ਸੋਮਵਾਰ ਵਰਤ ਕਥਾ
ਵਿਧੀ
ਸੋਮਵਾਰ ਦੇ ਵਰਤ ਵਿਚ ਸ਼ਿਵ-ਪਾਰਵਤੀ ਦੀ ਪੂਜਾ ਕਰਨੀ ਚਾਹੀਦੀ ਹੈ। ਭੋਜਨ ਦਿਨ-ਰਾਤ ਵਿਚ ਇਕ ਸਮੇਂ ਹੀ ਕਰਨਾ ਚਾਹੀਦਾ ਹੈ। ਸੋਮਵਾਰ ਦੇ ਵਰਤ ਤਿੰਨ ਪ੍ਰਕਾਰ ਦੇ ਹੁੰਦੇ ਹਨ, ਸਧਾਰਨ ਹਰ ਸੋਮਵਾਰ, ਸੋਮ ਪ੍ਰਦੋਸ਼ ਅਤੇ ਸੋਲਹ ਸੋਮਵਾਰ। ਢੰਗ ਤਿੰਨਾਂ ਦਾ ਇਕੋ ਜਿਹਾ ਹੈ, ਸ਼ਿਵ ਪੂਜਣ ਤੋਂ ਬਾਅਦ ਕਥਾ ਸੁਣਨੀ ਜਾਂ ਕਰਨੀ ਚਾਹੀਦੀ ਹੈ, ਕਥਾਵਾਂ ਤਿੰਨਾ ਦੀਆਂ ਅਲੱਗ-ਅਲੱਗ ਹਨ।
ਅਥ ਸੋਮਵਾਰ ਵਰਤ ਕਥਾ
ਇਕ ਬਹੁਤ ਧਨਵਾਨ ਸ਼ਾਹੂਕਾਰ ਸੀ, ਜਿਸ ਨੂੰ ਧਨ ਆਦਿ ਕਿਸੇ ਪ੍ਰਕਾਰ ਦੀ ਕਮੀ ਨਹੀਂ ਸੀ, ਪਰੰਤੂ ਉਸ ਨੂੰ ਇਕ ਦੁੱਖ ਸੀ ਕਿ ਉਸਦੇ ਕੋਈ ਪੁੱਤਰ ਨਹੀਂ ਸੀ। ਉਹ ਰਾਤ ਦਿਨ ਇਸ ਚਿੰਤਾ ਵਿੱਚ ਹੀ ਰਹਿੰਦਾ ਸੀ। ਇਸ ਲਈ ਉਹ ਪੁੱਤਰ ਦੀ ਕਾਮਨਾ ਦੇ ਲਈ ਹਰ ਸੋਮਵਾਰ ਨੂੰ ਸ਼ਿਵ ਜੀ ਦਾ ਵਰਤ ਅਤੇ ਪੂਜਣ ਕਰਦਾ ਸੀ। ਸ਼ਾਮ ਨੂੰ ਸ਼ਿਵ ਮੰਦਰ ਵਿਚ ਜਾ ਕੇ ਦੀਪਕ ਜਲਾਇਆ ਕਰਦਾ ਸੀ।
ਉਸ ਦੀ ਸ਼ਰਧਾ ਨੂੰ ਦੇਖ ਕੇ ਇਕ ਦਿਨ ਮਾਤਾ ਪਾਰਵਤੀ ਜੀ ਨੇ ਸ਼ਿਵ ਜੀ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਇਹ ਸ਼ਾਹੂਕਾਰ ਆਪ ਦਾ ਪੱਕਾ ਭਗਤ ਹੈ। ਆਪ ਦਾ ਵਰਤ ਅਤੇ ਪੂਜਣ ਬਹੁਤ ਸ਼ਰਧਾ ਨਾਲ ਕਰਦਾ ਹੈ। ਇਸ ਦੀ ਮਨੋ ਕਾਮਨਾ ਪੂਰਨ ਕਰਨੀ ਚਾਹੀਦੀ ਹੈ। ਸ਼ਿਵ ਜੀ ਨੇ ਕਿਹਾ ਕਿ ਪਾਰਵਤੀ ਜੀ, ਇਹ ਸੰਸਾਰ ਕਰਮ ਖੇਤਰ ਹੈ। ਜਿਵੇਂ ਕਿਸਾਨ ਖੇਤ ਵਿੱਚ ਜਿਸ ਤਰ੍ਹਾਂ ਦਾ ਬੀਜ ਬੀਜਦਾ ਹੈ ਉਸ ਤਰ੍ਹਾਂ ਦਾ ਹੀ ਫਲ ਕੱਟਦਾ ਹੈ, ਇਸ ਤਰ੍ਹਾਂ ਜੋ ਜਿਸ ਤਰ੍ਹਾਂ ਦਾ ਕਰਮ ਕਰਦਾ ਹੈ ਉਸ ਤਰ੍ਹਾਂ ਦਾ ਹੀ ਫਲ ਭੋਗਦਾ ਹੈ। ਪਾਰਵਤੀ ਨੇ ਕਿਹਾ ਕਿ ਮਹਾਰਾਜ ! ਜੇਕਰ ਇਸ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਹੈ ਤਾਂ ਉਸ ਨੂੰ ਜ਼ਰੂਰ ਦੂਰ ਕਰਨਾ ਚਾਹੀਦਾ ਹੈ, ਕਿਉਂਕਿ ਆਪ ਤਾਂ ਸਦਾ ਹੀ ਆਪਣੇ ਭਗਤਾਂ ਉੱਤੇ ਦਿਆਲ ਰਹਿੰਦੇ ਹੋ, ਉਹਨਾਂ ਦੇ ਦੁੱਖਾਂ ਨੂੰ ਦੂਰ ਕਰਦੇ ਹੋ। ਜੇਕਰ ਆਪ ਐਸਾ ਨਹੀਂ ਕਰੋਗੇ, ਤਾਂ ਮਨੁੱਖ ਆਪ ਦੀ ਸੇਵਾ, ਵਰਤ, ਪੂਜਣ ਕਿਉਂ ਕਰਨਗੇ? ਪਾਰਵਤੀ ਜੀ ਦਾ ਐਸਾ ਹੱਠ ਦੇਖ ਸ਼ਿਵ ਜੀ ਮਹਾਰਾਜ ਕਹਿਣ ਲੱਗੇ – ਹੇ ਪਾਰਵਤੀ! ਇਸ ਦੇ ਕੋਈ ਪੁੱਤਰ ਨਹੀਂ ਹੈ। ਇਹ ਪੁੱਤਰ ਨਾ ਹੋਣ ਕਰਕੇ ਬਹੁਤ ਦੁਖੀ ਰਹਿੰਦਾ ਹੈ। ਇਸ ਦੇ ਭਾਗਾਂ ਵਿੱਚ ਪੁੱਤਰ ਨਾ ਹੋਣ ਤੇ ਵੀ ਮੈਂ ਇਸ ਨੂੰ ਪੁੱਤਰ ਦੀ ਪ੍ਰਾਪਤੀ ਦਾ ਵਰ ਦਿੰਦਾ ਹਾਂ, ਪਰੰਤੂ ਉਹ ਪੁੱਤਰ ਕੇਵਲ 12 ਸਾਲ ਤੱਕ ਹੀ ਜਿੰਦਾ ਰਹੇਗਾ। ਇਸ ਤੋਂ ਵੱਧ ਮੈਂ ਕੁਝ ਨਹੀਂ ਕਰ ਸਕਦਾ।
ਇਹ ਸਭ ਗੱਲਾਂ ਉਹ ਸ਼ਾਹੂਕਾਰ ਸੁਣ ਰਿਹਾ ਸੀ। ਇਸ ਨਾਲ ਉਸ ਨੂੰ ਨਾ ਕੋਈ ਖੁਸ਼ੀ ਪ੍ਰਾਪਤ ਹੋਈ ਅਤੇ ਨਾ ਕੋਈ ਦੁੱਖ ਹੋਇਆ। ਉਹ ਪਹਿਲਾਂ ਦੀ ਤਰ੍ਹਾਂ ਹੀ ਸ਼ਿਵ ਜੀ ਮਹਾਰਾਜ ਦਾ ਵਰਤ ਅਤੇ ਪੂਜਣ ਕਰਦਾ ਰਿਹਾ। ਕੁਝ ਸਮੇਂ ਬਾਅਦ ਸ਼ਾਹੂਕਾਰ ਦੀ ਇਸਤ੍ਰੀ ਗਰਭਵਤੀ ਹੋਈ ਅਤੇ ਦਸਵੇਂ ਮਹੀਨੇ ਬਹੁਤ ਸੁੰਦਰ ਪੁੱਤਰ ਪੈਦਾ ਹੋਇਆ। ਸ਼ਾਹੂਕਾਰ ਦੇ ਘਰ ਬਹੁਤ ਖੁਸ਼ੀ ਮਨਾਈ ਗਈ, ਪਰੰਤੂ ਸ਼ਾਹੂਕਾਰ ਨੇ ਉਸ ਦੀ ਕੇਵਲ ਬਾਰ੍ਹਾਂ ਸਾਲ ਦੀ ਉਮਰ ਜਾਣ ਕੇ ਕੋਈ ਬਹੁਤ ਖੁਸ਼ੀ ਪ੍ਰਗਟ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੂੰ ਭੇਦ ਦੱਸਿਆ। ਜਦੋਂ ਉਹ ਗਿਆਰ੍ਹਾਂ ਸਾਲ ਦਾ ਹੋ ਗਿਆ ਤਾਂ ਉਸ ਬਾਲਕ ਦੀ ਮਾਤਾ ਨੇ ਉਸਦੇ ਪਿਤਾ ਨੂੰ ਉਸਦੇ ਵਿਆਹ ਆਦਿ ਦੇ ਲਈ ਕਿਹਾ ਪਰੰਤੂ ਸ਼ਾਹੂਕਾਰ ਕਹਿਣ ਲੱਗਾ – ਮੈਂ ਅਜੇ ਉਸਦਾ ਵਿਆਹ ਨਹੀਂ ਕਰਾਂਗਾ। ਇਸਨੂੰ ਕਾਸ਼ੀ ਪੜ੍ਹਨ ਲਈ ਭੇਜਾਂਗਾ। ਫਿਰ ਉਸ ਸ਼ਾਹੂਕਾਰ ਨੇ ਆਪਣੇ ਸਾਲੇ ਯਾਨੀ ਬਾਲਕ ਦੇ ਮਾਮੇ ਨੂੰ ਬੁਲਾ ਕੇ ਬਹੁਤ ਧਨ ਦੇ ਕੇ ਕਿਹਾ – ਤੂੰ ਇਸ ਬਾਲਕ ਨੂੰ ਕਾਂਸੀ ਜੀ ਪੜ੍ਹਨ ਦੇ ਲਈ ਲੈ ਜਾ ਅਤੇ ਰਸਤੇ ਵਿੱਚ ਜਿਸ ਜਗ੍ਹਾ ਵੀ ਜਾਓ, ਯੱਗ ਕਰਦੇ ਅਤੇ ਬ੍ਰਾਹਮਣਾਂ ਨੂੰ ਭੋਜਨ ਕਰਾਉਂਦੇ ਜਾਓ। ਉਹ ਦੋਨੋਂ ਮਾਮਾ ਅਤੇ ਭਾਣਜਾ ਸਭ ਜਗ੍ਹਾ ਯੱਗ ਕਰਦੇ ਅਤੇ ਬ੍ਰਾਹਮਣਾਂ ਨੂੰ ਭੋਜਨ ਕਰਾਉਂਦੇ ਜਾ ਰਹੇ ਸਨ। ਰਸਤੇ ਵਿੱਚ ਇਕ ਸ਼ਹਿਰ ਆਇਆ, ਉਸ ਸ਼ਹਿਰ ਦੇ ਰਾਜੇ ਦੀ ਲੜਕੀ ਦਾ ਵਿਆਹ ਸੀ ਅਤੇ ਦੂਸਰੇ ਰਾਜੇ ਦਾ ਲੜਕਾ ਜੋ ਵਿਆਹ ਕਰਾਉਣ ਦੇ ਲਈ ਬਰਾਤ ਲੈ ਕੇ ਆਇਆ, ਉਹ ਇੱਕ ਅੱਖ ਤੋਂ ਕਾਣਾ ਸੀ, ਉਸ ਦੇ ਪਿਤਾ ਨੂੰ ਬਹੁਤ ਚਿੰਤਾ ਸੀ ਕਿ ਵਰ ਨੂੰ ਦੇਖ ਕੇ ਲੜਕੀ ਦੇ ਮਾਤਾ ਪਿਤਾ ਵਿਆਹ ਵਿੱਚ ਕਿਸੇ ਪ੍ਰਕਾਰ ਦੀ ਅੜਚਨ ਪੈਦਾ ਨਾ ਕਰ ਦੇਣ। ਇਸ ਕਾਰਣ ਜਦੋਂ ਉਸਨੇ ਬਹੁਤ ਸੁੰਦਰ ਸੇਠ ਦੇ ਲੜਕੇ ਨੂੰ ਦੇਖਿਆ ਤਾਂ ਮਨ ਵਿੱਚ ਵਿਚਾਰ ਕੀਤਾ ਕਿ ਕਿਉਂ ਨਾ ਢੁਕਾਅ ਦੇ ਸਮੇਂ ਇਸ ਲੜਕੇ ਨਾਲ ਵਰ ਦਾ ਕੰਮ ਲੈ ਲਿਆ ਜਾਵੇ। ਇਹ ਵਿਚਾਰ ਕਰਕੇ ਰਾਜੇ ਨੇ ਉਸ ਲੜਕੇ ਅਤੇ ਉਸਦੇ ਮਾਮੇ ਨੂੰ ਕਿਹਾ ਤਾਂ ਉਹ ਰਾਜੀ ਹੋ ਗਏ ਅਤੇ ਸ਼ਾਹੂਕਾਰ ਦੇ ਲੜਕੇ ਨੂੰ ਇਸ਼ਨਾਨ ਆਦਿ ਕਰਵਾ ਕੇ ਵਰ ਦੇ ਕੱਪੜੇ ਪਵਾ ਕੇ ਘੋੜੀ ਉੱਤੇ ਬਿਠਾ ਕੇ ਢੁਕਾਅ ਲਈ ਲੈ ਗਏ ਅਤੇ ਸਭ ਕੰਮ ਹੋ ਗਏ। ਫਿਰ ਲੜਕੇ ਦੇ ਪਿਤਾ ਨੇ ਸੋਚਿਆ ਜੇਕਰ ਵਿਆਹ ਦਾ ਕੰਮ ਵੀ ਇਸ ਲੜਕੇ ਕੋਲੋਂ ਕਰਵਾ ਲਿਆ ਜਾਵੇ ਤਾਂ ਕੀ ਬੁਰਾਈ ਹੈ। ਇਹ ਵਿਚਾਰ ਕਰਕੇ ਉਸ ਦੇ ਮਾਮੇ ਨੂੰ ਕਿਹਾ – ਜੇਕਰ ਆਪ ਫੇਰੇ ਅਤੇ ਕੰਨਿਆ ਦਾਨ ਦਾ ਕੰਮ ਵੀ ਕਰਾ ਦਿਓ ਤਾਂ ਆਪ ਦੀ ਬਹੁਤ ਕ੍ਰਿਪਾ ਹੋਵੇਗੀ। ਅਸੀਂ ਇਸ ਦੇ ਬਦਲੇ ਵਿੱਚ ਬਹੁਤ ਧਨ ਦੇਵਾਂਗੇ। ਉਨ੍ਹਾਂ ਨੇ ਇਹ ਵੀ ਸਵੀਕਾਰ ਕਰ ਲਿਆ ਅਤੇ ਵਿਆਹ ਹੋ ਗਿਆ। ਜਦੋਂ ਲੜਕਾ ਜਾਣ ਲੱਗਾ ਤਾਂ ਉਸ ਨੇ ਰਾਜ ਕੁਮਾਰੀ ਦੀ ਚੁੰਨੀ ਦੇ ਪੱਲੇ ਉੱਤੇ ਲਿਖ ਦਿੱਤਾ ਕਿ ਤੇਰਾ ਵਿਆਹ ਮੇਰੇ ਨਾਲ ਹੋਇਆ ਹੈ। ਪਰੰਤੂ ਜਿਸ ਰਾਜ ਕੁਮਾਰ ਦੇ ਨਾਲ ਤੈਨੂੰ ਭੇਜਣਗੇ ਉਹ ਇੱਕ ਅੱਖ ਤੋਂ ਕਾਣਾ ਹੈ ਅਤੇ ਮੈਂ ਕਾਸ਼ੀ ਜੀ ਪੜ੍ਹਨ ਜਾ ਰਿਹਾ ਹਾਂ।
ਉਸ ਰਾਜਕੁਮਾਰੀ ਨੇ ਜਦੋਂ ਆਪਣੀ ਚੁੰਨੀ ਉੱਤੇ ਲਿਖਿਆ ਹੋਇਆ ਦੇਖਿਆ ਤਾਂ ਉਸਨੇ ਰਾਜ ਕੁਮਾਰ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਮੇਰਾ ਪਤੀ ਨਹੀਂ ਹੈ। ਮੇਰਾ ਵਿਆਹ ਇਸ ਦੇ ਨਾਲ ਨਹੀਂ ਹੋਇਆ। ਉਹ ਤਾਂ ਕਾਸ਼ੀ ਪੜ੍ਹਨ ਗਿਆ ਹੈ। ਰਾਜਕੁਮਾਰੀ ਦੇ ਮਾਤਾ-ਪਿਤਾ ਨੇ ਆਪਣੀ ਲੜਕੀ ਨੂੰ ਵਿਦਾ ਨਹੀਂ ਕੀਤਾ ਅਤੇ ਬਰਾਤ ਵਾਪਿਸ ਚਲੀ ਗਈ। ਉਧਰ ਸੇਠ ਦਾ ਲੜਕਾ ਅਤੇ ਉਸਦਾ ਮਾਮਾ ਕਾਸ਼ੀ ਜੀ ਪਹੁੰਚ ਗਏ। ਉਥੇ ਜਾ ਕੇ ਉਨ੍ਹਾਂ ਨੇ ਯੱਗ ਰਚਾ ਰੱਖਿਆ ਸੀ ਕਿ ਉਸ ਲੜਕੇ ਨੇ ਆਪਣੇ ਮਾਮਾ ਜੀ ਨੂੰ ਕਿਹਾ – ਮਾਮਾ ਜੀ! ਅੱਜ ਮੇਰੀ ਤਬੀਅਤ ਠੀਕ ਨਹੀਂ। ਮਾਮੇ ਨੇ ਕਿਹਾ ਕਿ ਅੰਦਰ ਜਾ ਕੇ ਸੌਂ ਜਾ। ਲੜਕਾ ਅੰਦਰ ਜਾ ਕੇ ਸੌਂ ਗਿਆ ਅਤੇ ਥੋੜ੍ਹੀ ਦੇਰ ਵਿੱਚ ਉਸ ਦੇ ਪ੍ਰਾਣ ਨਿਕਲ ਗਏ। ਜਦੋਂ ਮਾਮੇ ਨੇ ਆ ਕੇ ਦੇਖਿਆ ਕਿ ਇਹ ਤਾਂ ਮੁਰਦਾ ਪਿਆ ਹੈ ਤਾਂ ਉਸ ਨੂੰ ਬਹੁਤ ਦੁੱਖ ਹੋਇਆ ਅਤੇ ਉਸ ਨੇ ਸੋਚਿਆ ਕਿ ਜੇ ਮੈਂ ਹੁਣੇ ਰੋਣ-ਪਿੱਟਣ ਲੱਗ ਜਾਵਾਂਗਾ ਤਾਂ ਯੱਗ ਦਾ ਕੰਮ ਅਧੂਰਾ ਰਹਿ ਜਾਵੇਗਾ। ਉਸਨੇ ਛੇਤੀ-ਛੇਤੀ ਯੱਗ ਦਾ ਕੰਮ ਖਤਮ ਕਰਕੇ ਬ੍ਰਾਹਮਣਾਂ ਦੇ ਜਾਣ ਤੋਂ ਬਾਅਦ ਰੋਣਾ-ਪਿੱਟਣਾ ਸ਼ੁਰੂ ਕਰ ਦਿੱਤਾ।
ਉਸ ਸਮੇਂ ਸ਼ਿਵ ਜੀ ਮਹਾਰਾਜ ਅਤੇ ਪਾਰਵਤੀ ਜੀ ਉਧਰੋਂ ਜਾ ਰਹੇ ਸਨ। ਜਦੋਂ ਉਨ੍ਹਾਂ ਨੇ ਜ਼ੋਰ-ਜ਼ੋਰ ਨਾਲ ਰੋਣ-ਪਿੱਟਣ ਦੀ ਆਵਾਜ਼ ਸੁਣੀ, ਤਾਂ ਪਾਰਵਤੀ ਜੀ ਸ਼ਿਵ ਜੀ ਨੂੰ ਹੱਠ ਕਰਕੇ ਉਸਦੇ ਕੋਲ ਲੈ ਗਈ ਅਤੇ ਸੁੰਦਰ ਲੜਕੇ ਨੂੰ ਮਰਿਆ ਹੋਇਆ ਦੇਖ ਕੇ ਕਹਿਣ ਲੱਗੀ ਕਿ ਮਹਾਰਾਜ! ਇਹ ਤਾਂ ਉਸ ਸੇਠ ਦਾ ਲੜਕਾ ਹੈ ਜੋ ਕਿ ਆਪ ਦੇ ਵਰਦਾਨ ਨਾਲ ਹੋਇਆ ਸੀ। ਸ਼ਿਵ ਜੀ ਨੇ ਕਿਹਾ ਕਿ ਪਾਰਵਤੀ ਜੀ! ਇਸਦੀ ਉਮਰ ਏਨੀ ਹੀ ਸੀ, ਸੋ ਭੋਗ ਚੁੱਕਿਆ ਹੈ। ਪਾਰਵਤੀ ਜੀ ਨੇ ਕਿਹਾ ਕਿ ਮਹਾਰਾਜ! ਕ੍ਰਿਪਾ ਕਰਕੇ ਇਸ ਬਾਲਕ ਨੂੰ ਹੋਰ ਉਮਰ ਦਿਓ ਨਹੀਂ ਤਾਂ ਇਸ ਦੇ ਮਾਤਾ-ਪਿਤਾ ਤੜਫ ਤੜਫ ਕੇ ਮਰ ਜਾਣਗੇ। ਪਾਰਵਤੀ ਜੀ ਵੱਲੋਂ ਇਸ ਪ੍ਰਕਾਰ ਬਾਰ-ਬਾਰ ਬੇਨਤੀ ਕਰਨ ਤੇ ਸ਼ਿਵ ਜੀ ਨੇ ਉਸ ਨੂੰ ਵਰਦਾਨ ਦਿੱਤਾ ਅਤੇ ਸ਼ਿਵ ਜੀ ਮਹਾਰਾਜ ਦੀ ਕ੍ਰਿਪਾ ਨਾਲ ਲੜਕਾ ਜੀਵਤ ਹੋ ਗਿਆ। ਸ਼ਿਵ-ਪਾਰਵਤੀ ਕੈਲਾਸ਼ ਨੂੰ ਚਲੇ ਗਏ।
ਫਿਰ ਉਹ ਲੜਕਾ ਅਤੇ ਉਸ ਦਾ ਮਾਮਾ ਯੱਗ ਕਰਾਉਂਦੇ ਹੋਏ ਅਤੇ ਬ੍ਰਾਹਮਣਾਂ ਨੂੰ ਭੋਜਨ ਕਰਾਉਂਦੇ ਹੋਏ ਆਪਣੇ ਘਰ ਚਲ ਪਏ। ਰਸਤੇ ਵਿੱਚ ਉਸੇ ਹੀ ਸ਼ਹਿਰ ਵਿੱਚ ਆਏ, ਜਿਥੇ ਉਸ ਲੜਕੇ ਦਾ ਵਿਆਹ ਹੋਇਆ ਸੀ। ਉਥੇ ਆ ਕੇ ਜਦੋਂ ਉਨ੍ਹਾਂ ਨੇ ਯੱਗ ਸ਼ੁਰੂ ਕਰ ਦਿੱਤਾ ਤਾਂ ਉਸ ਲੜਕੇ ਦੇ ਸਹੁਰੇ ਨੇ ਉਸਨੂੰ ਪਹਿਚਾਨ ਲਿਆ ਅਤੇ ਆਪਣੇ ਮਹਿਲ ਵਿੱਚ ਲੈ ਗਿਆ, ਉਸ ਦੀ ਬਹੁਤ ਖਾਤਿਰ ਕੀਤੀ। ਜਾਣ ਲੱਗਿਆਂ ਬਹੁਤ ਸਾਰਾ ਧਨ ਅਤੇ ਦਾਸੀਆਂ ਸਮੇਤ ਬਹੁਤ ਆਦਰ ਦੇ ਨਾਲ ਆਪਣੀ ਲੜਕੀ ਅਤੇ ਜਵਾਈ ਨੂੰ ਵਿਦਾ ਕੀਤਾ। ਜਦੋਂ ਉਹ ਆਪਣੇ ਸ਼ਹਿਰ ਦੇ ਨੇੜੇ ਆਏ ਤਾਂ ਉਸ ਦੇ ਮਾਮੇ ਨੇ ਕਿਹਾ ਕਿ ਮੈਂ ਤੁਹਾਡੇ ਘਰ ਜਾ ਕੇ ਪਹਿਲਾਂ ਖ਼ਬਰ ਕਰ ਆਉਂਦਾ ਹਾਂ।
ਉਸ ਸਮੇਂ ਉਸ ਦੇ ਮਾਤਾ-ਪਿਤਾ ਘਰ ਦੀ ਛੱਤ ਉੱਪਰ ਬੈਠੇ ਹੋਏ ਸਨ ਅਤੇ ਉਨ੍ਹਾਂ ਸੋਚਿਆ ਹੋਇਆ ਸੀ ਕਿ ਜੇ ਸਾਡਾ ਪੁੱਤਰ ਠੀਕ-ਠਾਕ ਘਰ ਵਾਪਿਸ ਆਇਆ ਤਾਂ ਰਾਜੀ-ਖੁਸ਼ੀ ਹੇਠਾਂ ਆ ਜਾਵਾਂਗੇ ਨਹੀਂ ਤਾਂ ਛੱਤ ਤੋਂ ਡਿੱਗ ਕੇ ਆਪਣੇ ਪ੍ਰਾਣ ਦੇ ਦੇਵਾਂਗੇ। ਏਨੇ ਵਿੱਚ ਉਸ ਦੇ ਮਾਮੇ ਨੇ ਆ ਕੇ ਇਹ ਸਮਾਚਾਰ ਦਿੱਤਾ ਕਿ ਆਪ ਦਾ ਪੁੱਤਰ ਆ ਗਿਆ ਹੈ। ਪਰੰਤੂ ਉਨ੍ਹਾਂ ਨੂੰ ਵਿਸ਼ਵਾਸ ਨਾ ਆਇਆ। ਫਿਰ ਉਸ ਦੇ ਮਾਮੇ ਨੇ ਸਹੁੰ ਚੁੱਕ ਕੇ ਕਿਹਾ ਕਿ ਆਪ ਦਾ ਪੁੱਤਰ ਆਪਣੀ ਇਸਤ੍ਰੀ ਅਤੇ ਬਹੁਤ ਧਨ ਨਾਲ ਲੈ ਕੇ ਆਇਆ ਹੈ ਤਾਂ ਸੇਠ ਨੇ ਬਹੁਤ ਆਨੰਦ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਉਹ ਬਹੁਤ ਖੁਸ਼ੀ ਦੇ ਨਾਲ ਰਹਿਣ ਲੱਗੇ। ਉਸ ਪ੍ਰਕਾਰ ਜੋ ਕੋਈ ਵੀ ਸੋਮਵਾਰ ਦੇ ਵਰਤ ਨੂੰ ਧਾਰਨ ਕਰਦਾ ਹੈ ਜਾਂ ਇਸ ਕਥਾ ਨੂੰ ਪੜ੍ਹਦਾ ਹੈ, ਸੁਣਦਾ ਹੈ ਉਸ ਦੇ ਸਾਰੇ ਦੁੱਖ ਦੂਰ ਹੋ ਕੇ ਉਸ ਦੇ ਮਨੋਂ ਕਾਮਨਾ ਪੂਰਨ ਹੁੰਦੀ ਹੈ।
।। ਇਤਿ ਸ੍ਰੀ ਸੋਮਵਾਰ ਵਰਤ ਕਥਾ ਸਮਾਪਤ।।
ਅਥ ਸੋਮ ਪ੍ਰਦੋਸ਼ ਵਰਤ ਕਥਾ
ਪੁਰਾਣੇ ਸਮੇਂ ਵਿੱਚ ਇਕ ਵਿਧਵਾ ਬ੍ਰਾਹਮਣੀ ਬੇਸਹਾਰਾ ਹੋ ਕੇ ਭਿਖਿਆ ਮੰਗਣ ਲੱਗ ਪਈ। ਉਹ ਸਵੇਰੇ ਹੀ ਉੱਠ ਕੇ ਆਪਣੇ ਪੁੱਤਰ ਨੂੰ ਲੈ ਕੇ ਭਿਖਿਆ ਲੈਣ ਜਾਂਦੀ ਅਤੇ ਸ਼ਾਮ ਨੂੰ ਵਾਪਿਸ ਆਉਂਦੀ ਸੀ। ਭਿਖਿਆ ਵਿੱਚ ਜੋ ਮਿਲਦਾ ਉਸ ਨਾਲ ਆਪਣਾ ਕੰਮ ਚਲਾਉਂਦੀ ਅਤੇ ਪ੍ਰਦੋਸ਼ ਵਰਤ ਵੀ ਕਰਦੀ। ਇਕ ਦਿਨ ਉਸ ਨੂੰ ਵਿਦਰਭ ਦੇਸ਼ ਦਾ ਰਾਜ ਕੁਮਾਰ ਮਿਲਿਆ ਜਿਸ ਨੂੰ ਦੁਸ਼ਮਣਾਂ ਨੇ ਬਾਹਰ ਕੱਢ ਦਿੱਤਾ ਸੀ ਅਤੇ ਉਸ ਦੇ ਪਿਤਾ ਨੂੰ ਮਾਰ ਦਿੱਤਾ ਸੀ ਉਸ ਨੂੰ ਬ੍ਰਾਹਮਣੀ ਨੇ ਘਰ ਲਿਆ ਕੇ ਉਸ ਦਾ ਪਾਲਣ ਪੋਸ਼ਣ ਕੀਤਾ। ਇਕ ਦਿਨ ਰਾਜ ਕੁਮਾਰ ਅਤੇ ਬ੍ਰਾਹਮਣ ਬਾਲਕ ਨੇ ਜੰਗਲ ਵਿੱਚ ਗੰਧਰਵ ਕੰਨਿਆਵਾਂ ਨੂੰ ਦੇਖਿਆ। ਰਾਜ ਕੁਮਾਰ ਅੰਸ਼ੁਮਤੀ ਨਾਲ ਗੱਲਾਂ ਕਰਨ ਲੱਗਿਆ ਅਤੇ ਉਸ ਦੇ ਨਾਲ ਚਲਾ ਗਿਆ। ਬ੍ਰਾਹਮਣ ਬਾਲਕ ਘਰ ਵਾਪਿਸ ਆ ਗਿਆ। ਅੰਸ਼ੁਮਤੀ ਦੇ ਮਾਤਾ-ਪਿਤਾ ਨੇ ਭਗਵਾਨ ਸ਼ੰਕਰ ਜੀ ਦੇ ਹੁਕਮ ਅਨੁਸਾਰ ਅੰਸ਼ੁਮਤੀ ਦਾ ਵਿਆਹ ਰਾਜ ਕੁਮਾਰ ਧਰਮ ਗੁਪਤ ਦੇ ਨਾਲ ਕਰ ਦਿੱਤਾ ਅਤੇ ਗੰਧਰਵ ਸੈਨਾ ਦਾ ਮਦਦ ਨਾਲ ਦੁਸ਼ਮਣਾਂ ਨੂੰ ਹਰਾ ਕੇ ਵਿਦਰਭ ਦਾ ਰਾਜ ਹਾਸਲ ਕੀਤਾ। ਧਰਮ ਗੁਪਤ ਨੂੰ ਬ੍ਰਾਹਮਣ ਦੀ ਯਾਦ ਰਹੀ ਅਤੇ ਉਸ ਨੇ ਬ੍ਰਾਹਮਣ ਕੁਮਾਰ ਨੂੰ ਆਪਣਾ ਮੰਤਰੀ ਬਣਾ ਲਿਆ। ਸੱਚ ਵਿੱਚ ਇਹ ਸ਼ਿਵ ਜੀ ਦੇ ਪ੍ਰਦੋਸ਼ ਦਾ ਫਲ ਸੀ। ਉਦੋਂ ਤੋਂ ਹੀ ਇਹ ਸ਼ਿਵ ਜੀ ਦਾ ਪ੍ਰਦੋਸ਼ ਵਰਤ ਲੋਕ ਪ੍ਰਸਿੱਧ ਹੋਇਆ। ਇਸ ਵਰਤ ਦੇ ਪ੍ਰਭਾਵ ਨਾਲ ਸਭ ਮਨੋ ਕਾਮਨਾਵਾਂ ਪੂਰਨ ਹੁੰਦੀਆਂ ਹਨ।
।।ਇਤਿ ਸ੍ਰੀ ਸੋਮ ਪ੍ਰਦੋਸ਼ ਵਰਤ ਕਥਾ ਸਮਾਪਤ।।
ਅਥ ਸੋਲਹ ਸੋਮਵਾਰ ਵਰਤ ਕਥਾ
ਇਕ ਸਮੇਂ ਮਹਾਂ ਦੇਵ ਜੀ ਪਾਰਵਤੀ ਦੇ ਨਾਲ ਘੁੰਮਦੇ ਹੋਏ ਮ੍ਰਿਤੂ ਲੋਕ ਦੇ ਵਿਦਰਭ ਦੇਸ਼ ਅੰਦਰ ਅਮਰਾਵਤੀ ਨਗਰੀ ਵਿਚ ਆਏ। ਉਥੇ ਰਾਜਾ ਨੇ ਸੁੰਦਰ ਸ਼ਿਵ ਮੰਦਰ ਬਣਾਇਆ ਹੋਇਆ ਸੀ ਅਤੇ ਸ਼ੰਕਰ ਜੀ ਉਥੇ ਹੀ ਰਹਿਣ ਲੱਗੇ। ਇਕ ਦਿਨ ਪਾਰਵਤੀ ਜੀ ਸ਼ਿਵ ਜੀ ਨੂੰ ਕਹਿਣ ਲੱਗੇ – ਨਾਥ! ਅੱਜ ਅਸੀਂ ਚੌਸਰ ਖੇਡੀਏ। ਖੇਡ ਸ਼ੁਰੂ ਹੋਇਆ। ਉਸੇ ਸਮੇਂ ਪੁਜਾਰੀ ਜੀ ਪੂਜਣ ਕਰਨ ਆਏ। ਪਾਰਵਤੀ ਨੇ ਪੁੱਛਿਆ – ਪੁਜਾਰੀ ਜੀ! ਦੱਸੋ ਜਿੱਤ ਕਿਸ ਦੀ ਹੋਵੇਗੀ? ਉਹ ਬੋਲੇ ਸ਼ੰਕਰ ਜੀ ਦੀ, ਪਰ ਅੰਤ ਵਿਚ ਜਿੱਤ ਪਾਰਵਤੀ ਜੀ ਦੀ ਹੋਈ। ਪਾਰਵਤੀ ਜੀ ਨੇ ਝੂਠ ਬੋਲਣ ਕਾਰਨ ਪੁਜਾਰੀ ਨੂੰ ਕੋਹੜੀ ਹੋਣ ਦਾ ਸਰਾਪ ਦਿੱਤਾ, ਪੁਜਾਰੀ ਜੀ ਕੋਹੜੀ ਹੋ ਗਏ। ਕੁਝ ਸਮੇਂ ਬਾਅਦ ਅਪਸਰਾਵਾਂ ਪੂਜਣ ਦੇ ਲਈ ਆਈਆਂ, ਪੁਜਾਰੀ ਜੀ ਤੋਂ ਕੋਹੜੀ ਹੋਣ ਦਾ ਕਾਰਨ ਪੁੱਛਿਆ। ਪੁਜਾਰੀ ਜੀ ਨੇ ਸਭ ਗੱਲਾਂ ਦੱਸ ਦਿੱਤੀਆਂ। ਅਪਸਰਾਵਾਂ ਬੋਲੀਆਂ – ਪੁਜਾਰੀ ਜੀ! ਤੁਸੀਂ ਸੋਲਹ ਸੋਮਵਾਰ ਦਾ ਵਰਤ ਕਰੋ। ਮਹਾਂ ਦੇਵ ਜੀ ਤੁਹਾਡਾ ਦੁੱਖ ਦੂਰ ਕਰਨਗੇ। ਪੁਜਾਰੀ ਜੀ ਨੇ ਵਰਤ ਦਾ ਢੰਗ ਪੁੱਛਿਆ। ਅਪਸਰਾ ਬੋਲੀ – ਸੋਮਵਾਰ ਨੂੰ ਵਰਤ ਕਰੋ। ਅੱਧਾ ਕਿਲੋ ਕਣਕ ਦੇ ਆਟੇ ਦਾ ਚੂਰਮਾ ਬਣਾਓ ਅਤੇ ਉਸਦੇ ਤਿੰਨ ਭਾਗ ਕਰੋ ਅਤੇ ਘਿਓ, ਗੁਡ, ਦੀਪ ਨੇਵੈਦ, ਬੇਲ ਪੱਤਰ ਆਦਿ ਪੂਜਣ ਸਮੱਗਰੀ ਲੈ ਕੇ ਪ੍ਰਦੋਸ਼ ਕਾਲ ਵਿਚ ਪੂਜਣ ਕਰੋ। ਬਾਅਦ ਵਿਚ ਇਕ ਭਾਗ ਅਰਪਣ ਕਰੋ, ਬਾਕੀ ਦੋ ਭਾਗਾਂ ਨੂੰ ਪ੍ਰਸਾਦ ਸਮਝ ਕੇ ਵੰਡ ਦੇਵੋ ਅਤੇ ਆਪ ਪ੍ਰਸਾਦ ਲਵੋ। ਇਸ ਢੰਗ ਨਾਲ ਸੋਲਹ ਸੋਮਵਾਰ ਕਰਕੇ ਸਤਾਰ੍ਹਵੇਂ ਸੋਮਵਾਰ ਨੂੰ ਪੰਜ ਕਿਲੋ ਕਣਕ ਦੇ ਆਟੇ ਦਾ ਚੂਰਮਾ ਬਣਾ ਕੇ ਭੋਗ ਲਗਾ ਕੇ ਵੰਡ ਦਿਓ। ਇਸ ਤਰ੍ਹਾਂ ਕਰਨ ਨਾਲ ਸ਼ਿਵ ਜੀ ਤੁਹਾਡੀ ਮਨੋ ਕਾਮਨਾ ਪੂਰੀ ਕਰਨਗੇ। ਇਹ ਕਹਿ ਕੇ ਅਪਸਰਾਵਾਂ ਚਲੀਆਂ ਗਈਆਂ। ਪੁਜਾਰੀ ਜੀ ਦੱਸੇ ਹੋਏ ਢੰਗ ਨਾਲ ਵਰਤ ਰੱਖ ਕੇ ਰੋਗ ਮੁਕਤ ਹੋ ਗਏ ਅਤੇ ਅਨੰਦ ਨਾਲ ਰਹਿਣ ਲੱਗੇ।
ਕੁਝ ਦਿਨਾਂ ਬਾਅਦ ਸ਼ੰਕਰ ਜੀ ਅਤੇ ਪਾਰਵਤੀ ਜੀ ਦੁਬਾਰਾ ਉਥੇ ਆਏ। ਪੁਜਾਰੀ ਜੀ ਨੂੰ ਅਰੋਗ ਦੇਖ ਕੇ ਪਾਰਵਤੀ ਜੀ ਨੇ ਰੋਗ ਮੁਕਤੀ ਦਾ ਕਾਰਨ ਪੁੱਛਿਆ, ਤਾਂ ਪੁਜਾਰੀ ਨੇ ਸੋਲਹ ਸੋਮਵਾਰ ਦੀ ਕਥਾ ਦੱਸੀ। ਪੁਜਾਰੀ ਦੇ ਕਹਿਣ ਅਨੁਸਾਰ ਪਾਰਵਤੀ ਨੇ ਵਰਤ ਕੀਤਾ, ਫਲਸਰੂਪ ਅਪ੍ਰਸੰਨ ਕਾਰਤੀਕੇ ਜੀ ਮਾਤਾ ਦੇ ਆਗਿਆ ਕਾਰੀ ਹੋਏ। ਕਾਰਤੀਕੇ ਜੀ ਨੇ ਵੀ ਪਾਰਵਤੀ ਨੂੰ ਪੁੱਛਿਆ ਕਿ ਕੀ ਕਾਰਣ ਹੈ ਕਿ ਮੇਰਾ ਮਨ ਤੁਹਾਡੇ ਚਰਨਾਂ ਵਿਚ ਲੱਗਿਆ। ਪਾਰਵਤੀ ਜੀ ਨੇ ਉਹੀ ਵਰਤ ਦੱਸਿਆ। ਕਾਰਤੀਕੇ ਜੀ ਨੇ ਵੀ ਉਹੀ ਵਰਤ ਕੀਤਾ। ਫਲਸਰੂਪ ਵਿਛੜਿਆ ਹੋਇਆ ਮਿੱਤਰ ਮਿਲਿਆ। ਉਸ ਨੇ ਵੀ ਕਾਰਣ ਪੁੱਛਿਆ, ਦੱਸਣ ਤੇ ਵਿਆਹ ਦੀ ਇਛਿੱਆ ਕਰਕੇ ਉਸੇ ਢੰਗ ਨਾਲ ਵਰਤ ਕੀਤਾ। ਇਸ ਦੇ ਫਲਸਰੂਪ ਉਹ ਵਿਦੇਸ਼ ਗਿਆ, ਉਥੋਂ ਦੇ ਰਾਜਾ ਦੀ ਲੜਕੀ ਦਾ ਵਿਆਹ ਸੀ। ਰਾਜੇ ਦੀ ਸ਼ਰਤ ਸੀ ਕਿ ਇਹ ਸ਼ਿੰਗਾਰੀ ਹੋਈ ਹੱਥਣੀ ਜਿਸਦੇ ਗਲੇ ਵਿਚ ਮਾਲਾ ਪਾਵੇਗੀ ਉਸਦੇ ਨਾਲ ਮੇਰੀ ਪੁਤਰੀ ਦਾ ਵਿਆਹ ਹੋਵੇਗਾ। ਉਹ ਬ੍ਰਾਹਮਣ ਵੀ ਵਿਆਹ ਵੇਖਣ ਚਲਾ ਗਿਆ। ਹੱਥਣੀ ਨੇ ਮਾਲਾ ਬ੍ਰਾਹਮਣ ਦੇ ਗਲ ਵਿਚ ਪਾ ਦਿੱਤੀ। ਧੂਮ-ਧਾਮ ਨਾਲ ਵਿਆਹ ਹੋਇਆ ਅਤੇ ਦੋਨੋਂ ਸੁਖ ਨਾਲ ਰਹਿਣ ਲੱਗੇ।
ਇਕ ਦਿਨ ਰਾਜ ਕੰਨਿਆ ਨੇ ਪੁੱਛਿਆ – ਸਵਾਮੀ, ਤੁਸੀਂ ਕਿਹੜਾ ਪੁੰਨ ਕੀਤਾ ਜਿਹੜਾ ਕਿ ਰਾਜ ਕੁਮਾਰਾਂ ਨੂੰ ਛੱਡ ਕੇ ਹੱਥਣੀ ਨੇ ਤੁਹਾਨੂੰ ਚੁਣਿਆ। ਬ੍ਰਾਹਮਣ ਨੇ ਸੋਮਵਾਰ ਦੇ ਵਰਤ ਦਾ ਢੰਗ ਦੱਸਿਆ। ਰਾਜ ਕੰਨਿਆ ਨੇ ਪੁੱਤਰ ਪ੍ਰਾਪਤੀ ਲਈ ਵਰਤ ਕੀਤੇ ਅਤੇ ਗੁਣਵਾਨ ਪੁੱਤਰ ਪ੍ਰਾਪਤ ਹੋਇਆ। ਵੱਡੇ ਹੋਣ ਤੇ ਪੁੱਤਰ ਨੇ ਪੁੱਛਿਆ – ਮਾਤਾ ਜੀ, ਕਿਸ ਪੁੰਨ ਨਾਲ ਮੇਰੀ ਪ੍ਰਾਪਤੀ ਆਪ ਜੀ ਨੂੰ ਹੋਈ ਤਾਂ ਮਾਤਾ ਨੇ ਵਿਧੀ ਅਨੁਸਾਰ ਵਰਤ ਦੱਸਿਆ। ਪੱਤਰ ਰਾਜ ਪ੍ਰਾਪਤ ਕਰਨ ਦੀ ਇੱਛਿਆ ਨਾਲ ਵਰਤ ਕਰਨ ਲੱਗਿਆ। ਉਸ ਸਮੇਂ ਕਿਸੇ ਦੇਸ਼ ਦੇ ਰਾਜੇ ਦੇ ਦੂਤਾਂ ਨੇ ਆਕੇ ਉਸ ਨੂੰ ਰਾਜ ਕੰਨਿਆ ਦੇ ਵਰ ਲਈ ਚੁਣਿਆ ਅਤੇ ਉਨ੍ਹਾਂ ਦਾ ਵਿਆਹ ਹੋ ਗਿਆ। ਰਾਜਾ ਦੇ ਸਵਰਗਵਾਸ ਹੋਣ ਤੋਂ ਬਾਅਦ ਬ੍ਰਾਹਮਣ ਬਾਲਕ ਨੂੰ ਗੱਦੀ ਮਿਲੀ ਤਾਂ ਵੀ ਉਹ ਇਸ ਵਰਤ ਨੂੰ ਕਰਦਾ ਰਿਹਾ।
ਜਦੋਂ ਸਤਾਰ੍ਹਵਾਂ ਵਰਤ ਆਇਆ ਤਾਂ ਉਸ ਨੇ ਆਪਣੀ ਪਤਨੀ ਨੂੰ ਪੂਜਣ-ਸਾਮਗ੍ਰੀ ਸ਼ਿਵਾਲਿਆ ਵਿਚ ਲੈ ਕੇ ਜਾਣ ਲਈ ਕਿਹਾ ਪਰ ਉਸ ਨੇ ਦਾਸੀਆਂ ਰਾਹੀਂ ਭਿਜਵਾ ਦਿੱਤੀ। ਜਦੋਂ ਰਾਜੇ ਨੇ ਪੂਜਾ ਸਮਾਪਤ ਕੀਤੀ ਤਾਂ ਆਕਾਸ਼ਵਾਣੀ ਹੋਈ ਕਿ ਹੇ ਰਾਜਨ, ਇਸ ਰਾਣੀ ਨੂੰ ਘਰੋਂ ਕੱਢ ਦੇ ਨਹੀਂ ਤਾਂ ਇਸ ਤੇਰਾ ਸਤਿਆਨਾਸ ਕਰ ਦੇਵੇਗੀ। ਪਰਮਾਤਮਾ ਦਾ ਹੁਕਮ ਮੰਨ ਕੇ ਉਸਨੇ ਰਾਣੀ ਨੂੰ ਘਰੋਂ ਬਾਹਰ ਕੱਢ ਦਿੱਤਾ। ਰਾਣੀ ਕਿਸਮਤ ਨੂੰ ਕੋਸਦੀ ਰਹਿ ਗਈ ਅਤੇ ਇਕ ਸ਼ਹਿਰ ਵਿਚ ਇਕ ਬੁੱਢੀ ਔਰਤ ਦੇ ਕੋਲ ਚਲੀ ਗਈ। ਦੁਖੀ ਦੇਖ ਕੇ ਬੁੱਢੀ ਨੇ ਇਸ ਦੇ ਸਿਰ ਤੇ ਸੂਤ ਦੀ ਪੰਡ ਰੱਖ ਕੇ ਬਾਜ਼ਾਰ ਭੇਜ ਦਿੱਤਾ, ਰਸਤੇ ਵਿਚ ਹਨੇਰੀ ਆ ਗਈ ਅਤੇ ਪੰਡ ਉੱਡ ਗਈ। ਬੁੱਢੀ ਨੇ ਉਸ ਨੂੰ ਫਿਟਕਾਰ ਕੇ ਘਰੋਂ ਕੱਢ ਦਿੱਤਾ। ਫਿਰ ਉਹ ਇਕ ਤੇਲੀ ਦੇ ਘਰ ਗਈ ਤਾਂ ਉਸਦੇ ਸਾਰੇ ਮਟਕੇ ਸ਼ਿਵ ਜੀ ਦੇ ਪ੍ਰਕੋਪ ਕਾਰਣ ਚਟਕ ਗਏ ਅਤੇ ਤੇਲੀ ਨੇ ਵੀ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਉਹ ਪਾਣੀ ਪੀਣ ਲਈ ਨਦੀ ਤੇ ਗਈ ਤਾਂ ਨਦੀ ਸੁੱਕ ਗਈ, ਸਰੋਵਰ ਤੇ ਪੁੱਜੀ ਤਾਂ ਪਾਣੀ ਨੂੰ ਹੱਥ ਲਾਉਂਦਿਆਂ ਹੀ ਪਾਣੀ ਵਿਚ ਕੀੜੇ ਪੈ ਗਏ। ਉਸੇ ਪਾਣੀ ਨੂੰ ਹੀ ਪੀ ਕੇ ਆਰਾਮ ਕਰਨ ਲਈ ਉਹ ਜਿਸ ਦਰਖ਼ਤ ਦੇ ਵੀ ਹੇਠਾਂ ਜਾਂਦੀ ਉਹ ਵੀ ਸੁੱਕ ਜਾਂਦਾ। ਜੰਗਲ ਅਤੇ ਸਰੋਵਰ ਦੀ ਇਹ ਹਾਲਤ ਵੇਖ ਕੇ ਗਵਾਲੇ ਇਸ ਨੂੰ ਫੜ ਕੇ ਮੰਦਰ ਦੇ ਗੋਸਾਂਈ ਜੀ ਕੋਲ ਲੈ ਗਏ। ਇਸ ਨੂੰ ਵੇਖ ਕੇ ਗੋਸਾਂਈ ਜੀ ਸਮਝ ਗਏ ਕਿ ਇਹ ਕਲੀਨ ਅਬਲਾ ਮੁਸੀਬਤ ਦੀ ਮਾਰੀ ਹੋਈ ਹੈ। ਗੋਸਾਂਈ ਜੀ ਨੇ ਕਿਹਾ – ਪੁਤਰੀ, ਤੂੰ ਮੇਰੇ ਕੋਲ ਰਹਿ ਅਤੇ ਕਿਸੇ ਗੱਲ ਦੀ ਚਿੰਤਾ ਨਾ ਕਰ। ਰਾਣੀ ਆਸ਼ਰਮ ਵਿਚ ਰਹਿਣ ਲੱਗੀ, ਪਰੰਤੂ ਜਿਸ ਵਸਤੂ ਨੂੰ ਉਸ ਦਾ ਹੱਥ ਲੱਗੇ ਉਹੀ ਨਸ਼ਟ ਹੋ ਜਾਵੇ। ਦੁਖੀ ਹੋ ਕੇ ਗੋਸਾਂਈ ਜੀ ਨੇ ਪੁੱਛਿਆ – ਪੁਤਰੀ ਕਿਸ ਦੇਵ ਦੇ ਅਪਰਾਧ ਨਾਲ ਤੇਰੀ ਇਹ ਹਾਲਤ ਹੋਈ, ਤਾਂ ਰਾਣੀ ਨੇ ਦੱਸਿਆ ਕਿ ਮੈਂ ਪਤੀ ਦੀ ਆਗਿਆ ਦਾ ਉਲੰਘਣ ਕਰਕੇ ਮਹਾਂ ਦੇਵ ਜੀ ਦੇ ਪੂਜਣ ਨੂੰ ਨਹੀਂ ਗਈ। ਗੋਸਾਂਈ ਜੀ ਸ਼ਿਵ ਜੀ ਅੱਗੇ ਪ੍ਰਾਰਥਨਾ ਕਰਦੇ ਹੋਏ ਕਹਿਣ ਲੱਗੇ – ਪੁਤਰੀ ਤੂੰ ਸੋਲਹ ਸੋਮਵਾਰ ਦਾ ਵਰਤ ਕਰ, ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਰਾਣੀ ਨੇ ਵਿਧੀ ਅਨੁਸਾਰ ਵਰਤ ਪੂਰੇ ਕੀਤੇ। ਵਰਤ ਦੇ ਪ੍ਰਭਾਵ ਨਾਲ ਰਾਜੇ ਨੂੰ ਰਾਣੀ ਦੀ ਯਾਦ ਆਈ ਅਤੇ ਦੂਤਾਂ ਨੂੰ ਉਸ ਦੀ ਖੋਜ ਲਈ ਭੇਜਿਆ। ਆਸ਼ਰਮ ਵਿਚ ਰਾਣੀ ਨੂੰ ਦੇਖ ਕੇ ਦੂਤਾਂ ਨੇ ਜਾ ਕੇ ਰਾਜੇ ਨੂੰ ਰਾਣੀ ਬਾਰੇ ਦੱਸਿਆ। ਰਾਜੇ ਨੇ ਆਕੇ ਗੋਸਾਂਈ ਜੀ ਨੂੰ ਕਿਹਾ – ਮਹਾਰਾਜ ਇਹ ਮੇਰੀ ਪਤਨੀ ਹੈ। ਸ਼ਿਵ ਜੀ ਦੇ ਰੁਸ਼ਟ ਹੋਣ ਤੇ ਮੈਂ ਇਸ ਨੂੰ ਤਿਆਗ ਦਿੱਤਾ ਸੀ, ਹੁਣ ਸ਼ਿਵ ਜੀ ਦੀ ਕਿਰਪਾ ਨਾਲ ਮੈਂ ਇਸ ਨੂੰ ਲੈਣ ਆਇਆ ਹਾਂ। ਕਿਰਪਾ ਕਰਕੇ ਇਸਨੂੰ ਜਾਣ ਦੀ ਆਗਿਆ ਦਿਓ। ਗੋਸਾਂਈ ਜੀ ਨੇ ਆਗਿਆ ਦੇ ਦਿੱਤੀ। ਰਾਜਾ ਰਾਣੀ ਨਗਰ ਵਿਚ ਆ ਗਏ। ਨਗਰ ਵਾਸੀਆਂ ਨੇ ਨਗਰ ਸਜਾਇਆ, ਵਾਜੇ ਵਜਣ ਲੱਗੇ, ਮੰਗਲਾਚਾਰ ਹੋਇਆ। ਸ਼ਿਵ ਜੀ ਦੀ ਕਿਰਪਾ ਨਾਲ ਹਰ ਸਾਲ ਸੋਲਹ ਸੋਮਵਾਰ ਵਰਤ ਕਰਕੇ ਰਾਜਾ ਰਾਣੀ ਆਨੰਦ ਨਾਲ ਰਹਿਣ ਲੱਗੇ। ਅੰਤ ਵਿਚ ਸ਼ਿਵ ਲੋਕ ਨੂੰ ਪ੍ਰਾਪਤ ਹੋਏ। ਇਸ ਪ੍ਰਕਾਰ ਜੋ ਮਨੁੱਖ ਭਗਤੀ ਸਹਿਤ ਅਤੇ ਵਿਧੀ ਪੂਰਵਕ ਸੋਲਹ ਸੋਮਵਾਰ ਦਾ ਵਰਤ ਕਰਦਾ ਹੈ ਅਤੇ ਕਥਾ ਸੁਣਦਾ ਹੈ, ਉਸ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰਨ ਹੁੰਦੀਆਂ ਹਨ ਅਤੇ ਅੰਤ ਵਿਚ ਸ਼ਿਵ ਲੋਕ ਨੂੰ ਪ੍ਰਾਪਤ ਹੁੰਦਾ ਹੈ।
।।ਇਤਿ ਸੋਮਵਾਰ ਵਰਤ ਕਥਾ ਸਮਾਪਤ।।
ਆਰਤੀ
ਆਰਤੀ ਕਰਤ ਜਨਕ ਕਰ ਜੋਰੇ। ਬੜੇ ਭਾਗਯ ਰਾਮ ਜੀ ਘਰ ਆਏ ਮੋਰੇ।। ਟੇਕ।।
ਜੀਤ ਕਰਤ ਸਵੰਬਰ ਧਨੁਖ ਚੜ੍ਹਾਏ। ਸਭ ਭੂਪਨ ਕੇ ਗਰਵ ਮਿਟਾਏ।। ਆਰਤੀ ਕਰਤ ।।
ਤੋਰਿ ਪਿਨਾਕ ਕਿਏ ਦੂਈ ਖੰਡਾ। ਰਘੂਕੁਲ ਹਰਸ਼ ਰਾਵਣ ਭਯ ਸ਼ੰਕਾ।। ਆਰਤੀ ਕਰਤ ।।
ਆਈ ਹੈ ਲੀਏ ਸੰਗ ਸਹੇਲੀ। ਹਰਸ਼ਿ ਨਿਰਖ ਵਰਮਾਲਾ ਮੇਲੀ।। ਆਰਤੀ ਕਰਤ ।।
ਗਜ ਮੋਤਿਨ ਕੇ ਚੌਕ ਪੁਰਾਏ। ਕਨਕ ਕਲਸ਼ ਭਰ ਮੰਗਲ ਗਾਏ।। ਆਰਤੀ ਕਰਤ ।।
ਕੰਚਨ ਥਾਰ ਕਪੂਰ ਕੀ ਬਾਤੀ। ਸੁਰ ਨਰ ਮੁਨਿ ਜਨ ਆਏ ਬਰਾਤੀ।। ਆਰਤੀ ਕਰਤ ।।
ਫਿਰਤ ਭਾਂਵਰੀ ਬਾਜਾ ਬਾਜੇ। ਸਿਆ ਸਹਿਤ ਰਘੂਵੀਰ ਬਿਰਾਜੇ।। ਆਰਤੀ ਕਰਤ।।
ਧਨਿ ਧਨਿ ਰਾਮ ਲਖਣ ਦੋਓ ਭਾਈ। ਧਨਿ ਧਨਿ ਦਸ਼ਰਥ ਕੁਸ਼ਲਿਆ ਮਾਈ।। ਆਰਤੀ ਕਰਤ।।
ਰਾਜਾ ਦਸ਼ਰਥ ਜਨਕ ਵਿਦੇਹੀ। ਭਰਤ ਸ਼ਤਰੂਘਨ ਪਰਮ ਸਨੇਹੀ।। ਆਰਤੀ ਕਰਤ।।
ਮਿਥਿਲਾਪੁਰ ਮੇਂ ਬਜਤ ਵਧਾਈ। ਦਾਸ ਮੁਰਾਰੀ ਸਵਾਮੀ ਆਰਤੀ ਗਾਈ।। ਆਰਤੀ ਕਰਤ।।