ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਕਥਾ ਸਰੋਵਰ

(ਸਾਖੀ ਭੱਟਾਂ ਦੀ, ਸਾਖੀ ਨਾਰਦ ਮੁਨੀ ਦੀ, ਸਾਖੀ ਜਮ ਮਾਰਗ, ਸਾਖੀ ਸੈਨ ਨਾਈ, ਸਾਖੀ ਧੰਨਾ ਭਗਤ, ਸਾਖੀ ਰਾਜਾ ਸ਼ਿਵੀ, ਸਾਖੀ ਬਾਦਸ਼ਾਹ ਦਾ ਬਾਜ਼, ਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ, ਸਾਖੀ ਸਿਕੰਦਰ ਦੀ, ਸਾਖੀ ਮਰਨ ਪਿੱਛੋਂ, ਸਾਖੀ ਇਕ ਰਾਣੀ, ਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ, ਸਾਖੀ ਭਾਈ ਤਰਲੋਚਨ ਜੀ, ਸਾਖੀ ਬਾਲਮੀਕ ਬਟਵਾਰਾ, ਸਾਖੀ ਮੀਰਾਂ ਬਾਈ, ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਸਾਖੀ ਭਗਤ ਨਾਮਦੇਵ ਜੀ, ਸਾਖੀ ਰੈਬਾਂ ਭਗਤਣੀ, ਸਾਖੀ ਕੁਬਜਾਂ ਭਗਤਣੀ, ਸਾਖੀ ਭਗਤ ਰਵਿਦਾਸ ਜੀ) ਇਹ ਸਾਖੀਆਂ 21 ਸਾਖੀਆਂ ਵਾਲੇ ਕਥਾ ਸਰੋਵਰ ਵਿਚੋਂ ਲਈਆਂ ਗਈਆਂ ਹਨ। ਇਹ ਸਾਖੀਆਂ ਬਾਰਹ ਮਾਹਾ ਮਾਂਝ ਤੋਂ ਬਾਰਹ ਮਾਹਾ ਤੁਖਾਰੀ ਸਟੀਕ ਭਾਵ ਅਰਥ, ਵਿਆਖਿਆ ਤੇ ਪ੍ਰਮਾਣਾਂ ਸਹਿਤ ਟੀਕਾਕਾਰ ਸੋਢੀ ਤੇਜਾ ਸਿੰਘ ਜੀ ਵੱਲੋਂ ਲਿਖੀਆਂ ਗਈਆਂ ਸਨ। ਇਸ ਕਥਾ ਸਰੋਵਰ ਦਾ ਪ੍ਰਕਾਸ਼ਨ ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵੱਲੋਂ ਕੀਤਾ ਗਿਆ ਹੈ।

ਸਾਖੀ ਭੱਟਾਂ ਦੀ

ਜੈਸਾ ਕਿ ਭੱਟਾਂ ਨੇ ਆਪਣੇ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਵਾਸਤੇ ਸਾਰੇ ਭਾਰਤ ਵਰਸ਼ ਦਾ ਚੱਕਰ ਲਾਇਆ, ਪਰ ਉਨ੍ਹਾਂ ਨੂੰ ਕੋਈ ਐਸਾ ਬ੍ਰਹਮ ਸਰੋਤੀ, ਬ੍ਰਹਮ ਨੇਸ਼ਟੀ ਮਹਾਂ ਪੁਰਖ ਨਾ ਮਿਲਿਆ ਜੋ ਉਨ੍ਹਾਂ ਦੇ ਭਰਮ ਭੇਦ ਦੇ ਅਗਿਆਨ ਨੂੰ ਦੂਰ ਕਰਕੇ ‘ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ’ ਵਾਲੀ ਅਵਸਥਾ ਦਾ ਗਿਆਨ ਕਰਾ ਦੇਵੇ। ਉਨ੍ਹਾਂ ਨੇ ਆਪਣੀ ਪੂਰਨ ਪੁਰਖ ਦੇ ਮਿਲਾਪ ਦੀ ਢੂੰਡ ਜਾਰੀ ਰੱਖੀ ਜਿਥੇ ਕਿਸੇ ਮਹਾਂ ਪੁਰਖ ਦੀ ਦੱਸ ਪਵੇ ਓਥੇ ਹੀ ਪੁੱਜ ਕੇ ਮਨ ਦੀ ਸ਼ਾਂਤੀ ਦੀ ਪ੍ਰਾਪਤੀ ਦਾ ਯਤਨ ਕਰਦੇ ਪਰ ਕਿਤੋਂ ਪੂਰਨ ਸਫਲਤਾ ਪ੍ਰਾਪਤ ਨਾ ਹੋਈ। ਏਸੇ ਯਤਨ ਵਿਚ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਿਰਾਜਮਾਨ ਹੋਣਾ, ਅਤੇ ਆਪ ਜੀ ਦਾ ਅਮ੍ਰਿਤਸਰ ਜੀ ਵਿਖੇ ਇਕ ਧਰਮ ਸ਼ਾਸਤ੍ਰ ਦੀ ਰਚਨਾ ਕਰਨ ਦਾ ਪਤਾ ਲੱਗਾ। ਆਪ ਜੀ ਦੀ ਪ੍ਰਤਿਭਾ ਸੁਣ ਕੇ ਭੱਟ ਸਤਿਗੁਰੂ ਜੀ ਦੇ ਦਰਸ਼ਨ ਪਰਸਨ ਅਤੇ ਉਹ ਵਸਤੂ ਪ੍ਰਾਪਤ ਕਰਨ ਲਈ ਜਿਸ ਦੇ ਉਹ ਲੰਮੇ ਸਮੇਂ ਤੋਂ ਇੱਛਾ ਵਾਨ ਸਨ, ਅਮ੍ਰਿਤਸਰ ਪਹੁੰਚ ਗਏ, ਇਸ ਵਸਤੂ ਦੀ ਪ੍ਰਾਪਤੀ ਕਰਕੇ ਉਨ੍ਹਾਂ ਦੇ ਮੁਖੀ ਭੱਟ ਭਿੱਖਾ ਨੇ ਆਪਣੇ ਮਨ ਦੀ ਸ਼ਾਂਤ ਹੋਈ ਅਵਸਥਾ ਦਾ ਇਸ ਤਰ੍ਹਾਂ ਵਰਨਣ ਕੀਤਾ

ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ।।

ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ।।

ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ।।

ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸ਼ੀ ਨ ਆਯਉ।।

ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ ਕੇ ਗੁਣ ਹਉ ਕਿਆ ਕਹਉ।।

ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ।। (ਪੰਨਾ 1395)

ਗੁਰੂ ਸਾਹਿਬ ਦੇ ਦਰਸ਼ਨ ਕਰਕੇ ਭੱਟ ਇਤਨੇ ਪਸੀਜ ਗਏ ਕਿ ਉਨ੍ਹਾਂ ਨੇ ਪੰਜਾਂ ਗੁਰੂ ਸਾਹਿਬਾਂ ਦੀ ਉਪਮਾਂ ਵਿਚ 122 ਸਵੱਈਏ ਉਚਾਰਨ ਕੀਤੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ ਅਤੇ ਇਕ ਸ਼ਰਧਾਲੂ ਦੀ ਸ਼ਰਧਾ ਅਤੇ ਪ੍ਰੇਮ ਦੀ ਝਲਕ ਦਾ ਨਮੂਨਾ ਹਨ।

ਸਾਖੀ ਨਾਰਦ ਮੁਨੀ ਦੀ

ਇਕ ਵਾਰ ਨਾਰਦ ਮੁਨੀ ਜੀ ਵਿਸ਼ਨੂੰ ਭਗਵਾਨ ਦੇ ਦਰਸ਼ਨ ਕਰਨ ਉਸਦੇ ਸੱਚਖੰਡ ਧਾਮ ਵਿਚ ਗਏ, ਪਰ ਵਿਸ਼ਨੂੰ ਜੀ ਉਥੇ ਨਾ ਮਿਲੇ। ਮੁਨੀ ਜੀ ਨੇ ਆਪਣੇ ਵਿਚਾਰ ਅਨੁਸਾਰ ਹੋਰ ਵੀ ਕਈ ਅਸਥਾਨਾਂ ਤੇ ਪੁਰੀਆਂ ਵਿਚ ਭਗਵਾਨ ਜੀ ਨੂੰ ਢੂੰਡਿਆ ਪਰ ਆਪ ਜੀ ਦਾ ਕੋਈ ਪਤਾ ਨਾ ਮਿਲਿਆ। ਨਾਰਦ ਜੀ ਨਿਰਾਸ਼ ਹੋ ਕੇ ਵਾਪਸ ਮੁੜ ਆਏ। ਕੁਝ ਦਿਨਾਂ ਉਪਰੰਤ ਜਦ ਨਾਰਦ ਜੀ ਫੇਰ ਦਰਸ਼ਨ ਕਰਨ ਗਏ ਤਾਂ ਮੁਨੀ ਜੀ ਨੇ ਆਪ ਜੀ ਨੂੰ ਉਲ੍ਹਾਮਾ ਦਿੱਤਾ ਕਿ ਉਸ ਦਿਨ ਮੈਂ ਤੁਹਾਡੀਆਂ ਸਾਰੀਆਂ ਪੁਰੀਆਂ ਤੇ ਅਸਥਾਨਾਂ ਵਿਚ ਭਾਲ ਕੀਤੀ ਪਰ ਤੁਸੀਂ ਕਿਤੇ ਵੀ ਨਾ ਮਿਲੇ, ਕਿੱਥੇ ਗਏ ਹੋਏ ਸੀ? ਕ੍ਰਿਪਾ ਕਰਕੇ ਅੱਗੇ ਵਾਸਤੇ ਦੱਸ ਛੱਡੋ ਕਿ ਜੇ ਕਿਸੇ ਜ਼ਰੂਰੀ ਕੰਮ ਵਾਸਤੇ ਤੁਹਾਨੂੰ ਮਿਲਣਾ ਹੋਵੇ, ਤਥਾ ਦਰਸ਼ਨ ਕਰਨੇ ਹੋਣ ਤਾਂ ਆਪ ਜੀ ਨੂੰ ਕਿੱਥੇ ਮਿਲਿਆ ਕਰੀਏ। ਆਪਣਾ ਪੱਕਾ ਟਿਕਾਣਾ ਦੱਸਣ ਦੀ ਕ੍ਰਿਪਾ ਕਰੋ। ਨਾਰਦ ਜੀ ਤੋਂ ਇਸ ਤਰ੍ਹਾਂ ਪ੍ਰੇਮ ਦੇ ਬਚਨ ਸੁਣਕੇ ਵਿਸ਼ਨੂੰ ਜੀ ਨੇ ਕਿਹਾ-ਮੁਨੀ ਜੀ ਅੱਗੇ ਤੋਂ ਜਦ ਤੁਸਾਂ ਮਿਲਣਾ ਹੋਵੇ ਤਾਂ ਜਿੱਥੇ ਸਤਿਸੰਗ ਹੁੰਦਾ ਹੋਵੇ ਓਥੇ ਆ ਜਾਇਆ ਕਰੋ, ਕਿਉਂਕਿ ਮੈਂ ਆਪਣਾ ਨਿਵਾਸ ਸਦਾ ਸਤਿਸੰਗ ਵਿਚ ਹੀ ਰੱਖਦਾ ਹਾਂ, ਮੈਨੂੰ ਕਿਤੇ ਢੂੰਡਣ ਦੀ ਲੋੜ ਨਹੀਂ ਹੈ।

ਯਥਾ –

ਮਿਲਿ ਸਤਸੰਗਤਿ ਖੋਜੁ ਦਸਾਈ।।

ਵਿਚਿ ਸੰਗਤਿ ਹਰਿ ਪ੍ਰਭੂ ਵਸੈ ਜੀਉ।।2।। (ਮਾਝ ਮ 4 ਪੰਨਾ 94)

ਸਾਖੀ ਜਮ ਮਾਰਗ

ਜਮ ਮਗਿ ਦੁਖੁ ਪਾਵੈ ਚੋਟਾ ਖਾਵੈ ਅੰਤਿ ਗਇਆ ਪਛੁਤਾਇਆ।।

ਬਿਨੁ ਨਾਵੈ ਕੋ ਬੇਲੀ ਨਾਹੀ ਪੁਤੁ ਕੁਟੰਬੁ ਸੁਤੁ ਭਾਈ।। (ਪੰਨਾ 775)

ਗਰੁਡ ਪੁਰਾਣ ਵਿਚ ਲਿਖਿਆ ਹੈ ਕਿ ਪਾਪੀ ਜੀਵਾਂ ਨੂੰ ਜਦ ਜਮ ਸੰਸਾਰ ਤੋਂ ਲੈ ਕੇ ਤੁਰਦੇ ਹਨ ਤਾਂ ਰਸਤੇ ਵਿਚ ਕਈ ਤਰ੍ਹਾਂ ਦੇ ਉਨ੍ਹਾਂ ਨੂੰ ਦੁੱਖ ਦਿੱਤੇ ਜਾਂਦੇ ਹਨ। ਜੈਸਾ ਕਿ ਰਸਤੇ ਵਿਚ ਪਹਿਲਾਂ ਲਹੂ ਪਾਕ ਦੀ ਵੈਤਰਨੀ ਨਦੀ ਆਉਂਦੀ ਹੈ, ਜਿਸ ਨੂੰ ਪਾਪੀ ਜੀਵ ਤਰ ਨਹੀਂ ਸਕਦਾ। ਉਸ ਵਿਚ ਗੋਤੇ ਖਾਂਦਾ ਹੋਇਆ ਜਮਾਂ ਦੇ ਡੰਡਿਆਂ ਦੀ ਮਾਰ ਨਾਲ ਬਹੁਤ ਦੁਖੀ ਹੁੰਦਾ ਹੈ। ਉਸ ਤੋਂ ਅੱਗੇ ਅਸ ਪੱਤਰ ਬਨ ਹੈ ਜਿਸਦੇ ਬ੍ਰਿਛਾਂ ਦੇ ਪੱਤੇ ਤਲਵਾਰ ਵਰਗੇ ਤਿੱਖੇ ਹੁੰਦੇ ਹਨ। ਜੀਵ ਉਸ ਵਿਚੋਂ ਲੰਘਦਾ ਹੈ ਤਾਂ ਉਨ੍ਹਾਂ ਪੱਤਰਾਂ ਨਾਲ ਸਰੀਰ ਲਹੂ ਲੁਹਾਣ ਹੋ ਜਾਂਦਾ ਹੈ। ਇਸ ਤੋਂ ਅੱਗੇ ਅਗਨੀ ਬਨ ਲੰਘਣਾ ਪੈਂਦਾ ਹੈ। ਐਸੇ ਕਠਿਨ ਰਸਤਿਆਂ ਵਿਚ ਜੀਵ ਅਤਿ ਦੁਖੀ ਹੋ ਕੇ ਜਦੋਂ ਭੁੱਖ ਪਿਆਸ ਨਾਲ ਬਹੁਤ ਵਿਆਕੁਲ ਹੋ ਕੇ ਜਮਾਂ ਪਾਸੋਂ ਰੋਟੀ ਪਾਣੀ ਮੰਗਦਾ ਹੈ, ਤਾਂ ਜਮ ਉਸ ਤੋਂ ਉਸਦੇ ਕੀਤੇ ਥੋੜੇ ਬਹੁਤ ਪੁੰਨਾਂ ਦਾ ਫਲ ਲੈ ਕੇ ਪਾਣੀ ਦਾ ਪਿਆਲਾ ਜਾਂ ਰੋਟੀ ਦੀ ਗ੍ਰਾਹੀ ਦੇਂਦੇ ਹਨ। ਇਹ ਰਸਤਾ ਲੱਖਾਂ ਕੋਹਾਂ ਦਾ ਲੰਮਾ ਕਥਨ ਕੀਤਾ ਹੈ। ਇਸ ਲੰਮੇ ਰਸਤੇ ਵਿਚ ਧਰਮਰਾਜ ਤਕ ਜਾਂਦਿਆਂ ਜਾਂਦਿਆਂ ਇਸਦੇ ਸਾਰੇ ਪੁੰਨ ਘੁੱਟ ਪਾਣੀ ਜਾਂ ਗ੍ਰਾਹੀ ਦੇ ਬਦਲੇ ਖੋਹ ਲਏ ਜਾਂਦੇ ਹਨ।

ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ।।

ਐਸੇ ਕਠਿਨ ਅਤੇ ਭਿਆਨਕ ਸਮੇਂ ਕੇਵਲ ਪ੍ਰਮਾਤਮਾ ਦਾ ਨਾਮ ਹੀ ਸਹਾਈ ਹੁੰਦਾ ਹੈ।

ਜੈਸਾ ਕਿ ਸਤਿਗੁਰੂ ਜੀ ਨੇ ਸੁਖਮਨੀ ਸਾਹਿਬ ਦੀ ਦੂਜੀ ਅਸ਼ਟਪਦੀ ਵਿਚ ਵਰਨਣ ਕੀਤਾ ਹੈ

ਜਿਹ ਮਾਰਗੁ ਇਹੁ ਜਾਤ ਇਕੇਲਾ।।

ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ।।

ਸਾਖੀ ਸੈਨ ਨਾਈ

ਸੈਨੁ ਨਾਈ ਬੁਤਕਾਰੀਆ ਓਹੁ ਘਰਿ ਸੁਨਿਆ।।

ਹਿਰਦੇ ਵਸਿਆ ਪਾਰਬ੍ਰਹਮ ਭਗਤਾ ਮਹਿ ਗਨਿਆ।।

ਅਰਥਾਤ ਸੈਨ ਨਾਈ ਲੋਕਾਂ ਦੀਆਂ ਬੁਤੀਆਂ ਕਰਨ ਵਾਲਾ ਬੁੰਦੇਲ ਖੰਡ ਦੇ ਰਾਜੇ ਦਾ ਸੇਵਾਦਾਰ ਸੀ। ਰਾਜੇ ਨੂੰ ਮਾਲਸ਼ ਵਟਣਾਂ ਤੇ ਮੁੱਠੀ ਚਾਪੀ ਆਦਿਕ ਸਰੀਰਕ ਸੇਵਾ ਨਿਤਾਪ੍ਰਤੀ ਨੇਮ ਨਾਲ ਕਰਦਾ ਹੁੰਦਾ ਸੀ। ਇਹ ਸੰਤ ਸੇਵਾ ਅਤੇ ਭਗਤੀ ਭਾਵ ਦਾ ਵੀ ਬਹੁਤ ਸ਼ਰਧਾਵਾਨ ਸੀ, ਜਿਸ ਤੋਂ ਇਸ ਨੂੰ ਪ੍ਰਮਾਤਮਾ ਦੀ ਪੂਰੀ ਪੂਰੀ ਲਗਨ ਲੱਗੀ ਹੋਈ ਸੀ। ਇਕ ਦਿਨ ਜਦ ਇਹ ਰਾਜੇ ਦੀ ਸੇਵਾ ਕਰਨ ਵਾਸਤੇ ਚਲਿਆ ਤਾਂ ਰਸਤੇ ਵਿਚ ਇਸ ਨੂੰ ਇਕ ਸੰਤ ਮੰਡਲੀ ਮਿਲੀ, ਜਿਸ ਨੂੰ ਇਹ ਆਪਣੇ ਘਰ ਲੈ ਗਿਆ ਅਤੇ ਅੰਨ ਪਾਣੀ ਦੀ ਸੇਵਾ ਕਰਕੇ ਉਨ੍ਹਾਂ ਨੂੰ ਪ੍ਰਸੰਨ ਕੀਤਾ। ਸੰਤਾਂ ਪਾਸੋਂ ਹਰਿ ਕਥਾ ਸੁਣਦਿਆਂ ਇਹ ਪ੍ਰੇਮਾ ਭਗਤੀ ਵਿਚ ਐਨਾ ਲੀਨ ਹੋਇਆ ਕਿ ਇਸ ਨੂੰ ਰਾਜੇ ਦੀ ਸੇਵਾ ਦਾ ਸਮਾਂ ਹੀ ਭੁੱਲ ਗਿਆ। ਉਧਰ ਜਦ ਪ੍ਰਮਾਤਮਾ ਨੇ ਆਪਣੇ ਭਗਤ ਦੀ ਇਹ ਦਸ਼ਾ ਵੇਖੀ ਤਾਂ ਉਹ ਸੈਨ ਦਾ ਰੂਪ ਧਾਰਕੇ ਠੀਕ ਸਮੇਂ ਸਿਰ ਆਪ ਰਾਜੇ ਦੀ ਸੇਵਾ ਕਰਨ ਜਾ ਲੱਗਾ। ਵਿਸ਼ਨੂੰ ਭਗਵਾਨ ਨੇ ਆਪਣੇ ਪਵਿਤ੍ਰ ਹੱਥਾਂ ਨਾਲ ਐਸੀ ਪ੍ਰੇਮ ਨਾਲ ਸੇਵਾ ਕੀਤੀ ਕਿ ਰਾਜਾ ਬਹੁਤ ਪ੍ਰਸੰਨ ਹੋਇਆ ਅਤੇ ਮਨ ਹੀ ਮਨ ਵਿਚ ਸੈਨ ਦੀ ਬਹੁਤ ਉਸਤਤ ਕਰਨ ਲੱਗਾ। ਰਾਜੇ ਦੀ ਸੇਵਾ ਕਰਕੇ ਪ੍ਰਭੂ ਜੀ ਆਪਣੇ ਬੈਕੁੰਠ ਧਾਮ ਨੂੰ ਚਲੇ ਗਏ ਅਤੇ ਇਸ ਤਰ੍ਹਾਂ ਆਪਣੇ ਪ੍ਰੇਮੀ ਭਗਤ ਦੀ ਸਮੇਂ ਸਿਰ ਪੈਜ ਰੱਖ ਲਈ। ਉਧਰ ਜਦ ਸੈਨ ਸੰਤ ਸੇਵਾ ਤੋਂ ਵਿਹਲਾ ਹੋ ਕੇ ਕਾਹਲੀ ਕਾਹਲੀ ਡਰ ਨਾਲ ਰਾਜੇ ਪਾਸ ਪੁੱਜਾ, ਤਾਂ ਰਾਜੇ ਨੇ ਬਹੁਤ ਪ੍ਰਸੰਨ ਹੋ ਕੇ ਸੈਨ ਨੂੰ ਕਿਹਾ – “ਪਿਆਰੇ ਤੂੰ ਤਾਂ ਅੱਜ ਹੁਣੇ ਹੀ ਗਿਆ ਸੈਂ, ਫਿਰ ਕਿਸ ਤਰ੍ਹਾਂ ਆਉਣਾ ਹੋਇਆ? ਅੱਜ ਤੂੰ ਮੈਨੂੰ ਬਹੁਤ ਪ੍ਰਸੰਨ ਕੀਤਾ ਹੈ, ਜੋ ਮੰਗਣਾ ਹਈ ਮੰਗ ਲੈ। ਰਾਜੇ ਪਾਸੋਂ ਅਜੇਹੀਆਂ ਗੱਲਾਂ ਸੁਣ ਕੇ ਸੈਨ ਭਗਤ ਸਮਝ ਗਿਆ ਕਿ ਅਜ ਮੇਰੀ ਨੌਕਰੀ ਉਸ ਭਗਤ ਵਛਲ ਪ੍ਰਭੂ ਨੇ ਆਪ ਹੀ ਭੁਗਤਾਈ ਹੈ। ਇਸ ਕਰਕੇ ਜਿਹੜਾ ਸਾਡੇ ਕੰਮ ਨੂੰ ਆਪ ਕਰਦਾ ਫਿਰਦਾ ਹੈ, ਅਸੀਂ ਹੁਣ ਉਸੀ ਦਾ ਕੰਮ ਕਿਉਂ ਨਾ ਕਰੀਏ? ਉਸ ਦਿਨ ਤੋਂ ਸੈਨ ਜੀ ਰਾਜੇ ਦੀ ਸੇਵਾ ਛੱਡ ਕੇ ਉਸ ਪਰੀਪੂਰਨ ਪ੍ਰਭੂ ਦੀ ਦ੍ਰਿੜ੍ਹ ਨਿਸਚੇ ਨਾਲ ਸੇਵਾ ਭਗਤੀ ਵਿਚ ਲੱਗ ਗਏ ਅਤੇ ਭਗਤਾਂ ਦੀ ਗਿਣਤੀ ਵਿਚ ਆ ਗਏ, ਜਿਸ ਕਰਕੇ ਉਨ੍ਹਾਂ ਦੀ ਅੱਜ ਤੱਕ ਉੱਜਲ ਸ਼ੋਭਾ ਹੋ ਰਹੀ ਹੈ।

ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ।।

ਸਾਖੀ ਧੰਨਾ ਭਗਤ

ਮੈ ਅੰਤਰਿ ਵੇਦਨ ਪ੍ਰੇਮ ਕੀ ਗੁਰ ਦੇਖਤ ਮਨੁ ਸਾਧਾਰਿਆ।।

ਵਡਭਾਗੀ ਪ੍ਰਭ ਆਇ ਮਿਲੁ ਜਨੁ ਨਾਨਕੁ ਖਿਨੁ ਖਿਨੁ ਵਾਰਿਆ।।

ਇਕ ਦਿਨ ਧੰਨੇ ਜੱਟ ਨੇ ਆਪਣੇ ਪਿੰਡ ਦੇ ਪੰਡਿਤ ਨੂੰ (ਜੋ ਪੱਥਰ ਮੂਰਤੀ ਦੀ ਸੇਵਾ ਪੂਜਾ ਕਰਦਾ ਹੁੰਦਾ ਸੀ) ਆਖਿਆ – “ਦਾਦਾ ਇਹ ਤੂੰ ਕੀ ਕਰਦਾ ਹੁੰਦਾ ਏਂ?” ਪੰਡਿਤ ਨੇ ਕਿਹਾ “ਧੰਨਿਆ! ਇਹ ਠਾਕੁਰ ਦੀ ਮੂਰਤੀ ਹੈ, ਮੈਂ ਇਸ ਦੀ ਪੂਜਾ ਕਰਕੇ ਇਸਨੂੰ ਭੋਗ ਲਵਾਉਂਦਾ ਹਾਂ।” ਇਹ ਸੁਣ ਕੇ ਧੰਨੇ ਨੇ ਕਿਹਾ “ਇਸ ਦਾ ਕੀ ਲਾਭ ਹੁੰਦਾ ਹੈ?” ਦਾਦੇ ਪੰਡਿਤ ਨੇ ਸਮਝਾਇਆ ਕਿ ਸਾਡੇ ਸਾਰੇ ਕੰਮ ਇਹ ਆਪ ਕਰਦਾ ਹੈ, ਸਾਨੂੰ ਕਿਸੇ ਕੰਮ ਦੀ ਚਿੰਤਾ ਨਹੀਂ ਰਹਿੰਦੀ। ਦਾਦੇ ਪਾਸੋਂ ਇਹ ਗੱਲ ਸਮਝ ਕੇ ਧੰਨੇ ਨੇ ਕਿਹਾ – ਦਾਦਾ ਮੈਨੂੰ ਵੀ ਇਕ ਠਾਕੁਰ ਦੇਹ, ਮੈਂ ਵੀ ਇਸ ਦੀ ਪੂਜਾ ਕਰਕੇ ਭੋਗ ਲਵਾਇਆ ਕਰਾਂਗਾ। ਮੈਂ ਇਕੱਲਾ ਕਾਰਾ ਆਦਮੀ ਹਾਂ ਜੇ ਠਾਕੁਰ ਜੀ ਮੇਰਾ ਕੰਮ ਵੀ ਕਰ ਦਿਆ ਕਰਨ ਤਾਂ ਮੈਨੂੰ ਬਹੁਤਾ ਕਸ਼ਟ ਨਾ ਕਰਨਾ ਪਿਆ ਕਰੇਗਾ। ਦਾਦਾ ਪਹਿਲਾਂ ਤਾਂ ਧੰਨੇ ਨੂੰ ਮੂੜ੍ਹ ਜਿਹਾ ਅਗਿਆਨੀ ਸਮਝ ਕੇ ਚੁੱਪ ਰਿਹਾ, ਪਰ ਜਦ ਧੰਨਾ ਉਸ ਦਾ ਪਿੱਛਾ ਹੀ ਨਾ ਛੱਡੇ, ਆਖੇ ਮੈਂ ਠਾਕੁਰ ਲੈ ਕੇ ਹੀ ਜਾਣਾ ਹੈ ਤਦ ਧੰਨੇ ਦਾ ਐਸਾ ਹੱਠ ਵੇਖ ਕੇ ਪੰਡਿਤ ਨੇ ਕ੍ਰੋਧ ਨਾਲ ਇਕ ਪੰਜ ਕੁ ਸੇਰ ਦਾ ਵੱਟਾ ਚੁੱਕ ਕੇ ਧੰਨੇ ਨੂੰ ਦੇ ਦਿੱਤਾ। ਧੰਨਾ ਉਸ ਵੱਟੇ ਨੂੰ ਘਰ ਲੈ ਗਿਆ ਅਤੇ ਜਿਸ ਤਰ੍ਹਾਂ ਪੰਡਿਤ ਨੂੰ ਵੇਖਦਾ ਰਿਹਾ ਸੀ, ਉਸੇ ਤਰ੍ਹਾਂ ਵੱਟੇ ਨੂੰ ਨੁਹਾ ਧੋ ਕੇ, ਦੀਪ ਕਰ ਕੇ, ਉਸ ਅੱਗੇ ਮਿੱਸੀ ਰੋਟੀ ਤੇ ਲੱਸੀ ਦਾ ਛੰਨਾ ਭੋਗ ਲਾਉਣ ਵਾਸਤੇ ਰੱਖ ਦਿੱਤਾ, ਉਪਰੰਤ ਹੱਥ ਜੋੜ ਕੇ ਬੜੇ ਸਤਿਕਾਰ ਨਾਲ ਕਿਹਾ, “ਠਾਕੁਰ ਜੀ, ਭੋਗ ਲਾਵੋ” ਪਰ ਪੱਥਰ ਦੇ ਨਿਰਜੀਵ ਠਾਕੁਰ ਨੇ ਭੋਗ ਕਿੱਥੇ ਲਾਉਣਾ ਸੀ। ਸਭ ਕੁਛ ਜਿਵੇਂ ਰੱਖਿਆ ਸੀ ਤਿਵੇਂ ਹੀ ਪਿਆ ਰਿਹਾ। ਧੰਨਾ ਵੀ ਭੁੱਖਾ ਭਾਣਾ ਕਦੀ ਦਿਨ ਠਾਕੁਰ ਦੇ ਸਾਹਮਣੇ ਉਸੇ ਤਰ੍ਹਾਂ ਬੈਠਾ, ਠਾਕੁਰ ਨੂੰ ਆਖੇ ਕਿ ਜਦ ਤੱਕ ਤੂੰ ਨਾ ਖਾਏਂਗਾ ਮੈਂ ਵੀ ਨਹੀਂ ਖਾਵਾਂਗਾ। ਦਾਦੇ ਪੰਡਿਤ ਕੋਲੋਂ ਤੂੰ ਖਾਂਦਾ ਏ ਤੇ ਮੇਰੇ ਪਾਸੋਂ ਕਿਉਂ ਨਹੀਂ ਖਾਂਦਾ? ਧੰਨੇ ਦਾ ਅਜਿਹਾ ਜੱਟ ਜੱਫੇ ਵਾਲਾ ਹੱਠ ਵੇਖ ਕੇ ਪੱਥਰ ਦੇ ਠਾਕੁਰ ਨੇ ਆਕਾਸ਼ ਬਾਣੀ ਦੁਆਰਾ ਧੰਨਿਆ! ਕਦੀ ਪੱਥਰ ਵੀ ਖਾਂਦੇ ਪੀਂਦੇ ਹਨ? ਬੱਸ ਇਹ ਗੱਲ ਸੁਣਕੇ ਧੰਨੇ ਨੇ ਕਿਹਾ – ਜੀ ਜੇ ਪੱਥਰ ਖਾਂਦੇ ਪੀਂਦੇ ਨਹੀਂ ਤਾਂ ਪੱਥਰ ਬੋਲਦੇ ਵੀ ਨਹੀਂ ਹਨ। ਧੰਨੇ ਦੀ ਇਹ ਜੁਗਤੀ ਪੂਰਬਕ ਗੱਲ ਸੁਣ ਠਾਕੁਰ ਨੇ ਮਿੱਸੀਆਂ ਰੋਟੀਆਂ ਤੇ ਲੱਸੀ ਦਾ ਛੰਨਾ ਛਕ ਲਿਆ। ਧੰਨੇ ਦੇ ਪ੍ਰੀਤਮ ਠਾਕੁਰ ਨੇ ਇਸ ਤਰ੍ਹਾਂ ਧੰਨੇ ਨੂੰ ਆਕਾਸ਼ ਬਾਣੀ ਦੁਆਰਾ ਪ੍ਰਤੱਖ ਦਰਸ਼ਨ ਦੇ ਕੇ ਨਿਹਾਲ ਕੀਤਾ।

ਯਥਾ –

ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ।। (ਆਸਾ ਧੰਨਾ ਜੀ)

ਸਾਖੀ ਰਾਜਾ ਸ਼ਿਵੀ

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ।। (ਬਿਹਾਗੜਾ ਮ 5 ਪੰਨਾ 544)

ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ।।

ਭਾਵ – ਉਹ ਆਪਣੀ ਸ਼ਰਨ ਆਇਆਂ ਦੀ ਰਖਿਆ ਕਰਦਾ ਹੈ, ਸ਼ਰਨ ਵਿਚ ਆਏ ਜੀਵ ਨੂੰ ਫੜ੍ਹ ਕੇ ਕਿਸੇ ਦੂਜੇ ਨੂੰ ਨਹੀਂ ਫੜਾ ਦੇਂਦਾ। ਅਰਥਾਤ ਸ਼ਰਨ ਆਇਆਂ ਦੀ ਪਾਲਣਾ ਕਰਨ ਨੂੰ ਸਭ ਤੋਂ ਸ਼੍ਰੋਮਣੀ ਹੈ ਰਾਜਾ ਸ਼ਿਵੀ ਇਕ ਪ੍ਰਸਿੱਧ ਮਹਾਤਮਾ ਰਾਜਾ ਹੋਇਆ ਹੈ, ਇਸ ਦੀ ਭਾਰੀ ਤਪੱਸਿਆ ਨੂੰ ਵੇਖ ਕੇ ਇਕ ਵੇਰ ਇੰਦਰ ਅਤੇ ਅਗਨੀ ਦੇਵਤਾ ਨੇ ਇਸ ਨੂੰ ਇਸ ਉੱਚੇ ਆਦਰਸ਼ ਤੋਂ ਡੇਗਣਾ ਚਾਹਿਆ। ਸੋ ਇੰਦਰ ਨੇ ਬਾਜ਼ ਦਾ ਰੂਪ ਧਾਰਨ ਕਰ ਲਿਆ ਅਤੇ ਅਗਨੀ ਦੇਵਤਾ ਨੇ ਕਬੂਤਰ ਦਾ। ਬਾਜ਼ ਦੇ ਅੱਗੇ ਕਬੂਤਰ ਉੱਡਦਾ ਉੱਡਦਾ ਰਾਜੇ ਸ਼ਿਵੀ ਦੀ ਗੋਦੀ ਵਿੱਚ ਜਾ ਡਿੱਗਾ ਅਤੇ ਰੱਖਿਆ ਵਾਸਤੇ ਬੇਨਤੀ ਕੀਤੀ। ਪਿੱਛੇ ਆਉਂਦਾ ਬਾਜ਼ ਵੀ ਰਾਜੇ ਕੋਲ ਆ ਬੈਠਾ ਅਤੇ ਆਪਣੇ ਸ਼ਿਕਾਰ ਕਬੂਤਰ ਨੂੰ ਮੰਗਣ ਲੱਗਾ। ਰਾਜੇ ਨੇ ਬਾਜ਼ ਨੂੰ ਕਿਹਾ ਕਿ ਇਹ ਮੇਰੀ ਸ਼ਰਨ ਆਇਆ ਹੈ, ਇਸ ਦੀ ਰੱਖਿਆ ਕਰਨਾ ਮੇਰਾ ਧਰਮ ਹੈ, ਇਸ ਨੂੰ ਮੈਂ ਤੈਨੂੰ ਦੇ ਨਹੀਂ ਸਕਦਾ। ਬਾਜ਼ ਨੇ ਕਿਹਾ ਜੇ ਤੂੰ ਇਸ ਨੂੰ ਮੇਰੇ ਹਵਾਲੇ ਨਹੀਂ ਕਰੇਂਗਾ ਤਾਂ ਮੈਂ ਤੇਰੇ ਦੁਆਰੇ ਉੱਤੇ ਭੁੱਖਾ ਮਰ ਜਾਵਾਂਗਾ। ਮੇਰੀ ਇਸ ਹੱਤਿਆ ਦਾ ਪਾਪ ਤੈਨੂੰ ਲੱਗੇਗਾ। ਰਾਜੇ ਨੇ ਦੋਹਾਂ ਦੀ ਗੱਲ ਨੂੰ ਵੀਚਾਰਿਆ ਕਿ ਇਕ ਸ਼ਰਨ ਆਇਆ ਹੈ ਉਸ ਦੀ ਰੱਖਿਆ ਕਰਨੀ ਵੀ ਧਰਮ ਹੈ ਤੇ ਦੂਜਾ ਐਡੀ ਦੂਰੋਂ ਸ਼ਿਕਾਰ ਦੇ ਪਿੱਛੇ ਆਇਆ ਹੈ, ਜੇ ਉਸ ਨੂੰ ਸ਼ਿਕਾਰ ਨਾ ਮਿਲਿਆ ਤਾਂ ਉਹ ਭੁੱਖਾ ਮਰ ਜਾਵੇਗਾ, ਇਸ ਦੀ ਜਿੰਦ ਬਚਾਉਣੀ ਵੀ ਧਰਮ ਹੈ। ਇਹਨਾਂ ਦੋਹਾਂ ਦੀ ਰੱਖਿਆ ਕਰਨ ਵਾਸਤੇ ਰਾਜੇ ਨੇ ਬਾਜ਼ ਨੂੰ ਕਿਹਾ ਕਿ ਤੂੰ ਕਬੂਤਰ ਦੇ ਬਦਲੇ ਮੇਰਾ ਮਾਸ ਲੈ ਕੇ ਆਪਣੀ ਭੁੱਖ ਮਿਟਾ ਲੈ। ਅੱਗੋਂ ਬਾਜ਼ ਨੇ ਕਿਹਾ ਚੰਗਾ, ਜੇ ਕਬੂਤਰ ਦੇ ਬਰਾਬਰ ਤੋਲ ਕੇ ਤੂੰ ਆਪਣਾ ਮਾਸ ਦੇਵੇਂ ਤਾਂ ਮੈਂ ਕਬੂਤਰ ਨੂੰ ਛੱਡ ਦੇਂਦਾ ਹਾਂ। ਤਦ ਰਾਜੇ ਨੇ ਆਪਣੇ ਪੱਟ ਨਾਲੋਂ ਮਾਸ ਚੀਰ ਕੇ ਤੱਕੜੀ ਦੇ ਇੱਕ ਛਾਬੇ ਵਿੱਚ ਪਾਇਆ ਅਤੇ ਦੂਜੇ ਪਾਸੇ ਕਬੂਤਰ। ਜਦ ਪੱਟ ਦਾ ਮਾਸ ਕਬੂਤਰ ਦੇ ਬਰਾਬਰ ਨਾ ਹੋਇਆ ਤਾਂ ਰਾਜੇ ਨੇ ਪਹਿਲਾਂ ਆਪਣੀ ਇੱਕ ਲੱਤ ਵੱਢ ਕੇ ਫੇਰ ਦੂਜੀ ਲੱਤ ਵੱਢ ਕੇ ਫੇਰ ਛਾਤੀ ਵੱਢ ਕੇ ਤਕੜੀ ਵਿੱਚ ਪਾਈ ਪਰ ਮਾਸ ਅਜੇ ਵੀ ਕਬੂਤਰ ਨਾਲੋਂ ਘੱਟ ਹੀ ਰਿਹਾ। ਅੰਤ ਨੂੰ ਜਦ ਕੋਈ ਅੰਗ ਨਾ ਰਿਹਾ ਤਾਂ ਰਾਜਾ ਆਪਣਾ ਸਿਰ ਵੱਢ ਕੇ ਤੱਕੜੀ ਵਿੱਚ ਪਾਉਣ ਲੱਗਾ। ਇਸ ਤਰ੍ਹਾਂ ਜਦ ਰਾਜਾ ਆਪਣਾ ਸਿਰ ਵੱਢਣ ਲੱਗਾ ਤਾਂ ਬਾਜ਼ ਰੂਪ ਇੰਦਰ ਨੇ ਹੱਥ ਫੜ ਲਿਆ ਅਤੇ ਧੰਨ ਧੰਨ ਕਰਕੇ ਰਾਜਾ ਸ਼ਿਵੀ ਦੀ ਜੈ ਜੈ ਕਾਰ ਕੀਤੀ। ਜੋ ਸ਼ਰਨ ਆਇਆਂ ਦੀ ਰੱਖਿਆ ਵਾਸਤੇ ਆਪਣਾ ਸਿਰ ਵੀ ਦੇਣ ਨੂੰ ਤਿਆਰ ਹੋ ਗਿਆ, ਪਰ ਸ਼ਰਨ ਆਏ ਨੂੰ ਫੜ ਕੇ ਦੂਜੇ ਦੇ ਹਵਾਲੇ ਕਰਨ ਨੂੰ ਤਿਆਰ ਨਾ ਹੋਇਆ।

ਯਥਾ –

ਹਉ ਬਲਿਹਾਰੀ ਸਤਿਗੁਰ ਪੂਰੇ।।

ਸਰਣਿ ਕੇ ਦਾਤੇ ਬਚਨ ਕੇ ਸੂਰੇ।।

ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੜਿ ਨ ਕਤਹੀ ਜਾਸਾ ਹੇ। (ਪੰਨਾ 1073)

ਸਾਖੀ ਬਾਦਸ਼ਾਹ ਦਾ ਬਾਜ਼

ਜਦ ਸ਼ਾਹ ਜਹਾਨ ਬਾਦਸ਼ਾਹ ਦਾ ਚਿੱਟਾ ਬਾਜ਼ ਸ਼ਿਕਾਰ ਸਮੇਂ ਛੱਡਿਆ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਡੇਰੇ (ਸ਼ਿਕਾਰਗਾਹ) ਆ ਗਿਆ ਤਾਂ ਬਾਦਸ਼ਾਹ ਨੇ ਆਪਣਾ ਬਾਜ਼ ਲੈਣ ਵਾਸਤੇ ਗੁਰੂ ਸਾਹਿਬ ਜੀ ਉੱਤੇ ਦੋ ਵਾਰ ਫੌਜਾਂ ਚੜ੍ਹਾਈਆਂ ਪਰ ਸਤਿਗੁਰੂ ਜੀ ਸਦਾ ਇਹੀ ਉੱਤਰ ਦੇਂਦੇ ਕਿ ਸ਼ਰਨ ਆਏ ਨੂੰ ਦੂਸਰੇ ਦੇ ਹਵਾਲੇ ਕਰਨਾ ਧਰਮ ਦੇ ਵਿਰੁੱਧ ਹੈ ਏਸ ਕਰਕੇ ਬਾਜ਼, ਜੋ ਸਾਡੀ ਸ਼ਰਨ ਆ ਚੁੱਕਾ ਹੈ ਬਾਦਸ਼ਾਹ ਨੂੰ ਨਹੀਂ ਦਿੱਤਾ ਜਾ ਸਕਦਾ।

ਯਥਾ –

ਬਾਂਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ।। (ਪਾਤਿਸ਼ਾਹੀ 10)

ਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ

ਆਸਾਡ਼ੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ।।

ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਸਵਾਹੀਏ ਨੇ ਆਪਣੀ ਵੈਰ ਭਾਵ ਦੀ ਪ੍ਰਜ੍ਵਲਤ ਅਗਨੀ ਨੂੰ ਠੰਡਿਆਂ ਕਰਨ ਵਾਸਤੇ ਲਾਹੌਰ ਵਿਖੇ ਜੇਠ ਦੀ ਅਤਿਅੰਤ ਤਪਦੀ ਗਰਮੀ ਵਿਚ ਸੰਮਤ 1663 ਬਿਕਰਮੀ ਨੂੰ ਤੱਤੀਆਂ ਲੋਹਾਂ ਉੱਤੇ ਬਿਠਾਇਆ। ਸਰੀਰ ਉੱਤੇ ਨਿਰਦਈ ਨੇ ਜੱਲਾਦਾਂ ਪਾਸੋਂ ਸੜਦੀ ਰੇਤ ਦੇ ਕੜਛੇ ਪਵਾਏ, ਪਾਣੀ ਦੀਆਂ ਉਬਲਦੀਆਂ ਦੇਗਾਂ ਵਿੱਚ ਬਿਠਾ ਕੇ ਸਰੀਰ ਨੂੰ ਆਲੂਆਂ ਵਾਂਗ ਉਬਾਲਿਆ। ਵੇਖਣ ਤੇ ਸੁਣਨ ਵਾਲਿਆਂ ਨੇ ਤ੍ਰਾਹ ਤ੍ਰਾਹ ਕੀਤੀ ਪਰ ਸਤਿਗੁਰੂ ਜੀ ਅਡੋਲ “ਤੇਰਾ ਕੀਆ ਮੀਠਾ ਲਾਗੈ।। ਹਰਿ ਨਾਮੁ ਪਦਾਰਥ ਨਾਨਕੁ ਮਾਂਗੈ।।” ਵਾਕ ਉਚਾਰਨ ਕਰਦੇ ਹੋਏ ਆਪਣੇ ਸਰੂਪ ਦੇ ਧਿਆਨ ਵਿਚ ਮਗਨ ਰਹੇ। ਉਨ੍ਹਾਂ ਪਾਸ ਹਰੀ ਨਾਮ ਸੀ, ਉਹ ਆਪ ਹਰੀ ਦੇ ਸਰੂਪ ਸਨ, ਉਨ੍ਹਾਂ ਦੇ ਮਨ ਨੂੰ ਇਤਨੀਆਂ ਅਗਨੀ ਅੰਗਾਰ ਸੜਦੀਆਂ ਚੀਜ਼ਾਂ ਦਾ ਕੋਈ ਅਸਰ ਨਹੀਂ ਸੀ ਹੁੰਦਾ। ਯਥਾ – ਙਿਆਨੀ ਰਹਤ ਆਗਿਆ ਦ੍ਰਿੜ ਜਾ ਕੈ।। ਉਸਨ ਸੀਤ ਸਮਸਰਿ ਸਭ ਤਾ ਕੈ।। (ਬਾਵਨ ਅਖਰੀ ਮ 5) ਹੋਰ ਵੇਖੋ, ਪ੍ਰਹਿਲਾਦ ਭਗਤ ਨੂੰ ਜਦ ਅੱਗ ਅੰਗਾਰ ਤਪਦੇ ਥੰਮ ਨਾਲ ਉਸ ਦੇ ਬਾਪ ਹਰਨਾਖਸ਼ ਨੇ ਜੱਫਾ ਮਾਰਨ ਵਾਸਤੇ ਹੁਕਮ ਦਿੱਤਾ, ਤਾਂ ਪ੍ਰਹਿਲਾਦ ਭਗਤ ਨੇ ਹਿਰਦੇ ਵਿਚ ਰਾਮ ਨਾਮ ਦਾ ਸਿਮਰਨ ਵਸਾ ਕੇ ਜਦ ਤਪਦੇ ਥੰਮ੍ਹ ਨੂੰ ਗਲ ਨਾਲ ਲਾਇਆ ਤਾਂ ਭਗਤ ਨੂੰ ਉਸ ਦੀ ਤਪਤ ਅਗਨੀ ਦਾ ਕੋਈ ਅਸਰ ਨਾ ਹੋਇਆ।

ਯਥਾ –

ਰਾਖਨਹਾਰੁ ਅਪਾਰੁ ਰਾਖੈ ਅਗਨਿ ਮਾਹਿ।।

ਸੀਤਲੁ ਹਰਿ ਹਰਿ ਨਾਮੁ ਸਿਮਰਤ ਤਪਤਿ ਜਾਇ।।3।। (ਆਸਾ ਮ 5, ਪੰਨਾ 398)

ਸਾਖੀ ਸਿਕੰਦਰ ਦੀ

ਬਿਖਿਆ ਕੈ ਧਨਿ ਸਦਾ ਦੁਖੁ ਹੋਇ।।

ਨਾ ਸਾਥਿ ਜਾਇ ਨ ਪਰਾਪਤਿ ਹੋਇ।। (ਧਨਾਸਰੀ ਮ 3 ਪੰਨਾ 665)

ਇਹ ਇਕ ਤਵਾਰੀਖੀ ਸਾਖੀ ਹੈ ਕਿ ਯੂਨਾਨ ਦਾ ਬਾਦਸ਼ਾਹ ਸਿਕੰਦਰ-ਏ-ਆਜ਼ਮ ਜਿਸ ਨੇ ਹਿੰਦੁਸਤਾਨ ਨੂੰ ਲੁੱਟ ਪੁੱਟ ਕੇ ਅਰਬਾਂ ਖਰਬਾਂ ਦੇ ਹੀਰੇ ਜਵਾਹਰਾਤ ਤੇ ਸੋਨਾ ਚਾਂਦੀ ਆਪਣੇ ਦੇਸ਼ ਵਿਚ ਖੜਿਆ ਸੀ, ਜਦ ਮਰਨ ਲੱਗਾ ਤਾਂ ਉਸ ਨੇ ਆਪਣੇ ਵਜ਼ੀਰਾਂ, ਅਮੀਰਾਂ, ਅਹਿਲਕਾਰਾਂ ਨੂੰ ਹੁਕਮ ਦਿੱਤਾ ਉਹ ਮਾਲ ਧਨ ਤੇ ਦੌਲਤ ਜਿਨ੍ਹਾਂ ਵਾਸਤੇ ਮੈਂ ਇਤਨੇ ਜ਼ੁਲਮ ਕੀਤੇ, ਲੜਾਈਆਂ ਲੜੀਆਂ ਤੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਦੁੱਖ ਉਠਾਏ, ਸਭ ਮੇਰੇ ਇਸ ਕਮਰੇ ਦੀਆਂ ਦੀਵਾਰਾਂ ਨਾਲ ਲਾ ਕੇ ਨੁਮਾਇਸ਼ ਕਰ ਦਿਓ। ਆਪਣੇ ਅੰਤ ਸਮੇਂ ਮੈਂ ਉਹਨਾਂ ਨੂੰ ਇੱਕ ਵਾਰ ਵੇਖ ਲਵਾਂ। ਉਪਰੰਤ ਜਦ ਮੇਰਾ ਜਨਾਜ਼ਾ ਨਿਕਲੇ ਤਾਂ ਮੇਰੇ ਦੋਵੇਂ ਹੱਖ ਕਫਨ ਤੋਂ ਬਾਹਰ ਕੱਢ ਦੇਣੇ ਜਿਸ ਨਾਲ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਕਿ ਮੈਂ ਖਾਲੀ ਹੱਥ ਜਾ ਰਿਹਾ ਹਾਂ। ਕੋਈ ਚੀਜ਼ ਮੇਰੇ ਨਾਲ ਨਹੀਂ ਗਈ। ਇਸ ਪਰਥਾਏ ਇਕ ਕਵੀ ਦਾ ਕਥਨ ਹੈ ਕਿ ਆਖਰਕਾਰ ਜਬ ਜਹਾਂ ਸੇ ਚਲਾ, ਤੋਂ ਹਾਥ ਖਾਲੀ ਕਫਨ ਸੇ ਬਾਹਰ ਥਾ ਸੋ ਪਿਆਰਿਓ! ਇਹ ਸਭ ਪਦਾਰਥ ਜਿਨ੍ਹਾਂ ਦੇ ਪ੍ਰੇਮ ਕਰਕੇ ਪ੍ਰਾਣੀ ਪ੍ਰਮਾਤਮਾ ਨੂੰ ਭੁਲਾ ਛੱਡਦਾ ਹੈ, ਝੂਠੇ ਅਤੇ ਨਾਸ਼ਵੰਤ ਹਨ। ਪ੍ਰਮਾਤਮਾ ਦੀ ਸ਼ਰਨ ਗ੍ਰਹਿਣ ਕਰਕੇ ਆਪਣਾ ਜਨਮ ਸਫਲਾ ਕਰੀਏ ਅਤੇ ਇਹ ਮਹਾਂ ਵਾਕ ਨੂੰ ਚੇਤੇ ਰੱਖੀਏ।

ਕੂੜ੍ਹੁ ਰਾਜਾ ਕੂੜ੍ਹੁ ਪਰਜਾ ਕੂਡ਼ੁ ਸਭੁ ਸੰਸਾਰੁ।।

ਕਿਸੁ ਨਾਲ ਕੀਚੈ ਦੋਸਤੀ ਸਭੁ ਜਗੁ ਚਲਣਹਾਰ।।

ਸਾਖੀ ਮਰਨ ਪਿੱਛੋਂ

ਪਕੜ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ।।

ਮਰਨ ਪਿੱਛੋਂ ਇਸ ਗੱਲ ਦਾ ਪਤਾ ਕਰਨ ਵਾਸਤੇ ਕਿ ਜੀਵ ਮਰ ਕੇ ਕਿੱਧਰ ਜਾਂਦਾ ਹੈ, ਸਾਇੰਸਦਾਨ ਬੜੇ ਯਤਨ ਤੇ ਖੋਜਾਂ ਕਰ ਰਹੇ ਹਨ, ਪਰ ਅਜੇ ਤੱਕ ਕਿਸੇ ਨੂੰ ਇਸ ਦਾ ਪਤਾ ਨਹੀਂ ਲੱਗ ਸਕਿਆ। ਇਥੋਂ ਤਕ ਕਿ ਵਲੈਤ ਦੀ ਇਕ ਸੁਸਾਇਟੀ ਦਾ ਇਕ ਵਿਗਿਆਨੀ ਆਪਣੇ ਸਾਥੀਆਂ ਨੂੰ ਕਹਿਣ ਲੱਗਾ ਕਿ ਜਿਹੜਾ ਮਰਦਾ ਹੈ ਉਸ ਦੀ ਰੂਹ ਸਾਨੂੰ ਕੁਛ ਨਹੀਂ ਦੱਸਦੀ ਕਿ ਮਰਕੇ ਉਸ ਦੀ ਕੀ ਗਤੀ ਹੁੰਦੀ ਹੈ ਇਸ ਕਰਕੇ ਮੈਂ ਆਪ ਮਰਦਾ ਹਾਂ ਅਤੇ ਮਰ ਕੇ ਤੁਹਾਨੂੰ ਸਭ ਕੁਛ ਦੱਸਾਂਗਾ, ਕਿ ਮਰਨ ਪਿੱਛੋਂ ਇਹ ਆਤਮਾ ਕਿੱਥੇ ਜਾਂਦੀ ਹੈ, ਤਥਾ ਇਸ ਦੀ ਕੀ ਦਸ਼ਾ ਹੁੰਦੀ ਹੈ। ਇਸ ਤਰ੍ਹਾਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਉਹ ਜ਼ਹਿਰ ਖਾ ਕੇ ਮਰ ਗਿਆ। ਪਿੱਛੋਂ ਉਸ ਦੇ ਸਾਥੀਆਂ ਨੇ ਮਿਸਮਰੇਜ਼ਮ ਦੇ ਤਰੀਕੇ ਨਾਲ ਉਸਦੀ ਆਤਮਾ ਨੂੰ ਬੁਲਾਇਆ ਅਤੇ ਸਾਰੀ ਗੱਲਬਾਤ ਦੱਸਣ ਵਾਸਤੇ ਕਿਹਾ। ਪਰ ਜਿਸ ਤਰ੍ਹਾਂ ਹੋਰ ਰੂਹਾਂ ਨਿਰਣਾ ਨਹੀਂ ਸਨ ਕਰ ਸਕਦੀਆਂ ਇਸਦੀ ਰੂਹ ਵੀ ਕੋਈ ਸਿੱਧਾ ਉੱਤਰ ਨਾ ਦੇ ਸਕੀ ਕਿ ਉਸ ਦੀ ਕੀ ਦਸ਼ਾ ਹੈ। ਗਰੁਡ਼ ਪੁਰਾਣ ਆਦਿਕ ਹਿੰਦੂ ਫ਼ਿਲਾਸਫ਼ੀ ਦੇ ਗ੍ਰੰਥਾਂ ਵਿਚ ਲਿਖਿਆ ਹੈ ਕਿ ਜਦ ਜੀਵ ਮਰ ਜਾਂਦਾ ਹੈ ਤਾਂ ਇਸ ਦੇ ਸੂਖਮ ਸਰੀਰ ਨੂੰ ਜੋ ਅੰਗੁਸ਼ਟ ਪ੍ਰਮਾਣ (ਹੱਥ ਦੇ ਅੰਗੂਠੇ ਜਿਤਨਾ) ਹੁੰਦਾ ਹੈ ਜਮਦੂਤ ਫੜ ਕੇ ਧਰਮਰਾਜ ਦੀ ਕਚਿਹਰੀ ਵਿਚ ਲੈ ਜਾਂਦੇ ਹਨ ਜਿੱਥੇ ਇਸ ਦੇ ਪਾਪਾਂ ਪੁੰਨਾਂ ਦਾ ਲੇਖਾ ਦੱਸ ਕੇ ਇਸ ਨੂੰ ਕੀਤੇ ਕਰਮਾਂ ਦਾ ਫਲ ਭੁਗਤਾਉਣ ਵਾਸਤੇ ਨਵਾਂ ਜਨਮ ਦਿੱਤਾ ਜਾਂਦਾ ਹੈ।

ਸਾਖੀ ਇਕ ਰਾਣੀ

ਇਕ ਰਾਜਾ ਜੋ ਬੜਾ ਧਰਮਾਤਮਾ ਸੀ ਉਸ ਦੀ ਇਕ ਨਵ-ਵਿਆਹੀ ਰਾਣੀ ਸਾਰਾ ਦਿਨ ਖਾਣ-ਪੀਣ ਤੇ ਹਾਰ ਸ਼ਿੰਗਾਰ ਵਿਚ ਹੀ ਬਤੀਤ ਕਰ ਦੇਂਦੀ ਸੀ। ਜਦ ਰਾਜਾ ਉਸ ਨੂੰ ਆਖੇ ਕਿ ਕੁਝ ਸਮਾਂ ਪਰਮਾਤਮਾ ਦਾ ਭਜਨ ਸਿਮਰਨ ਵੀ ਕਰਿਆ ਕਰ, ਤਾਂ ਉੱਤਰ ਦੇਵੇ ਕਿ ਅਜੇ ਸਾਡਾ ਖਾਣ-ਪੀਣ ਦਾ ਤੇ ਮੌਜ ਮੇਲੇ ਦਾ ਸਮਾਂ ਹੈ, ਜਦ ਬੁਢੇਪਾ ਆਵੇਗਾ, ਖਾਣ-ਪੀਣ ਦੇ ਦਿਨ ਲੰਘ ਜਾਣਗੇ ਤਾਂ ਭਜਨ ਸਿਮਰਨ ਕਰ ਲਵਾਂਗੇ। ਕਿਉਂਕਿ ਧਰਮ ਦੀ ਇਹ ਖੁਸ਼ਕ ਗਠੜੀ ਜੇ ਹੁਣ ਤੋਂ ਹੀ ਸਿਰ ਤੇ ਰੱਖ ਲਈ ਤਾਂ ਇਹ ਇਕ ਬਿਪਤਾ ਚੰਬੇੜ ਲੈਣ ਵਾਲੀ ਗੱਲ ਹੋਵੇਗੀ। ਰਾਣੀ ਦੀਆਂ ਐਸੀਆਂ ਉਕਤੀਆਂ ਜੁਗਤੀਆਂ ਦੀਆਂ ਗੱਲਾਂ ਸੁਣ ਕੇ ਰਾਜਾ ਮਨ ਵਿਚ ਬੜਾ ਦੁਖੀ ਹੁੰਦਾ। ਇਕ ਦਿਨ ਉਸ ਨੇ ਆਪਣੀ ਇਹ ਚਿੰਤਾ ਰਾਜ ਗੁਰੂ ਨੂੰ ਦੱਸੀ। ਰਾਜ ਗੁਰੂ ਰਾਣੀ ਨੂੰ ਸਮਝਾਉਣ ਵਾਸਤੇ ਇਕ ਦਿਨ ਰਾਜੇ ਤੇ ਰਾਣੀ ਨੂੰ ਬਾਹਰ ਸੈਰ ਕਰਨ ਵਾਸਤੇ ਲੈ ਗਿਆ। ਜਦ ਬਾਹਰ ਗਏ ਤਾਂ ਮਹਾਤਮਾ ਰਾਜ ਗੁਰੂ ਨੇ ਮੱਕਈ ਦਾ ਇਕ ਹਰਿਆ ਭਰਿਆ ਖੇਤ ਵੇਖ ਕੇ ਰਾਣੀ ਨੂੰ ਕਿਹਾ ਕਿ ਤੁਸੀਂ ਇਸ ਵਿਚ ਵੜ ਕੇ ਸਿੱਧਾ ਦੂਸਰੇ ਕਿਨਾਰੇ ਪਹੁੰਚ ਜਾਓ ਅਤੇ ਜਾਂਦੇ ਜਾਂਦੇ ਇਕ ਸਿੱਟਾ ਜੋ ਤੁਹਾਨੂੰ ਸਭ ਤੋਂ ਚੰਗਾ ਲੱਗੇ ਉਹ ਮੇਰੇ ਵਾਸਤੇ ਤੋੜਕੇ ਲੈ ਆਉਣਾ। ਰਾਜ ਗੁਰੂ ਦੀ ਆਗਿਆ ਮੰਨ ਕੇ ਰਾਣੀ ਸਿੱਟਿਆਂ ਦੇ ਖੇਤ ਵਿਚ ਚੱਲ ਪਈ। ਰਾਹ ਵਿੱਚ ਉਸ ਨੂੰ ਕਈ ਸਿੱਟੇ ਬਹੁਤ ਚੰਗੇ ਲੱਗੇ ਪਰ ਉਹ ਇਹ ਸੋਚਦੀ ਹੋਈ ਕਿ ਅੱਗੋਂ ਹੋਰ ਚੰਗਾ ਸਿੱਟਾ ਤੋੜਾਂਗੀ ਖੇਤ ਦੇ ਦੂਸਰੇ ਪਾਸੇ ਪਹੁੰਚ ਗਈ, ਅਤੇ ਸਿੱਟਾ ਕੋਈ ਵੀ ਨਾ ਤੋੜਿਆ। ਰਾਜ ਗੁਰੂ ਨੇ (ਜੋ ਰਾਜੇ ਨਾਲ ਖੇਤ ਦੇ ਦੂਸਰੇ ਪਾਸੇ ਜਾ ਖੜ੍ਹੇ ਹੋਏ ਸਨ) ਰਾਣੀ ਨੂੰ ਪੁੱਛਿਆ ਕਿ ਦੱਸੋ ਕਿਹੜਾ ਸਿੱਟਾ ਲਿਆਂਦਾ ਜੇ। ਤਦ ਰਾਣੀ ਬੜੀ ਪ੍ਰੇਸ਼ਾਨ ਹੋਈ ਅਤੇ ਕਹਿਣ ਲੱਗੀ ਕਿ ਅਫਸੋਸ, ਮੈਂ ਉਹ ਕੰਮ ਨਾ ਕਰ ਸਕੀ ਜਿਸ ਵਾਸਤੇ ਤੁਸਾਂ ਮੈਨੂੰ ਭੇਜਿਆ ਸੀ। ਅੱਗੋਂ ਤੋੜਾਂਗੀ, ਅਗੋਂ ਤੋੜਾਂਗੀ ਕਰਕੇ ਸਾਰਾ ਖੇਤ ਲੰਘ ਆਈ ਹਾਂ। ਰਾਣੀ ਦੀ ਇਹ ਗੱਲ ਸੁਣ ਕੇ ਰਾਜ ਗੁਰੂ ਨੇ ਕਿਹਾ “ਐ ਰਾਣੀ! ਜੋ ਸਮਾਂ ਬੀਤ ਜਾਵੇ, ਉਹ ਮੁੜ ਕੇ ਹੱਥ ਨਹੀਂ ਆਉਂਦਾ।” ਖੇਤੀ ਇਹ ਸੰਸਾਰ ਹੈ, ਜਿਸ ਦੇ ਹਰੇ ਭਰੇਂ ਮਾਇਆ ਦੇ ਰੰਗਾਂ ਵਿਚ ਵਾਹਿਗੁਰੂ ਦਾ ਨਾਮ ਇਕ ਉੱਤਮ ਸਿੱਟਾ ਹੈ। ਜੀਵਨ ਯਾਤਰਾ ਰਸਤਾ ਹੈ। ਜੇ ਇਸ ਖੇਤ ਦੇ ਵਿਚੋਂ ਲੰਘਦੇ ਹੋਏ ਜੀਵਨ ਯਾਤਰਾ ਦਾ ਰਸਤਾ, ਬਿਨਾਂ ਭਜਨ ਸਿਮਰਨ ਦੇ ਹੀ ਬੀਤ ਜਾਵੇ ਤਾਂ ਖੇਤ ਸੰਸਾਰ ਦੇ ਦੂਸਰੇ ਬੰਨੇ ਪ੍ਰਲੋਕ ਵਿਚ ਪਹੁੰਚ ਕੇ ਪਛਤਾਉਣਾ ਪੈਂਦਾ ਹੈ। ਸੋ ਭਜਨ ਸਿਮਰਨ ਰੂਪੀ ਸਿੱਟੇ ਨੂੰ ਤੋੜਣ ਵਾਸਤੇ ਅੱਗੇ ਤੇ ਨਹੀਂ ਪਾਉਣਾ ਚਾਹੀਦਾ।

ਕਿਉਂਕਿ ਇਹੀ ਤੇਰਾ ਅਉਸਰ ਇਹ ਤੇਰੀ ਬਾਰ।।

ਘਟ ਭੀਤਰ ਤੂ ਦੇਖ ਬਿਚਾਰਿ।। (ਭੈਰਉ ਕਬੀਰ ਜੀ)

ਨਹੀਂ ਤਾਂ ਫਿਰ-ਪਛੋਤਾਵਾ ਨਾ ਮਿਲੈ ਜਬੁ ਚੁਕੈਗੀ ਸਾਰੀ।।

ਤਾ ਫਿਰਿ ਪਿਆਰਾ ਰਾਵੀਐ ਜਬ ਆਵੈਗੀ ਵਾਰੀ।।3।। (ਤਿਲੰਗ ਮ 1, ਪੰਨਾ 725)

ਸਾਖੀ ਗੁਰੂ ਅਰਜਨ ਦੇਵ ਜੀ

ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਦ ਆਪਣੇ ਤਾਏ ਸਹਾਰੀ ਮਲ ਜੀ ਦੇ ਪੁੱਤਰ ਦੇ ਵਿਆਹ ਸਮੇਂ ਸ੍ਰੀ ਗੁਰੂ ਰਾਮ ਦਾਸ ਜੀ ਨੇ ਲਾਹੌਰ ਭੇਜਿਆ ਤਾਂ ਆਪ ਜੀ ਨੂੰ ਹੁਕਮ ਕੀਤਾ ਕਿ ਜਦ ਤਕ ਅਸੀਂ ਆਉਣ ਦੀ ਆਗਿਆ ਨਾ ਦੇਈਏ ਤੁਸਾਂ ਲਾਹੌਰ ਹੀ ਰਹਿਣਾ। ਇਸ ਹੁਕਮ ਅਨੁਸਾਰ ਜਦ ਆਪ ਜੀ ਨੂੰ ਲਾਹੌਰ ਗਿਆਂ ਅੱਠ ਨੌਂ ਮਹੀਨੇ ਹੋ ਗਏ ਅਤੇ ਗੁਰੂ ਪਿਤਾ ਜੀ ਵੱਲੋਂ ਵਾਪਸ ਅੰਮ੍ਰਿਤਸਰ ਆਉਣ ਦਾ ਕੋਈ ਹੁਕਮ ਨਾ ਪੁੱਜਾ ਤਾਂ ਆਪ ਜੀ ਨੂੰ ਗੁਰੂ ਪਿਤਾ ਜੀ ਦੇ ਦਰਸ਼ਨ ਪਰਸਨ ਵਾਸਤੇ ਪ੍ਰੇਮ ਉਮਾਹੜਾ ਹੋਇਆ, ਅਰਥਾਤ ਤੀਬਰ ਵੈਰਾਗ ਉਪਜਿਆ।

ਇਸ ਕਰਕੇ ਆਪ ਜੀ ਨੇ ਪਿਤਾ ਗੁਰੂ ਜੀ ਨੂੰ ਇਸ ਤਰ੍ਹਾਂ ਬੇਨਤੀ ਪੱਤਰ ਭੇਜਿਆ –

ਮੇਰਾ ਮਨੁ ਲੋਚੈ ਗੁਰ ਦਰਸਨ ਤਾਈ।।

ਬਿਲਪ ਕਰੇ ਚਾਤ੍ਰਿਕ ਕੀ ਨਿਆਈ।।

ਤ੍ਰਿਖਾ ਨਾ ਉਤਰੈ ਸ਼ਾਂਤਿ ਨ ਆਵੈ ਬਿਨ ਦਰਸਨ ਸੰਤ ਪਿਆਰੇ ਜੀਉ।।1।।

ਹਉ ਘੋਲੀ ਜੀਉ ਘੋਲਿ ਘੁਮਾਇ ਗੁਰ ਦਰਸਨ ਸੰਤ ਪਿਆਰੇ ਜੀਉ।।1।। ਰਹਾਉ।।

ਜਦ ਇਸ ਬਿਨੈ ਪੱਤਰ ਦਾ ਕੋਈ ਉੱਤਰ ਨਾ ਆਇਆ ਤਾਂ ਫਿਰ ਆਪ ਜੀ ਨੇ ਇਉਂ ਪਿਆਰ ਤੇ ਸਤਿਕਾਰ ਭਰਿਆ ਦੂਜਾ ਪੱਤਰ ਲਿਖਿਆ –

ਤੇਰਾ ਮੁਖ ਸੁਹਾਵਾ ਜੀਉ ਸਹਜੁ ਧੁਨਿ ਬਾਣੀ।।

ਚਿਰੁ ਹੋਆ ਦੇਖੇ ਸਾਰਿੰਗਪਾਣੀ।।

ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ।।2।।

ਹਉ ਘੋਲੀ ਜੀਉ ਘੋਲਿ ਘੁਮਾਇ ਗੁਰ ਸਜਣ ਮੀਤ ਮੁਰਾਰੇ ਜੀਉ।।1।। ਰਹਾਉ।।

ਜਦ ਇਸ ਦਾ ਕੋਈ ਉੱਤਰ ਨਾ ਆਇਆ ਤਾਂ ਆਪ ਜੀ ਨੇ ਪਿਤਾ ਗੁਰੂ ਜੀ ਦੀ ਸੇਵਾ ਵਿਚ ਤੀਸਰੇ ਬੇਨਤੀ ਪੱਤਰ ਦੁਆਰਾ ਆਪਣਾ ਦਸ਼ਾ ਦਾ ਵਰਨਣ ਇਸ ਤਰ੍ਹਾਂ ਕੀਤਾ –

ਇਕ ਘੜੀ ਨ ਮਿਲਤੇ ਤਾ ਕਲਿਜੁਗ ਹੋਤਾ।। ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ।।

ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ।।3।।

ਹਉ ਘੋਲੀ ਜੀਉ ਘੋਲਿ ਘੁਮਾਇ ਤਿਸੁ ਸਚੇ ਗੁਰ ਦਰਬਾਰੇ ਜੀਉ।।1।। ਰਹਾਓ।।

ਜਦ ਇਹ ਪ੍ਰੇਮ ਉਮਾਹੜਾ ਦੀ ਤੀਜੀ ਚਿੱਠੀ ਪਿਤਾ ਗੁਰੂ ਜੀ ਨੇ ਪੜ੍ਹੀ ਤਾਂ ਆਪ ਜੀ ਨੂੰ ਜਲਦੀ ਹੀ ਅੰਮ੍ਰਿਤਸਰ ਮੰਗਵਾ ਲਿਆ।।

“ਕਿਉ ਮਿਲੀਐ ਹਰਿ ਜਾਇ” ਦੀ ਘਾਲਣਾ ਜਦ ਇਸ ਤਰ੍ਹਾਂ ਪੂਰੀ ਹੋ ਗਈ ਤਾਂ ਆਪ ਜੀ ਨੇ ਪਿਤਾ ਗੁਰੂ ਜੀ ਦੇ ਦਰਸ਼ਨ ਪਰਸ ਕੇ ਉਨ੍ਹਾਂ ਸਨਮੁਖ ਆਪਣਾ ਪ੍ਰੇਮ ਉਮਾਹੜਾ ਇਸ ਤਰ੍ਹਾਂ ਪ੍ਰਗਟ ਕੀਤਾ –

ਭਾਗ ਹੋਆ ਗੁਰਿ ਸੰਤੁ ਮਿਲਾਇਆ।।

ਪ੍ਰਭੁ ਅਬਿਨਾਸੀ ਘਰ ਮਹਿ ਪਾਇਆ।।

ਸੇਵ ਕਰੀ ਪਲੁ ਚਸਾ ਨ ਵਿਛੁਡ਼ਾ ਜਨ ਨਾਨਕ ਦਾਸ ਤੁਮਾਰੇ ਜੀਉ।।4।।

ਹਉ ਘੋਲਿ ਜੀਉ ਘੋਲਿ ਘੁਮਾਇ ਜਨ ਨਾਨਕ ਦਾਸ ਤੁਮਾਰੇ ਜੀਉ।। ਰਹਾਉ।।1।।8।। (ਮਾਝ ਮ 5)

ਸਾਖੀ ਭਾਈ ਤਰਲੋਚਨ ਜੀ

ਇਕ ਵੇਰ ਭਗਤ ਤਰਲੋਚਨ ਜੀ ਨੇ ਆਪਣੀ ਇਸਤ੍ਰੀ ਨੂੰ ਸਮਝਾਇਆ ਕਿ – ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ।। ਦੁਕ੍ਰਿਤ ਸੁਕ੍ਰਿਤ ਥਾਰੋ ਕਰਮੁ ਰੀ।। (ਧਨਾਸਰੀ ਤ੍ਰਿਲੋਚਨ ਜੀ) ਹੇ ਤੁਛ ਬੁੱਧੀ ਕਰਕੇ ਭੁਲੀ ਹੋਈਏ! ਨਾਰਾਇਣ ਨੂੰ ਕਿਉਂ ਨਿੰਦ ਕੇ ਦੋਸ਼ ਦੇਂਦੀ ਹੈ, ਦੁਖ ਤੇ ਸੁਖ ਤਾਂ ਤੇਰੇ ਆਪਣੇ ਕਰਮਾਂ ਦੇ ਫਲ ਹਨ। ਇਹ ਵਾਰਤਾ ਇਸ ਤਰ੍ਹਾਂ ਹੈ। ਭਗਤ ਤ੍ਰਿਲੋਚਨ ਜੀ ਬੜੇ ਈਸ਼ਵਰ ਭਗਤ ਤੇ ਸੰਤ ਸੇਵੀ ਸਨ। ਇਕ ਦਿਨ ਉਨ੍ਹਾਂ ਦੀ ਬ੍ਰਿਧ ਇਸਤ੍ਰੀ ਨੇ ਬੇਨਤੀ ਕੀਤੀ – ਹੇ ਪ੍ਰਭੂ! ਹੁਣ ਬ੍ਰਿਧ ਅਵਸਥਾ ਦੇ ਕਾਰਨ ਮੇਰੇ ਤੋਂ ਸੇਵਾ ਨਹੀਂ ਹੋ ਸਕਦੀ, ਜੇ ਕੋਈ ਨੌਕਰ ਮਿਲ ਜਾਵੇ ਤਾਂ ਚੰਗਾ ਹੋਵੇ। ਭਗਤਣੀ ਦੀ ਇਹ ਇੱਛਾ ਜਾਣ ਕੇ  ਅੰਤਰਜਾਮੀ ਪ੍ਰਮਾਤਮਾ ਸੇਵਕ ਦਾ ਰੂਪ ਧਾਰ ਕੇ ਭਗਤ ਜੀ ਦੇ ਘਰ ਅੱਗੇ ਖੜ੍ਹਾ ਹੋਇਆ, ਭਗਤਣੀ ਨੇ ਉਸ ਦੀ ਨੌਕਰਾਂ ਵਾਲੀ ਦਸ਼ਾ ਨੂੰ ਵੇਖ ਕੇ ਪੁੱਛਿਆ ਕਿ ਕਾਕਾ ! ਤੂੰ ਨੌਕਰੀ ਕਰਨੀ ਹੈ? ਅੰਤਰਜਾਮੀ ਰੂਪੀ ਸੇਵਕ ਨੇ ਕਿਹਾ ਹਾਂ ਮਾਤਾ ਜੀ! ਨੌਕਰੀ ਕਰਨਾ ਹੈ। ਜਦ ਭਗਤਣੀ ਨੇ ਪੁੱਛਿਆ ਕਿ ਤਨਖਾਹ ਕੀ ਲਵੇਂਗਾ? ਤਾਂ ਸੇਵਕ ਨੇ ਉੱਤਰ ਦਿੱਤਾ ਕਿ ਮੈਂ ਤਨਖਾਹ ਕੋਈ ਨਹੀਂ ਲੈਂਦਾ ਹੁੰਦਾ, ਕੇਵਲ ਰੋਟੀ ਹੀ ਖਾਂਦਾ ਹਾਂ, ਪਰ ਸ਼ਰਤ ਕੇਵਲ ਇਹ ਹੈ ਕਿ ਜਦ ਕੋਈ ਮੇਰੀ ਨਿੰਦਾ ਕਰੇ ਤਾਂ ਫੇਰ ਮੈਂ ਉਸ ਦੀ ਨੌਕਰੀ ਨਹੀਂ ਕਰਦਾ। ਉਸ ਦੀ ਇਹ ਗੱਲ ਸੁਣਕੇ ਭਗਤਣੀ ਨੇ ਬੜੀ ਪ੍ਰਸੰਨਤਾ ਪ੍ਰਗਟ ਕੀਤੀ ਅਤੇ ਉਸ ਨੂੰ ਆਪਣਾ ਸੇਵਕ ਰੱਖ ਲਿਆ। ਜਦ ਸੰਧਿਆ ਵੇਲੇ ਭਗਤ ਜੀ ਘਰ ਆਏ ਤਾਂ ਉਨ੍ਹਾਂ ਨੂੰ ਵੀ ਇਹ ਸਾਰੀ ਗੱਲ ਦੱਸ ਦਿੱਤੀ। ਸੇਵਕ ਬੜੇ ਉਤਸਾਹ ਤੇ ਪ੍ਰੇਮ ਨਾਲ ਸਾਰਾ ਘਰ ਦਾ ਕੰਮ ਕਰਕੇ ਭਗਤਣੀ ਨੂੰ ਪ੍ਰਸੰਨ ਰੱਖਦਾ। ਜਿਤਨੀ ਰੋਟੀ ਸੇਵਕ ਨੂੰ ਖਾਣ ਵਾਸਤੇ ਭਗਤਣੀ ਦੇਵੇ ਉਤਨੀ ਹੀ ਖਾ ਕੇ ਸੰਤੁਸ਼ਟ ਰਹਿੰਦਾ, ਨਾ ਹੋਰ ਮੰਗਦਾ ਨਾ ਅਣਖਾਧੀ ਪਿੱਛੇ ਛੱਡਦਾ। ਕੁਝ ਸਮੇਂ ਉਪਰੰਤ ਭਗਤਣੀ ਸੇਵਕ ਦਾ ਪਰਤਾਰਾ ਲੈਣ ਲੱਗੀ ਕਿ ਵੇਖਾਂ ਇਹ ਕਿੰਨਾ ਕੁ ਅੰਨ ਖਾਂਦਾ ਹੈ। ਭਗਤਣੀ ਰੋਟੀਆਂ ਰੱਖੀ ਜਾਵੇ ਅਤੇ ਸੇਵਕ ਚੁੱਪ ਕਰਕੇ ਖਾਈ ਜਾਵੇ। ਇਸ ਤਰ੍ਹਾਂ ਜਦ ਘਰ ਦਾ ਸਾਰਾ ਅੰਨ ਮੁੱਕ ਗਿਆ ਤਾਂ ਭਗਤਣੀ ਗੁਵਾਂਢਣ ਪਾਸੋਂ ਆਟਾ ਹੁਧਾਰਾ ਲੈਣ ਚਲੀ ਗਈ। ਅਗੋਂ ਗੁਵਾਂਢਣ ਨੇ ਸੁਭਾਵਿਕ ਹੀ ਇਸ ਦਾ ਕਾਰਣ ਪੁੱਛਿਆ ਤਾਂ ਭਗਤਣੀ ਨੇ ਕਿਹਾ “ਭੈਣ ਕੀ ਦੱਸਾਂ ਸਾਡਾ ਸੇਵਕ ਪਤਾ ਨਹੀਂ ਕੀ ਬਲਾ ਹੈ, ਇਸ ਦਾ ਢਿੱਡ ਹੈ ਕਿ ਖੂਹ ਹੈ, ਜੋ ਰਿੱਧਾ ਪੱਕਾ ਸੀ ਸਭ ਖਾ ਗਿਆ ਅਜੇ ਵੀ ਭੁੱਖਾ ਹੀ ਹੈ ਜੋ ਦੇਵਾਂ ਖਾਈ ਜਾਂਦਾ ਹੈ, ਰੱਜਦਾ ਹੈ ਹੀ ਨਹੀਂ।” ਇਸ ਤਰ੍ਹਾਂ ਨਾਲ ਸੇਵਕ ਦੀ ਨਿੰਦਿਆ ਕਰਕੇ ਜਦ ਭਗਤਣੀ ਘਰ ਵਾਪਸ ਆਈ ਤਾਂ ਸੇਵਕ ਅਲੋਪ ਹੋ ਗਿਆ। ਇਹ ਵੇਖਕੇ ਭਗਤਣੀ ਪ੍ਰਮਾਤਮਾ ਦੀ ਨਿੰਦਾ ਕਰਨ ਲੱਗੀ ਅਤੇ ਘਰ ਆਏ ਭਗਤ ਜੀ ਨੂੰ ਕਿਹਾ ਕਿ ਵੇਖੋ ਪ੍ਰਮਾਤਮਾ ਕਿਤਨਾ ਨਿਰਦਈ ਹੈ। ਇਤਨੇ ਵਖਤਾਂ ਨਾਲ ਸੇਵਕ ਮਿਲਿਆ ਸੀ, ਉਹ ਵੀ ਨਹੀਂ ਸੂ ਰਹਿਣ ਦਿੱਤਾ, ਜ਼ਰਾ ਤਰਸ ਨਹੀਂ ਸੂ ਆਇਆ। ਇਹ ਮੈਨੂੰ ਦੁੱਖ ਦੇ ਕੇ ਰਾਜ਼ੀ ਹੈ। ਇਤਿਆਦਿਕ ਭਗਤਣੀ ਦੀ ਹੋਰ ਭੀ ਕਈ ਉਪਲੰਭੀ ਬਚਨ ਸੁਣ ਕੇ ਭਗਤ ਜੀ ਨੇ ਉਸ ਨੂੰ ਗਵਾਰੀ (ਮੂਰਖ) ਕਿਹਾ ਅਤੇ ਸਮਝਾਇਆ ਕਿ ਨਾਰਾਇਣ ਨੂੰ ਤੂੰ ਬੇਅਰਥ ਦੋਸ਼ ਦੇਂਦੀ ਹੈਂ। ਤੂੰ ਸੇਵਕ ਦੀ ਨਿੰਦਿਆ ਕਰਕੇ ਬੁਰਾ ਕਰਮ ਕੀਤਾ, ਇਸ ਦਾ ਫਲ ਤੈਨੂੰ ਸੇਵਕ ਦੇ ਚਲੇ ਜਾਣ ਕਰਕੇ ਦੁਖ ਮਿਲਿਆ ਹੈ। ਸੋ ਦੋਸ਼ ਤੇਰੇ ਕਰਮਾਂ ਦਾ ਹੈ।

ਯਥਾ –

ਕਰਮੀ ਆਪੋ ਆਪਣੀ ਆਪੇ ਪਛੁਤਾਣੀ।।

ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ।। (ਗਉੜੀ ਮ 5 ਪੰਨਾ 315)

ਸਾਖੀ ਬਾਲਮੀਕ ਬਟਵਾਰਾ

ਬਾਲਮੀਕ ਜੋ ਰਸਤੇ ਜਾਂਦੇ ਲੋਕਾਂ ਨੂੰ ਮਾਰ ਕੁੱਟ ਕੇ ਉਨ੍ਹਾਂ ਨੂੰ ਲੁੱਟ ਪੁੱਟ ਲੈਂਦਾ ਸੀ, ਇਕ ਦਿਨ ਉਸ ਨੇ ਰਾਹ ਜਾਂਦੇ ਸੰਤਾਂ ਦੇ ਕਪੜੇ ਉਤਾਰ ਕੇ ਉਨ੍ਹਾਂ ਦਾ ਸਮਾਨ ਲੁੱਟ ਲਿਆ। ਸੰਤਾਂ ਨੇ ਕਿਹਾ ਤੂੰ ਇਹ ਕਰਮ ਕਰਕੇ ਆਪਣੇ ਸਿਰ ਤੇ ਪਾਪਾਂ ਦਾ ਭਾਰ ਕਿਉਂ ਚੜ੍ਹਾ ਰਿਹਾ ਹੈਂ? ਅੰਤ ਸਮੇਂ ਤੇਰੀ ਕੋਈ ਸਹਾਇਤਾ ਨਹੀਂ ਕਰੇਗਾ। ਬਾਲਮੀਕ ਨੇ ਕਿਹਾ ਮੇਰੀ ਇਸਤ੍ਰੀ ਪੁੱਤਰ ਮੇਰੇ ਇਨ੍ਹਾਂ ਕਰਮਾ ਦਾ ਭਾਰ ਵੰਡਾਉਣਗੇ। ਸੰਤਾਂ ਨੇ ਕਿਹਾ, ਜੇ ਇਹ ਗੱਲ ਠੀਕ ਹੈ ਤਾਂ ਜਾ ਘਰ ਜਾ ਕੇ ਪੁੱਛ ਆ। ਸੰਤਾਂ ਦੇ ਆਖੇ ਲੱਗ ਕੇ ਜਦ ਬਾਲਮੀਕ ਬਟਵਾਰੇ ਨੇ ਆਪਣੇ ਇਸਤ੍ਰੀ ਪੁੱਤਰਾਂ ਅਤੇ ਮਾਤਾ ਪਿਤਾ ਆਦਿਕ ਸਨਬੰਧੀਆਂ ਨੂੰ ਪੁੱਛਿਆ ਕਿ ਮੈਂ ਜੋ ਮਾਰ ਧਾੜ ਕਰਕੇ ਤੁਹਾਨੂੰ ਲਿਆ ਕੇ ਦੇਂਦਾ ਹਾਂ ਕੀ ਤੁਸੀਂ ਉਸ ਵੇਲੇ ਮੇਰੇ ਪਾਪਾਂ ਦਾ ਹਿੱਸਾ ਵੰਡਾਉਂਗੇ, ਜਦ ਮੈਨੂੰ ਇਨ੍ਹਾਂ ਖੋਟੇ ਕਰਮਾਂ ਦੀ ਸਜ਼ਾ ਮਿਲੇਗੀ? ਬਾਲਮੀਕ ਦੀ ਇਹ ਗੱਲ ਸੁਣ ਕੇ ਸਭ ਨੇ ਇਹ ਉੱਤਰ ਦਿੱਤਾ ਕਿ ਤੇਰੇ ਕਰਮਾਂ ਦੇ ਅਸੀਂ ਭਾਈਵਾਲ ਨਹੀਂ ਹੋਵਾਂਗੇ, ਤੂੰ ਭਾਵੇਂ ਇਹ ਮਾਰ ਧਾੜ ਕਰ ਅਤੇ ਭਾਵੇਂ ਨਾ ਕਰ, ਅਸੀਂ ਤੈਨੂੰ ਕੋਈ ਬੁਰਾ ਕਰਮ ਕਰਨ ਵਾਸਤੇ ਨਹੀਂ ਕਹਿੰਦੇ। ਸਨਬੰਧੀਆਂ ਦਾ ਇਹ ਉੱਤਰ ਸੁਣ ਕੇ ਬਾਲਮੀਕ ਨੇ ਆਪਣੇ ਮਨ ਨੂੰ ਕਿਹਾ, ਕਿ ਹੇ ਮਨਾ! ਜਿਨ੍ਹਾਂ ਵਾਸਤੇ ਤੂੰ ਦਿਨ ਰਾਤ ਲੁੱਟਾਂ ਮਾਰਾਂ ਕਰਕੇ ਪਾਪਾਂ ਦੇ ਭਾਰ ਬੰਨ੍ਹ ਰਿਹਾ ਹੈਂ ਉਹ ਤਾਂ ਤੇਰੇ ਭਾਰ ਨੂੰ ਵੰਡਾਉਣ ਵਾਸਤੇ ਤਿਆਰ ਨਹੀਂ ਹਨ, ਤੂੰ ਕਿਸ ਵਾਸਤੇ ਪਾਪ ਕਰਮ ਕਰਦਾ ਹੈਂ? ਇਸ ਵੀਚਾਰ ਨੂੰ ਮੁੱਖ ਰੱਖ ਕੇ ਬਾਲਮੀਕ ਸਭ ਕੁਛ ਛੱਡ ਕੇ ਸੰਤਾਂ ਦੀ ਸ਼ਰਨ ਪੈ ਗਿਆ ਅਤੇ ਰਾਮ ਨਾਮ ਦਾ ਸਿਮਰਨ ਕਰਦਾ ਕਰਦਾ ਪਰਮਗਤੀ ਨੂੰ ਪ੍ਰਾਪਤ ਹੋਇਆ।

ਸਾਖੀ ਮੀਰਾਂ ਬਾਈ

ਮੀਰਾਂ ਬਾਈ ਕ੍ਰਿਸ਼ਨ ਮੂਰਤੀ ਦੀ ਉਪਾਸ਼ਕ (ਭਗਤੀ ਕਰਨ ਵਾਲੀ) ਸੀ, ਜੋ ਭਗਤੀ ਕਰਦੀ ਕਰਦੀ ਉਸਦਾ ਰੂਪ ਹੋ ਗਈ ਸੀ। ਇਹ ਮੀਰਾਂ ਬਾਈ ਰਾਜਪੂਤਾਨੇ ਦੇ ਇਕ ਰਾਜੇ ਰਤਨ ਸਿੰਘ ਦੀ ਲੜਕੀ ਸੀ, ਜੋ ਚਿਤੌੜ ਦੇ ਰਾਜੇ ਭੋਜ ਸਿੰਘ ਨਾਲ ਵਿਆਹੀ ਹੋਈ ਸੀ, ਰਾਜਾ ਭੋਜ ਸਿੰਘ ਵਿਆਹ ਪਿੱਛੋਂ ਛੇਤੀ ਹੀ ਕਾਲ ਵੱਸ ਹੋ ਗਿਆ ਅਤੇ ਮੀਰਾਂ ਇਸਦੇ ਵਿਜੋਗ ਕਰਕੇ ਪ੍ਰਭੂ ਭਗਤੀ ਕਰਨ ਲੱਗ ਪਈ। ਉਸ ਜ਼ਮਾਨੇ ਵਿਚ ਕਿਸੇ ਰਾਜ ਘਰਾਣੇ ਦੀ ਰਾਣੀ ਦਾ ਮੰਦਰ ਵਿਚ ਜਾ ਕੇ ਭਗਤੀ ਕਰਨਾ ਬਹੁਤ ਬੁਰਾ ਗਿਣਿਆ ਜਾਂਦਾ ਸੀ। ਇਸ ਕਰਕੇ ਮੀਰਾਂ ਦਾ ਦੇਵਰ ਆਪਣੇ ਘਰਾਣੇ ਦੀ ਹੱਤਕ ਹੁੰਦੀ ਸਮਝ ਕੇ ਇਸ ਨੂੰ ਮੰਦਰ ਵਿਚ ਜਾਣ ਤੋਂ ਬਹੁਤ ਰੋਕਦਾ ਸੀ, ਪਰ ਮੀਰਾਂ ਵਰਜੀ ਨਹੀਂ ਸੀ ਰਹਿੰਦੀ। ਇਸ ਗੱਲ ਤੋਂ ਮੀਰਾਂ ਦੇ ਦੇਵਰ ਨੇ ਇਸ ਨੂੰ ਮਾਰਨ ਵਾਸਤੇ, (ਜਦ ਉਹ ਮੰਦਰ ਵਿਚ ਭਗਤੀ ਕਰ ਰਹੀ ਸੀ) ਇਕ ਜ਼ਹਿਰੀ ਸੱਪ ਦਾ ਪਟਾਰਾ ਭੇਜਿਆ, ਜਿਸ ਨੂੰ ਮੀਰਾਂ ਨੇ ਆਪਣੇ ਧੇਯ (ਕ੍ਰਿਸ਼ਨ ਮੂਰਤੀ) ਦਾ ਰੂਪ ਸਮਝ ਕੇ ਆਪਣੇ ਗਲ ਵਿਚ ਪਾ ਲਿਆ ਅਤੇ ਸੱਪ ਨੇ ਮੀਰਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ। ਫੇਰ ਇਕ ਵਾਰ ਮੀਰਾਂ ਦੇ ਇਸ ਦੇਵਰ ਨੇ ਮੀਰਾਂ ਨੂੰ ਜ਼ਹਿਰ ਦਾ ਪਿਆਲਾ ਭੇਜਿਆ। ਮੀਰਾਂ ਭਗਤੀ ਵਿਚ ਲੀਨ ਸੀ, ਜਦ ਭਗਤੀ ਤੋਂ ਉੱਠੀ ਤਾਂ ਉਹ ਪਿਆਲਾ ਉਸਨੂੰ ਪੇਸ਼ ਕੀਤਾ ਗਿਆ, ਮੀਰਾਂ ਨੇ ਉਸ ਨੂੰ ਠਾਕਰਾਂ ਦਾ ਚਰਨਾਂਮ੍ਰਿਤ ਸਮਝ ਕੇ ਪੀ ਲਿਆ ਅਤੇ ਉਸ ਜ਼ਹਿਰ ਨੇ ਵੀ ਮੀਰਾਂ ਤੇ ਕੋਈ ਅਸਰ ਨਾ ਕੀਤਾ। ਮੀਰਾਂ ਆਪਣੇ ਧੇਯ ਕ੍ਰਿਸ਼ਨ ਮੂਰਤੀ ਦੇ ਧਿਆਨ ਵਿਚ ਜਿਸ ਨੂੰ ਉਹ ਗਿਰਧਰ ਗੋਪਾਲ ਕਹਿੰਦੀ ਸੀ, ਮਗਨ ਹੋ ਕੇ ਉਸ ਵਿਚ ਹੀ ਤਦਾਕਾਰ ਇਕਮਿਕ ਹੋ ਰਹੀ ਸੀ। ਉਸਨੂੰ ਸਭ ਕੁਛ ਉਸ ਆਪਣੇ ਪ੍ਰੀਤਮ ਦਾ ਹੀ ਰੂਪ ਦਿਸਦਾ ਸੀ। ਜਿਸ ਕਰਕੇ ਉਸ ਨੂੰ ਕਿਸ ਚੀਜ਼ ਦਾ ਬੁਰਾ ਅਸਰ ਨਹੀਂ ਸੀ ਹੁੰਦਾ। ਅੰਤ ਸਮੇਂ ਮੀਰਾਂ ਬਾਈ ਨੇ ਬਿੰਦਰਾਬਨ ਵਿਚ ਜਾ ਨਿਵਾਸ ਕੀਤਾ ਅਤੇ ਭਗਵਾਨ ਦੀ ਭਗਤੀ ਭਜਨ ਦੇ ਰੰਗ ਵਿਚ ਪਗਲੀ ਮੀਰਾਂ ਦਾ ਉਪਨਾਮ ਪ੍ਰਾਪਤ ਕਰਕੇ ਆਪਣੇ ਧੇਯ ਪਤੀ ਪ੍ਰਮਾਤਮਾ ਦਾ ਧਿਆਨ ਕਰਦੀ ਕਰਦੀ ਉਸਦਾ ਰੂਪ ਹੋ ਕੇ ਸਦਾ ਲਈ ਉਸ ਵਿਚ ਸਮਾ ਗਈ। ਮੀਰਾਂ ਬਾਈ ਦਾ ਮੰਦਰ ਤੇ ਉਸ ਦੇ ਗਿਰਧਰ ਗੋਪਾਲ ਦੀ ਮੂਰਤੀ ਚਿਤੌੜ ਦੇ ਕਿਲ੍ਹੇ ਵਿਚ ਦੱਸੀ ਜਾਂਦੀ ਹੈ।

ਜਿਨਿ ਰਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ।।

ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਇਸ ਅਵਤਾਰੀ ਜਨਮ ਤੋਂ ਪਹਿਲਾਂ ਸਪਤ ਸ੍ਰਿੰਗ ਪਹਾੜ ਦੀਆਂ ਚੋਟੀਆਂ ਉੱਤੇ ਇਕ ਰਿਖੀ ਦੇ ਰੂਪ ਵਿਚ ਤਪ ਕਰਦੇ ਰਹੇ ਸਨ। ਇਹ ਸਪਤ ਸ੍ਰਿੰਗ ਚੋਟੀ ਬਰਫ ਦਾ ਘਰ ਹੈ। ਆਪ ਜੀ ਨੂੰ ਉਥੋਂ ਦੀ ਸਰਦੀ ਕੋਈ ਅਸਰ ਨ ਕਰ ਸਕੀ, ਕਿਉਂਕਿ ਆਪ ਜੀ ਦੇ “ਕੰਠਿ ਮਿਲਿਆ ਹਰਿ ਨਾਹੁ” ਸੀ। ਆਪ ਜੀ ਆਪਣੀ ਕਥੀ ਵਿਚ ਫਰਮਾਉਂਦੇ ਹਨ।

ਅਬ ਮੈ ਅਪਨੀ ਕਥਾ ਬਖਾਨੋ।।

ਤਪ ਸਾਧਨ ਜਿਹ ਬਿਧਿ ਮੁਹਿ ਆਨੋ।।

ਹੇਮ ਕੁੰਟ ਪਰਬਤ ਹੈ ਜਹਾਂ।।

ਸਪ ਸ੍ਰਿੰਗ ਸੋਭਿਤ ਹੈ ਤਹਾਂ।।1।।

ਸਪਤ ਸ੍ਰਿੰਗ ਤਿਹ ਨਾਮੁ ਕਹਾਵਾ।।

ਪੰਡੁ ਰਾਜ ਜਿਹ ਜੋਗੁ ਕਮਾਵਾ।।

ਤਹ ਹਮ ਅਧਿਕ ਤਪੱਸਿਆ ਸਾਧੀ।।

ਮਹਾਕਾਲ ਕਾਲਿਕਾ ਆਰਾਧੀ।।2।।

ਇਹ ਬਿਧਿ ਕਰਤ ਤਪੱਸਿਆ ਭਯੋ।।

ਦ੍ਵੈ ਤੇ ਏਕ ਰੂਪ ਹ੍ਵੈ ਗਯੋ।।

ਇਹ “ਦ੍ਵੈ ਤੇ ਏਕ ਰੂਪ ਹੈ ਗਯੋ” ਦੀ ਦਸ਼ਾ “ਕੰਠਿ ਮਿਲਿਆ ਹਰਿ ਨਾਹੁ ਵਾਲੀ ਸੀ”, ਜੋ ਆਪ ਜੀ ਨੇ ਵਰਨਣ ਕੀਤਾ ਹੈ।

ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਕਰਤਾਰਪੁਰ (ਰਾਵੀ) ਨਿਵਾਸ ਸਮੇਂ ਸਵਾ ਪਹਿਰ ਰਾਤ ਰਹਿੰਦੀ ਤੋਂ ਦਿਨ ਚੜ੍ਹੇ ਤੱਕ ਰਾਵੀ ਦੇ ਵਗਦੇ ਪਾਣੀ ਵਿੱਚ ਖੜੇ ਹੋ ਕੇ ਭਜਨ ਸਿਮਰਨ ਕਰਿਆ ਕਰਦੇ ਸਨ। ਆਪ ਜੀ ਦੇ ਬਸਤ੍ਰ ਸੰਭਾਲ ਕੇ ਸ੍ਰੀ ਭਾਈ ਲਹਿਣਾ ਜੀ ਰਾਵੀ ਦੇ ਕੰਢੇ ਉੱਤੇ ਬੈਠੇ ਰਹਿੰਦੇ ਸਨ। ਇਕ ਦਿਨ ਪੋਹ ਦੇ ਮਹੀਨੇ ਦੀ ਗੱਲ ਹੈ ਕਿ ਭਾਈ ਲਹਿਣਾ ਜੀ ਦੇ ਸਵੇਰ ਦੀ ਤ੍ਰੇਲ ਪੈਣ ਨਾਲ ਕੱਪੜੇ ਭਿਜ ਗਏ। ਠੰਡੀ ਹਵਾ, ਨਦੀ ਦਾ ਕਿਨਾਰਾ, ਸੀਤ ਰੁਤ, ਉੱਤੋਂ ਕਪੜੇ ਗਿੱਲੇ ਹੋ ਜਾਣ ਕਰਕੇ ਸ੍ਰੀ ਲਹਿਣਾ ਜੀ ਦਾ ਸਰੀਰ ਕੰਬਣ ਲੱਗ ਪਿਆ, ਦੰਦ ਜੁੜ ਗਏ ਅਤੇ ਬੇਸੁਧ ਹੋ ਕੇ ਧਰਤੀ ਉੱਤੇ ਲੇਟ ਗਏ। ਆਪ ਜੀ ਦੀ ਇਹ ਦਸ਼ਾ ਵੇਖ ਕੇ ਸਤਿਗੁਰੂ ਜੀ ਪਾਣੀ ਵਿੱਚੋਂ ਬਾਹਰ ਆਏ ਅਤੇ ਆਪਣਾ ਚਰਨ ਸ੍ਰੀ ਭਾਈ ਲਹਿਣਾ ਜੀ ਦੇ ਸਰੀਰ ਨਾਲ ਛੁਹਾਇਆ। ਚਰਨ ਛੁਹਣ ਨਾਲ ਲਹਿਣਾ ਜੀ ਦੇ ਸਰੀਰ ਵਿਚੋਂ ਸਰਦੀ ਦੂਰ ਹੋ ਗਈ ਅਤੇ ਆਪ ਜੀ ਹੋਸ਼ ਵਿਚ ਆ ਗਏ। ਅਜਿਹੀ ਸਰਦ ਰੁਤ ਦੀ ਸਰਦੀ ਅਤੇ ਠੰਡਾ ਪਾਣੀ ਸਤਿਗੁਰੂ ਜੀ ਨੂੰ ਕੋਈ ਅਸਰ ਨਹੀਂ ਸੀ ਕਰਦੇ, ਕਿਉਂਕਿ ਆਪ ਜੀ ਦੇ “ਕੰਠਿ ਮਿਲਿਆ ਹਰਿ ਨਾਹੁ” ਸੀ। ਪ੍ਰੰਤੂ ਸ੍ਰੀ ਭਾਈ ਲਹਿਣਾ ਜੀ ਜੋ ਅਜੇ ਸਿੱਖ ਰੂਪ ਵਿਚ ਹੀ ਸਨ, ਇਸ ਸਰਦੀ ਨਾਲ ਪਾਣੀ ਤੋਂ ਬਾਹਰ ਹੀ ਕਪੜਿਆਂ ਸਣੇ ਬੇਸੁਧ ਹੋ ਗਏ। ਇਹ ਹੈ ਪਤੀ ਪ੍ਰਮਾਤਮਾ ਦੇ ਕੰਠ ਮਿਲਣ ਦਾ ਮਹਾਤਮ ਜੋ ਆਪ ਜੀ ਨੇ ਪ੍ਰਸਿੱਧ ਸਾਖੀ ਦੁਆਰਾ ਸ੍ਰਵਨ ਕੀਤਾ।

ਸਾਖੀ ਭਗਤ ਨਾਮਦੇਵ ਜੀ

ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ਭਗਤ ਨਾਮਦੇਵ ਜੀ ਦਾ ਨਾਨਾ ਠਾਕੁਰ ਭਗਤ ਸੀ, ਉਹ ਰੋਜ਼ ਠਾਕੁਰ ਪੂਜਾ ਕਰਕੇ ਠਾਕੁਰਾਂ ਨੂੰ ਦੁੱਧ ਆਦਿਕ ਦਾ ਭੋਗ ਲਗਾਉਂਦਾ ਹੁੰਦਾ ਸੀ। ਇਕ ਦਿਨ ਜਦ ਉਹ ਕਿਸੇ ਕੰਮ ਪ੍ਰਦੇਸ਼ ਗਿਆ ਤਾਂ ਠਾਕੁਰ ਨੂੰ ਧੂਪ ਦੀਪ ਕਰਕੇ ਉਸ ਅੱਗੇ ਦੁੱਧ ਦੀ ਟੋਕਰੀ ਭਰ ਕੇ ਰੱਖ ਦਿੱਤੀ ਅਤੇ ਹੱਥ ਜੋੜ ਕੇ ਕਿਹਾ “ਠਾਕੁਰ ਜੀ ਭੋਗ ਲਾਓ” ਪਰ ਠਾਕੁਰ ਨੇ ਭੋਗ ਨਾ ਕਦਾ ਅੱਗੇ ਲਾਇਆ ਸੀ ਅਤੇ ਨਾ ਹੀ ਅੱਜ ਲਾਇਆ। ਇਹ ਵੇਖ ਕੇ ਨਾਮਦੇਵ ਬੜਾ ਚਿੰਤਾਵਾਨ ਹੋਇਆ ਕਿ ਨਾਨਾ ਜੀ ਵਾਪਸ ਆਣ ਕੇ ਮੈਨੂੰ ਗੁੱਸੇ ਹੋਣਗੇ, ਕਿ ਤੂੰ ਠਾਕੁਰ ਨੂੰ ਭੋਗ ਕਿਉਂ ਨਹੀਂ ਲਵਾਇਆ। ਨਾਮਦੇਵ ਜੀ ਨੇ ਠਾਕੁਰ ਅੱਗੇ ਬਹੁਤ ਤਰਲੇ ਤੇ ਮਿੰਨਤਾਂ ਕੀਤੀਆਂ, ਕਿ ਮੇਰੀ ਕੋਈ ਭੁੱਲ ਹੈ ਤਾਂ ਬਖਸ਼ ਦਿਓ ਅਤੇ ਭੋਗ ਲਾਵੋ। ਪਰ ਠਾਕੁਰ ਨੇ ਕੋਈ ਭੋਗ ਨਾ ਲਾਇਆ। ਇਸ ਪਰ ਨਾਮਦੇਵ ਨੇ ਪ੍ਰਣ ਕਰ ਲਿਆ ਕਿ ਜਦ ਤਕ ਠਾਕੁਰ ਭੋਗ ਨਹੀਂ ਲਾਵੇਗਾ, ਮੈਂ ਵੀ ਅੰਨ ਜਲ ਮੂੰਹ ਨਹੀਂ ਲਾਵਾਂਗਾ, ਇਹ ਪ੍ਰਣ ਕਰਕੇ ਨਾਮਦੇਵ ਠਾਕੁਰ ਮੂਰਤੀ ਅੱਗੇ ਧਰਨਾ ਮਾਰ ਕੇ ਬੈਠ ਗਿਆ ਅਤੇ ਲੱਗਾ ਹਰੀ ਹਰੀ ਦੀ ਮਾਲਾ ਫੇਰਨ। ਕੁਝ ਸਮੇਂ ਉਪਰੰਤ ਨਾਮਦੇਵ ਦੇ ਦ੍ਰਿੜ੍ਹ ਵਿਸ਼ਵਾਸ ਅਤੇ ਹੱਠ ਵੇਖ ਕੇ ਠਾਕੁਰ ਨੇ ਪ੍ਰਤੱਖ ਰੂਪ ਧਾਰ ਕੇ ਨਾਮਦੇਵ ਨੂੰ ਦਰਸ਼ਨ ਦਿੱਤੇ ਅਤੇ ਹੱਸ ਕੇ ਕਿਹਾ, ਹੇ ਨਾਮਦੇਵ! ਮੇਰੀ ਭਗਤੀ ਕਰਨ ਵਾਲਾ ਇਕ ਭਗਤ ਹੀ ਮੇਰੇ ਹਿਰਦੇ ਵਿਚ ਵੱਸਦਾ ਹੈ। ਇਹ ਆਖ ਕੇ ਠਾਕੁਰ ਭਗਵਾਨ ਨੇ ਦੁੱਧ ਦੀ ਕਟੋਰੀ ਗਟਾ ਗਟ ਪੀ ਲਈ। ਇਸ ਤਰ੍ਹਾਂ ਦੁੱਧ ਪਿਆ ਕੇ ਪ੍ਰਤੱਖ ਦਰਸ਼ਨ ਕਰਕੇ ਨਾਮਦੇਵ ਘਰ ਨੂੰ ਗਿਆ। ਯਥਾ –  ਦੁਧੁ ਪੀਆਇ ਭਗਤੁ ਘਰਿ ਗਇਆ।। ਨਾਮੇ ਹਰਿ ਕਾ ਦਰਸਨੁ ਭਇਆ।। (ਭੈਰਉ ਨਾਮਦੇਵ) ਸੋ ਜਿਨ੍ਹਾਂ ਦਾ ਭਗਵਾਨ ਦੇ ਚਰਨਾਂ ਨਾਲ ਮਨ ਜੁੜ ਜਾਵੇ, ਉਨ੍ਹਾਂ ਨੂੰ ਨਾਮਦੇਵ ਵਾਂਗੂੰ ਉਸ (ਸਾਹੁ) ਮਾਲਕ ਸ਼ਾਹ ਦੇ ਪ੍ਰਤੱਖ ਦਰਸ਼ਨ ਪ੍ਰਾਪਤ ਹੁੰਦੇ ਹਨ।

ਸਾਖੀ ਰੈਬਾਂ ਭਗਤਣੀ

ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ।। ਸੱਤਵੀਂ ਸਦੀ ਵਿਚ ਤੁਰਕਸਤਾਨ ਦੇ ਇਕ ਪਿੰਡ ਬਸਰੇ ਵਿਚ ਇਕ ਮੁਸਲਮਾਨ ਗਰੀਬ ਘਰਾਣੇ ਵਿਚ ਰੈਬਾਂ ਲੜਕੀ ਦਾ ਜਨਮ ਹੋਇਆ। ਬਾਰਾਂ ਸਾਲਾਂ ਦੀ ਉਮਰ ਵਿਚ ਇਸ ਦੇ ਮਾਂ ਬਾਪ ਮਰ ਗਏ, ਮੁਲਕ ਵਿਚ ਕਾਲ ਪੈ ਜਾਣ ਕਰਕੇ ਇਹ ਹੋਰ ਲੋਕਾਂ ਨਾਲ ਪਿੰਡ ਤੋਂ ਨਿਕਲ ਤੁਰੀ। ਇਸ ਬਿਪਤਾ ਵਿਚ ਇਹ ਇਕ ਅਮੀਰ ਪੁਰਸ਼ ਦੇ ਘਰ ਨੌਕਰਾਣੀ ਹੋ ਗਈ। ਇਹ ਪੁਰਸ਼ ਰੈਬਾਂ ਨੂੰ ਬਹੁਤ ਤੰਗ ਕਰਦਾ ਸੀ, ਜਿਸ ਕਰਕੇ ਅਤੀ ਦੁਖੀ ਹੋ ਕੇ ਰੈਬਾਂ ਪ੍ਰਭੂ ਭਗਤੀ ਵਿਚ ਲੱਗ ਗਈ। ਰੈਬਾਂ ਦਾ ਇਸ ਤਰ੍ਹਾਂ ਦਾ ਸਬਰ ਸੰਤੋਖ ਵੇਖ ਕੇ ਉਹ ਪੁਰਸ਼ ਉਸਦਾ ਆਦਰ ਕਰਨ ਲਗ ਪਿਆ ਅਤੇ ਉਸ ਨੂੰ ਆਜ਼ਾਦੀ ਦੇ ਦਿੱਤੀ ਕਿ ਜਿਥੇ ਮਰਜ਼ੀ ਹੋਵੇ ਆਪਣੀ ਉਮਰ ਬਤੀਤ ਕਰੇ। ਰੈਬਾਂ ਪ੍ਰਭੂ ਭਗਤੀ ਵਿਚ ਤਨ ਮਨ ਕਰਕੇ ਲੱਗ ਗਈ। ਇਕ ਵੇਰ ਜਦ ਕੁਝ ਹਾਜੀ ਮੱਕੇ ਦਾ ਹੱਜ ਕਰਨ ਚਲੇ ਤਾਂ ਰੈਬਾਂ ਵੀ ਉਨ੍ਹਾਂ ਨਾਲ ਹੱਜ ਕਰਨ ਚਲ ਪਈ। ਮੱਕੇ ਤੋਂ 60 ਕੋਹ ਉਰੇ ਹਾਜੀਆਂ ਨੇ ਇਕ ਖੂਹ ਉੱਤੇ ਰਾਤ ਦਾ ਬਿਸਰਾਮ ਕੀਤਾ ਅਤੇ ਵੱਡੀ ਰਾਤ ਰਹਿੰਦੀਆਂ ਹੀ ਉੱਠ ਕੇ ਅੱਗੇ ਤੁਰ ਗਏ। ਪ੍ਰੰਤੂ ਰੈਬਾਂ ਨਿਮਾਜ਼ ਤੇ ਤਸ਼ਬੀਹ ਵਿਚ ਹੀ ਲੱਗੀ ਰਹੀ ਤੇ ਸਾਥੀਆਂ ਦੇ ਤੁਰ ਜਾਣ ਦਾ ਉਸ ਨੂੰ ਕੋਈ ਪਤਾ ਨਾ ਲੱਗਾ। ਜਦ ਦਿਨ ਚੜ੍ਹਿਆ ਤਾਂ ਰੈਬਾਂ ਨੇ ਵੇਖਿਆ ਕਿ ਬੱਚਿਆਂ ਵਾਲੀ ਇਕ ਕੁੱਤੀ ਬਹੁਤ ਤਿਹਾਈ ਹੈ ਅਤੇ ਪਾਣੀ ਵਾਸਤੇ ਤੜਪ ਰਹੀ ਹੈ। ਉਸਦੀ ਇਹ ਦਸ਼ਾ ਵੇਖਕੇ ਰੈਬਾਂ ਦੀ ਹੋਰ ਤਾਂ ਕੋਈ ਪੇਸ਼ ਨਾ ਗਈ ਕਿਉਂਕਿ ਉਸ ਪਾਸ ਲੱਜ ਤੇ ਭਾਂਡਾ ਕੋਈ ਨਹੀਂ ਸੀ, ਉਸ ਨੇ ਆਪਣੇ ਸਿਰ ਦੇ ਵਾਲ ਕੱਟ ਕੇ ਉਨ੍ਹਾਂ ਦੀ ਰੱਸੀ ਵੱਟੀ ਅਤੇ ਸਿਰ ਦਾ ਕੱਪੜਾ ਉਸ ਨਾਲ ਬੰਨ੍ਹ ਕੇ ਖੂਹ ਵਿਚੋਂ ਪਾਣੀ ਨਾਲ ਭਿਉਂ ਭਿਉਂ ਕੇ ਕੁੱਤੀ ਅਤੇ ਉਸ ਦੇ ਬੱਚਿਆਂ ਨੂੰ ਪਾਣੀ ਪਿਆਇਆ। ਇਸ ਦਇਆ ਦੇ ਕਾਰਨ ਰੈਬਾਂ ਨੂੰ ਉਥੇ 60 ਕੋਹ ਤੋਂ ਹੀ ਮੱਕੇ ਦੇ ਦਰਸ਼ਨ ਦੇ ਦਿੱਤੇ। ਇਹ ਕੌਤਕ ਵੇਖ ਕੇ ਹਾਜੀ ਬੜੇ ਹੈਰਾਨ ਹੋਏ। ਇਸ ਵਾਰਤਾ ਨੂੰ ਕਵੀ ਨੇ ਇਸ ਤਰ੍ਹਾਂ ਵਰਨਣ ਕੀਤਾ ਹੈ – ਸਿਰ ਕੀ ਸੋਭਾ ਦੂਰ ਕਰ ਚੀਨਿਓ ਆਤਮ ਰਾਮ।। ਸਾਠ ਕੋਸ ਮੱਕਾ ਮਿਲਿਓ ਦੇਖ ਦਇਆ ਕੇ ਕਾਮ।। ਸਿਰ ਦੀ ਸੁੰਦਰਤਾ ਦੇਣ ਵਾਲੇ ਵਾਲ ਦਇਆ ਵਾਸਤੇ ਉਤਾਰ ਕੇ ਰੈਬਾਂ ਨੇ ਆਤਮ ਸਰੂਪ ਦੇ ਦਰਸ਼ਨ ਕਰ ਲਏ। ਉਸ ਨੂੰ ਸੱਠ ਕੋਹ ਉਰੇ ਹੀ ਮੱਕਾ ਆ ਮਿਲਿਆ। ਵੇਖੋ ਇਹ ਦਇਆ ਦਾ ਫਲ ਸੀ। ਉਸ ਦੀ ਹੱਜ ਯਾਤਰਾ ਏਥੇ ਪ੍ਰਵਾਨ ਹੋ ਗਈ। ਦਇਆ ਪਰ ਗੋਸਾਈਂ ਤੁਲਸੀ ਦਾਸ ਜੀ ਕਹਿੰਦੇ ਹਨ –

ਦਇਆ ਧਰਮ ਕਾ ਮੂਲ ਹੈ, ਲੋਭ ਮੂਲ ਅਭਿਮਾਨ।।

ਤੁਲਸੀ ਦਇਆ ਨ ਛੋਡੀਏ, ਜਬ ਲਗ ਘਟ ਮੈ ਪ੍ਰਾਨ।।

ਸਾਖੀ ਕੁਬਜਾਂ ਭਗਤਣੀ

ਇਕ ਵੇਰ ਸ੍ਰੀ ਕ੍ਰਿਸ਼ਨ ਜੀ ਰਾਜਾ ਕੰਸ ਦੇ ਬੁਲਾਵੇ ਪਰ ਬਿੰਦਰਾਬਨ ਤੋਂ ਮਥਰਾ ਆਏ। ਸ਼ਹਿਰ ਦੀ ਗਲੀ ਵਿਚੋਂ ਲੰਘ ਕੇ ਆਪ ਜੀ ਜਦ ਰਾਜਾ ਕੰਸ ਦੇ ਦਰਬਾਰ ਨੂੰ ਜਾ ਰਹੇ ਸਨ ਤਾਂ ਕੁਬਜਾਂ ਨਾਮ ਦੀ ਇਕ ਮਾਲਣ ਇਸਤ੍ਰੀ ਥਾਵ ਵਿੱਚ ਕੇਸਰ ਤੇ ਚੰਦਨ ਦੀਆਂ ਕਟੋਰੀਆਂ ਰੱਖ ਕੇ ਕ੍ਰਿਸ਼ਨ ਜੀ ਨੂੰ ਤਿਲਕ ਲਾਉਣ ਵਾਸਤੇ ਰਸਤੇ ਵਿਚ ਖੜ੍ਹੀ ਹੋ ਗਈ। ਕ੍ਰਿਸ਼ਨ ਜੀ ਨੇ ਪੁੱਛਿਆ ਤੂੰ ਕੌਣ ਹੈਂ? ਕੁਬਜਾਂ ਨੇ ਕਿਹਾ ਜੀ ਮੈਂ ਰਾਜਾ ਕੰਸ ਨੂੰ ਰੋਜ਼ ਤਿਲਕ ਲਾਉਣ ਪਰ ਨੀਯਤ ਹਾਂ, ਪ੍ਰੰਤੂ ਮੇਰੀ ਹਿਰਦੇ ਕਰਕੇ ਆਪ ਜੀ ਦੇ ਚਰਨਾਂ ਨਾਲ ਪ੍ਰੀਤੀ ਹੈ। ਇਸ ਵਾਸਤੇ ਮੈਂ ਤੁਹਾਨੂੰ ਚੰਦਨ ਤੇ ਕੇਸਰ ਦੀ ਤਿਲਕ ਲਾਉਣ ਵਾਸਤੇ ਖੜ੍ਹੀ ਹੋਈ ਹਾਂ। ਉਸਦੀ ਸ਼ਰਧਾ ਤੇ ਪ੍ਰੇਮ ਭਾਵਨਾ ਵੇਖ ਕੇ ਕ੍ਰਿਸ਼ਨ ਜੀ ਨੇ ਉਸਨੂੰ ਤਿਲਕ ਲਾਉਣ ਦੀ ਆਗਿਆ ਦੇ ਦਿੱਤੀ। ਪਰ ਉਹ ਕੁੱਬੀ ਹੋਣ ਕਰਕੇ ਕ੍ਰਿਸ਼ਨ ਜੀ ਦੇ ਮਸਤਕ ਤੱਕ ਹੱਥ ਉੱਚਾ ਨਾ ਕਰ ਸਕੀ। ਇਹ ਵੇਖ ਕੇ ਕ੍ਰਿਸ਼ਨ ਜੀ ਨੇ ਉਸਦੇ ਪੈਰ ਉੱਤੇ ਆਪਣਾ ਇਕ ਪੈਰ ਰੱਖ ਕੇ ਅਤੇ ਉਸਦੀ ਠੋਡੀ ਹੇਠਾਂ ਹੱਥ ਦੀਆਂ ਦੋ ਉਂਗਲਾਂ ਦੇ ਕੇ ਉੱਤੇ ਨੂੰ ਚੁੱਕ ਦਿੱਤਾ। ਇਸ ਤਰ੍ਹਾਂ ਕੁਬਜਾਂ ਦਾ ਕੁੱਬ ਸਿੱਧਾ ਹੋ ਗਿਆ ਅਤੇ ਆਪ ਜੀ ਦਾ ਹੱਥ ਸਪਰਸ਼ ਕਰਨ ਨਾਲ ਅਤਿ ਸੁੰਦਰ ਸਰੂਪ ਵੀ ਆ ਗਿਆ ਇਹ ਕੌਤਕ ਵੇਖ ਕੇ ਕੁਬਜਾਂ ਬੜੀ ਪ੍ਰਸੰਨ ਹੋਈ ਅਤੇ ਕ੍ਰਿਸ਼ਨ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਮਹਾਰਾਜ ਆਪਣੇ ਚਰਨ ਪਾ ਕੇ ਮੇਰਾ ਘਰ ਪਵਿੱਤਰ ਕਰੋ ਅਤੇ ਬਿਸਰਾਮ ਕਰਕੇ ਸੰਪੂਰਨ ਸੁਖ ਬਖਸ਼ੋ। ਕੁਬਜਾਂ ਦੀ ਇਹ ਬੇਨਤੀ ਪ੍ਰਵਾਨ ਕਰਕੇ ਆਪ ਜੀ ਉਸ ਦਾ ਹੱਥ ਫੜ੍ਹ ਕੇ ਬੜੇ ਪ੍ਰੇਮ ਨਾਲ ਕਹਿਣ ਲੱਗੇ – ਰੂਪ ਸੀਲ ਗੁਣ ਸੁੰਦਰ ਨੀਕੀ।। ਤੋਸੋ ਪ੍ਰੀਤ ਨਿਰੰਤਰਿ ਜੀ ਕੀ।। ਆਇ ਮਿਲੋਂਗੇ ਕੰਸਹਿ ਮਾਰ।। ਯੋਂ ਕਹਿ ਆਗੇ ਚਲੇ ਮੁਰਾਰ।। ਇਹ ਗੱਲ ਸੁਣ ਕੇ ਕੁਬਜਾਂ ਆਪਣੇ ਘਰ ਕੇਸਰ ਚੰਦਨ ਦਾ ਚੌਂਕ ਪੁਰ ਕੇ ਹਰੀ ਦੇ ਮਿਲਣ ਦੀ ਇੱਛਾ ਮਨ ਵਿਚ ਧਾਰ ਕੇ ਮੰਗਲਾਚਾਰ ਕਰਨ ਲੱਗੀ। ਉਸ ਦੀ ਇਸ ਪ੍ਰਸੰਨਤਾ ਵਾਲੀ ਅਨੰਦ ਦਸ਼ਾ ਨੂੰ ਵੇਖ ਕੇ ਗਲੀ ਮੁਹੱਲੇ ਦੀਆਂ ਇਸਤ੍ਰੀਆਂ ਕਹਿਣ ਲੱਗੀਆਂ – ਧੰਨ ਧੰਨ ਕੁਬਜਾਂ ਤੇਰੇ ਭਾਗ।। ਜਾ ਕੋ ਬਿਧ ਨੇ ਦੀਓ ਸੁਹਾਗ।। ਐਸੇ ਕਹਾਂ ਕਠਨ ਤਪ ਕੀਓ।। ਗੋਪੀ ਨਾਥ ਭੇਟ ਤੁਝ ਲੀਓ।। ਹਮ ਨੀਕੇ ਨਹਿ ਦੇਖੇ ਹਰੀ।। ਤੁਮ ਸੇ ਮਿਲੇ ਪ੍ਰੀਤ ਅਤੀ ਕਰੀ।। ਇਸ ਤਰ੍ਹਾਂ ਜਦ ਕੰਸ ਨੂੰ ਮਾਰ ਕੇ ਹਰੀ (ਕ੍ਰਿਸ਼ਨ) ਜੀ ਕੁਬਜਾਂ ਦੇ ਘਰ ਜਾ ਬਿਰਾਜੇ ਤਾਂ ਕੁਬਜਾਂ ਨੂੰ ਅਤਿਅੰਤ ਆਨੰਦ ਦੀ ਪ੍ਰਾਪਤੀ ਹੋਈ। ਤਥਾ – ਅਯੁੱਧਿਆ ਵਾਸੀਆਂ ਨੂੰ ਉਸ ਸਮੇਂ ਬਹੁਤ ਅਨੰਦ ਦੀ ਪ੍ਰਾਪਤੀ ਹੋਈ ਜਦੋਂ 14 ਬਰਸ ਬਨਬਾਸ ਬਤੀਤ ਕਰਕੇ ਰਾਵਣ ਨੂੰ ਮਾਰਕੇ ਸ੍ਰੀ ਰਾਮ ਚੰਦਰ ਜੀ ਨੇ ਅਯੁੱਧਿਆ ਵਿਚ ਪ੍ਰਵੇਸ਼ ਕੀਤਾ ਸੀ। ਅਥਵਾ – ਸਿੱਖ ਸੰਗਤਾਂ ਨੇ ਉਸ ਵੇਲੇ ਅਤਿਅੰਤ ਅਨੰਦ ਪ੍ਰਾਪਤ ਹੋਇਆ ਸੀ ਜਦੋਂ ਸ੍ਰੀ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ “ਬੰਦੀ ਛੋਡ਼” ਦੇ ਉਪਨਾਮ ਨਾਲ ਸ੍ਰੀ ਅੰਮ੍ਰਿਤਸਰ ਜੀ ਪਧਾਰੇ ਸਨ ਅਤੇ ਖੁਸ਼ੀ ਵਿਚ ਸੰਗਤਾਂ ਨੇ ਦੀਪਮਾਲਾ ਕੀਤੀ ਸੀ।

ਸਾਖੀ ਭਗਤ ਰਵਿਦਾਸ ਜੀ

ਇਕ ਸਮੇਂ ਕੁਝ ਬ੍ਰਾਹਮਣਾਂ ਨੇ ਕਾਂਸ਼ੀ ਰਾਜੇ ਦੇ ਅੱਗੇ  ਸ਼ਿਕਾਇਤ ਕੀਤੀ ਕਿ ਰਵਿਦਾਸ ਨੀਚ ਜਾਤੀ ਦਾ ਚਮਾਰ ਹੋ ਕੇ ਠਾਕੁਰ ਦੀ ਪੂਜਾ ਕਰਦਾ ਹੈ। ਨੀਚ ਜਾਤੀ ਵਾਲਿਆਂ ਨੂੰ ਠਾਕੁਰ ਦੀ ਪੂਜਾ ਕਰਨ ਦਾ ਕੋਈ ਹੱਕ ਨਹੀਂ ਹੈ। ਇਸ ਦੀ ਇਹ ਕਾਰ ਸ਼ਾਸਤ੍ਰ ਵਿਰੱਧ ਹੈ। ਇਸ ਨੂੰ ਠਾਕੁਰ ਦੀ ਪੂਜਾ ਕਰਨ ਦੀ ਮਨਾਹੀ ਕੀਤੀ ਜਾਵੇ। ਬ੍ਰਾਹਮਣਾਂ ਦੀ ਇਹ ਸ਼ਿਕਾਇਤ ਸੁਣ ਕੇ ਰਾਜੇ ਨੇ ਰਵਿਦਾਸ ਭਗਤ ਨੂੰ ਸੱਦ ਕੇ ਆਖਿਆ ਕਿ ਤੇਰੇ ਵਿਰੁੱਧ ਬ੍ਰਾਹਮਣਾਂ ਨੇ ਇਹ ਸ਼ਿਕਾਇਤ ਕੀਤੀ ਹੈ, ਜੇ ਇਹ ਗੱਲ ਠੀਕ ਹੈ ਤਾਂ ਤੂੰ ਠਾਕੁਰ ਪੂਜਾ ਛੱਡ ਦੇ। ਕਿਉਂਕਿ ਨੀਚ ਜਾਤੀ ਨੂੰ ਠਾਕੁਰ ਕਰਨੀ ਅਥਵਾ ਮੰਦਰ ਵਿਚ ਜਾਣਾ ਸ਼ਾਸਤ੍ਰ ਵਿਰੁੱਧ ਹੈ। ਰਾਜੇ ਦੀ ਇਹ ਗੱਲ ਸੁਣ ਕੇ ਭਗਤ ਜੀ ਨੇ ਜੋ ਠਾਕੁਰਾਂ ਦਾ ਸੱਚਾ ਪੁਜਾਰੀ ਸੀ ਅਤੇ ਇਕ ਛਿਨ ਭਰ ਵੀ ਸਿਮਰਨ ਤੋਂ ਬਿਨਾ ਬਤੀਤ ਨਹੀ ਸੀ ਕਰਦਾ, ਰਾਜੇ ਨੂੰ ਕਿਹਾ ਕਿ ਇਸ ਗੱਲ ਦਾ ਠਾਕੁਰ ਜੀ ਆਪੇ ਹੀ ਫੈਸਲਾ ਕਰਨਗੇ। ਰਾਜੇ ਨੇ ਪੁੱਛਿਆ, ਉਹ ਕਿਸ ਤਰ੍ਹਾਂ? ਰਵਿਦਾਸ ਜੀ ਨੇ ਕਿਹਾ ਕਿ ਇਹ ਸ਼ਿਕਾਇਤ ਕਰਨ ਵਾਲੇ ਸਾਰੇ ਬ੍ਰਾਹਮਣ ਅਤੇ ਮੈਂ ਆਪੋ ਆਪਣੇ ਠਾਕੁਰ ਚੌਕੀਆਂ ਉੱਤੇ ਰੱਖ ਕੇ ਗੰਗਾ ਜੀ ਦੇ ਪਾਰਲੇ ਕਿਨਾਰੇ ਰੱਖ ਦਿੰਦੇ ਹਾਂ ਅਤੇ ਉਰਲੇ ਕਿਨਾਰੇ ਬੈਠਕੇ ਠਾਕੁਰਾਂ ਦਾ ਸੇਵਨ ਕਰਦੇ ਹਾਂ। ਜਿਸ ਦੇ ਠਾਕੁਰ ਪਿਆਰੇ ਹੋਣਗੇ, ਉਸ ਦੇ ਪਾਸ ਗੰਗਾ ਜੀ ਤੋਂ ਤਰ ਕੇ ਆਪੇ ਆ ਜਾਣਗੇ। ਰਵਿਦਾਸ ਜੀ ਦੀ ਇਹ ਗੱਲ ਸੁਣ ਕੇ ਰਾਜੇ ਨੇ ਇਸ ਗੱਲ ਦੀ ਪ੍ਰਵਾਨਗੀ ਦੇ ਦਿੱਤੀ ਕਿ ਇਹ ਫੈਸਲਾ ਠੀਕ ਹੈ। ਰਾਜੇ ਨੇ ਸਭ ਦੇ ਠਾਕੁਰ ਤੇ ਚੌਕੀਆਂ ਗੰਗਾ ਜੀ ਦੇ ਪਾਰ ਰਖਾ ਦਿੱਤੇ। ਉਰਾਰ ਬੈਠ ਕੇ ਬ੍ਰਾਹਮਣ ਆਪੋ ਆਪਣੀ ਸ਼ਰਧਾ ਅਨੁਸਾਰ ਵੇਦ ਮੰਤਰਾਂ ਦਾ ਉਚਾਰਣ ਕਰਦੇ ਰਹੇ। ਪਰ ਕਿਸੇ ਦਾ ਠਾਕੁਰ ਵੀ ਉਰਾਰ ਨਾ ਆਇਆ। ਪਾਸ ਬੈਠੇ ਰਵਿਦਾਸ ਭਗਤ ਜੀ ਵੀ ਜੋ ਨਾਮ ਸਿਸਰਨ ਕਰ ਰਹੇ ਸਨ, ਉਨ੍ਹਾਂ ਨੇ ਜਦ ਵੇਖਿਆ ਕਿ ਕਿਸੇ ਦਾ ਠਾਕੁਰ ਵੀ ਉਰਾਰ ਨਹੀਂ ਆਇਆ ਤਾਂ ਆਪ ਜੀ ਦੇ ਦੀਨ ਹੋ ਕੇ ਬੇਨਤੀ ਕੀਤੀ, ਹੇ ਪ੍ਰਭੂ! ਮੇਰੀ ਜਾਤੀ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ।। ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ।। ਐਸੀ ਦੀਨ ਬੇਨਤੀ ਸੁਣ ਕੇ ਭਗਤ ਜੀ ਦੇ ਠਾਕੁਰ ਚੌਕੀ ਸਮੇਤ ਗੰਗਾ ਨੂੰ ਪਾਰ ਕਰਕੇ ਭਗਤ ਜੀ ਪਾਸ ਆ ਗਏ। ਸਭ ਲੋਕ ਰਾਜਾ ਪਰਜਾ ਇਹ ਕੌਤਕ ਵੇਖ ਕੇ ਭਗਤ ਜੀ ਨੂੰ ਨਮਸਕਾਰ ਕਰਨ ਲੱਗ ਪਏ।

ਯਥਾ – ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ।।

ਪਤਿ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ।। (ਸੂਹੀ ਮ 4)

 

Loading spinner