ਸਾਹ ਦੀ ਤਕਲੀਫ਼ ਅਤੇ ਦਮੇ ਦਾ ਸੌਖਾ ਇਲਾਜ
ਵਾਤਾਵਰਣ ਵਿਚ ਵੱਧ ਰਹੇ ਪ੍ਰਦੂਸ਼ਣ ਕਾਰਨ ਸਾਹ ਦੀਆਂ ਤਕਲੀਫ਼ਾਂ ਵਿਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹੈ। ਤਾਜ਼ੀ ਅਤੇ ਸਾਫ ਹਵਾ ਮਿਲਣੀ ਮੁਸ਼ਕਲ ਹੁੰਦੀ ਜਾ ਰਹੀ ਹੈ। ਜੇਕਰ ਤੁਸੀਂ ਸਾਹ ਦੀਆਂ ਬਿਮਾਰੀਆਂ ਤੋਂ ਖ਼ੁਦ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਘਰਾਂ ਅਤੇ ਦਫਤਰਾਂ ਵਿਚ ਏਅਰ ਪਿਉਰੀਫਾਇਰ ਦੀ ਵਰਤੋਂ ਜ਼ਰੂਰ ਕਰੋ। ਇਸ ਤੋਂ ਇਲਾਵਾ ਹਰ ਕਮਰੇ ਵਿਚ ਐਗਜ਼ਾਸਟ ਫੈਨ ਦੀ ਵਰਤੋਂ ਵੀ ਲਾਜ਼ਮੀ ਹੈ। ਸਾਹ ਦੀਆਂ ਬਿਮਾਰੀਆਂ ਤੋਂ ਸਭ ਤੋਂ ਵੱਧ ਪਰੇਸ਼ਾਨੀ ਦਮੇ ਦੇ ਮਰੀਜ਼ਾਂ ਨੂੰ ਹੁੰਦੀ ਹੈ ਕਿਉਂਕਿ ਪੂਰੀ ਤਰ੍ਹਾਂ ਦਮੇ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਪਰ ਇਸ ਨੂੰ ਕਾਬੂ ਵਿਚ ਜ਼ਰੂਰ ਰੱਖਿਆ ਜਾ ਸਕਦੈ। ਦਮਾ ਫੇਫੜਿਆਂ ਦੇ ਸਾਹ ਮਾਰਗ ਦੀ ਬਿਮਾਰੀ ਹੈ। ਇਹ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ, ਇਹ ਕੋਈ ਛੂਤ ਦੀ ਬਿਮਾਰੀ ਨਹੀਂ ਹੈ।
ਸਾਹ ਮਾਰਗ ਰਾਹੀਂ ਹਵਾ ਫੇਫੜਿਆਂ ਵਿਚ ਪਹੁੰਚਦੀ ਹੈ। ਇਹ ਸਾਹ ਨਾਲੀਆਂ ਕਿਸੇ ਰੁੱਖ ਦੀਆਂ ਸ਼ਾਖਾਵਾਂ ਵਾਂਗ… ਫੈਲਦੀਆਂ ਜਾਂਦੀਆਂ ਹਨ। ਬ੍ਰਾਂਕਿਅਲ ਦਮੇ ਦਾ ਅਰਥ ਹੈ ਮੁਸ਼ਕਲ ਅਤੇ ਘਬਰਾਹਟ ਕਾਰਨ ਵਾਰ-ਵਾਰ ਪੈਣ ਵਾਲਾ ਸਾਹ ਦਾ ਦੌਰਾ ਜੋ ਬਹੁਤ ਜ਼ਿਆਦਾ ਖੰਘ ਅਤੇ ਹਵਾ ਦੀ ਗਤੀ ਵਿਚ ਰੁਕਾਵਟ ਕਾਰਨ ਹੁੰਦਾ ਹੈ। ਇਹ ਸਾਹ ਨਾਲੀਆਂ ਅਤੇ ਹਵਾ ਦੇ ਛੋਟੇ ਰਸਤਿਆਂ ਦੇ ਸੁੰਗੜਨ ਦਾ ਨਤੀਜਾ ਹੈ।
ਫੇਫੜਿਆਂ ਦੇ ਮਾਹਿਰਾਂ ਮੁਤਾਬਕ ਸਾਹ ਦਾ ਦਮਾ ਐਲਰਜੀ, ਭਾਵਨਾਤਮਕ ਤਣਾਉ ਜਾਂ ਪ੍ਰਬਲ ਕਸਰਤ ਨਾਲ ਵੀ ਹੋ ਸਕਦਾ ਹੈ। ਪਿਤਾ-ਪੁਰਖੀ ਬਿਮਾਰੀ ਕਾਰਨ ਵੀ ਅਜਿਹੇ ਦੌਰੇ ਪੈਦਾ ਹੋ ਸਕਦੇ ਹਨ। ਪਰਾਗ ਜਾਂ ਠੰਡੀ ਅਤੇ ਨਮ ਹਵਾ, ਧੂੰਆਂ ਅਤੇ ਹਵਾ-ਪ੍ਰਦੂਸ਼ਣ, ਤੰਬਾਕੂ ਦਾ ਧੂੰਆਂ ਜਾਂ ਬਾਈ-ਸਲਫੇਟ ਪਰਿੱਖਿਅਕ ਦੇ ਕਾਰਨ ਅਜਿਹਾ ਅਤਿ ਸੰਵੇਦਨਸ਼ੀਲ ਦੌਰਾ ਕਰ ਸਕਦੇ ਹਨ।
ਜੇਕਰ ਤੁਹਾਨੂੰ ਦਮਾ ਨਹੀਂ ਹੈ ਤਾਂ ਤੁਹਾਨੂੰ ਤਣਾਉ ਨਾਲ ਦਮਾ ਨਹੀਂ ਹੋਵੇਗਾ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਦਮਾ ਹੈ ਤਾਂ ਤਣਾਉ ਇਸ ਨੂੰ ਹੋਰ ਵਿਗਾੜ ਸਕਦਾ ਹੈ। ਡਰ ਅਤੇ ਚਿੰਤਾ ਸਾਹ ਦੀ ਥੋੜ੍ਹੀ ਬਿਮਾਰੀ ਨੂੰ ਦਮੇ ਵਿਚ ਬਦਲ ਸਕਦੇ ਹਨ।
ਦਮੇ ਦੇ ਸਭ ਤੋਂ ਆਮ ਲੱਛਣ ਹਨ ਛਾਤੀ ਵਿਚ ਅਕੜਾ, ਸਾਹ ਲੈਣ ਅਤੇ ਸਾਹ ਬਾਹਰ ਕੱਢਣ ਵਾਲੇ ਖੰਘ ਦੀ ਤਕਲੀਫ਼, ਸਾਹ ਦੀ ਆਵਾਜ਼ ਸੁਣਾਈ ਦੇਣੀ, ਖਰਖਰਾਹਟ ਨਾ ਰੁਕਣ ਵਾਲੀਆਂ ਛਿੱਕਾਂ, ਨੱਕ ਵਿਚ ਘੁਟਣ ਮਹਿਸੂਸ ਹੋਣੀ ਅਤੇ ਹਵਾ ਦੇ ਰਸਤਿਆਂ ਵਿਚ ਕਫ਼ ਦਾ ਬਣਨਾ, ਸਾਹ ਘੁਟਦਾ ਪ੍ਰਤੀਤ ਹੁੰਦਾ ਹੈ ਅਤੇ ਲੇਟਣ ਨਾਲ ਦਮਾ ਵਧੇਰੇ ਮਹਿਸੂਸ ਹੁੰਦਾ ਹੈ। ਜੇਕਰ ਦਮੇ ਦੀ ਰੋਕਥਾਮ ਤੇ ਉਪਾਉ ਲਏ ਜਾਣ ਤਾਂ ਦਮੇ ਦੇ ਮਰੀਜ਼ ਵੀ ਇਕ ਸਾਧਾਰਨ ਅਤੇ ਚੁਸਤ ਜ਼ਿੰਦਗੀ ਜੀ ਸਕਦੇ ਹਨ।
ਦਮਾ ਕੋਈ ਸ਼ਰਮਨਾਕ ਬਿਮਾਰੀ ਨਹੀਂ ਹੈ। ਅਜਿਹੀਆਂ ਚੀਜ਼ਾਂ ਤੋਂ ਦੂਰ ਰਹੋ, ਜਿਨ੍ਹਾਂ ਨਾਲ ਤੁਹਾਨੂੰ ਦਮੇ ਦਾ ਦੌਰਾ ਪੈਂਦਾ ਹੈ। ਜੇਕਰ ਸਾਹ ਲੈਣ ਵਿਚ ਤੁਹਾਨੂੰ ਕਿਸੇ ਵੀ ਕਿਸਮ ਦੀ ਤਕਲੀਫ਼ ਨਾ ਹੋਵੇ, ਤੁਸੀਂ ਖ਼ੁਦ ਨੂੰ ਤੰਦਰੁਸਤ ਮੰਨਦੇ ਹੋ ਤਾਂ ਵੀ ਆਪਣੀ ਜਾਂਚ ਜ਼ਰੂਰ ਕਰਵਾਓ। ਜੇਕਰ ਤੁਸੀਂ ਗਰਭਵਤੀ ਹੋ ਤਾਂ ਸਿਗਰਟਨੋਸ਼ੀ ਨਾ ਕਰੋ।
ਬੱਚਿਆਂ ਤੋਂ ਸਿਗਰਟ ਦਾ ਧੂੰਆਂ ਦੂਰ ਹੀ ਰੱਖੋ। ਬੱਚਿਆਂ ਦੇ ਬਿਸਤਰੇ ‘ਤੇ ਧੂੜ-ਮਿੱਟੀ ਤੋਂ ਬੇਅਸਰ ਖਾਸ ਕਿਸਮ ਦੀਆਂ ਚਾਦਰਾਂ ਹੀ ਵਿਛਾਓ।
ਅੱਜਕੱਲ ਦਮੇ ਦੀ ਰੋਕਥਾਮ ਲਈ ਬਹੁਤ ਸਾਰੀਆਂ ਆਧੁਨਿਕ ਮਸ਼ੀਨਾਂ ਜਿਵੇਂ ਪੀਕ ਫਲੋਮੀਟਰ, ਆਰਟੀਰੀਅਲ ਬਲੱਡ ਗੈਸ (ਏ. ਬੀ. ਜੀ.) ਮਸ਼ੀਨ, ਏਅਰ ਪਿਉਰੀਫਾਇਰਸ ਥਾਈਪੈਪ ਮਸ਼ੀਨ, ਰੈਸਪੀਰੇਟਰੀ ਫੰਕਸ਼ਨ ਟੈਸਟ ਮਸ਼ੀਨ ਅਤੇ ਬਾਇਓ-ਫੀਡਬੈਕ ਮਸ਼ੀਨਾਂ ਮੁਹੱਈਆ ਹਨ। ਦਮੇ ਦੇ ਦੌਰੇ ਪੈਣ ਦੇ ਸ਼ੁਰੂਆਤੀ ਲੱਛਣ ਇਸ ਪ੍ਰਕਾਰ ਹਨ-ਛਾਤੀ ਵਿਚ ਖਿਚਾਓ, ਖੰਘ, ਛਾਤੀ ਵਿਚ ਖਰਖਰਾਹਟ। ਦਮੇ ਦੇ ਕੁਝ ਦੌਰੇ ਬਹੁਤ ਹਲਕੇ ਹੁੰਦੇ ਹਨ ਤਾਂ ਕੁਝ ਬਹੁਤ ਗੰਭੀਰ ਕਿਸਮ ਦੇ ਦੌਰੇ ਵੀ ਹੁੰਦੇ ਹਨ। ਅਕਸਰ ਦਮੇ ਦੇ ਮਰੀਜ਼ ਰਾਤ ਨੂੰ ਸੌਂ ਨਹੀਂ ਸਕਦੇ ਕਿਉਂਕਿ ਉਨ੍ਹਾਂ ਨੂੰ ਬੜੀ ਜ਼ੋਰਦਾਰ ਖੰਘ ਆਉਂਦੀ ਹੈ ਜਾਂ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ।
ਜੇਕਰ ਦਮੇ ਦੀ ਬਿਮਾਰੀ ਕੰਟ੍ਰੋਲ ਤੋਂ ਬਾਹਰ ਹੋ ਜਾਵੇ ਤਾਂ ਫੇਫੜਿਆਂ ਦੇ ਸਾਹ ਮਾਰਗ ਦੇ ਕਿਨਾਰੇ ਸੁੱਜ ਕੇ ਮੋਟੇ ਹੋ ਜਾਂਦੇ ਹਨ ਅਤੇ ਇਸ ਸਥਿਤੀ ਵਿਚ ਦਮੇ ਦਾ ਦੌਰਾ ਕਦੀ ਵੀ ਪੈ ਸਕਦਾ ਹੈ। ਦਮੇ ਦੇ ਦੌਰਿਆਂ ਦੌਰਾਨ ਫੇਫੜਿਆਂ ਵਿਚ ਹਵਾ ਦਾ ਆਉਣਾ-ਜਾਣਾ ਬਹੁਤ ਘੱਟ ਹੁੰਦਾ ਹੈ ਦਮੇ ਦਾ ਮਰੀਜ਼ ਹਵਾ ਦੀ ਕਮੀ ਕਾਰਨ ਖੰਘਦਾ ਹੈ ਅਤੇ ਖਰਖਰਾਹਟ ਦੀ ਆਵਾਜ਼ ਪੈਦਾ ਹੁੰਦੀ ਹੈ। ਇਸ ਨਾਲ ਛਾਤੀ ਵਿਚ ਹੌਲਾਪਣ ਮਹਿਸੂਸ ਹੁੰਦਾ ਹੈ। ਦੌਰਾ ਪੈਣ ‘ਤੇ ਫੇਫੜਿਆਂ ਦੀਆਂ ਸਾਹ ਨਾਲੀਆਂ ਦੇ ਕਿਨਾਰੇ ਸੁੱਜ ਕੇ ਮੋਟੇ ਹੋ ਜਾਂਦੇ ਹਨ। ਸਾਹ ਨਾਲੀਆਂ ਵਿਚ ਮਿਊਕਸ (ਚਿਪਚਿਪਾ ਪਦਾਰਥ) ਬਣਨ ਲੱਗਦਾ ਹੈ।
ਦਮੇ ਦਾ ਦੌਰਾ ਪੈਣ ਦੇ ਕਈ ਕਾਰਨ ਹਨ। ਫਰ ਦੀ ਖੱਲ ਵਾਲੇ ਜਾਨਵਰਾਂ ਜਿਵੇਂ ਕੁੱਤਾ ਅਤੇ ਬਿੱਲੀ, ਸਿਗਰਟ ਦੇ ਧੂੰਏਂ ਨਾਲ, ਬਿਸਤਰੇ ਜਾਂ ਸਿਰਹਾਣੇ ਵਿਚ ਮੌਜੂਦ ਧੂੜ ਨਾਲ, ਝਾੜੂ ਲਗਾਉਣ ਜਾਂ ਝਾੜਨ ਨਾਲ, ਉੱਡਣ ਵਾਲੀ ਧੂੜ ਨਾਲ, ਬਹੁਤ ਜ਼ਿਆਦਾ ਬਦਬੂ ਜਾਂ ਸਪ੍ਰੇਅ ਨਾਲ, ਰੁੱਖਾਂ ਅਤੇ ਫਲਾਂ ਦੇ ਪਰਾਗ ਕਣਾਂ ਨਾਲ, ਮੌਸਮ, ਸਰਦੀ-ਜ਼ੁਕਾਮ, ਦੌੜਨ, ਖੇਡਣ ਜਾਂ ਬਹੁਤ ਮਿਹਨਤ ਦਾ ਕੰਮ ਕਰਨ ਨਾਲ। ਡਾਕਟਰ ਦੀ ਸਲਾਹ ਤੋਂ ਬਿਨਾਂ ਐਸਪ੍ਰੀਨ ਦੀ ਵਰਤੋਂ ਨਾ ਕਰੋ, ਘਰ ਨੂੰ ਬਦਬੂ ਤੋਂ ਮੁਕਤ ਰੱਖੋ, ਬਹੁਤ ਤੇਜ਼ ਖੂਸ਼ਬੂ ਵਾਲੇ ਸਾਬਣ, ਸ਼ੈਂਪੂ, ਤੇਲ ਜਾਂ ਪਰਫਿਊਮ ਦੀ ਵਰਤੋਂ ਨਾ ਕਰੋ।
ਦਮੇ ਦੇ ਮਰੀਜ਼ ਦੇ ਕਮਰੇ ਵਿਚ ਕੁਝ ਖਾਸ ਪ੍ਰਬੰਧ ਕਰੋ। ਗ਼ਲੀਚੇ, ਬੋਰੀ ਜਾਂ ਰੂੰਦਾਰ ਕੱਪੜੇ ਕਮਰੇ ਵਿਚੋਂ ਹਟਾ ਦਿਓ ਕਿਉਂਕਿ ਇਨ੍ਹਾਂ ਵਿਚ ਧੂੜ ਅਤੇ ਨਮੀ ਛੇਤੀ ਬੈਠਦੀ ਹੈ। ਨਰਮ ਗੱਦੇਦਾਰ ਕੁਰਸੀਆਂ, ਸਿਰਹਾਣੇ ਅਤੇ ਗੱਦੀਆਂ ਵੀ ਹਟਾ ਦਿਓ। ਇਨ੍ਹਾਂ ਵਿਚ ਵੀ ਬਹੁਤ ਛੇਤੀ ਧੂੜ ਫਸ ਜਾਂਦੀ ਹੈ। ਬਿਸਤਰੇ ‘ਤੇ ਸਾਦੀ, ਨਰਮ ਸੂਤੀ ਚਾਦਰ ਜਾਂ ਸਿਰਹਾਣਾ ਰੱਖੋ। ਗੱਦਿਆਂ, ਕੰਬਲਾਂ ਅਤੇ ਸਿਰਹਾਣਿਆਂ ਵਿਚਲੀ ਧੂੜ ਸਭ ਤੋਂ ਵੱਧ ਖਤਰਨਾਕ ਹੈ।
ਗੱਦੇ ਅਤੇ ਸਿਰਹਾਣੇ ‘ਤੇ ਖਾਸ ਕਿਸਮ ਦੀ ਧੂੜ ਨਾ ਜੰਮਣ ਵਾਲੀ ਚਾਦਰ ਜਾਂ ਗ਼ਿਲਾਫ਼, ਜਿਨ੍ਹਾਂ ਵਿਚ ਜ਼ਿੱਪਰ ਲੱਗੇ ਹੋਣ, ਵਿਛਾਓ। ਜੂਟ ਦੇ ਗੱਦਿਆਂ ਅਤੇ ਸਿਰਹਾਣਿਆਂ ਦੀ ਵਰਤੋਂ ਨਾ ਕਰੋ। ਕਿਸੇ ਵੀ ਹੋਰ ਗੱਦੇ, ਨਾਲੋਂ ਸਾਧਾਰਨ ਗੱਦਾ ਹੀ ਬਿਹਤਰ ਹੈ। ਚਾਦਰ, ਗ਼ਿਲਾਫ਼ ਅਤੇ ਕੰਬਲ ਨੂੰ ਲਗਾਤਾਰ ਗਰਮ ਪਾਣੀ ਨਾਲ ਧੋਵੋ।
ਸਾਫ ਅਤੇ ਤਾਜ਼ੀ ਹਵਾ ਲਈ ਖਿੜਕੀਆਂ ਹਮੇਸ਼ਾ ਖੁੱਲ੍ਹੀਆਂ ਰੱਖੋ। ਜਦੋਂ ਸਾਹ ਰਾਹੀਂ ਦਮੇ ਦੀ ਦਵਾਈ ਲਈ ਜਾਂਦੀ ਹੈ ਤਾਂ ਇਹ ਸਾਹ ਨਾਲੀਆਂ ਰਾਹੀਂ ਹੋ ਕੇ ਫੇਫੜਿਆਂ ਤੱਕ ਪਹੁੰਚਦੀ ਹੈ, ਜਿਥੇ ਇਸ ਦੀ ਲੋੜ ਹੁੰਦੀ ਹੈ ਦਮੇ ਲਈ ਵੱਖ-ਵੱਖ ਕਿਸਮਾਂ ਦੇ ਇਨਹੇਲਰ ਆਉਂਦੇ ਹਨ ਕੁਝ ਸਪ੍ਰੇਅ ਦੇ ਰੂਪ ਵਿਚ ਅਤੇ ਕੁਝ ਪਾਊਡਰ ਦੇ ਰੂਪ ਵਿਚ। ਦਮੇ ਦਾ ਮਰੀਜ਼ ਕਿੰਨੀ ਆਸਾਨੀ ਨਾਲ ਸਾਹ ਲੈ ਸਕਦਾ ਹੈ, ਇਹ ਜਾਂਚਣ ਲਈ ਪੀਕ ਫਲੋਮੀਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੀ ਮਦਦ ਨਾਲ ਡਾਕਟਰ ਦਮੇ ਦੀ ਮਰੀਜ਼ ਦੀ ਸਹੀ ਪਛਾਣ ਕਰ ਸਕਦੇ ਹਨ ਭਾਵ ਤੁਹਾਨੂੰ ਦਮੇ ਦੀ ਬਿਮਾਰੀ ਹੈ ਜਾਂ ਨਹੀਂ, ਦਮੇ ਦਾ ਦੌਰਾ ਕਿੰਨਾ ਗੰਭੀਰ ਜਾਂ ਕਿੰਨਾ ਸਾਧਾਰਨ ਹੋ ਸਕਦਾ ਹੈ।
ਇਸ ਦੀ ਮਦਦ ਨਾਲ ਡਾਕਟਰ ਇਹ ਵੀ ਪਤਾ ਲੱਗਾ ਸਕਦੇ ਹਨ ਕਿ ਸਮੇਂ ਦੇ ਨਾਲ-ਨਾਲ ਦਮੇ ‘ਤੇ ਕਿੰਨਾ ਕਾਬੂ ਪਾਇਆ ਜਾ ਸਕਦਾ ਹੈ। ਰੋਜ਼ਾਨਾ ਘਰ ਵਿਚ ਪੀਕ ਫਲੋਮੀਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਮਰੀਜ਼ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਦਮੇ ਦੀ ਦਵਾਈ ਦੀ ਜ਼ਿਆਦਾ ਲੋੜ ਕਦੋਂ ਪੈ ਸਕਦੀ ਹੈ।