ਵੀਰਵਾਰ ਦੇ ਵਰਤ ਦਾ ਢੰਗ
ਵੀਰਵਾਰ ਦੇ ਦਿਨ ਜਿਹੜੀ ਵੀ ਇਸਤ੍ਰੀ ਜਾਂ ਪੁਰਸ਼ ਵਰਤ ਰੱਖੇ ਉਸ ਨੂੰ ਚਾਹੀਦਾ ਹੈ ਕਿ ਉਹ ਦਿਨ ਵਿਚ ਇਕੋ ਹੀ ਵੇਲੇ ਭੋਜਨ ਕਰੇ ਕਿਉਂਕਿ ਬ੍ਰਹਸਪਤ ਭਗਵਾਨ ਦਾ ਇਸ ਦਿਨ ਪੂਜਣ ਹੁੰਦਾ ਹੈ। ਭੋਜਨ ਪੀਲੇ ਚਨੇ (ਛੋਲਿਆਂ) ਦੀ ਦਾਲ ਆਦਿ ਦਾ ਕਰੇ, ਪਰ ਲੂਣ ਨਾ ਖਾਵੇ ਅਤੇ ਪੀਲੇ ਕਪੜੇ ਪਾ ਕੇ ਪੀਲੇ ਹੀ ਫਲ ਦਾ ਪ੍ਰਯੋਗ ਕਰੇ, ਪੀਲੇ ਚੰਦਨ ਨਾਲ ਪੂਜਣ ਕਰੇ, ਪੂਜਣ ਤੋਂ ਬਾਅਦ ਪ੍ਰੇਮ-ਪੂਰਵਕ ਗੁਰੂ ਮਹਾਰਾਜ ਦੀ ਕਥਾ ਸੁਣਨੀ ਚਾਹੀਦੀ ਹੈ। ਇਸ ਵਰਤ ਨੂੰ ਰੱਖਣ ਦੇ ਨਾਲ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਪਰਿਵਾਰ ਨੂੰ ਸੁਖ ਅਤੇ ਸ਼ਾਂਤੀ ਮਿਲਦੀ ਹੈ, ਇਸ ਲਈ ਇਹ ਵਰਤ ਸਭ ਇਸਤ੍ਰੀਆਂ ਅਤੇ ਪੁਰਸ਼ਾਂ ਦੇ ਲਈ ਸਰਵ-ਸ੍ਰੇਸ਼ਟ ਅਤੇ ਅਤਿ-ਫਲ ਦਾਇਕ ਹੁੰਦਾ ਹੈ ਇਸ ਵਰਤ ਵਿਚ ਕੇਲੇ ਦਾ ਪੂਜਣ ਕਰਨਾ ਚਾਹੀਦਾ ਹੈ। ਕਥਾ ਅਤੇ ਪੂਜਣ ਦੇ ਸਮੇਂ ਮਨ, ਕ੍ਰਮ, ਵਚਨ ਦੇ ਨਾਲ ਸ਼ੁੱਧ ਹੋ ਕੇ ਜਿਹੜੀ ਇੱਛਾ ਹੋਵੇ ਬ੍ਰਹਸਪਤ ਦੇਵ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਉਸ ਦੀਆਂ ਇੱਛਾਵਾਂ ਬ੍ਰਹਸਪਤ ਦੇਵ ਜ਼ਰੂਰ ਪੂਰੀਆਂ ਕਰਦੇ ਹਨ। ਇਹ ਅਟਲ ਵਿਸ਼ਵਾਸ ਮਨ ਵਿੱਚ ਰੱਖਣਾ ਚਾਹੀਦਾ ਹੈ।
ਅਥ ਸ੍ਰੀ ਵੀਰਵਾਰ ਵਰਤ ਕਥਾ
ਇਕ ਸਮੇਂ ਦੀ ਗੱਲ ਹੈ ਕਿ ਭਾਰਤ-ਵਰਸ਼ ਵਿਚ ਇਕ ਨਰਪਤਿ ਚੰਦਰਸੇਨ ਰਾਜ ਕਰਦਾ ਸੀ। ਉਹ ਬੜਾ ਪ੍ਰਤਾਪੀ ਅਤੇ ਦਾਨੀ ਸੀ। ਉਹ ਹਰ ਰੋਜ ਮੰਦਰ ਵਿਚ ਦਰਸ਼ਨ ਕਰਨ ਜਾਂਦਾ ਸੀ। ਉਹ ਬ੍ਰਾਹਮਣ ਅਤੇ ਗੁਰੂ ਦੀ ਸੇਵਾ ਕਰਦਾ ਸੀ। ਉਸਦੇ ਦਰਵਾਜ਼ੇ ਤੋਂ ਕੋਈ ਵੀ ਨਿਰਾਸ਼ ਹੋ ਕੇ ਨਾ ਮੁੜਦਾ। ਉਹ ਹਰ ਵੀਰਵਾਰ ਨੂੰ ਵਰਤ ਰੱਖਦਾ ਅਤੇ ਪੂਜਣ ਕਰਦਾ ਸੀ, ਹਰ ਰੋਜ ਗਰੀਬਾਂ ਦੀ ਮਦਦ ਕਰਦਾ ਸੀ ਪਰ ਇਹ ਸਾਰੀਆਂ ਗੱਲਾਂ ਉਸਦੀ ਰਾਣੀ ਨੂੰ ਚੰਗੀਆਂ ਨਹੀਂ ਲੱਗਦੀਆਂ ਸਨ। ਉਹ ਨਾ ਵਰਤ ਰੱਖਦੀ ਅਤੇ ਨਾ ਕਿਸੇ ਨੂੰ ਇਕ ਦਮੜੀ ਤਕ ਦਾਨ ਦਿੰਦੀ ਅਤੇ ਰਾਜਾ ਨੂੰ ਵੀ ਅਜਿਹਾ ਕਰਨ ਤੋਂ ਰੋਕਦੀ ਸੀ।
ਇਕ ਵੇਲੇ ਦੀ ਗੱਲ ਹੈ ਕਿ ਰਾਜਾ ਤਾਂ ਸ਼ਿਕਾਰ ਖੇਡਣ ਜੰਗਲ ਨੂੰ ਗਿਆ ਹੋਇਆ ਸੀ, ਘਰ ਵਿੱਚ ਰਾਣੀ ਅਤੇ ਦਾਸੀ ਸਨ। ਉਸ ਸਮੇਂ ਗੁਰੂ ਬ੍ਰਹਸਪਤ ਦੇਵ ਇਕ ਸਾਧੂ ਦਾ ਰੂਪ ਧਾਰਨ ਕਰਕੇ ਰਾਜਾ ਦੇ ਦਰਵਾਜ਼ੇ ਤੇ ਭੀਖ ਮੰਗਣ ਗਏ ਤਾਂ ਰਾਣੀ ਕਹਿਣ ਲੱਗੀ, ਹੇ ਸਾਧੂ ਮਹਾਰਾਜ! ਮੈਂ ਇਸ ਦਾਨ ਪੁੰਨ ਤੋਂ ਤੰਗ ਆ ਗਈ ਹਾਂ। ਮੇਰੇ ਕੋਲੋਂ ਤਾਂ ਘਰ ਦਾ ਕੰਮ ਹੀ ਨਹੀਂ ਮੁੱਕਦਾ। ਇਸ ਕੰਮ ਲਈ ਤਾਂ ਮੇਰੇ ਪਤੀ ਦੇਵ ਬਹੁਤ ਹਨ। ਆਪ ਇਸ ਪ੍ਰਕਾਰ ਦੀ ਕ੍ਰਿਪਾ ਕਰੋ ਕਿ ਸਾਰਾ ਧਨ ਨਸ਼ਟ ਹੋ ਜਾਵੇ ਅਤੇ ਮੈਂ ਆਰਾਮ ਨਾਲ ਰਹਿ ਸਕਾਂ। ਸਾਧੂ ਬੋਲੇ “ਹੇ-ਦੇਵੀ! ਤੂੰ ਤਾਂ ਬੜੀ ਵਿਚਿੱਤਰ ਹੈਂ। ਸੰਤਾਨ ਅਤੇ ਧਨ ਤੋਂ ਕੋਈ ਦੁਖੀ ਨਹੀਂ ਹੁੰਦਾ, ਇਸ ਨੂੰ ਤਾਂ ਸਾਰੇ ਚਾਹੁੰਦੇ ਹਨ। ਪਾਪੀ ਵੀ ਪੁੱਤਰ ਅਤੇ ਧਨ ਦੀ ਇੱਛਾ ਕਰਦਾ ਹੈ। ਜੇਕਰ ਤੁਹਾਡੇ ਕੋਲ ਧਨ ਜਿਆਦਾ ਹੈ ਤਾਂ ਭੁੱਖੇ ਮਨੁੱਖਾਂ ਨੂੰ ਭੋਜਨ ਕਰਾਓ, ਪਿਆਉ ਲਗਵਾਓ, ਬ੍ਰਾਹਮਣਾਂ ਨੂੰ ਦਾਨ ਦਿਓ, ਸਰਾਵਾਂ ਬਣਵਾਓ, ਖੂਹ, ਤਲਾਬ, ਬਾਵੜੀ, ਬਾਗ਼-ਬਗੀਚੇ ਆਦਿ ਬਣਵਾਓ। ਇਸ ਪ੍ਰਕਾਰ ਦੇ ਕਰਮਾਂ ਨਾਲ ਤੁਹਾਡੀ ਕੁਲ ਅਤੇ ਤੁਹਾਡਾ ਨਾਂ ਪਰਲੋਕ ਵਿਚ ਸਹਾਈ ਹੋਵੇਗਾ, ਅੰਤ ਸਵਰਗ ਦੀ ਪ੍ਰਾਪਤੀ ਹੋਵਾਂਗੀ।” ਪਰ ਉਹ ਇਹਨਾਂ ਗੱਲਾਂ ਤੋਂ ਖੁਸ਼ ਨਾ ਹੋਈ। ਉਹ ਬੋਲੀ “ਹੇ-ਸਾਧੂ ਮਹਾਰਾਜ! ਮੈਨੂੰ ਇਸ ਤਰ੍ਹਾਂ ਦੇ ਧਨ ਦੀ ਵੀ ਜ਼ਰੂਰਤ ਨਹੀਂ ਜਿਹੜਾ ਹੋਰ ਮਨੁੱਖਾਂ ਨੂੰ ਦਾਨ ਦੇਵਾਂ ਅਤੇ ਜਿਸ ਨੂੰ ਰੱਖਣ, ਉਠਾਉਣ ਵਿਚ ਹੀ ਮੇਰਾ ਸਮਾਂ ਬਰਬਾਦ ਹੋ ਜਾਵੇ।” ਸਾਧੂ ਨੇ ਕਿਹਾ “ਹੇ-ਦੇਵੀ! ਤੇਰੀ ਇਹ ਹੀ ਇੱਛਾ ਹੈ ਤਾਂ ਇੰਜ ਹੀ ਹੋਵੇਗਾ। ਮੈਂ ਤੈਨੂੰ ਜੋ ਦੱਸਦਾ ਹਾਂ ਉਸੇ ਤਰ੍ਹਾਂ ਹੀ ਕਰਨਾ। ਵੀਰਵਾਰ ਦੇ ਦਿਨ ਘਰ ਨੂੰ ਗੋਬਰ ਨਾਲ ਲਿਪਣਾ। ਆਪਣੇ ਕੇਸਾਂ ਨੂੰ ਧੋਣਾ, ਕੇਸਾਂ ਨੂੰ ਧੋਂਦੇ ਸਮੇਂ ਇਸ਼ਨਾਨ ਕਰਨਾ, ਕਪੜੇ ਧੋਣਾ ਅਤੇ ਰਾਜਾ ਨੂੰ ਕਹਿਣਾ ਉਹ ਹਜਾਮਤ ਕਰਾਏ, ਭੋਜਨ ਵਿਚ ਮਾਸ-ਸ਼ਰਾਬ ਦਾ ਪ੍ਰਯੋਗ ਕਰੇ। ਇਸ ਪ੍ਰਕਾਰ ਸੱਤ ਵੀਰਵਾਰ ਕਰਨ ਨਾਲ ਸਾਰਾ ਧਨ ਨਸ਼ਟ ਹੋ ਜਾਵੇਗਾ।” ਇਹ ਕਹਿ ਕੇ ਸਾਧੂ ਮਹਾਰਾਜ ਅਲੋਪ ਹੋ ਗਏ। ਰਾਣੀ ਨੇ ਸਾਧੂ ਦੇ ਕਹਿਣ ਅਨੁਸਾਰ ਸਭ ਕੁਝ ਕੀਤਾ। ਤਿੰਨ ਵੀਰਵਾਰ ਹੀ ਬੀਤੇ ਸਨ ਕਿ ਉਸ ਦਾ ਸਾਰਾ ਧਨ ਨਸ਼ਟ ਹੋ ਗਿਆ ਅਤੇ ਭੋਜਨ ਦੇ ਲਈ ਦੋਵੇਂ ਤਰਸਣ ਲੱਗੇ, ਸੰਸਾਰਕ ਭੋਗਾਂ ਤੋਂ ਦੁਖੀ ਰਹਿਣ ਲੱਗੇ, ਤਾਂ ਰਾਜਾ ਰਾਣੀ ਨੂੰ ਕਹਿਣ ਲੱਗਾ ਕਿ ਰਾਣੀ ਤੂੰ ਇਥੇ ਰਹਿ, ਮੈਂ ਦੂਜੇ ਦੇਸ਼ ਵਿਚ ਜਾ ਕੇ ਕੋਈ ਕੰਮ ਕਰਦਾ ਹਾਂ। ਇਸ ਦੇਸ਼ ਵਿਚ ਤਾਂ ਮੈਨੂੰ ਸਾਰੇ ਜਾਣਦੇ ਹਨ। ਦੇਸ਼ ਵਿਚ ਚੋਰੀ ਅਤੇ ਪਰਦੇਸ ਵਿੱਚ ਭੀਖ ਮੰਗਣਾ ਬਰਾਬਰ ਹੈ। ਇਹ ਕਹਿ ਕੇ ਰਾਜਾ ਪਰਦੇਸ ਚਲਾ ਗਿਆ। ਉਥੇ ਜੰਗਲਾਂ ਵਿਚੋਂ ਲੱਕੜਾਂ ਕੱਟ ਕੇ ਲੈ ਆਉਂਦਾ ਅਤੇ ਸ਼ਹਿਰ ਵਿੱਚ ਵੇਚ ਕੇ ਆਪਣਾ ਪੇਟ ਪਾਲਦਾ।
ਏਧਰ ਰਾਜਾ ਦੇ ਘਰ ਰਾਣੀ ਅਤੇ ਦਾਸੀ ਦੁਖੀ ਰਹਿਣ ਲੱਗੀਆਂ। ਕਿਸੇ ਦਿਨ ਭੋਜਨ ਮਿਲਦਾ ਅਤੇ ਕਿਸੇ ਦਿਨ ਪਾਣੀ ਪੀ ਕੇ ਗੁਜ਼ਾਰਾ ਕਰਦੀਆਂ। ਇਕ ਸਮੇਂ ਰਾਣੀ ਅਤੇ ਦਾਸੀ ਨੂੰ ਸੱਤ ਦਿਨ ਬਿਨਾ ਭੋਜਨ ਕੀਤੇ ਬੀਤ ਗਏ ਤਾਂ ਰਾਣੀ ਨੇ ਆਪਣੀ ਦਾਸੀ ਨੂੰ ਕਿਹਾ “ਹੇ-ਦਾਸੀ! ਨੇੜੇ ਦੇ ਨਗਰ ਵਿਚ ਮੇਰੀ ਭੈਣ ਰਹਿੰਦੀ ਹੈ। ਉਹ ਬੜੀ ਧਨਵਾਨ ਹੈ, ਤੂੰ ਉਸ ਕੋਲ ਜਾ ਅਤੇ ਉਥੋਂ ਪੰਜ ਸੇਰ ਬੇਝਰ ਮੰਗ ਲਿਆ, ਜਿਸ ਨਾਲ ਕੁਝ ਸਮੇਂ ਲਈ ਗੁਜ਼ਾਰਾ ਹੋ ਜਾਵੇਗਾ।” ਇਸ ਪ੍ਰਕਾਰ ਰਾਣੀ ਦੀ ਆਗਿਆ ਮੰਨ ਕੇ ਦਾਸੀ ਉਸ ਦੀ ਭੈਣ ਦੇ ਕੋਲ ਗਈ। ਰਾਣੀ ਦੀ ਭੈਣ ਉਸ ਵੇਲੇ ਪੂਜਣ ਕਰ ਰਹੀ ਸੀ ਕਿਉਂਕਿ ਉਸ ਦਿਨ ਵੀਰਵਾਰ ਸੀ। ਜਦੋਂ ਦਾਸੀ ਨੇ ਰਾਣੀ ਦੀ ਭੈਣ ਨੂੰ ਵੇਖਿਆ ਅਤੇ ਉਸ ਨੂੰ ਕਹਿਣ ਲੱਗੀ “ਹੇ-ਰਾਣੀ! ਮੈਨੂੰ ਤੇਰੀ ਭੈਣ ਨੇ ਪੰਜ ਸੇਰ ਬੇਝਰ ਲੈਣ ਲਈ ਭੇਜਿਆ ਹੈ।” ਇਸ ਪ੍ਰਕਾਰ ਦਾਸੀ ਨੇ ਅਨੇਕ ਵਾਰ ਕਿਹਾ, ਪਰ ਰਾਣੀ ਦੀ ਭੈਣ ਨੇ ਉੱਤਰ ਨਾ ਦਿੱਤਾ ਕਿਉਂਕਿ ਉਸ ਵੇਲੇ ਉਹ ਵੀਰਵਾਰ ਦੀ ਵਰਤ ਕਥਾ ਸੁਣ ਰਹੀ ਸੀ।
ਇਸ ਪ੍ਰਕਾਰ ਜਦੋਂ ਬਾਂਦੀ ਨੂੰ ਕਿਸੇ ਤਰ੍ਹਾਂ ਦਾ ਉੱਤਰ ਨਾ ਮਿਲਿਆ, ਤਾਂ ਉਹ ਬਹੁਤ ਦੁਖੀ ਹੋਈ। ਉਸ ਨੂੰ ਕਰੋਧ ਵੀ ਆਇਆ ਅਤੇ ਵਾਪਿਸ ਆਪਣੀ ਰਾਣੀ ਕੋਲ ਆ ਕੇ ਬੋਲੀ “ਹੇ-ਰਾਣੀ! ਤੁਹਾਡੀ ਭੈਣ ਤਾਂ ਬਹੁਤ ਹੰਕਾਰਨ ਹੈ। ਉਹ ਛੋਟੇ ਆਦਮੀਆਂ ਨਾਲ ਤਾਂ ਗੱਲ ਵੀ ਨਹੀਂ ਕਰਦੀ। ਤੁਹਾਡਾ ਸੰਦੇਸ਼ ਉਸ ਨੂੰ ਮੈਂ ਕਈ ਵਾਰ ਕਿਹਾ ਪਰ ਉਸ ਨੇ ਕਿਸੇ ਤਰ੍ਹਾਂ ਦਾ ਕੋਈ ਉੱਤਰ ਨਾ ਦਿੱਤਾ, ਤਾਂ ਮੈਂ ਵਾਪਿਸ ਚਲੀ ਆਈ।” ਰਾਣੀ ਬੋਲੀ “ਹੇ-ਦਾਸੀ! ਇਸ ਦੇ ਵਿੱਚ ਉਸਦਾ ਕੋਈ ਦੋਸ਼ ਨਹੀਂ ਹੈ। ਜਦੋਂ ਬੁਰੇ ਦਿਨ ਆਉਂਦੇ ਹਨ ਤਾਂ ਕੋਈ ਵੀ ਸਹਾਰਾ ਨਹੀਂ ਦਿੰਦਾ। ਚੰਗੇ ਬੁਰੇ ਦਾ ਪਤਾ ਤਾਂ ਮੁਸੀਬਤ ਵਿਚ ਹੀ ਲਗਦਾ ਹੈ।” ਏਧਰ ਰਾਣੀ ਦੀ ਭੈਣ ਨੇ ਵੇਖਿਆ ਕਿ ਮੇਰੀ ਭੈਣ ਦੀ ਦਾਸੀ ਆਈ ਸੀ ਪਰੰਤੂ ਮੈਂ ਉਸ ਨਾਲ ਨਹੀਂ ਬੋਲੀ ਇਸ ਕਾਰਨ ਉਹ ਬਹੁਤ ਦੁਖੀ ਹੋਈ ਹੋਵੇਗੀ। ਇਹ ਸੋਚ ਕੇ ਕਥਾ ਨੂੰ ਸੁਣ ਅਤੇ ਵਿਸ਼ਨੂੰ ਭਗਵਾਨ ਦਾ ਪੂਜਣ ਸਮਾਪਤ ਕਰਕੇ ਉਹ ਰਾਣੀ ਭੈਣ ਦੇ ਘਰ ਚਲੀ ਗਈ ਅਤੇ ਆਪਣੀ ਭੈਣ ਨੂੰ ਕਹਿਣ ਲੱਗੀ ਕਿ ਹੇ-ਭੈਣ! ਜਦੋਂ ਤੇਰੀ ਦਾਸੀ ਗਈ ਸੀ ਉਸ ਵੇਲੇ ਮੈਂ ਵੀਰਵਾਰ ਦਾ ਵਰਤ ਕਰ ਰਹੀ ਸੀ। ਇਸ ਵਰਤ ਵਿਚ ਜਦੋਂ ਕਥਾ ਹੁੰਦੀ ਹੈ, ਤਦ ਤੱਕ ਕਿਸੇ ਨਾਲ ਬੋਲਦੇ ਨਹੀਂ ਅਤੇ ਨਾ ਹੀ ਉੱਠਦੇ ਹਨ। ਇਸ ਲਈ ਮੈਂ ਬੋਲ ਨਾ ਸਕੀ। ਦੱਸ ਦਾਸੀ ਕਿਉਂ ਗਈ ਸੀ? ਰਾਣੀ ਬੋਲੀ “ਭੈਣ! ਸਾਡੇ ਘਰ ਅੰਨ ਦਾ ਦਾਣਾ ਵੀ ਨਹੀਂ ਸੀ, ਵੈਸੇ ਤੇਰੇ ਕੋਲੋਂ ਕੋਈ ਗੱਲ ਛੁਪੀ ਨਹੀਂ ਹੈ। ਇਸ ਕਾਰਣ ਦਾਸੀ ਨੂੰ ਮੈਂ ਤੇਰੇ ਕੋਲ ਪੰਜ ਸੇਰ ਬੇਝਰ ਲੈਣ ਲਈ ਭੇਜਿਆ ਸੀ।” ਰਾਣੀ ਦੀ ਭੈਣ ਬੋਲੀ, “ਦੇਖ ਭੈਣ! ਬ੍ਰਹਸਪਤ ਜੀ ਮਹਾਰਾਜ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ। ਦੇਖੋ ਉਹਨਾਂ ਦੀ ਕ੍ਰਿਪਾ ਨਾਲ ਸ਼ਾਇਦ ਤੁਹਾਡੇ ਘਰ ਦੇ ਅੰਦਰ ਹੀ ਅਨਾਜ ਹੋਵੇ।”
ਜਦੋਂ ਰਾਣੀ ਨੇ ਇਹ ਵਚਨ ਸੁਣੇ ਤਾਂ ਘਰ ਦੇ ਅੰਦਰ ਗਈ ਅਤੇ ਉਥੇ ਉਸ ਨੂੰ ਇਕ ਘੜਾ ਬੇਝਰ ਦਾ ਭਰਿਆ ਹੋਇਆ ਮਿਲਿਆ। ਹੁਣ ਤਾਂ ਰਾਣੀ ਅਤੇ ਦਾਸੀ ਨੂੰ ਬਹੁਤ ਖੁਸ਼ੀ ਹੋਈ ਅਤੇ ਦਾਸੀ ਕਹਿਣ ਲੱਗੀ “ਹੇ-ਰਾਣੀ! ਜਦੋਂ ਭੋਜਨ ਨਹੀਂ ਮਿਲਦਾ ਸੀ, ਤਾਂ ਅਸੀਂ ਰੋਜ ਵਰਤ ਹੀ ਰੱਖਦੇ ਸੀ। ਜੇਕਰ ਇਹਨਾਂ ਕੋਲੋਂ ਵਰਤ ਵਿਧੀ ਅਤੇ ਕਥਾ ਪੁੱਛ ਲਈ ਜਾਵੇ ਤਾਂ ਅਸੀਂ ਵੀ ਵਰਤ ਰੱਖਿਆ ਕਰੀਏ।” ਤਾਂ ਰਾਣੀ ਨੇ ਆਪਣੀ ਭੈਣ ਤੋਂ ਪੁੱਛਿਆ, “ਭੈਣ! ਵੀਰਵਾਰ ਦੇ ਵਰਤ ਦੀ ਕਥਾ ਕੀ ਹੈ ਅਤੇ ਇਸ ਦੇ ਕਰਨ ਦੀ ਵਿਧੀ ਕੀ ਹੈ?” ਰਾਣੀ ਦੀ ਭੈਣ ਨੇ ਕਿਹਾ, “ਗੁਰੂ ਦੇ ਵਰਤ ਵਿਚ ਚਨੇ (ਛੋਲਿਆਂ) ਦੀ ਦਾਲ, ਅਤੇ ਮੁਨੱਕੇ ਨਾਲ ਵਿਸ਼ਨੂੰ ਭਗਵਾਨ ਦਾ ਕੇਲੇ ਦੀ ਜੜ੍ਹ ਵਿੱਚ ਪੂਜਣ ਕਰਨਾ ਚਾਹੀਦਾ ਹੈ। ਦੀਪਕ ਜਗਾਵੋ ਅਤੇ ਪੀਲਾ ਭੋਜਨ ਕਰੋ ਅਤੇ ਕਥਾ ਸੁਣੋ। ਇਸ ਪ੍ਰਕਾਰ ਕਰਨ ਨਾਲ ਗੁਰੂ ਭਗਵਾਨ ਪ੍ਰਸੰਨ ਹੁੰਦੇ ਹਨ। ਅੰਨ, ਧਨ, ਪੁੱਤਰ ਦਿੰਦੇ ਹਨ ਅਤੇ ਸਭ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ।” ਇਸ ਤਰ੍ਹਾਂ ਰਾਣੀ ਅਤੇ ਦਾਸੀ ਦੋਵਾਂ ਨੇ ਨਿਸ਼ਚਾ ਕੀਤਾ ਕਿ ਬ੍ਰਹਸਪਤ ਭਗਵਾਨ ਦਾ ਪੂਜਣ ਜ਼ਰੂਰ ਕਰਿਆ ਕਰਨਗੀਆਂ। ਜਦੋਂ ਸੱਤ ਦਿਨ ਬਾਅਦ ਵੀਰਵਾਰ ਆਇਆ, ਤਾਂ ਉਹਨਾਂ ਨੇ ਵਰਤ ਰੱਖਿਆ। ਘੁੜਸਾਲ ਵਿਚ ਜਾ ਕੇ ਚਨੇ ਅਤੇ ਗੁੜ ਪੀਹ ਲਿਆਂਦਾ ਅਤੇ ਉਸ ਦਾਲ ਨਾਲ ਵਿਸ਼ਨੂੰ ਭਗਵਾਨ ਦਾ ਅਤੇ ਕੇਲੇ ਦਾ ਪੂਜਣ ਕੀਤਾ।
ਹੁਣ ਪੂਜਣ ਦੇ ਲਈ ਪੀਲਾ ਅੰਨ ਕਿੱਥੋਂ ਆਵੇ, ਉਹ ਦੋਵੇਂ ਬਹੁਤ ਦੁਖੀ ਹੋਈਆਂ ਪਰੰਤੂ ਉਹਨਾਂ ਨੇ ਵਰਤ ਰੱਖਿਆ ਹੋਇਆ ਸੀ, ਇਸ ਲਈ ਭਗਵਾਨ ਪ੍ਰਸੰਨ ਹੋਏ ਅਤੇ ਦੋ ਥਾਲਾਂ ਵਿਚ ਸੁੰਦਰ ਪੀਲਾ ਭੋਜਨ ਲੈ ਕੇ ਮਹਾਤਮਾ ਦੇ ਰੂਪ ਵਿੱਚ ਉਥੇ ਆਏ। ਉਹ ਦੋਵੇਂ ਥਾਲ ਦਾਸੀ ਨੂੰ ਦੇ ਕੇ ਬੋਲੇ ਕਿ ਇਹ ਰਾਣੀ ਅਤੇ ਤੇਰੇ ਦੋਵਾਂ ਲਈ ਭੋਜਨ ਹੈ, ਭੋਜਨ ਕਰ ਲਵੋ। ਦਾਸੀ ਭੋਜਨ ਲੈ ਕੇ ਬੜੀ ਪ੍ਰਸੰਨ ਹੋਈ ਅਤੇ ਰਾਣੀ ਨੂੰ ਕਿਹਾ ਚਲੋ ਰਾਣੀ ਜੀ ਭੋਜਨ ਕਰ ਲਵੋ। ਰਾਣੀ ਨੂੰ ਇਸ ਗੱਲ ਬਾਰੇ ਕੁਝ ਪਤਾ ਨਹੀਂ ਸੀ, ਇਸ ਲਈ ਕਹਿਣ ਲੱਗੀ ਕਿ ਤੂੰ ਕਿਉਂ ਮਖੌਲ ਕਰਦੀ ਹੈ। ਦਾਸੀ ਬੋਲੀ – ਇਕ ਮਹਾਤਮਾ ਭੋਜਨ ਦੇ ਗਿਆ ਹੈ। ਰਾਣੀ ਨੇ ਕਿਹਾ ਕਿ ਮਹਾਤਮਾ ਤੇਰੇ ਲਈ ਭੋਜਨ ਦੇ ਗਿਆ ਹੈ, ਤੂੰ ਹੀ ਕਰ ਲੈ, ਪਰੰਤੂ ਦਾਸੀ ਕਹਿਣ ਲੱਗੀ ਕਿ ਨਹੀਂ, ਮੇਰੇ ਅਤੇ ਤੁਹਾਡੇ ਦੋਵਾਂ ਦੇ ਲਈ ਦੋ ਥਾਲਾਂ ਵਿਚ ਭੋਜਨ ਦੇ ਗਿਆ ਹੈ। ਇਸ ਲਈ ਇਕੱਠੀਆਂ ਹੀ ਭੋਜਨ ਕਰਾਂਗੀਆਂ। ਇਸ ਪ੍ਰਕਾਰ ਰਾਣੀ ਅਤੇ ਦਾਸੀ ਦੋਵਾਂ ਨੇ ਗੁਰੂ ਭਗਵਾਨ ਨੂੰ ਨਮਸਕਾਰ ਕਰਕੇ ਭੋਜਨ ਕੀਤਾ। ਇਸ ਤੋਂ ਬਾਅਦ ਹਰ ਵੀਰਵਾਰ ਨੂੰ ਗੁਰੂ ਭਗਵਾਨ ਦਾ ਵਰਤ ਅਤੇ ਵਿਸ਼ਨੂੰ ਜੀ ਦਾ ਪੂਜਨ ਕਰਨ ਲੱਗੀਆਂ।
ਬ੍ਰਹਸਪਤ ਭਗਵਾਨ ਦੀ ਕ੍ਰਿਪਾ ਦੇ ਨਾਲ ਫੇਰ ਰਾਣੀ ਅਤੇ ਦਾਸੀ ਕੋਲ ਧਨ ਆ ਗਿਆ ਅਤੇ ਰਾਣੀ ਫੇਰ ਉਸੇ ਤਰ੍ਹਾਂ ਆਲਸ ਕਰਨ ਲੱਗੀ ਤਾਂ ਦਾਸੀ ਨੇ ਕਿਹਾ ਕਿ ਰਾਣੀ, ਤੂੰ ਫਿਰ ਪਹਿਲਾਂ ਦੀ ਤਰ੍ਹਾਂ ਆਲਸ ਕਰਨ ਲੱਗੀ ਏਂ। ਪਹਿਲਾਂ ਤੁਹਾਨੂੰ ਧਨ ਦੇ ਰੱਖਣ ਨਾਲ ਕਸ਼ਟ ਹੁੰਦਾ ਸੀ, ਇਸ ਕਾਰਨ ਤੁਹਾਡਾ ਸਾਰਾ ਧਨ ਨਸ਼ਟ ਹੋ ਗਿਆ ਸੀ, ਹੁਣ ਭਗਵਾਨ ਦੀ ਕ੍ਰਿਪਾ ਨਾਲ ਫਿਰ ਧਨ ਮਿਲ ਗਿਆ ਹੈ, ਤਾਂ ਇਸ ਦਾ ਚੰਗਾ ਉਪਯੋਗ ਹੋਣਾ ਚਾਹੀਦਾ ਹੈ। ਬੜੇ ਦੁੱਖਾਂ ਨਾਲ ਇਹ ਧਨ ਪ੍ਰਾਪਤ ਕੀਤਾ ਹੈ, ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਦਾਨ-ਪੁੰਨ ਕਰੋ, ਭੁੱਖਿਆਂ ਮਨੁੱਖਾਂ ਨੂੰ ਭੋਜਨ ਕਰਾਓ, ਪਿਆਓ ਲਗਵਾਓ, ਬ੍ਰਾਹਮਣਾਂ ਨੂੰ ਦਾਨ ਦਿਓ, ਖੂਹ, ਤਲਾਬ, ਬਾਵੜੀ ਬਣਵਾਓ, ਮੰਦਰ ਬਣਵਾਓ, ਪਾਠ ਸ਼ਾਲਾ ਖੁਲ੍ਹਵਾਓ, ਕੁਆਰੀ ਕੰਨਿਆਵਾਂ ਦਾ ਵਿਆਹ ਕਰਵਾਓ। ਇਸ ਦੇ ਨਾਲ ਯਸ਼ ਫੈਲੇਗਾ, ਸਵਰਗ ਦੀ ਪ੍ਰਾਪਤੀ ਹੋਵੇਗੀ ਅਤੇ ਪਿੱਤਰ ਵੀ ਪ੍ਰਸੰਨ ਰਹਿਣਗੇ। ਰਾਣੀ ਇਸ ਤਰ੍ਹਾਂ ਸਭ ਕਰਮ ਕਰਨ ਲੱਗੀ ਅਤੇ ਇਸ ਨਾਲ ਉਸ ਦਾ ਯਸ਼ ਖੂਬ ਫੈਲਣ ਲੱਗੀ।
ਇਕ ਦਿਨ ਰਾਣੀ ਅਤੇ ਦਾਸੀ ਦੋਵੇਂ ਵਿਚਾਰ ਕਰਨ ਲੱਗੀਆਂ ਕਿ ਨਾ ਜਾਣੇ ਰਾਜਾ ਕਿਸ ਹਾਲਤ ਵਿੱਚ ਹੋਵੇਗਾ, ਉਹਨਾਂ ਦੀ ਕੋਈ ਖ਼ਬਰ ਨਹੀਂ ਮਿਲੀ। ਉਨ੍ਹਾਂ ਦੋਨਾਂ ਨੇ ਭਗਵਾਨ ਬ੍ਰਹਸਪਤ ਜੀ ਅੱਗੇ ਪ੍ਰਾਰਥਨਾ ਕੀਤੀ। ਭਗਵਾਨ ਨੇ ਰਾਤ ਵੇਲੇ ਚੰਦਰਸੇਨ ਰਾਜਾ ਨੂੰ ਸੁਫ਼ਨੇ ਵਿੱਚ ਕਿਹਾ ਕਿ ਹੇ ਰਾਜਾ – ਤੇਰੀ ਰਾਣੀ ਤੈਨੂੰ ਯਾਦ ਕਰਦੀ ਹੈ, ਉੱਠ ਅਤੇ ਛੇਤੀ ਆਪਣੇ ਘਰ ਨੂੰ ਜਾ। ਰਾਜਾ ਨੇ ਸਵੇਰੇ ਉੱਠ ਕੇ ਵਿਚਾਰ ਕੀਤਾ ਕਿ ਇਸਤਰੀ ਜਾਤੀ ਖਾਣ-ਪਹਿਨਣ ਦੀ ਹੀ ਸਾਥੀ ਹੁੰਦੀ ਹੈ, ਮੁਸੀਬਤ ਵਿਚ ਕੋਈ ਸਾਥੀ ਨਹੀਂ ਹੁੰਦਾ। ਪਰ ਭਗਵਾਨ ਦੀ ਆਗਿਆ ਮੰਨ ਕੇ ਉਹ ਆਪਣੇ ਨਗਰ ਵੱਲ ਚਲਣ ਲਈ ਤਿਆਰ ਹੋਇਆ।
ਇਸ ਤੋਂ ਪਹਿਲਾਂ ਰਾਜਾ ਉਥੇ ਬੜੇ ਕਸ਼ਟ ਵਾਲਾ ਜੀਵਨ ਬਤੀਤ ਕਰ ਰਿਹਾ ਸੀ। ਹਰ ਰੋਜ਼ ਜੰਗਲ ਚੋਂ ਲਕੜੀਆਂ ਕੱਟ ਕੇ ਲਿਆਉਂਦਾ ਅਤੇ ਉਨ੍ਹਾਂ ਨੂੰ ਸ਼ਹਿਰ ਵਿੱਚ ਵੇਚ ਕੇ ਬੜੀ ਮੁਸੀਬਤ ਨਾਲ ਆਪਣਾ ਪੇਟ ਭਰਦਾ। ਇਕ ਦਿਨ ਰਾਜਾ ਦੁਖੀ ਹੋ ਕੇ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਰੋਣ ਲੱਗਾ ਤਾਂ ਉਸ ਵੇਲੇ ਗੁਰੂ ਦੇਵ ਇਕ ਸਾਧੂ ਦਾ ਰੂਪ ਬਣਾ ਕੇ ਉਥੇ ਆਏ ਅਤੇ ਕਹਿਣ ਲੱਗੇ -“ਹੇ ਲਕੜਹਾਰੇ! ਤੂੰ ਇਸ ਸੁੰਨਸਾਨ ਜੰਗਲ ਵਿੱਚ ਕਿਸ ਚਿੰਤਾ ਵਿੱਚ ਬੈਠਾ ਹੈਂ?” ਇਹ ਸੁਣ ਕੇ ਰਾਜੇ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਅਤੇ ਪ੍ਰਾਰਥਨਾ ਕੀਤੀ ਕਿ “ਹੇ ਮਹਾਰਾਜ! ਆਪ ਸਭ ਕੁਝ ਜਾਣਨ ਵਾਲੇ ਹੋ।” ਫਿਰ ਵੀ ਉਸ ਨੇ ਆਪਣੀ ਸਾਰੀ ਕਹਾਣੀ ਸੁਣਾਈ ਅਤੇ ਦਿਆਲੂ ਮਹਾਤਮਾ ਨੇ ਕਿਹਾ ਕਿ ਤੇਰੀ ਰਾਣੀ ਨੇ ਬ੍ਰਹਸਪਤ ਦੇਵ ਦਾ ਅਪਰਾਧ ਕੀਤਾ ਸੀ, ਇਸ ਕਾਰਣ ਹੀ ਤੇਰੀ ਇਹ ਹਾਲਤ ਹੋਈ। ਹੁਣ ਤੂੰ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ। ਭਗਵਾਨ ਤੈਨੂੰ ਪਹਿਲਾਂ ਨਾਲੋਂ ਜਿਆਦਾ ਧਨਵਾਨ ਬਣਾਵੇਗਾ। ਤੇਰੀ ਇਸਤ੍ਰੀ ਨੇ ਵੀ ਵੀਰਵਾਰ ਦਾ ਵਰਤ ਸ਼ੁਰੂ ਕਰ ਦਿੱਤਾ ਹੈ ਅਤੇ ਮੇਰਾ ਕਹਿਣਾ ਮੰਨ ਕੇ ਵੀਰਵਾਰ ਦੇ ਦਿਨ ਵਰਤ ਰੱਖ ਕੇ ਚਨੇ ਦੀ ਦਾਲ ਜਲ ਦੇ ਲੋਟੇ ਵਿੱਚ ਪਾ ਕੇ ਕੇਲੇ ਦਾ ਪੂਜਨ ਕਰ, ਫੇਰ ਕਥਾ ਸੁਣ। ਭਗਵਾਨ ਤੇਰੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨਗੇ। ਸਾਧੂ ਨੂੰ ਪ੍ਰਸੰਨ ਵੇਖ ਕੇ ਰਾਜਾ ਬੋਲਿਆ, ਹੇ- ਪ੍ਰਭੂ, ਮੇਰੀਆਂ ਲਕੜੀਆਂ ਵੇਚ ਕੇ ਏਨਾ ਪੈਸਾ ਨਹੀਂ ਮਿਲਦਾ ਜਿਸ ਦੇ ਨਾਲ ਭੋਜਨ ਕਰਨ ਤੋਂ ਬਾਅਦ ਕੁਝ ਬਚਾ ਸਕਾਂ। ਮੈਂ ਵਰਤ ਰੱਖ ਕੇ ਪੂਜਨ ਦੀ ਸਾਮਗ੍ਰੀ ਕਿਥੋਂ ਲਿਆਵਾਂਗਾ। ਰਾਤ ਸੁਪਨੇ ਵਿੱਚ ਮੈਂ ਆਪਣੀ ਰਾਣੀ ਨੂੰ ਆਪਣੇ ਲਈ ਬਹੁਤ ਦੁਖੀ ਵੇਖਿਆ ਹੈ, ਪਰ ਮੇਰੇ ਕੋਲ ਏਨੇ ਪੈਸੇ ਵੀ ਨਹੀਂ ਕਿ ਉਸਦੀ ਖ਼ਬਰ ਵੀ ਮੰਗਵਾ ਸਕਾਂ। ਫਿਰ ਵਰਤ ਦੀ ਕਿਹੜੀ ਕਥਾ ਹੈ, ਇਹ ਵੀ ਮੈਨੂੰ ਨਹੀਂ ਪਤਾ। ਸਾਧੂ ਨੇ ਕਿਹਾ ਕਿ ਤੂੰ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ। ਵੀਰਵਾਰ ਦੇ ਦਿਨ ਤੂੰ ਹਰ ਰੋਜ ਦੀ ਤਰ੍ਹਾਂ ਲਕੜੀਆਂ ਲੈ ਕੇ ਸ਼ਹਿਰ ਜਾ, ਤੈਨੂੰ ਹਰ ਰੋਜ ਨਾਲੋਂ ਦੁਗਣਾ ਧਨ ਪ੍ਰਾਪਤ ਹੋਵੇਗਾ। ਜਿਸਦੇ ਨਾਲ ਤੂੰ ਸਭ ਸਾਮਗ੍ਰੀ ਆਦਿ ਲੈ ਕੇ ਪੂਜਨ ਅਤੇ ਭੋਜਨ ਕਰ ਸਕੇਂਗਾ। ਵੀਰਵਾਰ ਦੀ ਕਹਾਣੀ ਇਸ ਪ੍ਰਕਾਰ ਹੈ –
ਬ੍ਰਹਸਪਤ ਦੇਵ ਕੀ ਕਹਾਣੀ
ਪ੍ਰਾਚੀਨ ਕਾਲ ਵਿੱਚ ਇੱਕ ਬਹੁਤ ਗਰੀਬ ਬ੍ਰਾਹਮਣ ਸੀ। ਉਸ ਦੀ ਕੋਈ ਸੰਤਾਨ ਨਹੀਂ ਸੀ। ਉਸਦੀ ਇਸਤ੍ਰੀ ਬਹੁਤ ਗੰਦੀ ਬਣੀ ਰਹਿੰਦੀ ਸੀ। ਉਹ ਨਾ ਤਾਂ ਰੋਜ ਨਹਾਉਂਦੀ ਸੀ, ਨਾ ਕਿਸੇ ਦੇਵਤਾ ਦਾ ਪੂਜਨ ਕਰਦੀ ਸੀ ਅਤੇ ਨਾ ਕੋਈ ਵਰਤ ਰੱਖਦੀ ਸੀ। ਸਵੇਰੇ ਉੱਠਦੇ ਹੀ ਭੋਜਨ ਕਰਦੀ, ਫੇਰ ਕੋਈ ਕੰਮ ਨਾ ਕਰਦੀ। ਇਸ ਕਾਰਨ ਬ੍ਰਾਹਮਣ ਦੇਵਤਾ ਬਹੁਤ ਦੁਖੀ ਸੀ। ਉਹ ਉਸ ਨੂੰ ਬਹੁਤ ਸਮਝਾਉਂਦੇ, ਪਰ ਉਸਦਾ ਕੋਈ ਨਤੀਜਾ ਨਾ ਨਿਕਲਦਾ। ਭਗਵਾਨ ਦੀ ਕ੍ਰਿਪਾ ਨਾਲ ਬ੍ਰਾਹਮਣ ਦੀ ਇਸਤ੍ਰੀ ਦੇ ਕੰਨਿਆ ਪੈਦਾ ਹੋਈ। ਉਹ ਕੰਨਿਆ ਆਪਣੇ ਪਿਤਾ ਦੇ ਘਰ ਵਿੱਚ ਵੱਡੀ ਹੋਣ ਲੱਗੀ। ਉਹ ਕੰਨਿਆ ਸਵੇਰੇ ਇਸ਼ਨਾਨ ਕਰਕੇ ਵਿਸ਼ਨੂੰ ਭਗਵਾਨ ਦਾ ਜਾਪ ਕਰਨ ਲੱਗੀ ਅਤੇ ਵੀਰਵਾਰ ਨੂੰ ਵਰਤ ਵੀ ਰੱਖਣ ਲੱਗੀ। ਪੂਜਾ-ਪਾਠ ਨੂੰ ਸਮਾਪਤ ਕਰਕੇ ਸਕੂਲ ਜਾਂਦੀ ਤਾਂ ਆਪਣੀ ਮੁੱਠੀ ਵਿੱਚ ਜੌਂ ਭਰ ਕੇ ਲੈ ਜਾਂਦੀ ਅਤੇ ਪਾਠ ਸ਼ਾਲਾ ਦੇ ਰਸਤੇ ਵਿਚ ਖਿਲੇਰਦੀ ਜਾਂਦੀ। ਵਾਪਿਸ ਆਉਂਦੇ ਹੋਏ ਇਹ ਜੌਂ ਸੋਨੇ ਦੇ ਹੋ ਜਾਂਦੇ ਤਾਂ ਉਹ ਚੁੱਕ ਕੇ ਘਰ ਲੈ ਆਉਂਦੀ।
ਇਕ ਦਿਨ ਉਹ ਕੰਨਿਆ ਛੱਜ ਨਾਲ ਸੋਨੇ ਦੇ ਜੌਂ ਛੱਟ ਰਹੀ ਸੀ, ਤਾਂ ਉਸਦੇ ਪਿਤਾ ਨੇ ਵੇਖ ਕੇ ਕਿਹਾ – ਹੇ ਬੇਟੀ! ਸੋਨੇ ਦੇ ਜੌਂ ਨੂੰ ਛੱਟਣ ਲਈ ਛੱਜ ਵੀ ਸੋਨੇ ਦਾ ਹੋਣਾ ਚਾਹੀਦਾ ਹੈ। ਦੂਜੇ ਦਿਨ ਵੀਰਵਾਰ ਸੀ। ਇਸ ਕੰਨਿਆ ਨੇ ਵਰਤ ਰੱਖਿਆ ਅਤੇ ਗੁਰੂ ਦੇਵ ਨੂੰ ਪ੍ਰਾਰਥਨਾ ਕੀਤੀ ਕਿ ਜੇਕਰ ਮੈਂ ਤੁਹਾਡਾ ਸੱਚੇ ਦਿਲੋਂ ਪੂਜਨ ਕੀਤਾ ਹੈ ਤਾਂ ਮੈਨੂੰ ਸੋਨੇ ਦਾ ਛੱਜ ਦਿਓ। ਬ੍ਰਹਸਪਤ ਦੇਵ ਨੇ ਉਸਦੀ ਪ੍ਰਾਰਥਨਾ ਸਵੀਕਾਰ ਕਰ ਲਈ, ਹਰ ਰੋਜ ਦੀ ਤਰ੍ਹਾਂ ਓਹ ਕੰਨਿਆ ਜੌਂ ਖਿਲੇਰਦੀ ਹੋਈ ਗਈ, ਫਿਰ ਜਦੋਂ ਵਾਪਿਸ ਆ ਕੇ ਜੌਂ ਚੁੱਕ ਰਹੀ ਸੀ ਤਾਂ ਉਸ ਨੂੰ ਸੋਨੇ ਦਾ ਛੱਜ ਮਿਲਿਆ ਅਤੇ ਉਹ ਛੱਜ ਨੂੰ ਘਰ ਲੈ ਆਈ।
ਇਕ ਦਿਨ ਦੀ ਗੱਲ ਹੈ ਕਿ ਉਹ ਕੰਨਿਆ ਸੋਨੇ ਦੇ ਛੱਜ ਨਾਲ ਸੋਨੇ ਦੇ ਜੌਂ ਸਾਫ ਕਰ ਰਹੀ ਸੀ ਤਾਂ ਉਸ ਦੇਸ਼ ਦਾ ਰਾਜ ਕੁਮਾਰ ਉਸ ਥਾਂ ਤੇ ਆ ਗਿਆ। ਜਦੋਂ ਉਸ ਨੇ ਕੰਨਿਆ ਦੇ ਰੂਪ ਅਤੇ ਉਸਦੇ ਕੰਮ ਨੂੰ ਵੇਖਿਆ ਤਾਂ ਉਸ ਉੱਤੇ ਮੋਹਿਤ ਹੋ ਗਿਆ। ਆਪਣੇ ਘਰ ਆ ਕੇ ਰਾਜ ਕੁਮਾਰ ਨੇ ਖਾਣਾ-ਪੀਣਾ ਸਭ ਕੁਝ ਛੱਡ ਦਿੱਤਾ ਅਤੇ ਪਲੰਘ ਉੱਤੇ ਲੇਟ ਗਿਆ। ਰਾਜਾ ਨੂੰ ਜਦੋਂ ਇਹ ਸਮਾਚਾਰ ਮਿਲਿਆ ਤਾਂ ਉਹ ਆਪਣੇ ਪ੍ਰਧਾਨ ਮੰਤਰੀ ਨਾਲ ਉਥੇ ਆਇਆ ਅਤੇ ਰਾਜ ਕੁਮਾਰ ਦੇ ਦੁੱਖ ਦਾ ਕਾਰਨ ਪੁੱਛਿਆ। ਰਾਜ ਕੁਮਾਰ ਨੇ ਕਿਹਾ ਪਿਤਾ ਜੀ! ਮੈਨੂੰ ਹੋਰ ਤਾਂ ਕੋਈ ਦੁੱਖ ਨਹੀਂ ਹੈ, ਪਰ ਮੈਂ ਅਜਿਹੀ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਜਿਹੜੀ ਸੋਨੇ ਦੇ ਜੌਂ, ਸੋਨੇ ਦੇ ਛੱਜ ਨਾਲ ਸਾਫ ਕਰਦੀ ਹੋਵੇ। ਰਾਜਾ ਕਹਿਣ ਲੱਗਾ ਕਿ ਹੇ ਪੁੱਤਰ! ਇਸ ਤਰ੍ਹਾਂ ਦੀ ਕੰਨਿਆ ਦਾ ਪਤਾ ਤੂੰ ਹੀ ਲਗਾ, ਮੈਂ ਉਸਦੇ ਨਾਲ ਜਰੂਰ ਤੇਰਾ ਵਿਆਹ ਕਰ ਦੇਵਾਂਗਾ। ਰਾਜ ਕੁਮਾਰ ਨੇ ਉਸ ਲੜਕੀ ਦੇ ਘਰ ਦਾ ਪਤਾ ਦੱਸਿਆ ਤਾਂ ਮੰਤਰੀ, ਉਸ ਲੜਕੀ ਦੇ ਘਰ ਗਏ ਅਤੇ ਬ੍ਰਾਹਮਣ ਦੇਵਤਾ ਨੂੰ ਸਾਰਾ ਹਾਲ ਦੱਸਿਆ। ਬ੍ਰਾਹਮਣ ਦੇਵਤਾ ਰਾਜ ਕੁਮਾਰ ਦੇ ਨਾਲ ਆਪਣੀ ਕੰਨਿਆ ਦਾ ਵਿਆਹ ਕਰਨ ਲਈ ਤਿਆਰ ਹੋ ਗਿਆ ਅਤੇ ਵਿਧੀ-ਵਿਧਾਨ ਦੇ ਅਨੁਸਾਰ ਬ੍ਰਾਹਮਣ ਦੀ ਕੰਨਿਆ ਦਾ ਵਿਆਹ ਰਾਜ ਕੁਮਾਰ ਦੇ ਨਾਲ ਹੋ ਗਿਆ।
ਕੰਨਿਆ ਦਾ ਵਿਆਹ ਹੋ ਜਾਣ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਉਸ ਬ੍ਰਾਹਮਣ ਦੇ ਘਰ ਵਿੱਚ ਫਿਰ ਗਰੀਬੀ ਆ ਗਈ। ਹੁਣ ਭੋਜਨ ਦੇ ਲਈ ਵੀ ਅੰਨ ਬਹੁਤ ਮੁਸ਼ਕਲ ਨਾਲ ਮਿਲਦਾ ਸੀ। ਇਕ ਦਿਨ ਬ੍ਰਾਹਮਣ ਆਪਣੀ ਪੁਤਰੀ ਦੇ ਘਰ ਕੁਝ ਸਹਾਇਤਾ ਦੇ ਲਈ ਗਿਆ। ਉਸ ਕੰਨਿਆ ਨੇ ਜਦੋਂ ਆਪਣੇ ਪਿਤਾ ਦੀ ਗਰੀਬੀ ਦਾ ਹਾਲ ਸੁਣਿਆ ਤਾਂ ਉਸ ਨੇ ਆਪਣੇ ਪਿਤਾ ਨੂੰ ਬਹੁਤ ਸਾਰਾ ਧਨ ਦੇ ਕੇ ਵਿਦਾ ਕੀਤਾ। ਇਸ ਧਨ ਦੇ ਨਾਲ ਉਸ ਬ੍ਰਾਹਮਣ ਦੇ ਕੁਝ ਦਿਨ ਚੰਗੇ ਬੀਤੇ ਪਰੰਤੂ ਬਾਅਦ ਵਿੱਚ ਫੇਰ ਉਹੀ ਦਸ਼ਾ ਹੋ ਗਈ। ਬ੍ਰਾਹਮਣ ਫੇਰ ਆਪਣੀ ਕੰਨਿਆ ਦੇ ਕੋਲ ਗਿਆ ਅਤੇ ਸਾਰਾ ਹਾਲ ਕਿਹਾ ਤਾਂ ਲੜਕੀ ਬੋਲੀ ਹੇ ਪਿਤਾ ਜੀ! ਤੁਸੀਂ ਮਾਤਾ ਜੀ ਨੂੰ ਏਥੇ ਲੈ ਆਓ। ਮੈਂ ਉਹਨਾਂ ਨੂੰ ਵਿਧੀ ਦੱਸ ਦੇਵਾਂਗੀ ਜਿਸ ਦੇ ਨਾਲ ਗਰੀਬੀ ਦੂਰ ਹੋ ਜਾਵੇਗੀ। ਉਹ ਬ੍ਰਾਹਮਣ ਦੇਵਤਾ ਆਪਣੀ ਇਸਤ੍ਰੀ ਨੂੰ ਲੈ ਕੇ ਆਪਣੀ ਕੰਨਿਆ ਦੇ ਕੋਲ ਪੁੱਜ ਗਏ ਤਾਂ ਪੁਤਰੀ ਆਪਣੀ ਮਾਂ ਨੂੰ ਸਮਝਾਉਣ ਲੱਗੀ – ਹੇ ਮਾਂ ! ਸਵੇਰੇ ਉਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਵਿਸ਼ਨੂੰ ਭਗਵਾਨ ਦਾ ਪੂਜਨ ਕਰਿਆ ਕਰੋ ਤਾਂ ਸਾਰੀ ਗਰੀਬੀ ਦੂਰ ਹੋ ਜਾਵੇਗੀ। ਪਰੰਤੂ ਉਸਦੀ ਮਾਤਾ ਨੇ ਇਕ ਵੀ ਗੱਲ ਨਹੀਂ ਮੰਨੀ, ਉਹ ਸਵੇਰੇ ਉੱਠ ਕੇ ਆਪਣੀ ਪੁਤਰੀ ਦੇ ਬੱਚਿਆਂ ਦੀ ਜੂਠ ਖਾ ਲੈਂਦੀ। ਜਦੋਂ ਉਸ ਦੀ ਪੁਤਰੀ ਭੋਜਨ ਕਰਨ ਲਈ ਕਹਿੰਦੀ ਤਾਂ ਉਹ ਕਹਿ ਦਿੰਦੀ ਮੈਂ ਤਾਂ ਭੋਜਨ ਕਰ ਚੁੱਕੀ ਹਾਂ। ਇੱਕ ਦਿਨ ਉਸ ਦੀ ਪੁਤਰੀ ਨੂੰ ਬਹੁਤ ਗੁੱਸਾ ਆਇਆ ਤਾਂ ਉਸ ਨੇ ਇੱਕ ਕੋਠੜੀ ਦਾ ਸਾਰਾ ਸਾਮਾਨ ਬਾਹਰ ਕੱਢ ਦਿੱਤਾ ਅਤੇ ਆਪਣੀ ਮਾਂ ਨੂੰ ਉਸ ਵਿੱਚ ਬੰਦ ਕਰ ਦਿੱਤਾ। ਸਵੇਰੇ ਉਸ ਨੂੰ ਬਾਹਰ ਕੱਢਿਆ ਅਤੇ ਇਸ਼ਨਾਨ ਕਰਵਾ ਕੇ ਪਾਠ ਕਰਵਾਇਆ ਤਾਂ ਉਸ ਦੀ ਬੁੱਧੀ ਠੀਕ ਹੋ ਗਈ ਅਤੇ ਫੇਰ ਉਹ ਹਰ ਵੀਰਵਾਰ ਨੂੰ ਵਰਤ ਰੱਖਣ ਲੱਗੀ। ਇਸ ਵਰਤ ਦੇ ਪ੍ਰਭਾਵ ਨਾਲ ਉਸਦੀ ਮਾਂ ਵੀ ਬਹੁਤ ਧਨਵਾਨ ਅਤੇ ਪੁੱਤਰਵਤੀ ਹੋ ਗਈ। ਜੀਵਨ ਭਰ ਸੁਖ ਭੋਗ ਕੇ ਅੰਤ ਸਮੇਂ ਵਿੱਚ ਉਹ ਬ੍ਰਾਹਮਣੀ ਸਵਰਗ ਨੂੰ ਗਈ ਅਤੇ ਬ੍ਰਾਹਮਣ ਵੀ ਸੁਖ ਪੂਰਵਕ ਇਸ ਸੰਸਾਰ ਦੇ ਸੁਖ ਭੋਗ ਕੇ ਸਵਰਗ ਧਾਮ ਨੂੰ ਚਲਿਆ ਗਿਆ।
ਇਸ ਪ੍ਰਕਾਰ ਕਹਾਣੀ ਕਹਿ ਕੇ ਸਾਧੂ ਦੇਵਤਾ ਉਥੋਂ ਅਲੋਪ ਹੋ ਗਏ। ਵੀਰਵਾਰ ਦੇ ਦਿਨ ਰਾਜਾ ਜੰਗਲ ਵਿੱਚੋਂ ਲਕੜੀ ਕੱਟ ਕੇ ਜਦੋਂ ਸ਼ਹਿਰ ਵਿੱਚ ਵੇਚਣ ਦੇ ਲਈ ਗਿਆ ਤਾਂ ਉਸ ਦੀਆਂ ਲਕੜੀਆਂ ਦਾ ਦੁਗਣਾ ਭਾਅ ਮਿਲਿਆ। ਰਾਜਾ ਨੇ ਚਨੇ ਦੀ ਦਾਲ ਆਦਿ ਲਿਆ ਕੇ ਵੀਰਵਾਰ ਦਾ ਵਰਤ ਰੱਖਿਆ। ਉਸ ਦਿਨ ਤੋਂ ਬਾਅਦ ਉਸਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਗਈਆਂ, ਪਰੰਤੂ ਦੂਜੇ ਵੀਰਵਾਰ ਨੂੰ ਰਾਜਾ ਵਰਤ ਰੱਖਣਾ ਭੁੱਲ ਗਿਆ, ਇਸ ਕਾਰਨ ਬ੍ਰਹਸਪਤ ਭਗਵਾਨ ਉਸ ਤੋਂ ਨਾਰਾਜ਼ ਹੋ ਗਏ। ਉਸ ਦਿਨ ਉਸ ਨਗਰ ਦੇ ਰਾਜਾ ਨੇ ਵਿਸ਼ਾਲ ਯੱਗ ਦਾ ਪ੍ਰਬੰਧ ਕੀਤਾ ਅਤੇ ਸ਼ਹਿਰ ਵਿੱਚ ਇਹ ਐਲਾਨ ਕਰਵਾ ਦਿੱਤਾ ਕਿ ਕੋਈ ਵੀ ਮਨੁੱਖ ਆਪਣੇ ਘਰ ਵਿੱਚ ਭੋਜਨ ਨਾ ਬਣਾਏ, ਨਾ ਅੱਗ ਬਾਲੇ, ਸਾਰੀ ਜਨਤਾ ਮੇਰੇ ਹੀ ਘਰ ਭੋਜਨ ਕਰੇ। ਇਸ ਆਗਿਆ ਨੂੰ ਜੋ ਨਹੀਂ ਮੰਨੇਗਾ, ਉਸ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇਗੀ।
ਰਾਜਾ ਦੀ ਆਗਿਆ ਅਨੁਸਾਰ ਸ਼ਹਿਰ ਦੇ ਸਾਰੇ ਲੋਕ ਭੋਜਨ ਕਰਨ ਦੇ ਲਈ ਗਏ। ਪਰੰਤੂ ਲਕੜਹਾਰਾ ਕੁਝ ਦੇਰ ਨਾਲ ਪੁੱਜਾ ਤਾਂ ਰਾਜਾ ਉਸ ਨੂੰ ਆਪਣੇ ਨਾਲ ਘਰ ਲੈ ਗਿਆ ਅਤੇ ਜਦੋਂ ਉਸ ਨੂੰ ਰਾਣੀ ਭੋਜਨ ਕਰਾਉਣ ਲੱਗੀ ਤਾਂ ਰਾਣੀ ਦੀ ਨਜ਼ਰ ਉਸ ਖੂੰਟੀ ਤੇ ਪਈ ਜਿਸ ਉੱਤੇ ਉਸਦਾ ਹਾਰ ਲਟਕ ਰਿਹਾ ਸੀ। ਖੂੰਟੀ ਉੱਤੇ ਹਾਰ ਨਾ ਵੇਖ ਕੇ ਉਸਨੂੰ ਨਿਸ਼ਚਾ ਹੋ ਗਿਆ ਕਿ ਇਸ ਲਕੜਹਾਰੇ ਨੇ ਹੀ ਹਾਰ ਚੋਰੀ ਕੀਤਾ ਹੈ। ਇਸ ਵੇਲੇ ਹੀ ਦੂਤਾਂ ਨੂੰ ਬੁਲਾ ਕੇ ਉਸ ਨੂੰ ਚੋਰੀ ਦੇ ਅਪਰਾਧ ਵਿੱਚ ਜੇਲ੍ਹ ਭੇਜ ਦਿੱਤਾ।
ਰਾਜਾ ਜੇਲ੍ਹ ਵਿੱਚ ਕਈ ਤਰ੍ਹਾਂ ਦੇ ਕਸ਼ਟ ਭੋਗਦਾ ਹੋਇਆ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਾ ਕਿ ਪਤਾ ਨਹੀਂ ਕਿਹੜੇ ਜਨਮ ਵਿਚ ਕੀਤੇ ਹੋਏ ਕਰਮ ਨਾਲ ਮੈਨੂੰ ਦੁੱਖ ਪ੍ਰਾਪਤ ਹੋਇਆ ਅਤੇ ਉਸ ਸਾਧੂ ਨੂੰ ਯਾਦ ਕਰਨ ਲੱਗਾ ਜਿਹੜਾ ਉਸ ਨੂੰ ਜੰਗਲ ਵਿੱਚ ਮਿਲਿਆ ਸੀ। ਉਸ ਵੇਲੇ ਹੀ ਬ੍ਰਹਸਪਤ ਦੇਵ ਉਹੀ ਸਾਧੂ ਦਾ ਰੂਪ ਧਾਰਨ ਕਰਕੇ ਉਥੇ ਪ੍ਰਗਟ ਹੋਏ ਅਤੇ ਉਸਦੀ ਦਸ਼ਾ ਵੇਖ ਕੇ ਕਹਿਣ ਲੱਗੇ, ਕਿ ਮੂਰਖ! ਤੂੰ ਬ੍ਰਹਸਪਤ ਦੇਵ ਦੀ ਕਥਾ ਨਹੀਂ ਕੀਤੀ, ਇਸ ਲਈ ਤੈਨੂੰ ਦੁੱਖ ਪ੍ਰਾਪਤ ਹੋਇਆ ਹੈ। ਹੁਣ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰ, ਵੀਰਵਾਰ ਦੇ ਦਿਨ ਜੇਲ੍ਹ ਦੇ ਦਰਵਾਜ਼ੇ ਉੱਤੇ ਤੈਨੂੰ ਚਾਰ ਪੈਸੇ ਮਿਲਣਗੇ। ਉਸਦੇ ਨਾਲ ਤੂੰ ਬ੍ਰਹਸਪਤ ਦੀ ਪੂਜਾ ਕਰਨਾ, ਇਸ ਨਾਲ ਤੇਰੇ ਕਸ਼ਟ ਪੂਰੇ ਹੋ ਜਾਣਗੇ। ਵੀਰਵਾਰ ਦੇ ਦਿਨ ਉਸ ਨੂੰ ਚਾਰ ਪੈਸੇ ਮਿਲੇ। ਰਾਜਾ ਨੇ ਕਥਾ ਕੀਤੀ ਅਤੇ ਉਸ ਰਾਤ ਨੂੰ ਬ੍ਰਹਸਪਤ ਦੇਵ ਨੇ ਉਸ ਨਗਰ ਦੇ ਰਾਜਾ ਨੂੰ ਸੁਪਨੇ ਵਿੱਚ ਕਿਹਾ – ਹੇ ਰਾਜਾ ! ਤੂੰ ਜਿਸ ਆਦਮੀ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੈ, ਉਹ ਨਿਰਦੋਸ਼ ਹੈ, ਉਸ ਨੂੰ ਛੱਡ ਦੇ ਅਤੇ ਰਾਣੀ ਦਾ ਹਾਰ ਉਸ ਖੂੰਟੀ ਉੱਤੇ ਹੀ ਲਟਕਿਆ ਹੋਇਆ ਹੈ। ਜੇਕਰ ਤੂੰ ਨਹੀਂ ਛੱਡੇਂਗਾ ਤਾਂ ਮੈਂ ਤੇਰਾ ਰਾਜ ਨਸ਼ਟ ਕਰ ਦੇਵਾਂਗਾ। ਜਦੋਂ ਰਾਜਾ ਸਵੇਰੇ ਉੱਠਿਆ ਅਤੇ ਖੂੰਟੀ ਉੱਤੇ ਟੰਗਿਆ ਹਾਰ ਵੇਖਿਆ ਤਾਂ ਲਕੜਹਾਰੇ ਨੂੰ ਬੁਲਾ ਕੇ ਉਸ ਤੋਂ ਮਾਫ਼ੀ ਮੰਗੀ ਅਤੇ ਉਸ ਨੂੰ ਸੁੰਦਰ ਕਪੜੇ, ਗਹਿਣੇ ਦੇ ਕੇ ਵਿਦਾ ਕੀਤਾ। ਇਸ ਦੇ ਬਾਅਦ ਉਹ ਰਾਜਾ ਚੰਦਰਸੇਨ ਆਪਣੇ ਨਗਰ ਵੱਲ ਤੁਰ ਪਿਆ। ਰਾਜਾ ਜਦੋਂ ਨਗਰ ਪੁੱਜਿਆ ਤਾਂ ਉਸ ਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਨਗਰ ਵਿੱਚ ਪਹਿਲਾਂ ਨਾਲੋਂ ਜਿਆਦਾ ਬਾਗ਼ ਬਗੀਚੇ, ਤਲਾਬ, ਖੂਹ, ਸਰਾਵਾਂ ਅਤੇ ਮੰਦਰ ਆਦਿ ਬਣੇ ਹੋਏ ਹਨ। ਰਾਜਾ ਨੇ ਜਦੋਂ ਪੁੱਛਿਆ ਕਿ ਇਹ ਸਭ ਕਿਸ ਨੇ ਬਣਵਾਏ ਹਨ ਤਾਂ ਲੋਕਾਂ ਨੇ ਉੱਤਰ ਦਿੱਤਾ ਕਿ ਰਾਣੀ ਅਤੇ ਦਾਸੀ ਨੇ ਬਣਵਾਏ ਹਨ। ਇਸ ਨਾਲ ਰਾਜਾ ਨੂੰ ਹੈਰਾਨੀ ਵੀ ਹੋਈ ਤੇ ਕ੍ਰੋਧ ਵੀ ਆਇਆ। ਜਦੋਂ ਰਾਣੀ ਨੇ ਇਹ ਖ਼ਬਰ ਸੁਣੀ ਕਿ ਰਾਜਾ ਜੀ ਆ ਰਹੇ ਹਨ ਤਾਂ ਉਸ ਨੇ ਦਾਸੀ ਨੂੰ ਕਿਹਾ ਕਿ ਦੇਖੋ ਰਾਜਾ ਸਾਨੂੰ ਕਿੰਨੀ ਬੁਰੀ ਦਸ਼ਾ ਵਿੱਚ ਛੱਡ ਕੇ ਗਏ ਸਨ, ਕਿਤੇ ਸਾਡੀ ਦਸ਼ਾ ਵੇਖ ਕੇ ਵਾਪਿਸ ਨਾ ਚਲੇ ਜਾਣ, ਇਸ ਲਈ ਤੂੰ ਦਰਵਾਜ਼ੇ ਉੱਤੇ ਖੜ੍ਹੀ ਹੋ ਜਾ। ਆਗਿਆ ਅਨੁਸਾਰ ਦਾਸੀ ਦਰਵਾਜ਼ੇ ਉੱਤੇ ਖੜ੍ਹੀ ਹੋ ਗਈ ਅਤੇ ਜਦੋਂ ਰਾਜਾ ਅੰਦਰ ਆਇਆ ਤਾਂ ਉਹ ਉਹਨਾਂ ਨੂੰ ਅੰਦਰ ਲੈ ਗਈ। ਅੰਦਰ ਪੁੱਜ ਕੇ ਰਾਜਾ ਨੇ ਕ੍ਰੋਧ ਕਰਕੇ ਆਪਣੀ ਤਲਵਾਰ ਕੱਢੀ ਅਤੇ ਪੁੱਛਣ ਲੱਗਾ ਕਿ ਦੱਸੋ ਤੁਹਾਨੂੰ ਇਹ ਸਾਰਾ ਧਨ ਕਿੱਥੋਂ ਪ੍ਰਾਪਤ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਹ ਸਾਰਾ ਧਨ ਸਾਨੂੰ ਬ੍ਰਹਸਪਤ ਦੇਵ ਜੀ ਦੀ ਕ੍ਰਿਪਾ ਨਾਲ ਮਿਲਿਆ ਹੈ।
ਰਾਜਾ ਨੇ ਨਿਸ਼ਚਾ ਕੀਤਾ ਕਿ ਸੱਤ ਦਿਨਾਂ ਬਾਅਦ ਤਾਂ ਸਾਰੇ ਹੀ ਬ੍ਰਹਸਪਤ ਦੇਵ ਦੀ ਪੂਜਾ ਕਰਦੇ ਹਨ ਪਰੰਤੂ ਮੈਂ ਇੱਕ ਦਿਨ ਵਿੱਚ ਤਿੰਨ ਵਾਰ ਬ੍ਰਹਸਪਤ ਦੇਵ ਦੀ ਪੂਜਾ ਅਤੇ ਕਥਾ ਕਰਾਂਗਾ ਅਤੇ ਹਰ ਰੋਜ ਵਰਤ ਰੱਖਾਂਗਾ। ਹੁਣ ਹਰ ਸਮੇਂ ਰਾਜਾ ਦੇ ਦੁਪੱਟੇ ਵਿਚ ਚਨੇ ਦੀ ਦਾਲ ਬੰਨ੍ਹੀ ਰਹਿੰਦੀ ਅਤੇ ਦਿਨ ਵਿੱਚ ਤਿੰਨ ਵਾਰੀ ਕਥਾ ਕਰਦਾ। ਇਕ ਦਿਨ ਰਾਜਾ ਨੇ ਵਿਚਾਰ ਕੀਤਾ ਕਿ ਚਲੋ ਆਪਣੀ ਭੈਣ ਦੇ ਘਰ ਹੋ ਆਵਾਂ। ਇਸ ਤਰ੍ਹਾਂ ਨਿਸ਼ਚਾ ਕਰਕੇ ਰਾਜਾ ਘੋੜੇ ਤੇ ਸਵਾਰ ਹੋ ਕੇ ਆਪਣੀ ਭੈਣ ਦੇ ਘਰ ਚਲ ਪਿਆ। ਰਸਤੇ ਵਿੱਚ ਉਸ ਨੇ ਵੇਖਿਆ ਕੁਝ ਆਦਮੀ ਇੱਕ ਮੁਰਦੇ ਨੂੰ ਲਈ ਜਾ ਰਹੇ ਹਨ। ਉਹਨਾਂ ਨੂੰ ਰੋਕ ਕੇ ਰਾਜਾ ਨੇ ਕਿਹਾ -ਭਰਾਵੋ ! ਜਰਾ ਮੇਰੇ ਕੋਲੋਂ ਬ੍ਰਹਸਪਤ ਦੇਵ ਦੀ ਕਥਾ ਸੁਣਦੇ ਜਾਓ। ਉਹ ਬੋਲੇ, ਸਾਡਾ ਤਾਂ ਆਦਮੀ ਮਰ ਗਿਆ ਹੈ ਅਤੇ ਇਸ ਨੂੰ ਕਥਾ ਦੀ ਪਈ ਹੋਈ ਹੈ, ਪਰੰਤੂ ਕੁਝ ਆਦਮੀਆਂ ਨੇ ਕਿਹਾ – ਚੰਗਾ ! ਕਹੋ, ਅਸੀਂ ਤੁਹਾਡੀ ਕਥਾ ਸੁਣਾਂਗੇ। ਰਾਜਾ ਨੇ ਚਨੇ ਦੀ ਦਾਲ ਕੱਢੀ ਅਤੇ ਕਥਾ ਸ਼ੁਰੂ ਕਰ ਦਿੱਤੀ। ਜਦੋਂ ਕਥਾ ਅੱਧੀ ਹੋਈ ਤਾਂ ਮੁਰਦਾ ਹਿੱਲਣ ਲੱਗ ਪਿਆ ਅਤੇ ਜਦੋਂ ਕਥਾ ਸਮਾਪਤ ਹੋਈ ਤਾਂ ਉਹ ਆਦਮੀ ਰਾਮ-ਰਾਮ ਕਹਿ ਕੇ ਉੱਠ ਬੈਠਾ।
ਅੱਗੇ ਰਾਹ ਵਿੱਚ ਉਸ ਨੂੰ ਇੱਕ ਕਿਸਾਨ ਖੇਤ ਵਿੱਚ ਹਲ ਚਲਾਉਂਦਾ ਮਿਲਿਆ। ਰਾਜਾ ਨੇ ਉਸ ਨੂੰ ਕਿਹਾ – ਭਰਾ ! ਤੂੰ ਮੇਰੇ ਕੋਲੋਂ ਬ੍ਰਹਸਪਤ ਦੇਵ ਦੀ ਕਥਾ ਸੁਣ ਲੈ। ਕਿਸਾਨ ਬੋਲਿਆ ਜਦੋਂ ਤੱਕ ਮੈਂ ਤੇਰੀ ਕਥਾ ਸੁਣਾਂਗਾ ਤਦ ਤੱਕ ਮੈਂ ਚਾਰ ਹਰੈਆ ਜੋਤ ਲਵਾਂਗਾ ਜਾ ਆਪਣੀ ਕਥਾ ਕਿਸੇ ਹੋਰ ਨੂੰ ਸੁਣਾ। ਇਸ ਤਰ੍ਹਾਂ ਰਾਜਾ ਅੱਗੇ ਚਲਣ ਲੱਗਾ। ਰਾਜਾ ਦੇ ਜਾਂਦੇ ਹੀ ਬਲਦ ਪਛਾੜ ਖਾ ਕੇ ਡਿੱਗ ਪਏ ਅਤੇ ਕਿਸਾਨ ਦੇ ਪੇਟ ਵਿੱਚ ਬਹੁਤ ਜੋਰਾ ਦੀ ਦਰਦ ਹੋਣ ਲੱਗਾ। ਉਸ ਸਮੇਂ ਉਸ ਦੀ ਮਾਂ ਰੋਟੀ ਲੈ ਕੇ ਆਈ। ਮਾਂ ਨੇ ਜਦੋਂ ਇਹ ਸਭ ਕੁਝ ਵੇਖਿਆ ਤਾਂ ਆਪਣੇ ਹੀ ਪੁੱਤਰ ਤੋਂ ਸਾਰਾ ਹਾਲ ਪੁੱਛਿਆ ਅਤੇ ਪੁੱਤਰ ਨੇ ਸਾਰਾ ਹਾਲ ਕਹਿ ਦਿੱਤਾ ਤਾਂ ਬੁੱਢੀ ਦੌੜੀ ਦੌੜੀ ਉਸ ਘੋੜ-ਸਵਾਰ ਦੇ ਕੋਲ ਗਈ ਅਤੇ ਰਾਜਾ ਨੂੰ ਬੋਲੀ – ਮੈਂ ਤੇਰੀ ਕਥਾ ਸੁਣਾਂਗੀ, ਤੂੰ ਆਪਣੀ ਕਥਾ ਮੇਰੇ ਖੇਤ ਚਲ ਕੇ ਸੁਣਾ। ਰਾਜਾ ਨੇ ਬੁੱਢੀ ਦੇ ਖੇਤ ਜਾ ਕੇ ਕਥਾ ਸੁਣਾਈ, ਜਿਸ ਦੇ ਸੁਣਦੇ ਹੀ ਬਲਦ ਖੜ੍ਹੇ ਹੋ ਗਏ ਅਤੇ ਕਿਸਾਨ ਦੇ ਪੇਟ ਦਾ ਦਰਦ ਬੰਦ ਹੋ ਗਿਆ। ਇਸ ਤੋਂ ਬਾਅਦ ਰਾਜਾ ਆਪਣੀ ਭੈਣ ਦੇ ਘਰ ਚਲਾ ਗਿਆ।
ਰਾਜਾ ਜਦੋਂ ਆਪਣੀ ਭੈਣ ਦੇ ਘਰ ਪੁੱਜ ਗਿਆ ਤਾਂ ਭੈਣ ਨੇ ਭਰਾ ਦਾ ਬਹੁਤ ਆਦਰ ਕੀਤਾ। ਦੂਜੇ ਦਿਨ ਸਵੇਰੇ ਜਦੋਂ ਰਾਜਾ ਸੌਂ ਕੇ ਉੱਠਿਆ ਤਾਂ ਉਸ ਨੇ ਵੇਖਿਆ ਕਿ ਸਾਰੇ ਲੋਕ ਭੋਜਨ ਕਰ ਰਹੇ ਹਨ। ਰਾਜਾ ਨੇ ਆਪਣੀ ਭੈਣ ਨੂੰ ਕਿਹਾ ਕਿ ਅਜਿਹਾ ਕੋਈ ਮਨੁੱਖ ਹੈ ਜਿਸ ਨੇ ਹੁਣ ਤੱਕ ਭੋਜਨ ਨਾ ਕੀਤਾ ਹੋਵੇ ਅਤੇ ਮੇਰੇ ਕੋਲੋਂ ਬ੍ਰਹਸਪਤ ਦੇਵ ਦੀ ਕਥਾ ਸੁਣ ਲਵੇ। ਭੈਣ ਬੋਲੀ – ਭਰਾ ਇਥੋਂ ਦੇ ਲੋਕ ਪਹਿਲਾਂ ਭੋਜਨ ਹੀ ਕਰਦੇ ਹਨ, ਬਾਅਦ ਵਿੱਚ ਕੋਈ ਹੋਰ ਕੰਮ ਕਰਦੇ ਹਨ। ਜੇਕਰ ਕੋਈ ਗਵਾਂਢ ਵਿੱਚ ਹੋਵੇਗਾ ਤਾਂ ਮੈਂ ਦੇਖ ਆਉਂਦੀ ਹਾਂ। ਇਹ ਕਹਿ ਕੇ ਉਹ ਵੇਖਣ ਚਲੀ ਗਈ ਪਰੰਤੂ ਉਸ ਨੂੰ ਕੋਈ ਅਜਿਹਾ ਮਨੁੱਖ ਨਹੀਂ ਮਿਲਿਆ ਜਿਸ ਨੇ ਭੋਜਨ ਨਾ ਕੀਤਾ ਹੋਵੇ। ਅਖੀਰ ਵਿੱਚ ਉਹ ਇੱਕ ਘਮਿਆਰ ਦੇ ਘਰ ਗਈ ਜਿਸ ਦਾ ਲੜਕਾ ਬੀਮਾਰ ਸੀ। ਘਮਿਆਰ ਦੇ ਘਰ ਵਾਲਿਆਂ ਨੇ ਤਿੰਨ ਦਿਨ ਤੋਂ ਨਾ ਤਾ ਭੋਜਨ ਬਣਾਇਆ ਸੀ ਨਾ ਖਾਧਾ ਸੀ। ਭੈਣ ਨੇ ਉਸ ਘਮਿਆਰ ਨੂੰ ਕਥਾ ਸੁਣਨ ਲਈ ਕਿਹਾ ਤਾਂ ਉਹ ਤਿਆਰ ਹੋ ਗਿਆ। ਰਾਜਾ ਨੇ ਘਮਿਆਰ ਦੇ ਘਰ ਜਾ ਕੇ ਬ੍ਰਹਸਪਤ ਦੇਵ ਦੀ ਕਥਾ ਸੁਣਾਈ ਅਤੇ ਉਸਦਾ ਲੜਕਾ ਠੀਕ ਹੋ ਗਿਆ। ਹੁਣ ਤਾਂ ਰਾਜਾ ਦੀ ਹਰ ਪਾਸੇ ਸਰਾਹੁਣਾ ਹੋਣ ਲੱਗੀ।
ਇਕ ਦਿਨ ਰਾਜਾ ਨੇ ਆਪਣੀ ਭੈਣ ਨੂੰ ਕਿਹਾ ਕਿ ਭੈਣ ! ਹੁਣ ਮੈਂ ਆਪਣੇ ਘਰ ਜਾਵਾਂਗਾ। ਤੂੰ ਵੀ ਤਿਆਰ ਹੋ ਜਾ। ਇਹ ਗੱਲ ਰਾਜਾ ਦੀ ਭੈਣ ਨੇ ਆਪਣੀ ਸੱਸ ਨੂੰ ਕਹੀ। ਸੱਸ ਕਹਿਣ ਲੱਗੀ – ਤੂੰ ਤਾ ਚਲੀ ਜਾ, ਪਰੰਤੂ ਆਪਣੇ ਲੜਕਿਆਂ ਨੂੰ ਨਾਲ ਨਾ ਲੈ ਕੇ ਜਾਵੀਂ, ਕਿਉਂਕਿ ਤੇਰੇ ਭਰਾ ਦੇ ਕੋਈ ਔਲਾਦ ਨਹੀਂ ਹੁੰਦੀ ਹੈ। ਭੈਣ ਨੇ ਆਪਣੇ ਭਰਾ ਨੂੰ ਕਿਹਾ ਕਿ ਮੈਂ ਤਾਂ ਚੱਲਾਂਗੀ ਪਰੰਤੂ ਕੋਈ ਬਾਲਕ ਨਹੀਂ ਜਾਵੇਗਾ। ਰਾਜਾ ਬੋਲਿਆ ਕਿ ਜਦੋਂ ਬਾਲਕ ਹੀ ਨਹੀਂ ਜਾਵੇਗਾ ਤਾਂ ਤੂੰ ਕੀ ਕਰੇਂਗੀ। ਇਸ ਤੋਂ ਬਾਅਦ ਰਾਜਾ ਬਹੁਤ ਦੁਖੀ ਮਨ ਨਾਲ ਆਪਣੇ ਨਗਰ ਵਾਪਸ ਆ ਗਿਆ।
ਰਾਜਾ ਨੇ ਆਪਣੀ ਰਾਣੀ ਨੂੰ ਕਿਹਾ ਕਿ ਮੈਂ ਨਿਰਵੰਸ਼ੀ ਰਾਜਾ ਹਾਂ। ਸਾਡਾ ਮੂੰਹ ਵੇਖਣ ਦਾ ਧਰਮ ਨਹੀਂ ਹੈ। ਰਾਣੀ ਬੋਲੀ – ਹੇ ਰਾਜਨ ! ਬ੍ਰਹਸਪਤ ਦੇਵ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਤੇ ਉਹ ਸੰਤਾਨ ਵੀ ਜਰੂਰ ਦੇਣਗੇ। ਉਸ ਰਾਤ ਨੂੰ ਬ੍ਰਹਸਪਤ ਜੀ ਨੇ ਰਾਜਾ ਨੂੰ ਸੁਪਨੇ ਵਿੱਚ ਕਿਹਾ – ਹੇ ਰਾਜਾ ! ਉੱਠ ਸਾਰੀਆਂ ਸੋਚਾਂ ਨੂੰ ਤਿਆਗ ਦੇ, ਤੇਰੀ ਰਾਣੀ ਗਰਭਵਤੀ ਹੈ। ਰਾਜਾ ਨੂੰ ਸੁਪਨਾ ਵੇਖ ਕੇ ਬੜੀ ਪ੍ਰਸੰਨਤਾ ਹੋਈ ਅਤੇ ਨੌਵੇਂ ਮਹੀਨੇ ਵਿੱਚ ਰਾਣੀ ਦੇ ਇਕ ਸੁੰਦਰ ਪੁੱਤਰ ਪੈਦਾ ਹੋਇਆ ਤਾਂ ਰਾਜਾ ਬੋਲਿਆ – ਹੇ ਰਾਣੀ ! ਇਸਤ੍ਰੀ ਬਿਨਾਂ ਭੋਜਨ ਦੇ ਰਹਿ ਸਕਦੀ ਹੈ, ਪਰੰਤੂ ਬਿਨਾ ਕਹੇ ਨਹੀਂ ਰਹਿ ਸਕਦੀ, ਜਦੋਂ ਮੇਰੀ ਭੈਣ ਆਵੇ, ਤੂੰ ਉਸ ਨੂੰ ਕੁਝ ਨਹੀਂ ਕਹਿਣਾ, ਰਾਣੀ ਨੇ ਸੁਣ ਕੇ ਹਾਂ ਕਹਿ ਦਿੱਤੀ।
ਜਦੋਂ ਰਾਜੇ ਦੀ ਭੈਣ ਨੇ ਇਹ ਸ਼ੁਭ ਸਮਾਚਾਰ ਸੁਣਿਆ ਤਾਂ ਉਹ ਬਹੁਤ ਖੁਸ਼ ਹੋਈ ਅਤੇ ਜਦੋਂ ਵਧਾਈ ਲੈ ਕੇ ਘਰ ਆਈ ਤਾਂ ਰਾਣੀ ਕਹਿਣ ਲੱਗੀ – ਘੋੜੇ ਉੱਤੇ ਚੜ੍ਹ ਕੇ ਨਹੀਂ ਆਈ, ਗਧੇ ਉੱਤੇ ਚੜ੍ਹ ਕੇ ਆਈ ਹੈਂ। ਰਾਜਾ ਦੀ ਭੈਣ ਕਹਿਣ ਲੱਗੀ, ਭਾਬੀ ! ਜੇਕਰ ਮੈਂ ਇਸ ਤਰ੍ਹਾਂ ਨਾ ਕਹਿੰਦੀ ਤਾਂ ਤੁਹਾਨੂੰ ਸੰਤਾਨ ਕਿਸ ਤਰ੍ਹਾਂ ਪ੍ਰਾਪਤ ਹੁੰਦੀ। ਬ੍ਰਹਸਪਤ ਦੇਵ ਐਸੇ ਹੀ ਹਨ, ਜੋ ਜਿਸ ਦੇ ਮਨ ਦੀਆਂ ਕਾਮਨਾਵਾਂ ਹੁੰਦੀਆਂ ਹਨ, ਉਹ ਸਾਰੀਆਂ ਪੂਰਨ ਕਰਦੇ ਹਨ। ਜਿਹੜਾ ਕੋਈ ਸ਼ਰਧਾ ਅਤੇ ਭਾਵਨਾ ਨਾਲ ਸ਼੍ਰੀ ਬ੍ਰਹਸਪਤ ਦੇਵ ਦਾ ਵਰਤ ਰੱਖਦਾ ਹੈ ਅਤੇ ਕਥਾ ਪੜ੍ਹਦਾ ਹੈ ਜਾਂ ਸੁਣਦਾ ਹੈ ਜਾਂ ਦੂਜਿਆਂ ਨੂੰ ਸੁਣਾਉਂਦਾ ਹੈ, ਬ੍ਰਹਸਪਤ ਦੇਵ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ। ਜਿਸ ਤਰ੍ਹਾਂ ਸੱਚੀ ਭਾਵਨਾ ਦੇ ਨਾਲ ਰਾਣੀ ਅਤੇ ਰਾਜਾ ਨੇ ਉਸ ਦੀ ਕਥਾ ਦਾ ਗੁਣਗਾਨ ਕੀਤਾ ਤਾਂ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਬ੍ਰਹਸਪਤ ਦੇਵ ਜੀ ਨੇ ਪੂਰੀਆਂ ਕੀਤੀਆਂ। ਇਸ ਲਈ ਸਾਰਿਆਂ ਨੂੰ ਕਥਾ ਸੁਣਨ ਤੋਂ ਬਾਅਦ ਪ੍ਰਸਾਦ ਲੈ ਕੇ ਜਾਣਾ ਚਾਹੀਦਾ ਹੈ। ਸੱਚੇ ਦਿਲ ਨਾਲ ਉਸ ਦਾ ਮੰਨਣ ਕਰਦੇ ਹੋਏ ਜੈ ਕਾਰਾ ਬੋਲਣਾ ਚਾਹੀਦਾ ਹੈ। ਬੋਲੋ ਬ੍ਰਹਸਪਤ ਦੇਵ ਜੀ ਦੀ ਜੈ। ਵਿਸ਼ਨੂੰ ਭਗਵਾਨ ਦੀ ਜੈ।
।।ਇਤੀ ਸ਼੍ਰੀ ਵੀਰਵਾਰ ਵਰਤ ਕਥਾ ਸਮਾਪਤ।।
ਆਰਤੀ ਬ੍ਰਹਸਪਤ ਦੇਵਤਾ ਕੀ
ਓਮ ਜੈ ਬ੍ਰਹਸਪਤ ਦੇਵਾ, ਸਵਾਮੀ ਜੈ ਬ੍ਰਹਸਪਤ ਦੇਵਾ। ਛਿਨ ਛਿਨ ਭੋਗ ਲਗਾਊਂ, ਫਲ ਔਰ ਮੇਵਾ।। ਓਮ।।
ਤੁਮ ਪੂਰਨ ਪਰਮਾਤਮਾ, ਤੁਮ ਅੰਤਰਯਾਮੀ। ਜਗਤ ਪਿਤਾ ਜਗਦੀਸ਼ ਵਰ, ਤੁਮ ਸਭ ਕੇ ਸਵਾਮੀ।। ਓਮ।।
ਚਰਨਾਮ੍ਰਿਤ ਨਿਜ ਨਿਰਮਲ, ਸਭ ਪਾਤਕ ਹਰਤਾ। ਸਕਲ ਮਨੋਰਥ ਦਾਇਕ, ਕ੍ਰਿਪਾ ਕਰੋ ਭਰਤਾ।।ਓਮ।।
ਤਨ, ਮਨ, ਧਨ ਅਰਪਨ ਕਰ, ਜੋ ਜਨ ਸ਼ਰਨ ਪੜੇ। ਪ੍ਰਭੂ ਪ੍ਰਗਟ ਤਬ ਹੋਕਰ, ਆਕਰ ਦਵਾਰ ਖੜੇ।। ਓਮ।।
ਦੀਨ ਦਿਆਲ ਦਯਾਨਿਧਿ, ਭਗਤਨ ਹਿਤਕਾਰੀ। ਪਾਪ ਦੋਸ਼ ਸਭ ਹਰਤਾ, ਭਵ ਬੰਧਨ ਹਾਰੀ।। ਓਮ।।
ਸਕਲ ਮਨੋਰਥ ਦਾਇਕ, ਸਭ ਸੰਸ਼ਯ ਹਾਰੀ। ਵਿਸ਼ਯ ਵਿਕਾਰ ਮਿਟਾਓ, ਸੰਤਨ ਸੁਖਕਾਰੀ।। ਓਮ।।
ਜੋ ਜਨ ਆਰਤੀ ਤੇਰੀ ਪ੍ਰੇਮ ਸਹਿਤ ਗਾਵੇ। ਜੇਸ਼ਠਾਨੰਦ ਸਵਾਮੀ ਕੈਦ ਸੋ ਮੁਕਤੀ ਨਿਸ਼ਚਯ ਪਾਵੇ।। ਓਮ।।
ਸਭ ਬੋਲੋ ਵਿਸ਼ਨੂੰ ਭਗਵਾਨ ਕੀ ਜੈ। ਬੋਲੋ ਬ੍ਰਹਸਪਤ ਦੇਵ ਜੀ ਕੀ ਜੈ।।