ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ (ਡਾ. ਮਨਜੀਤ ਸਿੰਘ ਬੱਲ)
ਸ਼ਿਵ ਕੁਮਾਰ ਦਾ ਜਨਮ 23 ਜੁਲਾਈ ਸੰਨ 1936 ਨੂੰ ਜੰਮੂ-ਕਸ਼ਮੀਰ ਦੀ ਹੱਦ ਨਾਲ ਲੱਗਦੇ ਸ਼ਕਰਗੜ੍ਹ ਤਹਿਸੀਲ ਦੇ ਬੜਾ ਪਿੰਡ ਲੋਹਤੀਆਂ ਵਿੱਚ ਹੋਇਆ ਸੀ। ਉਸਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿੱਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿੱਚ ਕਾਨੂੰਗੋ ਅਤੇ ਸੇਵਾ ਮੁਕਤੀ ਵੇਲੇ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਸਨ। ਉਸ ਦੀ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਦੀ ਆਵਾਜ ਬਹੁਤ ਸੁਰੀਲੀ ਸੀ, ਉਹੀ ਸੁਰੀਲਾਪਣ ਸ਼ਿਵ ਦੀ ਆਵਾਜ ਵਿੱਚ ਵੀ ਸੀ।
ਸ਼ਿਵ ਕੁਮਾਰ ਨੇ ਮੁੱਢਲੀ ਪੜ੍ਹਾਈ ਬੜਾ ਪਿੰਡ ਲੋਹਤੀਆਂ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ। ਅੱਜਕੱਲ ਇਹ ਪਿੰਡ ਪਾਕਿਸਤਾਨ ਦੇ ਨਾਰੋਵਾਲ ਜਿਲ੍ਹੇ ਵਿੱਚ, ਸਿਆਲਕੋਟ ਤੋਂ 30 ਕਿਲੋਮੀਟਰ ਪੂਰਬ ਵੱਲ ਹੈ। ਮੁਲਕ ਦੀ ਵੰਡ ਤੋਂ ਪਹਿਲਾਂ ਇਹ ਗੁਰਦਾਸਪੁਰ ਜਿਲ੍ਹੇ ਦਾ ਇੱਕ ਪਿੰਡ ਸੀ।
ਸੰਨ 1946 ਵਿੱਚ ਸ਼ਿਵ ਨੂੰ ਸਕੂਲੋਂ ਗਰਮੀਆਂ ਦੀਆਂ ਛੁੱਟੀਆਂ ਸਨ ਤੇ ਉਹ ਆਪਣੇ ਵੱਡੇ ਭਰਾ ਦਵਾਰਕੇ ਨਾਲ ਬੜਾ ਪਿੰਡ ਲੋਹਤੀਆਂ ਗਿਆ ਹੋਇਆ ਸੀ ਤਾਂ ਦੇਸ਼ ਦੀ ਵੰਡ ਦਾ ਐਲਾਨ ਹੋ ਗਿਆ ਤੇ ਪਟਵਾਰੀ ਕ੍ਰਿਸ਼ਨ ਗੋਪਾਲ ਮੁਹੱਲਾ ਦਾਰੁੱਸਲਾਮ (ਬਾਅਦ ਵਿੱਚ ਜਿਸਦਾ ਨਾਂਅ ਪ੍ਰੇਮ ਨਗਰ ਪੈ ਗਿਆ) ਵਿੱਚ ਵੱਸ ਗਿਆ। ਸੰਨ 1953 ਵਿੱਚ ਸ਼ਿਵ ਨੇ ਸਾਲਵੇਸ਼ਨ ਆਰਮੀ ਹਾਈ ਸਕੂਲ ਬਟਾਲਾ ਤੋਂ ਦਸਵੀਂ ਪਾਸ ਕੀਤੀ। ਜਿੱਥੋਂ ਤੱਕ ਪੜ੍ਹਾਈ ਦਾ ਸਬੰਧ ਹੈ, ਸ਼ਿਵ ਕੁਮਾਰ ਇਹੀ ਇੱਕ ਸਰਟੀਫ਼ੀਕੇਟ ਪ੍ਰਾਪਤ ਕਰ ਸਕਿਆ। ਉਸ ਦੇ ਪਿਤਾ ਜੋ ਉਸ ਨੂੰ ਚੰਗਾ ਪੜ੍ਹਾ-ਲਿਖਾ ਕੇ ਉਚ ਵਿੱਦਿਆ ਦਿਵਾ ਕੇ ਇੱਕ ਕਾਰੋਬਾਰੀ ਵਿਅਕਤੀ ਬਣਾਉਣਾ ਚਾਹੁੰਦੇ ਸਨ, ਨੂੰ ਨਿਰਾਸ਼ਾ ਹੀ ਮਿਲੀ ਕਿਉਂਕਿ ਦਸਵੀਂ ਤੋਂ ਬਾਅਦ ਅਗਲੇ ਦੋ ਸਾਲ ਬਿਨ੍ਹਾਂ ਕਿਸੇ ਡਿਗਰੀ ਪ੍ਰਾਪਤ ਕਰਨ ਦੇ ਉਸਨੇ ਤਿੰਨ ਕਾਲਜ ਬਦਲੇ। ਪਹਿਲਾਂ ਬੈਰਿੰਗ ਯੂਨੀਅਨ ਕ੍ਰਿਸ਼ਚਨ ਕਾਲਜ ਬਟਾਲਾ ਵਿੱਚ ਐਫ.ਐਸ.ਸੀ. ਵਿੱਚ ਦਾਖ਼ਲਾ ਲਿਆ ਅਤੇ ਬੋਰਡ ਦੇ ਇਮਤਿਹਾਨਾਂ ਤੋਂ ਪਹਿਲਾਂ ਹੀ ਛੱਡ ਦਿੱਤਾ। ਫੇਰ ਨਾਭੇ ਜਾ ਕੇ ਸਰਕਾਰੀ ਰਿਪੂਦਮਨ ਕਾਲਜ ਵਿੱਚ ਦਾਖਲ ਹੋਇਆ ਪਰ ਕੁਝ ਹੀ ਮਹੀਨਿਆਂ ਪਿੱਛੋਂ ਮੁੜ ਆਇਆ ਤੇ ਆਰਟਸ ਵਿਸ਼ਿਆਂ ਨਾਲ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਦਾਖ਼ਲਾ ਲੈ ਲਿਆ, ਉਥੇ ਵੀ ਇਮਤਿਹਾਨ ਨਾ ਦਿੱਤਾ ਤੇ ਸਾਲ ਬਾਅਦ ਇਹ ਕਾਲਜ ਛੱਡ ਕੇ ਬੈਜਨਾਥ ਜਿਲ੍ਹਾ ਕਾਂਗੜਾ ਦੇ ਇੱਕ ਸਕੂਲ ਵਿੱਚ ਓਵਰਸੀਅਰ ਦੇ ਕੋਰਸ ਵਿੱਚ ਦਾਖ਼ਲਾ ਲੈ ਲਿਆ।
ਬੈਜਨਾਥ ਵਿਖੇ ਉਸਨੂੰ ਮੈਨਾ ਨਾਂਅ ਦੀ ਇੱਕ ਕੁੜੀ ਮਿਲੀ ਜੋ ਉਸ ਨੂੰ ਚੰਗੀ ਲੱਗੀ ਪਰ ਕੁਝ ਦੇਰ ਬਾਅਦ ਹੀ ਪਤਾ ਲੱਗਾ ਕਿ ਮੈਨਾ ਦੀ ਟਾਈਫਾਈਡ ਨਾਲ ਮੌਤ ਹੋ ਗਈ ਹੈ। ਪ੍ਰੋ. ਮੋਹਨ ਸਿੰਘ ਵਾਂਗ ਸ਼ਿਵ ਵੀ ਆਪਣੇ ਪਿਆਰੇ ਦੀ ਮੌਤ ਦੇ ਸੋਗ ਅਤੇ ਹਿਜਰ ਦਾ ਸ਼ਿਕਾਰ ਹੋ ਗਿਆ। ਮੋਹਨ ਸਿੰਘ ਤਾਂ ਉਸ ਸੋਗ ‘ਤੇ ਕਾਬੂ ਪਾ ਸਕਿਆ ਸੀ ਪਰ ਸ਼ਿਵ ਦੇ ਦਿਲ ਅੰਦਰ ਇਸ ਮੌਤ ਦਾ ਗ਼ਮ, ਉਹਦੇ ਮਰਦੇ ਦਮ ਤੱਕ ਜਿੰਦਾ ਰਿਹਾ। ਉਹ ਸੋਗ ਅਤੇ ਵਿਛੋੜਾ ਉਸ ਦੇ ਕਈ ਗੀਤਾਂ ਵਿੱਚ ਝਲਕਦਾ ਹੈ।
ਸ਼ਿਵ ਜਦੋਂ ਕਾਦੀਆਂ ਵਿੱਚ ਸੀ, ਉਦੋਂ ਹੀ ਉਹ ਆਪਣੇ ਜਮਾਤੀਆਂ ਤੇ ਯਾਰਾਂ-ਦੋਸਤਾਂ ਨੂੰ ਗ਼ਜ਼ਲਾਂ ਤੇ ਗਾਣੇ ਸੁਣਾਉਣ ਲੱਗ ਪਿਆ। ਉਹਦੀ ਆਵਾਜ ਵੀ ਸੁਰੀਲੀ ਸੀ ਤੇ ਲਫ਼ਜ਼ ਵੀ, ਇਸੇ ਕਰਕੇ ਉਸਦੇ ਕਈ ਪ੍ਰਸ਼ੰਸਕ ਬਣ ਗਏ ਸਨ। ਹੁਣ ਉਸਨੇ ਫ਼ਿਲਮੀ ਅਤੇ ਲੋਕ ਗੀਤਾਂ ਦੀ ਬਜਾਏ ਆਪਣੇ ਹੀ ਗੀਤ ਜਾਂ ਕਵਿਤਾ ਬੋਲਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਛੇਤੀ ਹੀ ਬਟਾਲੇ ਦੇ ਸਾਹਿਤਕ ਖੇਤਰ ਵਿੱਚ ਛਾ ਗਿਆ। ਬਟਾਲੇ ਦੇ ਕੁਝ ਸੀਨੀਅਰ ਲੇਖਕਾਂ ਜਸਵੰਤ ਸਿੰਘ ਰਾਹੀ, ਕਰਤਾਰ ਸਿੰਘ ਬਲੱਗਣ ਅਤੇ ਬਰਕਤ ਰਾਮ ਯਮਨ ਨੇ ਸ਼ਿਵ ਬਟਾਲਵੀ ਨੂੰ ਬਟਾਲੇ ਅਤੇ ਬਟਾਲੇ ਤੋਂ ਬਾਹਰ ਕਈ ਕਵੀ ਦਰਬਾਰਾਂ ਅਤੇ ਮੁਸ਼ਾਇਰਿਆਂ ਵਿੱਚ ਪੇਸ਼ ਕੀਤਾ।
ਮੈਨਾ ਦੀ ਮੌਤ ਤੋਂ ਬਾਅਦ ਸ਼ਿਵ ਦੇ ਦਿਲ ਨੂੰ ਇੱਕ ਹੋਰ ਸੱਟ ਵੱਜੀ। ਉਹ, ਗੁਰਬਖਸ਼ ਪ੍ਰੀਤਲੜੀ ਦੀ ਕੁੜੀ ਵੱਲ ਆਕਰਸ਼ਿਤ ਹੋਇਆ ਤਾਂ ਉਹ ਮੁਲਕ ਛੱਡ ਕੇ ਅਮਰੀਕਾ ਚਲੀ ਗਈ ਤੇ ਉਥੇ ਜਾ ਕੇ ਵਿਆਹ ਕਰਵਾ ਲਿਆ। ਸ਼ਿਵ ਨੇ ‘ਸ਼ਿਕਰਾ’ ਕਵਿਤਾ ਲਿਖੀ ਜੋ ਬਹੁਤ ਹੀ ਪ੍ਰਸਿੱਧ ਹੈ
“ਮਾਏ ਨੀ ….. ਮਾਏ ਨੀ ….
ਮੈਂ ਇੱਕ ਸ਼ਿਕਰਾ ਯਾਰ ਬਣਾਇਆ
ਇੱਕ ਉਡਾਰੀ ਉਸ ਐਸੀ ਮਾਰੀ ਉਹ ਫਿਰ ਵਤਨੀਂ ਨਾ ਆਇਆ …।”
ਪੜ੍ਹਾਈ ਕਰਵਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਵਿੱਚ ਨਾਕਾਮ ਰਹਿਣ ਤੋਂ ਬਾਅਦ ਪਿਤਾ ਕ੍ਰਿਸ਼ਨ ਗੋਪਾਲ ਨੇ ਪੁੱਤਰ ਸ਼ਿਵ ਕੁਮਾਰ ਨੂੰ ਬਦੋ-ਬਦੀ ਪਟਵਾਰੀ ਲਵਾ ਦਿੱਤਾ ਪਰ ਇਸ ਕੰਮ ਵਿੱਚ ਉਸਨੇ ਭੋਰਾ ਵੀ ਰੁਚੀ ਨਾ ਦਿਖਾਈ। 1961 ਵਿੱਚ ਉਸਨੇ ਇਸ ਨੌਕਰੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਅਤੇ 1966 ਤੱਕ ਬੇਰੁਜ਼ਗਾਰ ਹੀ ਰਿਹਾ। ਪਿਤਾ ਕੋਲੋਂ ਕੋਈ ਖਰਚਾ ਨਹੀਂ ਸੀ ਲੈਂਦਾ। ਇਸ ਲਈ ਇਸ ਸਮੇਂ ਦੌਰਾਨ ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ ‘ਤੇ ਹੀ ਗੁਜ਼ਾਰਾ ਕਰਦਾ ਸੀ। ਸ਼ਿਵ ਦੇ ਆਜਾਦ ਜਿਹੇ ਸੁਭਾਅ ਕਾਰਨ, ਪਿਓ-ਪੁੱਤ ਦੀ ਘੱਟ ਹੀ ਬਣਦੀ ਸੀ। ਕਈ-ਕਈ ਦਿਨ ਉਹ ਘਰੋਂ ਚਲੇ ਜਾਂਦਾ ਤੇ ਦਿਨ ਰਾਤ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖਰ 1966 ਵਿੱਚ ਰੋਜ਼ੀ-ਰੋਟੀ ਦੇ ਉਪਰਾਲੇ ਵਜੋਂ ਉਸਨੇ ਸਟੇਟ ਬੈਂਕ ਆਫ ਇੰਡੀਆ ਦੀ ਬਟਾਲਾ ਸ਼ਾਖਾ ਵਿੱਚ ਕਲਰਕ ਦੀ ਨੌਕਰੀ ਲੈ ਲਈ।
5 ਫਰਵਰੀ ਸੰਨ 1967 ਨੂੰ ਸ਼ਿਵ ਦਾ ਵਿਆਹ, ਗੁਰਦਾਸਪੁਰ ਜਿਲ੍ਹੇ ਦੇ ਹੀ ਇੱਕ ਪਿੰਡ ਕੀੜੀ ਮੰਗਿਆਲ ਦੀ ਅਰੂਣਾ ਨਾਲ ਹੋ ਗਿਆ। ਉਸਦਾ ਵਿਆਹੁਤਾ ਜੀਵਨ ਖੁਸ਼ ਅਤੇ ਹਰ ਪੱਖੋਂ ਠੀਕ ਠਾਕ ਸੀ। ਉਨ੍ਹਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਅਤੇ ਧੀ ਪੂਜਾ ਨੇ ਜਨਮ ਲਿਆ। ਸ਼ਿਵ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਸੀ। ਸੰਨ 1968 ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਵਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ।
ਚੰਡੀਗੜ੍ਹ ਆ ਕੇ ਵੀ ਸ਼ਿਵ ਨੇ ਬੈਂਕ ਦੀ ਨੌਕਰੀ ਵਿੱਚ ਕੋਈ ਦਿਲਚਸਪੀ ਨਾ ਵਿਖਾਈ। ਉਹ 21 ਸੈਕਟਰ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਤੇ ਹਫ਼ਤੇ ਵਿੱਚ ਇੱਕ ਜਾਂ ਦੋ ਦਿਨ ਹੀ ਕੰਮ ‘ਤੇ ਜਾਂਦਾ ਸੀ।
ਹੁਣ ਤੱਕ ਕਵਿਤਾਵਾਂ ਵਿਚਲੀ ਪੀੜਾ ਤੇ ਦੁੱਖ ਕਦੀ ਉਸਦੇ ਚਿਹਰੇ ‘ਤੇ ਨਹੀਂ ਸੀ ਝਲਕਿਆ। ਆਪਣੇ ਪ੍ਰਸ਼ੰਸਕਾਂ ਤੇ ਦੋਸਤਾਂ ਨਾਲ ਬੈਠਕਾਂ ਦੌਰਾਨ ਉਹ ਇੱਕ ਖੁਸ਼-ਦਿਲ, ਹਾਸੇ-ਠੱਠੇ ਪਰ ਤੇਜ ਦਿਮਾਗ ਵਾਲਾ ਅਤੇ ਬਹੁਤ ਹੀ ਜ਼ਹੀਨ ਵਿਅਕਤੀ ਸੀ। ਆਪਣੇ ਉਦਾਸੀ ਭਰੇ, ਬਿਰਹਾ ਤੇ ਵਿਛੋੜੇ ਦੇ ਗੀਤ ਅਤੇ ਕਵਿਤਾਵਾਂ ਬੋਲਦਿਆਂ ਉਹ ਇੱਕ-ਦਮ ਚੁਟਕਲੇ ਸੁਣਾਉਣ ਲੱਗ ਪੈਂਦਾ ਜਾਂ ਹਲਕੇ-ਫੁਲਕੇ ਵਿਸ਼ੇ ‘ਤੇ ਬੋਲਣ ਲੱਗਦਾ।
1972 ਵਿੱਚ ਸ਼ਿਵ ਬਟਾਲਵੀ ਨੇ ਇੰਗਲੈਂਡ ਦਾ ਦੌਰਾ ਕੀਤਾ। ਪੰਜਾਬੀ ਬਰਾਦਰੀ ਵਿੱਚ ਉਸਦੀ ਸ਼ਾਇਰੀ ਦੀ ਮਸ਼ਹੂਰੀ ਅਤੇ ਸ਼ੋਹਰਤ ਉਸਦੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਪੁੱਜ ਚੁੱਕੀ ਸੀ। ਉਥੋਂ ਦੇ ਸਥਾਨਕ ਭਾਰਤੀ ਅਖ਼ਬਾਰਾਂ ਵਿੱਚ ਸੁਰਖੀਆਂ ਅਤੇ ਫੋਟੋਆਂ ਸਹਿਤ ਸ਼ਿਵ ਦੇ ਆਗਮਨ ਦਾ ਐਲਾਨ ਕੀਤਾ ਗਿਆ।
ਸ਼ਿਵ ਦੇ ਸਨਮਾਨ ਵਿੱਚ ਹੀ ਇੱਕ ਹੋਰ ਵੱਡੀ ਇਕੱਤਰਤਾ ਰੋਚਸਟਰ (ਕੇਂਟ) ਵਿਖੇ ਕੀਤੀ ਗਈ। ਉਥੇ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਵੀ ਹਾਜ਼ਰ ਸਨ, ਜੋ ਕਾਫੀ ਦੂਰੋਂ ਆਪਣੇ ਖਰਚੇ ‘ਤੇ ਚੱਲ ਕੇ ਸ਼ਿਵ ਨੂੰ ਮਿਲਣ ਆਏ ਸਨ। ਬਟਾਲਵੀ ਦੇ ਰੁਝੇਂਵੇਂ ਅਤੇ ਪ੍ਰੋਗਰਾਮ, ਸਥਾਨਕ ਮੀਡੀਆ ਦੁਆਰਾ ਰਿਪੋਰਟ ਕੀਤੇ ਜਾਂਦੇ ਸਨ। ਇੰਗਲੈਂਡ ਵਿੱਚ ਬੀ.ਬੀ.ਸੀ. ਟੈਲੀਵੀਯਨ ਨੇ ਸ਼ਿਵ ਦੀ ਇੰਟਰਵਿਊ ਵੀ ਰਿਕਾਰਡ ਕੀਤੀ। ਸਮਾਗਮਾਂ ਵਿੱਚ ਜਾਂ ਕਿਸੇ ਦੇ ਘਰੇ, ਮਿਲਣ ਆਉਣ ਵਾਲਿਆਂ ਨਾਲ ਵਿਚਾਰ-ਵਟਾਂਦਰੇ ਜਾਂ ਸ਼ੇਅਰੋ-ਸ਼ਾਇਰੀ ਦੌਰਾਨ, ਦੇਰ ਰਾਤ ਜਾਂ ਸਵੇਰੇ ਦੋ-ਢਾਈ ਵਜੇ ਤੱਕ ਸ਼ਿਵ ਜਾਗਦਾ ਰਹਿੰਦਾ ਤੇ ਸ਼ਰਾਬ ਜਿਆਦਾ ਪੀਣ ਲੱਗ ਪਿਆ ਸੀ।
ਸੰਨ 1960 ਤੋਂ 1965 ਦੇ ਦਰਮਿਆਨ ਸ਼ਿਵ ਦੇ ਪੰਜ ਕਾਵਿ ਸੰਗ੍ਰਹਿ ਛਪੇ। ਸ਼ਿਵ ਦੀ ਸ਼ਾਇਰੀ ਵਿੱਚ ਬੜਾ ਪਿੰਡ ਲੋਹਤੀਆਂ, ਜਿਥੇ ਉਸਦਾ ਬਚਪਨ ਗੁਜ਼ਰਿਆ, ਵਿੱਚ ਬਿਤਾਏ ਹੋਏ ਦਿਨਾਂ ਦੀਆਂ ਯਾਦਾਂ, ਮਨ ਮੋਹ ਲੈਣ ਵਾਲੇ ਕੁਦਰਤੀ ਦ੍ਰਿਸ਼ਾਂ ਵਾਲੀ ਸੁੰਦਰਤਾ, ਦੇਸ਼ ਦੀ ਵੰਡ ਵੇਲੇ ਉਸ ਜਗ੍ਹਾ ਦਾ ਵਿਛੋੜਾ ਅਤੇ ਠੇਠ ਪੰਜਾਬੀ ਪੇਂਡੂ ਜੀਵਨ, ਬਿੰਬ ਵਿਧਾਨ ਹਨ। ਸ਼ਿਵ ਦੀ ਸ਼ਾਇਰੀ ਦੇ ਮੁੱਲ ਦਾ ਇਥੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਬਹੁਤ ਸਾਰੇ ਨਾਮਵਰ ਭਾਰਤੀ ਅਤੇ ਪਾਕਿਸਤਾਨੀ ਗਾਇਕਾਂ ਨੇ ਉਸਨੂੰ ਗਾਇਆ ਹੈ। ਬਟਾਲਵੀ ਸਭ ਤੋਂ ਘੱਟ ਉਮਰ ਵਿੱਚ ਸਾਹਿਤ ਅਕੈਡਮੀ ਐਵਾਰਡ ਹਾਸਲ ਕਰਨ ਵਾਲਾ ਆਧੁਨਿਕ ਪੰਜਾਬੀ ਕਵੀ ਹੈ। ਸੰਨ 1965 ਵਿੱਚ ਛਪੇ ਉਸਦੇ ਕਾਵਿ-ਨਾਟਕ ਲੂਣਾ ਲਈ ਉਸਨੂੰ 1967 ਵਿੱਚ ਇਹ ਐਵਾਰਡ ਮਿਲਿਆ। ਥੋੜ੍ਹੀ ਉਮਰ ਵਿੱਚ ਹੀ ਕਵਿਤਾ ਦਾ ਲੰਮਾ ਪੈਂਡਾ ਤਹਿ ਕਰਨ ਵਾਲੇ ਇਸ ਕਵੀ ਦੀਆਂ ਲਿਖਤਾਂ ਵਿੱਚ ਬਿਰਹਾ ਅਤੇ ਅੰਤਰ-ਪੀੜਾ ਪ੍ਰਧਾਨ ਹੈ। ਸ਼ਿਵ ਬਟਾਲਵੀ ਨੇ 1957 ਤੋਂ 60 ਤੱਕ ਲਿਖੀਆਂ ਕਵਿਤਾਵਾਂ ਦਾ ਪਹਿਲਾ ਕਾਵਿ ਸੰਗ੍ਰਹਿ ‘ਪੀੜਾਂ ਦਾ ਪਰਾਗਾ’ (1960) ਤੋਂ ਲੈ ਕੇ ਤੇ “ਮੈਂ ਤੇ ਮੈਂ’ (1970) ਤੱਕ ਦਾ ਲੰਮਾ ਸਫਰ ਤਹਿ ਕੀਤਾ।
ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾ, ਮੈਂ ਅਤੇ ਮੈਂ, ਆਰਤੀ, ਅਲਵਿਦਾ, ਬਿਰਹਾ ਤੂੰ ਸੁਲਤਾਨ ਆਦਿ ਕਾਵਿ ਸੰਗ੍ਰਹਿ ਛਪੇ ਜੋ ਸ਼ਿਵ ਦੀ ਸ਼ਾਇਰੀ ਨੂੰ ਅਮਰ ਬਣਾਉਂਦੇ ਹਨ। “ਆਟੇ ਦੀਆਂ ਚਿੜੀਆਂ” ਕਾਵਿ ਸੰਗ੍ਰਹਿ ਲਈ ਸ਼ਿਵ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲਾ ਇਨਾਮ ਦਿੱਤਾ ਗਿਆ। ‘ਅਲਵਿਦਾ’ ਤੇ ‘ਬਿਰਹਾ ਤੂੰ ਸੁਲਤਾਨ’ ਕਾਵਿ ਸੰਗ੍ਰਹਿ ਸ਼ਿਵ ਦੀ ਮੌਤ ਤੋਂ ਬਾਅਦ ਛਾਪੇ ਗਏ। ਸ਼ਿਵ ਦੀ ਸ਼ਾਇਰੀ ਅਤੇ ਕਵਿਤਾਵਾਂ ਇੰਨੀਆਂ ਸੁਰੀਲੀਆਂ ਸਨ ਕਿ ਆਮ ਲੋਕਾਂ ਦੀ ਜੁਬਾਨ ‘ਤੇ ਚੜ੍ਹ ਗਈਆਂ। ਉਨ੍ਹਾਂ ਵਿੱਚ ਸਦੀਵੀ ਰਸ ਸੀ। ਸ਼ਿਵ ਕੁਮਾਰ ਦੀਆਂ ਚਰਚਿਤ ਹੋਈਆਂ ਕਵਿਤਾਵਾਂ ਵਿੱਚ ਪੀੜਾਂ ਦਾ ਪਰਾਗਾ, ਕੰਡਿਆਲੀ ਥੋਹਰ, ਤਿਤਲੀਆਂ, ਲਾਜਵੰਤੀ, ਨੂਰਾ ਆਦਿ ਹਨ। ਖੱਬੇ-ਪੱਖੀ ਅਤੇ ‘ਸੁਧਾਰ ਪੱਖੀ’ ਲੇਖਕਾਂ ਦੁਆਰਾ ਕੀਤੀ ਜਾ ਰਹੀ ਬੇਲੋੜੀ ਨੁਕਤਾਚੀਨੀ ਤੋਂ ਸ਼ਿਵ ਬਹੁਤ ਨਿਰਾਸ਼ ਸੀ। ਆਪਣੀ ਸ਼ਾਇਰੀ ਦੀ ਇਸ ਤਰ੍ਹਾਂ ਦੀ ਬੇ-ਇਨਸਾਫੀ ਵਾਲੀ ਨਿੰਦਾ ਤੋਂ ਖਫਾ ਹੋ ਕੇ ਹੁਣ ਉਸ ਨੇ ਖੁੱਲ੍ਹੇ ਆਮ ਬੋਲਣਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਲੋਕਾਂ ਵੱਲੋਂ ਉਹਦੀਆਂ ਕਵਿਤਾਵਾਂ ਅਤੇ ਆਸ਼ਾਰਾਂ ਦੀ ਨੁਕਤਾਚੀਨੀ ਨੇ ਉਹਦੇ ਦਿਲੋ-ਦਿਮਾਗ ‘ਤੇ ਬੜਾ ਅਸਰ ਕੀਤਾ।
ਹੁਣ ਸ਼ਿਵ ਦੇ ਵਿਹਾਰ ਅਤੇ ਸੁਭਾਅ ਵਿੱਚ ਕੁੜੱਤਣ ਝਲਕਣ ਲੱਗ ਪਈ ਸੀ। ਉਹਦੀ ਸਿਹਤ ਕੁਝ ਖ਼ਰਾਬ ਰਹਿਣ ਲੱਗ ਪਈ। ਸੈਕਟਰ 22 ਦੇ ਇੱਕ ਸਟੋਰ ਵਿੱਚ ਉਸਨੂੰ ਇੱਕ ਦੌਰਾ ਵੀ ਪਿਆ। ਉਹ ਬੜੀਆਂ ਆਸਾਂ ਨਾਲ ਚੰਡੀਗੜ੍ਹ ਆਇਆ ਸੀ ਪਰ ਚਾਰ ਸਾਲ ਇਥੇ ਰਹਿਣ ਤੋਂ ਬਾਅਦ ਜਦ ਉਹ ਵਾਪਸ ਗਿਆ ਤਾਂ ਉਹਦੇ ਅੰਦਰ ਬੜੀ ਕੜਵਾਹਟ ਅਤੇ ਨਿਰਾਸ਼ਾ ਸੀ। ਹੁਣ ਤਾਂ ਉਹ ਆਉਣ ਵਾਲੀ ਆਪਣੀ ਮੌਤ ਦੀ ਗੱਲ ਆਮ ਹੀ ਕਰਨ ਲੱਗ ਪਿਆ ਸੀ ਅਤੇ ਬਿਨ੍ਹਾਂ ਨਾਗਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। ਇੰਗਲੈਂਡ ਤੋਂ ਵਾਪਸ ਆ ਕੇ ਕੁਝ ਮਹੀਨਿਆਂ ਵਿੱਚ ਹੀ ਉਸਦੀ ਸਿਹਤ ਦਿਨੋ-ਦਿਨ ਵਿਗੜਨ ਲੱਗੀ। ਇੰਝ ਲੱਗਦਾ ਸੀ ਕਿ ਹੁਣ ਉਹ ਤੰਦਰੁਸਤ ਨਹੀਂ ਹੋ ਸਕੇਗਾ। ਉਤੋਂ ਉਹਦੀ ਆਰਥਿਕ ਹਾਲਤ ਵੀ ਬਹੁਤ ਪਤਲੀ ਹੋ ਚੁੱਕੀ ਸੀ। ਇਸ ਮਾੜੀ ਹਾਲਤ ਵਿੱਚ ਦੋਸਤ ਮਿੱਤਰ ਵੀ ਸਾਥ ਛੱਡ ਰਹੇ ਸਨ। ਪਰ ਕਿਸੇ ਤਰ੍ਹਾਂ ਕਰਕੇ ਪਤਨੀ ਅਰੂਣਾ ਨੇ ਸ਼ਿਵ ਨੂੰ ਚੰਡੀਗੜ੍ਹ ਦੇ 16 ਸੈਕਟਰ ਵਿਚਲੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਿਥੇ ਕੁਝ ਦਿਨ ਉਹਦਾ ਇਲਾਜ ਚੱਲਿਆ। ਦੋ ਕੁ ਮਹੀਨੇ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਵੀ. ਜੇ. (ਗੁਰੂ ਤੇਗ ਬਹਾਦਰ) ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਉਹ ਹਸਪਤਾਲ ਵਿੱਚ ਨਹੀਂ ਸੀ ਮਰਨਾ ਚਾਹੁੰਦਾ। ਇਸੇ ਕਰਕੇ ਉਹ ਡਾਕਟਰਾਂ ਦੀ ਮਰਜ਼ੀ ਦੇ ਖਿਲਾਫ਼ ਆਪਣੇ ਪਰਿਵਾਰਕ ਘਰ ਬਟਾਲੇ ਚਲਾ ਗਿਆ। ਉਸ ਤੋਂ ਪਿੱਛੋਂ ਉਸਨੂੰ ਉਹਦੇ ਸਹੁਰੇ ਪਿੰਡ ਕੀੜੀ ਮੰਗਿਆਲ ਲਿਜਾਇਆ ਗਿਆ। ਛੇ ਅਤੇ ਸੱਤ ਮਈ ਦੀ ਵਿਚਕਾਰਲੀ ਇਹ ਰਾਤ ਸ਼ਾਇਦ ਪੰਜਾਬੀ ਕਵਿਤਾ ਦੀ ਸਭ ਤੋਂ ਹਨ੍ਹੇਰੀ ਰਾਤ ਸੀ ਜਦ 7 ਮਈ 1973 ਦੀ ਕੁੱਕੜ ਬਾਂਗ ਤੋਂ ਪਹਿਲਾਂ ਹੀ ਹਿਜਰ ਦੀ ਪਰਿਕਰਮਾ ਕਰਦਾ ਹੋਇਆ, ਭਰਿਆ-ਭਰਾਇਆ, ਸ਼ਿਵ ਕੁਮਾਰ ਬਟਾਲਵੀ ਜੋਬਨ ਰੁੱਤੇ ਹੀ ਫੁੱਲ ਜਾਂ ਤਾਰਾ ਜਾ ਬਣਿਆ।