ਕੁਦਰਤ ਕਰੇ ਦੇਖ ਭਾਲ
ਤੁਲਸੀ – ਤੁਲਸੀ ਵਿਚ ਸਰੀਰ ਨੂੰ ਸਿਹਤਯਾਬ ਰੱਖਣ ਵਾਲੇ ਕਈ ਗੁਣ ਹੁੰਦੇ ਹਨ। ਤੁਲਸੀ ਦੀ ਵਰਤੋਂ ਸਾਡੇ ਵਾਲਾਂ ਨੂੰ ਪੋਸ਼ਟਿਕਤਾ ਪ੍ਰਦਾਨ ਕਰਦੀ ਹੈ ਅਤੇ ਸਾਡੇ ਵਾਲਾਂ ਦੇ ਨਾਲ ਨਾਲ ਚਮੜੀ ਦੀ ਸੁੰਦਰਤਾ ਵੀ ਬਣਾਈ ਰੱਖਣ ਵਿਚ ਸਹਾਈ ਹੁੰਦੀ ਹੈ।
ਰੀਠਾ – ਰੀਠੇ ਦਾ ਉਪਯੋਗ ਵਾਲ ਸਾਫ ਕਰਨ ਲਈ ਕੀਤਾ ਜਾਂਦਾ ਹੈ। ਇਹ ਵਾਲਾਂ ਨੂੰ ਚਮਕ ਅਤੇ ਕੁਦਰਤੀ ਦਿੱਖ ਪ੍ਰਦਾਨ ਕਰਦਾ ਹੈ। ਰੀਠਾ ਵਾਲਾਂ ਵਿਚੋਂ ਮਿੱਟੀ ਦੇ ਕਣ ਅਤੇ ਜਿਆਦਾ ਤੇਲ ਕੱਢ ਕੇ ਵਾਲਾਂ ਦੀ ਸੁੰਦਰਤਾ ਬਰਕਰਾਰ ਰੱਖਣ ਵਿਚ ਸਾਡੀ ਮਦਦ ਕਰਦਾ ਹੈ।
ਮਹਿੰਦੀ – ਮਹਿੰਦੀ ਵਾਲਾਂ ਦੀ ਖ਼ੂਬਸੂਰਤੀ ਵਧਾਉਣ ਵਿਚ ਕਾਫੀ ਲਾਹੇਵੰਦ ਹੁੰਦੀ ਹੈ। ਮਹਿੰਦੀ ਵਿਚ ਅਜਿਹੇ ਰੰਗ ਅਤੇ ਕਣ ਹੁੰਦੇ ਹਨ ਜਿਹੜੇ ਵਾਲਾਂ ਨੂੰ ਕੁਦਰਤੀ ਨਿਯਮਾਂ ਤਹਿਤ ਸੁੰਦਰਤਾ ਅਤੇ ਮਜ਼ਬੂਤੀ ਪ੍ਰਦਾਨ ਕਰਦੇ ਹਨ।
ਸ਼ਿਕਾਕਾਈ – ਸ਼ਿਕਾਕਾਈ ਦਾ ਅਰਥ ਹੈ- ਵਾਲਾਂ ਲਈ ਫੁੱਲ। ਇਸ ਵਿਚ ਪੀ. ਐਚ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਨਾਲ ਵਾਲ ਨਰਮ ਹੋ ਜਾਂਦੇ ਹਨ ਅਤੇ ਇਹ ਵਾਲਾਂ ਨੂੰ ਗੁੰਝਲਦਾਰ ਨਹੀਂ ਹੋਣ ਦਿੰਦੀ। ਇਹ ਵਾਲਾਂ ਵਿਚ ਸਿਕਰੀ ਖਤਮ ਕਰਨ ਵਿਚ ਸਹਾਈ ਹੁੰਦੀ ਹੈ। ਸ਼ਿਕਾਕਾਈ ਨੂੰ ਵਾਲਾਂ ਲਈ ਟਾਨਿਕ ਮੰਨਿਆ ਜਾਂਦਾ ਹੈ ਜੋ ਵਾਲਾਂ ਨੂੰ ਕੋਮਲ ਅਤੇ ਸੁੰਦਰ ਬਣਾਈ ਰੱਖਦਾ ਹੈ।
ਆਂਵਲਾ – ਆਯੁਰਵੇਦ ਵਿਗਿਆਨ ਅਨੁਸਾਰ ਆਂਵਲਾ ਸਾਡੇ ਵਾਲਾਂ ਨੂੰ ਰੋਜ਼ਾਨਾ ਹੁੰਦੇ ਨੁਕਸਾਨ ਤੋਂ ਬਚਾਉਂਦਾ ਹੈ। ਜਿਹੜੇ ਜਰੂਰੀ ਪੌਸ਼ਟਿਕ ਤੱਤ ਸਾਡੇ ਵਾਲਾਂ ਦੀ ਦੇਖ ਭਾਲ ਲਈ ਜਰੂਰੀ ਹੁੰਦੇ ਹਨ, ਆਂਵਲਾ ਉਹ ਸਾਰੇ ਸਾਨੂੰ ਦਿੰਦਾ ਹੈ। ਆਂਵਲਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿਚ ਅਮੀਨੋ-ਐਸਿਡ ਤੇ ਖਣਿਜ ਪਦਾਰਥ ਵੀ ਹੁੰਦੇ ਹਨ। ਇਹ ਸਭ ਗੁਣ ਸਾਡੇ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਰੱਖਣ ਵਿਚ ਸਾਡੀ ਮਦਦ ਕਰਦੇ ਹਨ ਅਤੇ ਵਾਲਾਂ ਨੂੰ ਝੜਨ ਤੋਂ ਬਚਾਉਂਦੇ ਹਨ।
ਕੁਆਰ (ਐਲੋਵੀਰਾ) – ਇਹ ਪੌਦਾ ਆਪਣੀਆਂ ਪਾਣੀ ਵਿਚ ਘੁਲਣਸ਼ੀਲਤਾ, ਨਰਮੀ ਅਤੇ ਜਲਣ-ਵਿਰੋਧੀ ਵਿਸ਼ੇਸ਼ਤਾਵਾਂ ਕਾਰਨ ਜਾਣਿਆ ਜਾਂਦਾ ਹੈ। ਕੁਆਰ ਸੁੱਕੇ ਅਤੇ ਖ਼ੁਸ਼ਕ ਵਾਲਾਂ ਨੂੰ ਕੁਦਰਤੀ ਨਮੀ ਪ੍ਰਦਾਨ ਕਰਕੇ ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਕਰਦਾ ਹੈ। ਇਹ ਵਾਲਾਂ ਵਿਚ ਨਵੀਂ ਜਾਨ ਪਾਉਣ ਵਿਚ ਵੀ ਸਹਾਈ ਹੁੰਦਾ ਹੈ।