ਪ੍ਰਿੰਸੀਪਲ ਤੇਜਾ ਸਿੰਘ (1893-1956)
ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਪਿੰਡ ਅਡਿਆਲਾ, ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ ਵਿੱਚ) ਸ. ਬਲਕਾਰ ਸਿੰਘ ਦੇ ਘਰ ਹੋਇਆ। ਆਪ 1917 ਈਸਵੀ ਵਿੱਚ ਐਮ.ਏ. ਪਾਸ ਕਰਨ ਪਿੱਛੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਲੱਗ ਗਏ ਅਤੇ 1945 ਵਿੱਚ ਖ਼ਾਲਸਾ ਕਾਲਜ ਬੰਬਈ ਦੇ ਪ੍ਰਿੰਸੀਪਲ ਬਣ ਕੇ ਚਲੇ ਗਏ। 1949 ਵਿੱਚ ਆਪ ਨੂੰ ਮਹਿੰਦਰਾ ਕਾਲਜ ਪਟਿਆਲਾ ਦਾ ਪ੍ਰਿੰਸੀਪਲ ਬਣਾਇਆ ਗਿਆ।
ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬੀ ਵਿੱਚ ਬੜਾ ਕੁਝ ਲਿਖਿਆ ਹੈ, ਪਰ ਕਿਤਾਬੀ ਸ਼ਕਲ ਵਿੱਚ ਉਸ ਵਿਚੋਂ ਥੋੜ੍ਹੀਆਂ ਜਿਹੀਆਂ ਲਿਖਤਾਂ ਹੀ ਛਪੀਆਂ ਹਨ। ਆਪ ਨੇ ਸਾਹਿਤਕ ਨਿਬੰਧਾਂ ਤੋਂ ਇਲਾਵਾ ਪੰਜਾਬੀ ਵਿੱਚ ਵਿਗਿਆਨਿਕ ਆਲੋਚਨਾ ਦੀ ਨੀਂਹ ਰੱਖੀ। ਆਪ ਜੀ ਆਲੋਚਨਾ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਦੇ ਮੁੱਖ-ਬੰਦਾਂ ਦੇ ਰੂਪ ਵਿੱਚ ਹੀ ਹੈ। ਪ੍ਰਿੰਸੀਪਲ ਸਾਹਿਬ ਦੇ ਨਿਬੰਧ ਵਾਕਫ਼ੀਅਤ ਭਰਪੂਰ ਹੁੰਦੇ ਹਨ ਪਰ ਬੋਝਲ ਨਹੀਂ ਹੁੰਦੇ।