5.ਪੁਰਸ਼ ਇਸਤਰੀ ਪੁਰਸ਼ ਜਾਂ ਲੜਕੇ
ਕੁਸ਼ਤੀ ਕਰ ਸਕਦੇ ਹਨ (ਬਿਨਾ ਕਿਸੇ ਝਿਜਕ ਜਾਂ ਸ਼ਰਮ ਦੇ) ਮੁੱਛਾਂ ਅਤੇ ਦਾੜ੍ਹੀ ਵਧਾ ਜਾਂ ਕਟਾ ਸਕਦੇ ਹਨ। ਭੰਗੜਾ ਪਾ ਸਕਦੇ ਹਨ।
ਇਸਤਰੀ ਜਾਂ ਲੜਕੀਆਂ
ਬੱਚੇ ਨੂੰ ਜਨਮ ਦੇ ਸਕਦੀਆਂ ਹਨ।
ਸਲਵਾਰਾਂ ਜਾਂ ਸਕਰਟਾਂ ਪਾ ਸਕਦੀਆਂ ਹਨ (ਬਿਨਾ ਕਿਸੇ ਝਿਜਕ ਜਾਂ ਸ਼ਰਮ ਦੇ) ਪਾਊਡਰ, ਸੁਰਖੀ ਬਿੰਦੀ ਲਗਾ ਸਕਦੀਆਂ ਹਨ।
ਗਿੱਧਾ ਪਾ ਸਕਦੀਆਂ ਹਨ।
ਗ਼ਮੀ ਵੇਲੇ ਉੱਚੀ ਰੋ ਸਕਦੀਆਂ ਹਨ।
ਅਸਲ ਵਿਚ ਇਸਤਰੀ ਜਾਂ ਪੁਰਸ਼ ਵੱਲੋਂ ਸਮਾਜ ਦੇ ਕੰਮਾਂ ਜਾਂ ਹਰਕਤਾਂ ਦੀ ਵੰਡ ਇਨ੍ਹਾਂ ਦੇ ਸਰੀਰਕ ਬਣਤਰ ਨੂੰ ਵੇਖਦੇ ਹੋਏ ਹੀ ਕੀਤੀ ਗਈ ਹੈ, ਕਿਉਂ ਜੋ ਇਸ ਲਿੰਗ ਭੇਦ ਕਾਰਨ ਇਹ ਕਾਰਜ ਕਰਨੇ ਅਸੰਭਵ ਜਿਹੇ ਹੁੰਦੇ ਹਨ (ਜਿਵੇਂ ਪੁਰਸ਼ ਦੁਆਰਾ ਕਿਸੇ ਬੱਚੇ ਨੂੰ ਜਨਮ ਦੇਣਾ) ਅਤੇ ਕੁਝ ਕੰਮਾਂ ਦੀ ਵੰਡ ਸਮਾਜ ਵੱਲੋਂ ਹੀ ਕੀਤੀ ਗਈ ਹੈ ਅਤੇ ਸਾਨੂੰ ਉਸ ਮੁਤਾਬਕ ਚਲਣਾ ਪੈਂਦਾ ਹੈ ਜਿਵੇਂ ਕਿ ਪੁਰਸ਼ ਸਲਵਾਰ ਨਹੀਂ ਪਹਿਨ ਸਕਦੇ ਆਦਿ।
ਬਚਪਨ ਤੋਂ ਜਵਾਨੀ ਤੱਕ ਦੀਆਂ ਤਬਦੀਲੀਆਂ
ਕੁਦਰਤ ਵੱਲੋਂ ਬਚਪਨ ਤੋਂ ਜਵਾਨੀ (ਮੁਟਿਆਰਪਣਾ ਜਾਂ ਗਭਰੂਪੁਣਾ) ਵੱਲ ਦੇ ਸਫ਼ਰ ਦਾ ਸਮਾ ਲੜਕੀਆਂ ਵਿਚ 9 ਤੋਂ 16 ਸਾਲ ਦੀ ਉਮਰ ਦਾ ਅਤੇ ਲੜਕਿਆਂ ਵਿਚ 10 ਤੋਂ 16 ਸਾਲ ਦੀ ਉਮਰ ਦਾ ਨਿਸ਼ਚਿਤ ਕੀਤਾ ਹੋਇਆ ਹੈ। ਇਸ ਸਮੇਂ ਦੌਰਾਨ ਬੱਚਿਆਂ ਵਿਚ ਸਰੀਰਕ, ਭਾਵਨਾਤਮਕ ਅਤੇ ਰਿਸ਼ਤਿਆਂ-ਸਬੰਧਾਂ ਵਿਚ ਵੀ ਤਬਦੀਲੀਆਂ ਆਉਂਦੀਆਂ ਹਨ। ਇਹ ਤਬਦੀਲੀ ਦਾ ਸਮਾਂ ਇਕ ਰਾਤ, ਹਫ਼ਤੇ ਜਾਂ ਇਕ ਮਹੀਨੇ ਦਾ ਨਹੀਂ ਹੁੰਦਾ ਇਸ ਪ੍ਰਕਿਰਿਆ ਨੂੰ ਕਈ ਸਾਲ ਲੱਗ ਜਾਂਦੇ ਹਨ। ਲੜਕਿਆਂ ਵਿਚ ਇਹ ਤਬਦੀਲੀਆਂ ਲੜਕੀਆਂ ਨਾਲੋਂ ਧੀਮੀ ਗਤੀ ਨਾਲ ਆਉਂਦੀਆਂ ਹਨ। ਜੇ ਕੋਈ ਇਨਸਾਨ 17 ਕੁ ਸਾਲ ਦਾ ਹੋ ਚੁੱਕਾ ਹੈ ਅਤੇ ਉਸਨੇ ਆਪਣੇ ਅੰਦਰ ਕੋਈ (ਸਰੀਰਕ ਜਾਂ ਭਾਵਨਾਤਮਕ) ਤਬਦੀਲੀ ਮਹਿਸੂਸ ਨਹੀਂ ਕੀਤੀ ਹੈ ਤਾਂ ਉਸ ਨੂੰ ਆਪਣੇ ਨਿਜੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕਈ ਵਾਰ ਭਾਵਨਾਤਮਕ ਤਬਦੀਲੀਆਂ, ਸਰੀਰਕ ਤਬਦੀਲੀਆਂ ਨਾਲੋਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ। ਕਿਉਂਕਿ ਇਨ੍ਹਾਂ ਦਾ ਕ੍ਰਮ ਨਿਸ਼ਚਿਤ ਨਹੀਂ ਹੈ, ਇਸ ਲਈ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।
ਇਨਸਾਨੀ ਦਿਮਾਗ ਵਿਚ ਇਕ ਹਾਰਮੋਨ ਗ੍ਰੰਥੀ (ਪੀਚੂਅਰੀ ਗਲੈਂਡ) ਇਨ੍ਹਾਂ ਤਬਦੀਲੀਆਂ ਲਈ ਜਿੰਮੇਵਾਰ ਹੈ ਅਤੇ ਇਸ ਸਭ ਲਈ ਕੁਦਰਤ ਵੱਲੋਂ ਪਹਿਲਾਂ ਹੀ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ। ਇਸ ਹਾਰਮੋਨ ਗ੍ਰੰਥੀ ਦੇ ਕਿਰਿਆਸ਼ੀਲ ਹੋ ਜਾਣ ਨਾਲ ਹੇਠ ਲਿਖੇ ਅਨੁਸਾਰ ਤਬਦੀਲੀਆਂ ਆ ਸਕਦੀਆਂ ਹਨ –
ਕੱਦ ਵਧਣਾ (ਲੜਕੇ ਅਤੇ ਲੜਕੀਆਂ ਦੋਹਾਂ ਵਿਚ)
ਛਾਤੀ ਦਾ ਚੌੜਾ ਹੋਣਾ (ਕੇਵਲ ਲੜਕਿਆਂ ਵਿਚ) ਕੁੱਲੇ ਭਾਰੇ ਹੋਣਾ (ਕੇਵਲ ਲੜਕੀਆਂ ਵਿਚ) – ਲੜਕੀਆਂ ਦੀ ਪਿੱਠ (ਜਾਂ ਕੁੱਲੇ) ਦੀਆਂ ਹੱਡੀਆਂ ਆਪਣੇ ਆਪ ਨੂੰ ਸਰੀਰਕ ਤੌਰ ਤੇ (ਮਾਂ ਬਨਣ ਲਈ) ਤਿਆਰ ਕਰਨ ਲਈ ਜਗ੍ਹਾ ਬਣਾ ਲੈਂਦੀਆਂ ਹਨ। ਛਾਤੀਆਂ ਦਾ ਵਿਕਾਸ ਸ਼ੁਰੂ ਹੋਣਾ (ਕੇਵਲ ਲੜਕੀਆਂ ਵਿਚ) – ਲੜਕੀਆਂ ਦੀਆਂ ਛਾਤੀਆਂ ਦਾ ਵਿਕਾਸ ਸੰਵੇਦਨਾਸ਼ੀਲ ਛੋਹ ਲਈ ਅਤੇ ਬੱਚਾ ਜਣਨ ਤੋਂ ਬਾਅਦ ਬੱਚੇ ਨੂੰ ਆਹਾਰ ਦੇਣ ਲਈ ਹੁੰਦਾ ਹੈ।
ਮੂੰਹ ਤੇ ਕਿੱਲ (ਲੜਕੇ ਅਤੇ ਲੜਕੀਆਂ ਦੋਹਾਂ ਵਿਚ) – ਇਨ੍ਹਾਂ ਤਿੱਖੇ ਮੂੰਹ ਵਾਲੀ ਫਿਨਸੀਆਂ (ਜਾਂ ਕਿੱਲ) ਹੋਣ ਦਾ ਕਾਰਨ ਚਿਹਰੇ ਦੀ ਚਮੜੀ ਸਖ਼ਤ ਹੋਣਾ, ਚਮੜੀ ਵਿਚ ਜਿਆਦਾ ਚਿਕਨਾਈ ਦਾ ਹੋਣਾ ਅਤੇ ਬੈਕਟੀਰੀਆ ਹਨ। ਕਈ ਵਾਰ ਸਖ਼ਤ ਚਮੜੀ ਪਸੀਨਾ ਜਾਂ ਚਮੜੀ ਵਿਚੋਂ ਤੇਲ ਬਾਹਰ ਕੱਢਣ ਵਾਲੇ ਬਰੀਕ ਛੇਦਾਂ ਨੂੰ ਬੰਦ ਕਰ ਦਿੰਦੀ ਹੈ। ਇਸ ਤੋਂ ਬਚਾਅ ਲਈ ਦਿਨ ਵਿਚ ਦੋ-ਚਾਰ ਵਾਲ ਚਿਹਰੇ ਨੂੰ ਐਂਟੀਸੈਪਟਿਕ ਸਾਬਣ ਨਾਲ ਧੋਣਾ ਚਾਹੀਦਾ ਹੈ, ਹਾਲਾਂਕਿ, ਇਹ ਤਰ੍ਹਾਂ ਕਰਨ ਨਾਲ ਬਹੁਤਾ ਫਰਕ ਨਹੀਂ ਪੈਂਦਾ। ਤੇਲ ਜਾਂ ਚਿਕਨਾਈ ਵਾਲੇ ਪਦਾਰਥਾਂ ਦਾ ਸੇਵਨ ਘੱਟ ਕਰ ਦੇਣਾ ਚਾਹੀਦਾ ਹੈ। ਕਪੜੇ ਨਾਲ ਰਗੜਨ ਨਾਲ ਚਮੜੀ ਹੋਰ ਵੀ ਖ਼ਰਾਬ ਹੋ ਸਕਦੀ ਹੈ। ਇਨ੍ਹਾਂ ਨਾਲ ਜਿਆਦਾ ਛੇੜਖਾਨੀ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਇਨ੍ਹਾਂ ਵੱਲ ਜਿਆਦਾ ਧਿਆਨ ਦੇਵੋਗੇ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਇਨ੍ਹਾਂ ਦੇ ਹੋਣ ਕਰਕੇ ਖ਼ੁਦ ਨੂੰ ਖ਼ੂਬਸੂਰਤ ਨਹੀਂ ਸਮਝਦੇ ਜਦਕਿ ਇਸ ਵਿਚ ਨਾ ਸੱਚਾਈ ਹੀ ਹੈ ਅਤੇ ਨਾ ਝੂਠ।
ਤਨਾਅ ਮਹਿਸੂਸ ਕਰਨਾ (ਲੜਕੇ ਅਤੇ ਲੜਕੀਆਂ ਦੋਹਾਂ ਵਿਚ) – ਹਰ ਕੋਈ ਪਸੀਨੇ ਦਾ ਅਹਿਸਾਸ ਕਰਦਾ ਹੈ ਜਦੋਂ ਤਾਪਮਾਨ ਵਧ ਜਾਂਦਾ ਹੈ, ਪਰ ਜਵਾਨੀ ਵਿਚ ਪਸੀਨੇ ਵਾਲੀਆਂ ਗ੍ਰੰਥੀਆਂ ਕੁਝ ਜਿਆਦਾ ਹੀ ਕਿਰਿਆਸ਼ੀਲ ਹੋ ਜਾਂਦੀਆਂ ਹਨ। ਇਹ ਪਸੀਨਾ ਕਈ ਵਾਰ ਬਦਬੂਦਾਰ ਵੀ ਹੋ ਸਕਦਾ ਹੈ, ਜਿਸ ਕਾਰਨ ਅਸੀਂ ਤਨਾਅ ਵਿਚ ਰਹਿੰਦੇ ਹਾਂ, ਕਈ ਬੱਚੇ ਇਸ ਕਾਰਨ ਦਿਨ ਵਿਚ ਦੋ-ਤਿੰਨ ਵਾਰ ਨਹਾਉਂਦੇ ਹਨ ਅਤੇ ਡੀਓ (ਪਸੀਨੇ ਦੀ ਦਬਾਓ ਖਤਮ ਕਰ ਦੇਣ ਵਾਲਾ ਇਤਰ-ਸੈਂਟ) ਇਸਤੇਮਾਲ ਕਰਦੇ ਹਨ।
ਨਵੇਂ ਵਾਲ ਆਉਣੇ (ਲੜਕੇ ਅਤੇ ਲੜਕੀਆਂ ਦੋਹਾਂ ਵਿਚ) – ਲੜਕਿਆਂ ਦੇ ਚਿਹਰੇ ਤੇ, ਛਾਤੀ ਤੇ, ਲੱਤਾਂ-ਬਾਂਹਾਂ, ਕੱਛਾਂ (ਬਗਲਾਂ) ਵਿਚ ਅਤੇ ਗੁਪਤ-ਅੰਗਾਂ ਦੇ ਆਲੇ-ਦੁਆਲੇ ਵਾਲਾਂ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਲੜਕੀਆਂ ਦੇ (ਚਿਹਰੇ, ਛਾਤੀ ਅਤੇ ਬਾਂਹਾਂ ਨੂੰ ਛੱਡ ਕੇ) ਗੁਪਤ-ਅੰਗਾਂ ਦੁਆਲੇ ਵਾਲਾਂ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ। ਵਾਲਾਂ ਦੇ ਵਿਕਾਸ ਦਾ ਸਥਾਨ ਅਤੇ ਇਨ੍ਹਾਂ ਦੀ ਘਣਤਾ ਵੰਸ਼ (ਜ਼ੀਨ) ਮੁਤਾਬਕ ਵੀ ਹੋ ਸਕਦੀ ਹੈ।
ਆਵਾਜ਼ ਵਿਚ ਭਾਰੀਪਣ (ਜਿਆਦਾਤਰ ਲੜਕਿਆਂ ਵਿਚ) – ਆਵਾਜ਼ ਨਲੀ ਵਿਚੋਂ ਬਣੇ ਵਿੱਥਾਂ ਰਾਹੀ ਹਵਾ ਨਿਕਲਣ ਨਾਲ ਪੈਦਾ ਹੁੰਦੀ ਹੈ। ਜਵਾਨੀ ਚੜ੍ਹਦੇ ਹੋਰ ਤਬਦੀਲੀਆਂ ਦੇ ਨਾਲ-ਨਾਲ ਆਵਾਜ਼ ਨਲੀਆਂ ਸਖ਼ਤ ਹੋ ਜਾਦੀਆਂ ਹਨ। ਲੜਕਿਆਂ ਵਿਚ ਇਹ ਤਬਦੀਲੀ ਜਿਆਦਾ ਵੇਖਣ ਵਿਚ ਆਉਂਦੀ ਹੈ ਜਿਸ ਕਰਕੇ ਉਨ੍ਹਾਂ ਦੀ ਆਵਾਜ਼ ਵਿਚ ਭਾਰੀਪਣ ਆ ਜਾਂਦਾ ਹੈ।
ਗੁਪਤ-ਅੰਗਾਂ ਦੇ ਆਕਾਰ ਵਿਚ ਵਾਧਾ (ਲੜਕੇ ਅਤੇ ਲੜਕੀਆਂ ਦੋਹਾਂ ਵਿਚ) – ਲੜਕਿਆਂ ਦੇ ਮਾਮਲੇ ਵਿਚ ਇਹ ਜਿਆਦਾ ਪ੍ਰਤੱਖ ਹੈ ਕਿਉਂ ਜੋ ਉਹ ਹਰ ਵਾਰ ਪਿਸ਼ਾਬ ਕਰਨ ਵੇਲੇ ਲਿੰਗ ਅਤੇ ਪਤਾਲੂਆਂ ਵੱਲ ਵੇਖ ਲੈਂਦਾ ਹੈ। ਜਦ ਕਿ ਲੜਕੀਆਂ ਨਹੀਂ, ਪਰ ਉਨ੍ਹਾਂ ਦੇ ਭਗ ਦਵਾਰ-Vulva (ਯੋਨੀ ਹੋਂਠ – Labia ਅਤੇ ਯੋਨ ਕੁੰਜੀ – Clitoris) ਦਾ ਆਕਾਰ ਵਧਦਾ ਜਰੂਰ ਹੈ। ਗੁਪਤ-ਅੰਗ ਵਿਚ ਤਨਾਅ ਛੇਤੀ ਆਉਣਾ (ਜਿਆਦਾਤਰ ਲੜਕਿਆਂ ਵਿਚ) – ਲਿੰਗ ਦੀਆਂ ਨਸਾਂ ਵਿਚ ਖੂਨ ਭਰ ਜਾਣ ਨਾਲ ਲਿੰਗ ਵਿਚ ਤਨਾਅ ਜਾਂ ਅਕੜਾਅ ਆ ਜਾਂਦਾ ਹੈ ਜਿਸ ਕਾਰਨ ਇਸ ਦਾ ਆਕਾਰ ਹੋਰ ਵੀ ਵਧ ਜਾਂਦਾ ਹੈ। ਹਰ ਲੜਕੇ ਦੇ ਲਿੰਗ ਵਿਚ ਤਨਾਅ ਆਉਂਦਾ ਹੈ ਭਾਵੇਂ ਉਹ ਛੋਟਾ ਬੱਚਾ ਹੀ ਹੋਵੇ। ਅਲਟਰਾਸਾਉਂਡ ਰਾਹੀਂ ਵੇਖਿਆ ਗਿਆ ਹੈ ਕਿ ਮਾਂ ਦੇ ਭਰੂਣ (ਪੇਟ ਦੇ ਅੰਦਰ) ਵਿਚ ਪਲ ਰਹੇ ਬੱਚੇ ਦਾ ਲਿੰਗ ਵੀ ਤਨਾਅ ਵਿਚ ਆ ਸਕਦਾ ਹੈ। ਲੜਕੀਆਂ ਦੀ ਯੋਨ ਕੁੰਜੀ ਦੀ ਬਣਤਰ ਵੀ ਲੜਕਿਆਂ ਦੇ ਲਿੰਗ ਵਰਗੀ ਹੀ ਹੁੰਦੀ ਹੈ ਪਰ ਇਸ ਦਾ ਆਕਾਰ ਬਹੁਤ ਹੀ ਛੋਟਾ ਹੋਣ ਕਰਕੇ ਇਸ ਦੇ ਤਨਾਅ ਵਿਚ ਆਉਣ ਤੇ ਇਸ ਦਾ ਅਹਿਸਾਸ ਹੀ ਹੁੰਦਾ ਹੈ ਪਰ ਵਿਖਾਈ ਨਹੀਂ ਦਿੰਦਾ। ਗੁਪਤ-ਅੰਗ ਵਿਚ ਅਕੜਾਅ ਆਉਣਾ ਵੀ ਤੰਦਰੁਸਤੀ ਦੀ ਨਿਸ਼ਾਨੀ ਹੈ। ਇਹ ਜਿਆਦਾਤਰ ਜਵਾਨੀ ਵਿਚ ਸੈਕਸ ਸਬੰਧੀ (ਜਾਂ ਕਾਮ-ਉਤੇਜਕ) ਗੱਲਾਂ ਸੁਣ ਕੇ ਜਾਂ ਵਿਚਾਰ ਆਉਣ ਤੇ ਜਾਂ ਗੁਪਤ-ਅੰਗਾਂ ਨੂੰ ਛੋਹਣ ਤੇ ਆ ਜਾਂਦਾ ਹੈ, ਪਰ ਇਹ ਜਰੂਰੀ ਵੀ ਨਹੀਂ, ਕਈ ਵਾਰ ਬਿਨਾ ਕਿਸੇ ਕਾਰਨ ਵੀ ਇਸ ਤਰ੍ਹਾਂ ਹੋ ਸਕਦਾ ਹੈ। ਅਜਿਹੇ ਵੇਲੇ ਜੇਕਰ ਆਪਣੇ ਹਾਣੀਆਂ ਜਾਂ ਘਰ-ਪਰਿਵਾਰ ਵਾਲਿਆਂ ਦੀ ਮੌਜੂਦਗੀ ਵਿਚ ਇੰਝ ਹੋ ਜਾਵੇ ਤਾਂ ਬਹੁਤ ਸ਼ਰਮ ਮਹਿਸੂਸ ਹੁੰਦੀ ਹੈ। ਪਰ ਇਹ ਅਕਸਰ ਹੋ ਜਾਂਦਾ ਹੈ।
ਸ਼ਕਰਾਣੂਆਂ ਦਾ ਬਣਨਾ ਅਤੇ ਵੀਰਜ ਦਾ ਖ਼ਾਰਜ ਹੋਣਾ (ਲੜਕਿਆਂ ਵਿਚ) – ਸ਼ਕਰਾਣੂ ਬਹੁਤ ਹੀ ਛੋਟੇ ਸੈੱਲਾਂ (ਕੋਸ਼ਿਕਾਵਾਂ) ਨੂੰ ਕਹਿੰਦੇ ਹਨ। ਇਹਨਾਂ ਨਾਲ ਇਕ ਔਰਤ ਗਰਭਵਤੀ (ਮਾਂ ਬਨਣ ਦੀ ਪ੍ਰਕਿਰਿਆ) ਹੋ ਸਕਦੀ ਹੈ, ਜਦੋਂ ਸ਼ਕਰਾਣੂ ਔਰਤ ਦੇ ਅੰਡੇ ਨਾਲ ਮਿਲਦੇ ਹਨ। ਜਦੋਂ ਸ਼ਕਰਾਣੂ ਲਿੰਗ ਵਿੱਚੋਂ ਵੀਰਜ ਵਿਚ ਰਲ ਕੇ ਬਾਹਰ ਆਉਂਦੇ ਹਨ ਇਸ ਨੂੰ ਵੀਰਜ ਖ਼ਾਰਜ ਹੋਣਾ ਕਹਿੰਦੇ ਹਨ। ਇਕ ਮਰਦ ਵੀਰਜ ਦਾ ਖ਼ਾਰਜ ਆਪਣੀ ਮਰਜ਼ੀ ਨਾਲ ਹੱਥ ਰੱਸੀ ਜਾਂ ਸੰਭੋਗ ਰਾਹੀਂ ਕਰ ਸਕਦਾ ਹੈ, ਪਰ ਵੀਰਜ ਦਾ ਖ਼ਾਰਜ ਸੁੱਤੇ ਪਏ, ਜਾਂ ਸੰਵੇਦਨਾਸ਼ੀਲ ਛੋਹ ਨਾਲ ਜਾਗਦੇ ਸਮੇਂ ਵੀ ਹੋ ਸਕਦਾ ਹੈ। ਜਦੋਂ ਮਰਦ ਵੀਰਜ ਦਾ ਖ਼ਾਰਜ ਕਰਨ ਦੇ ਕਾਬਿਲ ਹੋ ਜਾਂਦਾ ਹੈ, ਉਸੇ ਸਮੇਂ ਤੋਂ ਹੀ ਉਹ ਔਰਤ ਦੇ ਗਰਭ ਧਾਰਨ ਕਰਨ (ਠਹਿਰਾਉਣ) ਵਿਚ ਸਹਾਇਤਾ ਕਰ ਸਕਦਾ ਹੈ। ਇਹ ਜਰੂਰੀ ਨਹੀਂ ਕਿ ਉਹ ਅੱਗੇ ਚਲ ਕੇ ਇਕ ਜਿੰਮੇਵਾਰ ਪਿਤਾ ਸਾਬਤ ਹੋ ਸਕਦਾ ਹੈ, ਪਰ ਉਹ ਬੱਚਾ ਜਣਨ ਦੇ ਕਾਬਲ ਜ਼ਰੂਰ ਹੋ ਜਾਂਦਾ ਹੈ।
ਸੁਪਨਦੋਸ਼ (ਲੜਕਿਆਂ ਵਿਚ) – ਕਈ ਵਾਰ ਸੁਪਨੇ ਵਿਚ ਵੀਰਜ ਖ਼ਾਰਜ ਹੋ ਜਾਂਦਾ ਹੈ, ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਘਟਨਾ ਲਈ ਇਹ ਜ਼ਰੂਰੀ ਨਹੀਂ ਕਿ ਉਹ ਕੋਈ ਕਾਮ-ਉਤੇਜਕ ਸੁਪਨਾ ਵੇਖ ਰਿਹਾ ਹੋਵੇ। ਇਸ ਤਰਾਂ ਦੇ ਹਾਲਾਤ ਚੜ੍ਹਦੀ ਜਵਾਨੀ ਵਿਚ ਖੂਨ ਵਿਚ ਮੋਜੂਦ ਹਾਰਮੋਨ ਦੇ ਅਚਾਨਕ ਵਾਧੇ ਕਾਰਨ ਹੋ ਜਾਂਦਾ ਹੈ। ਲੜਕਿਆਂ ਨੂੰ ਇਸ ਬਾਰੇ ਚੇਤੰਨ ਰਹਿਣਾ ਜ਼ਰੂਰੀ ਹੈ ਕਿ ਇਹ ਕੋਈ ਬੀਮਾਰੀ ਨਹੀਂ, ਇਹ ਸਭ ਨਾਲ ਹੋ ਜਾਂਦਾ ਹੈ ਅਤੇ ਕੁਦਰਤੀ ਹੀ ਹੁੰਦਾ ਹੈ।
ਅੰਡੇ ਦਾ ਵਿਕਾਸ ਅਤੇ ਮਾਹਵਾਰੀ ਹੋਣਾ (ਲੜਕੀਆਂ ਵਿਚ) – ਇਸ ਕਿਰਿਆ ਵਿਚ ਔਰਤ ਦੇ ਸਰੀਰ ਅੰਦਰ ਅੰਡੇ ਦਾ ਵਿਕਾਸ ਹੁੰਦਾ ਹੈ ਅਤੇ ਇਸ ਦੇ ਅੰਕੁਰਿਤ ਨਾ ਕੀਤੇ ਜਾ ਸਕਣ ਦੇ ਹਾਲਾਤ ਵਿਚ ਇਹ ਨਿਸ਼ਕ੍ਰਿਅ ਹੋ ਕੇ ਮਾਹਵਾਰੀ (ਹਰ ਮਹੀਨੇ) ਦੇ ਰੂਪ ਵਿਚ ਯੋਨੀ ਮਾਰਗ ਰਾਹੀਂ ਬਾਹਰ ਆ ਜਾਂਦਾ ਹੈ। ਇੱਕ ਤੰਦਰੁਸਤ ਔਰਤ ਦੇ ਅੰਡੇ ਦਾ ਵਿਕਾਸ ਮਾਹਵਾਰੀ ਦੇ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ ਦੋ-ਕੁ ਹਫ਼ਤਿਆਂ ਵਿਚ ਪੂਰਨ ਤੌਰ ਤੇ ਵਿਕਸਿਤ ਹੋ ਕੇ ਗਰਭ ਨਲੀਆਂ (ਫੈਲੋਪੀਅਨ ਟਯੂਬ) ਕੋਲ ਪਹੁੰਚ ਜਾਂਦਾ ਹੈ ਨਾਲ ਹੀ ਬੱਚੇਦਾਨੀ ਅੰਦਰ ਮੋਟੀ ਅਤੇ ਨਰਮ ਚਮੜੀ ਦੀ ਇਕ ਥੈਲੀ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਸਮੇਂ ਦੌਰਾਨ ਜੇਕਰ ਸ਼ਕਰਾਣੂ ਇਸ ਤੱਕ ਪਹੁੰਚ ਜਾਣ ਅਤੇ ਇਸ ਨਾਲ ਮੇਲ (ਅੰਕੁਰਿਤ ਹੋ ਜਾਣਾ) ਕਰ ਲੈਣ ਤਾਂ ਅੰਡਾ ਬੱਚੇਦਾਨੀ ਵੱਲ ਤੁਰ ਪੈਂਦਾ ਹੈ, ਜਿਥੇ ਅੰਡੇ ਦਾ 9 ਮਹੀਨੇ ਤੱਕ ਇਕ ਬੱਚੇ ਦੇ ਰੂਪ ਵਿਚ ਵਿਕਾਸ ਹੁੰਦਾ ਹੈ। ਇਸ ਜਗ੍ਹਾ 24 ਘੰਟੇ ਤੱਕ ਅੰਕੁਰਿਤ ਨਾਂ ਹੋਣ ਪਿੱਛੋਂ ਇਹ ਖੁਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਸਰੀਰ ਇਸ ਨੂੰ ਜਜ਼ਬ ਕਰ ਲੈਂਦਾ ਹੈ। ਬੱਚੇਦਾਨੀ (ਯੂਟਰਸ) ਦੋ-ਕੁ ਹਫ਼ਤੇ ਇਸ ਦਾ ਇੰਤਜ਼ਾਰ ਕਰਦਾ ਹੈ, ਜੇਕਰ ਅੰਡਾ ਅੰਕੁਰਿਤ ਹੋ ਕੇ ਇਸ ਕੋਲ ਨਾ ਪਹੁੰਚ ਸਕੇ ਤਾਂ ਇਥੇ ਹਾਰਮੋਨਾਂ ਦਾ ਪੱਧਰ ਘਟ ਜਾਂਦਾ ਹੈ ਅਤੇ ਬੱਚੇਦਾਨੀ ਇਸ ਮਹੀਨੇ ਗਰਭ ਧਾਰਨ ਕਰਨ ਦੀ ਆਸ ਛੱਡ ਦਿੰਦੀ ਹੈ ਅਤੇ ਮੋਟੀ ਅਤੇ ਨਰਮ ਚਮੜੀ ਦੀ ਪਰਤ ਮਾਸ ਅਤੇ ਖੂਨ ਦੇ ਛੋਟੇ-ਛੋਟੇ ਟੁਕੜਿਆਂ ਵਿਚ ਤਬਦੀਲ ਹੋ ਕੇ ਯੋਨੀ ਮਾਰਗ ਰਾਹੀਂ ਬਾਹਰ ਆਉਣ ਲੱਗ ਪੈਂਦੀ ਹੈ। ਇਹ ਇਸ ਲਈ ਹੁੰਦਾ ਹੈ ਤਾਂਕਿ ਸਰੀਰ ਵੱਲੋਂ ਅਗਲੇ ਮਹੀਨੇ ਨਵੇਂ ਅੰਡੇ ਦਾ ਵਿਕਾਸ ਕੀਤਾ ਜਾ ਸਕੇ ਜੇ ਔਰਤ ਅਗਲੀ ਵਾਰ ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹੋਵੇ। ਮਾਹਵਾਰੀ ਦਾ ਸਮਾਂ 2 ਦਿਨਾਂ ਤੋਂ ਲੈ ਕੇ 10 ਦਿਨ ਤੱਕ ਚਲ ਸਕਦਾ ਹੈ। ਇਕ ਔਰਤ ਦੀ ਬੱਚੇਦਾਨੀ ਤੋਂ ਬੱਚੇਦਾਨੀ ਦੇ ਮੂੰਹ ਤੱਕ ਅਜਿਹੀਆਂ ਮਾਸ ਪੇਸ਼ੀਆਂ ਨਹੀਂ ਹੁੰਦੀਆਂ ਜਿਹੜੀਆਂ ਮਾਹਵਾਰੀ ਦੇ ਸਮੇਂ ਆਉਣ ਵਾਲੇ ਤਰਲ ਪਦਾਰਥ ਨੂੰ ਰੋਕ ਸਕਣ (ਜਿਵੇਂ ਕਿ ਪਿਸ਼ਾਬ ਰੋਕਿਆ ਜਾਂਦਾ ਹੈ), ਇਸ ਲਈ ਔਰਤ ਨੂੰ ਯੋਨੀ ਦੁਆਰ ਅੱਗੇ ਕੱਪੜਾ (ਪੈਡ) ਰੱਖਣਾ ਪੈਂਦਾ ਹੈ।
ਦੂਸਰੇ ਲਿੰਗ ਪ੍ਰਤੀ ਆਕਰਸ਼ਣ (ਲੜਕੇ ਅਤੇ ਲੜਕੀਆਂ ਦੋਹਾਂ ਵਿਚ) – ਇਹ ਠੀਕ ਹੈ ਕਿ ਬਚਪਨ ਵਿਚ ਵੀ ਦੂਸਰੇ ਇਨਸਾਨ ਪ੍ਰਤੀ ਆਕਰਸ਼ਣ ਮਹਿਸੂਸ ਕੀਤਾ ਜਾਂਦਾ ਹੈ ਪਰ ਇਸ ਦਾ ਅਸਰ ਜਵਾਨੀ ਵਿਚ ਕੁਝ ਵੱਖਰਾ ਹੁੰਦਾ ਹੈ। ਇਸ ਉਮਰ ਵਿਚ ਦੂਸਰੇ ਲਿੰਗ ਪ੍ਰਤੀ ਆਕਰਸ਼ਣ ਵਧਣਾ ਸ਼ੁਰੂ ਹੋ ਜਾਂਦਾ ਹੈ।
ਆਪਣੇ ਪ੍ਰਤੀ ਕੇਂਦਰਿਤ ਹੋਣਾ (ਲੜਕੇ ਅਤੇ ਲੜਕੀਆਂ ਦੋਹਾਂ ਵਿਚ) – ਹਰ ਇਨਸਾਨ ਇਹ ਮਹਿਸੂਸ ਕਰਦਾ ਹੈ ਕਿ ਦੂਸਰੇ ਲੋਕ ਉਸ ਬਾਰੇ ਕੀ ਸੋਚਦੇ ਹਨ। ਅਜਿਹੀ ਸੋਚ ਤਨਾਅ ਪੈਦਾ ਕਰ ਸਕਦੀ ਹੈ। ਇਸ ਉਮਰ ਵਿਚ ਇਨਸਾਨ ਸ਼ੀਸ਼ੇ ਅੱਗੇ ਜਿਆਦਾ ਸਮਾਂ ਬਤੀਤ ਕਰਦਾ ਹੈ। ਆਪਣੇ ਕੱਪੜਿਆਂ, ਦਿੱਖ ਸੰਵਾਰਨ ਵਿਚ ਕਾਫੀ ਸਮਾਂ ਲੱਗਾਉਂਦਾ ਹੈ।
ਦੂਜਿਆਂ ਪ੍ਰਤੀ ਸੰਵੇਦਨਾਸ਼ੀਲ ਹੋਣਾ (ਲੜਕੇ ਅਤੇ ਲੜਕੀਆਂ ਦੋਹਾਂ ਵਿਚ) – ਤੁਸੀਂ ਹੋਰ ਲੋਕਾਂ ਦੀਆਂ ਭਾਵਨਾਵਾਂ ਅਤੇ ਜ਼ਰੂਰਤਾਂ ਬਾਰੇ ਸੰਵੇਦਨਾਸ਼ੀਲ ਹੋ ਜਾਂਦੇ ਹੋ ਅਤੇ ਅਜਿਹਾ ਹੀ ਆਪਣੇ ਬਾਰੇ ਵਿਚ ਵੀ ਸੋਚਦੇ ਹੋ।
ਅਚਾਨਕ ਸੁਭਾਅ ਵਿਚ ਤਬਦੀਲੀ ਆਉਣੀ (ਲੜਕੇ ਅਤੇ ਲੜਕੀਆਂ ਦੋਹਾਂ ਵਿਚ) – ਉਮਰ ਦੇ ਇਸ ਪੜਾਅ ਦੌਰਾਨ ਸੁਭਾਅ ਵਿਚ ਅਚਾਨਕ ਤਬਦੀਲੀਆਂ ਆਉਂਦੀਆਂ ਹਨ, ਜਿਵੇਂ ਕਿ ਇਕਦਮ ਖੁਸ਼ ਹੋ ਜਾਣਾ, ਜਾਂ ਉਦਾਸ ਹੋ ਜਾਣਾ। ਅਜਿਹੀਆਂ ਹਰਕਤਾਂ ਲਈ ਕੋਈ ਖਾਸ ਕਾਰਨ ਵੀ ਨਹੀਂ ਹੁੰਦਾ। ਅਸਲ ਵਿਚ ਇਸ ਸਭ ਲਈ ਖੂਨ ਵਿਚ ਮੌਜੂਦ ਹਾਰਮੋਨ ਹੀ ਜਿੰਮੇਵਾਰ ਹਨ।
ਮਾਤਾ-ਪਿਤਾ ਜਾਂ ਵੱਡਿਆਂ ਨਾਲ ਰੁੱਖਾ ਵਰਤਾਉ ਕਰਨਾ (ਲੜਕੇ ਅਤੇ ਲੜਕੀਆਂ ਦੋਹਾਂ ਵਿਚ) – ਇਸ ਸਮੇਂ ਦੌਰਾਨ ਸੁਭਾਅ ਗਰਮ ਵੀ ਹੋ ਜਾਂਦਾ ਹੈ। ਕਈ ਵਾਰ ਬੱਚਿਆਂ ਵਾਲੀ ਜਿਦ ਕਰਨਾ ਜਾਂ ਬੱਚਿਆਂ ਵਾਂਗ ਲਾਡ-ਪਿਆਰ ਦੀ ਇੱਛਾ ਹੁੰਦੀ ਹੈ ਅਤੇ ਕਦੇ ਆਪਣੇ ਆਪ ਨੂੰ ਆਜ਼ਾਦ ਇਨਸਾਨ ਦੀ ਤਰ੍ਹਾਂ ਮਹਿਸੂਸ ਹੁੰਦਾ ਹੈ ਜੋ ਆਪਣੇ ਫੈਸਲੇ ਆਪ ਲੈ ਸਕਦਾ ਹੋਵੇ।
ਆਪ-ਮੁਹਾਰੇ ਹੋਣ ਦੀ ਇੱਛਾ ਜਾਗ੍ਰਿਤ ਹੋਣਾ (ਲੜਕੇ ਅਤੇ ਲੜਕੀਆਂ ਦੋਹਾਂ ਵਿਚ) – ਮਾਤਾ ਪਿਤਾ ਇਸ ਸਮੇਂ ਦੌਰਾਨ ਆਪਣੇ ਬੱਚੇ ਨੂੰ ਇਸ ਕਾਬਲ ਨਹੀਂ ਸਮਝਦੇ ਪਰ ਬੱਚਾ ਖ਼ੁਦ ਆਪਣੇ ਬਾਰੇ ਵਿਚ ਫੈਸਲੇ ਲੈ ਸਕਣ ਦੇ ਸਮਰੱਥ ਹੁੰਦਾ ਹੈ ਅਤੇ ਆਪਣੇ ਆਪ ਨੂੰ ਇਕ ਜਿੰਮੇਵਾਰ ਇਨਸਾਨ ਸਮਝਣ ਲੱਗ ਪੈਂਦਾ ਹੈ।
ਖ਼ੁਦ ਨੂੰ ਪਹਿਚਾਨਣ ਦੀ ਸਮਰੱਥਾ (ਲੜਕੇ ਅਤੇ ਲੜਕੀਆਂ ਦੋਹਾਂ ਵਿਚ) – ਇਸ ਉਮਰ ਦੌਰਾਨ ਬੱਚੇ ਇੰਨੇ ਕੁ ਸਮਝਦਾਰ ਹੋ ਵੀ ਜਾਂਦੇ ਹਨ ਕਿ ਖ਼ੁਦ ਨੂੰ ਆਪਣੀਆਂ ਇੱਛਾਵਾਂ, ਚੰਗਾ-ਮਾੜਾ, ਭਾਵਨਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝ ਸਕਦੇ ਹਨ।