26)ਰਾਜਯੋਗ ਤੋਂ ਪ੍ਰਾਪਤੀ – ਅੱਠ ਸ਼ਕਤੀਆਂ
ਰਾਜਯੋਗ ਦੇ ਅਭਿਆਸ ਨਾਲ, ਅਰਥਾਤ ਮਨ ਦਾ ਨਾਤਾ ਪਰਮਪਿਤਾ ਪਰਮਾਤਮਾ ਨਾਲ ਜੋੜਨ ਨਾਲ ਅਵਿਨਾਸ਼ੀ ਸੁਖ-ਸ਼ਾਂਤੀ ਦੀ ਪ੍ਰਾਪਤੀ ਤਾਂ ਹੁੰਦੀ ਹੀ ਹੈ, ਨਾਲ ਹੀ ਕਈ ਪ੍ਰਕਾਰ ਦੀਆਂ ਅਧਿਆਤਮਿਕ ਸ਼ਕਤੀਆਂ ਵੀ ਆ ਜਾਂਦੀਆਂ ਹਨ। ਇਨ੍ਹਾਂ ਵਿਚੋਂ ਅੱਠ ਮੁੱਖ ਅਤੇ ਬਹੁਤ ਹੀ ਮਹੱਤਵਪੂਰਣ ਹਨ।
ਇਨ੍ਹਾਂ ਵਿਚੋਂ ਇਕ ਹੈ “ਸਿਕੋੜਨ ਅਤੇ ਫੈਲਾਉਣ ਦੀ ਸ਼ਕਤੀ” ਜਿਵੇਂ ਕੱਛੂ ਆਪਣੇ ਅੰਗਾਂ ਨੂੰ ਜਦੋਂ ਚਾਹੇ ਸਿਕੋੜ ਲੈਂਦਾ ਹੈ, ਜਦੋਂ ਚਾਹੇ ਉਨ੍ਹਾਂ ਨੂੰ ਫੈਲਾ ਲੈਂਦਾ ਹੈ, ਤਿਵੇਂ ਹੀ ਰਾਜ ਯੋਗੀ ਜਦੋਂ ਚਾਹੇ ਆਪਣੀ ਇੱਛਾ ਅਨੁਸਾਰ ਆਪਣੀਆਂ ਕਰਮਇੰਦ੍ਰੀਆਂ ਦੁਆਰਾ ਕਰਮ ਕਰਦਾ ਹੈ ਅਤੇ ਜਦੋਂ ਚਾਹੇ ਵਿਦੇਹੀ ਅਤੇ ਸ਼ਾਂਤ ਅਵਸਥਾ ਵਿਚ ਰਹਿ ਸਕਦਾ ਹੈ। ਇਸ ਪ੍ਰਕਾਰ ਦੀ ਵਿਦੇਹੀ ਅਵਸਥਾ ਵਿਚ ਰਹਿਣ ਨਾਲ ਉਸ ਤੇ ਮਾਇਆ ਦਾ ਵਾਰ ਨਹੀਂ ਹੁੰਦਾ।
ਦੂਸਰੀ ਸ਼ਕਤੀ ਹੈ – “ਸਮੇਟਣ ਦੀ ਸ਼ਕਤੀ”। ਇਸ ਸੰਸਾਰ ਨੂੰ ਮੁਸਾਫਰਖ਼ਾਨਾ ਤਾਂ ਸਾਰੇ ਕਹਿੰਦੇ ਹਨ ਲੇਕਿਨ ਵਿਵਹਾਰਕ ਜੀਵਨ ਵਿਚ ਉਹ ਇਤਨਾ ਵਿਸਤਾਰ ਕਰ ਲੈਂਦੇ ਹਨ ਕਿ ਆਪਣੇ ਕਾਰਜ ਅਤੇ ਬੁੱਧੀ ਨੂੰ ਸਮੇਟਣਾ ਚਾਹੁੰਦੇ ਹੋਏ ਵੀ ਸਮੇਟ ਨਹੀਂ ਸਕਦੇ, ਜਦਕਿ ਯੋਗੀ ਆਪਣੀ ਬੁੱਧੀ ਨੂੰ ਇਸ ਵਿਸ਼ਾਲ ਦੁਨੀਆ ਵਿਚ ਨਾ ਫੈਲਾ ਕੇ ਇਕ ਪਰਮਪਿਤਾ ਪਰਮਾਤਮਾ ਦੀ ਅਤੇ ਆਤਮਕ ਸਬੰਧ ਦੀ ਯਾਦ ਵਿਚ ਹੀ ਆਪਣੀ ਬੁੱਧੀ ਲਾਏ ਰੱਖਦਾ ਹੈ। ਉਹ ਕਲਜੁਗੀ ਸੰਸਾਰ ਵਿਚ ਆਪਣੀ ਬੁੱਧੀ ਅਤੇ ਸੰਕਲਪਾਂ ਦਾ ਬਿਸਤਰ ਤੇ ਪੇਟੀ ਸਮੇਟ ਕੇ ਸਦਾ ਆਪਣੇ ਘਰ-ਪਰਮ ਧਾਮ ਵਿਚ ਚਲਣ ਲਈ ਤਿਆਰ ਰਹਿੰਦਾ ਹੈ।
ਤੀਜੀ ਸ਼ਕਤੀ ਹੈ – “ਸਹਿਣ ਸ਼ਕਤੀ”। ਜਿਵੇਂ ਬ੍ਰਿਛ ਪੱਥਰ ਮਾਰਨ ਤੇ ਵੀ ਮਿੱਠੇ ਫਲ ਦਿੰਦਾ ਹੈ ਅਤੇ ਅਪਕਾਰ ਕਰਨ ਵਾਲੇ ਨਾਲ ਵੀ ਉਪਕਾਰ ਕਰਦਾ ਹੈ, ਤਿਵੇਂ ਹੀ ਇਕ ਯੋਗੀ ਵੀ ਅਪਕਾਰ ਕਰਨ ਵਾਲਿਆਂ ਪ੍ਰਤੀ ਸਦਾ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਰੱਖਦਾ ਹੈ।
ਯੋਗੀ ਤੋਂ ਜੋ ਚੌਥੀ ਸ਼ਕਤੀ ਪ੍ਰਾਪਤ ਹੁੰਦੀ ਹੈ ਉਹ ਹੈ – “ਸਮਾਉਣ ਦੀ ਸ਼ਕਤੀ”। ਯੋਗ ਦਾ ਅਭਿਆਸ ਮਨੁੱਖ ਦੀ ਬੁੱਧੀ ਨੂੰ ਵਿਸ਼ਾਲ ਬਣਾ ਦਿੰਦਾ ਹੈ ਅਤੇ ਮਨੁੱਖ ਗੰਭੀਰਤਾ ਅਤੇ ਮਰਿਆਦਾ ਦਾ ਗੁਣ ਧਾਰਨ ਕਰਦਾ ਹੈ। ਥੋੜ੍ਹੀ ਜਿਹੀ ਖੁਸ਼ੀ ਜਾਂ ਮਾਨ-ਪਦ ਪਾ ਕੇ ਉਹ ਅਭਿਮਾਨੀ ਨਹੀਂ ਬਣ ਜਾਂਦਾ ਅਤੇ ਨਾ ਹੀ ਕਿਸੇ ਪ੍ਰਕਾਰ ਦੀ ਕਮੀ ਆਉਣ ਤੇ ਜਾਂ ਨੁਕਸਾਨ ਹੋਣ ਤੇ ਉਹ ਦੁਖੀ ਹੁੰਦਾ ਹੈ। ਉਹ ਤਾਂ ਸਮੁੰਦਰ ਦੀ ਤਰ੍ਹਾਂ ਸਦਾ ਆਪਣੇ ਦੈਵੀ ਕੁਲ ਦੀ ਮਰਿਆਦਾ ਵਿਚ ਬੰਨ੍ਹਿਆ ਰਹਿੰਦਾ ਹੈ ਅਤੇ ਗੰਭੀਰ ਅਵਸਥਾ ਵਿਚ ਰਹਿ ਕੇ ਦੂਜੀਆਂ ਆਤਮਾਵਾਂ ਦੇ ਅਵਗੁਣਾਂ ਨੂੰ ਨਾ ਦੇਖਦੇ ਹੋਏ ਸਿਰਫ ਉਨ੍ਹਾਂ ਤੋਂ ਗੁਣ ਹੀ ਧਾਰਨ ਕਰਦਾ ਹੈ।
ਯੋਗ ਤੋਂ ਹੋਰ ਸ਼ਕਤੀ ਜੋ ਮਿਲਦੀ ਹੈ, ਉਹ ਹੈ “ਪਰਖਣ ਦੀ ਸ਼ਕਤੀ”। ਜਿਵੇਂ ਇਕ ਪਾਰਖੀ (ਜੌਹਰੀ) ਗਹਿਣਿਆਂ ਨੂੰ ਕਸੌਟੀ ਤੇ ਪਰਖ ਕੇ ਉਸ ਦੀ ਅਸਲ ਅਤੇ ਨਕਲ ਨੂੰ ਜਾਣ ਜਾਂਦਾ ਹੈ, ਤਿਵੇਂ ਹੀ ਯੋਗੀ ਵੀ, ਕਿਸੇ ਵੀ ਮਨੁੱਖ ਆਤਮਾ ਦੇ ਸੰਪਰਕ ਵਿਚ ਆਉਣ ਨਾਲ ਉਸ ਨੂੰ ਪਰਖ ਲੈਂਦਾ ਹੈ ਅਤੇ ਉਸ ਕੋਲੋਂ ਸੱਚਾਈ ਜਾਂ ਝੂਠ ਕਦੇ ਵੀ ਛਿਪਿਆ ਨਹੀਂ ਰਹਿ ਸਕਦਾ। ਉਹ ਤਾਂ ਹਮੇਸ਼ਾ ਸੱਚੇ ਗਿਆਨ ਰਤਨਾਂ ਨੂੰ ਹੀ ਅਪਨਾਉਂਦਾ ਹੈ ਅਤੇ ਅਗਿਆਨਤਾ ਦੇ ਝੂਠੇ ਰੋੜ-ਪੱਥਰਾਂ ਵਿਚ ਆਪਣੀ ਬੁੱਧੀ ਨਹੀਂ ਫਸਾਉਂਦਾ।
ਇਕ ਯੋਗੀ ਨੂੰ ਮਹਾਨ “ਨਿਰਣਾ ਸ਼ਕਤੀ” ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀ ਹੈ। ਉਹ ਗਲਤ ਅਤੇ ਠੀਕ ਗੱਲ ਦਾ ਜਲਦੀ ਹੀ ਨਿਰਣਾ ਕਰ ਲੈਂਦਾ ਹੈ। ਉਹ ਵਿਅਰਥ ਸੰਕਲਪ ਅਤੇ ਪਰ ਚਿੰਤਨ ਤੋਂ ਮੁਕਤ ਹੋ ਕੇ ਸਦਾ ਪ੍ਰਭੂ-ਚਿੰਤਨ ਵਿਚ ਰਹਿੰਦਾ ਹੈ। ਯੋਗ ਦੇ ਅਭਿਆਸ ਨਾਲ ਮਨੁੱਖ ਨੂੰ ਸਾਹਮਣਾ ਕਰਨ ਦੀ ਸ਼ਕਤੀ ਵੀ ਆ ਪ੍ਰਾਪਤ ਹੁੰਦੀ ਹੈ। ਜੇਕਰ ਉਸ ਦੇ ਸਾਹਮਣੇ ਆਪਣੇ ਨੇੜੇ ਦੇ ਸਬੰਧੀ ਦੀ ਮਿਰਤੂ ਜਿਹੀ ਆਪਦਾ ਆ ਵੀ ਜਾਵੇ ਅਥਵਾ ਸੰਸਾਰਕ ਸਮੱਸਿਆਵਾਂ ਤੁਫਾਨ ਦਾ ਰੂਪ ਧਾਰਨ ਵੀ ਕਰ ਲੈਣ ਤਾਂ ਵੀ ਉਹ ਕਦੀ ਘਬਰਾਉਂਦਾ ਨਹੀਂ ਅਤੇ ਉਸਦਾ ਆਤਮਾ ਰੂਪੀ ਦੀਪਕ ਹਮੇਸ਼ਾ ਹੀ ਜਲਦਾ ਰਹਿੰਦਾ ਹੈ ਅਤੇ ਦੂਜੀਆਂ ਆਤਮਾਵਾਂ ਨੂੰ ਗਿਆਨ ਪ੍ਰਕਾਸ਼ ਦਿੰਦਾ ਰਹਿੰਦਾ ਹੈ।
ਹੋਰ ਸ਼ਕਤੀ, ਜਿਹੜੀ ਯੋਗ ਦੇ ਅਭਿਆਸ ਨਾਲ ਪ੍ਰਾਪਤ ਹੁੰਦੀ ਹੈ, ਉਹ ਹੈ “ਸਹਿਯੋਗ ਦੀ ਸ਼ਕਤੀ”। ਇਕ ਯੋਗੀ ਆਪਣੇ ਤਨ, ਮਨ, ਧਨ ਨਾਲ ਤਾਂ ਈਸ਼ਵਰੀ ਸੇਵਾ ਕਰਦਾ ਹੀ ਹੈ, ਨਾਲ ਹੀ ਉਸਨੂੰ ਹੋਰ ਆਤਮਾਵਾਂ ਦਾ ਵੀ ਸਹਿਯੋਗ ਆਪਣੇ ਆਪ ਪ੍ਰਾਪਤ ਹੋ ਜਾਂਦਾ ਹੈ, ਜਿਸ ਕਾਰਣ ਉਹ ਕਲਜੁਗੀ ਪਹਾੜ (ਵਿਕਾਰੀ ਸੰਸਾਰ) ਨੂੰ ਉਠਾਉਣ ਵਿਚ ਆਪਣੀ ਪਵਿੱਤਰ ਜੀਵਨ ਰੂਪੀ ਉਂਗਲੀ ਦੇ ਕੇ ਸਵਰਗ ਦੀ ਸਥਾਪਨਾ ਦੇ ਕਾਰਜ ਵਿਚ ਸਹਿਯੋਗੀ ਬਣ ਜਾਂਦਾ ਹੈ।