ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਬਾਬੂ ਫ਼ਿਰੋਜਦੀਨ ਸ਼ਾਹ (1898-1955)

ਬਾਬੂ ਫ਼ਿਰੋਜਦੀਨ ਸ਼ਾਹ ਸ਼ਰਫ ਦਾ ਜਨਮ ਪਿੰਡ ਤੋਲਾ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਚ ਮੀਆਂ ਵੀਰੂ ਖਾਂ ਦੇ ਘਰ 1898 ਈ. ਨੂੰ ਹੋਇਆ। ਇਨ੍ਹਾਂ ਨੇ ਮਾਮੂਲੀ ਸਿੱਖਿਆ ਪ੍ਰਾਪਤ ਕੀਤੀ ਪਰ 15 ਵਰ੍ਹੇ ਦੀ ਆਯੂ ਤੋਂ ਹੀ ਕਵਿਤਾ ਉਚਾਰਨ ਲੱਗ ਪਏ। ਆਪ ਉਸਤਾਦ ਹਮਦਮ ਦੇ ਸ਼ਾਗਿਰਦ ਬਣੇ ਤੇ ਆਪਣੀ ਪ੍ਰਤਿਭਾ ਕਾਰਨ ਛੇਤੀ ਹੀ ਪੰਜਾਬੀ ਦੇ ਚੋਣਵੇਂ ਕਵੀਆਂ ਵਿਚ ਗਿਣੇ ਜਾਣ ਲੱਗ ਪਏ। 1947 ਈ. ਵਿਚ ਦੇਸ਼ ਦੀ ਵੰਡ ਉਪਰੰਤ ਲਾਹੌਰ (ਪਾਕਿਸਤਾਨ) ਜਾ ਵਸੇ।


ਰਚਨਾਵਾਂ
  ਸੁਨਹਿਰੀ ਕਲੀਆਂ, ਨੂਰਾਨੀ ਕਿਰਨਾਂ, ਸਰਫ਼ ਨਿਸ਼ਾਨੀ, ਦੁੱਖਾਂ ਦੇ ਕੀਰਨੇ, ਲਾਲਾਂ ਦੀਆਂ ਲੜੀਆਂ, ਨੂਰੀ ਦਰਸ਼ਨ, ਸ਼ਰਧਾ ਦੇ ਫੁੱਲ, ਸ਼ਰਫ ਦੇ ਗੀਤ, ਪ੍ਰੇਮ ਹੁਲਾਰੇ, ਦਿਲ ਦੇ ਟੁਕੜੇ, ਜੋਗਨ।

ਇਨ੍ਹਾਂ ਵਿਚੋਂ ਵਧੇਰੇ ਪ੍ਰਸਿੱਧਤਾ “ਸੁਨਹਿਰੀ ਕਲੀਆਂ, ਨੂਰੀ ਦਰਸ਼ਨ ਅਤੇ ਜੋਗਨ” ਨੂੰ ਪ੍ਰਾਪਤ ਹੋਈ ਹੈ। ਕਵਿਤਾ ਅਤੇ ਗੀਤਾਂ ਦੇ ਖੇਤਰ ਵਿਚ ਸ਼ਰਫ ਨੂੰ ਬਹੁਤ ਮਾਨ ਮਿਲਿਆ ਹੈ। ਮਨਮੋਹਕ ਤੇ ਰਸੀਲੀ ਲੈ ਕਰਕੇ ਉਨ੍ਹਾਂ ਨੂੰ “ਪੰਜਾਬੀ ਬੁਲਬੁਲ” ਆਖਿਆ ਜਾਂਦਾ ਹੈ। ਭਾਵੇਂ ਉਨ੍ਹਾਂ ਨੇ ਆਪਣੀ ਕਵਿਤਾ ਤੇ ਗੀਤ ਬੈਂਤਾਂ, ਕਬਿੱਤਾਂ, ਦੋਹਿਰੇ, ਕੌਰੜੇ ਛੰਦ ਵਿਚ ਰਚੇ ਪਰ ਬੈਂਤ ਵਿਚ ਉਨ੍ਹਾਂ ਨੂੰ ਖਾਸ ਤੌਰ ਤੇ ਉਸਤਾਦ ਮੰਨਿਆ ਜਾਂਦਾ ਸੀ। ਕਵੀ ਦਰਬਾਰਾਂ ਵਿਚ ਸ਼ਰਫ ਅਤੇ ਪ੍ਰੋ. ਮੋਹਨ ਸਿੰਘ ਦਾ ਬੈਂਤ ਲਿਖਣ ਵਿਚ ਮੁਕਾਬਲਾ ਹੋਇਆ ਕਰਦਾ ਸੀ। ਉਨ੍ਹਾਂ ਨੇ ਇਕ ਸੱਚੇ ਪੰਜਾਬੀ ਵਾਂਗ ਹਰ ਰਾਜਸੀ ਲਹਿਰ ਵਿਚ ਆਪਣੀ ਸਾਹਿਤਕ ਸੇਵਾ ਰਾਹੀਂ ਹਿੱਸਾ ਪਾਇਆ।

ਅਕਾਲੀ ਲਹਿਰ, ਨਾ-ਮਿਲਵਰਤਨ ਲਹਿਰ ਅਤੇ ਖ਼ਿਲਾਵਤ ਲਹਿਰ ਦੇ ਸਬੰਧ ਵਿਚ ਕੀਤੇ ਜਾਂਦੇ ਕਵੀ ਦਰਬਾਰਾਂ ਵਿਚ ਉਹ ਵਧ ਚੜ੍ਹ ਕੇ ਭਾਗ ਲੈਂਦੇ ਸਨ। ਉਨ੍ਹਾਂ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ ਕਰਕੇ ਪੈਪਸੂ ਸਰਕਾਰ ਨੇ 1953 ਵਿਚ ਆਪ ਨੂੰ ਸਨਮਾਨਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇਨ੍ਹਾਂ ਦੀ ਪੁਸਤਕ “ਸੁਨਹਿਰੀ ਕਲੀਆਂ” ਤੇ ਇਨ੍ਹਾਂ ਨੂੰ 750 ਰੁ. ਦਾ ਇਨਾਮ ਦਿੱਤਾ।

ਇਨ੍ਹਾਂ ਦੀ ਕਵਿਤਾ ਵਿਚ ਖਿਆਲ ਦੀ ਉਡਾਰੀ, ਕਲਪਨਾ ਦਾ ਚਮਤਕਾਰ, ਅਲੰਕਾਰਾਂ ਦੀ ਸੁਚੱਜੀ ਜੜਤ ਦੇ ਨਾਲ ਨਾਲ ਕਲਾ ਦੀ ਪਕਿਆਈ ਵੀ ਵੇਖਣ ਵਿਚ ਆਉਂਦੀ ਹੈ। ਉਨ੍ਹਾਂ ਦੇ ਗੀਤਾਂ ਵਿਚ ਰਸ, ਲੋਚ ਤੇ ਨਜ਼ਾਕਤ ਹੁੰਦੀ ਹੈ। ਉਨ੍ਹਾਂ ਦੀ ਭਾਸ਼ਾ ਸਰਲ, ਮੁਹਾਵਰੇਦਾਰ ਤੇ ਠੇਠ ਹੁੰਦੀ ਹੈ ਜਿਸ ਵਿਚੋਂ ਪੰਜਾਬੀਪੁਣਾ ਡੁੱਲ੍ਹ ਡੁੱਲ੍ਹ ਪੈਂਦਾ ਹੈ। ਉਨ੍ਹਾਂ ਦੀ ਪੰਜਾਬੀ ਨੂੰ ਵਿਸ਼ੇਸ਼ ਦੇਣ ਕਾਵਿਤ ਨਜ਼ਾਕਤ ਤੇ ਲਚਕ ਹੈ।
ਆਪ ਦਾ ਦੇਹਾਂਤ 13 ਮਾਰਚ 1955 ਈ. ਨੂੰ ਲਾਹੌਰ ਵਿਚ ਹੋਇਆ।

Loading spinner