ਲਾਲ ਸਿੰਘ ਕਮਲਾ ਅਕਾਲੀ
ਲਾਲ ਸਿੰਘ ਕਮਲਾ ਅਕਾਲੀ ਜਾ ਜਨਮ 1889 ਈਸਵੀ ਵਿੱਚ ਪਿੰਡ ਭਨੋਹੜ ਜਿਲ੍ਹਾ ਲੁਧਿਆਣੇ ਵਿਖੇ ਸ. ਭਗਵਾਨ ਸਿੰਘ ਦੇ ਘਰ ਹੋਇਆ। 1916 ਈਸਵੀ ਵਿੱਚ ਐਲ.ਐਲ.ਬੀ. ਕਰ ਕੇ ਆਪ ਬਰਮਾ ਚਲੇ ਗਏ ਤੇ ਪਿੱਛੋਂ ਵਿਲਾਇਤ ਜਾ ਕੇ 1923 ਵਿੱਚ ਐਮ.ਐਸ.ਸੀ. ਪਾਸ ਕੀਤੀ। ਆਪ ਵਿਧਾਨ ਸਭਾ ਦੇ ਮੈਂਬਰ ਵੀ ਰਹੇ ਅਤੇ ਫੇਰ ਅਖ਼ਬਾਰ ਦੀ ਨੌਕਰੀ ਵੀ ਕੀਤੀ। ਲਗਭਗ 78 ਵਰ੍ਹਿਆਂ ਦੀ ਉਮਰ ਵਿੱਚ ਆਪ ਦਾ ਦੇਹਾਂਤ ਹੋ ਗਿਆ।
1920-21 ਵਿੱਚ ਅਕਾਲੀ ਲਹਿਰ ਲਈ ਆਪ ਨੇ ਇੱਕ ਪੈਂਫ਼ਲੇਟ ਲਿਖਿਆ ਸੀ ਜਿਸ ਦਾ ਨਾਂ “ਕਮਲਾ ਅਕਾਲੀ” ਸੀ। ਉਸ ਪੈਂਫ਼ਲੇਟ ਕਾਰਨ ਹੀ ਆਪ ਦੇ ਨਾਂ ਨਾਲ “ਕਮਲਾ ਅਕਾਲੀ” ਪ੍ਰਸਿੱਧ ਹੋ ਗਿਆ। ਇਹਨਾਂ ਦੀ ਯੂਰਪ ਯਾਤਰਾ ਦਾ ਬਿਰਤਾਂਤ “ਮੇਰਾ ਵਲਾਇਤੀ ਸਫ਼ਰਨਾਮਾ” ਬਹੁਤ ਸਲਾਹੀ ਗਈ ਅਤੇ ਆਪ ਪੰਜਾਬੀ ਦੇ ਵਾਰਤਕ ਖੇਤਰ ਵਿੱਚ ਪ੍ਰਸਿੱਧ ਹੋ ਗਏ। ਇਸ ਤੋਂ ਪਿੱਛੋਂ ਆਪ ਨੇ ਵਾਰਤਕ ਦੀਆਂ ਤਿੰਨ ਹੋਰ ਪੁਸਤਕਾਂ ਲਿਖੀਆਂ – “ਮੌਤ ਰਾਣੀ ਦਾ ਘੁੰਡ”, “ਜੀਵਨ ਨੀਤੀ” ਤੇ “ਸੈਲਾਨੀ ਦੇਸ਼-ਭਗਤ”। ਹਾਸਾ, ਫ਼ਲਸਫ਼ਾ ਅਤੇ ਕਲਪਣਾ-ਉਡਾਰੀ ਆਪ ਦੀ ਵਾਰਤਕ ਦੇ ਵਿਸ਼ੇਸ਼ ਗੁਣ ਹਨ। ਆਪ ਜੀ ਲਿਖਤ ਵਿੱਚ ਆਮ ਕਰਕੇ ਕੋਈ ਸਿਧਾਂਤ ਹੁੰਦਾ ਹੈ ਜਿਸ ਨੂੰ ਸਿੱਧ ਕਰਨ ਦਾ ਜਤਨ ਕੀਤਾ ਗਿਆ ਹੁੰਦਾ ਹੈ।