ਅਕਾਲ ਅਤੇ ਅਕਾਲ ਪੁਰਖ (ਸ਼ਬਦ ਕੋਸ਼ ਮੁਤਾਬਕ ਅਰਥ)
ਅਕਾਲ
ਸ਼ਬਦ ਜਿਸਦਾ ਅੱਖਰੀ ਅਰਥ ਸਦੀਵੀ, ਅਮਰ, ਅਲੌਕਿਕ ਹੈ, ਸਿੱਖ ਪਰੰਪਰਾ ਅਤੇ ਦਰਸ਼ਨ ਦਾ ਅਨਿੱਖੜਵਾਂ ਅੰਗ ਹੈ। ਦਸਮ ਗ੍ਰੰਥ ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਵਿਚ ਇਸ ਦੀ ਵਿਆਪਕ ਵਰਤੋਂ ਹੋਈ ਹੈ ਅਤੇ ਗੁਰੂ ਜੀ ਨੇ ਤਾਂ ਆਪਣੀ ਇਕ ਰਚਨਾ ਦਾ ਸਿਰਲੇਖ ਹੀ ਅਕਾਲ ਉਸਤਤ ਰਖਿਆ ਹੈ। ਫਿਰ ਵੀ ਅਕਾਲ ਦਾ ਸੰਕਲਪ ਵਿਲੱਖਣ ਰੂਪ ਵਿਚ ਕੇਵਲ ਦਸਮ ਗ੍ਰੰਥ ਵਿਚ ਹੀ ਨਹੀਂ ਹੋਇਆ ਹੈ। “ਅਕਾਲ” ਸ਼ਬਦ ਦੀ ਵਰਤੋਂ ਦਾ ਸਿਲਸਿਲਾ ਸਿੱਖ ਧਰਮ ਦੇ ਅਰੰਭ ਨਾਲ ਹੀ ਜੁੜਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਰਚਨਾ ਜਪੁ ਤੋਂ ਪਹਿਲਾਂ ਮੂਲ ਮੰਤਰ ਅਥਵਾ ਮੂਲ ਸਿਧਾਂਤਕ ਕਥਨ ਵਿਚ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਹੈ। ਇਸ ਸ਼ਬਦ ਦੀ ਵਰਤੋਂ ਚੌਥੇ ਗੁਰੂ, ਗੁਰੂ ਰਾਮ ਦਾਸ ਜੀ ਦੀ ਰਚਿਤ ਬਾਣੀ ਵਿਚ ਵੀ ਮਿਲਦੀ ਹੈ। ਉਹ ਇਸ ਦੀ ਵਰਤੋਂ “ਸਿਰੀ ਰਾਗ” ਦੇ ਛੰਤਾਂ ਵਿਚ (ਗੁ.ਗ੍ਰੰ.78) “ਮੂਰਤਿ” ਨਾਲ ਸੰਯੋਜਕ ਦੇ ਰੂਪ ਵਿਚ ਕਰਦੇ ਹਨ ਅਤੇ ਗਉੜੀ ਪੂਰਬੀ ਕਰਹਲੇ (ਗੁ.ਗ੍ਰੰ.99,609, 916, 1079, 1082) ਬਹੁਤ ਵਾਰੀ ਆਉਂਦਾ ਹੈ। ਕਬੀਰ ਜੀ ਦੀ ਬਾਣੀ ਵਿਚ ਵੀ ਅਕਾਲ ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਅਕਾਲ ਸ਼ਬਦ ਦੀ ਵਰਤੋਂ ਗੁਰਬਾਣੀ ਵਿਚ ਦੋ ਰੂਪਾਂ ਵਿਚ ਕੀਤੀ ਗਈ (ੳ) ਵਿਸ਼ੇਸ਼ਕ ਜਾਂ ਵਿਸ਼ੇਸ਼ਣ ਦੇ ਤੌਰ ਤੇ (ਅ) ਸੁਤੰਤਰ ਮੌਲਿਕ ਰੂਪ ਵਿਚ। ਅਕਾਲ ਮੂਰਤਿ ਵਿਚ ਪਹਿਲਾ ਭਾਗ ਵਿਸ਼ੇਸ਼ਕ ਦੇ ਤੌਰ ਤੇ ਮੰਨਿਆ ਜਾਂਦਾ ਹੈ ਭਾਵੇਂ ਕਿ ਕਈ ਵਿਆਖਿਆ ਕਾਰ ਦੋਵਾਂ ਸ਼ਬਦਾਂ “ਅਕਾਲ” ਅਤੇ “ਮੂਰਤਿ” ਨੂੰ ਸੁਤੰਤਰ ਮੰਨਦੇ ਹਨ। ਗੁਰੂ ਅਰਜਨ ਦੇਵ ਜੀ ਅਤੇ ਕਬੀਰ ਜੀ ਨੇ ਮਾਰੂ ਰਾਗ ਵਿਚ ਕਾਲ ਅਤੇ ਅਕਾਲ ਨੂੰ ਸੁਤੰਤਰ ਰੂਪ ਵਿਚ ਹੀ ਵਰਤਿਆ ਹੈ। ਗੁਰੂ ਗੋਬਿੰਦ ਸਿੰਘ ਜੀ ਬਹੁਤਾ ਕਰਕੇ ਇਸ ਨੂੰ ਨਾਂਵ ਦੇ ਤੌਰ ਤੇ ਵਰਤਦੇ ਹਨ। ਅਕਾਲ ਉਸਤਤ ਅਕਾਲ ਦੀ ਮਹਿਮਾ ਹੈ ਅਤੇ ਜਾਪ ਦਾ “ਨਮਸਤੰ ਅਕਾਲੇ ਨਮਸਤੰ ਕ੍ਰਿਪਾਲੇ” ਵੀ ਸਬੰਧਿਤ ਕਥਨਾਂ ਨੂੰ ਸੁਤੰਤਰ ਪ੍ਰਗਟਾਉ ਵਜੋਂ ਦਰਸਾਉਂਦੇ ਹਨ। ਇਸ ਸਬੰਧ ਵਿਚ ਅਕਾਲ ਦਾ ਅਰਥ ਸਮੇਂ ਤੋਂ ਪਰ੍ਹਾਂ (ਸਦੀਵੀ) ਅਲੌਕਿਕ, ਅਮਰ, ਅਲੌਕਿਕਤਾ ਰਾਹੀਂ ਚਲੰਤ ਨਾ ਹੋਣ ਵਾਲਾ ਜਾਂ ਜਨਮ, ਵਿਗਾੜ ਅਤੇ ਮੌਤ ਦੇ ਪ੍ਰਭਾਵਾਂ ਤੋਂ ਪਰੇ ਰਹਿਣ ਵਾਲਾ ਹੈ। ਇਸ ਹਰੇਕ ਭਾਗ ਦੀ ਸ਼ਬਦ ਬਣਤਰ ਤੋਂ ਨਕਾਰਾਤਮਿਕਤਾ ਦੀ ਝਲਕ ਮਿਲਦੀ ਹੈ ਪਰੰਤੂ ਭਾਵਾਰਥੀ ਦ੍ਰਿਸ਼ਟੀ ਤੋਂ ਨਿਰਸੰਦੇਹ ਇਹ ਸਕਾਰਾਤਮਕ ਹੈ। ਅਕਾਲ ਦਾ ਮੌਤ ਵਿਹੀਨ ਤੇ ਅਲੌਕਿਕਤਾ ਵਿਹੀਨ ਹੋਣਾ ਵਾਸਤਵ ਵਿਚ ਉਸਨੂੰ ਸਦੀਵੀ ਤੱਤ, ਸਦੀਵੀ ਹੋਂਦ ਪਾਰਗਾਮੀ ਚੇਤਨਾ ਦੱਸਦੇ ਹਨ, ਇਸ ਦਾ ਹੋਰ ਅੱਗੇ ਅਰਥ ਅਨੰਤਤਾ, ਹੋਂਦ ਅਥਵਾ ਤੱਤ ਸਾਰ ਜਾ ਨਿਕਲਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਦੀ ਆਪਣੀ ਰਚਨਾ ਜਾਪ ਵਿਚ ਸਰਬ ਉੱਚ ਯਥਾਰਥ ਨੂੰ ਅਕਾਲ ਕਹਿੰਦੇ ਹਨ। ਇਹ ਉਹੋ ਹਸਤੀ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸਤਿ ਕਿਹਾ ਗਿਆ ਹੈ। “ਸਤਿ” ਇਸ ਸਦੀਵੀ ਹਸਤੀ ਦਾ ਮੁੱਢਲਾ ਨਾਂ ਹੈ (ਗੁ.ਗ੍ਰੰ.1083)। ਅਸੀਂ ਸਾਰੇ ਨਾਮ ਜੋ ਪਰਮਾਤਮਾ ਦੇ ਸਬੰਧ ਵਿਚ ਉਚਾਰਦੇ ਹਾਂ ਕਾਰਜਾਤਮਕ ਜਾਂ ਵਿਸ਼ੇਸ਼ਣਾਤਮਕ ਨਾਮ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦਾਵਲੀ ਵਿਚ ਮੁਖ ਹਸਤੀ “ਅਨਾਮੇ” ਦਾ ਭਾਵ ਹੈ ਜਿਸ ਦਾ ਕੋਈ ਨਾਮ ਨਹੀਂ ਹੈ। ਪਰੰਤੂ ਅਨਾਮ (ਨਾਮਾਤੀਤ) ਵੀ ਨਾਮ ਦੇ ਤੌਰ ਤੇ ਕੰਮ ਕਰ ਸਕਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਬ੍ਰਹਮ ਦਾ ਕੋਈ ਚਿੰਨ੍ਹ ਚੱਕਰ ਨਹੀਂ ਹੈ ਤਾਂ ਰੂਪਾਕਾਰ ਰਹਿਤ ਹੋਣਾ ਵੀ ਇਸ ਦਾ ਇਕ ਮੁਹਾਂਦਰਾ ਬਣ ਜਾਂਦਾ ਹੈ। ਨਿਰੰਕਾਰ (ਆਕਾਰ ਰਹਿਤ) ਇਕ ਨਾਮ ਹੈ ਅਤੇ ਇਸੇ ਤਰ੍ਹਾਂ ਘੜੇ ਹੋਏ ਹੋਰ ਵੀ ਵਿਸ਼ੇਸ਼ ਨਾਮ ਹਨ। ਇਹ ਦੱਸਣ ਵਾਸਤੇ ਕਿ ਸਦੀਵੀ ਸੱਚ ਸਮੇਂ ਦੀ ਪਕੜ ਤੋਂ ਪਰ੍ਹੇ, ਅਸਥਿਰਤਾ ਜਾਂ ਬ੍ਰਹਿਮੰਡੀ ਪ੍ਰਕ੍ਰਿਆਵਾਂ ਤੋਂ ਪਰ੍ਹੇ ਹੈ, ਗੁਰੂ ਸਾਹਿਬਾਨ ਨੇ ਸਤਿ ਅਤੇ ਅਕਾਲ ਸ਼ਬਦਾਂ ਦੀ ਚੋਣ ਕੀਤੀ ਹੈ। ਵਾਹਿਗੁਰੂ ਇਕ ਸਕਾਰਾਤਮਕ ਸਰਗੁਣ ਵਜੋਂ ਨਕਾਰਾਤਮਕ ਲਗਣ ਵਾਲੇ ਅਕਾਲ ਦਾ ਬਦਲ ਹੈ।
ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਬਾਣੀ ਅਤੇ ਵਿਸ਼ੇਸ਼ ਤੌਰ ਤੇ ਕਾਲ ਨਾਲ ਸਬੰਧਿਤ ਸੰਕਲਪਾਂ ਜਾਂ ਉਪਾਧੀਆਂ ਵਾਲੇ ਸ਼ਬਦਾਂ ਦਾ ਭੰਡਾਰ ਹੈ। ਕਾਲ ਅਤੇ ਅਕਾਲ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਮਹਾਂ ਕਾਲ (ਲੰਮਾ ਅਤੇ ਵਿਸ਼ਾਲ ਸਮਾਂ) ਅਤੇ ਸਰਬ-ਕਾਲ (ਸਦੀਵੀ ਸਮਾਂ) ਸ਼ਬਦਾਂ ਦੀ ਵਰਤੋਂ ਕਰਦੇ ਹਨ ਜੋ ਸ੍ਰਿਸ਼ਟੀ ਦੇ ਘਟਨਾ ਕ੍ਰਮ ਦੇ ਕਾਲ ਤੋਂ ਪਰ੍ਹੇ ਹੈ। ਗੁਰੂ ਜੀ ਲਈ ਕਾਲ ਆਪਣੇ ਆਪ ਵਿਚ ਅਕਾਲ ਦਾ ਹੀ ਇਕ ਰੂਪ ਹੈ। ਅੰਤਰ ਕੇਵਲ ਲੌਕਿਕ ਘਟਨਾਵਾਂ ਦੇ ਕਾਲ-ਕ੍ਰਮ ਅਤੇ ਅਕਾਲ ਦੀ ਸਦੀਵਤਾ ਦਾ ਹੀ ਹੈ। ਹਰ ਵਾਪਰਨ ਵਾਲੀ ਘਟਨਾ ਦਾ ਕੋਈ ਨਾ ਕੋਈ ਅਰੰਭ ਅਤੇ ਅੰਤ ਹੁੰਦਾ ਹੈ, ਹਰ ਘਟਨਾ ਸਮੇਂ ਦੇ ਨਾਲ ਚਲ ਰਹੀ ਪ੍ਰਕ੍ਰਿਆ ਦੀ ਹੀ ਇਕ ਕੜੀ ਹੁੰਦੀ ਹੈ। ਦੁਨੀਆਂ ਦੀ ਅਦਭੁਤ ਕ੍ਰਿਆ ਅਥਵਾ ਬ੍ਰਹਿਮੰਡੀ ਨਾਟਕੀਅਤਾ ਸਮੇਂ ਦੀ ਰਚਨਾ ਹੈ। ਸਮੇਂ ਦੀ ਸ਼ਕਤੀ ਸੰਸਾਰੀ ਘਟਨਾਵਾਂ ਨੂੰ ਬੰਧੇਜ ਵਿਚ ਰੱਖਦੀ ਹੈ, ਕੇਵਲ ਕਾਲ ਹੀ ਕਾਲ ਤੋਂ ਮੁਕਤ ਹੈ ਅਤੇ ਉਹੀ ਅਕਾਲ ਹੈ। ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਪਰਮਾਤਮਾ ਕਾਲ ਅਤੇ ਕਾਲਾਤੀਤ ਹੈ। ਕਾਲ ਦਾ ਲੌਕਿਕ ਪੱਖ ਅੰਤਰੰਗ ਰੂਪ ਵਿਚ ਸਰਬ ਵਿਆਪੀ ਹੈ ਅਰਥਾਤ ਇਹ ਅਧਿਆਤਮਿਕ ਰੂਪ ਵਿਚ ਸਾਰੀਆਂ ਲੌਕਿਕ ਘਟਨਾਵਾਂ ਵਿਚ ਵਿਦਮਾਨ ਹੈ। ਇਹੀ ਸਰਬ ਉੱਚ ਸੱਤਾ ਦਾ ਨਿਜਪਣ ਹੈ ਭਾਵ ਸਤਿ ਚਿਤ ਅਨੰਦ ਦਾ ਚਿਤ ਜਾਂ ਚੇਤਨਾ ਪੱਖ ਹੈ। ਦੂਜਾ ਪਰਾਭੌਤਿਕ ਪੱਖ ਸਦੀਵੀ, ਪਾਰਗਾਮੀ, ਅਕਿਹ, ਅਪਹੁੰਚ, ਨਿਰਗੁਣ ਬ੍ਰਹਮ ਹੈ ਜਿਸਨੂੰ ਅਕਾਲ ਜਾਂ ਸਮੇਂ ਦੀ ਪਹੁੰਚ ਤੋਂ ਪਰ੍ਹੇ ਦਾ ਨਾਮ ਦਿੱਤਾ ਗਿਆ ਹੈ।
ਅਕਾਲ ਕੋਈ ਸਥਿਰ, ਗਤੀਹੀਨ ਪਦਾਰਥ ਨਹੀਂ ਹੈ ਸਗੋਂ ਇਹ ਸਾਰੀ ਬ੍ਰਹਿਮੰਡੀ ਹੋਂਦ ਲਈ ਇਕ ਗਤੀਸ਼ੀਲ ਅਧਿਆਤਮਿਕ ਨਿਯਮ ਹੈ। ਦ੍ਰਿਸ਼ਟੀਮਾਨ ਸੰਸਾਰ ਆਤਮਾ ਦੀ ਉਪਜ ਹੈ ਅਤੇ ਆਤਮਾ ਹੀ ਸੰਸਾਰ ਵਿਚ ਵਿਆਪਤ ਹੈ। ਅਕਾਲ, ਸਿੱਖ ਜੀਵਨ ਦਰਸ਼ਨ ਅਨੁਸਾਰ ਕੇਵਲ ਚੇਤੰਨਤਾ ਦੀ ਸੁੰਨ ਅਵਸਥਾ ਨਹੀਂ ਸਗੋਂ ਸਿਰਜਣਾਤਮਕ ਚੇਤਨਾ ਹੈ ਜਿਵੇਂ ਕਿ “ਕਰਤਾ ਪੁਰਖ” ਤੋਂ ਸੰਕੇਤ ਮਿਲਦਾ ਹੈ। ਦੂਜੇ ਸ਼ਬਦਾਂ ਵਿਚ ਸਿਰਜਣਾਤਮਕ ਹੀ ਅਕਾਲ ਦਾ ਮੂਲ ਤੱਤ ਹੈ ਅਤੇ ਇਹ ਰਚਨਾਤਮਿਕਤਾ ਹੀ ਹੈ ਜਿਹੜੀ ਕਾਲ ਦੇ ਵਿਸਤਾਰ ਰੂਪ ਰਾਹੀਂ ਪ੍ਰਗਟ ਹੁੰਦੀ ਹੈ ਅਤੇ ਸਮੇਂ ਰਾਹੀਂ ਕਾਰਜਸ਼ੀਲ ਹੋ ਕੇ ਅਕਾਲ, ਸ੍ਰਿਸ਼ਟੀ ਅਤੇ ਇਸ ਦੇ ਜੀਵਾਂ ਦੀ ਰਚਨਾ ਕਰਦਾ ਹੈ। ਸਿਰਜਣਾਤਮਕ ਰਾਹੀਂ ਅਕਾਲ ਆਪਣੇ ਨਿਰਗੁਣ ਤੋਂ ਸਰਗੁਣ ਅਤੇ ਅਫੁਰ ਅਵਸਥਾ ਤੋਂ ਸਫਰ ਅਵਸਥਾ ਵਿਚ ਅਤੇ ਰਚਨਾ-ਪੂਰਬਲੀ ਗੁਪਤ ਸੁੰਨ ਤੋਂ ਬ੍ਰਹਿਮੰਡੀ ਹੋਂਦ ਵਿਚ ਤਬਦੀਲ ਕਰ ਲੈਂਦਾ ਹੈ।
ਅਕਾਲ ਦੀ ਸਿਰਜਣਾਤਮਿਕਤਾ ਸਮੇਂ ਦੇ ਸੰਕਲਪ ਜਾਂ ਲੌਕਿਕ ਪੱਖਾਂ ਤਕ ਹੀ ਸੀਮਤ ਨਹੀਂ ਹੈ। ਨਿਰਗੁਣ ਆਪਣੇ ਸਰਗੁਣ ਰੂਪ ਰਾਹੀਂ ਦਿੱਬ ਦਿਆਲੂ ਪਰਮਾਤਮਾ ਅਥਵਾ ਸ਼ਰਧਾਲੂਆਂ ਲਈ ਪਿਆਰ ਕਰਨ ਵਾਲੇ ਇਸ਼ਟ ਦਾ ਰੂਪ ਧਾਰਨ ਕਰਦਾ ਹੈ। ਹੁਣ ਇਹ ਅੰਤਮ ਸੱਚ “ਉਹ” ਬਣ ਜਾਂਦਾ ਹੈ ਜਿਸ ਨਾਲ ਸੰਪਰਕ ਅਤੇ ਮੇਲ ਦੀ ਇੱਛਾ ਉਤਪੰਨ ਹੁੰਦੀ ਹੈ। ਫੇਰ “ਅਕਾਲ” ਤੋਂ ਉਹ “ਸ੍ਰੀ ਅਕਾਲ” ਬਣ ਜਾਂਦਾ ਹੈ। ਸਿੱਖਾਂ ਦਾ ਜੈਕਾਰਾ ਅਤੇ ਆਮ ਤੌਰ ਤੇ ਵਰਤਿਆ ਜਾਣ ਵਾਲਾ ਸੰਬੋਧਨ “ਸਤਿ ਸ੍ਰੀ ਅਕਾਲ” ਕਾਲ-ਰਹਿਤ ਸਤਿ ਦੇ ਇਸ ਸਿਧਾਂਤ ਨੂੰ ਸੰਖੇਪ ਰੂਪ ਦਰਸਾਉਂਦਾ ਹੈ ਕਿ ਇਹ ਅਕਾਲ ਹੀ ਅਦੁੱਤੀ ਅਤੇ ਸਦੀਵੀ ਸੱਚਾਈ ਹੈ। “ਸਤਿ ਸ੍ਰੀ ਅਕਾਲ” ਦੇ ਸੰਬੋਧਨ ਵਿਚ ਅਕਾਲ ਅਤੇ ਸਤਿ ਦੋਹਾਂ ਸੰਕਲਪਾਂ ਦਾ ਸੁਮੇਲ ਇਹ ਦੱਸਦਾ ਹੈ ਕਿ “ਸਦੀਵੀ ਸੱਤਾ” ਅਤੇ ਅਕਾਲ ਇੱਕ ਹੀ ਹਨ। ਇਸ ਪ੍ਰਕਾਰ ਦੇ ਕਿਰਿਆਸ਼ੀਲ ਪੱਖ ਵਿਚ, ਬ੍ਰਹਿਮੰਡੀ ਪ੍ਰਕ੍ਰਿਆ ਨੂੰ ਚੇਤਨ ਸ਼ਕਤੀ ਵਿਚ, ਸੰਸਾਰ ਦੇ ਸੂਰਬੀਰ ਅਥਵਾ ਅਨੰਦ ਮਾਣਨ ਵਾਲੇ ਮਾਲਿਕ ਰੂਪ ਵਿੱਚ ਤਬਦੀਲ ਕਰ ਦਿੰਦਾ ਹੈ। ਦਿਆਲੂ ਰੂਪ ਵਿੱਚ ਅਕਾਲ (ਪਰਮਾਤਮਾ) ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਕੋਲੋਂ ਕੁਝ ਕੁ ਸਿਰਜਣਾਤਮਿਕਤਾ ਪ੍ਰਦਾਨ ਕਰਦਾ ਹੈ। ਇਸ ਪ੍ਰਕਾਰ ਮਨੁੱਖਤਾ ਸਿਰਜਣਾਤਮਿਕਤਾ, ਰੱਬੀ ਸਿਰਜਣਾਤਮਿਕਤਾ ਦੇ ਵਿਸ਼ਾਲ ਭੰਡਾਰ ਵਿਚੋਂ ਪ੍ਰਾਪਤ ਕਰਦੀ ਹੈ।
ਸੂਰਬੀਰਤਾ ਅਤੇ ਬਹਾਦਰੀ ਸਿੱਖ ਪਰੰਪਰਾ ਦੇ ਮੰਨੇ ਪ੍ਰਮੰਨੇ ਗੁਣ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਅਕਾਲ, ਸਰਬ ਲੋਹ ਹੈ ਜੋ ਪ੍ਰਤੀਕ ਤਮਕ ਤੌਰ ਤੇ ਪ੍ਰਸੰਸਾ ਯੋਗ ਸੂਰਬੀਰਤਾ ਹੈ। ਸੂਰਬੀਰ ਵਾਸਤੇ ਜਪੁ ਦੀ 27ਵੀਂ ਪਉੜੀ (ਗੁ.ਗ੍ਰੰ.6) ਵਿਚ ਗੁਰੂ ਨਾਨਕ ਦੇਵ ਜੀ ਨੇ ਜੋਧ-ਮਹਾਂਬਲੀ-ਸੂਰਮਾ ਵਰਤੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਸਰਬ ਕਾਲ (ਜਾਪੁ 19,20) ਸਰਬ-ਦਯਾਲ (ਜਾਪੁ 19,23,28) ਸਰਬ ਕਾਲ (ਜਾਪੁ 28,45) ਵਰਗੇ ਵਿਸ਼ੇਸ਼ਣਾਂ ਨਾਲ ਅਕਾਲ ਪੁਰਖ ਦੀ ਸਿਰਜਣਾਤਮਿਕਤਾ ਨੂੰ ਪ੍ਰਗਟਾਇਆ ਹੈ। ਇਸੇ ਹੀ ਸੰਦਰਭ ਵਿਚ ਉਸ ਨੂੰ ਪ੍ਰਤਾਪੀ, ਮਹਾਨ, ਸਰਵ ਸ੍ਰੇਸ਼ਟ, ਜੋਗੀਆਂ ਦਾ ਜੋਗੀ, ਚੰਦਾ ਦਾ ਚੰਦ, ਨਾਦਾਂ ਦਾ ਨਾਦ, ਨਿਰਤ ਦੀ ਲੈਅ, ਪਾਣੀਆਂ ਦੀ ਤਰਲਤਾ, ਪੌਣਾਂ ਦੀ ਰੁਮਕਤਾ ਕਹਿੰਦੇ ਹਨ। ਇਹੀ ਅਕਾਲ, ਕ੍ਰਿਪਾਲ, ਦਿਆਲ ਪਰਮਾਤਮਾ ਹੈ। ਦਰਅਸਲ ਜਾਪੁ ਦੀ ਸਾਰੀ ਰਚਨਾ ਵਿਚ ਗੁਰੂ ਜੀ ਨੇ ਅਕਾਲ ਲਈ ਵਰਤੇ ਗੁਣ ਵਾਚਕ ਨਾਵਾਂ ਦੁਆਰਾ ਅਕਾਲ ਕ੍ਰਿਪਾਲ ਦੀ ਏਕਤਾ ਉਤੇ ਧਿਆਨ ਕੇਂਦਰਿਤ ਕੀਤਾ ਹੈ। ਨਿਰੰਕਾਰ ਅਕਾਲ ਮਨੁੱਖਾਂ ਰਾਹੀਂ ਹੀ ਵਿਅਕਤ ਹੁੰਦਾ ਹੈ। ਉਸ ਦੇ ਸਾਰ ਤੱਤ ਤੋਂ ਉਤਪੰਨ ਸਾਰੇ ਜੀਵਾਂ ਅਤੇ ਪਦਾਰਥਾਂ ਨੂੰ ਅਕਾਲ ਆਪਣੇ ਘੇਰੇ ਵਿਚ ਬਣਾਈ ਰੱਖਦਾ ਹੈ। ਮਨੁੱਖੀ ਸੰਸਾਰ ਤੋਂ ਇਹ ਪਰ੍ਹਾਂ ਤਕ ਵੀ ਹੁੰਦਾ ਹੈ ਫਿਰ ਵੀ ਉਹ ਸਾਰਿਆਂ ਲਈ ਬਹੁਤ ਦਿਆਲੂ ਹੈ। ਅਕਾਲ ਦਾ ਕਾਲਾਤੀਤ ਸਾਰ ਸਾਰੀ ਲੌਕਿਕ ਹੋਂਦ ਵਿਚ ਮੌਜੂਦ ਬਣਿਆ ਰਹਿੰਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਜਾਪੁ (ਸਾਹਿਬ) ਵਿਚ ਕੇਂਦਰੀ ਸਿਧਾਂਤ ਅਕਾਲ ਦਾ ਸੰਕਲਪ ਸਿੱਖ ਜੀਵਨ ਦੇ ਸਮਾਜਿਕ, ਰਾਜਨੀਤਿਕ ਅਤੇ ਸਭਿਆਚਾਰਿਕ ਪਹਿਲੂਆਂ ਵਿਚ ਰਚਿਆ-ਮਿਚਿਆ ਹੋਇਆ ਹੈ। ਜਾਪੁ ਦੇ ਵਿਸ਼ਾ-ਵਸਤੂ ਤੋਂ ਪ੍ਰੇਰਿਤ ਹੋ ਕੇ ਹੀ ਸਿੱਖ ਗੁਰੂ ਜੀ ਦੀ ਬਾਣੀ ਨੂੰ ਅਕਾਲੀ-ਬਾਣੀ ਕਹਿੰਦੇ ਹਨ। ਸਿੱਖ ਭਾਈਚਾਰੇ ਦਾ ਰਾਜਨੀਤਿਕ ਅੰਗ “ਅਕਾਲੀ ਦਲ” ਕਰਕੇ ਜਾਣਿਆ ਜਾਂਦਾ ਹੈ। ਸਤਿ ਸ਼੍ਰੀ “ਅਕਾਲ” ਦਾ ਬੋਲਾ (ਜੈਕਾਰਾ) ਹੁਣ ਆਮ ਕਰਕੇ ਪੰਜਾਬੀਆਂ ਵਿਚ ਅਭਿਨੰਦਨ ਦਾ ਲਖਾਇਕ ਹੋ ਗਿਆ ਹੈ। ਇਹ ਕਿਰਿਆ ਗੁਰੂ ਗੋਬਿੰਦ ਸਿੰਘ ਜੀ ਤੋਂ ਲਗ ਪਗ ਅੱਧੀ ਸਦੀ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਿੰਘ ਜੀ ਨੇ ਅੰਮ੍ਰਿਤਸਰ ਵਿਖੇ ਸਿੱਖ ਪੰਥ ਦੀ ਮੀਰੀ ਪੀਰੀ ਦੇ ਮੇਲ ਦੀ ਲਖਾਇਕ ਗੱਦੀ ਦਾ ਨਾਂ “ਅਕਾਲ ਤਖ਼ਤ” ਰੱਖਿਆ ਸੀ।
ਅਕਾਲ ਪੁਰਖ
ਸਿੱਖ ਧਾਰਮਿਕ ਸਾਹਿਤ ਵਿਚ ਦੈਵੀ ਹਸਤੀ ਅਰਥਾਤ ਪਰਮਾਤਮਾ ਲਈ ਵਰਤਿਆ ਜਾਂਦਾ ਹੈ। ਅਕਾਲ ਮੂਰਤਿ ਦੀ ਤਰ੍ਹਾਂ ਇਹ ਦੋ ਇਕਾਈਆਂ ਦਾ ਸਮਾਂ ਹੈ ਜਿਵੇਂ ਅਕਾਲ (ਅਲੌਕਿਕ) ਅਤੇ ਪੁਰਖ (ਪੁਰਸ਼)। ਅਖੀਰਲਾ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਜਪੁ ਦੇ ਸ਼ੁਰੂ ਵਿਚ ਆਏ ਮੂਲ ਮੰਤਰ ਵਿਚ ਕਰਤਾ (ਕਰਤਾਰ) ਨਾਲ ਯੋਜਕ ਰੂਪ ਵਿਚ ਆਉਂਦਾ ਹੈ, ਜਿਸ ਦਾ ਸਮੁੱਚਾ ਭਾਵ ਹੈ ਦੈਵੀ ਕਰਤਾ ਪੁਰਖ। ਸਿੱਖ ਪਰੰਪਰਾ ਵਿਚ ਵਰਤੇ ਜਾਂਦੇ ਸਮਾਨਾਰਥੀ ਸ਼ਬਦ ਵਾਹਿਗੁਰੂ ਅਤੇ ਸਤਿਨਾਮ ਦੀ ਤਰਾਂ ਅਕਾਲ ਪੁਰਖ ਸ਼ਬਦ ਵੀ ਆਮ ਪ੍ਰਚਲਿਤ ਹੋ ਗਿਆ ਹੈ।
ਭਾਸ਼ਾ ਵਿਗਿਆਨਕ ਚਿੰਨ੍ਹ ਦੇ ਤੌਰ ਤੇ “ਪੁਰਖ” ਸੰਸਕ੍ਰਿਤ “ਪੁਰਸ਼” (ਨਰ-ਮਨੁੱਖ) ਤੋਂ ਲਿਆ ਗਿਆ ਹੈ ਜੋ ਨਿਸ਼ਚਿਤ ਤੌਰ ਤੇ ਪੁਲਿੰਗ ਰੂਪ ਵਿਚ ਵਰਤਿਆ ਜਾਂਦਾ ਹੈ। ਵੈਦਿਕ ਸਾਹਿਤ ਵਿੱਚ ਇਹ ਸ਼ਬਦ ਸੰਸਾਰ ਲਈ ਵਰਤਿਆ ਜਾਂਦਾ ਹੈ ਜਿਸ ਦਾ ਅਰਥ ਹੈ ਬ੍ਰਹਿਮੰਡੀ ਹੋਂਦ ਦੀ ਸਮੁੱਚਤਾ। ਭਾਰਤੀ ਦਰਸ਼ਨ ਦੀਆਂ ਸਾਖ ਅਤੇ ਯੋਗ ਪ੍ਰਣਾਲੀਆਂ ਦੇ ਦੋ ਤੱਤਮੀਮਾਂਸਿਕ ਸਿਧਾਂਤਾਂ ਵਿਚੋਂ ਪੁਰਸ਼ ਅਧਿਆਤਮਿਕਤਾ ਜਾਂ ਕੇਵਲ ਚੇਤਨਤਾ ਲਈ ਵਰਤਿਆ ਜਾਂਦਾ ਹੈ ਜੋ ਭੌਤਿਕ ਗੁਣਾਂ ਵਾਲੀ ਪ੍ਰਕਿਰਤੀ (ਕੁਦਰਤ) ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਪੁਰਸ਼ ਵਿੱਚ ਮੁੱਖ ਵਸਤੂ ਚੇਤਨਤਾ ਹੈ ਜੋ ਪਰਮ ਸਤਿ ਦੇ ਸਤਿ-ਚਿਤ ਅਨੰਦ ਸਿਧਾਂਤ ਵਿਚੋਂ “ਚਿਤ” ਰੂਪ ਵਿਚ ਜਾਣੀ ਜਾਂਦੀ ਹੈ। ਇਸ ਰੂਪ ਵਿਚ ਇਹ ਸ਼ਬਦ ਪੁਰਸ਼ ਨੂੰ ਅਧਿਆਤਮਿਕਤਾ ਪ੍ਰਦਾਨ ਕਰਦਾ ਹੈ ਜਿਸ ਦਾ ਭਾਵ ਹੈ ਦੈਵੀ ਪੁਰਖ। ਸਿੱਖ ਪਰੰਪਰਾ ਅਤੇ ਸਾਹਿਤ ਵਿਚ ਅਕਾਲ ਨਾਲ ਮਿਲ ਕੇ ਇਸ ਦਾ ਅਰਥ ਸਦੀਵੀ ਦੈਵੀ ਪੁਰਖ (ਪਰਮਾਤਮਾ) ਜਾਣਿਆ ਜਾਂਦਾ ਹੈ।
ਅਕਾਲ ਪੁਰਖ ਵਿਚ ਸੰਯੁਕਤ ਸ਼ਬਦ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ (ਗੁ.ਗ੍ਰੰ. 1038) ਵਿਚ ਇਕ ਵਾਰੀ ਆਇਆ ਹੈ। ਗੁਰੂ ਰਾਮ ਦਾਸ ਜੀ ਦੀ ਗਉੜੀ ਪੂਰਬੀ ਕਰਹਲੇ (ਗੁ.ਗ੍ਰੰ. 235) ਵਿਚ ਵੀ ਸਾਨੂੰ ਇਹ ਸ਼ਬਦ ਵਿਪਰੀਤ – “ਪੁਰਥ-ਅਕਾਲਿ” ਰੂਪ ਵਿਚ ਮਿਲਦਾ ਹੈ। ਦਸਮ ਗ੍ਰੰਥ ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਵਿਚ ਵੀ ਇਹ ਸ਼ਬਦ “ਅਕਾਲ ਪੁਰਖ” ਸਦੀਵੀ ਸੱਤਾ ਪਰਮਾਤਮਾ ਲਈ ਵਰਤਿਆ ਮਿਲਦਾ ਹੈ। ਸਿੱਖ ਧਰਮ ਵਿਚ “ਅਕਾਲ” ਦੀ ਪ੍ਰਮੁੱਖ ਅਤੇ ਕੇਂਦਰੀ ਸਿਧਾਂਤ ਵਜੋਂ “ਪੁਰਖ” ਨਾਲ ਵਰਤੋਂ ਇਸ ਨੂੰ ਵਿਸ਼ੇਸ਼ ਧਰਮ ਵਿਗਿਆਨਿਕ ਮਹੱਤਤਾ ਪ੍ਰਦਾਨ ਕਰਦੀ ਹੈ।