20)ਨਿਕਟ ਭਵਿੱਖ ਵਿਚ ਸ੍ਰੀ ਕ੍ਰਿਸ਼ਨ ਆ ਰਹੇ ਹਨ
ਅਜ ਰੋਜ਼ਾਨਾ ਅਖ਼ਬਾਰਾਂ ਵਿਚ ਅਕਾਲ, ਹੜ੍ਹ, ਭ੍ਰਿਸ਼ਟਾਚਾਰ ਅਤੇ ਲੜਾਈ-ਝਗੜਿਆਂ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਕੁਦਰਤ ਦੇ ਪੰਜ ਤੱਤ ਵੀ ਮਨੁੱਖ ਨੂੰ ਦੁੱਖ ਦੇ ਰਹੇ ਹਨ ਅਤੇ ਸਾਰਾ ਹੀ ਵਾਤਾਵਰਣ ਗੰਦਾ ਹੋ ਗਿਆ ਹੈ। ਅਤਿਆਚਾਰ, ਵਿਸ਼ੇ-ਵਿਕਾਰ ਅਤੇ ਅਧਰਮ ਦਾ ਬੋਲ-ਬਾਲਾ ਹੈ ਅਤੇ ਇਹ ਵਿਸ਼ਵ ਹੀ “ਕੰਡਿਆਂ ਦਾ ਜੰਗਲ” ਬਣ ਚੁੱਕਾ ਹੈ। ਇਕ ਸਮਾਂ ਸੀ ਜਦਕਿ ਵਿਸ਼ਵ ਵਿਚ ਸੰਪੂਰਨ ਸੁਖ-ਸ਼ਾਂਤੀ ਦਾ ਚੱਕਰਵਰਤੀ ਰਾਜ ਸੀ ਅਤੇ ਇਹ ਸ੍ਰਿਸ਼ਟੀ “ਫੁੱਲਾਂ ਦਾ ਬਗੀਚਾ” ਸੀ। ਕੁਦਰਤ ਵੀ ਸਤੋ ਪ੍ਰਧਾਨ ਸੀ ਅਤੇ ਕਿਸੇ ਪ੍ਰਕਾਰ ਦੀਆਂ ਕੁਦਰਤੀ ਆਪਦਾਵਾਂ ਨਹੀਂ ਸਨ। ਮਨੁੱਖ ਵੀ ਸਤੋ ਪ੍ਰਧਾਨ ਦੈਵੀ-ਗੁਣ ਸੰਪੰਨ ਸੀ ਅਤੇ ਆਨੰਦ ਖੁਸ਼ੀ ਦਾ ਜੀਵਨ ਬਤੀਤ ਕਰਦੇ ਸਨ ਉਸ ਵੇਲੇ ਇਹ ਸੰਸਾਰ ਸਵਰਗ ਸੀ, ਜਿਸ ਨੂੰ ਸਤਜੁਗ ਵੀ ਕਹਿੰਦੇ ਹਨ। ਇਸ ਵਿਸ਼ਵ ਵਿਚ ਖੁਸ਼ਹਾਲੀ, ਸੁਖ ਅਤੇ ਸ਼ਾਂਤੀ ਦਾ ਮੁੱਖ ਕਾਰਣ ਸੀ ਕਿ ਉਸ ਵੇਲੇ ਦੇ ਰਾਜਾ ਪ੍ਰਜਾ ਸਾਰੇ ਪਵਿੱਤਰ ਅਤੇ ਸ਼੍ਰੇਸ਼ਟਾਚਾਰੀ ਸਨ। ਇਸ ਲਈ ਉਨ੍ਹਾਂ ਨੂੰ ਸੋਨੇ ਦੇ ਰਤਨ-ਜੜੇ ਹੋਏ ਤਾਜ ਦੇ ਇਲਾਵਾ ਪਵਿੱਤਰਤਾ ਦਾ ਤਾਜ ਵੀ ਵਿਖਾਇਆ ਜਾਂਦਾ ਹੈ। ਸ੍ਰੀ ਕ੍ਰਿਸ਼ਨ ਅਤੇ ਰਾਧਾ ਸਤ ਜੁਗ ਦੇ ਪਹਿਲੇ ਮਹਾ ਰਾਜ ਕੁਮਾਰ ਅਤੇ ਮਹਾ ਰਾਜਕੁਮਾਰੀ ਸਨ ਜਿਨ੍ਹਾਂ ਦਾ ਵਿਆਹ ਦੇ ਬਾਅਦ “ਸ੍ਰੀ ਨਾਰਾਇਣ ਅਤੇ ਸ੍ਰੀ ਲਕਸ਼ਮੀ” ਨਾਂ ਪੈਂਦਾ ਹੈ। ਉਨ੍ਹਾਂ ਦੇ ਰਾਜ ਵਿਚ “ਸ਼ੇਰ ਅਤੇ ਗਾਂ” ਵੀ ਇਕ ਘਾਟ ਤੇ ਪਾਣੀ ਪੀਂਦੇ ਸਨ, ਅਰਥਾਤ ਪਸ਼ੂ-ਪੰਛੀ ਤੱਕ ਸੰਪੂਰਨ ਅਹਿੰਸਕ ਅਤੇ ਮਰਿਆਦਾ ਪੁਰਸ਼ੋਤਮ ਸਨ, ਤਦੇ ਹੀ ਉਨ੍ਹਾਂ ਨੂੰ ਦੇਵਤਾ ਕਹਿੰਦੇ ਹਨ। ਜਦਕਿ ਉਸ ਦੀ ਤੁਲਨਾ ਵਿਚ ਅੱਜ ਦਾ ਮਨੁੱਖ ਵਿਕਾਰੀ, ਦੁਖੀ ਅਤੇ ਅਸ਼ਾਂਤ ਬਣ ਗਿਆ ਹੈ। ਇਹ ਸੰਸਾਰ ਵੀ ਨਰਕ ਬਣ ਗਿਆ ਹੈ। ਸਾਰੇ ਨਰ-ਨਾਰੀ ਕਾਮ ਕ੍ਰੋਧ ਆਦਿ ਵਿਸ਼ੇ-ਵਿਕਾਰਾਂ ਵਿਚ ਗੋਤਾ ਲਗਾ ਰਹੇ ਹਨ। ਇਕ ਵੀ ਮਨੁੱਖ ਵਿਕਾਰਾਂ ਅਤੇ ਦੁਖਾਂ ਤੋਂ ਮੁਕਤ ਨਹੀਂ ਹੈ।
ਇਸ ਲਈ ਹੁਣ ਪਰਮਾਤਮਾ, ਪਰਮ ਸਿੱਖਿਅਕ, ਪਰਮ ਸਤਗੁਰ ਪਰਮਾਤਮਾ ਸ਼ਿਵ ਕਹਿੰਦੇ ਹਨ, “ਹੇ ਬੱਚਿਓ, ਤੁਸੀਂ ਸਾਰੇ ਜਨਮ ਜਨਮਾਂਤਰ ਤੋਂ ਮੈਨੂੰ ਪੁਕਾਰਦੇ ਆਏ ਹੋ ਕਿ … ਹੇ ਪ੍ਰਭੂ ਸਾਨੂੰ ਦੁੱਖ ਅਤੇ ਅਸ਼ਾਂਤੀ ਤੋਂ ਛੁੜਾਓ ਅਤੇ ਸਾਨੂੰ ਮੁਕਤੀ ਧਾਮ ਅਤੇ ਸਵਰਗ ਵਿਚ ਲੈ ਚਲੋ”। ਇਸ ਲਈ ਹੁਣ ਮੈਂ ਤੁਹਾਨੂੰ ਵਾਪਸ ਮੁਕਤੀ ਧਾਮ ਲੈ ਜਾਣ ਲਈ ਅਤੇ ਇਸ ਸ੍ਰਿਸ਼ਟੀ ਨੂੰ ਪਾਵਨ ਅਰਥਾਤ ਸਵਰਗ ਬਣਾਉਣ ਆਇਆ ਹਾਂ। ਬੱਚੇ, ਵਰਤਮਾਨ ਜਨਮ ਸਾਰਿਆਂ ਦਾ ਅਖੀਰਲਾ ਜਨਮ ਹੈ। ਹੁਣ ਤੁਸੀਂ (ਸਤਜੁਗੀ ਪਾਵਨ ਸ੍ਰਿਸ਼ਟੀ) ਬੈਕੁੰਠ ਜਾਣ ਦੀ ਤਿਆਰੀ ਕਰੋ ਅਰਥਾਤ ਪਵਿੱਤਰ ਅਤੇ ਯੋਗ-ਯੁਕਤ ਬਣੋ ਕਿਉਂਕਿ ਹੁਣ ਨਿਕਟ ਭਵਿੱਖ ਵਿਚ ਸ੍ਰੀ ਕ੍ਰਿਸ਼ਨ (ਸ੍ਰੀ ਨਾਰਾਇਣ) ਦਾ ਰਾਜ ਆਉਣ ਹੀ ਵਾਲਾ ਹੈ ਅਤੇ ਇਸ ਨਾਲ ਇਸ ਕਲਜੁਗੀ ਵਿਕਾਰੀ ਸ੍ਰਿਸ਼ਟੀ ਦਾ ਮਹਾ ਵਿਨਾਸ਼ ਐਟਮ-ਬੰਬਾਂ, ਕੁਦਰਤੀ ਆਪਦਾਵਾਂ ਅਤੇ ਗ੍ਰਹਿ ਯੁੱਧਾਂ ਨਾਲ ਹੋ ਜਾਵੇਗਾ। ਵਿਖਾਏ ਗਏ ਚਿਤਰ ਮੁਤਾਬਕ ਸ੍ਰੀ ਕ੍ਰਿਸ਼ਨ ਨੂੰ ਵਿਸ਼ਵ ਦੇ ਗਲੋਬ ਉੱਪਰ ਮਧੁਰ ਬਾਂਸਰੀ ਵਜਾ ਰਹੇ ਹਨ, ਜਿਸਦਾ ਅਰਥ ਇਹ ਹੈ ਕਿ ਸਾਰੇ ਵਿਸ਼ਵ ਵਿਚ ਸ੍ਰੀ ਕ੍ਰਿਸ਼ਨ (ਸ੍ਰੀ ਨਾਰਾਇਣ) ਦਾ ਦੇਵਤਾ ਧਰਮ ਹੋਵੇਗਾ, ਇਕ ਭਾਸ਼ਾ ਅਤੇ ਇਕ ਮਤ ਹੋਵੇਗੀ ਅਤੇ ਸੰਪੂਰਨ ਖੁਸ਼ਹਾਲੀ ਅਤੇ ਸੁਖ-ਚੈਨ ਦੀ ਬਾਂਸਰੀ ਵਜੇਗੀ।
ਬਹੁਤ ਸਾਰੇ ਲੋਕਾਂ ਦੀ ਇਹ ਮਾਨਤਾ ਹੈ ਕਿ ਸ੍ਰੀ ਕ੍ਰਿਸ਼ਨ ਦੁਆਪਰ ਜੁਗ ਦੇ ਅਖੀਰ ਵਿਚ ਆਉਂਦੇ ਹਨ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ੍ਰੀ ਕ੍ਰਿਸ਼ਨ ਤਾਂ ਸਰਵ ਗੁਣ ਸੰਪੰਨ, 16 ਕਲਾ ਸੰਪੂਰਨ, ਨਿਰਵਿਕਾਰੀ ਅਰਥਾਤ ਪੂਰਣ ਪਵਿੱਤਰ ਸੀ। ਤਦ ਭਲਾ ਉਨ੍ਹਾਂ ਦਾ ਜਨਮ ਦੁਆਪਰ ਜੁਗ ਦੀ ਰਜ ਪ੍ਰਧਾਨ ਅਤੇ ਵਿਕਾਰ-ਭਰੀ ਸ੍ਰਿਸ਼ਟੀ ਵਿਚ ਕਿਵੇਂ ਹੋ ਸਕਦਾ ਹੈ? ਸ੍ਰੀ ਕ੍ਰਿਸ਼ਨ ਦੇ ਦਰਸ਼ਨ ਦੇ ਲਈ ਸੂਰਦਾਸ ਨੇ ਆਪਣੀ ਅਪਵਿੱਤਰ ਦ੍ਰਿਸ਼ਟੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸ੍ਰੀ ਕ੍ਰਿਸ਼ਨ ਦੀ ਭਗਤਣ ਮੀਰਾ ਬਾਈ ਨੇ ਪਵਿੱਤਰ ਰਹਿਣ ਦੇ ਲਈ ਜ਼ਹਿਰ ਦਾ ਪਿਆਲਾ ਪੀਣਾ ਸਵੀਕਾਰ ਕੀਤਾ, ਤਦ ਭਲਾ ਸ੍ਰੀ ਕ੍ਰਿਸ਼ਨ ਦੇਵਤਾ ਅਪਵਿੱਤਰ ਦ੍ਰਿਸ਼ਟੀ ਵਿਰਤੀ ਵਾਲੀ ਸ੍ਰਿਸ਼ਟੀ ਵਿਚ ਕਿਵੇਂ ਆ ਸਕਦੇ ਹਨ? ਸ੍ਰੀ ਕ੍ਰਿਸ਼ਨ ਤਾਂ ਵਿਆਹ ਤੋਂ ਬਾਅਦ ਸ੍ਰੀ ਨਾਰਾਇਣ ਕਹਿਲਾਏ ਤਦੇ ਤਾਂ ਸ੍ਰੀ ਨਾਰਾਇਣ ਦੇ ਬਚਪਨ ਦੇ ਕੋਈ ਨਿਸ਼ਾਨ ਨਹੀਂ ਮਿਲਦੇ ਅਤੇ ਸ੍ਰੀ ਕ੍ਰਿਸ਼ਨ ਦੇ ਬਜ਼ੁਰਗੀ ਦੇ ਚਿੱਤਰ ਨਹੀਂ ਮਿਲਦੇ। ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਅਰਥਾਤ ਸ੍ਰੀ ਨਾਰਾਇਣ ਸਤਜੁਗੀ ਪਾਵਨ ਸ੍ਰਿਸ਼ਟੀ ਦੇ ਸ਼ੁਰੂ ਵਿਚ ਆਏ ਹਨ ਅਤੇ ਹੁਣ ਫੇਰ ਆਉਣ ਵਾਲੇ ਹਨ।