4)ਇਕ ਹੈਰਾਨੀ ਵਾਲੀ ਗੱਲ
ਅਕਸਰ ਸਾਰੇ ਮਨੁੱਖ ਪਰਮਾਤਮਾ ਨੂੰ “ਹੇ ਪਿਤਾ”, “ਹੇ ਦੁਖ-ਹਰਤਾ”, “ਸੁਖ ਕਰਤਾ ਪ੍ਰਭੂ” ਆਦਿ ਸਬੰਧ ਸੂਚਕ ਸ਼ਬਦਾਂ ਨਾਲ ਯਾਦ ਕਰਦੇ ਹਨ। ਪਰੰਤੂ ਇਹ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਨੂੰ ਉਹ ਪਿਤਾ ਕਹਿ ਕੇ ਪੁਕਾਰਦੇ ਹਾਂ, ਉਸਦਾ ਸੱਚਾ ਅਤੇ ਸਪਸ਼ਟ ਪਰਿਚੈ ਉਨ੍ਹਾਂ ਨੂੰ ਨਹੀਂ ਹੈ ਅਤੇ ਉਨ੍ਹਾਂ ਦੇ ਨਾਲ ਠੀਕ ਤਰ੍ਹਾਂ ਪਿਆਰ ਅਤੇ ਸਬੰਧ ਵੀ ਨਹੀਂ ਹੈ। ਪਰਿਚੈ ਅਤੇ ਪਿਆਰ ਨਾ ਹੋਣ ਦੇ ਕਾਰਣ ਪਰਮਾਤਮਾ ਨੂੰ ਯਾਦ ਕਰਦੇ ਸਮੇਂ ਵੀ ਉਨ੍ਹਾਂ ਦਾ ਮਨ ਇਕ ਟਿਕਾਣੇ ਤੇ ਨਹੀਂ ਟਿਕਦਾ। ਇਸ ਲਈ ਉਨ੍ਹਾਂ ਨੂੰ ਪਰਮ ਪਿਤਾ ਪਰਮਾਤਮਾ ਕੋਲੋਂ ਸ਼ਾਂਤੀ ਅਤੇ ਸੁਖ ਦਾ ਜੋ ਜਨਮ-ਸਿੱਧ ਅਧਿਕਾਰ ਪ੍ਰਾਪਤ ਹੋਣਾ ਚਾਹੀਦਾ ਹੈ, ਉਹ ਪ੍ਰਾਪਤ ਨਹੀਂ ਹੁੰਦਾ। ਉਹ ਨਾ ਤਾਂ ਪਰਮ ਪਿਤਾ ਪਰਮਾਤਮਾ ਦੇ ਅਲੌਕਿਕ ਮਿਲਣ ਦਾ ਸੱਚਾ ਸੁਖ ਅਨੁਭਵ ਕਰ ਸਕਦੇ ਹਨ, ਨਾ ਉਸ ਕੋਲੋਂ ਲਾਈਟ (ਪ੍ਰਕਾਸ਼) ਅਤੇ ਮਾਈਟ (ਸ਼ਕਤੀ) ਹੀ ਪ੍ਰਾਪਤ ਕਰ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਸੰਸਕਾਰਾਂ ਅਤੇ ਜੀਵਨ ਵਿਚ ਕੋਈ ਖਾਸ ਪਰਿਵਰਤਨ ਆਉਂਦਾ ਹੈ। ਇਸ ਲਈ ਅਸੀਂ ਇਥੇ ਉਸ ਪਰਮ ਪਿਆਰੇ ਪਰਮਾਤਮਾ ਦਾ ਸੰਖੇਪ ਪਰਿਚੈ ਦੇ ਰਹੇ ਹਾਂ ਜੋ ਕਿ ਖੁਦ ਉਨ੍ਹਾਂ ਨੇ ਹੀ ਲੋਕ-ਕਲਿਆਣ ਅਰਥ ਸਾਨੂੰ ਸਮਝਾਇਆ ਹੈ ਅਤੇ ਅਨੁਭਵ ਕਰਾਇਆ ਹੈ ਅਤੇ ਹੁਣ ਕਰਾ ਵੀ ਰਹੇ ਹਨ।
ਪਰਮ ਪਿਤਾ ਪਰਮਾਤਮਾ ਦਾ ਦਿਵਯ ਨਾਂ ਅਤੇ ਉਨ੍ਹਾਂ ਦੀ ਮਹਿਮਾ
ਪਰਮ ਪਿਤਾ ਪਰਮਾਤਮਾ ਦਾ ਨਾਂ “ਸ਼ਿਵ” ਹੈ। “ਸ਼ਿਵ” ਦਾ ਅਰਥ ਕਲਿਆਣ ਕਾਰੀ ਹੈ। ਪਰਮ ਪਿਤਾ ਸ਼ਿਵ ਹੀ ਗਿਆਨ ਦੇ ਸਾਗਰ, ਸ਼ਾਂਤੀ ਦੇ ਸਾਗਰ, ਆਨੰਦ ਦੇ ਸਾਗਰ ਅਤੇ ਪ੍ਰੇਮ ਦੇ ਸਾਗਰ ਹਨ। ਉਹ ਹੀ ਪਤਿਤਾਂ ਨੂੰ ਪਾਵਨ ਕਰਨ ਵਾਲੇ, ਮਨੁੱਖ-ਮਾਤਰ ਨੂੰ ਸ਼ਾਂਤੀ ਧਾਮ ਅਤੇ ਸੁਖ ਧਾਮ ਦੀ ਰਾਹ ਦਿਖਾਉਣ ਵਾਲੇ, ਵਿਕਾਰਾਂ ਅਤੇ ਕਾਲ ਦੇ ਪੰਜੇ ਵਿਚੋਂ ਛੁੜਾਉਣ ਵਾਲੇ, ਅਤੇ ਸਭ ਪ੍ਰਾਣੀਆਂ ਉਤੇ ਰਹਿਮ ਕਰਨ ਵਾਲੇ ਹਨ। ਮਨੁੱਖ-ਮਾਤਰ ਨੂੰ ਮੁਕਤੀ ਅਤੇ ਜੀਵਨ ਮੁਕਤੀ ਦਾ ਅਥਵਾ ਗਤੀ ਅਤੇ ਸਦ ਗਤੀ ਦਾ ਵਰਦਾਨ ਦੇਣ ਵਾਲੇ ਵੀ ਇਕ ਮਾਤਰ ਉਹੀ ਹਨ। ਉਹ ਦਿਵਯ-ਬੁੱਧੀ ਦੇ ਦਾਤਾ ਅਤੇ ਦਿਵਯ ਦ੍ਰਿਸ਼ਟੀ ਦੇ ਵਰ ਦਾਤਾ ਵੀ ਹਨ। ਮਨੁੱਖੀ ਆਤਮਾਵਾਂ ਨੂੰ ਗਿਆਨ ਰੂਪੀ ਸੋਮ ਰਸ ਅਥਵਾ ਅੰਮ੍ਰਿਤ ਪਿਲਾਉਣ ਅਤੇ ਅਮਰਪਦ ਦਾ ਵਰਦਾਨ ਦੇਣ ਦੇ ਕਾਰਣ “ਸੋਮਨਾਥ” ਅਤੇ “ਅਮਰਨਾਥ” ਆਦਿ ਨਾਂ ਵੀ ਉਨ੍ਹਾਂ ਦੇ ਹੀ ਹਨ। ਉਹ ਜਨਮ-ਮਰਨ ਤੋਂ ਸਦਾ ਮੁਕਤ, ਸਦਾ ਇਕ-ਰਸ, ਸਦਾ ਜਾਗਦੀ ਜੋਤ, ਸਦਾ ਸ਼ਿਵ ਹਨ।
ਪਰਮ ਪਿਤਾ ਪਰਮਾਤਮਾ ਦਾ ਦਿਵਯ-ਰੂਪ
ਪਰਮ ਪਿਤਾ ਪਰਮਾਤਮਾ ਦਾ ਦਿਵਯ-ਰੂਪ ਇਕ ਜੋਤੀ-ਬਿੰਦੂ ਦੇ ਸਮਾਨ, ਦੀਵੇ ਦੀ ਲੋਅ ਵਰਗਾ ਹੈ। ਉਹ ਰੂਪ ਅਤੀ ਪਵਿੱਤਰ, ਸੁਨਹਿਰੀ ਲਾਲ ਅਤੇ ਮਨ-ਮੋਹਕ ਹੈ। ਉਹ ਦਿਵਯ ਜੋਤੀ ਵਾਲੇ ਰੂਪ ਨੂੰ ਦਿਵਯ ਚਕਸ਼ੂ ਰਾਹੀਂ ਹੀ ਦੇਖਿਆ ਜਾ ਸਕਦਾ ਹੈ ਅਤੇ ਦਿਵਯ ਬੁੱਧੀ ਦੁਆਰਾ ਹੀ ਅਨੁਭਵ ਕੀਤਾ ਜਾ ਸਕਦਾ ਹੈ। ਪਰਮਪਿਤਾ ਪਰਮਾਤਮਾ ਦੇ ਉਸ ਜੋਤੀ ਬਿੰਦੂ ਰੂਪ ਦੀਆਂ ਮੂਰਤੀਆਂ ਭਾਰਤ ਵਿਚ “ਸ਼ਿਵ-ਲਿੰਗ” ਦੇ ਨਾਂ ਨਾਲ ਪੂਜੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਅਵਤਰਣ (ਅਵਤਾਰ ਧਾਰਨ) ਦੀ ਯਾਦ ਵਿਚ “ਮਹਾਂ-ਸ਼ਿਵਰਾਤਰੀ” ਵੀ ਮਨਾਈ ਜਾਂਦੀ ਹੈ।
ਨਿਰਾਕਾਰ ਦਾ ਅਰਥ
ਲਗਭਗ ਸਾਰੇ ਧਰਮਾਂ ਵਾਲੇ ਪਰਮਾਤਮਾ ਨੂੰ “ਨਿਰਾਕਾਰ” ਮੰਨਦੇ ਹਨ। ਪਰੰਤੂ ਇਸ ਸ਼ਬਦ ਤੋਂ ਉਹ ਇਹ ਅਰਥ ਵੀ ਲੈ ਲੈਂਦੇ ਹਨ ਕਿ ਪਰਮਾਤਮਾ ਦਾ ਕੋਈ ਆਕਾਰ (ਰੂਪ) ਨਹੀਂ ਹੈ। ਹੁਣ ਪਰਮਪਿਤਾ ਪਰਮਾਤਮਾ ਸ਼ਿਵ ਕਹਿੰਦੇ ਹਨ ਕਿ ਇੰਝ ਮੰਨਣਾ ਭੁੱਲ ਹੈ। ਅਸਲ ਵਿਚ ਨਿਰਾਕਾਰ ਦਾ ਅਰਥ ਹੈ ਕਿ ਪਰਮ ਪਿਤਾ ਸਾਕਾਰ ਨਹੀਂ ਹਨ, ਅਰਥਾਤ ਨਾ ਤਾਂ ਉਨ੍ਹਾਂ ਦਾ ਮਨੁੱਖਾਂ ਵਰਗਾ ਸਥੂਲ ਸਰੀਰਕ ਆਕਾਰ ਹੈ ਅਤੇ ਨਾ ਦੇਵਤਿਆਂ ਵਰਗਾ ਸੂਖਮ ਸਰੀਰਕ ਆਕਾਰ ਹੈ ਸਗੋਂ ਉਨ੍ਹਾਂ ਦਾ ਰੂਪ ਅ-ਸਰੀਰੀ ਹੈ ਅਤੇ ਜੋਤੀ-ਬਿੰਦੂ ਦੇ ਸਮਾਨ ਹੈ। “ਬਿੰਦੂ” ਨੂੰ ਤਾਂ “ਨਿਰਾਕਾਰ” ਹੀ ਕਹਾਂਗੇ। ਇਸ ਵਾਸਤੇ ਇਹ ਇਕ ਹੈਰਾਨੀ ਵਾਲੀ ਗੱਲ ਹੈ ਕਿ ਪਰਮਪਿਤਾ ਪਰਮਾਤਮਾ ਹੈ ਤਾਂ ਸੂਖਮ-ਅਤੀ-ਸੂਖਮ, ਇਕ ਜੋਤੀ-ਕਣ ਪਰੰਤੂ ਅੱਜਕੱਲ ਲੋਕ ਅਕਸਰ ਕਹਿੰਦੇ ਹਨ ਕਿ ਉਹ ਕਣ-ਕਣ ਵਿਚ ਹਨ।