀਂ ਆਪਣਾ ਪੂਰਾ ਸਰੀਰ ਦਾਨ ਵਿੱਚ ਦੇਣਾ ਚਾਹੁੰਦੇ ਹੋ ਤਾਂ ਅੰਗ-ਦਾਨ ਲਈ ਆਪਣਾ ਨਾਂ ਰਜਿਸਟਰ ਕਰਾਉਂਦੇ ਸਮੇਂ ਇਸ ਬਾਰੇ ਸਪਸ਼ਟ ਤੌਰ ਤੇ ਵੇਰਵਾ ਦੇ ਦੇਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਆਪਣੇ ਘਰ ਦੇ ਜੀਵਾਂ ਨੂੰ ਵੀ ਇਸ ਬਾਰੇ ਦੱਸ ਦੇਣਾ ਚਾਹੀਦਾ ਹੈ।

 

ਅੰਗ ਦਾਨ ਕਿਵੇਂ ਕੀਤਾ ਜਾਵੇ ?

ਖ਼ੂਨ

ਖ਼ੂਨ-ਦਾਨ ਬਾਰੇ ਸਥਾਨਿਕ ਬਲੱਡ ਬੈਂਕ (Blood Bank) ਤੋਂ ਸਥਾਨਿਕ ਹਸਪਤਾਲ ਤੋਂ

ਜਾਂ ਆਪਣੇ ਡਾਕਟਰ ਤੋਂ ਜਾਣਕਾਰੀ ਪ੍ਰਾਪਤ ਕਰੋ।

 

ਅੱਖਾਂ

ਪਤਾ ਕਰੋ ਕਿ ਤੁਹਾਡੇ ਇਲਾਕੇ ਵਿੱਚ ਅੱਖਾਂ ਦਾ ਦਾਨ ਲੈਣ ਵਾਲਾ

ਕੋਈ ਆਈ ਬੈਂਕ (Eye Bank) ਹੈ ਜਾਂ ਨਹੀਂ,

ਜਾਂ ਆਪਣੇ ਸਥਾਨਿਕ ਹਸਪਤਾਲ ਨਾਲ ਸੰਪਰਕ ਕਰੋ।

 

ਦੂਜੇ ਅੰਗ, ਟਿਸ਼ੂ (Tissues) ਅਤੇ ਪੂਰਾ ਸਰੀਰ

ਆਪਣੇ ਇਲਾਕੇ ਦੇ ਹਸਪਤਾਲ ਨਾਲ

ਜਾਂ ਮੈਡੀਕਲ ਕਾਲਜ਼ਾਂ (Medical Colleges)

ਨਾਲ ਇਸ ਬਾਰੇ ਸੰਪਰਕ ਕਰੋ।

(ਵਲੋਂ ਰਾਧਾ ਸੁਆਮੀ ਸਤਿਸੰਗ ਬਿਆਸ)

 

 

 

ਰਾਬਰਟ ਐਨ. ਟੇਸਟ ਦੀ ਅਪੀਲ

ਮੈਨੂੰ ਯਾਦ ਰੱਖਣ ਲਈ…

 

ਮੇਰੀਆਂ ਅੱਖਾਂ ਉਸ ਆਦਮੀ ਨੂੰ ਦੇ ਦੇਣਾ ਜਿਸ ਨੇ ਕਦੇ ਚਡ਼੍ਹਦਾ ਸੂਰਜ ਨਾ ਦੇਖਿਆ ਹੋਵੇ, ਅਤੇ ਨਾ ਹੀ ਕਿਸੇ ਛੋਟੇ ਜਿਹੇ ਬੱਚੇ ਦਾ ਮਾਸੂਮ ਚਿਹਰਾ ਜਾਂ ਫਿਰ ਔਰਤ ਦੀਆਂ ਅੱਖਾਂ ਵਿੱਚ ਗੂਡ਼੍ਹਾ ਪ੍ਰੇਮ।

 

ਮੇਰਾ ਦਿਲ ਉਸ ਨੂੰ ਦੇਣਾ ਜਿਸ ਦੇ ਦਿਲ ਨੇ ਉਹਨੂੰ ਸਿਵਾਏ ਪੀਡ਼ ਦੇ ਕੁਝ ਨਾ ਦਿੱਤਾ ਹੋਵੇ।

 

ਮੇਰਾ ਖ਼ੂਨ ਉਸ ਨੌਜਵਾਨ ਨੂੰ ਦੇਣਾ ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਉਸ ਦੀ ਗੱਡੀ ਦੇ ਮਲਬੇ ਵਿੱਚੋਂ ਕੱਢਿਆ ਗਿਆ ਹੋਵੇ ਤਾਂ ਜੋ ਉਹ ਉਮਰ ਵਡੇਰੀ ਹੋਣ ਤੇ ਆਪਣੇ ਪੋਤਰੇ-ਪੋਤਰੀਆਂ ਨੂੰ ਖੇਡਦਾ ਵੇਖ ਸਕੇ।

 

ਮੇਰੇ ਗੁਰਦੇ ਉਸ ਨੂੰ ਦੇਣਾ ਜੋ ਹਰ ਹਫ਼ਤੇ ਖ਼ੂਨ ਬਦਲਣ ਵਾਲੀ ਮਸ਼ੀਨ ਦੇ ਆਧਾਰ ਤੇ ਹੀ ਜਿੰਦਾ ਰਹਿ ਰਿਹਾ ਹੋਵੇ।

 

ਮੇਰਾ ਮਾਸ, ਮੇਰੇ ਸਰੀਰ ਦੀ ਹਰ ਹੱਡੀ, ਹਰ ਰੇਸ਼ਾ, ਹਰ ਨਾਡ਼ੀ ਕੱਢ ਲਓ ਪਰ ਕੋਈ ਅਜਿਹਾ ਤਰੀਕਾ ਖੋਜ ਲਓ ਜਿਸ ਨਾਲ ਇੱਕ ਅਪਾਹਜ ਬੱਚਾ ਤੁਰ ਫਿਰ ਸਕੇ।

 

ਮੇਰੇ ਦਿਮਾਗ਼ ਦਾ ਹਰ ਕੋਨਾ ਖੋਜ ਲਓ, ਜ਼ਰੂਰਤ ਪਵੇ ਤਾਂ ਮੇਰੀਆਂ ਕੋਸ਼ਿਕਾਵਾਂ ਵੀ ਲੈ ਲਓ ਅਤੇ ਉਨ੍ਹਾਂ ਨੂੰ ਵਧਣ-ਫੁੱਲਣ ਦਿਓ ਤਾਂਕਿ ਕਿਸੇ ਦਿਨ ਕੋਈ ਗੂੰਗਾ ਬੱਚਾ ਪੱਛੀ ਦੀ ਆਵਾਜ਼ ਸੁਣ ਕੇ ਖੁਸ਼ੀ ਨਾਲ ਚੀਕ ਪਵੇ ਅਤੇ ਕੋਈ ਬੋਲ਼ੀ ਬੱਚੀ ਖਿਡ਼ਕੀ ਤੇ ਪੈਂਦੀਆਂ ਬਾਰਸ਼ ਦੀਆਂ ਬੂੰਦਾਂ ਦੀ ਟਪ-ਟਪ ਸੁਣ ਸਕੇ।

 

ਮੇਰੇ ਬਚੇ-ਖੁਚੇ ਸਰੀਰ ਨੂੰ ਸਾਡ਼ ਕੇ ਉਸ ਦੀ ਰਾਖ ਹਵਾ ਵਿੱਚ ਖਲਾਰ ਦੇਣਾ ਤਾਂ ਜੋ ਉਹ ਰਾਖ ਤੋਂ ਫੁੱਲ ਖਿਡ਼ ਸਕਣ।

 

ਜੇਕਰ ਤੁਸੀਂ ਕੁਝ ਦੱਬਣਾ ਹੀ ਹੈ ਤਾਂ ਦੱਬ ਦੇਣਾ ਮੇਰੀਆਂ ਕਮੀਆਂ, ਮੇਰੀਆਂ ਕਮਜ਼ੋਰੀਆਂ ਅਤੇ ਦੂਜਿਆਂ ਪ੍ਰਤੀ ਮੇਰੇ ਦਿਲ ਵਿੱਚ ਵਸੀਆਂ ਬਹੁਤ ਸਾਰੀਆਂ ਰੰਜਸ਼ਾਂ।

 

ਮੇਰੇ ਪਾਪ ਸ਼ੈਤਾਨ ਨੂੰ ਦੇ ਦੇਣਾ।

 

ਮੇਰੀ ਆਤਮਾ ਪਰਮਾਤਮਾ ਨੂੰ ਦੇ ਦੇਣਾ।

 

ਜੇਕਰ ਕਦੇ ਮੈਨੂੰ ਯਾਦ ਕਰਨਾ ਚਾਹੋ ਤਾਂ ਕਿਸੇ ਲੋਡ਼ਵੰਦ ਨੂੰ ਆਪਣੇ ਦੋ ਮਿੱਠੇ ਬੋਲਾਂ ਅਤੇ ਮਦਦ ਦਾ ਸਹਾਰਾ ਦੇ  ਦੇਣਾ।

ਜੇ ਤੁਸੀਂ ਉਹ ਕਰੋਗੇ ਜੋ ਮੈਂ ਕਿਹਾ ਹੈ ਤਾਂ ਮੈਂ ਅਮਰ ਹੋ ਜਾਵਾਂਗਾ।