17)ਕਲਜੁਗ ਅਜੇ ਬੱਚਾ ਨਹੀਂ ਹੈ, ਸਗੋਂ ਬੁੱਢਾ ਹੋ ਗਿਆ ਹੈ।
ਇਸ ਦਾ ਵਿਨਾਸ਼ ਨਜ਼ਦੀਕ ਹੈ ਅਤੇ ਜਲਦੀ ਹੀ ਸਤਜੁਗ ਆਉਣ ਵਾਲਾ ਹੈ।
ਅੱਜ ਬਹੁਤ ਸਾਰੇ ਲੋਕ ਕਹਿੰਦੇ ਹਨ, “ਕਲਜੁਗ ਅਜੇ ਬੱਚਾ ਹੈ। ਅਜੇ ਤਾਂ ਇਸ ਦੇ ਲੱਖਾਂ ਸਾਲ ਹੋਰ ਰਹਿੰਦੇ ਹਨ। ਸ਼ਾਸਤਰਾਂ ਅਨੁਸਾਰ ਤਾਂ ਸ੍ਰਿਸ਼ਟੀ ਦੇ ਮਹਾ ਵਿਨਾਸ਼ ਵਿਚ ਬਹੁਤ ਸਮਾਂ ਰਹਿੰਦਾ ਹੈ”।
ਪਰੰਤੂ ਹੁਣ ਪਰਮ ਪਿਤਾ ਪਰਮਾਤਮਾ ਕਹਿੰਦੇ ਹਨ ਕਿ ਹੁਣ ਤਾਂ ਕਲਜੁਗ ਬੁੱਢਾ ਹੋ ਚੁਕਿਆ ਹੈ। ਹੁਣ ਤਾਂ ਸ੍ਰਿਸ਼ਟੀ ਦੇ ਮਹਾ ਵਿਨਾਸ਼ ਦੀ ਘੜੀ ਨਜ਼ਦੀਕ ਆ ਪਹੁੰਚੀ ਹੈ। ਹੁਣ ਸਾਰੇ ਦੇਖ ਵੀ ਰਹੇ ਹਨ ਕਿ ਇਹ ਮਨੁੱਖ-ਸ੍ਰਿਸ਼ਟੀ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੀ ਚਿਖਾ ਵਿਚ ਜਲ ਰਹੀ ਹੈ। ਸ੍ਰਿਸ਼ਟੀ ਦੇ ਮਹਾ ਵਿਨਾਸ਼ ਦੇ ਲਈ ਐਟਮ-ਬੰਬ, ਹਾਈਡ੍ਰੋਜਨ ਬੰਬ ਅਤੇ ਮੂਸਲ ਵੀ ਬਣ ਚੁੱਕੇ ਹਨ। ਇਸ ਵਾਸਤੇ ਹੁਣ ਵੀ ਜੇਕਰ ਕੋਈ ਕਹਿੰਦਾ ਹੈ ਕਿ ਮਹਾ ਵਿਨਾਸ਼ ਦੂਰ ਹੈ, ਤਾਂ ਉਹ ਅਗਿਆਨ ਵਿਚ ਹੈ ਅਤੇ ਕੁੰਭ ਕਰਣੀ ਨੀਂਦ ਵਿਚ ਸੁੱਤਾ ਹੋਇਆ ਹੈ। ਉਹ ਆਪਣਾ ਅਕਲਿਆਣ ਕਰ ਰਿਹਾ ਹੈ। ਹੁਣ ਜਦਕਿ ਪਰਮਪਿਤਾ ਪਰਮਾਤਮਾ ਸ਼ਿਵ ਅਵਤਰਿਤ ਹੋ ਕੇ ਗਿਆਨ-ਅੰਮ੍ਰਿਤ ਪਿਲਾ ਰਹੇ ਹਨ, ਤਾਂ ਉਹ ਲੋਕ ਉਸ ਤੋਂ ਵਾਂਝੇ ਹਨ।
ਅੱਜ ਤਾਂ ਵਿਗਿਆਨੀ ਅਤੇ ਵਿੱਦਿਆ ਮਾਹਿਰ ਵੀ ਕਹਿੰਦੇ ਹਨ ਕਿ ਜਨਸੰਖਿਆ ਜਿਸ ਤੇਜ ਰਫਤਾਰ ਨਾਲ ਵਧ ਰਹੀ ਹੈ, ਅੰਨ ਦੀ ਉਪਜ ਉਸ ਅਨੁਪਾਤ ਨਾਲ ਨਹੀਂ ਹੋ ਰਹੀ ਹੈ। ਇਸ ਲਈ ਉਹ ਇਕ ਅਤਿਅੰਤ ਭਿਅੰਕਰ ਅਕਾਲ ਦੇ ਨਤੀਜੇ ਵਜੋਂ ਮਹਾ ਵਿਨਾਸ਼ ਦਾ ਐਲਾਨ ਕਰਦੇ ਹਨ। ਫੇਰ, ਵਾਤਾਵਰਣ ਦੀ ਭ੍ਰਿਸ਼ਟਤਾ ਅਤੇ ਪਟਰੋਲ, ਕੋਲਾ ਆਦਿ ਸ਼ਕਤੀ ਸ੍ਰੋਤਾਂ (ਨਿਕਾਸ ਦਾ ਸਥਾਨ) ਕੁਝ ਹੀ ਸਾਲਾਂ ਵਿਚ ਖਤਮ ਹੋ ਜਾਣ ਦਾ ਐਲਾਨ ਵੀ ਵਿਗਿਆਨੀ ਕਰ ਰਹੇ ਹਨ। ਦੂਜੇ ਲੋਕ ਪ੍ਰਿਥਵੀ ਦੇ ਠੰਢੇ ਹੋ ਜਾਣ ਦੇ ਕਾਰਣ ਹਿਮ-ਪਾਤ ਦੀ ਗੱਲ ਦੱਸ ਰਹੇ ਹਨ। ਅੱਜ ਸਿਰਫ ਰੂਸ ਅਤੇ ਅਮਰੀਕਾ ਕੋਲ ਹੀ 12 ਲੱਖ ਐਟਮ-ਬੰਬ ਜਿੰਨੇ ਅਣੂ ਸ਼ਸਤਰ ਹਨ। ਇਸ ਤੋਂ ਇਲਾਵਾ, ਅੱਜ ਦਾ ਜੀਵਨ ਇਤਨਾ ਵਿਕਾਰੀ ਅਤੇ ਖਿਚਾਓ ਵਾਲਾ ਹੋ ਗਿਆ ਹੈ ਕਿ ਹੁਣ ਕਰੋੜਾਂ ਸਾਲਾਂ ਤਕ ਕਲਜੁਗ ਦਾ ਮੰਨਣਾ ਤਾਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਅੱਖਾਂ ਬੰਦ ਕਰਨਾ ਹੀ ਹੈ ਪਰੰਤੂ ਸਾਰਿਆਂ ਨੂੰ ਯਾਦ ਰਹੇ ਕਿ ਪਰਮਾਤਮਾ ਅਧਰਮ ਦੇ ਮਹਾ ਵਿਨਾਸ਼ ਤੋਂ ਪਹਿਲਾਂ ਹੀ ਦੈਵੀ ਧਰਮ ਦੀ ਦੁਬਾਰਾ ਸਥਾਪਨਾ ਵੀ ਕਰਾਉਂਦੇ ਹਨ।
ਇਸ ਵਾਸਤੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੁਣ ਪਰਮਪਿਤਾ ਪਰਮਾਤਮਾ ਸ਼ਿਵ ਸਤਜੁਗੀ ਪਾਵਨ ਅਤੇ ਦੈਵੀ ਸ੍ਰਿਸ਼ਟੀ ਦੀ ਫੇਰ ਸਥਾਪਨਾ ਕਰਾ ਰਹੇ ਹਨ। ਉਹ ਮਨੁੱਖ ਨੂੰ ਦੇਵਤਾ ਅਥਵਾ ਪਤਿਤਾਂ ਨੂੰ ਪਾਵਨ ਬਣਾ ਰਹੇ ਹਨ। ਇਸ ਲਈ ਉਨ੍ਹਾਂ ਦੁਆਰਾ ਸਹਿਜ ਰਾਜ ਯੋਗ ਅਤੇ ਗਿਆਨ- ਇਹ ਅਨਮੋਲ ਵਿੱਦਿਆ ਸਿਖਾ ਕੇ ਜੀਵਨ ਨੂੰ ਪਾਵਨ, ਸਤ ਪ੍ਰਧਾਨ, ਦੈਵੀ ਅਤੇ ਆਨੰਦ ਭਰਪੂਰ ਬਣਾਉਣ ਦਾ ਸਰਵੋਤਮ ਪੁਰਸ਼ਾਰਥ ਕਰਨਾ ਚਾਹੀਦਾ ਹੈ। ਜਿਹੜੇ ਲੋਕ ਇਹ ਸਮਝ ਬੈਠੇ ਹਨ ਕਿ ਹਾਲੇ ਤਾਂ ਕਲਜੁਗ ਨੂੰ ਲੱਖਾਂ ਸਾਲ ਬਾਕੀ ਹਨ, ਉਹ ਆਪਣੇ ਹੀ ਸੁਭਾਗ ਨੂੰ ਖੁਦ ਵਾਪਿਸ ਕਰ ਰਹੇ ਹਨ।
ਹੁਣ ਕਲਜੁਗੀ ਸ੍ਰਿਸ਼ਟੀ ਅਖੀਰਲੇ ਸਾਹ ਲੈ ਰਹੀ ਹੈ, ਇਹ ਮਰਨ ਕਿਨਾਰੇ ਹੈ। ਇਹ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਰੋਗਾਂ ਨਾਲ ਦੁਖੀ ਹੈ। ਇਸ ਵਾਸਤੇ ਇਸ ਸ੍ਰਿਸ਼ਟੀ ਦੀ ਉਮਰ ਅਰਬਾਂ ਸਾਲ ਮੰਨਣਾ ਭੁੱਲ ਹੈ ਅਤੇ ਕਲਜੁਗ ਨੂੰ ਹੁਣ ਬੱਚਾ ਮੰਨ ਕੇ ਅਗਿਆਨ-ਨੀਂਦ ਵਿਚ ਸੌਣ ਵਾਲੇ ਲੋਕ ਹੀ “ਕੁੰਭ ਕਰਣ” ਹਨ। ਜਿਹੜੇ ਮਨੁੱਖ ਇਸ ਈਸ਼ਵਰੀ ਸੰਦੇਸ਼ ਨੂੰ ਇਕ ਕੰਨ ਤੋਂ ਸੁਣ ਕੇ ਦੂਜੇ ਕੰਨ ਚੋਂ ਕੱਢ ਦਿੰਦੇ ਹਨ, ਉਨ੍ਹਾਂ ਦੇ ਕੰਨ ਇਸ ਤਰ੍ਹਾਂ ਦੇ ਕੁੰਭ ਦੇ ਬਰਾਬਰ ਹਨ, ਕਿਉਂਕਿ ਕੁੰਭ ਬੁੱਧੀ-ਹੀਨ ਹੁੰਦਾ ਹੈ।