ਗਊ ਦਾ ਮਾਲਕ
ਅੰਮ੍ਰਿਤਾ ਪ੍ਰੀਤਮ
ਉਹਦੇ ਪਿੰਡੇ ਦਾ ਰੰਗ ਭੂਰਾ ਸੀ, ਥਣ ਅਸਲੋਂ ਕਾਲੇ ਨਹੀਂ ਸਨ, ਪਰ ਕਾਲੀ ਭਾਹ ਮਾਰਦੇ ਸਨ, ਇਸ ਲਈ ਪਿੰਡ ਵਾਲਿਆਂ ਨੇ ਉਹਦਾ ਨਾ ਕਪਿਲਾ ਗਊ ਰੱਖਿਆ ਹੋਇਆ ਸੀ।
ਕਪਿਲਾ ਨੇ ਜਿੰਨੀ ਵਾਰ ਆਪਣੀਆਂ ਟੁੱਟੀਆਂ ਹੋਈਆਂ ਲੱਤਾਂ ਉੱਤੇ ਭਾਰ ਪਾ ਕੇ ਉੱਠਣ ਦੀ ਕੋਸ਼ਿਸ਼ ਕੀਤੀ ਸੀ, ਉਨੀ ਵਾਰ ਹੀ ਜ਼ੋਰ ਦੀ ਅੜਿੰਗ ਕੇ ਉਹ ਜ਼ਮੀਨ ਉੱਤੇ ਡਿੱਗ ਪਈ ਸੀ। ਹੁਣ ਉਹਦੇ ਵਿਚ ਹੋਰ ਆਂਗਸ ਨਹੀਂ ਸੀ। ਹੌਂਕਦੀ ਜਹੀ ਨੇ ਘਾਹ ਦੀ ਸਿਲ੍ਹ ਨੂੰ ਚੱਟਣ ਲਈ ਜੀਭ ਕੱਢੀ, ਪਰ ਘਾਹ ਵਿਚੋਂ ਪਾਣੀ ਦੀ ਤਰਾਵਟ ਦੀ ਥਾਂ, ਗਰਮ ਤੇ ਲੂਣਾ ਲਹੂ ਉਹਦੀ ਜੀਭ ਨੂੰ ਛੋਹਿਆ…
ਉਹਨੇ ਰਾਤ ਨੂੰ ਆਪਣੇ ਨਾਲ ਘਾਹ ਚਰਣ ਆਈਆਂ ਬਾਕੀ ਦੀਆਂ ਨੌਂ ਡੱਬ-ਖੜਬੀਆਂ ਗਊਆਂ ਨੂੰ ਆਪਣੀਆਂ ਪਥਰਾਂਦੀਆਂ ਅੱਖਾਂ ਨਾਲ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਦੁਆਲੇ ਸਿਰਫ ਮਾਸ ਦੇ ਵੱਡੇ ਵੱਡੇ ਢੇਰ ਪਏ ਹੋਏ ਸਨ – ਕਿਸੇ ਗਊ ਦੀਆਂ ਸਿਰਫ ਟੰਗਾਂ, ਕਿਸੇ ਦਾ ਸਿਰ, ਬਾਕੀ ਮਾਸ ਦੇ ਵੱਡੇ ਵੱਡੇ ਟੁਕੜੇ…
ਉਹਨੂੰ ਦੂਰੋਂ, ਬਹੁਤ ਦੂਰੋਂ ਕੁਝ ਆਵਾਜ਼ਾਂ ਆਈਆਂ…
ਇਕ ਆਵਾਜ਼ ਸੀ “ਫੌਜੀਆਂ ਦੀ ਛਾਉਣੀ ਵਿਚ ਇਸੇ ਤਰ੍ਹਾਂ ਗਊਆਂ ਮਾਰੀਆਂ ਜਾਂਦੀਆਂ ਹਨ, ਅੱਜ ਅਸਾਂ ਅੱਖੀਂ ਵੇਖ ਲਿਆ ਹੈ…”
ਇਕ ਹੋਰ ਸ਼ੂਕਦੀ ਆਵਾਜ਼ ਸੀ, “ਗਊ ਮਾਤਾ ਉੱਤੇ ਇਹ ਜ਼ੁਲਮ… ਇਹ ਗਊ ਹੱਤਿਆ ਕਰਨ ਵਾਲੇ ਪਾਪੀ…ਹੈਂਸਿਆਰੇ…”
ਇਹ ਹੋਰ ਚੀਖ ਦੀ ਆਵਾਜ਼ ਸੀ “ਜਿਸ ਦੇਸ ਵਿਚ ਇਸ ਤਰ੍ਹਾਂ ਪਾਪ ਹੁੰਦਾ ਹੈ, ਜਿਥੇ ਕੋਈ ਧਰਮ ਕਰਮ ਨਹੀਂ ਰਿਹਾ, ਉਸ ਦੇਸ ਦਾ ਬੇੜਾ ਗਊ ਮਾਤਾ ਦੇ ਖੂਨ ਨਾਲ ਡੁੱਬ ਜਾਏਗਾ…”
ਤੇ ਫੇਰ ਪਤਾ ਨਹੀਂ ਪੰਜਾਹ ਕਿ ਸੌ ਆਵਾਜ਼ਾਂ ਸਨ, ਜਿਨ੍ਹਾਂ ਨੇ ਚੜ੍ਹਦੇ ਸੂਰਜ ਦੀ ਰੋਸ਼ਨੀ ਉੱਤੇ ਜਿਵੇਂ ਹਮਲਾ ਕਰ ਦਿੱਤਾ ਹੋਵੇ…
ਅਵਾਜ਼ਾਂ ਨੇੜੇ ਵੀ ਹੋਈਆਂ, ਦੂਰ ਵੀ… ਤੇ ਫੇਰ ਇਕ ਚੁੱਪ ਛਾ ਗਈ।
ਕਪਿਲਾ ਦਾ ਪਿੰਡਾ ਸੁੰਨ ਵਿਚ ਡੁਬਦਾ ਜਾਂਦਾ ਸੀ, ਤੇ ਖੁਰ, ਉਹਦੇ ਦੁਆਲੇ ਵਗ ਰਹੇ ਲਹੂ ਵਿਚ..
ਫੇਰ ਉਹਨੂੰ ਜਾਪਿਆ – ਜਿਵੇਂ ਕੁਝ ਲੋਕ ਫੌਜੀ ਵਰਦੀਆਂ ਵਿਚ ਉਹਦੇ ਦੁਆਲੇ ਘੁੰਮ ਰਹੇ ਸਨ….
ਉਹ ਲੋਕ ਜਿਧਰ ਨੂੰ ਵੇਖ ਰਹੇ ਸਨ, ਕਪਿਲਾ ਨੇ ਵੀ ਪਥਰਾਂਦੀਆਂ ਅੱਖਾਂ ਨਾਲ ਉੱਧਰ ਵੇਖਿਆ – ਪਰ੍ਹਾਂ ਦੂਰ ਇਹ ਹਵਾਈ ਜਹਾਜ਼ ਪਿਆ ਹੋਇਆ ਸੀ।
ਇਕ ਕੋਈ ਆਖ ਰਿਹਾ ਸੀ “ਸਰ! ਮੇਰੀ ਦੂਸਰੀ ਡਾਰਕ ਨਾਈਟ ਫਲਾਈਂਗ ਐਕਸਰਸਾਈਜ਼ ਸੀ, ਬਿਨਾਂ ਲੈਂਡਿੰਗ ਲਾਈਟਸ ਦੇ ਟੇਕਆਫ ਕਰਨ ਦੀ ਬਰੀਫਿੰਗ ਸੀ…”
“ਫੇਰ ?” ਕਿਸੇ ਨੇ ਪੁੱਛਿਆ।
ਉਹ ਕਹਿ ਰਿਹਾ ਸੀ “ਸਰ! ਮੈਂ ਟੇਕ ਆਫ ਕਰਨ ਤੋਂ ਪਹਿਲਾਂ ਦੇ ਵਾਈਟਲ ਐਕਸ਼ਨਜ਼ ਕੀਤੇ, ਤੇ ਜਹਾਜ਼ ਨੂੰ ਰਨ ਵੇ 19 ਤੇ ਲਾਈਨਅਪ ਕਰ ਲਿਆ। ਬਰੇਕਾਂ ਤੇ ਛੇ ਹਜ਼ਾਰ ਆਰਪੀਐਮ ਤੱਕ ਪਾਵਰ ਖੋਲ੍ਹੀ, ਤੇ ਬਰੇਕਾਂ ਛੱਡ ਦਿੱਤੀਆਂ। ਤੇ ਇੰਜਨ ਪਾਵਰ ਟੇਕ ਆਫ਼ ਆਰਪੀਐਮ ਤਕ ਖੋਲ੍ਹ ਦਿੱਤੀ। ਬਾਹਰ ਵੇਖਿਆ ਤਾਂ ਰਨ ਵੇ ਲਾਈਟਸ ਤੋਂ ਬਿਨਾ ਕੁਝ ਨਹੀਂ ਸੀ ਦਿੱਸ ਰਿਹਾ।”
“ਫੇਰ ?” ਕਿਸੇ ਨੇ ਪੁੱਛਿਆ।
ਉਹ ਦੱਸ ਰਿਹਾ ਸੀ “ਸਰ! ਹਵਾਈ ਜਹਾਜ਼ ਰੋਲ ਕਰਦਾ ਗਿਆ। ਸਪੀਡ ਵਧ ਰਹੀ ਸੀ। ਮਿਡਲ ਮਾਰਕਰ ਤੇ ਸਪੀਡ ਇਕ ਸੌ ਪੈਂਤੀ ਨਾਟਸ ਤੇ ਪਹੁੰਚ ਗਈ। ਮੈਂ ਕੰਟਰੋਲ ਸਟਿਕ ਨੂੰ ਆਪਣੇ ਵੱਲ ਖਿੱਚਿਆ। ਮੈਂ ਉਸ ਵੇਲੇ ਇੰਸਟਰੂਮੈਂਟ ਵਲ ਵੇਖ ਰਿਹਾ ਸੀ। ਹਵਾਈ ਜਹਾਜ਼ ਦਾ ਨੋਜ਼ ਵ੍ਹੀਲ ਉੱਪਰ ਉੱਠਿਆ, ਅਚਾਨਕ ਬਹੁਤ ਜ਼ੋਰ ਦੀ ਝਟਕੇ ਮਹਿਸੂਸ ਹੋਏ।
ਮੈਂ ਇਕ ਦਮ ਇੰਜਨ ਬੰਦ ਕਰ ਦਿੱਤੇ, ਤੇ ਬਰੇਕਾਂ ਲਾ ਦਿੱਤੀਆਂ। ਇਸ ਤਰ੍ਹਾਂ ਲੱਗਾ ਜਿਵੇਂ ਕੋਈ ਹਵਾਈ ਜਹਾਜ਼ ਨੂੰ ਜ਼ੋਰ ਜ਼ੋਰ ਦੀ ਹਲੂਣ ਰਿਹਾ ਹੋਵੇ। ਮੈਨੂੰ ਖਿਆਲ ਆਇਆ ਕਿ ਸ਼ਾਇਦ ਹਵਾਈ ਜਹਾਜ਼ ਦਾ ਟਾਇਰ ਫਟ ਗਿਆ ਸੀ, ਤੇ ਉਹ ਰਨ ਵੇ ਤੋਂ ਇਕ ਪਾਸੇ ਉਤਰ ਕੇ ਦਰਖ਼ਤਾਂ ਵੱਲ, ਜਾਂ ਟੋਇਆਂ ਵਿੱਚ ਜਾ ਪਿਆ ਸੀ। ਪਰ ਮੈਂ ਰਨ ਵੇ ਦੀਆਂ ਲਾਈਟਾਂ ਦੋਹਾਂ ਪਾਸੇ ਵੇਖ ਸਕਦਾ ਸੀ। ਏਨੇ ਵਿਚ ਜਹਾਜ਼ ਦਾ ਸੱਜਾ ਪਹੀਆ ਟੁੱਟ ਗਿਆ, ਤੇ ਜਹਾਜ਼ ਇਕ ਦਮ ਸੱਜੇ ਪਾਸੇ ਮੁੜ ਕੇ ਰਨ ਵੇ ਤੋਂ ਥੱਲੇ ਉਤਰ ਗਿਆ। ਜਹਾਜ਼ ਦੇ ਦੁਆਲੇ ਰਗੜ ਕਾਰਨ ਚੰਗਿਆੜੀਆਂ ਨਿਕਲ ਰਹੀਆਂ ਸਨ। ”
ਕੋਈ ਪੁੱਛ ਰਿਹਾ ਸੀ “ਉਸ ਵੇਲੇ ਨੈਵੀਗੇਟਰ ਕਿੱਥੇ ਸੀ ?”
ਕੋਈ ਦੱਸ ਰਿਹਾ ਸੀ “ਸਰ! ਮੈਂ ਇਸ ਦਾ ਨੈਵੀਗੇਟਰ ਹਾਂ। ਟੇਕ ਆਫ਼ ਵੇਲੇ ਮੈਂ ਕਰੈਸ਼ ਸੀਟ ਤੇ ਬੈਠਾ ਸਾਂ। ਜਹਾਜ਼ ਰੁਕ ਗਿਆ ਤਾਂ ਮੈਂ ਐਂਟਰੈਂਸ ਡੋਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਹ ਡੋਰ ਜੈਮ ਹੋ ਚੁੱਕਾ ਸੀ। ਫੇਰ ਮੈਂ ਵੇਖਿਆ ਕਿ ਜਹਾਜ਼ ਦਾ ਨੋਜ਼ ਸੈਕਸ਼ਨ ਟੁੱਟ ਚੁੱਕਾ ਸੀ, ਉਥੇ ਇਕ ਮੁਘਾਰ ਹੋ ਗਿਆ ਸੀ, ਮੈਂ ਉਸੇ ਮੁਘਾਰ ਵਿਚੋਂ ਬਾਹਰ ਨਿਕਲ ਗਿਆ।”
ਕੋਈ ਪਾਇਲੈਟ ਨੂੰ ਪੁੱਛ ਰਿਹਾ ਸੀ “ਤੂੰ ਬਾਹਰ ਕਿਸ ਤਰ੍ਹਾਂ ਨਿਕਲਿਆ ?”
ਉਹ ਦੱਸ ਰਿਹਾ ਸੀ “ਸਰ! ਮੇਰੇ ਕੋਲ ਇਕੋ ਤਰੀਕਾ ਸੀ ਬਾਹਰ ਨਿਕਲਣ ਲਈ ਕਿ ਮੈਂ ਆਪਣੀ ਸੀਟ ਕੈਨੋਪੀ ਨੂੰ ਜੈਟੀਸਨ ਕਰਦਾ। ਕੈਨੋਪੀ ਨੂੰ ਖੋਲ੍ਹਣ ਲਈ ਮੈਂ ਬਟਨ ਦਬਾਇਆ, ਉਹ ਕੁਝ ਉਤਾਂਹ ਹੋਈ, ਪਰ ਫੇਰ ਆਪਣੀ ਥਾਂ ਤੇ ਆ ਗਈ। ਹਵਾਈ ਜਹਾਜ਼ ਖਲੋਤਾ ਹੋਇਆ ਸੀ, ਇਸ ਲਈ ਹੇਠਾਂ ਹਵਾ ਦਾ ਫਲੋਅ ਨਹੀਂ ਸੀ। ਮੈਂ ਜਹਾਜ਼ ਵਿਚ ਕੈਦ ਸਾਂ। ਹੱਥਾਂ ਨਾਲ ਮੈਂ ਕੈਨੋਪੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਚੁੱਕੀ ਨਹੀਂ ਗਈ। ਫੇਰ ਮੈਂ ਖਲੋ ਕੇ ਸਿਰ ਦੇ ਜ਼ੋਰ ਨਾਲ ਕੈਨੋਪੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਉਹ ਉਤਾਂਹ ਹੋਈ ਤਾਂ ਹੱਥਾਂ ਦੇ ਜ਼ੋਰ ਨਾਲ ਮੈਂ ਉਸ ਨੂੰ ਅਗਾਂਹ ਕਰਕੇ ਬਾਹਰ ਛਾਲ ਮਾਰ ਦਿੱਤੀ। ਬਾਹਰ ਆ ਕੇ ਅਸਾਂ ਵੇਖਿਆ ਕਿ ਹਵਾਈ ਜਹਾਜ਼ ਦੀ ਸੱਜੇ ਵਿੰਗ ਦੀ ਬਾਹਰਲਾ ਹਿੱਸਾ ਟੁੱਟ ਕੇ ਇਕ ਪਾਸੇ ਪਿਆ ਹੋਇਆ ਸੀ। ਰਨ ਵੇ ਦੇ ਆਲੇ ਦੁਆਲੇ ਲਹੂ ਹੀ ਲਹੂ ਸੀ, ਤੇ ਗਊਆਂ ਮੋਈਆਂ ਪਈਆਂ ਸਨ। ਸਾਨੂੰ ਡਰ ਸੀ ਕਿ ਜਹਾਜ਼ ਨੂੰ ਸ਼ਾਇਦ ਅੱਗ ਲੱਗ ਜਾਏਗੀ, ਇਸ ਲਈ ਅਸੀਂ ਇਥੋਂ ਦੌਡ਼ ਕੇ ਦੂਰ ਜਾ ਖਲੋ ਗਏ।”
ਫੇਰ ਆਵਾਜ਼ ਆਈ “ਪਰ ਇਹ ਗਊਆਂ ਏਥੇ ਏਅਰ ਫੀਲਡ ਵਿਚ ਆਈਆਂ ਕਿਸ ਤਰ੍ਹਾਂ ?”
ਕੋਈ ਆਖ ਰਿਹਾ ਸੀ “ਸਰ! ਇਹ ਸਾਨੂੰ ਕੁਝ ਪਤਾ ਨਹੀਂ।”
ਫੇਰ ਕੋਈ ਆਖ ਰਿਹਾ ਸੀ “ਇਹ ਤਫ਼ਤੀਸ਼ ਹੁੰਦੀ ਰਹੇਗੀ, ਪਰ ਐਸ ਵੇਲੇ ਤੁਹਾਨੂੰ ਬਾਹਰ ਖ਼ਤਰਾ ਹੈ। ਤੁਸੀਂ ਦੋਵੇਂ ਆਪਣੀ ਹੱਦ ਤੋਂ ਬਾਹਰ ਨਾ ਜਾਣਾ। ਪਿੰਡ ਵਿਚ ਸਾਡੇ ਖਿਲਾਫ਼ ਜਲੂਸ ਨਿਕਲ ਰਹੇ ਹਨ, ਮੁਜ਼ਾਹਰੇ ਹੋ ਰਹੇ ਹਨ..”
ਕਪਿਲਾ ਦੀ ਜਾਨ ਹਿਸਦੀ ਪਈ ਸੀ, ਪਰ ਅਜੇ ਨਿਕਲੀ ਨਹੀਂ ਸੀ। ਅੱਖਾਂ ਕਦੇ ਪਲ ਕੁ ਝਮਕਦੀਆਂ, ਫੇਰ ਮੀਟੀਆਂ ਜਾਂਦੀਆਂ….
ਚਾਨਣ ਹਨੇਰੇ ਵਿਚ ਵਟਦਾ ਪਿਆ ਸੀ। ਉਹਨੂੰ ਜਾਪਿਆ ਜਿਵੇਂ ਉਹਦੇ ਦੁਆਲੇ ਕਈ ਲੋਕ ਜਮ੍ਹਾਂ ਹੋ ਗਏ। ਕਈ ਆਵਾਜ਼ਾਂ ਉਹਦੇ ਕੰਨਾਂ ਵਿਚ ਪਈਆਂ…
ਕੋਈ ਪੁੱਛ ਰਿਹਾ ਸੀ “ਇਹਨਾਂ ਮੋਈਆਂ ਗਊਆਂ ਦੇ ਮਾਲਕ ਕੌਣ ਹਨ ?”
ਕਪਿਲਾ ਨੂੰ ਜਾਪਿਆ – ਫੇਰ ਚੁੱਪ ਛਾ ਗਈ। ਕੋਈ ਕੁਝ ਨਹੀਂ ਕਹਿ ਰਿਹਾ ਸੀ…
ਫੇਰ ਇਕ ਆਵਾਜ਼ ਆਈ “ਤੁਸੀਂ ਜਿਨ੍ਹਾਂ ਦੀਆਂ ਗਊਆਂ ਹਨ, ਆਪਣੇ ਆਪਣੇ ਨਾਂ ਲਿਖਾਓ! ਤੂਹਾਨੂੰ ਤੁਹਾਡੀਆਂ ਮੋਈਆਂ ਹੋਈਆਂ ਗਊਆਂ ਦਾ ਇਵਜ਼ਾਨਾ ਦਿੱਤਾ ਜਾਏਗਾ।”
ਫੇਰ ਬੜੀਆਂ ਆਵਾਜ਼ਾਂ ਆਈਆਂ. ਜਿਵੇਂ ਬਹੁਤ ਸਾਰੇ ਲੋਕ ਇਕੋ ਵਾਰੀ ਬੋਲ ਰਹੇ ਹੋਣ..
“ਇਹ ਗਊ ਮੇਰੀ ਸੀ ਹਜ਼ੂਰ! ਗੋਰੀ ਗਾਂ, ਮੇਰਾ ਨਾਂ ਸ਼ੇਰਾ ਹੈ”
“ਇਹ ਗਊ ਮੇਰੀ ਸੀ ਹਜ਼ੂਰ! ਤਿੰਨ ਥਣੀ ਮੇਰਾ ਨਾਂ ਰੱਖਾ ਹੈ”
“ਇਹ ਗਊ ਮੇਰੀ ਸੀ ਹਜ਼ੂਰ! ਲੁੰਡੀ ਗਾਂ..”
ਬੜੀਆਂ ਹੀ ਆਵਾਜ਼ਾਂ ਸਨ, ਬੜੇ ਹੀ ਨਾਂ, ਤੇ ਫੇਰ ਕੋਈ ਕੜਕਦੀ ਜਿਹੀ ਆਵਾਜ਼ ਆਈ “ਤੁਸਾਂ ਵੀਹ ਨਾਂ ਲਿਖਵਾ ਦਿੱਤੇ ਨੇ, ਪਰ ਗਊਆਂ ਸਿਰਫ ਦਸ ਸਨ। ਤੁਸੀਂ ਸਾਰੇ ਝੂਠ ਬੋਲ ਰਹੇ ਹੋ।”
ਕਪਿਲਾ ਨੇ ਹਿਸਦੀਆਂ ਅੱਖਾਂ ਨੂੰ ਖੋਲ੍ਹ ਕੇ, ਆਪਣੇ ਤੇ ਆਪਣੇ ਨਾਲ ਦੀਆਂ ਗਊਆਂ ਦੇ ਮਾਲਕਾਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ। ਕੁਝ ਮੂੰਹ ਪਛਾਣੇ ਹੋਏ ਵੀ ਲੱਗੇ, ਪਰ ਕੁਝ ਬਿਲਕੁਲ ਓਪਰੇ ਸਨ, ਪਤਾ ਨਹੀਂ ਕਿੱਥੋਂ ਆ ਗਏ ਸਨ… ਕਪਿਲਾ ਨੇ ਆਪਣੇ ਮਾਲਕ ਮੋਹਣੇ ਦਾ ਮੂੰਹ ਪਛਾਣਿਆ। ਉਹਨੂੰ ਆਪਣੇ ਵੱਛੇ ਦੀ ਬੜੀ ਯਾਦ ਆਈ, ਤੇ ਉਹਨੇ ਸੰਘ ਦੇ ਸਾਰੇ ਜ਼ੋਰ ਨਾਲ ਅੜਿੰਗ ਕੇ ਕੁਝ ਆਖਣਾ ਚਾਹਿਆ, ਪਰ ਉਹਦੇ ਸੰਘ ਵਿਚੋਂ ਆਵਾਜ਼ ਨਹੀਂ ਨਿਕਲ ਸੱਕੀ।
ਕੜਕਦੀ ਜਿਹੀ ਆਵਾਜ਼ ਆਖ ਰਹੀ ਸੀ “ਤੁਸੀਂ ਇਸ ਲਈ ਗਊਆਂ ਦੀ ਮਾਲਕੀ ਦੱਸ ਰਹੇ ਹੋ ਕਿ ਤੁਹਾਨੂੰ ਮੁਆਵਜ਼ਾ ਮਿਲੇਗਾ? ਪਰ ਤੁਸੀਂ ਮੋਈਆਂ ਗਊਆਂ ਦੇ ਝੂਠੇ ਮਾਲਕ ਹੋ।”
ਫੇਰ ਪਤਾ ਨਹੀਂ ਸਾਰੇ ਕਿੱਥੇ ਚਲੇ ਗਏ। ਸਾਰੀਆਂ ਆਵਾਜ਼ਾਂ ਇਕ ਹਨੇਰੇ ਵਿਚ ਡੁੱਬ ਗਈਆਂ। ਇਹ ਪਤਾ ਨਹੀਂ ਰਾਤ ਦਾ ਹਨੇਰਾ ਸੀ, ਕਿ ਕਪਿਲਾ ਦੀਆਂ ਅੱਖਾਂ ਵਿਚ ਫੈਲਦਾ ਮੌਤ ਦਾ ਹਨੇਰਾ..
ਪਤਾ ਨਹੀਂ ਕਦੋਂ, ਕਿੰਨੇ ਚਿਰ ਪਿੱਛੋਂ, ਫੇਰ ਕੁਝ ਆਵਾਜ਼ਾਂ ਉੱਭਰੀਆਂ “ਬੋਲ! ਚੌਕੀਦਾਰ! ਇਹ ਗਊਆਂ ਏਥੇ ਏਅਰ ਫੀਲਡ ਵਿਚ ਕਿਸ ਤਰ੍ਹਾਂ ਆਈਆਂ? ਪਤਾ ਲੱਗਾ ਹੈ ਕਿ ਘਾਹ ਚਰਣ ਲਈ ਏਥੇ ਰੋਜ਼ ਰਾਤ ਨੂੰ ਆਉਂਦੀਆਂ ਸਨ। ਇਹਨਾਂ ਦੇ ਮਾਲਕ ਤੈਨੂੰ ਹਰ ਮਹੀਨੇ ਰਿਸ਼ਵਤ ਦੇਂਦੇ ਸਨ.. ਤੇਰੇ ਉੱਤੇ ਰਿਸ਼ਵਤ ਦਾ ਕੇਸ…”
ਕਪਿਲਾ ਦੇ ਹੋਸ਼ ਹਵਾਸ ਮੁੱਕਦੇ ਪਏ ਸਨ। ਕੋਈ ਗੱਲ ਕੰਨਾਂ ਵਿਚ ਪੈਂਦੀ ਸੀ, ਕੋਈ ਨਹੀਂ। ਪਿੰਡੇ ਉੱਤੇ ਮੱਖੀਆਂ ਉਡਾਨ ਲਈ ਉਹਨੇ ਆਪਣੀ ਪੂਛਲ ਨੂੰ ਹਿਲਾਣਾ ਚਾਹਿਆ, ਪਰ ਪੂਛਲ ਹੁਣ ਹਿੱਲਦੀ ਨਹੀਂ ਸੀ…
ਫੇਰ ਇਕ ਆਵਾਜ਼ ਆਈ “ਉਹ ਸਾਰੇ ਸ਼ੇਰਾ, ਰੱਖਾ ਤੇ ਵੀਹ ਜਣੇ ਕਿਥੇ ਚਲੇ ਗਏ ? ਹੁਣ ਕੋਈ ਕਿਸੇ ਗਊ ਦਾ ਮਾਲਕ ਨਹੀਂ ਬਣਦਾ, ਸਭ ਆਖ ਰਹੇ ਹਨ ਹਜ਼ੂਰ ਇਹ ਸਾਡੀਆਂ ਗਊਆਂ ਨਹੀਂ ਸਨ… ਸਿਰਫ ਏਸ ਲਈ ਕਿ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਸਾਡਾ ਪੈਂਤੀ ਲੱਖ ਦਾ ਜੋ ਹਵਾਈ ਜਹਾਜ਼ ਤਬਾਹ ਹੋ ਗਿਆ ਹੈ ਉਹਦਾ ਹਰਜਾਨਾ ਗਊਆਂ ਦੇ ਮਾਲਕਾਂ ਨੂੰ ਦੇਣਾ ਪਵੇਗਾ….”
ਕਪਿਲਾ ਨੇ ਆਪਣੇ ਮਾਲਕ ਮੋਹਣੇ ਦਾ ਮੂੰਹ ਚਿਤਾਰਿਆ, ਪਰ ਮੋਹਣਾ ਦੂਰ ਨੇੜੇ ਕਿਤੇ ਨਹੀਂ ਸੀ…
ਕਪਿਲਾ ਨੂੰ ਯਾਦ ਆਇਆ – ਇਕ ਵਾਰ ਮੋਹਣਾ ਬੀਮਾਰ ਪਿਆ ਸੀ, ਰਾਜ਼ੀ ਨਹੀਂ ਸੀ ਹੁੰਦਾ, ਤਾਂ ਇਕ ਸਿਆਣੇ ਨੇ ਉਹਨੂੰ ਆਖਿਆ ਸੀ ਕਿ ਮੰਗਲਵਾਰ ਵਾਲੇ ਦਿਨ ਉਹ ਆਟੇ ਦਾ ਪੇੜਾ ਆਪਣੀ ਗਊ ਨੂੰ ਆਪਣੇ ਹੱਥੀਂ ਖੁਆਇਆ ਕਰੇ…
ਕਪਿਲਾ ਦੇ ਮੋਏ ਮੋਏ ਅੰਗਾਂ ਨੂੰ ਵੀ ਭੁੱਖ ਲੱਗ ਆਈ – ਆਟੇ ਦਾ ਪੇੜਾ ? ਮੰਗਲਵਾਰ.. ਕੀ ਅੱਜ ਮੰਗਲਵਾਰ ਨਹੀਂ ? ਮੋਹਣਾ.. ਕੀ ਮੋਹਣਾ ਉਹਦਾ ਮਾਲਕ ਨਹੀਂ ? ਉਹਦਾ ਕੋਈ ਮਾਲਕ ਨਹੀਂ ?…..
ਕਪਿਲਾ ਦੀਆਂ ਪੱਥਰ ਹੁੰਦੀਆਂ ਜਾਂਦੀਆਂ ਨੂੰ ਇਕ ਹਿੱਲਦੀ ਜਿਹੀ ਚੀਜ਼ ਦਾ ਝਉਲਾ ਪਿਆ – “ਸ਼ਾਇਦ ਮੋਹਣਾ ਆ ਗਿਆ? ਆਪਣੀ ਮਰਦੀ ਗਊ ਦੇ ਪਿੰਡੇ ਉੱਤੇ ਇਕ ਵਾਰੀ ਹੱਥ ਫੇਰਨ ਲਈ ਆ ਗਿਆ ?”
ਉਹਨੇ ਫੈਲਦੀਆਂ ਜਿਹੀਆਂ ਅੱਖਾਂ ਨਾਲ ਪਛਾਣਨ ਦੀ ਕੋਸ਼ਿਸ਼ ਕੀਤੀ.. ਉਹਦੇ ਪਿੰਡੇ ਉੱਤੇ ਕੁਝ ਛੋਹ ਰਿਹਾ ਸੀ – ਬਹੁਤ ਕੂਲਾ… ਨਿੱਘਾ.. ਮੋਹਣੇ ਦੇ ਹੱਥਾਂ ਨਾਲੋਂ ਵੀ ਕੂਲਾ.. ਤੇ ਉਹਨੇ ਅੱਖਾਂ ਵਿਚੋਂ ਡਿਗਦੀ ਪਾਣੀ ਦਾ ਆਖ਼ਰੀ ਬੂੰਦ ਨਾਲ ਪਛਾਣਿਆ – ਉਹਦਾ ਵੱਛਾ ਪਤਾ ਨਹੀਂ ਕਿਵੇਂ ਉਥੇ ਆਣ ਪਹੁੰਚਾ ਸੀ, ਤੇ ਆਪਣੀ ਜੀਭ ਨਾਲ ਮਰਦੀ ਮਾਂ ਦਾ ਪਿੰਡਾ ਚੱਟਦਾ ਪਿਆ ਸੀ…
(ਚੋਣਵੇਂ ਪੱਤਰੇ ਵਿੱਚੋਂ)