ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 


ਮੋਈਆਂ ਹੋਈਆਂ ਚਿੜੀਆਂ

ਰੋਜ਼ੀ ਸਿੰਘ

ਅਜੇ ਕੱਲ ਹੀ ਤਾਂ ਸੀ ਉਸ ਨੇ ਵਰਾਂਡੇ ਦੀ ਛੱਤ ਚੋਂ ਇਹ ਸਾਰੇ ਕੱਖ ਕੱਢ ਕੇ ਬਾਹਰ ਸੁੱਟੇ ਸੀ ਤੇ ਹੁਣ ਫੇਰ….! ਇਹ ਚਿੜੀਆਂ ਵੀ ਬੜੀਆਂ ਢੀਠ ਨੇ ਉਸ ਸੋਚਿਆ ਤੇ ਫਿਰ ਗਾਡਰ ਨਾਲ ਲਮਕਦੇ ਕੱਖਾਂ, ਤੀਲਿਆਂ ਨੂੰ ਖਿੱਚ ਕੇ ਥੱਲੇ ਸਿੱਟ ਦਿੱਤਾ। ਉਹ ਪਿਛਲੇ ਕਈ ਦਿਨਾਂ ਤੋਂ ਛੱਤ ਵਿਚਲੇ ਕੱਖਾਂ ਨੂੰ ਸਾਫ ਕਰਦੀ ਪਰ ਅਗਲੇ ਹੀ ਦਿਨ ਸਾਮ ਤੱਕ ਚਿੜੀਆਂ ਫਿਰ ਤੀਲਾ ਤੀਲਾ ਕਰਕੇ ਕੱਖ ਜਮਾਂ ਕਰ ਦਿੰਦੀਆਂ।  ਉਹ ਇਸ ਰੋਜ਼ਾਨਾ ਦੇ ਗੰਦ ਤੇ ਝੰਝਟ ਤੋਂ ਡਾਢੀ ਤੰਗ ਆ ਚੁੱਕੀ ਸੀ। ਉਹ ਸਕੂਲੋਂ ਆਉਂਦੀ ਤਾਂ ਵੇਖਦੀ ਕਿ ਚਿੜੀਆਂ ਆਪਣਾ ਕੰਮ ਪੂਰੇ ਸੰਘਰਸ਼ ਨਾਲ ਜਾਰੀ ਰੱਖਦੀਆਂ ਸਨ। ਓਸ ਦੀ ਮਾਂ ਨੇ ਕਿੰਨੀ ਵੇਰ ਆਖਿਆ ਸੀ “ਰਹਿਣ ਦੇ ਧੀਏ, ਪੰਛੀ ਪੰਖੇਰੂਆਂ ਦਾ ਵੀ ਕੋਈ ਟਿਕਾਣਾ ਏਂ ਅੱਜ ਏਥੇ ਕੱਲ ਕਿਤੇ ਹੋਰ …। ਇਹ ਇਥੇ ਆਪਣਾ ਘਰ ਬਣਾਉਣਗੀਆਂ ਤੇ ਬੱਚੇ ਪਾਲ ਕੇ ਖੌਰੇ ਕਿਥੇ ਉਡ-ਪੁੱਡ ਜਾਣਗੀਆਂ। ਮੈਨੂੰ ਤੇ ਲਗਦੈ ਇਸ ਜਗ੍ਹਾ ਨਾਲ ਇਹਨਾਂ ਦਾ ਮੋਹ ਹੋ ਗਿਐ ਜਿਹੜਾ ਬਾਰ ਬਾਰ ਇਥੇ ਕੱਖ ਕੱਠੇ ਕਰਦੀਆਂ ਨੇ। ਰਹਿਣ ਦੇ ਮੇਰੀ ਧੀ,ਇਹ ਵੀ ਤੇਰੀ ਈ ਜਾਤ ਦੀਆਂ ਨੇ ਕੁੜੀਆਂ ਤੇ ਚਿੜੀਆਂ ਦੀ ਜਾਤ ਇਕ ਏ।”ਪਰ ਉਸ ਨੇ ਫਿਰ ਗੁੱਸੇ ਵਿੱਚ ਇਹ ਕਹਿ ਕੇ ਕੱਖ ਖਿੱਚ ਕੇ ਬਾਹਰ ਸੁੱਟ ਦਿੱਤੇ ਕੇ ਉਸ ਨੂੰ ਰੋਜ ਦਾ ਸਿਆਪਾ ਕਰਨਾ ਪੈਂਦਾ ਏ। ਕੋਈ ਆਇਆ ਗਿਆ ਵੇਖੇਗਾ ਤਾਂ ਕੀ ਕਹੇਗਾ।

ਇਕ ਵਾਰ ਫਿਰ ਚਿੜੀਆਂ ਵੱਲੋਂ ਇਕੱਠੇ ਕੀਤੇ ਕੱਖ ਤੀਲਾ ਤੀਲਾ ਹੋ ਗਏ। ਅਗਲੀ ਦੁਪਹਿਰ ਜਦ ਉਹ ਸਕੂਲੋਂ ਪਰਤੀ ਤਾਂ ਚਿੜੀਆਂ ਨੇ ਫਿਰ ਕਿੰਨੇ ਸਾਰੇ ਘਾਅ ਫੂਸ ਤੇ ਪਰਾਲੀ ਦੇ ਤੀਲੇ ਇਕੱਠੇ ਕਰ ਰੱਖੇ ਸੀ। ਕੁਝ ਤਾਂ ਗਾਡਰ ਦੇ ਉੱਤੇ ਤੇ ਕੁਝ ਗਾਡਰ ਨਾਲ ਲਮਕਦੇ ਪਏ ਸਨ। ਉਸਨੂੰ ਇਹ ਵੇਖ ਕੇ ਪਹਿਲਾਂ ਤਾਂ ਬੜਾ ਗੁੱਸਾ ਆਇਆ, ਪਰ ਫਿਰ ਅਗਲੇ ਹੀ ਪਲ ਉਸ ਦੇ ਬੁੱਲ੍ਹਾਂ ਵਿੱਚ ਹਲਕੀ ਜਿਹੀ ਮੁਸਕਾਨ ਫੈਲ ਗਈ। ਉਸ ਨੇ ਅੱਜ ਕੱਖ ਖਿੱਚ ਕੇ ਬਾਹਰ ਨਹੀਂ ਸੁੱਟੇ ਸਗੋਂ ਗਾਡਰ ਤੋਂ ਹੇਠਾਂ ਲਮਕਦੇ ਕੱਖਾਂ ਨੂੰ ਵੀ ਆਲ੍ਹਣੇ ਵਿੱਚ ਟਿਕਾ ਦਿੱਤਾ।

ਪਤਾ ਨਹੀਂ ਇਹ ਬਦਲਾਓ ਕਿਸ ਦੀ ਪ੍ਰੇਰਣਾ ਸਦਕਾ ਸੀ। ਮਾਂ ਦੇ ਸਮਝਾਉਣ ਕਰਕੇ ਜਾਂ ਉਸ ਦੀ ਆਪਣੀ ਨਿਜੀ ਯਥਾ ਸ਼ਕਤੀ ਦੇ ਬਦਲਾਓ ਦਾ ੳਰਤਾਰਓ ਸੀ। ਉਸ ਨੂੰ ਚਿੜੀਆਂ ਨਾਲ ਮੋਹ ਹੋ ਗਿਆ। ਹੁਣ ਉਹ ਨਿਤ ਭੁੰਝੇ ਡਿੱਗੇ ਕੱਖਾਂ ਨੂੰ ਚਿੜੀਆਂ ਦੇ ਆਲ੍ਹਣੇ ਵਿੱਚ ਟਿਕਾ ਦਿੰਦੀ। ਦਿਨਾਂ ਵਿੱਚ ਚਿੜੀਆਂ ਦਾ ਘਰ ਵੱਡਾ ਹੁੰਦਾ ਗਿਆ ਤੇ ਫਿਰ ਪਤਾ ਨਹੀਂ ਚਿੜੀਆਂ ਨੇ ਆਪਣੀਆਂ ਕਿੰਨੀਆਂ ਪੀੜ੍ਹੀਆਂ ਉਥੇ ਪਾਲੀਆਂ। ਕਦੀ ਕਦੀ ਤਾਂ ਕਈ ਕਈ ਚਿਰ ਆਲ੍ਹਣਾ ਖਾਲੀ ਪਿਆ ਰਹਿੰਦਾ ਤੇ ਫਿਰ ਪਤਾ ਨਹੀ ਚਿੜੀਆਂ ਕਿਧਰੋਂ ਆਉਂਦੀਆਂ ਤੇ ਆਲ੍ਹਣੇ ਦੇ ਕੱਖਾਂ ਨੂੰ ਸਵਾਰੇ ਕਰਕੇ ਆਂਡੇ ਦਿੰਦੀਆਂ । ਇਹ ਸਿਲਸਿਲਾ ਬਾ-ਦਸਤੂਰ ਜਾਰੀ ਰਿਹਾ।
ਮਨਪ੍ਰੀਤ ਹੁਣ ਜਵਾਨ ਹੋ ਗਈ ਏ। ਚਿੜੀਆਂ ਉਸ ਦੀਆਂ ਪੱਕੀਆਂ ਸਹੇਲੀਆਂ ਨੇ ਹੁਣ ਪਤਾ ਨਹੀਂ ਇਹ ਓਹੋ ਚਿੜੀਆਂ ਨੇ, ਜਿਨ੍ਹਾਂ ਦੇ ਆਲ੍ਹਣੇ ਚੋਂ ਡਿਗੇ ਕੱਖਾਂ ਤੋਂ ਉਸ ਨੂੰ ਖਿਝ ਚੜਦੀ ਸੀ ਤੇ ਜਾਂ ਫਿਰ ਉਹਨਾਂ ਦੇ ਵੰਸ਼ ਚੋਂ ਉਨ੍ਹਾਂ ਦੇ ਪੋਤੇ ਪੋਤਰੀਆਂ। ਉਸ ਨੂੰ ਸਾਰੀਆਂ ਚਿੜੀਆਂ ਓਸ ਤਰ੍ਹਾਂ ਦੀਆਂ ਲਗਦੀਆਂ, ਜਿਸ ਤਰ੍ਹਾਂ ਦੀਆਂ ਚਿੜੀਆਂ ਨੇ ਆਲ੍ਹਣਾ ਬਣਾਉਣਾ ਸ਼ੁਰੂ ਕੀਤਾ ਸੀ। ਭੋਲੀਆਂ ਜਿਹੀਆਂ ਚੀਂ ਚੀਂ ਕਰਦੀਆਂ ਕੁੜੀਆਂ ਵਰਗੀਆਂ। ਉਹ ਜਦੋਂ ਆਪਣੇ ਦਾਜ ਲਈ ਚਾਦਰਾਂ, ਗ਼ਲੀਚੇ ਤੇ ਫੁਲਕਾਰੀਆਂ ਉਤੇ ਕਸੀਦਾ ਪਈ ਕੱਢਦੀ ਹੁੰਦੀ ਤਾਂ ਉਹ ਉਸ ਦੇ ਆਸ ਪਾਸ ਚੋਗਾ ਚੁਗਦੀਆਂ ਰਹਿੰਦੀਆਂ । ਮਨਪ੍ਰੀਤ ਦੀ ਮਾਂ ਨੇ ਉਸ ਦੇ ਵਿਆਹ ਲਈ ਸਾਰਾ ਦਾਜ ਤਿਆਰ ਕਰ ਰੱਖਿਆ ਸੀ ਅਤੇ ਕੁਝ ਮਹੀਨਿਆਂ ਵਿੱਚ ਉਸ ਦੀ ਚੋਗ ਕਿਤੇ ਹੋਰ ਖਲਾਰੇ ਜਾਣ ਦੀ ਤਿਆਰੀ ਹੋ ਰਹੀ ਏ। ਉਹ ਵੀ ਆਪਣੇ ਵਿਆਹ ਲਈ ਕੁਝ ਬਚੀਆਂ ਰਜਾਈਆਂ ਨਗੰਦਣ, ਖੇਸਾਂ ਦੇ ਡੋਰੇ ਵੱਟਣ ਤੇ ਚੁੰਨੀਆਂ ਨੂੰ ਗੋਟੇ ਲਾਉਣ ਵਿੱਚ ਮਸਰੂਫ ਰਹਿੰਦੀ।

ਉਹ ਕਈ ਵਾਰ ਡੂੰਘੀ ਸੋਚ ਵਿੱਚ ਗਵਾਚੀ ਆਪਣੇ ਤੇ ਚਿੜੀਆਂ ਬਾਰੇ ਸੋਚਦੀ ਰਹਿੰਦੀ। “ਜੇ ਮੈਂ ਇਥੇ ਨਾ ਰਹੀ ਤਾਂ ਕੀ ਚਿੜੀਆਂ ਉਦਾਸ ਹੋ ਜਾਣਗੀਆਂ…? ਕੀ ਉਹ ਮੈਨੂੰ ਲੱਭਣ ਲਈ ਮੇਰੇ ਸਹੁਰੇ ਪਿੰਡ ਜਾਣਗੀਆਂ….? ਕੀ ਉਹ ਮੈਨੂੰ ਦੇਰ ਨਾਲ ਇਥੇ ਆਈ ਨੂੰ ਪਹਿਚਾਣ ਸਕਣਗੀਆਂ….?” ਉਹ ਸੋਚਦੀ ਇਹ ਚਿੜੀਆਂ ਇਥੋਂ ਚਲੀਆਂ ਕਿਉਂ ਨਈਂ ਜਾਂਦੀਆਂ… ਕਿਉਂ ਆਈਆਂ ਨੇ ਮੈਨੂੰ ਤੰਗ ਕਰਨ…! ਸੋਚਾਂ ਵਿੱਚ ਡੁੱਬੀ ਮਨਪ੍ਰੀਤ ਨੂੰ ਉਸ ਦੀ ਮਾਂ ਆਣ ਕੇ ਹਲੂਣਦੀ, “ਕੀ ਸੋਚਦੀ ਏਂ ਪੁੱਤ।”

“ਕੁੱਝ ਨਹੀਂ …ਬਸ ਚਿੜੀਆਂ …?” ਉਹ ਕਹਿੰਦੀ ਕਹਿੰਦੀ ਰੁਕ ਜਾਂਦੀ।

“ਤੂੰ ਤੇ ਝੱਲੀ ਏ ਚਿੜੀਆਂ ਨੂੰ ਲੈ ਕੇ ਦੁਖੀ ਹੋਈ ਜਾਂਦੀ ਏਂ, ਇਨ੍ਹਾਂ ਦਾ ਕੀ ਏ ਅੱਜ ਇਥੇ ਕੱਲ ਕਿਤੇ ਹੋਰ ਚੋਗਾ ਪਈਆਂ ਚੁਗਣਗੀਆਂ । ਇਹ ਵੀ ਤੇਰੀਆਂ ਹੀ ਭੈਣਾਂ ਨੇ, ਕੁੜੀਆਂ ਤੇ ਚਿੜੀਆਂ ਦੀ ਤਾਂ ਕਿਸਮਤ ਵਿੱਚ ਈ ਵਿਯੋਗ ਲਿਖਿਆ ਏ। ਪਹਿਲਾਂ ਮਾਪਿਆਂ ਦਾ ਤੇ ਫਿਰ ਧੀਆਂ ਦਾ।” ਮਾਂ ਦਾ ਬੋਲਦੀ ਦਾ ਗਲ ਭਰ ਆਇਆ ਤੇ ਉਸ ਦੇ ਹੰਝੂ ਛਲਕ ਪਏ।

ਜਿਉਂ ਜਿਉਂ ਮਨਪ੍ਰੀਤ ਦੇ ਵਿਆਹ ਦੇ ਦਿਨ ਨੇੜੇ ਆਉਂਦੇ ਗਏ ਤਿਉਂ ਤਿਉਂ ਉਸ ਦਾ ਚਿੜੀਆਂ ਪ੍ਰਤੀ ਪਿਆਰ ਤੇ ਮੋਹ ਹੋਰ ਵਧਦਾ ਗਿਆ। ਉਹ ਵਾਰ-ਵਾਰ ਉਹਨਾਂ ਬਾਰੇ ਸੋਚਣ ਲਈ ਮਜਬੂਰ ਹੋ ਜਾਂਦੀ ਤੇ ਫਿਰ ਆਪੇ ਹੀ ਬੋਲ ਪੈਂਦੀ, “ਮੈਂ ਇਨ੍ਹਾਂ ਨੂੰ ਆਪਣੇ ਨਾਲ ਲੈ ਚਲਾਂਗੀ।”

ਉਨੀ ਦਿਨੀਂ ਤਕਰੀਬਨ ਰੋਜ਼ ਮੀਂਹ ਪੈਣ ਲੱਗੇ। ਨੱਤ ਦਿਨ ਹਨੇਰ ਝੱਖੜ ਆਉਣ ਲੱਗੇ। ਦਰਖ਼ਤ ਧਰਤੀ ਨੂੰ ਲੱਗ ਲੱਗ ਜਾਂਦੇ ਤੇ ਕਈ ਤੇ ਹਨੇਰੀ ਅੱਗੇ ਟਿਕ ਨਾ ਸਕੇ। ਮੀਂਹ ਏਨਾ ਜ਼ੋਰ ਦਾ ਸੀ ਕੇ ਬਰਾਂਡੇ ਤੋਂ ਅੱਗੇ ਅੰਦਰਾਂ ਤੱਕ ਫੰਡ ਵੱਜ-ਵੱਜ ਜਾਵੇ। ਹਨੇਰ-ਘੁੱਪ ਹੋ ਗਿਆ ਕੱਖ ਨਜ਼ਰੀਂ ਨਾ ਆਵੇ । ਕਰੀਬ ਦਸ ਦਿਨ ਮੀਂਹ ਪੈਦਾ ਰਿਹਾ ਤੇ ਉਸ ਦਿਨ ਵੀ ਪੂਰੀ ਰਾਤ ਮੀਂਹ ਪੈਂਦਾ ਰਿਹਾ। ਅੱਧੀ ਰਾਤ ਲੋਕ ਪਿੰਡ ਦੇ ਆਸ ਪਾਸ ਦੇ ਡੇਰਿਆਂ ਵਾਲਿਆਂ ਨੂੰ ਅਵਾਜਾਂ ਪਏ ਮਾਰਨ ਲੱਗੇ। “ਹੜ ਆ ਗਿਆ ਹੜ” ਪਾਣੀ ਦੇਖਦਿਆਂ ਦੇਖਦਿਆਂ ਲੋਕਾਂ ਦੇ ਘਰਾਂ ਵਿੱਚ ਆ ਵੜਿਆ । ਡੇਰਿਆਂ ਤੋਂ ਲੰਘਦੀ ਸੜਕ ਟੁੱਟਣ ਦੀ ਦੇਰ ਸੀ ਕਿ ਪਾਣੀ ਠਾਠਾਂ ਮਾਰਦਾ ਆ ਚੜਿਆ। ਸਭ ਕੁਝ ਧਰਿਆ ਧਰਾਇਆ ਰਹਿ ਗਿਆ। ਬਸ ਲੋਕਾਂ ਨੇ ਡੰਗਰਾਂ ਦੇ ਗਲਾਂ ਦੇ ਰੱਸੇ ਤੇ ਸੰਗਲ ਹੀ ਮਸਾਂ ਖੋਲੇ । ਜਿਨ੍ਹਾਂ ਪਸ਼ੂਆਂ ਦੇ ਰੱਸੇ ਨਾ ਛੱਡੇ ਗਏ ਉਹ ਕਿਲਿਆਂ ਤੇ ਬੱਝੇ ਹੀ ਗੋਤੇ ਖਾਣ ਲੱਗੇ। ਲੋਕ ਤਰਪਾਲਾਂ ਲੈ ਘਰਾਂ ਦੀਆਂ ਛੱਤਾਂ ਤੇ ਆ ਚੜੇ। ਮੀਂਹ ਹਟਣ ਤੋਂ ਬਾਅਦ ਦਿਨ ਚੜੇ ਦੀ ਲੋਅ ਲੱਗਣ ਤੱਕ ਸਭ ਕੁਝ ਤਬਾਹ ਹੋ ਚੁੱਕਾ ਸੀ। ਪਾਣੀ ਘਰਾਂ ਦੀਆਂ ਕੰਧਾ ਦੇ ਉਪਰ ਤੱਕ ਆ ਪਹੁੰਚਾ ਸੀ। ਲੋਕਾਂ ਦਾ ਸਮਾਨ, ਆਟਾ, ਕਣਕ, ਚੌਲ, ਕੱਪੜੇ, ਬਿਸਤਰੇ ਸਭ ਕੁਝ ਪਾਣੀ ਵਿੱਚ ਡੁੱਬ ਗਿਆ। ਮਨਪ੍ਰੀਤ ਦਾ ਰੀਝਾਂ ਨਾਲ ਬਣਾਇਆ ਦਾਜ, ਫੁਲਕਾਰੀਆਂ ਤੇ ਪਤਾ ਨਈਂ ਕੀ ਕੀ।

ਜਦੋਂ ਚੰਗੀ ਤਰਾਂ ਸਵੇਰਾ ਹੋਇਆ ਤਾਂ ਉਸ ਨੇ ਛੱਤ ਤੋਂ ਹੇਠਾਂ ਵਿਹੜੇ ਵੱਲ ਤੱਕਿਆ। ਸਾਰੇ ਘਰ ਵਿੱਚ ਪਾਣੀ ਹੀ ਪਾਣੀ ਸੀ। ਉਸ ਨੂੰ ਆਪਣੇ ਰੀਝਾਂ ਨਾਲ ਬਣਾਏ ਦਾਜ ਦਾ ਖਿਆਲ ਆਇਆ, ਫੁਲਕਾਰੀਆਂ ਤੇ ਕੱਢੇ ਫੁੱਲ, ਚੰਨੀਆਂ ਨੂੰ ਲਾਏ ਗੋਟੇ, ਨਵੇਂ ਰੂੰ ਦੀਆਂ ਨਗੰਦੀਆਂ ਰਜਾਈਆਂ ਤੇ ਤਲਾਈਆਂ, ਰੰਗ ਬਰੰਗੀਆਂ ਪੱਖੀਆਂ ਰੇਸ਼ਮ ਦੇ ਸੂਟ, ਹੁਣ ਤੱਕ ਤਾਂ ਸਭ ਗੰਦੇ ਪਾਣੀ ਵਿੱਚ ਰੰਗਿਆ ਗਿਆ ਸੀ। ਫਿਰ ਅਚਾਨਕ ਉਸ ਦੀ ਨਜ਼ਰ ਹਵੇਲੀ ਦੀ ਕੰਧ ਦੀਆਂ ਉਪਰਲੀਆਂ ਇੱਟਾਂ ਨਾਲ ਛੁਹੰਦੇ ਪਾਣੀ ਤੇ ਪਈ। ਬਰਾਂਡੇ ਦੀ ਬਾਹਰਲੀ ਕੰਧ ਦੀ ਨੁੱਕਰ ਨਾਲ ਕੁਝ ਮੋਈਆਂ ਹੋਈਆਂ ਚਿੜੀਆਂ ਤੈਰ ਰਹੀਆਂ ਸਨ। ਉਸ ਨੇ ਬੜੀ ਜ਼ੋਰ ਦੀ ਚੀਕ ਮਾਰੀ ਤੇ ਬੋਲੀ, “ਹਾਏ..! ਮਾਂ ਮੇਰੀਆਂ ਭੈਣਾਂ।”

ਰੋਜ਼ੀ ਸਿੰਘ
ਸੋ-ਫਾਇਨ ਕੰਪਿਊਟਰ ਇੰਸਟੀਚਿਊਟ
ਫਤਿਹਗੜ੍ਹ ਚੂੜੀਆਂ ਗੁਰਦਾਸਪੁਰ । 9815755184

Loading spinner