ਪਿਆਜ਼ੀ ਚੁੰਨੀ
ਬਲਵੰਤ ਗਾਰਗੀ
ਡਾਕਟਰ ਪਸ਼ੌਰਾ ਸਿੰਘ ਵਿਚ ਖ਼ਾਨਦਾਨੀ ਅਣਖ ਤੇ ਖੜਕਾ-ਦੜਕਾ ਸੀ।
ਜਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਬੀਵੀ ਕਲਾ, ਕਲਾਲਾਂ ਦੇ ਮੁੰਡੇ ਨਾਲ ਰਲੀ ਹੋਈ ਹੈ, ਤਾਂ ਉਹ ਲੋਹਾ-ਲਾਖਾ ਹੋ ਗਿਆ। ਉਸ ਨੇ ਬੀਵੀ ਨੂੰ ਕੁੱਟਿਆ, ਪਾਵਿਆਂ ਹੇਠ ਹੱਥ ਦੇ ਕੇ ਤਸੀਹੇ ਦਿੱਤੇ ਤੇ ਫਿਰ ਗੁੱਸੇ ਵਿਚ ਝੱਗਾਂ ਛੱਡਦਾ ਹੋਇਆ ਉਸ ਦੀ ਹਿੱਕ ਉਤੇ ਚੜ੍ਹ ਬੈਠਾ। ਪੇਟੀ ਨਾਲ ਲਟਕਦਾ ਛੁਰਾ ਕੱਢ ਕੇ ਸੰਘੀ ਨੱਪ ਕੇ ਗਰਜਿਆ “ਦੇਖਣੀ ਏਂ! ਸਿਰ ਕੱਟ ਕੇ ਕਿੱਲੀ ਉੱਤੇ ਟੰਗ ਦੇਸਾਂ!”
ਉਸ ਦਿਨ ਪਿੱਛੋਂ ਉਸ ਦੀ ਬੀਵੀ ਬੱਕਰੀ ਵਾਂਗ ਉਸ ਦੇ ਨਾਲ ਨਾਲ ਤੁਰ ਕੇ ਦੁਕਾਨ ਆਉਂਦੀ, ਸਾਰਾ ਦਿਨ ਉਥੇ ਬੈਠੀ ਰਹਿੰਦੀ ਅਤੇ ਸ਼ਾਮ ਨੂੰ ਉਸੇ ਤਰ੍ਹਾਂ ਚੁੱਪ-ਚਾਪ ਉਸ ਦੇ ਨਾਲ ਘਰ ਮੁੜਦੀ।
ਦੂਰ-ਦੂਰ ਦੇ ਪਿੰਡਾਂ ਤੀਕ ਪਸ਼ੌਰਾ ਸਿੰਘ ਦੀ ਚਰਚਾ ਸੀ। ਕਿਸੇ ਨੂੰ ਦਾੜ੍ਹ-ਪੀੜ ਹੁੰਦੀ ਜਾਂ ਕਿਸੇ ਸ਼ੁਕੀਨ ਨੇ ਦੰਦਾਂ ਵਿਚ ਮੇਖਾਂ ਠੁਕਵਾਉਣੀਆਂ ਹੁੰਦੀਆਂ, ਜਾਂ ਕਿਸੇ ਬੁੱਢੇ ਨੇ ਨਵੇਂ ਦੰਦ ਲਗਵਾਉਣੇ ਹੁੰਦੇ, ਤਾਂ ਸਿੱਧੇ ਡਾਕਟਰ ਪਸ਼ੌਰਾ ਸਿੰਘ ਕੋਲ ਆਉਂਦੇ।
ਇਸ ਦੇ ਇਲਾਵਾ ਖੁੰਢਾਂ ਉੱਤੇ ਬੈਠੇ ਜੱਟਾਂ ਦੇ ਮੁੰਡੇ ਤੇ ਢਾਬੇ ਉਤੇ ਚਾਹ ਪੀਂਦੇ ਬੱਸਾਂ ਦੇ ਡਰਾਈਵਰ ਵੀ ਉਸ ਦੀਆਂ ਗੱਲਾਂ ਕਰਦੇ। ਇਨ੍ਹਾਂ ਵਿਚੋਂ ਕਈ ਮਨਚਲੇ ਦਾੜ੍ਹ-ਪੀੜ ਦੇ ਪੱਜ, ਹਾਏ-ਹਾਏ ਕਰਦੇ ਉਸ ਦੀ ਹੱਟੀ ਉਤੇ ਹੋ ਆਏ ਸਨ, ਜਿਥੇ ਉਸ ਦੀ ਸੁਹਣੀ ਪੋਠੋਹਾਰਨ ਬੀਵੀ ਬੈਠੀ ਹੁੰਦੀ।
ਪਸ਼ੌਰਾ ਸਿੰਘ ਦੇ ਆਪਣੇ ਦੰਦ ਬਹੁਤ ਮੈਲੇ ਸਨ। ਪਿਲਪਿਲੇ ਮਸੂੜ੍ਹੇ, ਵਿਰਲਾਂ ਵਾਲੀ ਪੀਲੀ ਦੰਦਰਾਲ। ਪਰ ਉਹ ਆਖਦਾ, “ਧੋਬੀ ਦੇ ਆਪਣੇ ਕੱਪੜੇ ਸਦਾ ਮੈਲੇ ਹੀ ਥੀਸਨ।” ਉਹ ਆਪਣੀ ਮਹਿੰਦੀ ਰੰਗੀ ਦਾੜ੍ਹੀ, ਫੌਜੀਆਂ ਵਾਂਗ ਚੜ੍ਹਾ ਕੇ ਰੱਖਦਾ। ਪੂੰਝੇ ਵਾਲੀ ਨੀਲੀ ਪੱਗ ਤੇ ਪਤਲੂਣ ਦੀ ਪੇਟੀ ਨਾਲ ਲਟਕਦੇ ਛੁਰੇ ਦਾ ਬੜੇ ਫ਼ਖਰ ਨਾਲ ਜ਼ਿਕਰ ਕਰਦਾ। ਜੇ ਇਲਾਕੇ ਦਾ ਕੋਈ ਥਾਣੇਦਾਰ ਜਾਂ ਪਟਵਾਰੀ ਦੁਕਾਨ ਅੱਗੋਂ ਦੀ ਲੰਘਦਾ, ਤਾਂ ਉਹ ਬੜੇ ਤਪਾਕ ਨਾਲ ਉਸ ਨੂੰ ਫਤਹਿ ਬੁਲਾਉਂਦਾ ਤੇ ਹੱਥ ਜੋੜ ਕੇ ਆਖਦਾ, “ਸਾਡੇ ਵਲ ਵੀ ਧਿਆਨ ਰੱਖਣਾ! ਤੁਹਾਡੇ ਸਦਕੇ ਦਾਸ ਵੀ ਚਾਰ ਪੈਸੇ ਖੱਟ ਲੈਸੀ।”
ਹੱਟੀ ਦੇ ਬਾਹਰ ਦੋ ਬੋਰਡ ਲਟਕਦੇ ਸਨ। ਇਕ ਆਦਮੀ ਬਗ਼ੈਰ ਦੰਦਾਂ ਦੇ ਹੱਸ ਰਿਹਾ ਹੈ, ਦੂਜਾ ਨਵੇਂ ਦੰਦਾਂ ਦਾ ਸੈਟ ਲਾਈ ਬੈਠਾ ਮੁਸਕਰਾ ਰਿਹਾ ਹੈ। ਇਕ ਮੈਲੇ ਪਰਦੇ ਪਿਛੇ ਦੰਦਾਂ ਦਾ ਮੁਆਇਨਾ ਕਰਨ ਵਾਲੀ ਲੰਮੀ ਗੱਦੇਦਾਰ ਕੁਰਸੀ ਪਈ ਹੁੰਦੀ, ਜਿਸ ਨੂੰ ਉਹ ਰਾਵਲਪਿੰਡੀ ਤੋਂ ਆਪਣੇ ਨਾਲ ਲੈ ਕੇ ਆਇਆ ਸੀ। ਕੋਲ ਫੱਟੇ ਉਤੇ ਕਈ ਪ੍ਰਕਾਰ ਦੇ ਜਮੂਰ ਤੇ ਖੁਰਚਣ ਵਾਲੇ ਔਜ਼ਾਰ ਪਏ ਹੁੰਦੇ। ਇਕ ਪਾਸੇ ਸਟੂਲ ਉਤੇ ਉਸ ਦੀ ਸੋਹਣੀ ਪੋਠੋਹਾਰਨ ਬੀਵੀ ਬੈਠੀ ਹੁੰਦੀ, ਜਿਸ ਦੀ ਪਿਆਜ਼ੀ ਚੁੰਨੀ ਵਾਰ-ਵਾਰ ਉਸ ਦੀਆਂ ਛਾਤੀਆਂ ਉਤੇ ਤਿਲਕਦੀ ਰਹਿੰਦੀ।
ਸਾਰੀ ਮੰਡੀ ਵਿਚ ਪਸ਼ੌਰਾ ਸਿੰਘ ਦੇ ਜਮੂਰ ਤੇ ਪਿਆਜ਼ੀ ਚੁੰਨੀ ਦੀ ਜ਼ਿਕਰ ਸੀ। ਲੋਕ ਡਾਕਟਰ ਨੂੰ ਜਮੂਰ ਤੇ ਉਸ ਦੀ ਬੀਵੀ ਨੂੰ ਪਿਆਜ਼ੀ ਚੁੰਨੀ ਦੇ ਨਾਂ ਨਾਲ ਯਾਦ ਕਰਦੇ। ਇਹ ਕੁਝ ਠੀਕ ਵੀ ਸੀ। ਪਸ਼ੌਰਾ ਸਿੰਘ ਨੇ ਜਮੂਰ ਵਾਂਗ ਹੀ ਪਿਆਜ਼ੀ ਚੁੰਨੀ ਨੂੰ ਫੜਿਆ ਹੋਇਆ ਸੀ।
ਗੱਲ ਇਸ ਤਰ੍ਹਾਂ ਹੋਈ ਕਿ ਪਸ਼ੌਰਾ ਸਿੰਘ ਦੀ ਪਹਿਲੀ ਬੀਵੀ ਤੇ ਦੋ ਧੀਆਂ ਪਾਕਿਸਤਾਨ ਵਿਚ ਹੀ ਕਤਲ ਹੋ ਗਈਆਂ ਸਨ। ਜਦੋਂ ਉਹ ਇਸ ਮੰਡੀ ਵਿਚ ਆਇਆ ਤਾਂ ਸਿਰਫ ਆਪਣੀ ਬੁੱਢੀ ਮਾਂ ਤੇ ਪੁਰਾਣੀ ਕੁਰਸੀ ਨੂੰ ਹੀ ਨਾਲ ਲਿਆ ਸਕਿਆ ਸੀ। ਉਸ ਦੇ ਗੁਆਂਢ ਵਿਚ ਇਕ ਅੰਨ੍ਹੀ ਪੋਠੋਹਾਰਨ ਤੇ ਉਸ ਦੀ ਜਵਾਨ ਧੀ ਆ ਵਸੇ ਸਨ। ਥੋੜ੍ਹੇ ਦਿਨਾਂ ਪਿਛੋਂ ਉਹ ਪਸ਼ੌਰਾ ਸਿੰਘ ਦੇ ਵੱਡੇ ਮਕਾਨ ਵਿਚ ਹੀ ਰਹਿਣ ਲੱਗੇ। ਉਨ੍ਹਾਂ ਨੂੰ ਪਸ਼ੌਰਾ ਸਿੰਘ ਦਾ ਆਸਰਾ ਸੀ। ਮਰਨ ਲੱਗਿਆਂ ਬੁੱਢੀ ਨੇ ਆਪਣੀ ਜਵਾਨ ਧੀ ਦਾ ਵਿਆਹ ਪਸ਼ੌਰਾ ਸਿੰਘ ਨਾਲ ਕਰ ਦਿੱਤਾ ਸੀ।
ਇਕ ਦਿਨ ਦੁਕਾਨ ਤੋਂ ਵਿਹਲਾ ਹੋ ਕੇ ਪਸ਼ੌਰਾ ਸਿੰਘ ਆਪਣੀ ਬੀਵੀ ਨਾਲ ਘਰ ਪਰਤ ਰਿਹਾ ਸੀ। ਬਾਜ਼ਾਰ ਵਿਚ ਕੁੰਜਡ਼ੇ ਦੀ ਦੁਕਾਨ ਉਤੇ ਉਹ ਸਬਜ਼ੀ ਲੈਣ ਲਈ ਰੁਕ ਗਏ। ਉਹ ਭਿੰਡੀਆਂ ਦਾ ਭਾਅ ਕਰਨ ਲੱਗਾ ਤੇ ਉਸ ਦੀ ਬੀਵੀ ਇਕ ਪਾਸੇ ਖੜੀ ਹੋ ਕੇ ਉਸ ਨੂੰ ਉਡੀਕਣ ਲੱਗੀ। ਜਦ ਉਹ ਭਿੰਡੀਆਂ ਚੁਣ ਕੇ ਤੇ ਤੁਲਵਾ ਕੇ ਮੁੜਿਆ ਤਾਂ ਦੇਖਿਆ ਕਿ ਪੱਕੇ ਰੰਗ ਦਾ ਪਤਲਾ, ਲੰਮਾ ਆਦਮੀ ਖੰਭੇ ਹੇਠ ਖੜਾ ਹੈ ਤੇ ਉਸ ਦੀ ਬੀਵੀ ਉਸ ਵਲ ਵੇਖ ਕੇ ਮੁਸਕਰਾ ਰਹੀ ਹੈ।
ਪਸ਼ੌਰਾ ਸਿੰਘ ਨੇ ਭਿੰਡੀਆਂ ਸੁੱਟ ਕੇ ਬੀਵੀ ਦਾ ਗਲ ਜਾ ਫੜਿਆ। ਉਸ ਨੂੰ ਝੰਜੋੜਦਾ ਤੇ ਮਾਰਦਾ ਹੋਇਆ ਬੁੱਕਿਆ, “ਤੂੰ ਉਸ ਕਲਾਲਾਂ ਦੇ ਕੁੱਤੇ ਦਾ ਖਹਿੜਾ ਨਹੀਂ ਛਡਸੈਂ? ਮੈਂ ਤੇਰੀ ਪਿਆਜ਼ੀ ਚੁੰਨੀ ਫਾੜ ਕੇ ਕਿੱਲੀ ਉਤੇ ਟੰਗ ਦੇਸਾਂ।”
ਲੋਕ ਦੁਕਾਨਾਂ ਦੇ ਥੜ੍ਹਿਆਂ ਉਤੇ ਖੜੇ ਹੋ ਕੇ ਤੱਕਣ ਲੱਗੇ, ਪਰ ਕੋਈ ਨੇੜੇ ਨਾ ਆਇਆ। ਸਭ ਨੂੰ ਪਸ਼ੌਰਾ ਸਿੰਘ ਦੇ ਗੁੱਸੇ ਅਤੇ ਸ਼ੱਕੀ ਸੁਭਾਅ ਦਾ ਪਤਾ ਸੀ। ਜੇ ਕੋਈ ਹਮਦਰਦੀ ਵਜੋਂ ਦਖ਼ਲ ਦੇਣ ਦੀ ਕੋਸ਼ਿਸ਼ ਕਰਦਾ ਤਾਂ ਪਸ਼ੌਰਾ ਸਿੰਘ ਨੇ ਉਸ ਦੀ ਮੱਕੂ ਵੀ ਠੱਪ ਦੇਣਾ ਸੀ। ਉਹ ਉਸ ਨੂੰ ਥੱਪੜ ਮਾਰਦਾ ਹੋਇਆ ਸਾਰੀ ਮੰਡੀ ਵਿਚੋਂ ਦੀ ਰੋਂਦੀ ਨੂੰ ਘਰ ਲੈ ਗਿਆ।
ਇਸ ਪਿੱਛੋਂ ਬਾਰੂ ਕੁੰਜੜੇ ਤੇ ਮੁਨਸ਼ੀ ਗੰਗਾ ਰਾਮ ਨੇ ਸਿਰਫ ਇਹੋ ਆਖਿਆ, “ਭਾਈ ਸਾਨੂੰ ਕੀ, ਉਸ ਦੀ ਬੀਵੀ ਐ, ਜੋ ਮਰਜ਼ੀ ਕਰੇ!”
ਇਸੇ ਤਰ੍ਹਾਂ ਛੇ ਮਹੀਨੇ ਲੰਘ ਗਏ। ਪਸ਼ੌਰਾ ਸਿੰਘ ਤੇ ਉਸ ਦੀ ਬੀਵੀ ਰੋਟੀ ਖਾ ਕੇ ਦਸ ਵਜੇ ਦੁਕਾਨ ਉਤੇ ਆਉਂਦੇ। ਸਾਰਾ ਦਿਨ ਉਹ ਦੁਕਾਨ ਉਤੇ ਕੰਮ ਕਰਦਾ। ਜਦੋਂ ਕੋਈ ਗਾਹਕ ਨਾ ਹੁੰਦਾ ਤਾਂ ਉਹ ਰਬੜ ਦੇ ਮਸੂੜਿਆਂ ਵਾਲੇ ਦੰਦਾਂ ਦੇ ਸੈਟ ਬਣਾਉਣ ਵਿਚ ਰੁੱਝਿਆ ਰਹਿੰਦਾ। ਬੀਵੀ ਨਾਲ ਦਿਨ ਵਿਚ ਮਸਾਂ ਦੋ-ਚਾਰ ਵਾਰ ਹੀ ਗੱਲ ਹੁੰਦੀ।
ਇਕ ਦਿਨ ਉਹ ਘਰੋਂ ਦੁਕਾਨ ਵਲ ਆ ਰਹੇ ਸਨ। ਜੂਨ ਦਾ ਮਹੀਨਾ ਸੀ। ਦਸ ਵਜੇ ਹੀ ਸੂਰਜ ਭੱਠ ਵਾਂਗ ਤਪ ਰਿਹਾ ਸੀ। ਪਸ਼ੌਰਾ ਸਿੰਘ ਤੇ ਉਸ ਦੀ ਬੀਵੀ ਬਾਜ਼ਾਰ ਵਿਚ ਜਾ ਰਹੇ ਸਨ। ਉਸ ਦੀ ਬੀਵੀ ਰਤਾ ਕੁ ਪਿੱਛੇ ਰਹਿ ਗਈ ਸੀ। ਉਹ ਖੜਾ ਹੋ ਕੇ ਤਿੱਖੀ ਆਵਾਜ਼ ਵਿਚ ਬੋਲਿਆ, “ਪੈਰਾਂ ਨੂੰ ਮਹਿੰਦੀ ਲੱਗੀ ਸਾਈ। ਛੇਤੀ ਤੁਰ, ਹੱਟੀ ਉਤੇ ਗਾਹਕ ਉਡੀਕਦੇ ਹੋਸਨ।”
ਉਸ ਦੀ ਬੀਵੀ ਖਲੋ ਗਈ। ਉਸ ਨੇ ਚੀਖ ਮਾਰੀ ਤੇ ਜੁੱਤੀ ਸੁੱਟ ਕੇ ਨੰਗੇ ਪੈਰੀਂ ਪਿਛਾਂਹ ਨੂੰ ਨੱਸ ਪਈ। ਪਸ਼ੌਰਾ ਸਿੰਘ ਨੇ ਲਲਕਾਰ ਕੇ ਆਖਿਆ, “ਹਰਾਮਜ਼ਾਦੀਏ, ਮੈਂ ਤਾਂ… ” ਉਹ ਉਸ ਦੇ ਮਗਰ ਉਹਨੂੰ ਫੜ੍ਹਨ ਲਈ ਦੌੜ ਪਿਆ।
ਬੀਵੀ ਇਕ ਥਾਂ ਖੜੀ ਹੋ ਗਈ ਤੇ ਤਣ ਕੇ ਬੋਲੀ, “ਅੱਗੇ ਵਧਿਆ ਤਾਂ ਮੈਂ ਤੇਰਾ ਢਿੱਡ ਪਾੜ ਦੇਸਾਂ!” ਉਸ ਨੇ ਵਾਲ ਖ਼ਿਲਾਰੇ ਲਏ ਤੇ ਚੰਡੀ ਦਾ ਰੂਪ ਧਾਰ ਕੇ ਗਰਜੀ, “ਮੈਂ ਅੱਗ ਲਾਉਨੀਂ ਐਂ ਤੇਰੀ ਹੱਟੀ ਨੂੰ! ਦਾੜ੍ਹੀ ਪੁੱਟ ਕੇ ਕਿੱਲੇ ਤੇ ਟੰਗ ਦੇਸਾਂ !” ਉਸ ਨੇ ਕੱਖ-ਡੋਰੀਏ ਦੀ ਚੁੰਨੀ ਪਾੜ ਕੇ ਉਸ ਦੇ ਮੂੰਹ ਉਤੇ ਦੇ ਮਾਰੀ ਅਤੇ ਬਾਜ਼ਾਰ ਦੇ ਵਿਚਕਾਰ ਢਾਕਾਂ ਉਤੇ ਹੱਥ ਰੱਖ ਕੇ ਉੱਚੀ-ਉੱਚੀ ਹੱਸਣ ਲੱਗੀ। ਪਸ਼ੌਰਾ ਸਿੰਘ ਸਕਤੇ ਵਿਚ ਆ ਗਿਆ। ਉਹ ਬੋਲਿਆ, “ਕੀ ਬਕਨੀ ਏਂ?”
ਉਹ ਹੋਰ ਵੀ ਉੱਚੀ-ਉੱਚੀ ਹੱਸੀ। ਉਸ ਨੇ ਆਪਣੀ ਕੁੜਤੀ ਦਾ ਗਲਵਾ ਪਾੜ ਕੇ ਜ਼ੋਰ ਦੀ ਛਾਤੀਆਂ ਉਤੇ ਦੁਹੱਥੜ ਮਾਰੇ ਤੇ ਫਿਰ ਕੂਕਾਂ ਮਾਰਦੀ ਹੋਈ ਨੱਸ ਗਈ।
ਪਸ਼ੌਰਾ ਸਿੰਘ ਦਾ ਸਾਹ-ਸਤ ਜਾਂਦਾ ਰਿਹਾ। ਉਹ ਉਥੇ ਹੀ ਖੜਾ ਰਹਿ ਗਿਆ। ਲੋਕ ਇਕੱਠੇ ਹੋ ਗਏ।
ਮੁਨਸ਼ੀ ਗੰਗਾ ਰਾਮ ਬੋਲਿਆ, “ਮਗ਼ਜ਼ ਨੂੰ ਗਰਮੀ ਚੜ੍ਹ ਗਈ!”
ਬਾਰੂ ਕੁੰਜਡ਼ੇ ਨੇ ਆਖਿਆ, “ਵਿਚਾਰੇ ਡਾਕਟਰ ਦਾ ਘਰ ਉਜੜ ਗਿਆ!”
ਪਸ਼ੌਰਾ ਸਿੰਘ ਕੁਝ ਦੇਰ ਸੋਚਦਾ ਰਿਹਾ ਤੇ ਫਿਰ ਨੀਵੀਂ ਪਾ ਕੇ ਦੁਕਾਨ ਵਲ ਤੁਰ ਪਿਆ
ਸਾਰੀ ਮੰਡੀ ਵਿਚ ਇਹ ਗੱਲ ਧੁੰਮ ਗਈ ਕਿ ਡਾਕਟਰ ਪਸ਼ੌਰਾ ਸਿੰਘ ਦੀ ਬੀਵੀ ਪਾਗਲ ਹੋ ਗਈ।
ਉਹ ਖੁਲ੍ਹੇ ਗਲਮੇ, ਖੁੱਲ੍ਹੇ ਵਾਲੀਂ. ਨੰਗੇ ਪੈਰੀਂ ਢਾਬਿਆਂ ਤੇ ਮੋਟਰਾਂ ਦੇ ਅੱਡੇ ਤੁਰੀ ਫਿਰਦੀ। ਢਾਬੇ ਉਤੇ ਬੈਠਾ ਕੋਈ ਬਦਮਾਸ਼ ਜੱਟ ਮੁੱਛਾਂ ਨੂੰ ਵੱਟ ਦੇ ਕੇ ਉਸ ਦੇ ਹੁਸਨ ਵੱਲ ਵੇਖਦਾ। ਉਸ ਨੂੰ ਚਾਹ ਪਿਆਉਣ ਦੇ ਬਹਾਨੇ ਅੰਦਰ ਬੁਲਾ ਲੈਂਦਾ ਤੇ ਫੇਰ ਪਿਛਲੀ ਕੋਠੜੀ ਵਿਚ ਲੈ ਵੜਦਾ। ਜਦੋਂ ਉਹ ਚਾਹ ਪੀ ਕੇ ਬਾਹਰ ਨਿਕਲਦੀ ਤਾਂ ਉਸ ਦੀਆਂ ਅੱਖਾਂ ਵਿਚ ਖੁਮਾਰ ਤੇ ਖੁਸ਼ੀ ਹੁੰਦੀ।
ਮੋਟਰਾਂ ਦੇ ਡਰਾਈਵਰਾਂ ਨਾਲ ਉਸ ਦਾ ਖ਼ਾਸ ਮੇਲ ਸੀ। ਕਦੇ-ਕਦੇ ਦਿਨ ਢਲੇ ਉਹ ਲਾਰੀ ਨੂੰ ਸਾਧਾਂ ਦੀ ਝਿੜੀ ਲਾਗੇ ਲਿਜਾ ਖੜ੍ਹੀ ਕਰਦੇ। ਉਸ ਦੀ ਛੱਤ ਉਤੇ ਡਾਕਟਰ ਦੀ ਬੀਵੀ ਮਸਤੀ ਵਿਚ ਪਈ ਹੁੰਦੀ। ਇਸ ਸਮੇਂ ਉਸ ਦਾ ਪਾਗਲਪਣ ਲੱਥਾ ਹੁੰਦਾ। ਉਹ ਹਲਕੀ ਫੁੱਲ ਖੁਸ਼ੀ ਵਿਚ ਝੂਮਦੀ ਹੋਈ ਕਦੇ ਸਾਧ ਦੇ ਡੇਰੇ ਜਾ ਵੰਡਦੀ ਜਾਂ ਬਿਜਲੀ-ਘਰ ਦੇ ਕੁਆਟਰਾਂ ਵਿਚ ਜਾ ਸੌਂਦੀ।
ਕਦੀ-ਕਦੀ ਉਹ ਕਲਾਲਾਂ ਦੇ ਮੁੰਡੇ ਨੂੰ ਮਿਲਣ ਉਸ ਦੀ ਬਗੀਚੀ ਵਿਚ ਜਾਂਦੀ। ਉਥੇ ਜਾ ਕੇ ਉਹ ਹਲਟੀ ਉਤੇ ਨਹਾਉਂਦੀ, ਕਪੜੇ ਬਦਲਦੀ ਤੇ ਉਚੇ-ਲੰਮੇ ਮੁਸ਼ਕੀ ਰੰਗ ਦੇ ਕਲਾਲ ਲਈ ਰੋਟੀ ਪਕਾਉਂਦੀ। ਉਸ ਰਾਤ ਉਹ ਉਥੇ ਹੀ ਸੌਂ ਜਾਂਦੀ ਤੇ ਉਸ ਨੂੰ ਆਖਦੀ, “ਇਸ ਪਸ਼ੌਰੇ ਦੇ ਬੱਚੇ ਦੇ ਵਲ ਕੱਢ ਕੇ ਛਡਸਾਂ।”
ਮੰਡੀ ਦੇ ਸਭ ਲੋਕ ਜਾਣਦੇ ਸਨ ਕਿ ਡਾਕਟਰ ਦੇ ਜ਼ੁਲਮ ਸਦਕਾ ਇਹ ਵਿਚਾਰੀ ਪਾਗਲ ਹੋ ਗਈ ਹੈ। ਸਿਰਫ ਡਰਾਈਵਰਾਂ ਤੇ ਕਲਾਲਾਂ ਦੇ ਮੁੰਡੇ ਨੂੰ ਪਤਾ ਸੀ ਕਿ ਉਸ ਵਿਚ ਅਤ੍ਰਿਪਤ ਇਸਤਰੀ ਦੀ ਜਿਦ ਸੀ, ਜਿਸ ਨੇ ਲੋਕ-ਲਾਜ ਦੀ ਚੁੰਨੀ ਲਾਹ ਕੇ ਇਸ ਦੀਆਂ ਫੀਤੀਆਂ ਕਰ ਦਿੱਤੀਆਂ ਸਨ। ਉਹ ਤੁਫ਼ਾਨੀ ਨਦੀ ਵਾਂਗ ਮਰਿਆਦਾ ਦੀਆਂ ਹੱਦਾਂ ਤੋੜ ਕੇ, ਅੰਨ੍ਹੇ ਵਾਹ, ਬਿਫਰੀ ਹੋਈ ਵਗ ਤੁਰੀ ਸੀ।
ਡਾਕਟਰ ਪਸ਼ੌਰਾ ਸਿੰਘ ਦੀ ਹੱਟੀ ਸੁੰਨੀ ਤੇ ਘਰ ਵੀਰਾਨ ਸੀ। ਬੀਵੀ ਨੂੰ ਮੋੜ ਲਿਆਉਣ ਦੇ ਉਸ ਨੇ ਬੜੇ ਜਤਨ ਕੀਤੇ, ਪਰ ਕੋਈ ਪੇਸ਼ ਨਾ ਗਈ। ਉਹ ਢਾਬਿਆਂ ਤੇ ਮੋਟਰਾਂ ਦੇ ਅੱਡੇ ਉਤੇ ਕਈ ਵਾਰ ਪੁੱਛਦਾ ਫਿਰਦਾ। ਉਸ ਦੀ ਗੱਲ ਬਾਤ ਵਿਚ ਤਰਲਾ ਤੇ ਨਮੋਸ਼ੀ ਸੀ। ਉਹ ਸਾਧਾਂ ਤੇ ਗੰਡੇ-ਤਾਵੀਜ਼ ਕਰਨ ਵਾਲਿਆਂ ਕੋਲ ਗਿਆ। ਕਈ ਸੁੱਖਾਂ-ਸੁੱਖੀਆਂ ਪਰ ਸਭ ਕੁਝ ਵਿਅਰਥ।
ਕਈ ਵਾਰ ਉਹ ਪਛਤਾਉਂਦਾ ਕਿ ਉਸ ਨੇ ਬੀਵੀ ਨੂੰ ਭਰੇ ਬਾਜ਼ਾਰ ਵਿਚ ਕਿਉਂ ਕੁੱਟਿਆ ਸੀ। ਕਈ ਵਾਰ ਉਹ ਗੁੱਸੇ ਵਿਚ ਕਚੀਚੀਆਂ ਵੱਟਦਾ ਤੇ ਬੀਵੀ ਨੂੰ ਗਾਲ੍ਹਾਂ ਕੱਢਦਾ। ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਕੀ ਕਰੇ।
ਹੌਲੀ-ਹੌਲੀ ਉਸ ਨੂੰ ਡਰਾਈਵਰਾਂ ਵਾਲੀ ਗੱਲ ਦਾ ਵੀ ਪਤਾ ਲੱਗ ਗਿਆ। ਉਹ ਬੀਵੀ ਨੂੰ ਢੂੰਡਦਾ ਹੋਇਆ, ਮੱਥਾ ਪਟਕਦਾ, ਕਿਸਮਤ ਨੂੰ ਕੋਸਦਾ ਮੋਟਰਾਂ ਦੇ ਅੱਡੇ ਉਤੇ ਜਾ ਨਿਕਲਿਆ। ਬਾਰਸ਼ ਪੈ ਰਹੀ ਸੀ ਤੇ ਅੱਡੇ ਉਤੇ ਚਿੱਕੜ ਸੀ। ਇਕ ਲਾਰੀ ਖ਼ਾਲੀ ਸੀ ਕਿਉਂ ਜੁ ਉਸ ਦੇ ਸਭ ਮੁਸਾਫ਼ਰ ਜਾ ਚੁੱਕੇ ਸਨ। ਲਾਰੀ ਦੀ ਛੱਤ ਉਤੇ ਤਰਪਾਲ ਪਈ ਸੀ ਤੇ ਉਸ ਹੇਠ ਬੁੱਘਾ ਡਰਾਈਵਰ ਉਸ ਦੀ ਬੀਵੀ ਨਾਲ ਸ਼ਰਾਬ ਪੀਂਦਾ ਪਿਆ ਸੀ। ਪਸ਼ੌਰਾ ਸਿੰਘ ਨੇ ਢਾਬੇ ਵਾਲੇ ਤੋਂ ਪੁੱਛਿਆ ਤਾਂ ਤਿੰਨ ਸ਼ਰਾਰਤੀ ਮੁੰਡਿਆਂ ਨੇ ਲਾਰੀ ਦੀ ਛੱਤ ਵਲ ਸੈਨਤ ਕੀਤੀ ਤੇ ਖਿੜ-ਖਿੜਾ ਕੇ ਹੱਸ ਪਏ। ਪਸ਼ੌਰਾ ਸਿੰਘ ਦੇ ਸਿਰ ਉਤੇ ਸੌ ਘੜੇ ਪਾਣੀ ਦੇ ਪੈ ਗਏ। ਉਹ ਹਾਰਿਆ ਹੋਇਆ ਘਰ ਮੁੜ ਆਇਆ।
ਚਾਰ ਮਹੀਨਿਆਂ ਵਿਚ ਪਸ਼ੌਰਾ ਸਿੰਘ ਦੀਆਂ ਹੜਬਾਂ ਨਿਕਲ ਆਈਆਂ। ਪਤਲੂਣ ਦੀ ਪੇਟੀ ਨਾਲ ਲਟਕਦੇ ਛੁਰੇ ਤੇ ਫੌਜੀਆਂ ਵਾਂਗ ਚਾੜ੍ਹੀ ਦਾੜ੍ਹੀ ਦਾ ਸਾਰਾ ਘੁਮੰਡ ਜਾਂਦਾ ਰਿਹਾ।
ਇਕ ਦਿਨ ਉਹ ਦੁਕਾਨ ਤੋਂ ਮੁੜਿਆ ਤਾਂ ਉਸ ਦੀ ਬੀਵੀ ਘਰ ਬੈਠੀ ਸੀ। ਉਹ ਬਹੁਤ ਹੈਰਾਨ ਹੋਇਆ। ਉਸ ਨੂੰ ਇਉਂ ਲਗਿਆ ਜਿਵੇਂ ਉਹ ਕਿਸੇ ਬੇਗਾਨੇ ਘਰ ਜਾ ਵੜਿਆ ਹੋਵੇ। ਦੋਹਾਂ ਦੀ ਮੁਲਾਕਾਤ ਬੜੀ ਓਪਰੀ ਸੀ।
ਉਸ ਦਾ ਦਿਲ ਡਰ ਨਾਲ ਕੰਬਣ ਲੱਗਾ। ਕੀ ਪਤਾ ਬੀਵੀ ਮੁੜ ਨੱਸ ਜਾਵੇ। ਉਸ ਨੇ ਬਹੁਤ ਧੀਰਜ ਤੇ ਸੰਕੋਚ ਨਾਲ ਉਸ ਨੂੰ ਰੋਟੀ ਖਾਣ ਲਈ ਪੁੱਛਿਆ। ਬੀਵੀ ਨੇ ਪਸ਼ੌਰਾ ਸਿੰਘ ਦੇ ਧੀਮੇ ਸੁਭਾਅ ਨੂੰ ਜਾਂਚ ਕੇ ਸਿਰ ਹਿਲਾ ਦਿੱਤਾ।
ਪਸ਼ੌਰਾ ਸਿੰਘ ਨੇ ਪੁਚਕਾਰ ਕੇ ਆਖਿਆ, “ਮੁਰਗਾ ਖਾਸੇਂ?”
ਬੀਵੀ ਨੇ ਉਸ ਵਲ ਠਰ੍ਹੰਮੇ ਨਾਲ ਤੱਕਿਆ ਤੇ ਸਿਰ ਹਿਲਾ ਕੇ ਬੋਲੀ, “ਹਾਂ”
ਇਸ ਨਿੱਕੀ ਜਿਹੀ ਗੱਲ-ਬਾਤ ਪਿੱਛੇ ਸੈਂਕੜੇ ਅਣਕਹੀਆਂ ਗੱਲਾਂ ਵੀ ਸਨ।
ਪਸ਼ੌਰਾ ਸਿੰਘ ਖੜੇ-ਪੈਰੀਂ ਬਾਜ਼ਾਰ ਗਿਆ ਤੇ ਬੀਵੀ ਲਈ ਨਵੀਂ ਚੁੰਨੀ, ਕੱਜਲ, ਦੰਦਾਸਾ, ਬਦਾਮ ਤੇ ਮੁਰਗਾ ਲੈ ਆਇਆ। ਬੜੇ ਪਿਆਰ ਨਾਲ ਉਸ ਨੇ ਇਹ ਚੀਜ਼ਾਂ ਆਪਣੀ ਬੀਵੀ ਅੱਗੇ ਭੇਂਟ ਕੀਤੀਆਂ। ਉਸ ਵਿਚ ਮੁੜ ਪੁਰਾਣਾ ਪਿਆਰ ਜਾਗ ਪਿਆ। ਨਾਲ ਹੀ ਡਰ, ਪਛਤਾਵਾ ਤੇ ਬੇਇੱਜ਼ਤੀ ਦੀ ਸੰਸਾ। ਮਨ ਦੇ ਅੰਦਰ ਕਿਧਰੇ ਗੁੱਸੇ ਦੀ ਚਿਣਗ ਵੀ ਮੱਘ ਰਹੀ ਸੀ।
ਉਹ ਉਸ ਦਾ ਹੱਥ ਫੜ ਕੇ ਗੁੱਸੇ ਨਾਲ ਬੋਲਿਆ, “ਜੇ ਖੇਹ ਖਾਣੀ ਏਂ, ਤਾਂ ਘਰ ਵਿਚ ਬੈਠ ਕੇ ਖਾਹ। ਮੈਂ ਜਾ ਕੇ ਉਸ ਕਲਾਲ ਨੂੰ ਇਥੇ ਲੈ ਆਸਾਂ।”
ਉਸ ਨੇ ਪੇਟੀ ਨਾਲ ਲਟਕਦਾ ਛੁਰਾ ਲਾਹ ਕੇ ਸੰਦੂਕ ਵਿਚ ਰਖ ਦਿੱਤਾ ਤੇ ਸਾਈਕਲ ਉਤੇ ਚੜ੍ਹ ਕੇ ਕਲਾਲਾਂ ਦੇ ਮੁੰਡੇ ਨੂੰ ਬੁਲਾਉਣ ਬਗੀਚੀ ਵਲ ਤੁਰ ਪਿਆ।
ਉਸ ਦੀ ਬੀਵੀ ਨੇ ਅੱਖਾਂ ਵਿਚ ਕੱਜਲ ਪਾਇਆ, ਨਵੀਂ ਪਿਆਜ਼ੀ ਚੁੰਨੀ ਲੀਤੀ ਤੇ ਵਿਹੜੇ ਵਿਚ ਚੁੱਲ੍ਹੇ ਉਤੇ ਮੁਰਗਾ ਭੁੰਨਣ ਲੱਗੀ।
ਸਾਰੇ ਮੁਹੱਲੇ ਵਿਚ ਮਸਾਲੇ ਵਾਲੇ ਮੁਰਗੇ ਦੇ ਤੜਕਣ ਦੀ ਮਹਿਕ ਫੈਲ ਗਈ।
ਗੁਆਂਢ ਵਿਚ ਮੁਨਸ਼ੀ ਗੰਗਾ ਰਾਮ ਨੇ ਹੁੱਕੇ ਦੀ ਘੁੱਟ ਭਰ ਕੇ ਆਖਿਆ, “ਸ਼ੁਕਰ ਏ, ਪਸ਼ੌਰਾ ਸਿੰਘ ਦਾ ਘਰ ਮੁੜ ਵਸ ਗਿਆ!”