ਪੁਰਾਤਨ ਜਨਮ ਸਾਖੀਆਂ
ਪੰਜਾਬੀ ਬੋਲੀ ਵਿੱਚ ਲਿਖੀ ਵਾਰਤਕ ਦੀਆਂ ਹੁਣ ਤੱਕ ਮਿਲੀਆਂ ਸਭ ਤੋਂ ਪਹਿਲੀਆਂ ਪੋਥੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਣ ਬਾਰੇ ਚਾਨਣਾ ਪਾਉਂਦੀਆਂ ਹਨ। ਇਹਨਾਂ ਦਾ ਨਾਂ ‘ਜਨਮ ਸਾਖੀਆਂ’ ਹੈ। ਕੁਝ ਵਿਦਵਾਨਾਂ ‘ਭਾਈ ਬਾਲੇ ਵਾਲੀ ਜਨਮ ਸਾਖੀ’ ਨੂੰ ਸਭ ਤੋਂ ਪੁਰਾਣੀ ਪੋਥੀ ਮੰਨਦੇ ਹਨ ਪਰ ਹੁਣ ਬਹੁਤ ਸਾਰੀਆਂ ਗਵਾਹੀਆਂ ਤੇ ਤੱਥਾਂ ਅਨੁਸਾਰ ਪੁਰਾਤਨ ਜਨਮ ਸਾਖੀ ਨੂੰ ਪ੍ਰਾਪਤ ਜਨਮ ਸਾਖੀਆਂ ਵਿਚੋਂ ਪਹਿਲੀ ਮੰਨ ਲਿਆ ਗਿਆ ਹੈ। ਜਨਮ ਸਾਖੀ ਵਿੱਚ ਜੀਵਣੀ, ਗੋਸ਼ਟ ਪਰਮਾਰਥ ਅਤੇ ਟੀਕਾ ਕਾਰੀ ਦੇ ਮੁੱਢਲੇ ਨਮੂਨੇ ਮਿਲਦੇ ਹਨ।
ਪੁਰਾਤਨ ‘ਜਨਮ ਸਾਖੀ’ ਦੇ ਕਈ ਹੋਰ ਨਾਂ ਵੀ ਹਨ ਜਿਵੇਂ ‘ਕੌਲਬੁਰਕ ਵਾਲੀ ਜਨਮ ਸਾਖੀ’ ਅਤੇ ‘ਵਲਾਇਤ ਵਾਲੀ ਜਨਮ ਸਾਖੀ’। ਇਸ ਜਨਮ ਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਣ ਦੀਆਂ ਕੁਝ ਘਟਨਾਵਾਂ ਦਾ ਵਰਣਨ ਉਸ ਸਮੇਂ ਦੀ ਪੰਜਾਬੀ ਵਿੱਚ ਕੀਤਾ ਹੋਇਆ ਹੈ।
ਸਾਖੀ ਮਾਤਾ ਜੀ ਨਾਲ ਮੇਲ
ਜਬਿ ਉਦਾਸੀ ਕਰਿ ਕੇ ਆਏ ਬਾਹਰੀ ਬਰਸੀ ਤਬਿ ਆਇ ਕਰਿ ਤਲਵੰਡੀ ਤੇ ਕੋਸ ਦੂਰ ਬਾਹਰਿ ਆਇ ਬੈਠੇ ਉਜਾੜਿ ਵਿਚਿ। ਤਬਿ ਘੜੀ ਇੱਕ ਸੁਸਤਾਇ ਕਰਿ ਮਰਦਾਨੇ ਅਰਜੁ ਕੀਤੀ ਜੇ ਮੈਨੂੰ ਹੁਕਮ ਹੋਵੇ ਤਾਂ ਘਰਿ ਜਾਵਾਂ, ਘਰਿ ਕੀ ਖਬਰਿ ਲੈ ਆਵਾਂ, ਦਿਖਾ ਅਸਾਡੇ ਆਦਮੀ ਕਿਉਂ ਕਰਿ ਹੈਨਿ, ਕੋਈ ਰਹਿਆ ਹੈ ਕਿ ਕੋਈ ਨਾਹੀ ਰਹਿਆ। ਤਬਿ ਬਾਬਾ ਹਸਿਆ, ਹਸਿ ਕਰ ਕਹਿਆ “ਮਰਦਾਨਿਆ! ਤੇਰੇ ਆਦਮੀ ਮਰੇਂਗੇ ਤੂੰ ਸੰਸਾਰ ਕਿਉਂ ਕਰਿ ਰਖਹਿਗਾ? ਪਰ ਤੇਰੇ ਆਤਮੇ ਆਵਦੀ ਹੈ ਤਾਂ ਤੂੰ ਜਾਹਿ ਮਿਲ ਆਉ, ਪਰ ਤੁਰਤ ਆਇ ਅਤੇ ਕਾਲੂ ਦੇ ਘਰਿ ਵੀ ਜਾਵੈਂ, ਅਸਾਡਾ ਨਾਉ ਲਈ ਨਾਹੀ।” ਤਬਿ ਮਰਦਾਨਾ ਪੈਰੀਂ ਪੈਇ ਕਰ ਗਇਆ। ਤਲਵੰਡੀ ਆਇਆ, ਜਾਇ ਘਰਿ ਵੜਿਆ, ਤਬਿ ਲੋਕ ਬਹੁਤ ਜੁੜਿ ਗਏ, ਸਭ ਕੋਈ ਆਇ ਪੈਰੀਂ ਪਵੇ ਅਤੇ ਸਭ ਲੋਕ ਆਖਿਨਿ “ਜੇ ਮਰਦਾਨਾ ਡੂਮ ਹੈ, ਪਰੁ ਨਾਨਕ ਕਾ ਸਾਇਆ ਹੈ, ਏਹੁ ਓਹੁ ਨਾਹੀ, ਸੰਸਾਰ ਤੇ ਵਧਿ ਹੋਇਆ ਹੈ” ਜੋ ਆਵਂਦਾ ਹੈ, ਸੋ ਆਇ ਪੈਰੀਂ ਪਵੰਦਾ ਹੈ। ਤਬ ਮਰਦਾਨੇ ਘਰੁ ਬਾਰੁ ਦੇਖਿ ਕਰਿ ਕਾਲੂ ਦੇ ਵੇੜੇ ਵਿਚਿ ਗਇਆ, ਜਾਇ ਬੈਠਾ, ਤਬ ਬਾਬੇ ਦੀ ਮਾਤਾ ਉਭਰਿ ਗਲੇ ਨੂੰ ਚਮੜੀ। ਲਗੀ ਬੈਰਾਗੁ ਕਰਣਿ। ਬੈਰਾਗ ਕਰਿਕੇ ਆਖਿਓਸੁ, “ਮਰਦਾਨਿਆ, ਕਿਥਾਉ ਨਾਨਕ ਦੀ ਖਬਰਿ ਦੇਹਿ”, ਤਬ ਸਾਰੇ ਵੇੜੇ ਦੇ ਲੋਕ ਜੁੜਿ ਗਏ। ਸਭ ਲੋਕ ਪੁਛਣਿ ਲਾਗੈ। ਤਾਂ ਮਰਦਾਨੇ ਆਖਿਆ, “ਭਾਈ ਵੇ! ਜਾਂ ਬਾਬਾ ਸੁਲਤਾਨਿ ਪੁਰਿ ਆਹਾ ਤਾਂ ਡੂਮ ਨਾਲੇ ਆਹਾ ਫਿਰਿ ਮੈਨੂੰ ਪਿਛਲੀ ਖਬਰਿ ਨਾਹੀ”, ਤਬ ਘੜੀ ਇਕੁ ਬੈਠਿ ਕਰਿ ਮਰਦਾਨਾ ਓਠਿ ਚਲਿਆ। ਤਬਿ ਬਾਬੇ ਦੀ ਮਾਤਾ ਆਖਿਆ “ਭਾਈ ਵੇ! ਏਹ ਜੇ ਤੁਰਤ ਵੇੜੇ ਵਿਚਹੁੰ ਗਇਆ, ਸੋ ਖਾਲੀ ਨਹੀਂ।” ਤਾਂ ਮਾਤਾ ਉਠਿ ਖੜ੍ਹੀ ਹੋਈ, ਕੁਛ ਕਪੜੇ, ਕੁਛ ਮਠਿਆਈ ਲੇਕਰਿ ਪਿਛਹੁ ਆਇ ਮਰਦਾਨੇ ਨੂੰ ਆਇ ਮਿਲੀ। ਤਾਂ ਆਖਿਓਸੁ “ਮਰਦਾਨਿਆ! ਮੈਨੂੰ ਨਾਨਕ ਮਿਲਾਇ।” ਤਾਂ ਮਰਦਾਨਾ ਚੁੱਪ ਕਰਿ ਰਹਿਆ। ਓਥਹੁ ਚਲੇ, ਆਂਵਦੇ ਆਂਵਦੇ ਜਾਂ ਕੋਹਾਂ ਦੁਰੁ ਉਪਰਿ ਆਏ ਤਾਂ ਬਾਬਾ ਬੈਠਾ ਹੈ, ਪਰ ਬਾਬੇ ਡਿੱਠਾ ਜੋ ਮਾਤਾ ਤੇ ਮਰਦਾਨਾ ਆਏ, ਤਬ ਬਾਬਾ ਆਇ ਕਰਿ ਪੈਰੀਂ ਪਇਆ। ਤਾਂ ਮਾਤਾ ਲਗੀ ਬੈਰਾਗੁ ਕਹਿਣ, ਸਿਰਿ ਚੁਮਿਉਸੁ! ਆਖਿਓਸੁ, ਹਉ ਵਾਰੀ ਬੇਟਾ, ਹਉ ਤੁਧੁ ਵਿਟਹੁ ਵਾਰੀ, ਤੇਰੇ ਦਰਸ਼ਨ ਵਿਟਹੁ ਵਾਰੀ, ਜਿੱਥੇ ਤੂੰ ਫਿਰਦਾ ਹੈਂ ਤਿਸੁ ਥਾਉਂ ਵਿਟਹੁ ਵਾਰੀ, ਤੁਧੁ ਨਿਹਾਲੁ ਕੀਤੀ, ਮੈਨੂੰ ਆਪਣਾ ਮੁਹੁ ਵਿਖਾਲਿਓ। ਤਬ ਬਾਬਾ ਮਾਤਾ ਕਾ ਹੇਤੁ ਦੇਖਿ ਕਰਿ ਗਦੁਗਦੁ ਹੋਇ ਗਇਆ।