23)ਜੀਵਨ ਨੂੰ ਕਮਲ-ਫੁੱਲ ਸਮਾਨ ਕਿਵੇਂ ਬਣਾਈਏ ?
ਪਿਆਰ ਅਤੇ ਦੋਸਤੀ ਦੀ ਕਮੀ ਦੇ ਕਾਰਣ ਅੱਜ ਮਨੁੱਖ ਨੂੰ ਘਰ ਵਿਚ ਘਰ-ਜਿਹਾ ਅਨੁਭਵ ਨਹੀਂ ਹੁੰਦਾ। ਇਕ ਮਾਮੂਲੀ ਕਾਰਨ ਨਾਲ ਘਰ ਦਾ ਪੂਰਾ ਵਾਤਾਵਰਣ ਵਿਗੜ ਜਾਂਦਾ ਹੈ। ਮਨੁੱਖ ਦੀ ਵਫ਼ਾਦਾਰੀ ਅਤੇ ਇਮਾਨਦਾਰੀ ਹੁਣ ਟਿਕਾਉ ਅਤੇ ਪੱਕੀ ਨਹੀਂ ਰਹੀ ਹੈ। ਨੈਤਿਕ ਮੁੱਲ ਆਪਣੀ ਪੱਧਰ ਤੋਂ ਕਾਫੀ ਗਿਰ ਚੁੱਕੇ ਹਨ। ਦਫਤਰ ਹੋਵੇ ਜਾਂ ਘਰ ਹੋਵੇ ਜਾਂ ਰਸੋਈ ਹੁਣ ਹਰ ਜਗ੍ਹਾ ਆਪਸੀ ਸਬੰਧਾਂ ਨੂੰ ਸੁਧਾਰਨ, ਖੁਦ ਨੂੰ ਉਸ ਵਿਚ ਢਾਲਣ ਅਤੇ ਮਿਲ-ਜੁਲ ਕੇ ਚਲਣ ਦੀ ਜ਼ਰੂਰਤ ਹੈ। ਆਪਣੀ ਸਥਿਤੀ ਨੂੰ ਨਿਰਦੋਸ਼ ਅਤੇ ਸੰਤੁਲਿਤ ਬਣਾਉਣ ਲਈ ਹਰ ਮਾਨਵ ਨੂੰ ਅੱਜ ਬਹੁਤ ਮਨੋਬਲ ਇਕੱਠਾ ਕਰਨ ਦੀ ਜ਼ਰੂਰਤ ਹੈ। ਇਸ ਲਈ ਯੋਗ ਬਹੁਤ ਸਹਾਇਕ ਹੋ ਸਕਦਾ ਹੈ।
ਇਕ ਬ੍ਰਹਮਾ ਕੁਮਾਰ ਦੂਜਿਆਂ ਨੂੰ ਵੀ ਸ਼ਿਵ ਦਾ ਮਾਰਗ ਦਰਸਾਉਣਾ ਇਕ ਸੇਵਾ ਅਥਵਾ ਆਪਣਾ ਕਰਤਵ ਸਮਝਦਾ ਹੈ। ਬ੍ਰਹਮਾ ਕੁਮਾਰ ਜਨ-ਜਨ ਨੂੰ ਇਹ ਗਿਆਨ ਦੇ ਰਿਹਾ ਹੈ ਕਿ ਸ਼ਾਂਤੀ, ਪਵਿੱਤਰ ਜੀਵਨ ਦਾ ਹੀ ਇਕ ਫਲ ਹੈ ਅਤੇ ਪਵਿੱਤਰਤਾ ਅਤੇ ਸ਼ਾਂਤੀ ਲਈ ਪਰਮਪਿਤਾ ਪਰਮਾਤਮਾ ਦਾ ਪਰਿਚੈ ਅਤੇ ਉਸ ਦੇ ਨਾਲ ਮਨ ਦਾ ਨਾਤਾ ਜੋੜਨਾ ਜਰੂਰੀ ਹੈ। ਇਸ ਲਈ ਉਹ ਉਨ੍ਹਾਂ ਨੂੰ ਰਾਜ ਯੋਗ ਕੇਂਦਰ ਅਥਵਾ ਈਸ਼ਵਰੀ ਮਨਨ-ਚਿੰਤਨ ਕੇਂਦਰ ਤੇ ਪਧਾਰਨ ਲਈ ਸੱਦਾ ਦਿੰਦਾ ਹੈ, ਜਿਥੇ ਉਨ੍ਹਾਂ ਨੂੰ ਇਹ ਜਰੂਰੀ ਗਿਆਨ ਦਿੱਤਾ ਜਾਂਦਾ ਹੈ ਕਿ ਰਾਜ ਯੋਗ ਦਾ ਅਭਿਆਸ ਕਿਵੇਂ ਕਰੀਏ ਅਤੇ ਜੀਵਨ ਨੂੰ ਕਮਲ-ਫੁੱਲ ਦੇ ਸਮਾਨ ਕਿਵੇਂ ਬਣਾਈਏ। ਇਸ ਗਿਆਨ ਅਤੇ ਯੋਗ ਨੂੰ ਸਮਝਣ ਦਾ ਨਤੀਜਾ ਇਹ ਹੁੰਦਾ ਹੈ ਕਿ ਕੋਈ ਦਫਤਰ ਵਿਚ ਕੰਮ ਕਰ ਰਿਹਾ ਹੋਵੇ ਜਾਂ ਰਸੋਈ ਦੇ ਕੰਮ ਵਿਚ ਰੁਝਿਆ ਹੋਵੇ, ਤਾਂ ਵੀ ਮਨੁੱਖ ਸ਼ਾਂਤੀ ਦੇ ਸਾਗਰ ਪਰਮਾਤਮਾ ਦੇ ਨਾਲ ਖੁਦ ਦਾ ਸਬੰਧ ਸਥਾਪਤ ਕਰ ਸਕਦਾ ਹੈ। ਇਸ ਸਾਰੇ ਦਾ ਸ੍ਰੇਸ਼ਟ ਨਤੀਜਾ ਇਹ ਹੁੰਦਾ ਹੈ ਕਿ ਸਾਰਾ ਪਰਿਵਾਰ ਪਿਆਰ ਅਤੇ ਸ਼ਾਂਤੀ ਦੇ ਸੂਤਰ ਵਿਚ ਪਰੋਇਆ ਜਾਂਦਾ ਹੈ, ਉਹ ਸਾਰੇ ਵਾਤਾਵਰਣ ਵਿਚ ਆਨੰਦ ਅਤੇ ਸ਼ਾਂਤੀ ਦਾ ਅਨੁਭਵ ਕਰਦੇ ਹਨ ਅਤੇ ਹੁਣ ਉਹ ਪਰਿਵਾਰ ਇਕ ਨਿਯਮ ਅਤੇ ਸੰਗਠਿਤ ਪਰਿਵਾਰ ਬਣ ਜਾਂਦਾ ਹੈ।
ਦਿਵਯ ਗਿਆਨ ਦੁਆਰਾ ਮਨੁੱਖ ਵਿਕਾਰ ਛੱਡ ਦੇਂਦਾ ਹੈ ਅਤੇ ਗੁਣ ਧਾਰਨ ਕਰ ਲੈਂਦਾ ਹੈ। ਇਸ ਦੇ ਲਈ ਜਿਸ ਮਨੋਬਲ ਦੀ ਜ਼ਰੂਰਤ ਹੈ ਉਹ ਮਨੁੱਖ ਨੂੰ ਯੋਗ ਰਾਹੀਂ ਮਿਲਦਾ ਹੈ। ਇਸ ਪ੍ਰਕਾਰ, ਮਨੁੱਖ ਆਪਣੇ ਜੀਵਨ ਨੂੰ ਕਮਲ-ਫੁੱਲ ਦੇ ਸਮਾਨ ਬਣਾਉਣ ਦੇ ਯੋਗ ਹੋ ਜਾਂਦਾ ਹੈ।
ਕਮਲ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਜਲ ਵਿਚ ਰਹਿੰਦੇ ਹੋਏ ਵੀ ਜਲ ਤੋਂ ਨਿਆਰਾ ਹੋ ਕੇ ਰਹਿੰਦਾ ਹੈ। ਹਾਲਾਂਕਿ ਕਮਲ ਦੇ ਦੂਜੇ ਸਬੰਧੀ, ਜਿਵੇਂ ਕਿ ਕਮਲ-ਕਕੜੀ, ਕਮਲ-ਡੋਡਾ ਆਦਿ ਹਨ, ਪਰੰਤੂ ਫੇਰ ਵੀ ਕਮਲ ਉਨ੍ਹਾਂ ਸਾਰਿਆਂ ਤੋਂ ਉਪਰ ਉਠ ਕੇ ਰਹਿੰਦਾ ਹੈ। ਇਸੇ ਤਰ੍ਹਾਂ ਸਾਨੂੰ ਵੀ ਆਪਣੇ ਸਬੰਧੀਆਂ ਅਤੇ ਮਿੱਤਰਾਂ ਦੇ ਵਿਚ ਰਹਿੰਦੇ ਹੋਏ ਵੀ ਉਨ੍ਹਾਂ ਸਾਰਿਆਂ ਤੋਂ ਨਿਆਰਾ, ਅਰਥਾਤ ਮੋਹ ਜਿੱਤ ਹੋ ਕੇ ਰਹਿਣਾ ਚਾਹੀਦਾ ਹੈ।
ਤੁਸੀਂ ਜਾਣਦੇ ਹੋ ਕਿ ਜੇਕਰ ਕਿਸ਼ਤੀ ਪਾਣੀ ਵਿਚ, ਅਰਥਾਤ ਪਾਣੀ ਤੋਂ ਉਪਰ ਰਹੇ ਤਾਂ ਉਹ ਵੀ ਤੈਰਦੀ ਰਹਿੰਦੀ ਹੈ ਅਤੇ ਸਵਾਰੀਆਂ ਨੂੰ ਵੀ ਪਾਰ ਲਗਾ ਦਿੰਦੀ ਹੈ ਅਤੇ ਜੇਕਰ ਪਾਣੀ ਕਿਸ਼ਤੀ ਵਿਚ ਆ ਜਾਵੇ ਤਾਂ ਉਹ ਖੁਦ ਵੀ ਡੁੱਬ ਜਾਂਦੀ ਹੈ। ਠੀਕ ਇਸੇ ਤਰ੍ਹਾਂ, ਜੇਕਰ ਮਨੁੱਖ ਦੇ ਮਨ ਵਿਚ ਸੰਸਾਰ ਸਾਗਰ ਮੋਹ ਆ ਜਾਵੇ ਤਾਂ ਉਹ ਡੁੱਬ ਜਾਂਦਾ ਹੈ ਅਤੇ ਜੇਕਰ ਉਹ ਸੰਸਾਰ ਵਿਚ ਰਹੇ ਪਰੰਤੂ ਉਸਦੇ ਮਨ ਵਿਚ ਸੰਸਾਰ (ਮੋਹ ਦੇ ਰੂਪ ਵਿਚ) ਨਾ ਹੋਵੇ ਤਾਂ ਉਹ ਇਸ ਵਿਸ਼ੇ-ਸਾਗਰ ਤੋਂ ਪਾਰ ਹੋ ਜਾਂਦਾ ਹੈ।
ਕੁਝ ਲੋਕ ਕਹਿੰਦੇ ਹਨ ਕਿ ਗ੍ਰਹਿਸਥ ਵਿਚ ਇਵੇਂ ਹੋਣਾ ਅਸੰਭਵ ਹੈ। ਪਰੰਤੂ ਅਸੀਂ ਦੇਖਦੇ ਹਾਂ ਕਿ ਹਸਪਤਾਲ ਵਿਚ ਨਰਸ ਅਨੇਕ ਬੱਚਿਆਂ ਨੂੰ ਸੰਭਾਲਦੇ ਹੋਏ ਵੀ ਉਨ੍ਹਾਂ ਵਿਚ ਮੋਹ-ਰਹਿਤ ਹੁੰਦੀ ਹੈ। ਇਸ ਤਰ੍ਹਾਂ ਹੀ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਸਾਰਿਆਂ ਨੂੰ ਪਰਮਪਿਤਾ ਪਰਮਾਤਮਾ ਦੇ ਬੱਚੇ ਮੰਨ ਕੇ ਨਿਆਰੀ ਹੋ ਕੇ ਉਨ੍ਹਾਂ ਨਾਲ ਵਿਹਾਰ ਕਰੀਏ। ਇਕ ਜੱਜ ਵੀ ਖੁਸ਼ੀ ਜਾਂ ਗ਼ਮੀ ਦੇ ਫੈਸਲੇ ਸੁਣਾਉਂਦਾ ਹੈ ਪਰੰਤੂ ਉਹ ਖੁਦ ਉਨ੍ਹਾਂ ਦੇ ਅਸਰ ਥੱਲੇ ਨਹੀਂ ਹੁੰਦਾ। ਇਵੇਂ ਹੀ ਅਸੀਂ ਵੀ ਦੁਖ-ਸੁਖ ਦੀ ਅਵਸਥਾ ਵਿਚ ਸਾਖੀ ਹੋ ਕੇ ਰਹੀਏ, ਇਸ ਦੇ ਲਈ ਸਾਨੂੰ ਸਹਿਜ ਰਾਜ ਯੋਗ ਸਿੱਖਣ ਦੀ ਜ਼ਰੂਰਤ ਹੈ।