ਅਮਲੀਆਂ ਦੀ ਦੁਨੀਆ
ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ
ਅਮਲੀਆਂ ਦੀ ਵੀ ਕੀ ਦੁਨੀਆਂ ਹੁੰਦੀ ਹੈ! ਅਮਲੀਆਂ ਦੀਆਂ ਗੱਲਾਂ ਨਿਰਪੱਖ ਅਤੇ ਦਿਲਚਸਪ ਹੁੰਦੀਆਂ ਹਨ। ਨਸ਼ੇ ਦੀ ਲੋਰ ਇਹਨਾਂ ਨੂੰ ਸਵਰਗ ਦੀ ਸੈਰ ਕਰਵਾ ਦਿੰਦੀ ਹੈ। ਪਰ ਕਦੇ-ਕਦੇ ਇਹਨਾਂ ਦਰਵੇਸ਼ਾਂ ਉੱਪਰ ਵੀ ਮੁਸੀਬਤ ਆ ਜਾਂਦੀ ਹੈ।
ਇੱਕ ਵਾਰੀ ਦੀ ਗੱਲ ਹੈ ਕਿ ਅਮਲੀਆਂ ‘ਤੇ ਪੁਲਸ ਦਾ ਛਾਪਾ ਪੈ ਗਿਆ। ਅਸਲ ਵਿਚ ਗੱਲ ਕੁਛ ਵੀ ਨਹੀਂ ਸੀ। ਨਾ ਕੋਈ ਮੁਖ਼ਬਰੀ। ਨਾ ਕੋਈ ਡੈਰੀ! ਨਾ ਹੀ ਕਿਸੇ ਦੀ ਸ਼ਕਾਇਤ ਹੀ ਠਾਣੇ ਤੱਕ ਪਹੁੰਚੀ ਸੀ।
ਸਾਰੇ ਹਫ਼ਤੇ ਦਾ ਵਿਹਲਾ ਬੈਠਾ ਠਾਣੇਦਾਰ ਅਤੇ ਸਿਪਾਹੀ ਅੱਕ ਗਏ ਸਨ। ਕੋਈ ‘ਸ਼ਿਕਾਰ’ ਨਹੀਂ ਫਸਿਆ ਸੀ। ਮੁਨਸ਼ੀ ਦਾ ਤਾਂ ਬਹੁਤਾ ਹੀ ਬੁਰਾ ਹਾਲ ਸੀ। ਉਸ ਨੇ ਤਾਂ ਤੰਦੂਰ ਦੀ ਰੋਟੀ ਨਾਲ ਗੰਢੇ ਦੀਆਂ ‘ਪੂਤਨੀਆਂ’ ਖਾ-ਖਾ ਕੇ ਮੂੰਹ ਹੀ ਪਕਾ ਲਿਆ ਸੀ। ਉਹਨਾਂ ਨੇ ਜੁਗਤ ਲੜਾਈ ਅਤੇ ਸਾਡੇ ਪਿੰਡ ਅਮਲੀਆਂ ‘ਤੇ ਛਾਪਾ ਆ ਮਾਰਿਆ।
ਸਾਰੇ ਮਜ੍ਹਬੀ ਸਿੱਖਾਂ ਅਤੇ ਰਵਿਦਾਸੀਆਂ ਦੇ ਖੂੰਜੇ ਫਰੋਲ ਮਾਰੇ। ਪਰ ਨਾ ਨਜਾਇਜ਼ ਸ਼ਰਾਬ ਮਿਲੀ ਅਤੇ ਨਾ ਹੀ ਕੋਈ ਹੋਰ ਨਜਾਇਜ਼ ਚੀਜ਼! ਮਾਯੂਸ ਹੋਏ ਠਾਣੇਦਾਰ ਨੇ ਪਿੰਡ ਦੇ ਪੰਜ-ਸੱਤ ਅਮਲੀ ਫੜ ਕੇ ਧਰਮਸ਼ਾਲਾ ਵਿਚ ਬਿਠਾ ਲਏ। ਡਰ ਨਾਲ ਕੁੰਗੜੇ ਅਮਲੀ ਕੰਬ ਰਹੇ ਸਨ।
“ਥੋਡੇ ‘ਚੋਂ ਦਸ ਨੰਬਰੀਏ ਕਿਹੜੇ ਕਿਹੜੇ ਐ ਉਏ?’” ਮੁੰਨਿਆਂ ਮੂੰਹ ਬੋਕ ਵਾਂਗ ਖੋਲ੍ਹ ਕੇ ਇੱਕ ਸਿਪਾਹੀ ਨੇ ਪੁੱਛਿਆ। ਉਸ ਦੀਆਂ ਚੌੜੀਆਂ ਨਾਸਾਂ ‘ਚੋਂ ਹਵਾ ‘ਫਕੜ-ਫਕੜ’ ਆ-ਜਾ ਰਹੀ ਸੀ। ਘੁੱਟਿਆ ਮੂੰਹ ਲੋਟੇ ਵਰਗਾ ਸੀ।
“ਅਸੀਂ ਦਸ ਲੰਬਰੀਏ ਕਿੱਥੇ ਮਾਈ ਬਾਪ – ਅਸੀਂ ਤਾਂ ਦਿਨ ਕਟੀ ਕਰਨ ਆਲੇ ਐਂ।” ਸੱਘਾ ਅਮਲੀ ਬੋਲਿਆ। ਉਹ ਵਾਰ-ਵਾਰ ਉਬਾਸੀ ਲੈਂਦਾ ਸੀ। ਇੱਕ ਟੁੰਡਾ ਹੱਥ ਮੱਝ ਦੀ ਪੂਛ ਵਾਂਗ ਹਿੱਲ ਕੇ ਮੱਖੀਆਂ ਉਡਾ ਰਿਹਾ ਸੀ।
“ਤੁਸੀਂ ਜਿੰਨੇਂ ਉੱਪਰ ਓਂ-ਉਨੇ ਈ ਧਰਤੀ ‘ਚ!”
“ਤੁਸੀਂ ਤਾਂ ਹੱਥ ਜੋੜੋਂਗੇ – ਜਦੋਂ ਵਾਰੀ ਵਾਰੀ ਮੂਧੇ ਪਾਏ!” ਦੂਜੇ ਸਿਪਾਹੀ ਨੇ ਤੜ੍ਹ ਪਾਉਣ ਲਈ ਸੱਟ ਮਾਰੀ।
“ਹੱਥ ਊਂ ਈਂ ਜੁੜਵਾ ਲੈ ਜੋਰਾਵਰਾ!”
“ਭੌਂਕ ਨਾ ਉਏ ਕੁੱਤਿਆ!” ਸਿਪਾਹੀ ਨੇ ਅਮਲੀ ਦੇ ਟੁੰਡ ‘ਤੇ ਡੰਡਾ ਮਾਰਿਆ। ਟੁੰਡ ਦੋਨਾਲੀ ਰਫ਼ਲ ਵਰਗਾ ਬਣ ਗਿਆ।
“ਸਰਦਾਰ ਰੋਟੀ ਛਕੋ!” ਸਰਪੰਚ ਨੇ ਕਿਹਾ।
ਸਾਰੀ ਪੁਲਸ ਰੋਟੀ ਖਾਣ ਵਿਚ ਰੁੱਝ ਗਈ।
ਸਰਪੰਚ ਨੇ ਅੱਖ ਬਚਾ ਕੇ ਅਮਲੀਆਂ ਨੂੰ ਇੱਕ-ਇੱਕ ‘ਕੰਡਾ’ ਦੇ ਦਿੱਤਾ। ਸਰਪੰਚ ਅਮਲੀਆਂ ਦਾ ਖ਼ਾਸ ਖਿਆਲ ਰੱਖਦਾ ਸੀ। ਕਿਉਂਕਿ ਅਜਿਹੇ ਪੱਕੇ ਵੋਟਰ ਉਸ ਨੂੰ ਕਿੱਧਰੋਂ ਲੱਭਣੇ ਸਨ? ਬਾਕੀ ਅਗਲੀ ਇਲੈਕਸ਼ਨ ਵੀ ਸਿਰ ‘ਤੇ ਆਉਣ ਵਾਲੀ ਸੀ। ਬੁੱਢੀਆਂ ਅਤੇ ਬਿਮਾਰੀ ਨਾਲ ਮੰਜੇ ‘ਤੇ ਪਈਆਂ ‘ਵੋਟਾਂ’ ਅਮਲੀ ਹੀ ਮੋਢਿਆਂ ‘ਤੇ ਢੋਂਦੇ ਸਨ। ਇੱਕ ਤਰ੍ਹਾਂ ਨਾਲ ਵੋਟਾਂ ਦਾ ਜਨਾਜਾ!
ਨਸ਼ਾ ਖਿੜਨ ‘ਤੇ ਅਮਲੀਆਂ ਨੇ ਅੜਾਹਟ ਪਾਉਣਾ ਸ਼ੁਰੂ ਕਰ ਦਿੱਤਾ।
“ਠਾਣੇਦਾਰ ਸਾਅਬ – ਮੈਨੂੰ ਛੱਡ ਦਿਓ – ਮੇਰੀ ਬੱਕਰੀ ਨੂੰ ਮੋਕ ਲੱਗੀ ਵੀ ਐ – ਜੇ ਨਾ ਗੌਰ ਕੀਤੀ, ਬਿਚਾਰੀ ਮਰਜੂਗੀ!” ਸੱਘੇ ਅਮਲੀ ਨੇ ਟੁੰਡ ਨਾਲ ਦੂਜਾ ਹੱਥ ਜੋੜ ਕੇ ਕਿਹਾ। ਹੱਥ ਓਹਲੇ ਟੁੰਡ ‘ਪਿਸਤੌਲ’ ਲੱਗਦਾ ਸੀ।
ਪੁਲਸ ਚੁੱਪ ਸੀ। ਖਾ ਰਹੀ ਸੀ।
“ਨਹੀਂ ਬੱਚਿਆਂ ਆਲਿਆ – ਮੈਨੂੰ ਛੱਡ – ਮੇਰਾ ਕੰਮ ਬਾਹਲਾ ਖਰਾਬ ਐ।” ਸਰ੍ਹੋਂ-ਫੁੱਲਾ ਬੋਲਿਆ।
“ਕਿਉਂ ਤੂੰ ਭੈਣ ਦਾ ਮੁਕਲਾਵਾ ਤੋਰਨੈਂ?” ਠਾਣੇਦਾਰ ਨੇ ਸ਼ਬਦ ਪੜ੍ਹਿਆ। ਕੁੱਕੜ ਦੀ ਵੱਡੀ ਸਾਰੀ ਲੱਤ ਉਸ ਦੇ ਬੁੱਚੜ ਜਬਾੜ੍ਹੇ ਵਿਚ ਅੜ ਜਿਹੀ ਗਈ ਸੀ। ਸੁਆਦ ਖਰਾਬ ਹੋ ਗਿਆ ਸੀ।
“ਭੈਣ ਮੋਤੀਆਂ ਆਲਿਆ ਜੀਹਦੇ ਹੋਊ – ਉਹੀ ਮੁਕਲਾਵਾ ਤੋਰੂ – ਮੈਨੂੰ ਤਾਂ ਥੋਡੀ ਗੱਲ ਦਾ ਭੋਰਾ ਗ਼ਿਲਾ ਨੀ – ਪਰ ਸਰਕਾਰ ਸਾਡੇ ਕੱਟੇ ਨੂੰ ਨਮੂੰਨੀਆਂ ਹੋਇਐ – ਸਲੋਤਰੀ ਨੂੰ ਦਿਖਾਉਣੈਂ ਜੀ!”
ਸਾਲੇ ਕਿੱਡੇ ਪਾਖੰਡੀ ਐ ਉਏ!” ਇੱਕ ਹਰਖ਼ੇ ਸਿਪਾਹੀ ਨੇ ਹੱਡੀ ਚੂੰਡ ਕੇ ਅਮਲੀ ਦੇ ਮੂੰਹ ‘ਤੇ ਮਾਰੀ।
“ਸਰਕਾਰ – ਕਿਉਂ ਗਾਲ੍ਹਾਂ ਦਾ ਛਕਾਟ ਪਾਇਐ – ਗੱਲ ਸਿੱਧੀ ਕਰੋ!” ਵਿਰਲੇ ਅਮਲੀ ਦਾ ਨਸ਼ਾ ਖ਼ਤਰੇ ਵਾਲੀ ਸੂਈ ਤੱਕ ਪਹੁੰਚ ਗਿਆ ਸੀ। ਗਿੱਲੇ ਝੰਡੇ ਵਾਂਗ ਲਮਕਦਾ ਮੂੰਹ ਨਸ਼ੇ ਕਾਰਨ ਰੌਣਕ ਫੜ ਗਿਆ ਸੀ।
“ਕਜਾਤੋ – ਕਰਦੇ ਨਹੀਂ ਚੁੱਪ ਥੋਡੀ ਮਾਂ ਦੀ।” ਰੋਟੀਆਂ ਨਾਲ ਰੱਜੇ ਸਿਪਾਹੀ ਨੇ ਹੱਥ ਧੋ ਕੇ ਅਮਲੀਆਂ ਨੂੰ ‘ਛਾਂਗਣਾ’ ਸ਼ੁਰੂ ਕਰ ਦਿੱਤਾ।
“ਮੈਖਿਆ, ਮਾਪਿਓ ਕੁੱਟ ਲਓ – ਪਰ ਜਲਦੀ ਛੱਡ ਦਿਓ – ਜੇ ਮੇਰੀ ਬੱਕਰੀ ਮਰ ਗਈ – ਪਾਪ ਥੋਨੂੰ ਲੱਗੂ।”
“ਮੇਰਾ ਕੱਟਾ ਮਰ ਕੇ ਪ੍ਰੇਤ ਬਣੂੰ ਤੇ ਥੋਨੂੰ ਪਟਕਾ ਪਟਕਾ ਕੇ ਮਾਰੂ।” ਕੁੱਟ ਖਾਂਦੇ ਅਮਲੀ ਕਹਿ ਰਹੇ ਸਨ।
“ਸਰਪੈਂਚਾ! ਇਹਨਾਂ ਸੂਰਤਾਂ ਦਾ ਕੀ ਕਰੀਏ?” ਠਾਣੇਦਾਰ ਅਮਲੀਆਂ ਤੋਂ ਤੰਗ ਆ ਗਿਆ ਸੀ। ਉਸ ਨੇ ਡਕਾਰ੍ਹ ਮਾਰ ਕੇ ਕੇ ‘ਹਰੀ-ਓਮ’ ਕਿਹਾ।
“ਜੀ ਸਾਨੂੰ ਛੱਡੋ ਪਰ੍ਹਾਂ-!” ਸੰਤੋਖ ਪਹਿਲਾਂ ਹੀ ਬੋਲ ਪਿਆ। ਉਹ ਓਕੜੂ ਜਿਹਾ ਹੋਇਆ, ਪੈਰਾਂ ਭਾਰ ਬੈਠਾ ਸੀ।
“ਤੈਨੂੰ ਕਿਸੇ ਨੇ ਪੁੱਛਿਐ, ਹਰਾਮਦਿਆ! ਇਹ ਮਾਂ ਅੰਦਰ ਨੀ ਵੜਦੀ?” ਠਾਣੇਦਾਰ ਨੇ ਦੰਦ ਕਿਰਚ ਕੇ ਉਸ ਦੀ ਧੌਣ ‘ਚ ਮੁੱਕੀ ਮਾਰੀ। ਉਹ ‘ਦਾਅੜ’ ਕਰਦਾ ਧਰਤੀ ‘ਤੇ ਜਾ ਡਿੱਗਿਆ।
“ਹਾਏ ਸਰਕਾਰ! ਧੌਣ ਦੀ ਸੰਗਲੀ ਟੁੱਟ ਗਈ।” ਉਹ ਬਿਲਕਿਆ।
“ਬੱਸ ਮੱਲਾ ਬੱਸ! ਤਿਲ੍ਹਕ ਕੇ ਡਿੱਗੇ ਦਾ ਤੇ ਗੌਰਮਿਲਟ ਦੇ ਘੂਰੇ ਦਾ ਕੀ ਗੁੱਸਾ ਹੁੰਦੈ? ਸੰਗਲੀ ਤਾਂ ਕੀ ਟੁੱਟਣੀ ਸੀ – ਕੋਈ ਨਾੜ ਨੂੜ ਚੜ੍ਹਗੀ ਹੋਣੀ ਐਂ।” ਹਜ਼ਾਰੇ ਅਮਲੀ ਨੇ ਉਸ ਨੂੰ ਇੱਕ ਤਰ੍ਹਾਂ ਨਾਲ ਮੌਲੇ ਬਲਦ ਵਾਂਗ ਪੂਛੋਂ ਫੜ ਕੇ ਖੜ੍ਹਾ ਕੀਤਾ।
“ਚੱਲ ਸਰਦਾਰ-ਥੁੱਕ ਗੁੱਸਾ!” ਸਰਪੰਚ ਬੋਲਿਆ।
“ਇਹਨਾਂ ਨੂੰ ਠਾਣੇ ਲੈ ਕੇ ਚੱਲੋ!” ਠਾਣੇਦਾਰ ਨੇ ਹੁਕਮ ਕੀਤਾ।
“ਸਰਦਾਰ ਜੀ! ਇਹਨਾਂ ਖਾਖੀ ਨੰਗਾਂ ਤੋਂ ਕੀ ਝਾਕ ਕਰਦੇ ਓਂ? ਹੈਨੀ ਤਿਲਾਂ ‘ਚ ਤੇਲ! ਠਾਣੇ ਇਹਨਾਂ ਨੂੰ ਕਿਹੜਾ ਸਹੁਰਾ ਫ਼ੀਮ ਦੇਈ ਜਾਊ? ਇਹ ਤਾਂ ਜੁਆਈਆਂ ਮਾਂਗੂੰ ਸਾਂਭਣੇਂ ਪੈਣਗੇ-ਜੇ ਇਹਨਾਂ ਨੂੰ ਫ਼ੀਮ ਨਾ ਮਿਲੀ-ਤਾਂ ਇਹ ਊਂ ਮਰ ਜਾਣਗੇ-ਨਾ ਮਰਿਆ ਸੱਪ ਗਲ ਪਾਓ!” ਇੱਕ ਬਜ਼ੁਰਗ ਸਿਪਾਹੀ ਨੇ ਠਾਣੇਦਾਰ ਨੂੰ ਕੰਨ ਵਿਚ ਸਮਝਾਇਆ। ਖ਼ਬਰਦਾਰ ਕੀਤਾ। ਠਾਣੇਦਾਰ ਨੂੰ ਸੱਚ ਆ ਗਿਆ ਸੀ।
“ਪਰ ਸਰਦਾਰ ਜੀ! ਇਹਨਾਂ ਦੀ ਧੌੜੀ ਕਿਹੜੇ ਕਸੂਰ ‘ਚ ਲਾਹੀ?” ਸਰਪੰਚ ਨੇ ਠਾਣੇਦਾਰ ਨੂੰ ਪੁੱਛਿਆ।
“ਸਬੂਤ ਮਿਲੇ ਤੋਂ ਦੱਸਾਂਗੇ।” ਠਾਣੇਦਾਰ ਨੇ ਪੱਲਾ ਛੁਡਾਇਆ। ਉਸ ਨੂੰ ਤਾਂ ਖੁਦ ਨੂੰ ਨਹੀਂ ਪਤਾ ਸੀ!
ਪੁਲਸ ਤੁਰ ਗਈ।
“ਇਹ ਪੁਲਸ ਆਲੇ ਸੀ ਕਿ ਭੂਤ?” ਸੱਘਾ ਅਮਲੀ ਬੋਲਿਆ।
“ਜਮਦੂਤ ਨੇ ਐਹੋ ਜੀ ਮੁੱਕੀ ਮਾਰੀ-ਤਣ ਪੱਤਣ ਈ ਹਿਲਾਤਾ-ਮੇਰੀਆਂ ਤਾਂ ਰਗਾਂ ਜੁੜੀਆਂ ਪਈਐਂ।” ਸੰਤੋਖ ਧੋਣ ਪਲੋਸੀ ਜਾ ਰਿਹਾ ਸੀ।
“ਉਏ ਮੇਰਾ ਸਾਅਫ਼ਾ?” ਇੱਕ ਅਮਲੀ ਤ੍ਰਭਕਿਆ।
“ਉਹ ਤਾਂ ਚਪਾਹੀ ਕੋਲੇ ਸੀ।”
“ਬੱਸ ਫੇਰ-ਲੈ ਗਿਆ ਨਾਲ ਈ।”
“ਪੈ ਗਿਆ ਪੱਕੇ।”
“ਲੱਗ ਗਏ ਪੈਰ”
“ਹਾਏ ਉਏ ਚਪਾਹੀਆ – ਤੇਰੀ ਨਿੱਕੀ ਉੱਧਲਜੇ।” ਅਮਲੀ ਨੇ ਸਾਫ਼ੇ ਦੇ ਵਿਯੋਗ ਵਿਚ ਵੈਣ ਪਾਉਣੇ ਸ਼ੁਰੂ ਕਰ ਦਿੱਤੇ।
“ਸਾਲੇ ਜੱਭਲ ਨੂੰ ਗਾਲ੍ਹ ਵੀ ਨੀ ਕੱਢਣੀ ਆਉਂਦੀ! ਤੂੰ ਕਹਿ ਚਪਾਹੀਆ ਤੇਰੀ ਨਿੱਕੀ ਸਾਡੇ ਨਾਲ ਉੱਧਲਜੇ!” ਇੱਕ ਨੇ ਗਲਤੀ ਕੱਢੀ। ਢੰਗ ਦੱਸਿਆ।
“ਐਸ ਮੂੰਹ ਨੂੰ ਮਸਰਾਂ ਦੀ ਦਾਲ?”
“ਤੂੰ ਗਿੱਡਲਾ ਮੇਰੇ ਮੂੰਹ ਨੂੰ ਸਾਕ ਕਰਨੈਂ?”
“ਤੇ ਤੂੰ ਪਿਉ ਦੀਆਂ ਨਿਘੋਚਾਂ ਕੱਢਦੈਂ?”
“ਜੇ ਕਾਵਾਂ ਦੇ …ਹੋਣ ਉਹ ਬਨੇਰੇ ਨਾ ਢਾਹ ਦੇਣ?”
“ਤੁਸੀਂ ਸਹੁਰਿਓ ਲੜਨ ਲੱਗ ਪਏ? ਕੋਈ ਕੰਮ ਦੀ ਗੱਲ ਕਰੋ!” ਬਖਤੌਰ ਨੂੰ ਕੌਂਸਲ ਵਿਚ ਭੂਚਾਲ ਆਇਆ ਜਾਪਿਆ।
“ਮਾਵਾ ਮੁਕਦਾ ਜਾਂਦੈ – ਪੈਸੇ ਧੇਲੇ ਦਾ ਪ੍ਰਬੰਧ ਕਰੋ!”
“ਉਹ ਮੈਂ ਸੋਚ ਰੱਖਿਐ।” ਅਮਲੀਆਂ ਦੀ ਪਾਰਟੀ ਵਿਚ ਸੱਘਾ ਬੜਾ ਦਿਮਾਗੀ ਸੀ।
“ਕੀ..?” ਸਾਰੇ ਕੋਚਰ ਵਾਂਗ ਇੱਧਰ ਨੂੰ ਝਾਕੇ।
“ਲੈਕਸ਼ਨ ਆ ਰਹੀ ਐ-ਅੱਡੋ ਅੱਡੀ ਮੀਦਵਾਰਾਂ ਦੇ ਘਰੀਂ ਵੜ ਜਾਓ-ਬੋਟ ਦਾ ਮੁੱਲ ਤਾਂ ਲਓ!”
“ਉਏ ਬੱਲੇ ਉਏ ਫੁੱਫੜਾ।” ਸੁੱਚੇ ਨੇ ਚਾਂਗਰ ਮਾਰੀ। ਸੱਘਾ ਸਹੁਰੀਂ ਰਹਿੰਦਾ ਕਰਕੇ ਸਾਰੇ ਉਸ ਨੂੰ ‘ਫੁੱਫੜ’ ਹੀ ਆਖਦੇ ਸਨ।
“ਫੁੱਫੜ ਬੜਾ ਮਾਂਦਰੀ ਐ ਬਈ!”
“ਹੋਵੇ ਨਾ? ਇੱਕ ਆਰੀ ਫੁੱਫੜ ਕਹੀਏ-ਦੀਵਾ ਬੁਝ ਜਾਂਦੈ।”
ਸਾਰੇ ਹੱਸ ਪਏ।
“ਪਰ ਜਦੋਂ ਲੈਕਸ਼ਨ ਖਤਮ ਹੋਗੀ, ਫੇਰ..?” ਹਜ਼ਾਰੇ ਨੂੰ ਭਵਿੱਖ ਧੁੰਦਲਾ ਜਾਪਿਆ।
“ਫੇਰ ਹੀਲਾ ਬਣਾਊ ਰੱਬ-ਜਿਹੜਾ ਉੱਤੇ ਬੈਠੈ-ਲੀਲੀ ਛਤਰੀ ਆਲਾ।”
“ਆਹ ਬਣਾਊ ਰੱਬ ਹੀਲਾ! ਰੱਬ ਤਾਂ ਬਦਲੇਖੋਰੈ।”
“ਕਿਉਂ….? ਕਾਹਤੋਂ…?”
“ਤੇ ਹੋਰ! ਹਰ ਰੋਜ ਬਦਲੇ ਲੈਂਦੈ – ਕਦੇ ਪੁਲਸ ਤੋਂ ਕੁਟਵਾ ਦਿੰਦੈ – ਕਦੇ ਕਿਸੇ ਮਜ੍ਹਬਣ ਤੋਂ ਛਿੱਤਰ ਪੁਆ ਦਿੰਦੈ-ਬਈ ਪਤੰਦਰਾ! ਜਿਥੇ ਤੂੰ ਲੋਕਾਂ ਵਾਸਤੇ ਤੀਮੀਆਂ ਬਣਾਉਨੈਂ-ਉਥੇ ਅਮਲੀਆਂ ਵਾਸਤੇ ਇੱਕ ਦੀ ਥਾਂ ਦੋ ਬਣਾ ਕੇ ਦੇਹ-ਸੌ ਨਾ ਜਾਣੀਏਂ ਇੱਕ ਅੱਧੀ ਬਿਮਾਰ ਠਮਾਰ ਹੋਜੇ…?” ਸੁੱਚੇ ਦੀਆਂ ਅੱਖਾਂ ਅੱਗੇ ਹੁਸੀਨ ਨਜ਼ਾਰਾ ਟਿਮਕਣ ਲੱਗ ਪਿਆ। ਉਸ ਦੀਆਂ ਬੁਝੀਆਂ ਜਿਹੀਆਂ ਅੱਖਾਂ ਬੱਲਬ ਵਾਂਗ ਜਗਣ ਲੱਗ ਪਈਆਂ ਸਨ।
“ਆਹਾ ਹਾਹਾ-ਖ਼ੁਸ਼ ਕੀਤਾ…”
“ਸੁੱਚਿਆ-ਰੱਬ ਤਰਸਖੋਰਾ ਐ।”
“ਉਹ ਕਿਵੇਂ?”
“ਉਹਨੇ ਤੀਮੀਆਂ ਅਮਲੀਆਂ ਕੋਲੇ ਛੱਡ ਕੇ ਮਰਵਾਉਣੀਐਂ?”
“ਬਈ ਆਪਾਂ ਛੜੇ ਈ ਮਰਜਾਂਗੇ?” ਸੁੱਚੇ ਨੂੰ ਸੱਚ ਹੀ ਨਹੀਂ ਆ ਰਿਹਾ ਸੀ।
“…..” ਸਾਰੇ ਇੱਕ ਦੂਜੇ ਦੇ ਮੂੰਹ ਵੱਲ ਝਾਕਣ ਲੱਗ ਪਏ।
“ਉਏ ਆਹ ਕਿਹੜੀ ਜਾਂਦੀ ਐ?” ਬਖਤੌਰ ਨੇ ਰੱਸੀ ਵਾਲੀ ਗੋਲ ਐਨਕ ਵਿਚੋਂ ਸ਼ਿਸ਼ਤ ਬੰਨ੍ਹ ਕੇ ਦੇਖਿਆ।
“ਕੜਬਚੱਬਾਂ ਦੀ ਮਾਛਟਰਾਣੀਂ ਐਂ!” ਸਾਰਿਆਂ ਨੇ ਮੱਥਿਆਂ ‘ਤੇ ਸੱਪ ਦੀ ਸਿਰੀ ਵਾਂਗ, ਹੱਥਾਂ ਦੀ ਛਾਂ ਕਰ ਲਈ।
“ਤੁਰਦੀ ਦੇਖ ਕਿਮੇਂ ਸਿੰਧ ਦੀ ਘੋੜੀ ਮਾਂਗੂੰ ਐਂ-ਪੱਟ ਹੋਣੀਂ!”
“ਇਹ ਬਿਜਲੀ ਆਲੀ ‘ਟੂਪ’ ਦੇ ਚਾਨਣ ‘ਚ ਨੰਗੀ ਖੜ੍ਹੀ ਕਿਹੋ ਜੀ ਲੱਗਦੀ ਹੋਊ ਬਈ?” ਫੁੱਫੜ ‘ਖ਼ੀਂ-ਖ਼ੀਂ’ ਕਰ ਕੇ ਹੱਸਿਆ।
ਸਾਰਿਆਂ ਦੇ ਸੀਨੇ ਆਰੀ ਫਿਰ ਗਈ। ਕਾਲਜੇ ਚੀਰੇ ਗਏ।
“ਮੈਂ ਤਾਂ ਦੇਖ ਕੇ ਥਾਂ ‘ਤੇ ਈ ਮਰਜਾਂ।”
“ਕਹਿੰਦੇ ਐ-ਛੜਾ ਮਰ ਕੇ ਭੂਤ ਬਣਦੈ?”
“ਨਜਾਰਾ ਤਾਂ ਫੇਰ ਈ ਆਊ।”
“ਫੇਰ ਕਰਾਂਗੇ ਮਜ੍ਹਬਣਾਂ ਨੂੰ ਬੱਤ!”
“ਮੈਂ ਤਾਂ ਜੰਗਲ ਪਾਣੀ ਬੈਠੀਆਂ ਨੂੰ ਡਰਾਇਆ ਕਰੂੰ।” ਵਿਰਲੇ ਨੂੰ ਗੱਲ ਮੇਚ ਆ ਗਈ ਸੀ।
“ਤੇ ਮੈਂ ਵਿਰਲਿਆ-ਨਹਾਉਂਦੀਆਂ ਦੇ ਕੁਤਕੁਤੀਆਂ ਕੱਢਿਆ ਕਰੂੰ।” ਹਜ਼ਾਰੇ ਨੇ ਰੇਖ ‘ਚ ਮੇਖ ਮਾਰੀ।
“ਪਰ ਜੇ ਸਹੁਰੇ ਦੀਆਂ ਨੇ ਕੋਈ ਧਾਗਾ ਤਵੀਤ ਕਰਾ ਕੇ ਪਾ ਲਿਆ-ਫੇਰ?” ਸੁੱਚਾ ਦਹਿਲ ਗਿਆ।
“ਧਾਗਾ ਤਵੀਤ ਕਰਵਾਉਣ ਜਾਣ ਦਿਆਂਗੇ ਤਾਂ ਈ ਐ ਨਾ?”
“ਜਦੋਂ ਧਾਗਾ ਤਵੀਤ ਕਰਵਾਉਣ ਤੁਰੇ-ਓਦੋਂ ਈ ਠਿੱਬੀ ਮਾਰ ਕੇ ਟਿੱਬੇ ‘ਤੇ ਸਿੱਟ ਲਈ!”
“ਤੇ ਜੇ ਕੋਈ ਸਾਧ ਪਿੰਡ ਆ ਗਿਆ-ਫੇਰ?”
“ਮੁਰਦਾ ਬੋਲੂ ਖੱਫਣ ਪਾੜੂ-ਉਏ ਸਾਧ ਆਪਣੇ ਤੋਂ ਤਕੜਾ ਹੋਊ? ਫੜ ਕੇ ਉੱਡਣਕਟੋਲ੍ਹਾ ਨਾ ਬਣਾ ਦਿਆਂਗੇ? ਪਹਿਲਾਂ ਗਲੀਸ ਸਾਧ ਨੂੰ ਦਮਾਂਗੇ!”
“ਸੱਚ ਸੱਘਿਆ! ਤੂੰ ਤਾਂ ਕਹਿੰਦਾ ਸੀ ਤੇਰੀ ਬੱਕਰੀ ਨੂੰ ਮੋਕ ਲੱਗੀ ਐ?” ਹਜ਼ਾਰੇ ਨੂੰ ਅਚਾਨਕ ਗੱਲ ਯਾਦ ਆ ਗਈ।
“ਕਿੱਥੇ ਭਰਾਵਾ! ਉਹ ਤਾਂ ਛੁੱਟਣ ਲਈ ਫੈਂਟਰ ਸਿੱਟਿਆ ਸੀ-ਪਰ ਸੁਣਨੀ ਕਿਹੜੇ ਕੰਜਰ ਨੇ ਸੀ? ਧੂੜ੍ਹ ‘ਚ ਟੱਟੂ ਰਲਾਤਾ!”
“ਨਾਲੇ ਸੱਘਾ ਕਿਤੇ ਬੱਕਰੀ ਨੂੰ ਮੋਕ ਲੱਗਣ ਦਿੰਦੈ?”
“ਫੀਮ ਖੁਆਉਂਦੈ ਨਿੱਤ, ਫੀਮ…”
“ਬੁੜ੍ਹੀਆਂ ਆਲਾ ਕੰਮ ਵੀ ਲਈਦੈ, ਬਾਈ ਸਿਆਂ!” ਸੱਘਾ ‘ਫ਼ੀਂ-ਫ਼ੀਂ’ ਕਰਕੇ ਹੱਸਿਆ।
“ਉਏ ਕਰਦੇ ਨੀਂ ਚੁੱਪ, ਕਨਸਲੋ!” ਦੂਰ ਕੌਲੇ ਨਾਲ ਬੈਠਾ, ਧੁੱਪ ਸੇਕ ਰਿਹਾ ਇੱਕ ਬਾਬਾ ਚੀਕਿਆ।
“ਕੋਈ ਨਾ ਬਾਬਾ! ਟੈਮ ਟੈਮ ਦੀਆਂ ਗੱਲੈਂ-ਜੁਆਨੀ ‘ਚ ਤੂੰ ਵੀ ਬੜੇ ਤੋਤੇ ਉੜਾਏ ਐ।”
“ਪਾਲੋ ਫੌਜਣ ਨਾਲ ਤੂੰ ਵੀ ਬਥੇਰੇ ਚੋਹਲ ਮੋਹਲ ਕਰਦਾ ਹੁੰਦਾ ਸੀ।”
“ਚਿੜੇ ਤੇ ਘੁੱਗੇ ਮਾਰ ਮਾਰ ਵੀ ਖਾਂਦਾ ਰਿਹੈ, ਬਾਈ!”
“ਬਾਬਾ ਛਿੱਤਰ ਨਾਲ ਘੁੱਗੀ ਕੁੱਟਣ ਦਾ ਆਦੀ ਸੀ।”
“ਤੇ ਕਿੱਕਰ ਤੋਂ ਕਾਟੋ ਲਾਹੁੰਣ ਦਾ ਸ਼ੌਕੀਨ ਸੀ ਪੂਰਾ!”
“ਤਾਂਹੀਂ ਤਾਂ ਫ਼ੌਜਣ ਅੜਿੱਕੇ ਆਈ-ਨਹੀਂ ਇਹ ਕਾਹਨੂੰ ਛੇਤੀ ਕੀਤੇ ਨੇੜੇ ਲੱਗਣ ਦਿੰਦੀਐਂ!”
“…..” ਬਾਬਾ ਚੁੱਪ ਕਰ ਗਿਆ। ਸੱਚੀ ਗੱਲ ਡਾਂਗ ਵਾਂਗ ਸਿਰ ‘ਚ ਵੱਜੀ ਸੀ।
“ਕਹਿੰਦੇ ਐ-ਬਾਬਾ ਫੌਜਣ ਨੂੰ ਹਰ ਸਾਲ ਮੇਲੇ ਤੋਂ ਨਵਾਂ ਰੁਮਾਲ ਲਿਆ ਕੇ ਦਿੰਦਾ ਸੀ।”
“ਇੱਕ ਆਰੀ ਕਹਿੰਦੇ ਯਾਂਘੀਆ ਵੀ ਸਮਾ ਕੇ ਦਿੱਤਾ ਸੀ-ਰੇਸ਼ਮੀ ਨਾਲਿਆਂ ਆਲਾ।”
“ਯਾਂਘੀਆ ਪਾ ਕੇ ਕੁਸ਼ਤੀ ਲੜਨੀ ਸੀ?”
“ਕੀ ਪਤੈ? ਬਾਬਾ ਪੂਰਾ ਘਤਿੱਤੀ ਸੀ-ਕੀ ਪਤੈ ਫੌਜਣ ਨਾਲ ਕਿਹੜੀ ਕਿਹੜੀ ਖੇਡ ਕਰਦਾ ਹੋਊ?”
“ਫ਼ੋਜਣ ਵੀ ਭਾਈ ਆਖਦੇ ਐ ਸੱਬਲ ਅਰਗੀ ਨਿੱਗਰ ਸੀ-ਜਿੱਥੇ ਵੱਜਦੀ ਸੀ-ਕਹਿੰਦੇ ਟੋਆ ਪੱਟ ਦਿੰਦੀ ਸੀ।”
“ਬੱਲੇ! ਐਹੋ ਜੀ ਤੀਮੀ ਸਾਂਭਣੀ ਕਿਤੇ ਜਣੇ ਖਣੇ ਦਾ ਕੰਮ ਐਂ?”
“ਸਾਡਾ ਬਾਬਾ ਕਿਹੜਾ ਘੱਟ ਸੀ? ਧੌਣੋਂ ਫੜ ਕੇ ਬੋਤੇ ਨੂੰ ਸਿੱਟ ਲੈਂਦਾ ਸੀ-ਤੀਮੀ ਇਹਦੇ ਕੀ ਯਾਦ ਐ ਐਹੋ ਜੀ।”
“ਦੇਹ ਥਰਮਲ ਪਲਾਂਟ ਅਰਗੀ ਸੀ।”
“ਤੁਰਦਾ ਸੀ ਤਾਂ ਪੈਰ ਦੁਰਮਟ ਮਾਂਗੂੰ ਧਰਤੀ ‘ਤੇ ਮਾਰਦਾ ਸੀ।”
“ਹੁਣ ਤਾਂ ਭਾਈ ਮੇਰੀ ਪਤੀਲੀ ਮਾਂਗੂੰ ਚਿੱਬ ਪਏ-ਪਏ ਐ ਬਿਚਾਰੇ ‘ਚ!”
“ਸੋਟੇ ਬਿਨਾ ਤੁਰਿਆ ਨ੍ਹੀ ਜਾਂਦਾ।”
“ਮੂੰਹ ਧੁਆਂਖੀ ਠੂਠੀ ਵਰਗਾ ਹੋਇਆ ਪਿਐ!”
“ਹੋਣਾ ਈ ਸੀ-ਲਟੈਣ ਅਰਗੀ ਤੀਮੀਂ ਸਾਂਭਣੀਂ ਕਿਤੇ ਖੇਡ ਐ-ਧਰਨ ਡਿੱਗ ਪੈਂਦੀ ਐ!”
“….” ਬਾਬਾ ਉਠ ਕੇ ਤੁਰ ਚੱਲਿਆ। ਉਹ ਬਦ-ਲਾਣੇਂ ਵਿਚ ਫ਼ਸ ਗਿਆ ਸੀ।
“ਬਾਬਾ! ਉਦੋਂ ਬੋਚ ਬੋਚ ਕੇ ਪੈਰ ਧਰਦਾ।”
“ਹੁਣ ਪੁਰਾਣੇ ਗੱਡੇ ਮਾਂਗੂੰ ਚੂਕ ਚੂਕ ਤੁਰਦੈਂ!”
“ਨਹੀਂ ਬਾਈ! ਬਾਬੇ ਦੀ ਤੋਰ ‘ਚ ਅਜੇ ਵੀ ਫੌਜਣ ਤੁਰਦੀ ਐ।”
“ਲੈ, ਬੱਦਲ ਗੱਜੇ ਤੇ ਮੋਰ ਨਾ ਨੱਚੇ?”
“ਕੀ ਹੋ ਗਿਆ ਬਾਬਾ ਬੁੱਢਾ ਹੋ ਗਿਆ-ਚਾਲ ਅਜੇ ਵੀ ਬਾਬੇ ਦੀ ਟੈਂਕ ਅਰਗੀ ਐ।”
“ਫ਼ੌਜਣ ਵੀ ਭਾਈ ਕਹਿੰਦੇ ਰਾਗਟ ਮਾਂਗੂੰ ਚਲਦੀ ਸੀ-ਨਾਗਵਲ ਪਾਉਂਦੀ ਸੀ ਨਾਗਵਲ!”
“ਕਰਦਾ ਨ੍ਹੀ ਚੁੱਪ ਦਗੜੋ ਦਿਆ…?” ਬਾਬੇ ਨੇ ਖੂੰਡਾ ਚਲਾਵਾਂ ਮਾਰਿਆ।
ਪਰ ਖੂੰਡਾ ਪਹੁੰਚਣ ਤੋਂ ਪਹਿਲਾਂ ਹੀ ਅਮਲੀ ਖਿੰਡ ਗਏ