ਕਿਉਂ ਹੁੰਦੀ ਹੈ ਐਸੀਡਿਟੀ
ਐਸੀਡਿਟੀ ਦੀ ਸਮੱਸਿਆ ਅੱਜ ਇਕ ਆਮ ਗੱਲ ਹੋ ਗਈ ਹੈ। ਇਸ ਦਾ ਕਾਰਨ ਗਲਤ ਖਾਣਾ-ਪੀਣਾ, ਪ੍ਰਦੂਸ਼ਣ, ਸਿਗਰਟਨੋਸ਼ੀ, ਸ਼ਰਾਬ ਦੀ ਵਰਤੋਂ ਅਤੇ ਚਾਹ, ਕੋਫੀ, ਕੈਫ਼ੀਨ ਆਦਿ ਵਾਲੇ ਪਦਾਰਥਾਂ ਦੀ ਜ਼ਿਆਦਾ ਵਰਤੋਂ ਕਰਨਾ ਹੈ।
ਐਸੀਡਿਟੀ ਹੋਣ ‘ਤੇ ਪਾਚਣ ਸਬੰਧੀ ਕਈ ਨੁਕਸ ਪੈਦਾ ਹੋ ਜਾਂਦੇ ਹਨ ਅਤੇ ਭੋਜਨ ਠੀਕ ਤਰ੍ਹਾਂ ਨਹੀਂ ਪਚਦਾ। ਇਸ ਕਾਰਨ ਘਬਰਾਹਟ ਹੁੰਦੀ ਹੈ, ਖੱਟੇ ਡਕਾਰ ਆਉਂਦੇ ਹਨ ਅਤੇ ਗਲੇ ਵਿਚ ਜਲਨ ਜਿਹੀ ਮਹਿਸੂਸ ਹੁੰਦੀ ਹੈ।
ਐਸੀਡਿਟੀ ਤੋਂ ਬਚਾਅ ਲਈ ਸਭ ਤੋਂ ਜ਼ਰੂਰੀ ਹੈ ਖਾਣ-ਪੀਣ ਵਿਚ ਸੁਧਾਰ। ਅੱਜਕੱਲ ਲੋਕਾਂ ਕੋਲ ਸਹੀ ਢੰਗ ਨਾਲ ਭੋਜਨ ਚਬਾਉਣ ਤੱਕ ਵੀ ਵਿਹਲ ਨਹੀਂ, ਇਸ ਲਈ ਉਹ ਜਲਦੀ ਵਿਚ ਬਿਨਾਂ ਚਬਾਏ ਭੋਜਨ ਨਿਗਲ ਜਾਂਦੇ ਹਨ, ਜਿਸ ਨਾਲ ਪਾਚਣ ਪ੍ਰਕਿਰਿਆ ਠੀਕ ਢੰਗ ਨਾਲ ਨਹੀਂ ਹੋ ਸਕਦੀ। ਇਸ ਲਈ ਭੋਜਨ ਹਮੇਸ਼ਾ ਚਬਾ-ਚਬਾ ਕੇ ਖਾਣਾ ਚਾਹੀਦਾ ਹੈ ਤਾਂ ਕਿ ਉਹ ਚੰਗੀ ਤਰ੍ਹਾਂ ਲਾਰ ਵਿਚ ਮਿਲ ਜਾਵੇ। ਇਹੋ ਨਹੀਂ, ਭੋਜਨ ਭੁੱਖ ਤੋਂ ਥੋੜ੍ਹਾ ਘੱਟ ਹੀ ਖਾਣਾ ਚਾਹੀਦਾ ਹੈ। ਅੱਜਕੱਲ ਲੋਕਾਂ ਨੂੰ ਬਾਹਰ ਦੇ ਖਾਣੇ ਦਾ ਸ਼ੌਕ ਹੋ ਗਿਆ ਹੈ ਅਤੇ ਉਹ ਬਾਜ਼ਾਰ ਤੋਂ ਮਿਰਚ-ਮਸਾਲੇ ਤੇ ਜ਼ਿਆਦਾ ਫੈਟ ਵਾਲਾ ਭੋਜਨ ਕਰਦੇ ਹਨ। ਅਜਿਹਾ ਭੋਜਨ ਵੀ ਐਸੀਡਿਟੀ ਕਰਦਾ ਹੈ। ਖਾਣਾ ਖਾਣ ਤੋਂ ਬਾਅਦ ਜੇ ਟਹਿਲਿਆ ਜਾਵੇ ਤਾਂ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ। ਰੋਜ਼ 8-10 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਅਤੇ ਸਮੇਂ ‘ਤੇ ਹੀ ਭੋਜਨ ਕਰਨਾ ਚਾਹੀਦਾ ਹੈ।