ਮੰਗਲਵਾਰ ਵਰਤ ਦੀ ਕਥਾ
ਵਿਧੀ
ਸਭ ਸੁਖ, ਰਕਤ ਵਿਕਾਰ, ਰਾਜ ਵਿੱਚ ਇੱਜ਼ਤ ਅਤੇ ਪੁੱਤਰ ਦੀ ਪ੍ਰਾਪਤੀ ਲਈ ਮੰਗਲਵਾਰ ਦਾ ਵਰਤ ਸਭ ਤੋਂ ਉੱਤਮ ਹੈ। ਇਸ ਵਰਤ ਵਿੱਚ ਅਨਾਜ ਅਤੇ ਗੁਡ ਦਾ ਹੀ ਭੋਜਨ ਕਰਨਾ ਚਾਹੀਦਾ ਹੈ। ਭੋਜਨ ਦਿਨ ਰਾਤ ਵਿੱਚ ਇੱਕ ਵਾਰ ਹੀ ਕਰਨਾ ਚਾਹੀਦਾ ਹੈ। ਵਰਤ 21 ਹਫ਼ਤੇ ਤੱਕ ਕਰੋ। ਮੰਗਲਵਾਰ ਦੇ ਵਰਤ ਨਾਲ ਮਨੁੱਖ ਦੇ ਸਾਰੇ ਦੋਸ਼ ਨਾਸ਼ ਹੋ ਜਾਂਦੇ ਹਨ। ਵਰਤ ਦੇ ਪੂਜਣ ਵੇਲੇ ਲਾਲ ਫੁੱਲ ਚੜ੍ਹਾਓ ਅਤੇ ਲਾਲ ਕੱਪੜੇ ਪਹਿਨੋ। ਹਨੁਮਾਨ ਜੀ ਦੀ ਪੂਜਾ ਕਰੋ, ਵਰਤ ਕਥਾ ਸੁਣੋ ਅਤੇ ਆਰਤੀ ਕਰੋ ਅਤੇ ਫਿਰ ਭੋਜਨ ਪ੍ਰਾਪਤ ਕਰੋ।
ਕਥਾ
ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਇਕ ਨਗਰ ਵਿੱਚ ਇਕ ਬ੍ਰਾਹਮਣ ਅਤੇ ਬ੍ਰਾਹਮਣੀ ਰਹਿੰਦੇ ਸਨ। ਉਹਨਾਂ ਦੇ ਕੋਲ ਸਾਰਾ ਕੁਝ ਸੀ, ਪਰ ਕੋਈ ਸੰਤਾਨ ਨਹੀਂ ਸੀ। ਇਸ ਲਈ ਉਹ ਬੜੇ ਦੁਖੀ ਸਨ। ਬਹੁਤ ਸੋਚ-ਵਿਚਾਰ ਕਰਨ ਤੋਂ ਬਾਅਦ ਬ੍ਰਾਹਮਣ ਹਨੁਮਾਨ ਜੀ ਦੀ ਪੂਜਾ ਕਰਨ ਲਈ ਜੰਗਲ ਵਿਚ ਚਲਾ ਗਿਆ ਅਤੇ ਬ੍ਰਾਹਮਣੀ ਘਰ ਵਿਚ ਰਹਿ ਕੇ ਮੰਗਲਵਾਰ ਦਾ ਵਰਤ ਰੱਖਣ ਲੱਗੀ।
ਇਕ ਵਾਰ ਕੁਝ ਇਸ ਤਰ੍ਹਾਂ ਦਾ ਸੰਜੋਗ ਹੋਇਆ ਕਿ ਮੰਗਲਵਾਰ ਨੂੰ ਇਕ ਹੋਰ ਵਰਤ ਆ ਗਿਆ, ਜਿਸ ਕਰਕੇ ਬ੍ਰਾਹਮਣੀ ਉਸ ਦਿਨ ਬਲਵਾਨ ਹਨੁਮਾਨ ਜੀ ਨੂੰ ਭੋਗ ਨਾ ਲਗਾ ਸਕੀ। ਇਸ ਦਾ ਉਸ ਨੂੰ ਬਹੁਤ ਦੁੱਖ ਹੋਇਆ, ਅੰਤ ਵਿੱਚ ਉਸ ਨੇ ਪ੍ਰਣ ਕੀਤਾ ਕਿ ਅਗਲੇ ਮੰਗਲਵਾਰ ਨੂੰ ਹੀ ਮੈਂ ਹਨੁਮਾਨ ਜੀ ਨੂੰ ਭੋਗ ਲਗਾ ਕੇ ਭੋਜਨ ਕਰਾਂਗੀ। ਉਹ ਸੱਤ ਦਿਨ ਤੱਕ ਭੁੱਖੀ-ਪਿਆਸੀ ਰਹੀ।
ਦੂਜੇ ਮੰਗਲਵਾਰ ਨੂੰ ਉਸ ਨੂੰ ਮੂਰਛਾ ਆ ਗਈ। ਉਸੇ ਮੂਰਛਾ ਵਿੱਚ ਹਨੁਮਾਨ ਜੀ ਨੇ ਉਸ ਨੂੰ ਦਰਸ਼ਨ ਦੇ ਕੇ ਕਿਹਾ, “ਮੈਂ ਤੇਰੀ ਭਗਤੀ-ਭਾਵਨਾ ਤੋਂ ਖੁਸ਼ ਹਾਂ। ਤੈਨੂੰ ਮੈਂ ਇੱਕ ਗੁਣਵਾਨ ਬਾਲਕ ਦਿੰਦਾ ਹਾਂ, ਤੂੰ ਇਸ ਨੂੰ ਆਪਣਾ ਪੁੱਤਰ ਸਮਝ, ਇਹ ਤੇਰੇ ਸਾਰੇ ਦੁੱਖ ਦੂਰ ਕਰੇਗਾ”, ਇਹ ਕਹਿ ਕੇ ਹਨੁਮਾਨ ਜੀ ਅਲੋਪ ਹੋ ਗਏ। ਸੁੰਦਰ ਬਾਲਕ ਨੂੰ ਪਾ ਕੇ ਬ੍ਰਾਹਮਣੀ ਨੇ ਉਸ ਬਾਲਕ ਦਾ ਨਾਮ ਮੰਗਲ ਰੱਖਿਆ। ਕੁਝ ਦਿਨਾਂ ਬਾਅਦ ਬ੍ਰਾਹਮਣ ਜੰਗਲ ਤੋਂ ਵਾਪਸ ਆ ਗਿਆ ਅਤੇ ਘਰ ਵਿੱਚ ਮੰਗਲ ਨਾਮ ਦੇ ਬਾਲਕ ਨੂੰ ਖੇਡਦਾ ਵੇਖ ਕੇ ਉਸ ਨੇ ਬ੍ਰਾਹਮਣੀ ਤੋਂ ਉਸ ਬਾਰੇ ਪੁੱਛਿਆ। ਬ੍ਰਾਹਮਣੀ ਨੇ ਜਦੋਂ ਦੱਸਿਆ ਕਿ ਇਹ ਹਨੁਮਾਨ ਜੀ ਦਾ ਪ੍ਰਸਾਦ ਹੈ ਤਾਂ ਬ੍ਰਾਹਮਣ ਨੂੰ ਵਿਸ਼ਵਾਸ ਨਾ ਹੋਇਆ। ਉਸਦੇ ਮਨ ਵਿੱਚ ਇਹ ਸ਼ੱਕ ਰਿਹਾ ਕਿ ਮੇਰੀ ਇਸਤਰੀ ਜਰੂਰ ਕੁਲਟਾ ਹੋ ਗਈ ਹੈ ਅਤੇ ਆਪਣਾ ਪਾਪ ਛੁਪਾਉਣ ਲਈ ਇਹ ਝੂਠੀ ਗੱਲ ਸੁਣਾ ਰਹੀ ਹੈ। ਬ੍ਰਾਹਮਣ ਸੋਚਣ ਲੱਗਾ ਕਿ ਕਿਸੇ ਤਰ੍ਹਾਂ ਉਹ ਮਰ ਜਾਵੇ ਤਾਂ ਚੰਗਾ ਹੋਵੇਗਾ। ਇੱਕ ਦਿਨ ਬ੍ਰਾਹਮਣ ਪਾਣੀ ਭਰਨ ਲਈ ਖੂਹ ਵੱਲ ਜਾ ਰਿਹਾ ਸੀ। ਬ੍ਰਾਹਮਣੀ ਨੇ ਉਸ ਨੂੰ ਕਿਹਾ ਕਿ ਮੰਗਲ ਨੂੰ ਵੀ ਨਾਲ ਲੈ ਜਾਓ। ਬ੍ਰਾਹਮਣ ਉਸ ਨੂੰ ਆਪਣੇ ਨਾਲ ਲੈ ਗਿਆ ਅਤੇ ਮੌਕਾ ਪਾ ਕੇ ਉਸਨੂੰ ਖੂਹ ਵਿੱਚ ਸੁੱਟ ਦਿੱਤਾ, ਜਦੋਂ ਬ੍ਰਾਹਮਣ ਪਾਣੀ ਲੈ ਕੇ ਘਰ ਵਾਪਿਸ ਆਇਆ ਤਾਂ ਬ੍ਰਾਹਮਣੀ ਨੇ ਮੰਗਲ ਬਾਰੇ ਪੁੱਛਿਆ। ਇਸ ਤੋਂ ਪਹਿਲਾਂ ਕਿ ਬ੍ਰਾਹਮਣ ਕੋਈ ਉੱਤਰ ਦੇਵੇ, ਮੰਗਲ ਹੱਸਦਾ ਹੋਇਆ ਘਰ ਵਿੱਚ ਦਾਖਲ ਹੋਇਆ। ਇਸ ਤਰ੍ਹਾਂ ਬ੍ਰਾਹਮਣ ਨੇ ਕਈ ਵਾਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮਹਾਂਵੀਰ ਸਵਾਮੀ ਉਸ ਨੂੰ ਬਚਾਉਂਦੇ ਹੀ ਰਹੇ ਤੇ ਫੇਰ ਬ੍ਰਾਹਮਣ ਨੂੰ ਪਤਾ ਲੱਗਾ ਕਿ ਇਹ ਬੜਾ ਅਦਭੁਤ ਬਾਲਕ ਹੈ। ਇਕ ਸਮੇਂ ਬ੍ਰਾਹਮਣ ਆਪਣੇ ਘਰ ਵਿੱਚ ਸੌਂ ਰਿਹਾ ਸੀ ਤਾਂ ਮਹਾਂਵੀਰ ਸਵਾਮੀ ਨੇ ਉਸ ਨੂੰ ਸੁਪਨੇ ਵਿੱਚ ਦਰਸ਼ਨ ਦਿੱਤੇ ਅਤੇ ਕਿਹਾ, “ਹੇ ਬ੍ਰਾਹਮਣ! ਇਸ ਬਾਲਕ ਉੱਤੇ ਕਿਸੇ ਤਰ੍ਹਾਂ ਦਾ ਸ਼ੱਕ ਨਾ ਕਰ। ਜਿਹੜੀ ਤੂੰ ਮੇਰੀ ਭਗਤੀ ਕੀਤੀ ਹੈ ਉਸ ਦੇ ਫਲਸਰੂਪ ਇਹ ਬਾਲਕ ਤੈਨੂੰ ਪ੍ਰਾਪਤ ਹੋਇਆ ਹੈ।”
ਇਸ ਤੋਂ ਬਾਅਦ ਬਹੁਤ ਸਮੇਂ ਤੱਕ ਪਤੀ-ਪਤਨੀ ਆਨੰਦ ਨਾਲ ਰਹਿੰਦੇ ਰਹੇ। ਜੋ ਕੋਈ ਇਸ ਕਥਾ ਨੂੰ ਪੜ੍ਹਦਾ ਜਾਂ ਸੁਣਦਾ ਅਤੇ ਮੰਗਲਵਾਰ ਦਾ ਵਰਤ ਰੱਖਦਾ ਹੈ, ਉਸ ਦੇ ਸਾਰੇ ਦੁੱਖ ਸ਼੍ਰੀ ਹਨੁਮਾਨ ਜੀ ਦੀ ਕ੍ਰਿਪਾ ਨਾਲ ਦੂਰ ਹੋ ਜਾਂਦੇ ਹਨ। ।।ਇਤੀ ਸ੍ਰੀ ਮੰਗਲਵਾਰ ਕਥਾ ਸਮਾਪਤ।।
ਮੰਗਲਵਾਰ ਅਤੇ ਮੰਗਲੀਆ ਦੀ ਕਥਾ
ਇਕ ਨਗਰ ਵਿੱਚ ਇਕ ਬੁੱਢੀ ਔਰਤ ਰਹਿੰਦੀ ਸੀ। ਉਹ ਹਰ ਮੰਗਲਵਾਰ ਨੂੰ ਮੰਗਲ ਦੇਵਤਾ ਦਾ ਵਰਤ ਰੱਖਦੀ ਅਤੇ ਪੂਜਾ ਕਰਦੀ ਸੀ। ਉਸ ਦਾ ਇਕ ਪੁੱਤਰ ਸੀ ਜਿਹੜਾ ਮੰਗਲਵਾਰ ਨੂੰ ਪੈਦਾ ਹੋਇਆ ਸੀ, ਇਸ ਕਾਰਨ ਉਹ ਉਸ ਨੂੰ ਮੰਗਲੀਆ ਦੇ ਨਾਮ ਨਾਲ ਬੁਲਾਉਂਦੀ ਸੀ।
ਮੰਗਲਵਾਰ ਦੇ ਦਿਨ ਉਹ ਨਾ ਹੀ ਘਰ ਨੂੰ ਲਿਪਦੀ ਅਤੇ ਨਾ ਹੀ ਮਿੱਟੀ ਖੋਦਦੀ ਸੀ। ਇਕ ਦਿਨ ਮੰਗਲ ਦੇਵਤਾ ਉਸ ਦੀ ਸ਼ਰਧਾ ਵੇਖਣ ਦੇ ਲਈ ਉਸ ਦੇ ਘਰ ਵਿਚ ਇਕ ਸਾਧੂ ਦੇ ਰੂਪ ਵਿੱਚ ਆਏ ਅਤੇ ਆਵਾਜ਼ ਲਗਾਈ। ਬੁੱਢੀ ਔਰਤ ਨੇ ਕਿਹਾ, “ਮਹਾਰਾਜ ਜੀ! ਕੀ ਆਗਿਆ ਹੈ?” ਸਾਧੂ ਨੇ ਕਿਹਾ, “ਬਹੁਤ ਭੁੱਖ ਲੱਗੀ ਹੈ, ਭੋਜਨ ਬਣਾਉਣਾ ਹੈ। ਇਸ ਲਈ ਤੂੰ ਥੋੜ੍ਹੀ ਜਿੰਨੀ ਥਾਂ ਲਿਪ ਦੇ ਤਾਂ ਤੇਰਾ ਬੜਾ ਪੁੰਨ ਹੋਵੇਗਾ।” ਇਹ ਸੁਣ ਕੇ ਬੁੱਢੀ ਔਰਤ ਨੇ ਕਿਹਾ, “ਅੱਜ ਤਾਂ ਮੇਰਾ ਮੰਗਲਵਾਰ ਦਾ ਵਰਤ ਹੈ, ਇਸ ਲਈ ਚੌਂਕਾ ਨਹੀਂ ਲਗਾ ਸਕਦੀ, ਕਹੋ ਤਾਂ ਪਾਣੀ ਦਾ ਛਿੜਕਾਅ ਕਰ ਦੇਵਾਂ, ਇਸ ਉੱਤੇ ਭੋਜਨ ਬਣਾ ਲਵੋ।” ਸਾਧੂ ਕਹਿਣ ਲੱਗਾ, “ਮੈਂ ਤਾਂ ਗੋਹੇ ਦੇ ਲਿਪੇ ਹੋਏ ਚੌਂਕੇ ਤੇ ਹੀ ਰਸੋਈ ਬਣਾਉਂਦਾ ਹਾਂ।” ਬੁੱਢੀ ਔਰਤ ਨੇ ਕਿਹਾ, “ਲਿਪਣ ਤੋਂ ਸਿਵਾ ਹੋਰ ਕੋਈ ਸੇਵਾ ਹੋਵੇ ਤਾਂ ਮੈਂ ਸਾਰਾ ਕੁਝ ਕਰਨ ਲਈ ਤਿਆਰ ਹਾਂ।” ਸਾਧੂ ਨੇ ਕਿਹਾ, “ਚੰਗੀ ਤਰ੍ਹਾਂ ਸੋਚ ਸਮਝ ਲਵੋ, ਜੋ ਕੁਝ ਮੈਂ ਕਹਾਂਗਾ, ਉਹ ਸਭ ਤੈਨੂੰ ਕਰਨਾ ਪਵੇਗਾ।” ਬੁੱਢੀ ਔਰਤ ਨੇ ਕਿਹਾ, “ਮਹਾਰਾਜ! ਲਿਪਣ ਤੋਂ ਸਿਵਾ ਜਿਹੜੀ ਆਗਿਆ ਕਰੋਗੇ, ਮੈਂ ਉਸ ਦਾ ਪਾਲਣ ਕਰਾਂਗੀ।” ਬੁੱਢੀ ਔਰਤ ਨੇ ਇਹ ਵਚਨ ਤਿੰਨ ਵਾਰ ਕਹਿ ਦਿੱਤਾ ਤਾਂ ਸਾਧੂ ਨੇ ਕਿਹਾ, “ਆਪਣੇ ਲੜਕੇ ਨੂੰ ਬੁਲਾ ਕੇ ਮੂਧਾ ਲਿਟਾ ਦਿਓ, ਮੈਂ ਉਸ ਦੀ ਪਿੱਠ ਉੱਤੇ ਭੋਜਨ ਬਣਾਵਾਂਗਾ।” ਬੁੱਢੀ ਔਰਤ ਮੰਗਲੀਆ-ਮੰਗਲੀਆ ਕਹਿ ਕੇ ਬੁਲਾਉਣ ਲੱਗੀ। ਥੋੜ੍ਹੀ ਦੇਰ ਵਿੱਚ ਲੜਕਾ ਆ ਗਿਆ। ਬੁੱਢੀ ਔਰਤ ਨੇ ਕਿਹਾ, “ਜਾ, ਤੈਨੂੰ ਬਾਬਾ ਜੀ ਬੁਲਾ ਰਹੇ ਹਨ।” ਲੜਕੇ ਨੇ ਬਾਬਾ ਜੀ ਕੋਲ ਜਾ ਕੇ ਪੁੱਛਿਆ, “ਕੀ ਆਗਿਆ ਹੈ ਮਹਾਰਾਜ!” ਬਾਬਾ ਜੀ ਨੇ ਕਿਹਾ, “ਜਾਓ ਆਪਣੀ ਮਾਤਾ ਜੀ ਨੂੰ ਬੁਲਾ ਕੇ ਲੈ ਆਓ।” ਜਦੋਂ ਮਾਤਾ ਆ ਗਈ ਤਾਂ ਸਾਧੂ ਨੇ ਕਿਹਾ, ਤੂੰ ਹੀ ਇਸ ਨੂੰ ਲਿਟਾ ਦੇ। ਬੁੱਢੀ ਮਾਂ ਨੇ ਮੰਗਲ ਦੇਵਤਾ ਦਾ ਸਿਮਰਨ ਕਰਦੇ ਹੋਏ ਲੜਕੇ ਨੂੰ ਮੂਧੇ ਮੂੰਹ ਲਿਟਾ ਦਿੱਤਾ ਅਤੇ ਉਸ ਦੀ ਪਿੱਠ ਉੱਤੇ ਚੁੱਲ੍ਹਾ ਬਣਾਇਆ। ਬੁੱਢੀ ਔਰਤ ਕਹਿਣ ਲੱਗੀ, “ਮਹਾਰਾਜ! ਜੋ ਕਰਨਾ ਹੈ, ਕਰੋ। ਮੈਂ ਜਾ ਕੇ ਆਪਣਾ ਕੰਮ ਕਰਦੀ ਹਾਂ” ਸਾਧੂ ਨੇ ਲੜਕੇ ਦੀ ਪਿੱਠ ਉੱਤੇ ਬਣੇ ਚੁਲ੍ਹੇ ਵਿੱਚ ਅੱਗ ਜਲਾਈ ਅਤੇ ਉਸ ਉੱਤੇ ਭੋਜਨ ਬਣਾਇਆ। ਜਦੋਂ ਭੋਜਨ ਬਣ ਗਿਆ ਤਾਂ ਉਸ ਨੇ ਬੁੱਢੀ ਔਰਤ ਨੂੰ ਕਿਹਾ, “ਹੁਣ ਆਪਣੇ ਲੜਕੇ ਨੂੰ ਬੁਲਾ। ਉਹ ਵੀ ਆ ਕੇ ਪ੍ਰਸਾਦ ਲੈ ਜਾਵੇ।” ਬੁੱਢੀ ਔਰਤ ਕਹਿਣ ਲੱਗੀ, “ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਦੀ ਪਿੱਠ ਉੱਪਰ ਤੁਸੀਂ ਅੱਗ ਜਲਾਈ ਉਸ ਨੂੰ ਹੀ ਪ੍ਰਸਾਦ ਦੇਣ ਲਈ ਬੁਲਾਉਂਦੇ ਹੋ। ਕੀ ਹੁਣ ਵੀ ਤੁਸੀਂ ਉਸ ਨੂੰ ਜਿਉਂਦਾ ਸਮਝਦੇ ਹੋ? ਤੁਸੀਂ ਕ੍ਰਿਪਾ ਕਰਕੇ ਉਸ ਦੀ ਯਾਦ ਵੀ ਮੈਨੂੰ ਨਾ ਦਿਲਾਓ ਅਤੇ ਭੋਗ ਲਗਾ ਕੇ ਜਿਥੇ ਜਾਣਾ ਹੋਵੇ, ਜਾਓ।” ਸਾਧੂ ਦੇ ਬਹੁਤ ਕਹਿਣ ਤੇ ਬੁੱਢੀ ਔਰਤ ਨੇ ਜਿਉਂ ਹੀ ਮੰਗਲੀਆ ਕਹਿ ਕੇ ਆਵਾਜ਼ ਲਗਾਈ, ਤਿਉਂ ਹੀ ਲੜਕਾ ਹੱਸਦਾ ਹੋਇਆ ਘਰ ਵਿੱਚ ਦਾਖਲ ਹੋਇਆ।
ਸਾਧੂ ਨੇ ਲੜਕੇ ਨੂੰ ਪ੍ਰਸਾਦ ਦਿੱਤਾ ਅਤੇ ਕਿਹਾ, “ਮਾਂ! ਤੇਰਾ ਵਰਤ ਸਫਲ ਹੋ ਗਿਆ। ਤੇਰੇ ਦਿਲ ਵਿਚ ਦਇਆ ਅਤੇ ਆਪਣੇ ਇਸ਼ਟ ਦੇਵ ਲਈ ਅਟਲ ਸ਼ਰਧਾ ਹੈ, ਇਸ ਕਾਰਨ ਤੈਨੂੰ ਕਦੇ ਵੀ ਕੋਈ ਕਸ਼ਟ ਨਹੀਂ ਆਵੇਗਾ।”
।। ਇਤੀ ਮੰਗਲੀਆ ਦੀ ਕਥਾ ਸਮਾਪਤ।।
ਮੰਗਲਵਾਰ ਵਰਤ ਦੀ ਆਰਤੀ
ਆਰਤੀ ਕੀਜੇ ਹਨੁਮਾਨ ਲਲਾ ਕੀ। ਦੁਸ਼ਟ ਦਲਨ ਰਘੂਨਾਥ ਕਲਾ ਕੀ।
ਜਾਕੇ ਬਲ ਸੇ ਗਿਰਵਰ ਕਾਂਪੇ। ਰੋਗ ਦੋਸ਼ ਜਾਕੇ ਨਿਕਟ ਨਾ ਝਾਂਕੇ।
ਅੰਜਨਿ ਪੁੱਤਰ ਮਹਾਂ ਬਲਦਾਈ। ਸੰਤਨ ਕੇ ਪ੍ਰਭੂ ਸਦਾ ਸਹਾਈ।
ਦੇ ਬੀੜਾ ਰਘੂਨਾਥ ਪਠਾਏ। ਲੰਕਾ ਜਾਰਿ ਸਿਆ ਸੁਧਿ ਲਾਏ।
ਲੰਕਾ ਸੋ ਕੋਟ ਸਮੁੰਦਰ ਸੀ ਖਾਈ। ਜਾਤ ਪਵਨਸੁਰ ਬਾਰ ਨਾ ਲਾਈ।
ਲੰਕਾ ਜਾਰਿ ਅਸੁਰ ਸੰਹਾਰੇ। ਸਿਆ ਰਾਮ ਜੀ ਕੇ ਕਾਜ ਸੰਵਾਰੇ।
ਲਛਮਣ ਮੂਰਛਿਤ ਪੜੇ ਸਕਾਰੇ। ਲਾਇ ਸੰਜੀਵਨ ਪ੍ਰਾਣ ਉਬਾਰੇ।
ਪੈਠਿ ਪਾਤਾਲ ਤੋਰਿ ਯਮ ਕਾਰੇ। ਅਹਿਰਾਵਣ ਕੀ ਭੁਜਾ ਉਖਾਰੇ।
ਬਾਈਂ ਭੁਜਾ ਸਬ ਅਸੁਰ ਸੰਹਾਰੇ। ਦਾਹਿਨੀ ਭੁਜਾ ਸਭ ਸੰਤ ਜਨ ਤਾਰੇ।
ਸੁਰ ਨਰ ਮੁਨਿ ਜਨ ਆਰਤੀ ਉਤਾਰੇਂ। ਜੈ ਜੈ ਜੈ ਹਨੁਮਾਨ ਜੀ ਉਚਾਰੇਂ।
ਕੰਚਨ ਥਾਰ ਕਪੂਰ ਲੌ ਛਾਈ। ਆਰਤੀ ਕਰਤ ਅੰਜਨਾ ਮਾਈ।
ਜੋ ਹਨੁਮਾਨ ਜੀ ਕੀ ਆਰਤੀ ਗਾਵੈ। ਬਸਿ ਬੈਕੁੰਠ ਪਰਮ ਪਦ ਪਾਵੈ।
ਲੰਕਾ ਵਿਧਵੰਸ ਕੀਓ ਰਘੁਰਾਈ। ਤੁਲਸੀ ਦਾਸ ਪ੍ਰਭੂ ਕੀਰਤੀ ਗਾਈ।