ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

18)ਕੀ ਰਾਵਣ ਦੇ ਦਸ ਸਿਰ ਹਨ ? ਰਾਵਣ ਕਿਸਦਾ ਪ੍ਰਤੀਕ ਹੈ ?

ਭਾਰਤ ਦੇ ਲੋਕ ਹਰ ਸਾਲ ਰਾਵਣ ਦਾ ਬੁੱਤ ਜਲਾਉਂਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਕ ਦਸ ਸਿਰ ਵਾਲਾ ਰਾਵਣ ਸ੍ਰੀ ਲੰਕਾ ਦਾ ਰਾਜਾ ਸੀ, ਉਹ ਇਕ ਬਹੁਤ ਵੱਡਾ ਰਾਖਸ਼ ਸੀ ਅਤੇ ਉਸ ਨੇ ਸ੍ਰੀ ਸੀਤਾ ਦਾ ਅਪਹਰਣ ਕੀਤਾ ਸੀ। ਉਹ ਇਹ ਵੀ ਮੰਨਦੇ ਹਨ ਕਿ ਰਾਵਣ ਬਹੁਤ ਵੱਡਾ ਵਿਦਵਾਨ ਸੀ, ਇਸ ਲਈ ਉਹ ਉਸਦੇ ਹੱਥ ਵਿਚ ਵੇਦ, ਸ਼ਾਸਤਰ ਆਦਿ ਦਿਖਾਉਂਦੇ ਹਨ। ਨਾਲ ਹੀ ਉਹ ਉਸਦੇ ਸਿਰ ਤੇ ਗਧੇ ਦਾ ਸਿਰ ਵੀ ਦਿਖਾਉਂਦੇ ਹਨ ਜਿਸਦਾ ਅਰਥ ਉਹ ਇਹ ਲੈਂਦੇ ਹਨ ਕਿ ਉਹ ਹਠੀ ਅਤੇ ਬੁੱਧੀ ਹੀਨ ਸੀ। ਲੇਕਿਨ ਹੁਣ ਪਰਮਪਿਤਾ ਪਰਮਾਤਮਾ ਸ਼ਿਵ ਨੇ ਸਮਝਾਇਆ ਹੈ ਕਿ ਰਾਵਣ ਕੋਈ ਦਸ ਸਿਰ ਵਾਲਾ ਰਾਖਸ਼ (ਮਨੁੱਖ) ਨਹੀਂ ਸੀ, ਸਗੋਂ ਰਾਵਣ ਦਾ ਪੁਤਲਾ ਵਾਸਤਵ ਵਿਚ ਬੁਰਾਈ ਦਾ ਪ੍ਰਤੀਕ ਹੈ। ਰਾਵਣ ਦੇ ਦਸ ਸਿਰ ਪੁਰਖ ਅਤੇ ਇਸਤਰੀ ਦੇ ਪੰਜ-ਪੰਜ ਵਿਕਾਰਾਂ ਨੂੰ ਪ੍ਰਗਟ ਕਰਦੇ ਹਨ ਅਤੇ ਉਸ ਦਾ ਪੁਤਲਾ ਇਕ ਇਸ ਤਰ੍ਹਾਂ ਦੇ ਸਮਾਜ ਦਾ ਪ੍ਰਤੀਕ ਹੈ ਜਿਹੜਾ ਇਸ ਪ੍ਰਕਾਰ ਦੇ ਵਿਕਾਰੀ ਇਸਤਰੀ-ਪੁਰਖਾਂ ਦਾ ਬਣਿਆ ਹੋਵੇ। ਇਸ ਸਮਾਜ ਦੇ ਲੋਕ ਬਹੁਤ ਗ੍ਰੰਥ ਜਾਂ ਸ਼ਾਸਤਰ ਪੜ੍ਹੇ ਹੋਏ ਅਤੇ ਵਿਗਿਆਨ ਵਿਚ ਉੱਚੀ ਸਿੱਖਿਆ ਪ੍ਰਾਪਤੀ ਵਾਲੇ ਵੀ ਹੋ ਸਕਦੇ ਹਨ ਲੇਕਿਨ ਹਿੰਸਾ ਅਤੇ ਦੂਜੇ ਵਿਕਾਰਾਂ ਦੇ ਵੱਸ ਹੁੰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਪੰਡਤਾਈ ਉਨ੍ਹਾਂ ਤੇ ਭਾਰ ਹੀ ਹੁੰਦੀ ਹੈ। ਉਹ ਹਠੀ ਬਣ ਗਏ ਹੁੰਦੇ ਹਨ ਅਤੇ ਭਲੇ ਦੀਆਂ ਗੱਲਾਂ ਲਈ ਉਨ੍ਹਾਂ ਦੇ ਕੰਨ ਬੰਦ ਹੋ ਗਏ ਹੁੰਦੇ ਹਨ। ਰਾਵਣ ਸ਼ਬਦ ਦਾ ਅਰਥ ਹੀ ਹੈ – ਜਿਹੜਾ ਦੂਜਿਆਂ ਨੂੰ ਰਲਾਉਣ ਵਾਲਾ ਹੈ। ਇਸ ਤਰ੍ਹਾਂ ਇਹ ਬੁਰੇ ਕੰਮਾਂ ਦਾ ਸੂਚਕ ਹੈ ਕਿਉਂਕਿ ਬੁਰੇ ਕੰਮ ਹੀ ਤਾਂ ਮਨੁੱਖ ਦੇ ਜੀਵਨ ਵਿਚ ਦੁਖ ਤੇ ਹੰਝੂ ਲਿਆਉਂਦੇ ਹਨ। ਇਸ ਲਈ ਸੀਤਾ ਦੇ ਅਪਹਰਣ ਦਾ ਭਾਵ ਅਸਲ ਵਿਚ ਆਤਮਾਵਾਂ ਦੀ ਸ਼ੁੱਧ ਭਾਵਨਾਵਾਂ ਦੇ ਅਪਹਰਣ ਦਾ ਸੂਚਕ ਹੈ। ਇਸ ਪ੍ਰਕਾਰ, “ਕੁੰਭ ਕਰਣ” ਆਲਸ ਦਾ ਅਤੇ “ਮੇਘ ਨਾਥ” ਬੁਰੇ ਸ਼ਬਦਾਂ ਦਾ ਪ੍ਰਤੀਕ ਹੈ ਅਤੇ ਇਹ ਸਾਰਾ ਸੰਸਾਰ ਹੀ ਇਕ ਮਹਾਂਦੀਪ ਹੈ ਅਥਵਾ ਮਨੁੱਖ ਦਾ ਮਨ ਹੀ ਲੰਕਾ ਹੈ।

ਇਸ ਵਿਚਾਰ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਸ ਵਿਸ਼ਵ ਵਿਚ ਦੁਆਪਰ ਅਤੇ ਕਲਜੁਗ ਵਿਚ (ਅਰਥਾਤ 2500 ਸਾਲ) “ਰਾਵਣ ਰਾਜ” ਹੁੰਦਾ ਹੈ ਕਿਉਂਕਿ ਇਨ੍ਹਾਂ ਦੋ ਜੁਗਾਂ ਵਿਚ ਲੋਕ ਮਾਇਆ ਜਾਂ ਵਿਕਾਰਾਂ ਦੇ ਵਸ ਹੁੰਦੇ ਹਨ। ਉਸ ਵੇਲੇ ਅਨੇਕ ਪੂਜਾ-ਪਾਠ ਕਰਨ ਅਤੇ ਸ਼ਾਸਤਰ ਪੜ੍ਹਨ ਦੇ ਬਾਵਜੂਦ ਵੀ ਮਨੁੱਖ ਵਿਕਾਰੀ, ਅਧਰਮੀ ਅਤੇ ਭ੍ਰਿਸ਼ਟਾਚਾਰੀ ਬਣ ਜਾਂਦੇ ਹਨ। ਰੋਗ, ਸ਼ੋਕ, ਅਸ਼ਾਂਤੀ ਅਤੇ ਦੁਖ ਦਾ ਸਭਨੀ ਥਾਈਂ ਬੋਲ ਬਾਲਾ ਹੁੰਦਾ ਹੈ। ਮਨੁੱਖ ਦਾ ਖਾਨ ਪਾਨ ਅਸੁਰਾਂ ਵਰਗਾ (ਮਾਸ-ਸ਼ਰਾਬ, ਤਾਮਸੀ ਭੋਜਨ ਆਦਿ) ਬਣ ਜਾਂਦਾ ਹੈ। ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ ਆਦਿ ਵਿਕਾਰਾਂ ਦੇ ਵਸ ਹੋ ਕੇ ਇਕ-ਦੂਜੇ ਨੂੰ ਦੁਖ ਦੇਂਦੇ ਅਤੇ ਰਵਾਉਂਦੇ ਹਨ। ਠੀਕ ਇਸ ਦੇ ਉਲਟ, ਸਵਰਨ ਜੁਗ ਅਤੇ ਰਜਤ ਜੁਗ ਵਿਚ ਰਾਮ-ਰਾਜ ਸੀ, ਕਿਉਂਕਿ ਪਰਮਾਤਮਾ, ਜਿਨ੍ਹਾਂ ਨੂੰ ਰਮਣੀਕ ਅਥਵਾ ਸੁਖ ਦਾਤਾ ਹੋਣ ਦੇ ਕਾਰਣ “ਰਾਮ” ਵੀ ਕਹਿੰਦੇ ਹਨ, ਉਸ ਨੇ ਪਵਿੱਤਰਤਾ, ਸ਼ਾਂਤੀ ਅਤੇ ਸੁਖ-ਸੰਪੰਨ ਦੈਵੀ ਸਵਰਾਜ ਦੀ ਸਥਾਪਨਾ ਕੀਤੀ ਸੀ। ਉਸ ਰਾਮ-ਰਾਜ ਦੇ ਬਾਰੇ ਵਿਚ ਪ੍ਰਸਿੱਧ ਹੈ ਕਿ ਤਦ ਸ਼ਹਿਦ ਅਤੇ ਦੁੱਧ ਦੀਆਂ ਨਦੀਆਂ ਵਹਿੰਦੀਆਂ ਸਨ ਅਤੇ ਸ਼ੇਰ ਅਤੇ ਗਾਂ ਇਕ ਹੀ ਘਾਟ ਤੇ ਪਾਣੀ ਪੀਂਦੇ ਸਨ।

ਹੁਣ ਵਰਤਮਾਨ ਜੁਗ ਵਿਚ ਮਨੁੱਖ ਆਤਮਾਵਾਂ ਫੇਰ ਤੋਂ ਮਾਇਆ ਅਰਥਾਤ ਰਾਵਣ ਦੇ ਪ੍ਰਭਾਵ ਵਿਚ ਹਨ। ਉਦਯੋਗਿਕ ਉੱਨਤੀ, ਬਹੁਤ ਜਿਆਦਾ ਧਨ-ਦੌਲਤ ਅਤੇ ਸੰਸਾਰਿਕ ਸੁਖ-ਸਾਰੇ ਸਾਧਨ ਹੁੰਦੇ ਹੋਏ ਵੀ ਮਨੁੱਖ ਨੂੰ ਸੱਚੇ ਸੁਖ ਅਤੇ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੈ। ਘਰ ਘਰ ਵਿਚ ਕਲਹ-ਕਲੇਸ਼, ਲੜਾਈ ਝਗੜਾ ਅਤੇ ਦੁਖ-ਅਸ਼ਾਂਤੀ ਹੈ ਅਤੇ ਭ੍ਰਿਸ਼ਟਾਚਾਰ, ਮਿਲਾਵਟ, ਅਧਰਮ ਅਤੇ ਝੂਠ ਦਾ ਹੀ ਰਾਜ ਹੈ, ਤਦੇ ਤਾਂ ਇਸ ਨੂੰ “ਰਾਵਣ-ਰਾਜ” ਕਹਿੰਦੇ ਹਨ।

ਹੁਣ ਪਰਮਾਤਮਾ ਸ਼ਿਵ ਗੀਤਾ ਵਿਚ ਦਿੱਤੇ ਹੋਏ ਆਪਣੇ ਵਚਨ ਦੇ ਅਨੁਸਾਰ ਸਹਿਜ ਗਿਆਨ ਅਤੇ ਰਾਜ ਯੋਗ ਦੀ ਸਿੱਖਿਆ ਦੇ ਰਹੇ ਹਨ ਅਤੇ ਮਨੁੱਖ ਆਤਮਾਵਾਂ ਦੇ ਮਨੋਂ ਵਿਕਾਰਾਂ ਨੂੰ ਖਤਮ ਕਰਕੇ ਉਨ੍ਹਾਂ ਵਿਚ ਦੈਵੀ ਗੁਣ ਧਾਰਨ ਕਰਾ ਰਹੇ ਹਨ। ਉਹ ਫੇਰ ਵਿਸ਼ਵ ਵਿਚ ਬਾਪੂ-ਗਾਂਧੀ ਜੀ ਦੇ ਸੁਪਨਿਆਂ ਦਾ ਰਾਮ-ਰਾਜ ਸਥਾਪਤ ਕਰ ਰਹੇ ਹਨ। ਇਸ ਵਾਸਤੇ ਸਾਨੂੰ ਸਾਰਿਆਂ ਨੂੰ ਸਤ ਧਰਮ ਅਤੇ ਨਿਰਵਿਕਾਰੀ ਮਾਰਗ ਅਪਨਾਉਂਦੇ ਹੋਏ ਪਰਮਾਤਮਾ ਦੇ ਇਸ ਮਹਾਨ ਕਾਰਜ ਵਿਚ ਸਹਿਯੋਗੀ ਬਣਨਾ ਚਾਹੀਦਾ ਹੈ।

 

Loading spinner