ਪੰਛੀ
ਚਿੜੀਆਂ ਤੇ ਗੁਟਾਰਾਂ, ਰਲ ਗੀਤ ਗਾਉਂਦੀਆਂ।
ਬੱਤਖਾਂ ਤਲਾਅ ਦੇ ਵਿਚ, ਵੇਖੋ ਨਹਾਉਂਦੀਆਂ।
ਕਾਵਾਂ ਕੱਠੇ ਹੋ ਕੇ, ਕਾਵਾਂ ਰੌਲੀ ਪਾਈ ਏ।
ਕੋਇਲ ਨੇ ਮਿੱਠੀ ਜਿਹੀ, ਕੂਕ ਲਾਈ ਏ।
ਬੱਦਲਾਂ ਨੂੰ ਵੇਖ, ਮੋਰ ਪੈਲ ਪਾਈ ਏ।
ਤੋਤਿਆਂ ਦੀ ਡਾਰ, ਅੰਬੀਆਂ ਤੇ ਆਈ ਏ।
ਸੋਹਣੇ ਕਬੂਤਰਾਂ ਨੇ, ਉਡਾਰੀ ਲਾਈ ਏ।
ਇਲ੍ਹਾਂ ਖੋਲੇ ਖੰਭ, ਮਾਰ ਕੇ ਉਡਾਰੀਆਂ।
ਗਿਰਝਾਂ ਅਕਾਸ਼ ਵਿਚ, ਲਾਉਣ ਤਾਰੀਆਂ।
ਉੱਲੂ ਬੈਠਾ ਖੋੜ ਵਿਚ, ਖੰਭ ਝਾੜਦਾ।
ਚੱਕੀਰਾਹਾ ਚੁੰਝ ਨਾਲ, ਕੀੜੇ ਭਾਲਦਾ।
ਹੰਸਾਂ ਦੀ ਟੋਲੀ, ਮੋਤੀਆਂ ਨੂੰ ਟੋਲਦੀ।
ਘੁੱਗੀ ਬੈਠੀ ਦੂਰ, ਤੂੰ ਹੀ ਤੂੰ ਬੋਲਦੀ।
ਆਲਾ-ਦੁਆਲਾ ਸਾਡਾ, ਇਹਨਾਂ ਨਾਲ ਸਜਦਾ।
ਪੰਛੀਆਂ ਦੇ ਨਾਲ,ਜੱਗ ਚੰਗਾ ਲੱਗਦਾ।