ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਅਕਬਰ ਬੀਰਬਲ ਦੀਆਂ ਕਹਾਣੀਆਂ (ਪਿਆਰਾ ਸਿੰਘ ਦਾਤਾ)

ਮੂਰਖੰਦਰ ਬਹਾਦਰ

ਬੀਰਬਲ ਨੇ ਅਕਬਰ ਬਾਦਸ਼ਾਹ ਨੂੰ ਰੋਟੀ ਕੀਤੀ। ਹੋਰ ਵੀ ਕਈ ਦਰਬਾਰੀ ਖਾਣੇ ਵੇਲੇ ਹਾਜ਼ਰ ਸਨ।

ਉਨ੍ਹੀਂ ਦਿਨੀਂ ਬੀਰਬਲ ਪਾਸ ਕੋਲ ਇਕ ਨਵਾਂ ਪਹਾੜੀਆ ਨੌਕਰ ਆਣ ਕੇ ਰਹਿਣ ਲੱਗਾ ਸੀ। ਉਸ ਦਾ ਨਾਂ ਮੂਰਖੰਦਰ ਬਹਾਦਰ ਸੀ।

ਬੀਰਬਲ ਦੀ ਕੋਸ਼ਿਸ਼ ਸੀ, ਕਿ ਉਹ ਬਾਦਸ਼ਾਹ ਦੇ ਸਾਹਮਣੇ ਨਾ ਆਵੇ, ਪਰ ਇਕ ਪਰਦੇ ਪਿਛੋਂ ਝਾਕਦਿਆਂ ਬਾਦਸ਼ਾਹ ਨੇ ਉਸਨੂੰ ਤਾੜ ਲਿਆ।

ਅਕਬਰ ਨੇ ਉਸ ਨੂੰ ਪਾਸ ਬੁਲਾਇਆ, ਤਾਂ ਬੀਰਬਲ ਨੇ ਉਸਦੀ ਸਿਆਣਪ ਦੀ ਬੜੀ ਤਾਰੀਫ਼ ਕੀਤੀ। ਅਕਬਰ ਨੇ ਉਸਦਾ ਇਮਤਿਹਾਨ ਲੈਣਾ ਚਾਹਿਆ, ਤਾਂ ਬੀਰਬਲ ਨੇ ਉਸ ਨੂੰ ਪੇਸ਼ ਕਰ ਦਿੱਤਾ।

ਅਕਬਰ ਨੇ ਉਸ ਨੂੰ ਇਕ ਕਟੋਰਾ ਦੇ ਕੇ ਬਜ਼ਾਰੋਂ ਦੋ ਆਨੇ ਦਾ ਤੇਲ ਲੈਣ ਭੇਜਿਆ। ਮੂਰਖੰਦਰ ਬਹਾਦਰ ਨੇ ਕਟੋਰਾ ਤੇਲ ਦਾ ਭਰਵਾ ਲਿਆ, ਤਾਂ ਵੀ ਕੁਝ ਤੇਲ ਬਚ ਰਿਹਾ।

ਦੁਕਾਨਦਾਰ ਨੇ ਕਿਹਾ – “ਥੋੜ੍ਹਾ ਤੇਲ ਬਚ ਗਿਆ ਹੈ, ਮੂਰਖੰਦਰਾ! ਉਹ ਕਿਵੇਂ ਲੈ ਜਾਵੇਂਗਾ?” ਮੂਰਖੰਦਰ ਨੇ ਕਟੋਰਾ ਪੁੱਠਾ ਕਰ ਕੇ ਬਚਦਾ ਤੇਲ ਵੀ ਪਵਾ ਲਿਆ।

ਘਰ ਪੁਜਾ ਤਾਂ ਪੁੱਠੇ ਕਟੋਰੇ ’ਚ ਮਾਸਾ ਕੁ ਤੇਲ ਵੇਖ ਕੇ ਬਾਦਸ਼ਾਹ ਕਹਿਣ ਲਗੇ, “ਮੂਰਖੰਦਰ! ਬਾਕੀ ਤੇਲ ਕਿਥੇ ਈ? ਦੋ ਆਨੇ ਦਾ ਇੰਨਾਂ ਥੋੜ੍ਹਾ ਤੇਲ?”

ਮੂਰਖੰਦਰ ਨੇ ਕਟੋਰਾ ਸਿੱਧਾ ਕਰ ਕੇ ਕਿਹਾ – “ਇਧਰ ਹੈ, ਹਜ਼ੂਰ।” ਇਸ ਤਰ੍ਹਾਂ ਪੁੱਠੇ ਪਾਸੇ ਦਾ ਤੇਲ ਵੀ ਡੁੱਲ੍ਹ ਗਿਆ।

ਇਹ ਵੇਖ ਕੇ ਸਾਰੇ ਵਜ਼ੀਰ ਖਿੜ ਖਿੜ ਹੱਸਣ ਲੱਗੇ, ਤੇ ਅਕਬਰ ਨੇ ਬੀਰਬਲ ਨੂੰ ‘ਮੂਰਖੰਦਰਾਂ ਦੇ ਗੁਰੂ’ ਦਾ ਖਿਤਾਬ ਦਿੱਤਾ।

 

2) ਬੀਰਬਲ ਨੇ ਬਾਦਸ਼ਾਹ ਦੀ ਚੋਟ ਪੱਲੇ ਬੰਨ੍ਹ ਲਈ ਤੇ ਯੋਗ ਵਕਤ ਦੀ ਉਡੀਕ ਕਰਨ ਲਗਾ।

ਦੂਜੇ ਦਿਨ ਜਦੋਂ ਬੀਰਬਲ ਦਰਬਾਰ ਵਿਚ ਪੁਜਾ ਤਾਂ ਮੁੱਲਾ-ਦੋ-ਪਿਆਜ਼ਾ ਖਾਨ ਖਾਨਾ, ਮਿਰਜ਼ਾ ਆਦਿਕ ਨਾਲ ਸਲਾਹ ਪਕਾ ਕੇ ਅਕਬਰ ਬਾਦਸ਼ਾਹ ਬੀਰਬਲ ਨੂੰ ਕਹਿਣ ਲਗਾ – “ਬੀਰਬਲ!

ਇਕ ਅਜਿਹੀ ਸੂਚੀ ਪੇਸ਼ ਕਰ, ਜਿਸ ਵਿਚ ਮੂਰਖਾਂ ਦੇ ਨਾਂ ਹੋਣ ਤੇ ਮੂਰਖਾਂ ਦੇ ਬਾਦਸ਼ਾਹ ਦਾ ਨਾਂ (ਬੀਰਬਲ ਵੱਲ ਅੱਖ ਦਾ ਇਸ਼ਾਰਾ ਕਰ ਕੇ) ਸਭ ਤੋਂ ਪਹਿਲਾਂ ਹੋਵੇ”।

ਬੀਰਬਲ – “ਬਹੁਤ ਅਛਾ ਹਜ਼ੂਰ! ਅਜਿਹੀ ਸੂਚੀ ਇਕ ਹਫ਼ਤੇ ਪਿਛੋਂ ਤਿਆਰ ਕਰ ਕੇ ਆਪ ਦੇ ਪੇਸ਼ ਕਰਾਂਗਾ”। ਦੂਜੇ ਦਿਨ ਸ਼ਾਹੀ ਮਹੱਲਾਂ ਦੇ ਬਾਹਰ-ਵਾਰ ਬੀਰਬਲ ਇਕ ਟੁੱਟੀ ਮੰਜੀ ਲੈਕੇ ਠੋਕਣ ਲਗ ਪਿਆ।

ਸਭ ਤੋਂ ਪਹਿਲਾਂ ਅਕਬਰ ਨੇ ਉਸ ਵਲ ਵੇਖਿਆ, ਤੇ ਪੁੱਛਿਆ, “ਬੀਰਬਲ! ਇਹ ਕੀ ਕਰ ਰਿਹਾ ਏਂ?”

ਬੀਰਬਲ ਨੇ ਝੱਟ ਕਾਪੀ ਕੱਢ ਕੇ ਅਕਬਰ ਦਾ ਨਾ ਲਿਖ ਲਿਆ।

ਇਸ ਪਿਛੋਂ ਮੁੱਲਾ-ਦੇ-ਪਿਆਜ਼ਾ ਆਇਆ, ਉਸ ਵੀ ਉਹੀ ਸਵਾਲ ਕੀਤਾ। ਉਸ ਦਾ ਨਾਂ ਵੀ ਦਰਜ ਹੋ ਗਿਆ।

ਸਵੇਰ ਤੋਂ ਸ਼ਾਮ ਤੀਕ ਉਸ ਉਥੇ ਹੀ ਡੇਰਾ ਜਮਾਈ ਰੱਖਿਆ, ਤੇ ਸ਼ਹਿਰ ਵਾਸੀਆਂ ਦਾ ਤਾਂਤਾ ਲਗਾ ਰਿਹਾ।

ਹਰ ਕੋਈ ਇਹੀ ਪੁੱਛਦਾ, ਕਿ ਵਜ਼ੀਰ ਸਾਹਿਬ ਇਹ ਕੀ ਕਰ ਰਹੇ ਹੋ, ਤੇ ਬੀਰਬਲ ਉਨ੍ਹਾਂ ਦੇ ਨਾਂ ਲਿਖੀ ਜਾਂਦਾ।

ਹਫ਼ਤੇ ਪਿਛੋਂ ਦਰਬਾਰ ਲੱਗਾ,ਤਾਂ ਅਕਬਰ ਨੇ ਸਭ ਤੋਂ ਪਹਿਲਾ ਸਵਾਲ ਬੀਰਬਲ ਤੇ ਇਹ ਕੀਤਾ, ਕਿ ਮੂਰਖਾਂ ਦੀ ਸੂਚੀ ਬਣਾਈ ਆ।

ਬੀਰਬਲ ਮੁਸਕਰਾ ਕੇ ਕਹਿਣ ਲਗਾ, “ਹਜ਼ੂਰ, ਹੁਣੇ ਬਾਦਸ਼ਾਹ ਸਲਾਮਤ ਪੇਸ਼ ਕਰਦਾ ਹਾਂ”।

ਇਹ ਕਹਿ ਕੇ ਉਸ ਨੇ ਉਹ ਸੂਚੀ ਅਕਬਰ ਦੇ ਹੱਥ ਫੜਾਈ।

ਅਕਬਰ ਨੇ ਪੜ੍ਹੀ, ਤਾਂ ਸਭ ਤੋਂ ਪਹਿਲਾਂ ਆਪਣਾ ਨਾਂ ਤੇ ਉਸ ਤੋਂ ਅੱਗੇ ਮੁੱਲਾ-ਦੋ-ਪਿਆਜ਼ਾ, ਖਾਨ ਖਾਨਾ, ਖਵਾਜਾ ਸਰਾਂ ਆਦਿ ਦੇ ਨਾ ਪੜ੍ਹ ਕੇ ਉਹ ਬੜਾ ਹੈਰਾਨ ਹੋਇਆ।

ਬੀਰਬਲ ਕੋਲੋਂ ਪੁੱਛਿਆ – “ਵਜ਼ੀਰ! ਇਹ ਕੀ?” ਹੱਥ ਜੋੜ ਕੇ ਗਲ ਵਿਚ ਪੱਲਾ ਪਾ ਕੇ ਬੀਰਬਲ ਕਹਿਣ ਲਗਾ – “ਹਜ਼ੂਰ!

ਮੈਨੂੰ ਮੰਜੀ ਠੋਕਦਿਆਂ ਵੇਖ ਕੇ ਸਭ ਤੋਂ ਪਹਿਲਾਂ ਜਿਸ ਆਦਮੀ ਨੇ ਮੈਂਥੋਂ ਪੁੱਛਿਆ ਕਿ ਮੈਂ ਕੀ ਕਰ ਰਿਹਾ ਹਾਂ, ਉਹ ਆਪ ਸੌ ਤੇ ਇਸ ਤੋਂ ਪਿਛੋਂ ਦੇ ਮੂਰਖਾਂ ਦੀ ਸੂਚੀ ਤੁਸੀਂ ਪੜ੍ਹ ਹੀ ਲਈ ਹੈ”।

ਬਾਦਸ਼ਾਹ ਨੇ ਖਿੜ ਖਿੜ ਹੱਸਦਿਆਂ ਬੀਰਬਲ ਨੂੰ ਉਸ ਦੀ ਅਕਲ ਦੀ ਦਾਦ ਦਿੱਤੀ। 3) ਕਾਫ਼ੀ ਸਮਾਂ ਗੁਜ਼ਰ ਜਾਣ ਪਿਛੋਂ ਕਾਬੁਲ ਦੇ ਕੁਝ ਸੌਦਾਗਰਾਂ ਨੇ ਕੁਝ ਘੋੜੇ ਬਾਦਸ਼ਾਹ ਦੇ ਪੇਸ਼ ਕੀਤੇ।

ਬਾਦਸ਼ਾਹ ਨੇ ਦੋ ਘੋੜੇ ਪਸੰਦ ਕੀਤੇ, ਤੇ ਖ਼ਰੀਦ ਲਏ, ਅਰ ਉਸੇ ਨਸਲ ਦੇ ਹੋਰ ਘੋੜੇ ਲਿਆਣ ਲਈ ਇਕ ਲਖ ਰੁਪਿਆ ਕਾਬਲੀ ਸੌਦਾਗਰਾਂ ਨੂੰ ਪੇਸ਼ਗੀ ਦੇ ਦਿੱਤਾ।

ਇਕ ਦਿਨ ਬਾਦਸ਼ਾਹ ਨੂੰ ਪਤਾ ਨਹੀਂ ਕੀ ਸੁਝੀ, ਉਹ ਬੀਰਬਲ ਨੂੰ ਕਹਿਣ ਲਗਾ – “ਬੀਰਬਲ! ਆਪਣੀ ਸੂਚੀ ਫਾੜ ਦੇਹ, ਤੇ ਮੂਰਖਾਂ ਦੀ ਇਕ ਨਵੀਂ ਸੂਚੀ ਤਿਆਰ ਕਰ”।

ਦੂਜੇ ਦਿਨ ਬੀਰਬਲ ਫਿਰ ਉਹੀ ਸੂਚੀ ਪੇਸ਼ ਕਰ ਦਿੱਤੀ, ਜਿਸ ਵਿਚ ਸਭ ਤੋਂ ਪਹਿਲਾ ਨਾ ਅਕਬਰ ਦਾ ਸੀ।

ਅਕਬਰ ਨੇ ਗੁੱਸੇ ਹੋ ਕੇ ਪੁੱਛਿਆ – “ਇਹ  ਕੀ?”

“ਹਜ਼ੂਰ! ਗੁਸਤਾਖ਼ੀ ਮੁਆਫ਼, ਤੁਸੀਂ ਬਿਨਾਂ ਜਾਣ ਪਛਾਣ ਦੇ ਕਾਬਲੀ ਸੌਦਾਗਰਾਂ ਨੂੰ ਇਕ ਲਖ ਰੁਪਿਆ ਪੇਸ਼ਗੀ ਦੇ ਦਿੱਤਾ, ਉਨ੍ਹਾਂ ਨੂੰ ਮੂੰਹ ਵਿਖਾਣ ਦੀ ਕੀ ਲੋੜ, ਸੋ ਤੁਹਾਡੇ ਤੋਂ ਵੱਧ ਮ…ਮ…ਮੂਰਖ ਕੌਣ ਹੋਵੇਗਾ?”

“ਪਰ ਜੇ ਉਹ ਪਰਤ ਆਣ, ਤਾਂ…” ਬਾਦਸ਼ਾਹ ਨੇ ਪੁੱਛਿਆ। “ਜੇ ਪਰਤ ਆਏ, ਤਾਂ ਆਪ ਦਾ ਨਾਂ ਕੱਟ ਕੇ ਸਭ ਤੋਂ ਪਹਿਲਾਂ ਉਹਨਾਂ ਦਾ ਨਾਂ ਲਿਖ ਦਿੱਤਾ ਜਾਵੇਗਾ”। ਬੀਰਬਲ ਨੇ ਹਸਦਿਆਂ ਹਸਦਿਆਂ ਕਿਹਾ।

ਗਧਾ ਕੌਣ? (ਪਿਆਰਾ ਸਿੰਘ ਦਾਤਾ)

ਇਕ ਦਿਨ ਸ਼ਾਹੀ ਦਰਬਾਰ ਵਿਚ ਬੈਠਦਿਆਂ ਬੀਰਬਲ ਦਾ ਪਦ (ਹਵਾ ਸਰਕ ਗਈ) ਨਿਕਲ ਗਿਆ। ਬਾਦਸ਼ਾਹ ਕਹਿਣ ਲਗਾ, “ਬੀਰਬਲ! ਤੂੰ ਨਿਰਾ ਖੋਤਾ ਏਂ”। ਬੀਰਬਲ – “ਨਹੀਂ ਹਜ਼ੂਰ, ਪਹਿਲਾਂ ਮੈਂ ਬੜਾ ਸਿਆਣਾ ਸਾਂ, ਕੁਝ ਚਿਰ ਤੋਂ ਖੋਤਿਆਂ ਦੀ ਸੰਗਤ ਨਾਲ ਅਕਲ ਜਾਂਦੀ ਰਹੀ ਹੈ”। * * * ਇਸ ਸਮੇਂ ਬੀਰਬਲ ਸ਼ਾਹੀ ਤਖ਼ਤ ਦੇ ਨਾਲ ਹੀ ਕੁਰਸੀ ਤੇ ਬੈਠਾ ਹੋਇਆ ਸੀ। ਅਕਬਰ ਨੇ ਕੁਝ ਚਿਰ ਦੀ ਖ਼ਾਮੋਸ਼ੀ ਪਿਛੋਂ ਫਿਰ ਵਾਰ ਕੀਤਾ – “ਬੀਰਬਲ! ਧਰਮੋਂ ਧਰਮੀਂ ਦੱਸੀਂ, ਤੇਰੇ ਤੇ ਗਧੇ ਵਿਚ ਕਿਨਾਂ ਫਰਕ ਹੈ?” ਬੀਰਬਲ, ਆਪਣੀ ਤੇ ਮੁਲਾਂ ਦੀ ਕੁਰਸੀ ਦਾ ਫਾਸਲਾ ਮਾਪ ਕੇ ਕਹਿਣ ਲਗਾ, “ਹਜ਼ੂਰ! ਕੇਵਲ ਚਾਰ ਗਿੱਠਾਂ ਦਾ”। * * * ਦਰਬਾਰ ਖਤਮ ਹੋਣ ਤੇ ਅਕਬਰ, ਬੀਰਬਲ ਤੇ ਮੁੱਲਾ-ਦੋ-ਪਿਆਜ਼ਾ ਨੂੰ ਲੈ ਕੇ ਹਵਾ ਖੋਰੀ ਲਈ ਬਾਹਿਰ ਨਿਕਲ ਗਿਆ। ਬਾਹਿਰ ਗਰਮੀ ਸੀ, ਬੀਰਬਲ ਨੂੰ ਪਸੀਨਾ ਆ ਗਿਆ, ਉਸ ਆਪਣਾ ਕੋਟ ਲਾਹ ਕੇ ਮੋਢੇ ਤੇ ਸੁੱਟ ਲਿਆ। ਅਕਬਰ ਤੇ ਮੁਲਾਂ ਨੇ ਵੀ ਆਪਣੇ ਆਪਣੇ ਚੋਗੇ ਉਤਾਰ ਕੇ ਬੀਰਬਲ ਦੇ ਮੋਢੇ ਤੇ ਸੁੱਟ ਦਿੱਤੇ। ਅਕਬਰ ਬਾਦਸ਼ਾਹ ਨੂੰ ਬੜੀ ਦੂਰ ਦੀ ਸੁਝੀ। ਉਹ ਕਹਿਣ ਲਗਾ – “ਬੀਰਬਲ! ਤੇਰੇ ਤੇ ਇਸ ਵੇਲੇ ਪੂਰੇ ਗਧੇ ਦਾ ਭਾਰ ਲਦਿਆ ਹੋਇਆ ਹੈ”। ਬੀਰਬਲ ਵਿਚੋਂ ਹੀ ਬੋਲ ਉਠਿਆ – “ਨਹੀਂ ਹਜ਼ੂਰ! ਦੋਹਾਂ ਦਾ, ਆਪ ਦੇ ਨਾਲ ਮੁੱਲਾ-ਦੋ-ਪਿਆਜ਼ਾ ਵੀ ਤਾਂ ਹਨ”। ਇਹ ਸੁਣ ਕੇ ਅਕਬਰ ਤੇ ਮੁਲਾਂ ਦੋ ਪਿਆਜ਼ਾ ਬੜੇ ਸ਼ਰਮਿੰਦੇ ਹੋਏ। * * * ਤੁਰੇ ਜਾਂਦੇ ਤੁਰੇ ਜਾਂਦੇ ਉਹ ਇਕ ਤਮਾਕੂ ਦੇ ਖੇਤ ਕੋਲ ਦਾ ਪੁੱਜੇ। ਬੀਰਬਲ ਨੂੰ ਤਮਾਕੂ ਖਾਣ ਦੀ ਆਦਤ ਸੀ, ਤੇ ਅਕਬਰ ਮੁਲਾਂ ਦੋਵੇਂ ਤਮਾਕੂ ਨਹੀਂ ਖਾਂਦੇ ਸਨ। ਖੇਤ ਵਿਚ ਖੜੋਤਾ ਇਕ ਗਧਾ ਘਾਹ ਚਰ ਰਿਹਾ ਸੀ, ਤੇ ਜਿਥੇ ਤਮਾਕੂ ਦਾ ਪੱਤਾ ਆਂਦਾ ਸੀ ਉਹ ਪੱਤਾ ਛੱਡੀ ਜਾਂਦਾ ਸੀ। ਅਕਬਰ ਕਹਿਣ ਲੱਗਾ – “ਬੀਰਬਲ! ਤਮਾਕੂ ਕਿੰਨੀ ਬੁਰੀ ਵਸਤੂ ਹੈ, ਇਸ ਨੂੰ ਗਧੇ ਵੀ ਨਹੀਂ ਖਾਂਦੇ”। ਬੀਰਬਲ ਝੱਟ ਬੋਲਿਆ – “ਹਜ਼ੂਰ! ਇਹ ਗੱਲ ਸੋਲ੍ਹਾਂ ਆਨੇ ਸੱਚ ਹੈ, ਕਿ ਗਧੇ ਤਮਾਕੂ ਨਹੀਂ ਖਾਂਦੇ”।

ਮੂਰਖਾਂ ਨਾਲ ਵਾਹ (ਪਿਆਰਾ ਸਿੰਘ ਦਾਤਾ)

ਇਕ ਦਿਨ ਭਰੀ ਮਹਿਫ਼ਲ ਵਿਚ ਅਕਬਰ ਨੇ ਬੀਰਬਲ ਤੇ ਸਵਾਲ ਕੀਤਾ, ਕਿ ਮੂਰਖ ਨਾਲ ਵਾਹ ਪੈ ਜਾਵੇ, ਤਾਂ ਕੀ ਕਰਨਾ ਚਾਹੀਦਾ ਹੈ ਬੀਰਬਲ ਨੇ ਦੂਜੇ ਦਿਨ ਉਤਰ ਦੇਣ ਦਾ ਇਕਰਾਰ ਕੀਤਾ। ਦੂਜੇ ਦਿਨ ਸਵੇਰੇ ਬੀਰਬਲ ਨੇ ਆਪਣੇ ਨੌਕਰ ਮੂਰਖੰਦਰ ਬਹਾਦਰ ਨੂੰ ਬੁਲਾ ਕੇ ਸਮਝਾਇਆ, ਕਿ ਅੱਜ ਦੋਵੇਂ ਬਾਦਸ਼ਾਹ ਦੀ ਕਚਿਹਰੀ ਜਾਣਗੇ, ਪਰ ਅਕਬਰ ਜੋ ਕੁਝ ਵੀ ਪੁੱਛੇ, ਉਹ ਚੁੱਪ ਰਹੇ। ਚੰਗੀ ਤਰ੍ਹਾਂ ਸਿਖਾ ਪੜ੍ਹਾ ਕੇ ਬੀਰਬਲ ਮੂਰਖੰਦਰ ਨੂੰ ਨਾਲ ਲੈ ਕੇ ਰਾਜ ਦਰਬਾਰ ਵਿਚ ਪੁੱਜਾ। ਅਕਬਰ ਨੇ ਬੀਰਬਲ ਨੂੰ ਵੇਖਦਿਆਂ ਹੀ ਕਿਹਾ – “ਬੀਰਬਲ1 ਕੱਲ੍ਹ ਵਾਲੇ ਸਵਾਲ ਦਾ ਉੱਤਰ?” ਬੀਰਬਲ ਨੇ ਆਪਣੇ ਨੌਕਰ ਨੂੰ ਅਗੇ ਕੀਤਾ, ਕਿ ਹਜ਼ੂਰ ਇਹ ਆਪ ਦੇ ਸਵਾਲ ਦਾ ਜਵਾਬ ਦੇਵੇਗਾ। ਅਕਬਰ ਨੇ ਆਪਣਾ ਸਵਾਲ ਦੁਹਰਾਇਆ, ਪਰ ਮੂਰਖੰਦਰ ਬਹਾਦਰ ਚੁੱਪ ਰਿਹਾ। ਜਦੋਂ ਕਈ ਵਾਰੀ ਅਕਬਰ ਦੇ ਪ੍ਰਸ਼ਨ ਕਰਨ ਤੇ ਵੀ ਉਹ ਚੁੱਪ ਰਿਹਾ ਤਾਂ ਅਕਬਰ ਨੇ ਬੀਰਬਲ ਨੂੰ ਕਿਹਾ – “ਬਈ ਇਹ ਤਾਂ ਬੋਲਦਾ ਹੀ ਨਹੀਂ”। ਬੀਰਬਲ ਨੇ ਕਿਹਾ, “ਹਜ਼ੂਰ! ਇਹ ਆਪ ਦੇ ਪ੍ਰਸ਼ਨ ਦਾ ਉਤਰ ਦੇ ਰਿਹਾ ਹੈ, ਕਿ ਮੂਰਖ ਹਾਲ ਵਾਹ ਪੈ ਜਾਵੇ, ਤਾਂ ਚੁੱਪ ਹੀ ਰਹਿਣਾ ਚਾਹੀਦਾ ਹੈ”। ਅਕਬਰ ਬਾਦਸ਼ਾਹ ਲਾ-ਜਵਾਬ ਹੋ ਗਿਆ, ਪਰ ਬੀਰਬਲ ਦੀ ਹੁਸ਼ਿਆਰੀ ਤੇ ਬੜਾ ਖੁਸ਼ ਹੋਇਆ।

ਕੁਕੜੂੰ ਕੜੂੰ (ਪਿਆਰਾ ਸਿੰਘ ਦਾਤਾ)

ਅਕਬਰ ਬਾਦਸ਼ਾਹ ਨੇ ਮੁਲਾਂ ਦੋ ਪਿਆਜ਼ਾ, ਖਾਨ ਖਾਨਾ ਤੇ ਮਿਰਜ਼ਾ ਆਦਿ ਦਰਬਾਰੀਆਂ ਨਾਲ ਸਲਾਹ ਕੀਤੀ ਕਿ ਬੀਰਬਲ ਰੋਜ਼ ਹੱਥ ਖੇਡ ਜਾਂਦਾ ਹੈ ਇਸ ਨੂੰ ਖ਼ੂਬ ਬਣਾਇਆ ਜਾਵੇ। ਬਾਦਸ਼ਾਹ ਦੀ ਹਾਮੀ ਭਰਨ ਤੇ ਸਲਾਹ ਇਹ ਬਣੀ ਕਿ ਸਾਹਮਣੇ ਦੇ ਪਾਣੀ ਵਾਲੇ ਸ਼ਾਹੀ ਹੌਜ਼ ਵਿਚ ਛੇ ਅੰਡੇ ਰੱਖ ਦਿੱਤੇ ਜਾਣ, ਤੇ ਛੇ ਵਜ਼ੀਰ ਪਾਣੀ ਵਿਚ ਟੁੱਭੀ ਮਾਰ ਕੇ ਇਕ ਇਕ ਕਰ ਕੇ ਅੰਡਾ ਕੱਢ ਲਿਆਣ, ਤੇ ਸਤਵੀਂ ਵਾਰ ਬੀਰਬਲ ਨੂੰ ਖ਼ੂਬ ਠਿੱਠ ਕੀਤਾ ਜਾਵੇ। ਬੀਰਬਲ ਦੇ ਦਰਬਾਰ ਪੁੱਜਣ ਤੇ ਅਕਬਰ ਸਾਰੇ ਵਜ਼ੀਰਾਂ ਨੂੰ ਕਹਿਣ ਲੱਗਾ – “ਹਰ ਮਾਂ ਪਿਉ ਜਾਇਆ’ ਇਸ ਹੌਜ਼ ਵਿਚ ਟੁੱਭੀ ਮਾਰ ਕੇ ਅੰਡਾ ਕੱਢ ਲਿਆਵੇਗਾ, ਦੂਜੇ ਨੂੰ ਅੰਡਾ ਨਹੀਂ ਮਿਲੇਗਾ”। ਇਹ ਸੁਣਦਿਆਂ ਸਾਰ ਛੇ ਦੇ ਛੇ ਵਜ਼ੀਰ ਟੁੱਭੀ ਮਾਰ ਕੇ ਇਕ ਇਕ ਅੰਡਾ ਕੱਢ ਲਿਆਏ। ਬੀਰਬਲ ਦੀ ਵਾਰੀ ਆਈ ਤਾਂ ਅੰਡੇ ਖਤਮ ਹੋ ਚੁੱਕੇ ਸਨ। ਉਸ ਕਈ ਵਾਰੀ ਪਾਣੀ ਵਿਚ ਟੁੱਭੀਆਂ ਮਾਰੀਆਂ, ਪਰ ਹੱਥ ਖਾਲੀ ਦਾ ਖਾਲੀ। ਜਦ ਬਾਹਰ ਵਾਲਿਆਂ ਬੜਾ ਸ਼ੋਰ ਮਚਾਇਆ ਤਾਂ ਬੀਰਬਲ ਨੇ ਜ਼ੋਰ ਦਾ ਕਿਹਾ – “ਕੁਕੜੂੰ ਕੂੰ”। ਬਾਦਸ਼ਾਹ ਨੇ ਪੁੱਛਿਆ – “ਇਹ ਕੀ ਬੀਰਬਲ?” ਬੀਰਬਲ – “ਹਜ਼ੂਰ! ਇੰਨੀਆਂ ਕੁਕੜੀਆਂ ਤਲਾਬ ਚੋਂ ਅੰਡੇ ਦੇਂਦੀਆਂ ਨਿਕਲੀਆਂ, ਇਕ ਕੁਕੜ ਵੀ ਹੋਣਾ ਚਾਹੀਦਾ ਹੈ ਨਾ”। ਇਹ ਸੁਣ ਕੇ ਸਾਰੇ ਮੁਸਾਇਬ ਬੜੇ ਸ਼ਰਮਿੰਦੇ ਹੋਏ।

ਧਰਤੀ ਦਾ ਕੇਂਦਰ (ਪਿਆਰਾ ਸਿੰਘ ਦਾਤਾ)

ਬੀਰਬਲ ਦੀ ਰੋਜ਼ਾਨਾ ਵੱਧਦੀ ਸ਼ੋਹਰਤ ਵੇਖ ਕੇ ਕਈ ਵਜ਼ੀਰ ਅਮੀਰ ਉਸ ਨਾਲ ਖ਼ਾਰ ਖਾਣ ਲੱਗ ਪਏ। ਉਨ੍ਹਾਂ ਰਲ ਕੇ ਖ਼ਵਾਜਾ ਸਰਾਂ (ਬੇਗ਼ਮਾਂ ਦੇ ਮਹੱਲਾਂ ਦੇ ਰਾਖੇ-ਹੀਜੜੇ) ਨੂੰ ਉਕਸਾਇਆ, ਕਿ ਉਹ ਬਾਦਸ਼ਾਹ ਪਾਸੋਂ ਬੀਰਬਲ ਦੀ ਕਿਸੇ ਸਮੇਂ ਬੇਇਜ਼ਤੀ ਕਰਾਏ। ਸੋ ਕਈ ਦਿਨਾਂ ਦੀ ਸੋਚ ਵਿਚਾਰ ਪਿਛੋਂ ਖ਼ਵਾਜਾ ਸਰਾਂ ਨੇ ਅਕਬਰ ਨੂੰ ਕਿਹਾ – “ਹਜ਼ੂਰ! ਬੀਰਬਲ ਬੜਾ ਸਿਆਣਾ ਬਣਦਾ ਹੈ, ਉਸ ਪਾਸੋਂ ਮੇਰੇ ਤਿੰਨ ਪ੍ਰਸ਼ਨਾਂ ਦਾ ਉੱਤਰ ਲੈ ਦਿਓ ਤਾਂ ਜਾਣਾ”। ਅਕਬਰ ਬਾਦਸ਼ਾਹ ਦੇ ਪੁੱਛਣ ਤੇ ਉਸ ਆਪਣੇ ਸੁਆਲ ਦੱਸੇ – ਧਰਤੀ ਦਾ ਕੇਂਦਰ ਕਿੱਥੇ ਹੈ?, ਅਸਮਾਨ ਤੇ ਤਾਰੇ ਕਿੰਨੇ ਹਨ?, ਦੁਨੀਆਂ ਵਿਚ ਮਰਦਾਂ ਤੇ ਤੀਵੀਆਂ ਦੀ ਠੀਕ ਠੀਕ ਗਿਣਤੀ ਕਿੰਨੀ ਹੈ?

ਇਹ ਗੱਲਾਂ ਹੋ ਹੀ ਰਹੀਆਂ ਸਨ, ਕਿ ਬੀਰਬਲ ਦਰਬਾਰ ਵਿਚ ਆ ਪੁੱਜਾ। ਅਕਬਰ ਨੇ ਉਸ ਤੋਂ ਉਹੀ ਸਵਾਲ ਪੁੱਛੇ। ਬੀਰਬਲ ਦੂਜੇ ਦਿਨ ਉੱਤਰ ਦੇਣ ਦੀ ਆਗਿਆ ਮੰਗ ਕੇ ਘਰ ਚਲਾ ਗਿਆ। ਦੂਜੇ ਦਿਨ ਦਰਬਾਰ ਵਿਚ ਬੜੀ ਰੌਣਕ ਲੱਗੀ ਸੀ, ਬੀਰਬਲ ਇਕ ਹਥੌੜਾ, ਇਕ ਕਿੱਲਾ ਤੇ ਇਕ ਲੇਲਾ ਲੈ ਕੇ ਆਣ ਪੁੱਜਾ। ਬਾਦਸ਼ਾਹ ਨੂੰ ਸਲਾਮ ਕਰਕੇ ਉਹ ਆਪਣੀ ਕੁਰਸੀ ਤੇ ਬੈਠਾ ਹੀ ਸੀ, ਕਿ ਅਕਬਰ ਨੇ ਕੱਲ ਵਾਲੇ ਆਪਣੇ ਤਿੰਨ ਸੁਆਲ ਦੁਹਰਾਏ। ਬੀਰਬਲ ਆਪਣੀ ਥਾਂ ਤੋਂ ਉਠਿਆ, ਤੇ ਦਰਬਾਰ ਦੇ ਇਕ ਸਿਰੇ ਤੇ, ਖ਼ਵਾਜਾ ਸਰਾਂ ਦੀ ਕੁਰਸੀ ਹੇਠਾਂ ਹਥੌੜੇ ਨਾਲ ਕਿੱਲਾ ਗੱਡ ਕੇ ਕਹਿਣ ਲੱਗਾ – “ਹਜ਼ੂਰ! ਇਹ ਧਰਤੀ ਦਾ ਕੇਂਦਰ ਹੈ, ਜਿਸ ਨੂੰ ਸ਼ਕ ਹੋਵੇ, ਉਹ ਆਪ ਮਿਣਤੀ ਕਰ ਲਵੇ”। ਬਾਦਸ਼ਾਹ ਬੋਲਿਆ – “ਅਸਮਾਨ ਤੇ ਤਾਰੇ ਕਿੰਨੇ ਹਨ?” ਬੀਰਬਲ ਨੇ ਲੇਲਾ ਅੱਗੇ ਕਰਕੇ ਕਿਹਾ – “ਹਜ਼ੂਰ! ਜਿੰਨੇ ਇਸ ਦੇ ਵਾਲ ਹਨ। ਉਤਨੇ ਹੀ ਅਸਮਾਨ ਤੇ ਤਾਰੇ ਹਨ ਕਿਸੇ ਨੂੰ ਬੇਇਤਬਾਰੀ ਹੋਵੇ, ਤਾਂ ਬੇਸ਼ਕ ਤਾਰੇ ਤੇ ਵਾਲ ਗਿਣ ਕੇ ਮਿਲਾ ਲਵੇ”। ਬਾਦਸ਼ਾਹ ਨੇ ਤੀਜਾ ਸਵਾਲ ਪੁੱਛਿਆ – “ਦੁਨੀਆਂ ਤੇ ਮਰਦਾਂ ਤੇ ਤੀਵੀਆਂ ਦੀ ਠੀਕ ਠੀਕ ਗਿਣਤੀ ਕਿੰਨੀ ਹੈ?” ਹਜ਼ੂਰ ਉਸਦਾ ਜਵਾਬ ਵੀ ਤਿਆਰ ਹੈ, ਪਰ ਠੀਕ ਗਿਣਤੀ ਦੱਸਣ ਲਈ ਆਪ ਦੀ ਮਦਦ ਦੀ ਲੋੜ ਹੈ, ਜੇ ਹਜ਼ੂਰ ਇਕਰਾਰ ਕਰੋ, ਤਾਂ ਬੇਨਤੀ ਕਰਾਂ ਬੀਰਬਲ ਨੇ ਅਰਜ਼ ਕੀਤੀ। ਬਾਦਸ਼ਾਹ ਅਕਬਰ ਨੇ ਸਿਰ ਹਿਲਾਉਣ ਤੇ ਬੀਰਬਲ ਕਹਿਣ ਲੱਗਾ – “ਮਰਦਾਂ ਤੇ ਤੀਵੀਆਂ ਦੀ ਠੀਕ ਠੀਕ ਗਿਣਤੀ ਮੇਰੇ ਪਾਸ ਮੌਜੂਦ ਹੈ, ਪਰ ਮੈਂ ਸੋਚ ਰਿਹਾ ਹਾਂ, ਕਿ ਖ਼ਵਾਜਾ ਸਰਾਂ ਲੋਕਾਂ (ਹੀਜੜਿਆਂ) ਨੂੰ ਕਿਸ ਗਿਣਤੀ ਵਿਚ ਰੱਖਾਂ, ਨਾ ਇਹ ਮਰਦਾਂ ਵਿਚ ਗਿਣੇ ਜਾ ਸਕਦੇ ਹਨ, ਤੇ ਨਾ ਤੀਵੀਆਂ ਵਿਚ। ਸੋ ਮੇਰਾ ਵਿਚਾਰ ਹੈ ਕਿ ਇਨ੍ਹਾਂ ਨੂੰ ਕਤਲ ਕਰਾ ਦਿੱਤਾ ਜਾਏ, ਤਾਂ ਹੀ ਬਾਕੀ ਦੀ ਗਿਣਤੀ ਦਾ ਠੀਕ ਠੀਕ ਅੰਦਾਜ਼ਾ ਲਗ ਸਕੇਗਾ”। ਬੀਰਬਲ ਦੇ ਉੱਤਰ ਨੂੰ ਸੁਣ ਕੇ ਵਜ਼ੀਰਾਂ ਅਮੀਰਾਂ ਦੇ ਪੇਟ ਵਿਚ ਹੱਸ ਹੱਸਕੇ ਕੜਵੱਲ ਪੈਣ ਲੱਗੇ, ਪਰ ਖ਼ਵਾਜਾ ਸਰਾਂ ਨੇ ਸ਼ਰਮਿੰਦਗੀ ਨਾਲ ਸਿਰ ਨੀਵਾਂ ਪਾ ਲਿਆ।

ਮੋਤੀਆਂ ਦੀ ਖੇਤੀ (ਪਿਆਰਾ ਸਿੰਘ ਦਾਤਾ)

ਇਕ ਵਾਰ ਵਜ਼ੀਰਾਂ ਅਮੀਰਾਂ ਨੇ ਅਕਬਰ ਦੇ ਖ਼ੂਬ ਕੰਨ ਭਰੇ, ਕਿ ਹਜ਼ੂਰ ਬੀਰਬਲ ਸ਼ਾਹੀ ਖਜ਼ਾਨੇ ਤੇ ਹੱਥ ਸਾਫ਼ ਕਰਦਾ ਹੈ, ਤੇ ਕਈ ਸ਼ਾਹੀ ਤੋਹਫ਼ੇ ਮਹੱਲ ਚੋਂ ਚੋਰੀ ਘਰ ਲਿਜਾਂਦਾ ਹੈ। ਬਾਦਸ਼ਾਹ ਨੇ ਕਿਹਾ, ਕਿ ਸਬੂਤ ਪੇਸ਼ ਕਰੋ। ਦੂਤੀਆਂ ਨੇ ਬੀਰਬਲ ਦੇ ਨੌਕਰ ਮੂਰਖੰਦਰ ਬਹਾਦਰ ਰਾਹੀਂ ਸ਼ਾਹੀ ਖਜ਼ਾਨੇ ਚੋਂ ਦੋ ਕੀਮਤੀ ਲਾਲ, ਪੰਜ ਕਸ਼ਮੀਰੀ ਦੁਸ਼ਾਲੇ, ਤੇ ਬਹੁਤ ਸਾਰੇ ਕੀਮਤੀ ਮੋਤੀ ਹੀਰੇ ਇਕ ਸੰਦੂਕ ਵਿਚ ਬੰਦ ਕਰਕੇ ਬੀਰਬਲ ਦੇ ਸੌਣ ਵਾਲੇ ਕਮਰੇ ਵਿਚ ਰਖਾ ਦਿੱਤੇ। ਬਾਦਸ਼ਾਹ ਨੂੰ ਖ਼ਬਰ ਦਿੱਤੀ ਕਿ ਹਜ਼ੂਰ ਅੱਜ ਰਾਤ ਨੂੰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਦੀ ਚੋਰੀ ਹੋ ਗਈ ਹੈ, ਤੇ ਖ਼ਵਾਜਾ ਸਰਾਂ ਨੇ ਬੀਰਬਲ ਨੂੰ ਇਕ ਸੰਦੂਕ ਲਿਜਾਂਦੇ ਵੇਖਿਆ ਹੈ। ਬਾਦਸ਼ਾਹ ਕੰਨਾਂ ਦੇ ਕੱਚੇ ਹੁੰਦੇ ਹਨ, ਸੋ ਅਕਬਰ ਨੇ ਬੀਰਬਲ ਨੂੰ ਫੜਨ ਲਈ ਸਿਪਾਹੀ ਭੇਜ ਦਿੱਤੇ। ਸਿਪਾਹੀ ਸੰਦੂਕ ਸਣੇ ਬੀਰਬਲ ਨੂੰ ਹਾਜ਼ਰ ਕਰ ਦਿੱਤਾ। ਬੀਰਬਲ ਹੈਰਾਨ ਪਰੇਸ਼ਾਨ ਸਿਰ ਝੁਕਾਈ ਖੜੋਤਾ ਰਿਹਾ, ਕਿਉਂਕਿ ਉਸ ਵਿਰੁੱਧ ਸਬੂਤ ਇਤਨਾ ਪੱਕਾ ਸੀ, ਕਿ ਉਹ ਉਸਦਾ ਖੰਡਨ ਨਹੀਂ ਸੀ ਕਰ ਸਕਦਾ। ਬਾਦਸ਼ਾਹ ਨੇ ਹੁਕਮ ਦਿੱਤਾ ਕਿ ਬੀਰਬਲ ਨੂੰ ਜੇਲ੍ਹ ਭੇਜ ਦਿੱਤਾ ਜਾਵੇ। ਸਿਪਾਹੀ ਹੁਕਮ ਦੀ ਪਾਲਣਾ ਕਰਨ ਹੀ ਵਾਲੇ ਸਨ ਕਿ ਬੀਰਬਲ ਦੀ ਪਤਨੀ ਦੌੜਦੀ ਦੌੜਦੀ ਆਈ। ਉਹ ਰੋ ਰੋ ਕੇ ਕਹਿਣ ਲੱਗੀ – “ਹਜ਼ੂਰ! ਮੇਰੇ ਪਤੀ ਦੀ ਜਾਨ ਬਖਸ਼ੀ ਕੀਤੀ ਜਾਵੇ। ਜੇ ਬੀਰਬਲ ਮਾਰ ਦਿੱਤਾ ਗਿਆ, ਤਾਂ ਦੁਨੀਆਂ ਤੋਂ ਮੋਤੀ ਹੀਰਿਆਂ ਦੀ ਪਾਲਕ ਮਿਟ ਜਾਏਗਾ”। “ਕੀ ਮਤਲਬ ?” ਬਾਦਸ਼ਾਹ ਨੇ ਪੁੱਛਿਆ। “ਹਜ਼ੂਰ! ਮੇਰੇ ਪਤੀ ਪਾਸ ਇਕ ਅਜਿਹਾ ਮਸਾਲਾ ਹੈ, ਜਿਸ ਨਾਲ ਇਹ ਹੀਰੇ ਮੋਤੀਆਂ ਦੀ ਫਸਲ ਉਗਾ ਸਕਦਾ ਹੈ, ਨਾ ਇਤਬਾਰ ਹੋਵੇ ਤਾਂ ਪਰਤਾ ਵੇਖੋ”। ਅਕਬਰ ਨੇ ਬੀਰਬਲ ਤੋਂ ਪੁੱਛਿਆ, “ਕਿਉਂ ਬਈ, ਇਹ ਠੀਕ ਗੱਲ ਹੈ?” “ਬਿਲਕੁਲ ਸੱਚ ਹੈ, ਹਜ਼ੂਰ!” ਬੀਰਬਲ ਨੇ ਉੱਤਰ ਦਿੱਤਾ, “ਪਰ ਇਸ ਕੰਮ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਹੀਰੇ ਮੋਤੀਆਂ ਲਈ ਯੋਗ ਜ਼ਮੀਨ ਦੀ ਪ੍ਰਵਾਨਗੀ ਦਿੱਤੀ ਜਾਵੇ”। ਬਾਦਸ਼ਾਹ ਨੇ ਕਿਹਾ – “ਮਨਜ਼ੂਰ ਹੈ, ਤੇ ਏਸੇ ਸ਼ਰਤ ਤੇ ਤੇਰੀ ਜਾਨ ਬਖਸ਼ੀ ਕਰ ਦਿੱਤੀ ਜਾਵੇਗੀ”। ਬੀਰਬਲ ਜਾਨ ਬਚਾ ਕੇ ਘਰ ਪੁੱਜਾ ਤੇ ਪਤਨੀ ਨਾਲ ਸਲਾਹ ਕਰ ਕੇ ਬਾਦਸ਼ਾਹ ਨੂੰ ਮੁਲਾਂ ਦੋ ਪਿਆਜ਼ਾ, ਖਾਨ ਖਾਨਾਂ ਆਦਿ ਉਨ੍ਹਾਂ ਵਜ਼ੀਰਾਂ ਅਮੀਰਾਂ ਦੀ ਸੂਚੀ ਦਿੱਤੀ, ਜਿਨ੍ਹਾਂ ਉਹਨੂੰ ਫਸਾਣ ਦੀ ਕੋਸ਼ਿਸ਼ ਕੀਤੀ ਸੀ। ਸੂਚੀ ਵਿਚ ਦਰਜ਼ ਸੀ, ਕਿ ਇਹਨਾਂ ਮਕਾਨਾਂ ਵਾਲੀ ਥਾਂ ਹੀਰੇ ਮੋਤੀਆਂ ਦੀ ਖੇਤੀ ਲਈ ਯੋਗ ਜ਼ਮੀਨ ਹੈ। ਬਾਦਸ਼ਾਹ ਦੀ ਪ੍ਰਵਾਨਗੀ ਤੇ ਬੀਰਬਲ ਨੇ ਉਹਨਾਂ ਸਾਰੇ ਮਕਾਨਾਂ ਨੂੰ ਢੁਆ ਕੇ ਉਨ੍ਹਾਂ ਤੇ ਹਲ ਫਿਰਾ ਦਿੱਤਾ, ਤੇ ਉਨ੍ਹਾਂ ਦੇ ਮਾਲਕਾਂ ਨੂੰ ਖੇਤ ਦੀਆਂ ਨੁੱਕਰਾਂ ਤੇ ਝੋਪੜੀਆਂ ਪਵਾ ਦਿੱਤੀਆਂ। ਦੂਜੇ ਦਿਨ ਭਰੇ ਦਰਬਾਰ ਵਿਚ ਬੀਰਬਲ ਪੁੱਜਾ, ਤੇ ਬੇਨਤੀ ਕੀਤੀ – “ਹਜ਼ੂਰ! ਖੇਤੀ ਤਿਆਰ ਹੈ, ਪਰ ਬੀਜ ਕਿਸੇ ਨੇਕ ਆਦਮੀ ਪਾਸੋਂ ਪਵਾਣਾ ਠੀਕ ਹੈ, ਮੈਂ ਤਾ ਚੋਰ ਹੋਇਆ, ਮੁਲਾਂ ਦੋ ਪਿਆਜ਼ਾ ਆਦਿ ਸਾਰੇ ਵਜ਼ੀਰ ਚੋਰ ਨਹੀਂ, ਇਸ ਲਈ ਉਹਨਾਂ ਤੋਂ ਬੀਜ ਪਵਾਓ ਜੇ ਉਹ  ਚੋਰ ਨਾ ਹੋਏ, ਤਾਂ ਮੋਤੀ ਉਗ ਪੈਣਗੇ, ਵਰਨਾ ਖੇਤੀ ਬੰਜਰ ਦੀ ਬੰਜਰ ਰਹੇਗੀ”। ਅਕਬਰ ਨੇ ਆਪਣੇ ਵਜ਼ੀਰਾਂ ਵੱਲ ਦੇਖਿਆ, ਪਰ ਕੋਈ ਵੀ ਇਸ ਕੰਮ ਲਈ ਤਿਆਰ ਨਾ ਹੋਇਆ। ਇਹ ਹਾਲ ਵੇਖ ਕੇ ਬੀਰਬਲ ਕਹਿਣ ਲੱਗਾ, “ਹਜ਼ੂਰ! ਇਹ ਵੀ ਚੋਰ ਹੀ ਜਾਪਦੇ ਹਨ, ਨਹੀਂ ਤਾਂ ਮੋਤੀ ਬੀਜਣ ਤੋਂ ਕਿਉਂ ਕਤਰਾਉਣ?” ਅਕਬਰ ਬਾਦਸ਼ਾਹ ਨੂੰ ਸਾਰੀ ਗੱਲ ਸਮਝ ਆ ਗਈ। ਉਸ ਨੇ ਵਜ਼ੀਰਾਂ ਨੂੰ ਡਾਂਟ ਕੇ ਪੁੱਛਿਆ, “ਠੀਕ ਠੀਕ ਦੱਸੋ, ਇਹ ਕੀ ਗੱਲ ਹੈ, ਵਰਨਾ ਸਾਰਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ”। ਮੁਲਾਂ ਦੋ ਪਿਆਜ਼ਾ ਨੇ ਜਦ ਸਾਰੀ ਕਥਾ ਸੁਣਾਈ, ਕਿ ਬੀਰਬਲ ਨੇ ਚੋਰੀ ਨਹੀਂ ਸੀ ਕੀਤੀ, ਸਗੋਂ ਉਸਨੂੰ ਫਸਾਇਆ ਗਿਆ ਸੀ, ਤਾਂ ਬੀਰਬਲ ਤੇ ਦੂਤੀਆਂ ਤੇ ਤਕੜੇ ਜੁਰਮਾਨੇ ਹੋਏ, ਅਰ ਬੀਰਬਲ ਨੂੰ ਭਾਰੀ ਇਨਾਮ ਦਿੱਤਾ ਗਿਆ।

ਹੀਰਿਆਂ ਦੀ ਚੋਰੀ (ਪਿਆਰਾ ਸਿੰਘ ਦਾਤਾ)

ਇਕ ਦਿਨ ਸ਼ਾਹੀ ਮਹੱਲ ਚੋਂ ਬਹੁਤ ਸਾਰੇ ਕੀਮਤੀ ਹੀਰੇ ਚੁਰਾਏ ਗਏ। ਸਵੇਰੇ ਬਾਦਸ਼ਾਹ ਨੇ ਸਾਰੀ ਗਲ ਬੀਰਬਲ ਨੂੰ ਸੁਣਾਈ। ਬੀਰਬਲ ਨੇ ਸਭ ਨੌਕਰਾਂ ਨੂੰ ਬੁਲਾਇਆ, ਤੇ ਬਾਦਸ਼ਾਹ ਨੂੰ ਕਹਿਣ ਲੱਗਾ – “ਹਜ਼ੂਰ! ਜਿਸ ਜੋਤਸ਼ੀ ਵਲ ਤੁਸੀਂ ਘੱਲਿਆ ਸੀ, ਉਸ ਦੱਸਿਆ ਹੈ, ਕਿ ਜਿਸ ਨੇ ਹੀਰੇ ਚੁਰਾਏ ਹਨ, ਉਹਦੀ ਦਾੜ੍ਹੀ ਵਿਚ ਤੀਲਾ ਹੋਵੇਗਾ”। ਝੱਟ ਇਕ ਨੌਕਰ ਨੇ ਆਪਣੀ ਦਾੜ੍ਹੀ ਤੇ ਹੱਥ ਮਾਰਿਆ। ਬੀਰਬਲ ਨੇ ਉਸ ਨੂੰ ਫੜ੍ਹ ਲਿਆ। ਉਸਦੇ ਘਰ ਦੀ ਤਲਾਸ਼ੀ ਤੇ ਸਾਰੇ ਗੁੰਮ ਹੋਏ ਹੀਰੇ ਲੱਭ ਪਏ। ਸ਼ਾਹੀ ਦੰਡ ਦੇ ਕੇ ਚੋਰ ਨੂੰ ਨੌਕਰੀਉਂ ਜਵਾਬ ਮਿਲ ਗਿਆ। ਅਗਲੇ ਸਾਲ ਫਿਰ ਕੀਮਤੀ ਹੀਰੇ ਚੋਰੀ ਹੋ ਗਏ। ਬੀਰਬਲ ਨੂੰ ਬੁਲਾਇਆ ਗਿਆ। ਉਸਨੇ ਸਾਰੇ ਨੌਕਰਾਂ ਨੂੰ ਇਕ ਸੋਟੀ ਦੇ ਕੇ ਕਿਹਾ – “ਜੋਤਸ਼ੀ ਨੇ ਦੱਸਿਆ ਹੈ, ਹਜ਼ੂਰ! ਚੋਰ ਦੀ ਸੋਟੀ ਰਾਤ ਨੂੰ ਇਕ ਗਿੱਠ ਲੰਮੀ ਹੋ ਜਾਵੇਗੀ, ਸਵੇਰੇ ਵੇਖਾਂਗੇ, ਜਿਸ ਦੀ ਸੋਟੀ ਬਾਕੀਆਂ ਨਾਲੋਂ ਲੰਮੀ ਹੋਈ, ਉਹੀ ਚੋਰ ਹੋਵੇਗਾ”। ਇਹ ਆਖ ਕੇ ਉਸ ਨੇ ਸਾਰੇ ਨੌਕਰਾਂ ਨੂੰ ਸੋਟੀ ਤੇ ਚਾਕੂ ਦੇ ਕੇ ਵਖ ਵਖ ਕਮਰਿਆਂ ਵਿਚ ਡਕ ਦਿੱਤਾ। ਚੋਰ ਨੇ ਸੋਚਿਆ ਕਿ ਉਸ ਦੀ ਸੋਟੀ ਜ਼ਰੂਰ ਬਾਕੀਆਂ ਨਾਲੋਂ ਵੱਡੀ ਹੋ ਜਾਵੇਗੀ, ਤੇ ਉਹ ਪਕੜਿਆ ਜਾਵੇਗਾ, ਸੋ ਉਸ ਨੇ ਚਾਕੂ ਨਾਲ ਇਕ ਗਿੱਠ ਸੋਟੀ ਕੱਟ ਦਿੱਤੀ। ਸਵੇਰ ਸਾਰ ਸਾਰੇ ਨੌਕਰਾਂ ਤੋਂ ਸੋਟੀਆਂ ਮੰਗਾਈਆਂ ਗਈਆਂ, ਤਾਂ ਚੋਰ ਦੀ ਸੋਟੀ ਕਟੀ ਹੋਈ ਸੀ, ਸੋ ਉਹ ਫੜ ਲਿਆ ਗਿਆ। ਇਸ ਤਰ੍ਹਾਂ ਸਾਰੇ ਚੋਰੀ ਕੀਤੇ ਹੀਰੇ ਉਸ ਦੇ ਘਰੋਂ ਨਿਕਲ ਆਏ।

ਸ਼ਾਹੀ ਹਕੀਮ (ਪਿਆਰਾ ਸਿੰਘ ਦਾਤਾ)

ਅਕਬਰ ਨੇ ਬੰਗਾਲ ਦੀ ਮੁਹਿੰਮ ਤੇ ਬਾਗ਼ੀਆਂ ਦੀ ਸਿਰਕੋਬੀ ਲਈ ਬੀਰਬਲ ਨੂੰ ਘੱਲਿਆ। ਬਾਗੀਆਂ ਨਾਲ ਲੜਾਈ ਸ਼ੁਰੂ ਹੋਣ ਵਾਲੀ ਸੀ, ਕਿ ਬੀਰਬਲ ਬੀਮਾਰ ਪੈ ਗਿਆ। ਉਸਦਾ ਪੇਟ ਪੱਥਰ ਵਾਂਗ ਸਖ਼ਤ ਹੋ ਗਿਆ, ਤੇ ਖਾਣਾ ਪੀਣਾ ਹਜ਼ਮ ਹੋਣੋਂ ਰਹਿ ਗਿਆ। ਉਸਨੂੰ ਸਖ਼ਤ ਤਰ੍ਹਾਂ ਦੀ ਕਬਜ਼ੀ ਹੋ ਗਈ। ਨਾਲ ਦੇ ਪਿੰਡ ਵਿਚ ਸੁਲਤਾਨ ਨਾਂ ਦਾ ਇਕ ਨੀਮ ਹਕੀਮ ਰਹਿੰਦਾ ਸੀ। ਸਿਪਾਹੀ ਉਸਨੂੰ ਫੜ੍ਹ ਲਿਆਏ। ਉਸ ਨੇ ਆਂਦਿਆਂ ਸਾਰ ਬੀਰਬਲ ਦੀ ਨਬਜ਼ ਵੇਖੀ, ਤਾਂ ਕਹਿਣ ਲੱਗਾ, ਕਿ ਗਰਮ ਪਾਣੀ ਨਾਲ ਹਰਡਾਂ ਪੀਹ ਕੇ ਪਿਲਾਓ, ਫ਼ੋਰਨ ਆਰਾਮ ਆ ਜਾਵੇਗਾ। ਹਰਡਾਂ ਪੀਹ ਕੇ ਗਰਮ ਪਾਣੀ ਨਾਲ ਪਿਲਾਈਆਂ ਗਈਆਂ, ਤਾਂ ਬੀਰਬਲ ਦਾ ਪੇਟ ਸਾਫ਼ ਹੋ ਗਿਆ, ਤੇ ਦੋਹਾਂ ਦਿਨਾਂ ਵਿਚ ਉਸਦੀ ਤਬੀਅਤ ਨੌ ਬਰ ਨੌ ਹੋ ਗਈ। ਬੀਰਬਲ ਦਾ ਸੁਲਤਾਨ ਤੇ ਇੰਨਾਂ ਵਿਸ਼ਵਾਸ ਹੋ ਗਿਆ ਕਿ ਉਸ ਨੇ ਆਪਣੀ ਫੌਜ ਦੇ ਦੋ ਹਿੱਸੇ ਕਰ ਦਿੱਤੇ। ਇਕ ਦੀ ਕਮਾਨ ਆਪਣੇ ਹੱਥ, ਅਰ ਦੂਜੇ ਹਿੱਸੇ ਦੀ ਸੁਲਤਾਨੇ ਦੇ ਹੱਥ ਸੌਂਪ ਦਿੱਤੀ। ਦੋਵੇਂ ਫੌਜਾਂ ਦੁਸ਼ਮਣ ਵਲ ਦੋ ਵੱਖ-ਵੱਖ ਪਾਸਿਆਂ ਤੋਂ ਅੱਗੇ ਵਧੀਆਂ। ਸੁਲਤਾਨਾ ਹਕੀਮ ਕੋਈ ਜਰਨੈਲ ਨਹੀਂ ਸੀ, ਕਿਸਮਤ ਨੇ ਉਸਨੂੰ ਪਿੰਡ ਦੀ ਗੁਮਨਾਮ ਧਰਤੀ ਤੋਂ ਉਠਾ ਕੇ ਜਰਨੈਲੀ ਦੀ ਕੁਰਸੀ ਤੇ ਬਿਠਾ ਦਿੱਤਾ। ਉਹ ਚੰਗੀ ਤਰ੍ਹਾਂ ਜਾਣਦਾ ਸੀ, ਕਿ ਫੌਜ ਦੀ ਜਰਨੈਲੀ ਉਸ ਦੇ ਵਸ ਦਾ ਰੋਗ ਨਹੀਂ ਹੈ, ਪਰ ਰਬ ਤੇ ਡੋਰੀ ਸੁੱਟਕੇ ਫੌਜ ਨੂੰ ਬਾਗੀਆਂ ਦੇ ਮੋਰਚੇ ਦੇ ਨੇੜੇ ਹੀ ਇਕ ਮੈਦਾਨ ਵਿਚ ਡੇਰੇ ਲਾਣ ਦਾ ਹੁਕਮ ਦਿੱਤਾ। ਦੇਸੋਂ ਪ੍ਰਦੇਸ, ਤੇ ਖੁਰਾਕ ਅੱਛੀ ਤੇ ਵਕਤ ਸਿਰ ਨਾ ਮਿਲਣ ਕਰ ਕੇ ਸੁਲਤਾਨੇ ਹਕੀਮ ਵਾਲੀ ਫੌਜ ਦੇ ਬਹੁਤ ਸਾਰੇ ਸਿਪਾਹੀ ਬੀਮਾਰ ਪੈ ਗਏ। ਹਕੀਮ ਨੇ ਅਫਸਰਾਂ ਨੂੰ ਹੁਕਮ ਦਿੱਤਾ, ਸਭ ਸਿਪਾਹੀਆਂ ਨੂੰ ਗਰਮ ਪਾਣੀ ਨਾਲ ਹਰਡਾਂ ਪੀਹ ਕੇ ਪਿਲਾਓ। ਸਾਰੇ ਸਿਪਾਹੀਆਂ ਨੂੰ ਹਰਡਾਂ ਦਾ ਪੀਸਾ ਮਿਲਣਾ ਸ਼ੁਰੂ ਹੋ ਗਿਆ, ਤੇ ਸਾਰਿਆਂ ਨੂੰ ਜੁਲਾਬ ਲੱਗ ਗਏ। ਉਧਰ ਜਰਨੈਲ ਦਾ ਹੁਕਮ ਸੀ, ਕਿ ਜਦ ਤੀਕ ਇਹ ਬੀਮਾਰੀ ਪਿੱਛਾ ਨਾ ਛੱਡ ਜਾਵੇ, ਦਵਾਈ ਬਰਾਬਰ ਜਾਰੀ ਰਹੇ। ਨਤੀਜਾ ਇਹ ਨਿਕਲਿਆ ਕਿ ਸਾਹਮਣੇ ਵਾਲਾ ਮੈਦਾਨ ਫੌਜਾਂ ਦੇ ਜੁਲਾਬਾਂ ਨਾਲ ਭਰ ਗਿਆ। ਦੂਜੇ ਦਿਨ ਸਵੇਰੇ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੁਲਤਾਨੇ ਨੇ ਆਪਣੀਆਂ ਫੌਜਾਂ ਨੂੰ ਦੁਸ਼ਮਣ ਤੋਂ ਪਿੱਛੇ ਹਟਣ ਦਾ ਹੁਕਮ ਦਿੱਤਾ। ਦੁਸ਼ਮਣ ਵਧਦਾ ਵਧਦਾ ਉਸੇ ਮੈਦਾਨ ਵਿਚ ਆ ਪੁੱਜਾ, ਜਿਥੇ ਸੁਲਤਾਨੇ ਦੇ ਸਿਪਾਹੀਆਂ ਨੇ ਦਸਤਾਂ ਨਾਲ ਟੋਏ ਟਿੱਬੇ ਸਭ ਭਰ ਦਿੱਤੇ ਸਨ। ਦੁਸ਼ਮਣ ਹੋਰ ਅੱਗੇ ਵਧਿਆ ਤੇ ਉਨ੍ਹਾਂ ਦੇ ਸਾਰੇ ਸਿਪਾਹੀਆਂ ਦੇ ਪੈਰ ਤਿਲਕਣ ਲੱਗ ਪਏ। ਹਥਿਆਰ ਡਿੱਗ ਪਏ, ਨੰਗੀਆਂ ਤਲਵਾਰਾਂ ਨਾਲ ਉਨ੍ਹਾਂ ਦੇ ਆਪਣੇ ਹਜ਼ਾਰਾਂ ਆਦਮੀ ਜ਼ਖ਼ਮੀ ਹੋ ਗਏ। ਦੁਸ਼ਮਣ ਨੇ ਆਪਣੀ ਇੰਨੀਂ ਦਰਦਨਾਕ ਤੇ ਤਰਸਯੋਗ ਹਾਲਤ ਡਿੱਠਾ ਤਾਂ ਬਚੇ ਖੁਚੇ ਸਿਪਾਹੀ ਜਿਧਰ ਮੂੰਹ ਆਇਆ ਨੱਠ ਉੱਠੇ। ਇਸ ਤਰ੍ਹਾਂ ਸਮੁੱਚਾ ਮੈਦਾਨ ਸੁਲਤਾਨੇ ਜਰਨੈਲ ਦੇ ਹੱਥ ਆ ਗਿਆ। ਜਦੋਂ ਬੀਰਬਲ ਦੀ ਫੌਜ ਮੈਦਾਨ ਨੇੜੇ ਪਹੁੰਚੀ, ਤਾਂ ਦੁਸ਼ਮਣ ਆਪਣਾ ਲਟਾ ਪਟਾ ਗਵਾਕੇ ਤੇ ਮੈਦਾਨ ਛੱਡ ਕੇ ਜਾ ਚੁੱਕਾ ਸੀ। ਇਸ ਪ੍ਰਕਾਰ ਇਸ ਮੁਹਿੰਮ ਦੀ ਜਿੱਤ ਦਾ ਸੇਹਰਾ ਹਕੀਮ ਸੁਲਤਾਨ ਸ਼ਾਹ ਦੇ ਸਿਰ ਤੇ ਰਿਹਾ, ਉਸ ਨੂੰ ਆਪਣੀ ਕਾਰਸਾਜ਼ੀ ਦਾ ਤਕੜਾ ਇਨਾਮ ਅਕਬਰ ਦੇ ਦਰਬਾਰੋਂ ਮਿਲਿਆ। ਹਕੀਮ ਸੁਲਤਾਨ ਸ਼ਾਹ ਤੇ ਅਕਬਰ ਇੰਨਾਂ ਖੁਸ਼ ਹੋਇਆ ਕਿ ਉਸਦੀ ਜਾਗੀਰ ਨਾਂ ਲਾ ਦਿੱਤੀ, ਤੇ ਵਜ਼ੀਰੀ ਦਾ ਅਹੁਦਾ ਪ੍ਰਦਾਨ ਕੀਤਾ। ਹੁਣ ਸੁਲਤਾਨੇ ਦਾ ਨਾਂ ‘ਬਾਦਸ਼ਾਹੀ ਹਕੀਮ ਸੁਲਤਾਨ ਸ਼ਾਹ’ ਕਰ ਕੇ ਪ੍ਰਸਿੱਧ ਹੋ ਗਿਆ, ਤੇ ਉਹ ਬੜੇ ਠਾਠ ਨਾਲ ਸ਼ਹਿਰ ਵਿਚ ਹਿਕਮਤ ਚਲਾਣ ਲੱਗ ਪਿਆ।  ਕੁਝ ਚਿਰ ਪਿੱਛੋਂ ਇਕ ਦਿਨ ਜਦ ਸਾਰੇ ਵਜ਼ੀਰ ਅਮੀਰ ਬਾਦਸ਼ਾਹ ਨਾਲ ਕਬਰਿਸਤਾਨ ਕੋਲੋਂ ਲੰਘੇ, ਤਾਂ ਹਕੀਮ ਨੇ ਆਪਣੇ ਮੂੰਹ ਤੇ ਕੱਪੜਾ ਪਾ ਲਿਆ।  ਬਾਦਸ਼ਾਹ ਦੇ ਪੁੱਛਣ ਤੇ ਉਹ ਕਹਿਣ ਲੱਗਾ – “ਹਜ਼ੂਰ ਇਨ੍ਹਾਂ ਕਬਰਾਂ ਵਿਚ ਸੁੱਤੇ ਹਜ਼ਾਰਾਂ ਆਦਮੀ ਮੇਰੀ ਜਾਨ ਨੂੰ ਰੋ ਰਹੇ ਹਨ, ਕਿਉਂਕਿ ਮੈਂ ਹੀ ਇਹਨਾਂ ਦਾ ਸ਼ਾਹੀ ਇਲਾਜ ਕੀਤਾ ਸੀ। ਸਮਝ ਨਹੀਂ ਪੈਂਦੀ, ਕਿ ਇਨ੍ਹਾਂ ਲੋਕਾਂ ਨੂੰ ਕੋਸੇ ਪਾਣੀ ਨਾਲ ਹਰਡਾਂ ਕਿਉਂ ਨਹੀਂ ਪਚਦੀਆਂ, ਤੇ ਘੜੀਆਂ ਪਲਾਂ ਵਿਚ ਹੀ ਕਿਓਂ ਪਾਰ ਬੋਲ ਜਾਂਦੇ ਹਨ?”

ਅਣਖੀ ਮਨੁੱਖ (ਪਿਆਰਾ ਸਿੰਘ ਦਾਤਾ)

ਅਕਬਰ ਨੇ ਆਪਣੀ ਇਕ ਤਕੜੀ ਫੌਜੀ-ਜਿੱਤ ਪਿਛੋਂ ਸ਼ਾਹੀ ਮਹੱਲਾਂ ਦੇ ਨੇੜੇ ਹੀ ਲੰਗਰ ਜਾਰੀ ਕਰ ਦਿੱਤਾ, ਜਿਥੇ ਹਰ ਲੋੜਵੰਦ ਮੁਫ਼ਤ ਰੋਟੀ ਖਾਂਦਾ ਸੀ। ਇਸ ਤਰ੍ਹਾਂ ਇਹ ਲੰਗਰ ਕਈ ਦਿਨ ਜਾਰੀ ਰਿਹਾ। ਇਕ ਦਿਨ ਅਕਬਰ ਤੇ ਉਸਦੇ ਦਰਬਾਰੀ ਸੈਰ ਕਰਦਿਆਂ ਲੰਗਰ ਕੋਲੋਂ ਲੰਘੇ। ਕਈ ਚੰਗੇ ਰਜੇ ਪੁੱਜੇ ਵੀ ਮੁਫ਼ਤ ਦੀਆਂ ਰੋਟੀਆਂ ਤੋੜ ਰਹੇ ਸਨ। ਉਨ੍ਹਾਂ ਨੂੰ ਇਸ ਤਰ੍ਹਾਂ ਕਰਦਿਆਂ ਵੇਖ ਕੇ ਅਕਬਰ ਨੇ ਬੀਰਬਲ ਨੂੰ ਪੁੱਛਿਆ – “ਬੀਰਬਲ ਅਣਖੀ ਆਦਮੀ ਦੀ ਕੀ ਪਛਾਣ ਹੈ?” ਬੀਰਬਲ – “ਹਜ਼ੂਰ! ਅਣਖ ਵਾਲੇ ਆਦਮੀ ਦੀ ਪਛਾਣ ਇਹ ਹੈ ਕਿ ਉਸ ਨੂੰ ਆਪਣੀਆਂ ਬਾਂਹਾਂ ਦੀ ਸ਼ਕਤੀ ਤੇ ਮਾਣ ਹੁੰਦਾ ਹੈ, ਤੇ ਉਹ ਆਪਣੀ ਹਕ ਹਲਾਲ ਦੀ ਕਮਾਈ ਤੇ ਸੰਤੁਸ਼ਟ ਰਹਿੰਦਾ ਹੈ। ਉਹ ਦੂਜਿਆਂ ਦੇ ਹੱਥਾਂ ਵੱਲ ਨਹੀਂ ਵੇਖਦਾ, ਸਗੋਂ ਆਪਣੀ ਕਮਾਈ ਚੋਂ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ”। ਅਕਬਰ ਨੇ ਕਿਹਾ – “ਇਸਦੀ ਪ੍ਰੌੜਤਾ ਵਿਚ ਕੋਈ ਸਬੂਤ?” ਬੀਰਬਲ ਹਾਲੀਂ ਸੋਚ ਹੀ ਰਿਹਾ ਸੀ ਕਿ ਉਨ੍ਹਾਂ ਨੇ ਨੇੜੇ ਹੀ ਇਕ ਬੁੱਢੇ ਆਦਮੀ ਨੂੰ ਘਾਹ ਖੋਦਦਿਆਂ ਵੇਖਿਆ। ਉਹ ਵਿਚਾਰਾ ਸਵੇਰ ਤੋਂ ਸ਼ਾਮ ਤੀਕ ਘਾਹ ਖੋਦ ਰਿਹਾ ਸੀ। ਕਪੜੇ ਉਸ ਦੇ ਫਟ ਕੇ ਲੀਰਾਂ ਹੋ ਗਏ ਸਨ, ਤੇ ਸਰੀਰ ਮੁੜ੍ਹਕੋ ਮੁੜ੍ਹਕੀ ਸੀ। ਬੀਰਬਲ ਨੇ ਉਸ ਤੋਂ ਪੁੱਛਿਆ – “ਭਲਿਆ ਲੋਕਾ! ਤੂੰ ਇੰਨੀਂ ਕਠਨ ਮਿਹਨਤ ਕਿਉਂ ਕਰ ਰਿਹਾ ਏਂ, ਜਦ ਕਿ ਤੇਰੇ ਨੇੜੇ ਹੀ ਕਈ ਦਿਨਾਂ ਤੋਂ ਮੁਫ਼ਤ ਦਾ ਸ਼ਾਹੀ ਲੰਗਰ ਜਾਰੀ ਹੈ, ਤੇ ਸਭ ਵੱਡੇ ਛੋਟੇ, ਅਮੀਰ ਗਰੀਬ ਉਥੋਂ ਭੋਜਨ ਖਾ ਰਹੇ ਹਨ”। ਬੁੱਢਾ ਬੋਲਿਆ – “ਸਰਕਾਰ! ਆਪਣੀ ਕਿਰਤ ਕਰਕੇ ਰੋਟੀ ਖਾਣ ਵਿਚ ਸ਼ਾਹੀ ਭੋਜਨ ਨਾਲੋਂ ਵਧੇਰੇ ਸਵਾਦ ਹੈ। ਜਦ ਤੀਕ ਇਸ ਸਰੀਰ ਵਿਚ ਜਾਨ ਹੈ, ਹਕ ਹਲਾਲ ਦੀ ਕਿਰਤ ਕਮਾਈ ਕਰ ਕੇ ਖਾਵਾਂਗਾ। ਜਿਹੜੇ ਲੋਕ ਦੂਜਿਆਂ ਦੇ ਹੱਥਾਂ ਵੱਲ ਵੇਖਦੇ ਹਨ, ਉਹ ਜ਼ਿੰਦਗੀ ਦੀਆਂ ਕਠਿਨਾਈਆਂ ਤੋਂ ਡਰਣ ਵਾਲੇ ਬੁਜ਼ਦਿਲ, ਬੇ-ਗ਼ੈਰਤ, ਤੇ ਮੁਫ਼ਤ ਖੋਰੇ ਹੁੰਦੇ ਹਨ। ਮੈਂ ਅਜਿਹੇ ਜੀਵਨ ਨਾਲੋਂ ਮੌਤ ਨੂੰ ਚੰਗਾ ਸਮਝਦਾ ਹਾਂ”।  ਬੀਰਬਲ ਨੇ ਕਿਹਾ – “ਹਜ਼ੂਰ! ਇਹ ਹੈ ਹਿੰਮਤ ਵਾਲੇ ਤੇ ਅਣਖੀ ਮਨੁੱਖਾਂ ਦੀ ਜੀਂਦੀ ਜਾਗਦੀ ਤਸਵੀਰ”। ਅਕਬਰ ਬਾਦਸ਼ਾਹ ਉਸ ਬੁੱਢੇ ਤੇ ਬੜਾ ਮਿਹਰਬਾਨ ਹੋਇਆ ਤੇ ਕਹਿਣ ਲੱਗਾ – “ਅਸੀਂ ਤੇਰੇ ਤੇ ਬੜੇ ਖੁਸ਼ ਹਾਂ, ਮੰਗ ਜੋ ਕੁਝ ਮੰਗਣਾ ਈ”। ਬੁੱਢਾ ਚੁੱਪ ਹੋ ਗਿਆ, ਮੁਲਾਂ ਨੇ ਉਸ ਦੀ ਚੁੱਪ ਤੋੜਦਿਆਂ ਹੋਇਆਂ ਕਿਹਾ –“ਬਜ਼ੁਰਗਾ! ਬਾਦਸ਼ਾਹ ਸਲਾਮਤ ਅੱਜ ਤੇਰੇ ਤੇ ਨਿਹਾਲ ਹਨ, ਮੂੰਹ ਮੰਗੀਆਂ ਮੁਰਾਦਾਂ ਪਾਵੇਂਗਾ, ਬੋਲ ਛੇਤੀ ਕਰ”। ਬੁੱਢੇ ਨੇ ਅਸਮਾਨ ਵਲ ਹੱਥ ਕਰ ਕੇ ਕਿਹਾ – “ਮਿਹਰਬਾਨੋ! ਉਹ ਉਪਰ ਨੀਲੀ ਛਤਰੀ ਵਾਲਾ ਇਸ ਤੋਂ ਵੀ ਵੱਡਾ ਬਾਦਸ਼ਾਹ ਏ, ਜਿਸ ਦੇ ਦਰਬਾਰ ਚੋਂ ਕਈ ਵੱਡੇ ਵੱਡੇ ਬਾਦਸ਼ਾਹ ਮੰਗਾਂ ਮੰਗਦੇ ਹਨ, ਮੈਂ ਜੋ ਕੁਝ ਮੰਗਣਾ ਹੋਇਆ, ਉਸ ਦਾਤੇ ਤੋਂ ਹੀ ਮੰਗਾਂਗਾ, ਕਿਉਂਕਿ – ਦਾਤਾ ਉਹ ਨ ਮੰਗੀਏ, ਮੁੜ ਮੰਗਣ ਜਾਈਏ”। ਬੁੱਢੇ ਦੇ ਇਹ ਸੁਨਹਿਰੀ ਕਥਨ ਸੁਣ ਕੇ ਅਕਬਰ ਤੇ ਬਾਕੀ ਦੇ ਦਰਬਾਰੀ ਬੜੇ ਪ੍ਰਸੰਨ ਹੋਏ, ਤੇ ਉਸ ਨੂੰ ਸਲਾਮ ਕਰ ਕੇ ਅੱਗੇ ਤੁਰ ਪਏ।

ਸਿਆਣਾ ਕੌਣ? (ਪਿਆਰਾ ਸਿੰਘ ਦਾਤਾ)

ਜਦ ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਬੀਰਬਲ ਦੀ ਸਿਆਣਪ ਦਾ ਸਿੱਕਾ ਚੰਗੀ ਤਰ੍ਹਾਂ ਜੰਮ ਗਿਆ, ਤਾਂ ਕਈ ਦਰਬਾਰੀ ਉਸ ਤੋਂ ਖਾਰ ਖਾਣ ਲੱਗ ਪਏ। ਇਕ ਦਿਨ ਮੁੱਲਾ-ਦੋ-ਪਿਆਜ਼ਾ ਨੇ ਇਕ ਵਜ਼ੀਰ ਨੂੰ ਸਿਖਾ ਕੇ ਬਾਦਸ਼ਾਹ ਨੂੰ ਅਖਵਾਇਆ – “ਹਜ਼ੂਰ! ਮੁੱਲਾ-ਦੋ-ਪਿਆਜ਼ਾ ਸਿਆਣਪ ਵਿਚ ਬੀਰਬਲ ਤੋਂ ਕਿਸੇ ਤਰ੍ਹਾਂ ਵੀ ਘਟ ਨਹੀਂ, ਇਸ ਲਈ ਉਸਦਾ ਰੁਤਬਾ ਬੀਰਬਲ ਤੋਂ ਨੀਵਾਂ ਨਹੀਂ ਹੋਣਾ ਚਾਹੀਦਾ”। ਬਾਦਸ਼ਾਹ ਸਮਝ ਗਿਆ, ਕਿ ਇਹ ਲੋਕ ਬੀਰਬਲ ਨਾਲ ਦਿਲੋਂ ਖਾਰ ਖਾਂਦੇ ਹਨ। ਉਸ ਵੇਲੇ ਦੂਰ ਸਾਰੇ ਇਕ ਉਠਾਂ ਦੀ ਕਤਾਰ ਜਾ ਰਹੀ ਸੀ। ਅਕਬਰ ਨੇ ਵਾਰੋ ਵਾਰੀ ਮੁੱਲਾ-ਦੋ-ਪਿਆਜ਼ਾ ਤੇ ਬੀਰਬਲ ਨੂੰ ਭੇਜਿਆ ਕਿ ਪਤਾ ਕਰ ਆਉਣ, ਉਠਾਂ ਤੇ ਕੀ ਲੱਦਿਆ ਹੋਇਆ ਹੈ? ਜਦ ਦੋਵੇਂ ਵਾਪਿਸ ਆਏ, ਤਾਂ ਪਹਿਲਾਂ ਮੁਲਾਂ ਨੇ ਅਕਬਰ ਨੂੰ ਦੱਸਿਆ, ਕਿ ਜਨਾਬ ਉਠਾਂ ਤੇ ਰੂੰ ਲੱਦੀ ਹੋਈ ਹੈ। ਬਾਦਸ਼ਾਹ ਨੇ ਪੁੱਛਿਆ – “ਉਠ ਕਿਥੇ ਜਾ ਰਹੇ ਹਨ ਤੇ ਕਿਥੋਂ ਆਏ ਹਨ?” ਮੁਲਾਂ – “ਹਜ਼ੂਰ! ਇਹ ਕੁਝ ਪੁੱਛਣ ਲਈ ਤਾਂ ਤੁਸੀਂ ਕਿਹਾ ਹੀ ਨਹੀਂ ਸੀ”। ਫਿਰ ਬੀਰਬਲ ਦੀ ਵਾਰੀ ਆਈ। ਬੀਰਬਲ ਕਹਿਣ ਲੱਗਾ – “ਸਰਕਾਰ, ਕੁਲ ਬਾਰਾਂ ਉਠ ਹਨ ਤੇ ਤਿੰਨ ਉਠ ਬਾਨ। ਮਥਰਾ ਤੋਂ ਉਠ ਆਗਰੇ ਰੂੰ ਵੇਚਣ ਜਾ ਰਹੇ ਹਨ। ਅਜ ਰਾਤ ਨੂੰ ਟਿਕਾਣੇ ਜਾ ਪੁੱਜਣਗੇ, ਤੇ ਕੱਲ ਵੇਚ ਕੇ ਘਰ ਪਰਤ ਜਾਣਗੇ। ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਤਿੰਨਾਂ ਭਰਾਵਾਂ ਨੂੰ ਸੌ ਰੁਪਿਆ ਇਕ ਫੇਰਾ ਬਚ ਜਾਂਦਾ ਹੈ, ਤੇ ਮਹੀਨੇ ਵਿਚ ਤਿੰਨ ਫੇਰੇ ਇਹ ਕਰਦੇ ਹਨ”। ਬਾਦਸ਼ਾਹ ਇਹ ਉੱਤਰ ਸੁਣ ਕੇ ਬੜਾ ਪ੍ਰਸੰਨ ਹੋਇਆ, ਤੇ ਫਿਰ ਸਾਰੇ ਦਰਬਾਰੀਆਂ ਸਾਹਮਣੇ ਉਸ ਨੇ ਇਕ ਲਕੀਰ ਖਿੱਚੀ, ਤੇ ਕਹਿਣ ਲੱਗਾ – “ਇਸ ਲਾਈਨ ਨੂੰ ਹੱਥ ਨਾ ਲਾਇਓ, ਪਰ ਇਸ ਨੂੰ ਛੋਟੀ ਕਰ ਕੇ ਵਿਖਾਓ”। ਸਾਰੇ ਸੋਚੀਂ ਪੈ ਗਏ, ਤੇ ਉੱਤਰ ਕਿਸੇ ਨੂੰ ਅਹੁੜੇ ਹੀ ਨਾ। ਬਾਦਸ਼ਾਹ ਨੇ ਬੀਰਬਲ ਵੱਲ ਇਸ਼ਾਰਾ ਕੀਤਾ। ਬੀਰਬਲ ਨੇ ਉਸ ਲਕੀਰ ਦੇ ਸਾਹਮਣੇ ਇਕ ਵੱਡੀ ਲਕੀਰ ਪਾ ਦਿੱਤੀ ਤੇ ਬਾਦਸ਼ਾਹ ਨੂੰ ਕਹਿਣ ਲੱਗਾ – “ਜਨਾਬ! ਹੁਣ ਵੇਖੋ, ਆਪ ਵਾਲੀ ਲਕੀਰ ਛੋਟੀ ਹੋ ਗਈ ਹੈ”। ਬਾਦਸ਼ਾਹ ਉਸਦੀ ਸਿਆਣਪ ਤੇ ਬਹੁਤ ਖੁਸ਼ ਹੋਇਆ, ਤੇ ਕਹਿਣ ਲੱਗਾ – “ਅੱਜ ਦੇ ਦੋਹਾਂ ਇਮਤਿਹਾਨਾਂ ਸਮੇਂ ਤੁਸਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ  ਕਿ ਅਕਬਰ ਦੇ ਦਰਬਾਰ ਵਿਚ ਬੀਰਬਲ ਦੀ ਕਦਰ ਕਿਉਂ ਵਧੇਰੇ ਹੈ”। ਸਾਰੇ ਦਰਬਾਰੀ ਸ਼ਰਮਿੰਦੇ ਹੋ ਗਏ। ਇਸ ਪਿਛੋਂ ਦਰਬਾਰ ਵਿਚ ਕਿੰਨਾ ਚਿਰ ਖ਼ਾਮੋਸ਼ੀ ਛਾਈ ਰਹੀ, ਤੇ ਅਖ਼ੀਰ ਬਾਦਸ਼ਾਹ ਨੇ ਬੀਰਬਲ ਤੇ ਪ੍ਰਸ਼ਨ ਕੀਤਾ – “ਮੇਰੇ ਸਾਰੇ ਸਰੀਰ ਤੇ ਵਾਲ ਹਨ, ਪਰ ਹਥੇਲੀ ਤੇ ਨਹੀਂ ਹਨ, ਇਸ ਦਾ ਕਾਰਨ ਕੀ ਹੈ?” “ਹਜ਼ੂਰ! ਦਾਨ ਕਰਦਿਆਂ ਕਰਦਿਆਂ ਆਪ ਦੇ ਵਾਲ ਘਸ ਗਏ ਹਨ”। “ਤੇ ਜਿਹੜੇ ਦਾਨ ਨਹੀਂ ਕਰਦੇ, ਉਨ੍ਹਾਂ ਦੇ ਵਾਲ ਕਿਉਂ ਨਹੀਂ ਹੁੰਦੇ?” “ਸਰਕਾਰ! ਉਨ੍ਹਾਂ ਦੇ ਦਾਨ ਲੈਂਦਿਆਂ ਲੈਂਦਿਆਂ ਘਸ ਜਾਂਦੇ ਹਨ”। “ਤੇ ਜਿਹੜੇ ਨਾ ਦਾਨ ਲੈਂਦੇ ਹਨ, ਤੇ ਨਾ ਦਿੰਦੇ ਹਨ, ਉਹਨਾਂ ਦੇ ਵਾਲ ਕਿਓਂ ਨਹੀਂ ਹੁੰਦੇ?” “ਹਜ਼ੂਰ! ਉਹ ਇਸੇ ਅਫ਼ਸੋਸ ਵਿਚ ਹੱਥ ਮਲਦੇ ਰਹੇ ਹਨ, ਕਿ ਹਾਏ ਦੁਨੀਆਂ ਵਿਚ ਆ ਕੇ ਨਾ ਦਾਨ ਦਿੱਤਾ, ਨਾ ਲਿਆ। ਇਸ ਤਰ੍ਹਾਂ ਉਨ੍ਹਾਂ ਦੇ ਵਾਲ ਘਸ ਗਏ ਹਨ”। ਇਹ ਉੱਤਰ ਸੁਣ ਕੇ ਅਕਬਰ ਬਾਦਸ਼ਾਹ ਬਹੁਤ ਖੁਸ਼ ਹੋਇਆ ਤੇ ਬੀਰਬਲ ਨੂੰ ਇਕ ਸੋਨੇ ਦਾ ਕੰਠਾ ਇਨਾਮ ਦਿੱਤਾ।

ਨੌਕਰ ਕਿਸ ਦਾ? (ਪਿਆਰਾ ਸਿੰਘ ਦਾਤਾ)

ਇਕ ਵਾਰ ਸ਼ਾਹੀ ਮੱਹਲ ਪਾਸੋਂ ਇਕ ਆਦਮੀ ਬੜੇ ਸੋਹਣੇ ਸੋਹਣੇ ਕਾਲੇ ਵੈਂਗਣ ਵੇਚਦਾ ਲੰਘ ਰਿਹਾ ਸੀ। ਅਕਬਰ ਨੇ ਉਨ੍ਹਾਂ ਦਾ ਤਾਰੀਫ ਕੀਤੀ, ਤਾਂ ਬੀਰਬਲ ਕਹਿਣ ਲੱਗਾ – “ਹਜ਼ੂਰ! ਵੈਂਗਣ ਤਾਂ ਇਕ ਅਜਿਹੀ ਸਬਜ਼ੀ ਹੈ, ਜਿਸ ਦੀ ਤਾਰੀਫ ਹੀ ਨਹੀਂ ਹੋ ਸਕਦੀ। ਕੁਕੜ, ਬੱਕਰੇ ਤੇ ਮੱਛਾਂ ਦਾ ਮਾਸ ਵੀ ਇਸਦਾ ਮੁਕਾਬਲਾ ਨਹੀਂ ਕਰ ਸਕਦਾ, ਨਾ ਹੱਡੀ, ਨਾ ਪਸਲੀ, ਤੇ ਖਾਣ ਵਿਚ ਐਡਾ ਸਵਾਦੀ। ਸਿਰ ਤੇ ਸੁੰਦਰ ਤਾਜਸ ਕਿਸ਼ਨ ਮਹਾਰਾਜ ਵਰਗਾ ਸਾਂਵਲਾ ਰੰਗ। ਬਸ ਖਾਓ ਤੇ ਮਜ਼ੇ ਪਾਓ”। ਅਕਬਰ ਨੇ ਸ਼ਾਹੀ ਰਸੋਈਏ ਨੂੰ ਹੁਕਮ ਦਿੱਤਾ, ਕਿ ਅੱਜ ਤੋਂ ਰੋਜ਼ ਵੈਂਗਣ ਦੀ ਭਾਜੀ ਬਣਿਆ ਕਰੇ। ਰੋਜ਼ ਵੈਂਗਣ ਖਾਣ ਨਾਲ ਕੁਝ ਦਿਨਾਂ ਪਿੱਛੋਂ ਬਾਦਸ਼ਾਹ ਨੂੰ ਦਸਤ ਲੱਗ ਪਏ, ਨਾਲੇ ਸਵਾਦ ਵੀ ਫਿੱਕਾ ਫਿੱਕਾ ਜਾਪਣ ਲੱਗਾ। ਬੀਰਬਲ ਨੂੰ ਬੁਲਾ ਕੇ ਅਕਬਰ ਕਹਿਣ ਲੱਗਾ – “ਬੀਰਬਲ! ਇਹ ਵੈਂਗਣ ਕਿੰਨੀ ਰੱਦੀ ਸਬਜ਼ੀ ਹੈ, ਇਹ ਤਾਂ ਕਿਸੇ ਕੰਮ ਦੀ ਨਹੀਂ”। “ਹਜ਼ੂਰ! ਵੈਂਗਣ ਵੀ ਕੋਈ ਸਬਜ਼ੀਆਂ ਚੋਂ ਸਬਜ਼ੀ ਹੈ। ਕਾਲਾ ਸਿਆਹ ਰੰਗ – ‘ਨਾਂ ਮੂੰਹ ਨਾ ਮੱਥਾ, ਜਿੰਨ ਪਹਾੜੋਂ ਲੱਥਾ’, ਨਾ ਖੁਰਾਕ, ਇਹ ਤਾਂ ਕੰਮੀਆਂ ਕਮੀਨਾਂ ਦਾ ਖਾਣਾ ਹੈ ਸ਼ਾਹੀ ਮਹੱਲਾਂ ਵਿਚ ਤਾਂ ਇਸ ਦਾ ਪਕਣਾ ਹੀ ਮਨ੍ਹਾਂ ਹੋਣਾ ਚਾਹੀਦਾ ਹੈ।” ਬੀਰਬਲ ਨੇ ਉੱਤਰ ਦਿੱਤਾ। “ਤੂੰ ਤੇ ਬੀਰਬਲ ਅਗੇ ਕਹਿੰਦਾ ਸੇਂ, ਕਿ ਇਹ ਬੜੀ ਉਤਮ ਸਬਜ਼ੀ ਹੈ, ਤੇ ਅਜ ਇਸ ਨੂੰ ਸਭ ਤੋਂ ਘਟੀਆ ਗਿਣ ਰਿਹਾ ਏਂ, ਇਸ ਦਾ ਕਾਰਨ?” ਅਕਬਰ ਨੇ ਪੁੱਛਿਆ। “ਜਨਾਬ! ਉਦੋਂ ਤੁਸਾਂ ਤਾਰੀਫ ਕੀਤੀ ਸੀ, ਤੇ ਮੈਂ ਵੀ ਇਸਦੀ ਪ੍ਰਸੰਸਾ ਕਰ ਦਿੱਤੀ। ਅੱਜ ਤੁਸੀਂ ਇਸ ਦੀ ਨਿੰਦਿਆ ਕੀਤੀ, ਤਾਂ ਇਸ ਸੇਵਕ ਨੇ ਵੀ ਨਿੰਦਿਆ ਦੇ ਪੁਲ ਬੰਨ੍ਹ ਦਿੱਤੇ। ਅਸੀਂ ਤਾਂ ਹਜ਼ੂਰ ਬਾਦਸ਼ਾਹ ਸਲਾਮਤ ਦੇ ਨੌਕਰ ਹਾਂ, ਵੈਂਗਣਾਂ ਦੇ ਨਹੀਂ। ਬਾਦਸ਼ਾਹ ਤਾਰੀਫ ਕਰੇ ਤਾਂ ਕਰਦੇ ਹਾਂ, ਜੇ ਉਹ ਨਿੰਦਿਆ ਕਰੇ, ਤਾਂ ਨਿੰਦਿਆ ਕਰਦੇ ਹਾਂ”।

ਮੂਰਖਾਂ ਦਾ ਟੱਬਰ (ਪਿਆਰਾ ਸਿੰਘ ਦਾਤਾ)

ਬੀਰਬਲ ਦੇ ਗਵਾਂਢ ਵਿਚ ਇਕ ਜੁਲਾਹਿਆਂ ਦਾ ਮਹੱਲਾ ਸੀ, ਉਨ੍ਹਾਂ ਦੇ ਸਰਦਾਰ ਦਾ ਨਾਂ ਫਜ਼ਲਾ ਸੀ। ਫਜ਼ਲੇ ਦੀ ਧੀ ਫ਼ਾਤਮਾ ਜਵਾਨ ਹੋ ਗਈ, ਤਾਂ ਉਸਦੀ ਮੰਗਣੀ ਕਰ ਦਿੱਤੀ ਗਈ। ਇਕ ਦਿਨ ਫ਼ਾਤਮਾ ਇਕੱਲੀ ਘਰ ਵਿਚ ਝਾੜੂ ਦੇ ਰਹੀ ਸੀ, ਕਿ ਖ਼ਿਆਲੀ ਪਲਾਅ ਪਕਾਣੇ ਸ਼ੁਰੂ ਕਰ ਦਿੱਤੇ। ਉਹ ਸੋਚਣ ਲਗੀ – ਅਗਲੇ ਮਹੀਨੇ ਮੇਰਾ ਵਿਆਹ ਹੋਵੇਗਾ, ਫਿਰ ਬੱਚਾ ਹੋਵੇਗਾ। ਜੇ ਉਹ ਬੱਚਾ ਰੱਬ ਸਬੱਬੀ ਮਰ ਹੀ ਜਾਵੇ, ਤਾਂ ਆਂਢ-ਗੁਆਂਢ ਦੀਆਂ ਜਨਾਨੀਆਂ ਪ੍ਰਚਾਉਣੀ ਲਈ ਆਉਣਗੀਆਂ, ਪਰ ਮੈਨੂੰ ਤਾਂ ਰੋਣਾ ਹੀ ਨਹੀਂ ਆਉਂਦਾ। ਫਿਰ ਉਸ ਸੋਚਿਆ – ਰਬ ਦੇ ਰੰਗਾ ਦਾ ਕੋਈ ਪਤਾ ਨਹੀਂ, ਜੋ ਕੱਲ ਕਰਨਾ ਪੈਣਾ ਹੈ, ਉਸ ਦੀ ਅੱਜ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਹ ਸੋਚ ਉਹ ਢਾਹੀਂ ਮਾਰ ਕੇ ਰੋਣ ਲੱਗ ਪਈ। ਇੰਨੇ ਚਿਰ ਵਿਚ ਉਸਦੀ ਛੋਟੀ ਭੈਣ ਆਈ, ਆਪਣੀ ਵੱਡੀ ਭੈਣ ਨੂੰ ਰੋਂਦਿਆਂ ਵੇਖ ਕੇ ਉਹ ਵੀ ਰੋਣ ਲੱਗ ਪਈ। ਕੁਝ ਚਿਰ ਪਿੱਛੋਂ ਮਾਂ ਘਰ ਆਈ। ਉਹ ਆਪਣੀਆਂ ਜਵਾਨ ਧੀਆਂ ਨੂੰ ਰੋਂਦਿਆਂ ਵੇਖਿਆ, ਤਾਂ ਉਹ ਵੀ ਕੰਬਲ ਵਿਛਾ ਕੇ ਰੋਣ ਲਗ ਪਈ। ਇੰਨੇ ਚਿਰ ਨੂੰ ਫਜ਼ਲਾ ਬਾਹਰੋਂ ਆਇਆ। ਉਸ ਸਾਰਿਆਂ ਨੂੰ ਰੋਂਦਿਆਂ ਧੋਂਦਿਆਂ ਵੇਖਿਆ, ਤਾਂ ਅੰਦਰੋਂ ਵੱਡੀ ਦਰੀ ਕੱਢ ਕੇ ਵਿਹੜੇ ਵਿਚ ਵਿਛਾ ਦਿੱਤੀ ਤੇ ਆਪ ਉੱਚੀ ਉੱਚੀ ਢਾਹਾਂ ਮਾਰ ਕੇ ਰੋਣ ਲੱਗ ਪਿਆ। ਆਂਢੀਆਂ ਗਵਾਂਢੀਆਂ ਨੇ ਸਾਰੇ ਟੱਬਰ ਨੂੰ ਢਾਹੀਂ ਮਾਰ ਮਾਰ ਰੋਂਦਿਆਂ ਵੇਖਿਆ, ਤਾਂ ਉਹ ਵੀ ਆ ਕੇ ਫਜ਼ਲੇ ਦਾ ਸਾਥ ਦੇਣ ਲੱਗ ਪਏ। ਥੋੜੇ ਚਿਰ ਵਿਚ ਹੀ ਸਾਰਾ ਮਹੱਲਾ ਇਕੱਠਾ ਹੋ ਗਿਆ। ਮਰਦ ਢਾਹੀਂ ਮਾਰ ਰਹੇ ਸਨ ਤੇ ਜਨਾਨੀਆਂ ਖੜੋਤੀਆਂ ਸਿਆਪਾ ਕਰ ਰਹੀਆਂ ਸਨ। ਇੰਨਾਂ ਚੀਕ ਚਿਹਾੜਾ ਪਿਆ, ਤਾਂ ਬੀਰਬਲ ਦੀ ਨੀਂਦ ਖੁਲ੍ਹ ਗਈ। ਉਹ ਫਜ਼ਲੇ ਦੇ ਘਰ ਗਿਆ, ਤਾਂ ਨੰਬਰਦਾਰ ਸਦੀਕੇ ਨੂੰ ਪੁੱਛਿਆ – “ਕਿਓਂ ਭਈ, ਕਿਸ ਦੀ ਮੌਤ ਹੋ ਗਈ ਹੈ?” ਨੰਬਰਦਾਰ ਨੇ ਕਿਹਾ – “ਮੈਨੂੰ ਤਾਂ ਪਤਾ ਨਹੀਂ, ਸਰਕਾਰ! ਮੈਂ ਤਾਂ ਸਭ ਤੋਂ ਅਖ਼ੀਰ ਵਿਚ ਆਇਆ ਹਾਂ”। ਸੋ ਉਸ ਦੇ ਨਾਲ ਦੇ ਜੁਲਾਹੇ ਤੋਂ ਪੁੱਛਿਆ, ਕੋਈ ਜਵਾਬ ਨਾ ਮਿਲਣ ਤੇ ਅਖ਼ੀਰ ਫਜ਼ਲੇ ਤੋਂ ਪੁੱਛਿਆ ਗਿਆ। ਫਜ਼ਲੇ ਦੱਸਿਆ, ਕਿ ਉਸ ਦੇ ਘਰ ਆਉਣ ਤੋਂ ਪਹਿਲਾਂ ਪਹਿਲਾਂ ਉਨ੍ਹਾਂ ਦੇ ਕਿਸੇ ਅਜ਼ੀਜ਼ ਦੀ ਮੌਤ ਹੋ ਚੁੱਕੀ ਸੀ। ਉਸ ਦੀ ਬੀਵੀ ਕਰੀਮੋ ਨੂੰ ਪਤਾ ਹੋਵੇਗਾ, ਕਿਸ ਦੀ ਮੌਤ ਹੋ ਗਈ ਹੈ। ਕਰੀਮੋ ਕੋਲੋਂ ਪੁੱਛਿਆ, ਤਾਂ ਉਹ ਅੱਖਾਂ ਪੂੰਝ ਕੇ ਬੋਲੀ – “ਫ਼ਾਤਮਾ ਕੋਲੋਂ ਪੁੱਛੋ, ਉਹ ਮੇਰੇ ਤੋਂ ਪਹਿਲਾਂ ਰੋ ਰਹੀ ਸੀ।” ਉਸ ਤੋਂ ਪੁੱਛਿਆ, ਤਾਂ ਉਹ ਕਹਿਣ ਲੱਗੀ – “ਬਸ ਬਸ, ਹੁਣ ਸਭ ਰੋਣਾ ਧੋਣਾ ਬੰਦ ਕਰੋ, ਤੇ ਆਪੋ ਆਪਣੇ ਘਰੀਂ ਜਾਵੋ। ਮੈਨੂੰ ਰੋਣਾ ਚੰਗੀ ਤਰ੍ਹਾਂ ਆ ਗਿਆ ਹੈ, ਹੁਣ ਜਦੋਂ ਮੇਰਾ ਬੱਚਾ ਮਰੇਗਾ, ਮੈਂ ਆਪ ਇਕੱਲੀ ਚੰਗੀ ਤਰ੍ਹਾਂ ਰੋ ਸਕਾਂਗੀ”।

ਕਸ਼ਮੀਰੀ ਤੋਹਫ਼ਾ (ਪਿਆਰਾ ਸਿੰਘ ਦਾਤਾ)

ਅਕਬਰ ਬਾਦਸ਼ਾਹ ਨੂੰ ਕਸ਼ਮੀਰ ਦੇ ਸੂਬੇਦਾਰ ਨੇ ਤੋਹਫ਼ੇ ਦੇ ਤੌਰ ਤੇ ਦੋ ਬੋਰੀਆਂ ਕਸ਼ਮੀਰ ਦੇ ਅਖ਼ਰੋਟ ਘੱਲੇ। ਜਦੋਂ ਸੂਬੇਦਾਰ ਦੇ ਆਦਮੀ ਖੱਚਰਾਂ ਤੇ ਅਖ਼ਰੋਟ ਲੱਦੀ ਦਿੱਲੀ ਪੁੱਜੇ, ਤਾਂ ਸਬਜ਼ੀ ਮੰਡੀ ਵਿਚ ਉਹਨਾਂ ਪਹਿਲੀ ਵਾਰ ਪਿਆਜ਼ ਦੇਖੇ। ਇਨ੍ਹਾਂ ਪਿਆਜ਼ਾਂ ਦੀ ਸ਼ਕਲ ਵੇਖ ਕੇ ਉਹ ਰੀਝ ਗਏ। ਉਹਨਾਂ ਸੋਚਿਆ, ਜਿਸ ਦੇਸ਼ ਵਿਚ ਅਜਿਹਾ ਸੁੰਦਰ ਮੇਵਾ ਹੋਵੇ, ਉਥੇ ਅਖ਼ਰੋਟਾਂ ਦਾ ਤੋਹਫ਼ਾ ਕਿਹੜੇ ਕੰਮ? ਉਨ੍ਹਾਂ ਸਲਾਹ ਕਰਕੇ ਅਖ਼ਰੋਟਾਂ ਨਾਲ ਪਿਆਜ਼ ਵਟਾ ਲਏ। ਕੁਝ ਪਿਆਜ਼ ਆਪ ਖਾਧੇ ਤੇ ਬਾਕੀ ਬਾਦਸ਼ਾਹ ਅਕਬਰ ਦੀ ਭੇਂਟ ਲਈ ਦਰਬਾਰ ਵਿਚ ਲੈ ਗਏ। ਉਸ ਸਮੇਂ ਸਾਰੇ ਦਰਬਾਰੀ ਬੈਠੇ ਹੋਏ ਕਿਸੇ ਖਾਸ ਮੁਆਮਲੇ ਬਾਰੇ ਸਲਾਹ ਕਰ ਰਹੇ ਸਨ, ਕਿ ਕਸ਼ਮੀਰ ਦਾ ਮੇਵਾ ਬਾਦਸ਼ਾਹ ਦੀ ਭੇਂਟ ਕਰ ਦਿੱਤਾ ਗਿਆ। ਦੋਵੇਂ ਕਸ਼ਮੀਰੀ ਇਨਾਮ ਦੀ ਆਸ ਵਿਚ ਹੱਥ ਬੰਨ੍ਹ ਕੇ ਖੜ੍ਹੋ ਗਏ। ਅਕਬਰ ਨੂੰ ਪਿਆਜ਼ ਵੇਖ ਕੇ ਬੜਾ ਗੁੱਸਾ ਆਇਆ, ਉਸ ਨੇ ਬੀਰਬਲ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਦੇ ਸਿਰ ਪੁਰ ਇਹੀ ਪਿਆਜ਼ ਰੱਖ ਕੇ ਇਕ ਦੇ ਬਦਲੇ ਪੰਜ ਪੰਜ ਜੁੱਤੀਆਂ ਮਾਰੀਆਂ ਜਾਣ। ਜੁੱਤੀਆਂ ਖਾਣ ਪਿਛੋਂ ਕਸ਼ਮੀਰੀ ਕਹਿਣ ਲੱਗੇ, “ਬਾਦਸ਼ਾਹ ਸਲਾਮਤ, ਖ਼ੁਦਾ ਦਾ ਲੱਖ – ਲੱਖ ਸ਼ੁਕਰ ਹੈ!” ਬਾਦਸ਼ਾਹ ਨੇ ਪੁੱਛਿਆ “ਮੂਰਖੋ! ਉਹ ਕਿਵੇਂ?” “ਹਜ਼ੂਰ! ਜੇ ਅਸੀਂ ਅਸਲੀ ਕਸ਼ਮੀਰੀ ਮੇਵਾ-ਅਖ਼ਰੋਟ ਆਪ ਦੀ ਭੇਂਟ ਕਰਦੇ, ਤਾਂ ਇਹਨਾਂ ਜੁੱਤੀਆਂ ਨਾਲ ਸਿਰ ਗੰਜੇ ਹੋ ਜਾਂਦੇ। ਸ਼ੁਕਰ ਏ ਖ਼ੁਦਾਵੰਦ ਕਰੀਮ ਦਾ ਕਿ ਅਸੀਂ ਆਪਣੀ ਸਿਆਣਪ ਨਾਲ ਉਸ ਨੂੰ ਪਿਆਜ਼ਾਂ ਵਿਚ ਬਦਲ ਲਿਆ, ਤੇ ਸਾਡੀ ਟਿੰਡ ਪੋਲੀ ਹੋਣੋ ਬਚ ਗਈ”। ਬਾਦਸ਼ਾਹ ਨੇ ਵਾਰਤਾ ਸੁਣੀ, ਤਾਂ ਸਾਰੇ ਦਰਬਾਰ ਵਿਚ ਉਨ੍ਹਾਂ ਦੀ ਅਕਲ ਤੇ ਖੂਬ ਹਾਸਾ ਮੱਚਿਆ।

ਕੁੱਤਾ ਕੌਣ? (ਪਿਆਰਾ ਸਿੰਘ ਦਾਤਾ)

ਬੀਰਬਲ ਨੇ ਆਪਣੇ ਪਿਆਰੇ ਮੋਤੀ ਨਾਂ ਦੇ ਕੁੱਤੇ ਦੇ ਗਲ ਵਿਚ ਪਟਾ ਪਾਈ ਸ਼ਾਹੀ ਮਹੱਲਾਂ ਪਾਸੋਂ ਲੰਘਦਾ ਜਾ ਰਿਹਾ ਸੀ, ਕਿ ਉਪਰੋਂ ਬਾਦਸ਼ਾਹ ਅਕਬਰ ਤੇ ਮੁੱਲਾ-ਦੋ-ਪਿਆਜ਼ਾ ਨੇ ਵੇਖ ਲਿਆ। ਮੁਲਾਂ ਨੇ ਜ਼ੋਰ ਦੀ ਆਵਾਜ਼ ਮਾਰੀ, “ਬੀਰਬਲ ਕੁੱਤੇ(ਥੋੜਾ ਚਿਰ ਰੁਕ ਕੇ) ਦੇ ਕਿੰਨੇ ਪੈਸੇ ਲਵੇਂਗਾ?” ਬੀਰਬਲ ਦੇ ਸਿਆਣੇ ਦਿਮਾਗ ਵਿਚ ਝੱਟ ਜਵਾਬ ਫੁਰ ਗਿਆ – “ਓਏ! ਪਿਆਜ਼ੇ ਕੁੱਤੇ (ਕੁਝ ਚਿਰ ਰੁਕ ਕੇ) ਦਾ ਕੀ ਮੁੱਲ ਦਏਂਗਾ?” ਮੁੱਲਾ ਬੜਾ ਸ਼ਰਮਿੰਦਾ ਹੋਇਆ, ਬਾਦਸ਼ਾਹ ਹੱਸ ਕੇ ਮਹੱਲ ਅੰਦਰ ਲੰਘ ਗਿਆ, ਅਰ ਬੀਰਬਲ ਮੋਤੀ ਨੂੰ ਪੁਸ ਪੁਸ ਕਰਦਾ ਅਗੇ ਨਿਕਲ ਗਿਆ।

ਠੰਡ ਦਾ ਇਲਾਜ (ਪਿਆਰਾ ਸਿੰਘ ਦਾਤਾ)

ਇਕ ਵਾਰ ਬਾਦਸ਼ਾਹ ਅਕਬਰ ਆਪਣੇ ਵਜ਼ੀਰਾਂ ਨਾਲ ਸ਼ਿਕਾਰ ਖੇਡਣ ਗਿਆ। ਰਸਤੇ ਵਿਚ ਬਾਰਸ਼ ਹੋ ਗਈ। ਸਰਦਾ ਦਾ ਮੌਸਮ ਸੀ, ਕਪੜੇ ਭਿਜ ਗਏ ਤੇ ਸਾਰੇ ਸਰਦੀ ਨਾਲ ਠਿਠਰਦੇ ਆਪੋ ਆਪਣੇ ਘਰੀਂ ਪਰਤ ਆਏ। ਬਾਦਸ਼ਾਹ ਨੇ ਆਪਣੇ ਮਹੱਲ ਵਿਚ ਜਾ ਕੇ ਦੁਸ਼ਾਲਾ ਲਪੇਟ ਲਿਆ, ਤੇ ਪਹਿਰੇਦਾਰ ਨੂੰ ਕਹਿਣ ਲੱਗਾ, “ਬਾਹਰ ਜਾ ਕੇ ਉਸ ਉੱਲੂ ਦੀ ਦੁਮ ‘ਪਾਲੇ’ ਨੂੰ ਕਹਿ ਦੇਈਂ ਕਿ ਜੋ ਕਰਨਾ ਈ ਕਰ ਲੈ। ਹੁਣ ਤੂੰ ਬਾਦਸ਼ਾਹ ਸਲਾਮਤ ਦਾ ਕੁਝ ਨਹੀਂ ਵਿਗਾੜ ਸਕਦਾ।” ਪਹਿਰੇਦਾਰ ਬਾਹਰ ਜਾ ਕੇ ਮੁੜ ਉਹਨਾਂ ਕਦਮਾਂ ਤੇ ਹੀ ਵਾਪਸ ਆ ਗਿਆ, ਤੇ ਠੰਡ ਨਾਲ ਕੰਬਦਾ ਹੋਇਆ ਕਹਿਣ ਲੱਗਾ, “ਹਜ਼ੂਰ! ਉਹ ਕਹਿੰਦੀ ਹੈ, ਕਿ ਬਾਦਸ਼ਾਹ ਸਲਾਮਤ ਅੰਦਰ ਚਲੇ ਗਏ ਹਨ, ਤਾਂ ਕੋਈ ਹਰਜ ਨਹੀਂ, ਨੌਕਰਾਂ ਤੇ ਮੈਂ ਕਸਰ ਕੱਢ ਲਵਾਂਗੀ, ਤੇ ਸਵੇਰੇ ਤੀਕ ਇਕ ਨੂੰ ਵੀ ਜਿਉਂਦਾ ਨਹੀਂ ਛਡਾਂਗੀ।” ਬਾਦਸ਼ਾਹ ਪਹਿਰੇਦਾਰ ਦੀ ਅਕਲ ਤੇ ਬੜਾ ਖੁਸ਼ ਹੋਇਆ, ਤੇ ਉਸੇ ਵਕਤ ਸਭ ਪਹਿਰੇਦਾਰਾਂ ਨੂੰ ਇਕ ਇਕ ਕੰਬਲ ਇਨਾਮ ਦਿੱਤਾ।

ਦੋਹੀਂ ਜਹਾਨੀਂ ਜੁੱਤੀਆਂ (ਪਿਆਰਾ ਸਿੰਘ ਦਾਤਾ)

ਦਰਬਾਰ ਵਿਚ ਬੈਠਿਆਂ ਬੈਠਿਆਂ ਮੁਲਾਂ ਨੂੰ ਪਤਾ ਨਹੀਂ ਕੀ ਸੁਝੀ, ਕਿ ਉਸ ਨੇ ਬੀਰਬਲ ਦੀ ਪੁਰਾਣੀ ਜੁੱਤੀ ਛੁਪਾ ਦਿੱਤੀ। ਬਹੁਤ ਢੂੰਡਣ ਤੇ ਵੀ ਜਦ ਜੁੱਤੀ ਨਾ ਮਿਲੀ, ਤਾਂ ਮੁਲਾਂ ਨੇ ਨੌਕਰ ਨੂੰ ਕਿਹਾ – “ਮੇਰੀਆਂ ਨਵੀਆਂ ਜੁੱਤੀਆਂ ਬੀਰਬਲ ਨੂੰ ਲਿਆ ਦੇ”। ਨਵੀਆਂ ਜੁੱਤੀਆਂ ਪਾ ਕੇ ਬੀਰਬਲ ਨੇ ਦੁਆ ਦਿੱਤੀ – “ਪਰਮਾਤਮਾ ਤੈਨੂੰ ਦੋਹੀਂ ਜਹਾਨੀਂ ਹਜ਼ਾਰਾਂ ਨਵੀਆਂ ਜੁੱਤੀਆਂ ਪਵਾਏ।” ਇਕ ਵਾਰ ਮੁਲਾਂ ਨੇ ਬੀਰਬਲ ਨੂੰ ਟੋਕ ਮਾਰਦਿਆਂ ਹੋਇਆਂ ਕਿਹਾ – “ਬੀਰਬਲ! ਤੇਰੀ ਜ਼ਬਾਨ, ਹਿੰਦੀ ਵੀ ਕੋਈ ਬੋਲੀ ਹੈ, ਜਿਸ ਵਿਚ ਪੈਰ – ਜਿਸ ਬਿਨਾ ਮਨੁੱਖ ਦਾ ਕੋਈ ਮੁੱਲ ਨਹੀਂ – ਨੂੰ ‘ਪਦ’ ਕਹਿੰਦੇ ਹਨ”। “ਹਾਂ ਸਰਕਾਰ! ਠੀਕ ਹੈ, ਪਰ ਫ਼ਾਰਸੀ ਤੋਂ ਬੇਹਤਰ ਹੈ, ਜਿਸ ਵਿਚ ਹੱਥਾਂ ਵਰਗੀ ਪਵਿੱਤਰ ਚੀਜ਼ ਨੂੰ ‘ਦਸਤ’ ਆਖਦੇ ਹਨ”।

ਨਵੇਂ ਮਕਾਨ ਦੀ ਚੱਠ (ਪਿਆਰਾ ਸਿੰਘ ਦਾਤਾ)

ਅਕਬਰ ਨੇ ਇਕ ਸਰਦਾਰ ਅਬਦੁਲ ਰਹੀਮ ਖਾਨ ਖਾਨਾਂ ਨੇ ਇਕ ਅਤਿ-ਸੁੰਦਰ ਮਕਾਨ ਬਣਵਾਇਆ। ਮਕਾਨ ਮੁਕੰਮਲ ਹੋ ਜਾਣ ਤੇ ਉਸ ਨੇ ਬਾਦਸ਼ਾਹ ਤੇ ਬਹੁਤ ਸਾਰੇ ਵਜ਼ੀਰਾਂ ਅਮੀਰਾਂ ਨੂੰ ਦਾਅਵਤ ਕੀਤੀ। ਜਦ ਸਾਰੇ ਖਾਣਾ ਖਾ ਬੈਠੇ, ਤਾਂ ਖਾਨ ਖਾਨਾਂ ਨੇ ਕਿਹਾ – “ਹਜ਼ੂਰ! ਮਕਾਨ ਵਿਚ ਕੋਈ ਨੁਕਸ ਦੱਸੋ।” ਅਕਬਰ ਨੇ ਤਾਰੀਫ਼ ਕੀਤੀ, ਪਰ ਮੁਲਾਂ ਬੋਲਿਆ – “ਦਰਵਾਜ਼ੇ ਬੜੇ ਤੰਗ ਹਨ, ਰਬ ਨਾ ਕਰੇ, ਜੇ ਕਲ ਕੋਈ ਮਰ ਜਾਵੇ, ਤਾਂ ਮੁਰਦਾ ਦਰਵਾਜ਼ਿਓਂ ਬਾਹਰ ਕਿਵੇਂ ਨਿਕਲੇਗਾ?” ਵਿਚੋਂ ਹੀ ਬੀਰਬਲ ਬੋਲ ਉਠਿਆ – “ਦਰਵਾਜ਼ੇ ਕਿਥੇ ਛੋਟੇ ਹਨ, ਜੇ ਖਾਨ ਖਾਨਾਂ ਦਾ ਸਾਰਾ ਟੱਬਰ ਹੀ ਇਕੱਠਿਆਂ ਮਰ ਜਾਵੇ ਤਾਂ ਵੀ ਇਨ੍ਹਾਂ ਦਰਵਾਜ਼ਿਆਂ ਚੋਂ ਬਾਹਰ ਨਿਕਲ ਸਕਦਾ ਹੈ।”

ਅਕਲ ਕਿ ਰੰਗ ? (ਪਿਆਰਾ ਸਿੰਘ ਦਾਤਾ)

ਮੁਲਾਂ ਦੋ ਪਿਆਜ਼ਾ ਦਾ ਰੰਗ ਗੋਰਾ ਸੀ, ਤੇ ਬੀਰਬਲ ਦਾ ਕਾਲਾ ਸੀ। ਇਕ ਦਿਨ ਦਰਬਾਰ ਵਿਚ ਹੀ ਅਕਬਰ ਬੀਰਬਲ ਨੂੰ ਕਹਿਣ ਲੱਗਾ – “ਬੀਰਬਲ! ਤੂੰ ਕਾਲਾ ਕਿਓਂ ਏਂ ? ਜਦ ਕਿ ਮੁਲਾਂ ਏਨਾ ਗੋਰਾ ਏ” ਬੀਰਬਲ ਕਹਿਣ ਲੱਗਾ – “ਹਜ਼ੂਰ! ਜਦ ਰੱਬ ਆਪਣੀਆਂ ਦਾਤਾਂ ਵੰਡਣ ਲੱਗਾ, ਤਾਂ ਮੁਲਾਂ ਨੇ ਚਿੱਟਾ ਰੰਗ ਚੁਣਿਆ, ਤੇ ਮੈਂ ਅਕਲ। ਇਸੇ ਲਈ ਉਹ ਗੋਰਾ ਤੇ ਅਕਲੋਂ ਖਾਲੀ ਹੈ, ਤੇ ਮੈਂ ਕਾਲਾ ਹਾਂ”।

ਸੁਪਨਾ (ਪਿਆਰਾ ਸਿੰਘ ਦਾਤਾ)

ਇਕ ਦਿਨ ਬਾਦਸ਼ਾਹ ਅਕਬਰ ਨੇ ਸਵੇਰੇ ਉਠਦਿਆਂ ਸਾਰ ਬੀਰਬਲ ਨੂੰ ਬੁਲਾਇਆ, ਤੇ ਕਹਿਣ ਲੱਗਾ, “ਰਾਤੀਂ! ਮੈਨੂੰ ਸੁਪਨਾ ਆਇਆ ਸੀ ਕਿ ਮੈਂ ਅਤਰ ਦੇ ਤਲਾਬ ਵਿਚ ਨਹਾ ਰਿਹਾ ਹਾਂ ਤੇ ਤੂੰ ਨਾਲ ਦੇ ਗੰਦੇ ਨਾਲੇ ਵਿਚ ਲਥ ਪਥ ਹੋ ਰਿਹਾ ਏਂ। ਉਸ ਸਮੇਂ ਮੇਰੇ ਸਰੀਰ ਚੋਂ ਖੁਸ਼ਬੂ ਤੇ ਤੇਰੇ ਸਰੀਰ ਚੋਂ ਸੜਾਂਹਦ ਆ ਰਹੀ ਸੀ।” ਬੀਰਬਲ ਹੱਥ ਬੰਨ੍ਹ ਕੇ ਕਹਿਣ ਲੱਗਾ – “ਬਾਦਸ਼ਾਹ ਸਲਾਮਤ! ਮੈਂ ਵੀ ਅੱਜ ਇਸੇ ਤਰ੍ਹਾਂ ਦਾ ਸੁਪਨਾ ਦੇਖਿਆ ਹੈ। ਇਸ ਪਿਛੋਂ ਆਪ ਮੇਰੇ ਪਾਸ ਆ ਗਏ, ਤੇ ਮੇਰੇ ਸਰੀਰ ਨੂੰ ਚੱਟਣ ਲੱਗ ਪਏ, ਤੇ ਮੈਂ ਆਪ ਦਾ ਸਰੀਰ ਚੱਟਣ ਲਗ ਪਿਆ। ਮੈਨੂੰ ਇਉਂ ਜਾਪਦਾ ਸੀ, ਜਿਵੇਂ ਆਪ ਦੇ ਸਰੀਰ ਪੁਰ ਸ਼ਹਿਦ ਮਲਿਆ ਹੋਇਆ ਹੈ।”

ਸੁੰਦਰ ਦਸਤਾਰ (ਪਿਆਰਾ ਸਿੰਘ ਦਾਤਾ)

ਅਕਬਰ ਦੇ ਦਰਬਾਰੀਆਂ ਵਿਚ ਮੁਲਾਂ ਦੋ ਪਿਆਜ਼ਾ ਬੜੀ ਸੋਹਣੀ ਪਗੜੀ ਬੰਨ੍ਹਦਾ ਸੀ ਤੇ ਬੀਰਬਲ ਦੀ ਢਿੱਲੀ ਪੱਗ ਸਾਰਿਆਂ ਦੇ ਮਖੌਲ ਦਾ ਕਾਰਨ ਬਣਦੀ ਸੀ। ਇਕ ਦਿਨ ਬੀਰਬਲ ਨੇ ਬੜੀ ਮਿਹਨਤ ਨਾਲ ਸ਼ੀਸ਼ੇ ਅੱਗੇ ਕਿੰਨੀ ਵਾਰੀ ਬੰਨ੍ਹਣ ਖੋਲ੍ਹਣ ਪਿੱਛੋਂ ਬੜੀ ਸੁੰਦਰ ਦਸਤਾਰ ਸਜਾਈ, ਤੇ ਦਰਬਾਰ ਵਿਚ ਆ ਗਿਆ। ਸਾਰੇ ਦਰਬਾਰੀਆਂ ਬੀਰਬਲ ਦੀ ਪਗੜੀ ਸਲਾਹੀ ਤੇ ਅਕਬਰ ਮੁਲਾਂ ਦੋ ਪਿਆਜ਼ਾ ਨੂੰ ਕਹਿਣ ਲੱਗਾ, “ਵੇਖ ਮੁਲਾਂ, ਅੱਜ ਬੀਰਬਲ ਨੇ ਤੇਰੇ ਤੋਂ ਸੋਹਣੀ ਪਗੜੀ ਬੰਨ੍ਹੀ ਹੈ।” ਮੁਲਾਂ ਮੁਸਕਰਾਇਆ ਤੇ ਕਹਿਣ ਲੱਗਾ, “ਹਜ਼ੂਰ! ਇਹ ਪਗੜੀ ਬੀਰਬਲ ਨੇ ਆਪ ਨਹੀਂ ਬੰਨ੍ਹੀ ਹੈ। ਬੀਰਬਲ ਨੂੰ ਤਾਂ ਪਗੜੀ ਸਾਜਣੀ ਨਹੀਂ, ਲਪੇਟਣੀ ਆਂਦੀ ਹੈ।” ਅਕਬਰ ਨੇ ਬੀਰਬਲ ਨੂੰ ਪੁੱਛਿਆ, ਤਾਂ ਉਸ ਸਹੁੰ ਚੁੱਕ ਕੇ ਕਿਹਾ ਕਿ ਮੈਂ ਆਪ ਪਗੜੀ ਬੰਨ੍ਹੀ ਹੈ। ਉਧਰ ਮੁਲਾਂ ਆਪਣੀ ਜ਼ਿਦ ਤੇ ਅੜਿਆ ਹੋਇਆ ਸੀ। ਅਖ਼ੀਰ ਮੁਲਾਂ ਨੇ ਇਹ ਤਜਵੀਜ਼ ਪੇਸ਼ ਕੀਤੀ, ਕਿ ਦਰਬਾਰ ਵਿਚ ਦੋਵੇਂ ਪਗੜੀਆਂ ਲਾਹ ਕੇ ਮੁੜ ਬੰਨ੍ਹਣ। ਜੇ ਬੀਰਬਲ ਪਹਿਲਾਂ ਵਰਗੀ ਪਗੜੀ ਬੰਨ੍ਹ ਲਵੇ, ਤਾਂ ਸਮਝੋ ਇਸ ਆਪ ਬੰਨ੍ਹੀ ਏ, ਤੇ ਜੇ ਨਾ ਬੰਨ੍ਹ ਸਕੇ ਤਾਂ ਉਸ ਦੀ ਵਹੁਟੀ ਨੇ ਬੰਨ੍ਹੀ ਹੋਵੇਗੀ। ਬਾਦਸ਼ਾਹ ਦੇ ਹੁਕਮ ਨਾਲ ਦੋਹਾਂ ਪਗੜੀਆਂ ਲਾਹ ਕੇ ਮੁੜ ਬੰਨ੍ਹੀਆਂ। ਮੁਲਾਂ ਦੋ ਪਿਆਜ਼ਾ ਦੀ ਪਗੜੀ ਅੱਗੇ ਵਾਂਗ ਸੀ, ਪਰ ਬੀਰਬਲ ਦੀ ਢਿੱਲ-ਮ-ਢਿੱਲੀ ਪਗੜੀ ਵੇਖ ਕੇ ਮਹਿਫ਼ਲ ਵਿਚ ਖੂਬ ਹਾਸਾ ਮੱਚਿਆ

ਜੀਦਾਂ ਰਹੋ ਪੁੱਤਰ (ਪਿਆਰਾ ਸਿੰਘ ਦਾਤਾ)

ਅਕਬਰ ਬਾਦਸ਼ਾਹ, ਬੀਰਬਲ, ਖਾਨ ਖਾਨਾਂ ਤੇ ਮੁਲਾਂ ਸੈਰ ਕਰਨ ਜਾ ਰਹੇ ਸਨ, ਕਿ ਅੱਗੋਂ ਬੀਰਬਲ ਦੀ ਵਹੁਟੀ ਆਉਂਦੀ ਮਿਲੀ, ਉਸ ਦੇ ਪਿੱਛੇ ਪਿੱਛੇ ਚਾਰ ਪੰਜ ਖੋਤੇ ਆ ਰਹੇ ਸਨ। ਖਾਨ ਖਾਨਾਂ ਨੂੰ ਬੀਰਬਲ ਨੂੰ ਠਿੱਠ ਕਰਨ ਦੀ ਸੁਝੀ। ਉਹ ਕਹਿਣ ਲੱਗਾ – “ਗਧਿਆਂ ਦੀ ਮਾਂ! ਸਲਾਮ।” ਬੀਰਬਲ ਦੀ ਵਹੁਟੀ ਵੀ ਬੀਰਬਲ ਵਾਂਗ ਹੀ ਬੜੀ ਹੁਸ਼ਿਆਰ ਤੇ ਹਾਜ਼ਰ ਜਵਾਬ ਸੀ, ਉਸ ਤੁਰਤ ਉੱਤਰ ਦਿੱਤਾ – “ਪੁੱਤਰ! ਜੀਦਾਂ ਰਹੋ।”

ਜਾਗੀਰ ਦਾ ਲਾਰਾ (ਪਿਆਰਾ ਸਿੰਘ ਦਾਤਾ)

ਬੀਰਬਲ ਦੀ ਇਕ ਮੁਹਿੰਮ ਦੀ ਸਫਲਤਾ ਤੇ ਖੁਸ਼ ਹੋ ਕੇ ਬਾਦਸ਼ਾਹ ਨੇ ਉਸ ਨੂੰ ਜਾਗੀਰ ਦੇਣ ਦਾ ਇਕਰਾਰ ਕੀਤਾ, ਪਰ ਜਦ ਦੇਣ ਦਾ ਵਕਤ ਆਇਆ, ਤਾਂ ਉਹ ਟਾਲ ਗਿਆ। ਜਦ ਕਦੀ ਬੀਰਬਲ ਜਾਗੀਰ ਦੇਣ ਦਾ ਜ਼ਿਕਰ ਛੇੜਦਾ, ਬਾਦਸ਼ਾਹ ਆਪਣੀ ਗਰਦਨ ਨੀਵੀਂ ਪਾ ਲੈਂਦਾ। ਇਕ ਦਿਨ ਅਕਬਰ ਨੇ ਇਕ ਉਠ ਜਾਂਦਾ ਵੇਖ ਕੇ ਬੀਰਬਲ ਨੂੰ ਕਿਹਾ – “ਇਸ ਉਠ ਦੀ ਗਰਦਨ ਕਿਓਂ ਨੀਵੀਂ ਹੈ, ਬੀਰਬਲ!” ਬੀਰਬਲ – “ਸਰਕਾਰ! ਇਸ ਨੇ ਵੀ ਕਿਸੇ ਨੂੰ ਜਾਗੀਰ ਦੇਣ ਦਾ ਲਾਰਾ ਲਾਇਆ ਹੋਵੇਗਾ”।

ਬਾਦਸ਼ਾਹੀਆਂ ਦੀ ਵੰਡ (ਪਿਆਰਾ ਸਿੰਘ ਦਾਤਾ)

ਮੁਗ਼ਲ ਖ਼ਾਨਦਾਨ ਦਾ ਬਾਨੀ ਅਮੀਰ ਤੈਮੂਰ ਲੰਗੜਾ ਸੀ। ਉਸ ਨੇ ਬੰਗਾਲ ਤੇ ਚੜ੍ਹਾਈ ਕੀਤੀ, ਤੇ ਤਕੜੀ ਲੜਾਈ ਪਿਛੋਂ ਤੈਮੂਰ ਦੀ ਜਿੱਤ ਹੋਈ। ਇਤਫ਼ਾਕ ਦਾ ਗਲ ਕਿ ਉਸਦਾ ਨਵਾਬ ਕਾਣਾ ਸੀ। ਉਹ ਰੱਸੀਆਂ ਨਾਲ ਜਕੜਿਆ ਹੋਇਆ ਅਮੀਰ ਤੈਮੂਰ ਦੇ ਪੇਸ਼ ਕੀਤਾ ਗਿਆ। ਨਵਾਬ ਦਾ ਤੈਮੂਰ ਨੂੰ ਵੇਖਦਿਆਂ ਸਾਰ ਹਾਸਾ ਨਿਕਲ ਗਿਆ ਤੈਮੂਰ ਨੂੰ ਬੜਾ ਗੁੱਸਾ ਆਇਆ, ਉਹ ਕੜਕ ਕੇ ਬੋਲਿਆ, “ਕਿਓਂ ਕਾਣਿਆਂ! ਹੱਸਦਾ ਕਿਓਂ ਏਂ?” ਨਵਾਬ ਬੜੀ ਅਧੀਨਗੀ ਨਾਲ ਬੋਲਿਆ, “ਹਜ਼ੂਰ! ਖ਼ੁਦਾਵੰਦ ਕਰੀਮ ਦੀ ਕੁਦਰਤ ਤੇ ਹੈਰਾਨ ਹਾਂ। ਵੇਖੋ ਉਸ ਨੇ ਬਾਦਸ਼ਾਹੀ ਨੂੰ ਕਿੰਨੀ ਘਟੀਆ ਚੀਜ਼ ਸਮਝ ਰੱਖਿਆ ਹੈ, ਜਿਹੜੀ ਸਾਡੇ ਵਰਗੇ ਕਾਣਿਆਂ ਤੇ ਲੰਗੜਿਆਂ ਵਿਚ ਵੰਡ ਦਿੱਤੀ ਸੂ।” ਇਹ ਉੱਤਰ ਸੁਣ ਕੇ ਅਮੀਰ ਤੈਮੂਰ ਖੁਸ਼ ਹੋ ਗਿਆ, ਤੇ ਖੋਹੀ ਹੋਈ ਰਿਆਸਤ ਨਵਾਬ ਹਵਾਲੇ ਕਰ ਦਿੱਤੀ।

 

Loading spinner