25)ਰਾਜਯੋਗ ਦੇ ਥੰਮ੍ਹ ਅਥਵਾ ਨਿਯਮ
ਵਾਸਤਵ ਵਿਚ “ਯੋਗ” ਦਾ ਅਰਥ ਗਿਆਨ ਦੇ ਸਾਗਰ, ਸ਼ਾਂਤੀ ਦੇ ਸਾਗਰ, ਆਨੰਦ ਦੇ ਸਾਗਰ, ਸ਼ਰਵਸ਼ਕਤੀਮਾਨ, ਪਤਿਤ-ਪਾਵਨ ਪਰਮਾਤਮਾ ਸ਼ਿਵ ਦੇ ਨਾਲ ਆਤਮਾ ਦਾ ਸਬੰਧ ਜੋੜਨਾ ਹੈ ਤਾਂਕਿ ਆਤਮਾ ਨੂੰ ਵੀ ਸ਼ਾਂਤੀ, ਆਨੰਦ, ਪ੍ਰੇਮ, ਪਵਿੱਤਰਤਾ, ਸ਼ਕਤੀ ਅਤੇ ਦਿਵਯ-ਗੁਣਾਂ ਦੀ ਵਿਰਾਸਤ ਪ੍ਰਾਪਤ ਹੋਵੇ।
ਯੋਗ ਦੇ ਅਭਿਆਸ ਲਈ ਸਾਨੂੰ ਆਚਰਣ ਸਬੰਧੀ ਕੁਝ ਨਿਯਮਾਂ ਦਾ ਅਥਵਾ ਦਿਵਯ ਅਨੁਸ਼ਾਸਨ ਦਾ ਪਾਲਨ ਕਰਨਾ ਹੁੰਦਾ ਹੈ ਕਿਉਂਕਿ ਯੋਗ ਦਾ ਮਨੋਰਥ ਮਨ ਨੂੰ ਸ਼ੁੱਧ ਕਰਨਾ, ਦ੍ਰਿਸ਼ਟੀਕੋਣ ਵਿਚ ਪਰਿਵਰਤਨ ਲਿਆਉਣਾ ਅਤੇ ਮਨੁੱਖ ਦੇ ਚਿਤ ਨੂੰ ਸਦਾ ਖੁਸ਼ ਰੱਖਣਾ ਹੈ। ਦੂਸਰੇ ਸ਼ਬਦਾਂ ਵਿਚ ਯੋਗ ਦੀ ਉੱਚੀ ਸਥਿਤੀ ਕਿਸੇ ਥੰਮ੍ਹਾਂ ਤੇ ਟਿਕੀ ਹੁੰਦੀ ਹੈ।
ਇਨ੍ਹਾਂ ਵਿਚੋਂ ਇਕ ਹੈ – ਬ੍ਰਹਮ ਚਰਿਆ ਜਾਂ ਪਵਿੱਤਰਤਾ। ਯੋਗੀ ਸਰੀਰਕ ਸੁੰਦਰਤਾ ਜਾਂ ਵਾਸਨਾ-ਭੋਗ ਵਲ ਆਕਰਸ਼ਤ ਨਹੀਂ ਹੁੰਦਾ ਕਿਉਂਕਿ ਉਸਦਾ ਦ੍ਰਿਸ਼ਟੀਕੋਣ ਬਦਲ ਚੁਕਾ ਹੁੰਦਾ ਹੈ। ਉਹ ਆਤਮਾ ਦੀ ਸੁੰਦਰਤਾ ਨੂੰ ਹੀ ਪੂਰਣ ਮਹੱਤਵ ਦਿੰਦਾ ਹੈ। ਉਸਦਾ ਜੀਵਨ “ਬ੍ਰਹਮ ਚਰਿਆ” ਸ਼ਬਦ ਦੇ ਵਾਸਤਵਿਕ ਅਰਥ ਵਿਚ ਢਲਿਆ ਹੁੰਦਾ ਹੈ। ਅਰਥਾਤ ਉਸਦਾ ਮਨ ਬ੍ਰਹਮ ਵਿਚ ਸਥਿਤ ਹੁੰਦਾ ਹੈ ਅਤੇ ਉਹ ਦੇਹ ਦੀ ਬਜਾਏ ਵਿਦੇਹੀ (ਆਤਮ-ਅਭਿਮਾਨੀ) ਅਵਸਥਾ ਵਿਚ ਰਹਿੰਦਾ ਹੈ। ਉਸ ਲਈ ਉਹ ਸਾਰਿਆਂ ਨੂੰ ਭਾਈ-ਭਾਈ ਦੇ ਰੂਪ ਵਿਚ ਵੇਖਦਾ ਹੈ ਅਤੇ ਆਤਮਕ ਪ੍ਰੇਮ ਤੇ ਸਬੰਧ ਦਾ ਹੀ ਆਨੰਦ ਲੈਂਦਾ ਹੈ। ਇਕ ਆਤਮਕ ਸਿਮਰਤੀ ਅਤੇ ਬ੍ਰਹਮ ਚਰਿਆ ਉਸ ਨੂੰ ਬਹੁਤ ਹੀ ਮਹਾਨ ਸਰੀਰਕ ਸ਼ਕਤੀ, ਕਾਰਜ-ਯੋਗਤਾ, ਨੈਤਿਕ ਬਲ ਅਤੇ ਆਤਮਕ ਸ਼ਕਤੀ ਦਿੰਦੇ ਹਨ ਅਤੇ ਉਸ ਨੂੰ ਨਿਰਣਾ-ਸ਼ਕਤੀ, ਮਾਨਸਿਕ ਸੰਤੁਲਨ ਅਤੇ ਕੁਸ਼ਲਤਾ ਦਿੰਦੇ ਹਨ।
ਦੂਸਰਾ ਮਹੱਤਵਪੂਰਣ ਥੰਮ੍ਹ ਹੈ ਸਾਤਵਿਕ ਆਹਾਰ। ਮਨੁੱਖ ਜਿਹੜਾ ਆਹਾਰ ਕਰਦਾ ਹੈ ਉਸ ਦਾ ਉਸਦੇ ਦਿਮਾਗ ਤੇ ਗੰਭੀਰ ਅਸਰ ਪੈਂਦਾ ਹੈ। ਇਸ ਲਈ ਯੋਗੀ ਮਾਸ, ਅੰਡੇ, ਨਸ਼ੀਲੀ ਚੀਜ਼ਾਂ ਜਾਂ ਤੰਬਾਕੂ ਆਦਿ ਨਹੀਂ ਲੈਂਦਾ। ਆਪਣੇ ਪੇਟ ਪਾਲਨ ਲਈ ਉਹ ਦੂਜੇ ਜੀਵਾਂ ਦੀ ਹੱਤਿਆ ਨਹੀਂ ਕਰਦਾ, ਨਾਂ ਹੀ ਉਹ ਗਲਤ ਸਾਧਨਾਂ ਨਾਲ ਧਨ ਕਮਾਉਂਦਾ ਹੈ। ਉਹ ਪਹਿਲੇ ਭਗਵਾਨ ਨੂੰ ਭੋਗ ਲਗਾਉਂਦਾ ਹੈ ਅਤੇ ਤਦ ਪ੍ਰਸਾਦ ਦਾ ਰੂਪ ਵਿਚ ਗ੍ਰਹਿਣ ਕਰਦਾ ਹੈ। ਭਗਵਾਨ ਦੁਆਰਾ ਸਵੀਕਾਰ ਕੀਤਾ ਹੋਇਆ ਭੋਜਨ ਉਸ ਦੇ ਮਨ ਨੂੰ ਸ਼ਾਂਤੀ ਤੇ ਪਵਿੱਤਰਤਾ ਦਿੰਦਾ ਹੈ, ਤਦੇ ਹੀ ਜੈਸਾ ਅੰਨ ਵੈਸਾ ਮਨ ਦੀ ਕਹਾਵਤ ਅਨੁਸਾਰ ਉਸ ਦਾ ਮਨ ਸ਼ੁੱਧ ਹੁੰਦਾ ਹੈ ਅਤੇ ਉਸਦੀ ਕਾਮਨਾ ਕਲਿਆਣ ਕਾਰੀ ਅਤੇ ਭਾਵਨਾ ਸ਼ੁਭ ਬਣੀ ਰਹਿੰਦੀ ਹੈ।
ਹੋਰ ਮਹੱਤਵਪੂਰਣ ਥੰਮ੍ਹ ਹੈ ਸਤਸੰਗ। ਜੈਸਾ ਸੰਗ ਵੈਸਾ ਰੰਗ ਇਸ ਕਹਾਵਤ ਦੇ ਅਨੁਸਾਰ ਯੋਗੀ ਸਦਾ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਉਸ ਦਾ ਸਦਾ ਸੱਤ-ਚਿਤ ਆਨੰਦ ਸਰੂਪ ਪਰਮਾਤਮਾ ਦੇ ਨਾਲ ਹੀ ਸੰਗ ਬਣਿਆ ਰਹੇ। ਉਹ ਕਦੇ ਵੀ ਕੁਸੰਗ ਵਿਚ ਅਥਵਾ ਅਸ਼ਲੀਲ ਸਾਹਿਤ ਅਥਵਾ ਬੁਰੇ ਵਿਚਾਰਾਂ ਵਿਚ ਆਪਣਾ ਸਮਾਂ ਵਿਅਰਥ ਨਹੀਂ ਗੁਆਉਂਦਾ। ਉਹ ਇਕ ਹੀ ਪ੍ਰਭੂ ਦੀ ਯਾਦ ਜਾਂ ਲਗਨ ਵਿਚ ਮਗਨ ਰਹਿੰਦਾ ਹੈ। ਅਤੇ ਅਗਿਆਨੀ, ਝੂਠੇ ਅਭਿਮਾਨੀ ਅਥਵਾ ਵਿਕਾਰੀ, ਦੇਹ-ਧਾਰੀ ਮਨੁੱਖਾਂ ਨੂੰ ਯਾਦ ਨਹੀਂ ਕਰਦਾ ਅਤੇ ਨਾ ਹੀ ਉਨ੍ਹਾਂ ਨਾਲ ਸਬੰਧ ਜੋੜਦਾ ਹੈ।
ਚੌਥਾ ਥੰਮ੍ਹ ਹੈ ਦਿਵਯ-ਗੁਣ। ਯੋਗੀ ਹਮੇਸ਼ਾ ਦੂਜੀਆਂ ਆਤਮਾਵਾਂ ਨੂੰ ਵੀ ਦੈਵੀ-ਗੁਣਾਂ, ਦੈਵੀ-ਵਿਚਾਰ ਅਤੇ ਦੈਵੀ ਕਰਮਾਂ ਦੀ ਸੁਗੰਧ ਨਾਲ ਅਗਰਬੱਤੀ ਦੀ ਤਰ੍ਹਾਂ ਸੁਗੰਧਿਤ ਕਰਦਾ ਰਹਿੰਦਾ ਹੈ, ਨਾ ਕਿ ਆਸੁਰੀ ਸੁਭਾਅ, ਵਿਚਾਰ ਜਾਂ ਕਰਮਾਂ ਦੇ ਵਸ ਹੁੰਦਾ ਹੈ। ਨਿਮਰਤਾ, ਸੰਤੋਖ, ਪ੍ਰਸੰਨਤਾ, ਗੰਭੀਰਤਾ, ਅੰਤਰਮੁਖਤਾ, ਸਹਿਣਸ਼ੀਲਤਾ ਅਤੇ ਦੂਜੇ ਦੈਵੀ-ਗੁਣ ਯੋਗੀ ਦਾ ਮੁੱਖ ਆਧਾਰ ਹਨ। ਯੋਗੀ ਖੁਦ ਤਾਂ ਇਨ੍ਹਾਂ ਗੁਣਾਂ ਨੂੰ ਧਾਰਨ ਕਰਦਾ ਹੀ ਹੈ, ਨਾਲ ਹੀ ਦੂਜੀਆਂ ਦੁਖੀ, ਭੁੱਲੀਆਂ ਭਟਕੀਆਂ ਅਤੇ ਅਸ਼ਾਂਤ ਆਤਮਾਵਾਂ ਨੂੰ ਵੀ ਆਪਣੇ ਗੁਣਾਂ ਦਾ ਦਾਨ ਕਰਦਾ ਹੈ ਅਤੇ ਉਨ੍ਹਾਂ ਦੇ ਜੀਵਨ ਵਿਚ ਸੱਚੀ ਸੁਖ-ਸ਼ਾਂਤੀ ਬਖਸ਼ਦਾ ਹੈ। ਇਨ੍ਹਾਂ ਨਿਯਮਾਂ ਦੇ ਪਾਲਨ ਕਰਨ ਨਾਲ ਹੀ ਮਨੁੱਖ ਸੱਚਾ ਯੋਗੀ ਜੀਵਨ ਬਣਾ ਸਕਦਾ ਹੈ ਅਤੇ ਰੋਗ, ਸ਼ੋਕ, ਦੁੱਖ ਤੇ ਅਸ਼ਾਂਤੀ ਰੂਪੀ ਭੂਤਾਂ ਦੇ ਬੰਧਨ ਤੋਂ ਛੁਟਕਾਰਾ ਪਾ ਸਕਦਾ ਹੈ।