ਦੋਸਤਾ ਨਾ ਵੇਖ ਘਿਰਨਾ ਨਾਲ ਪੰਜਾਬੀ ਜ਼ੁਬਾਨ !
ਪ੍ਰੋਫੈਸਰ ਮੁਖਵੀਰ ਸਿੰਘ
ਮਾਂ ਨਾਲ ਪਿਆਰ ਕਿਸੇ ਤੇ ਅਹਿਸਾਨ ਨਹੀਂ ਸਗੋਂ ਮਨੁੱਖ ਦੀ ਆਪਣੀ ਹੀ ਜ਼ਰੂਰਤ ਹੈ। ਮਾਂ ਦੇ ਦੁੱਧ ਦਾ ਕੋਈ ਮੁੱਲ ਨਹੀਂ ਚੁਕਾ ਸਕਦਾ, ਮਾਂ ਦੀ ਮਮਤਾ ਤੋਂ ਬੇਮੁਖ ਮਨੁੱਖ, ਮਨੁੱਖ ਹੀ ਨਹੀਂ। ਫਿਰ ਮਾਂ ਤੋਂ ਸਿੱਖੀ, ਦੁੱਧ ਤੋਂ ਮਿੱਠੀ ਬੋਲੀ ਤੋਂ ਬੇਰੁਖ਼ੀ ਕਿਉਂ? ਪੰਜਾਬੀਆਂ ਦਾ ਮਹਿਮਾਨ ਨਿਵਾਜੀ ਵਿਚ ਕੋਈ ਜਵਾਬ ਨਹੀਂ ਪਰ ਮਹਿਮਾਨ ਦੀ ਖ਼ਾਤਿਰ ਆਪਣੀ ਮਾਂ ਨੂੰ ਹੀ ਘਰੋਂ ਕੱਢ ਦਿੱਤਾ ਜਾਵੇ ਇਹ ਕਿੱਥੋਂ ਦਾ ਇਨਸਾਫ ਹੈ? ਪੰਜਾਬੀ ਸ਼ਾਇਦ ਇਹ ਭੁੱਲ ਗਏ ਕਿ ਮਾਸੀਆਂ ਕਦੇ ਮਾਵਾਂ ਨਹੀਂ ਬਣ ਸਕਦੀਆਂ।
ਪੰਜਾਬੀਆਂ ਦੇ ਘਰਾਂ ਵਿਚ ਆਪਸੀ ਗੱਲਬਾਤ ਹਿੰਦੀ ਜਾਂ ਅੰਗਰੇਜ਼ੀ ਵਿਚ ਹੋਣ ਲੱਗ ਪਈ ਹੈ, ਮਾਂ ਬੋਲੀ ਪੰਜਾਬੀ ਕਿਸੇ ਕੋਨੇ ਲੱਗੀ ਸਹਿਕ ਰਹੀ ਹੈ। ਪੰਜਾਬ ਦੇ ਸਕੂਲਾਂ ਕਾਲਜਾਂ ਵਿਚ ਜੋ ਹਾਲ ਪੰਜਾਬੀ ਦਾ ਹੋ ਰਿਹਾ ਹੈ ਉਸ ਤੋਂ ਤਾਂ ਇਹ ਹੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬੀ ਦਾ ਰੱਬ ਹੀ ਰਾਖਾ। ਸ਼ਹਿਰਾਂ – ਪਿੰਡਾਂ ਦੇ ਘਰਾਂ, ਗਲੀਆਂ, ਦੁਕਾਨਾਂ ਤੇ ਲੱਗੇ ਬੋਰਡ ਤੱਕ ਪੰਜਾਬੀ ਨੂੰ ਤਰਸ ਰਹੇ ਹਨ। ਪੰਜਾਬੀ ਵਿਦਵਾਨ ਆਪਣੀ ਵਿਦਵਤਾ ਦਰਸਾਉਣ ਲਈ ਹਿੰਦੀ-ਸੰਸਕ੍ਰਿਤ ਤੇ ਅੰਗਰੇਜ਼ੀ ਸ਼ਬਦਾਂ ਨੂੰ ਪਹਿਲ ਦਿੰਦੇ ਹਨ। ਪੰਜਾਬੀ ਆਲੋਚਕ ਪੱਛਮੀ ਸਿਧਾਂਤਾਂ ਨੂੰ ਪੇਸ਼ ਕਰਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਕੀ ਅਜੇ ਤੱਕ ਪੰਜਾਬੀ ਦਾ ਵਿਹਾਰਕ ਅਧਿਐਨ ਕਰਨ ਲਈ ਪੰਜਾਬੀ ਕਾਵਿ ਸ਼ਾਸਤਰ ਦੀ ਲੋੜ ਹੀ ਮਹਿਸੂਸ ਨਹੀਂ ਹੋਈ? ਪੰਜਾਬੀ ਬੋਲੀ ਦਾ ਸਤਿਕਾਰ ਜਿਵੇਂ ਬੀਤੇ ਸਮੇਂ ਦੀ ਗੱਲ ਹੋ ਗਈ ਹੋਵੇ। ਰਸੂਲ ਹਮਜ਼ਾਤੋਵ ਅਨੁਸਾਰ, “ਜਿਹੜਾ ਆਦਮੀ ਆਪਣੀ ਮਾਂ ਬੋਲੀ ਦਾ ਸਤਿਕਾਰ ਨਹੀਂ ਕਰਦਾ, ਇਹ ਸਾਰੀ ਇੱਜ਼ਤ ਗੁਆ ਬੈਠਦਾ ਹੈ”। ਇਸ ਕਥਨ ਨੂੰ ਮੁੱਖ ਰੱਖਕੇ ਸਾਨੂੰ ਸਾਰਿਆਂ ਨੂੰ ਆਪਣੀ ਸਵੈ-ਪੜਚੋਲ ਕਰਨੀ ਚਾਹੀਦੀ ਹੈ। ਇਸ ਸਮੇਂ ਆਪਣੇ ਹੀ ਘਰ ਵਿਚ ਬੇਗਾਨੀ ਹੋਈ ਮਾਂ ਬੋਲੀ ਪੰਜਾਬੀ ਆਪਣੇ ਪੁੱਤਰਾਂ ਨੂੰ ਮਦਦ ਲਈ ਪੁਕਾਰ ਰਹੀ ਹੈ।
ਪੰਜਾਬੀ ਬੋਲੀ ਪੰਜਾਬੀ ਸਾਹਾਂ ਦੀ ਬੋਲੀ ਹੈ ਇਸ ਵਿਚ ਪੰਜਾਬੀ ਮਾਨਸਿਕਤਾ ਡੁੱਲ-ਡੁੱਲ ਪੈਂਦੀ ਹੈ। ਇਸ ਤੋਂ ਦੂਰ ਜਾ ਕੇ ਅਸੀਂ ਕਦੇ ਖੁਸ਼ ਨਹੀਂ ਰਹਿ ਸਕਦੇ। ਇਸ ਵਿਚ ਗੁਰੂ ਗੋਬਿੰਦ ਦੀ ਵਾਰ ਵੀ ਹੈ ਤੇ ਸ਼ਿਵ ਦਾ ਦਰਦ ਵੀ। ਇਸ ਵਿਚ ਬਾਬਾ ਨਾਨਕ ਵੀ ਹੈ, ਵਾਰਿਸ ਵੀ।
ਦੋਸਤਾ ਨਾ ਵੇਖ ਘਿਰਨਾ ਨਾਲ ਪੰਜਾਬੀ ਜ਼ੁਬਾਨ।
ਇਸ ’ਚ ‘ਨਾਨਕ’ ਵੀ ਹੈ, ‘ਵਾਰਸ’ ਵੀ ਹੈ ਤੇ ‘ਬਾਹੂ’ ਵੀ ਹੈ।( ਡਾ. ਜਗਤਾਰ)
ਫਿਰ ਪੰਜਾਬੀ ਆਪਣੀ ਮਾਂ ਬੋਲੀ ਤੋਂ ਦੂਰ ਕਿਉਂ ਜਾ ਰਹੇ ਹਨ? ਕਿਉਂ ਪੰਜਾਬੀ ਨੂੰ ਬਣਦਾ ਸਤਿਕਾਰ ਨਹੀਂ ਮਿਲ ਰਿਹਾ? ਸਮੁੱਚਾ ਪੰਜਾਬੀ ਵਰਗ ਮੂਕ ਦਰਸ਼ਕ ਕਿਉਂ ਬਣਿਆ ਹੈ? ਇਹਨਾਂ ਪ੍ਰਸ਼ਨਾਂ ਦੇ ਉੱਤਰਾਂ ਲਈ ਸਮੁੱਚੇ ਪੰਜਾਬੀ ਵਰਗ ਨੂੰ ਸੁਚੇਤ ਹੋਣ ਦੀ ਲੋਡ਼ ਹੈ। ਪੰਜਾਬੀਆਂ ਨੂੰ ਹਮੇਸ਼ਾ ਧਨੀ ਰਾਮ ਚਾਤ੍ਰਿਕ ਜਾ ਦੀਆਂ ਇਹ ਕਾਵਿ ਸਤਰਾਂ ਆਪਣੀ ਮਾਨਸਿਕਤਾ ਵਿਚ ਰੱਖਣੀਆਂ ਹੋਣ ਗੀਆਂ।
ਅਸਾਂ ਨਹੀਂ ਭੁਲਾਉਣੀ ਚੰਨਾ,
ਬੋਲੀ ਏ ਪੰਜਾਬੀ ਸਾਡੀ।
ਏਹੋ ਜਿੰਦ ਜਾਨ ਸਾਡੀ,
ਮੋਤੀਆਂ ਦੀ ਖਾਨ ਸਾਡੀ,
ਹੱਥੋਂ ਨਹੀਂ ਗੁਆਉਣੀ ਚੰਨਾ,
ਬੋਲੀ ਏ ਪੰਜਾਬੀ ਸਾਡੀ।
ਤ੍ਰਿੰਞਣਾ ਭੰਡਾਰਾਂ ਵਿਚ,
ਵੰਝਲੀ ਤੇ ਵਾਰਾਂ ਵਿਚ,
ਮਿੱਠ ਤੇ ਸੁਹਾਉਣੀ ਚੰਨਾ,
ਬੋਲੀ ਏ ਪੰਜਾਬੀ ਸਾਡੀ।
ਜੋਗ ਤੇ ਕਮਾਈਆਂ ਵਿਚ,
ਜੰਗਾਂ ਤੇ ਲੜਾਈਆਂ ਵਿਚ,
ਏਹੋ ਜਿੰਦ ਪਾਉਣੀ ਚੰਨਾ,
ਬੋਲੀ ਏ ਪੰਜਾਬੀ ਸਾਡੀ।
ਫੁੱਲਾਂ ਦੀ ਕਿਆਰੀ ਸਾਡੀ,
ਸੁੱਖਾਂ ਦੀ ਅਟਾਰੀ ਸਾਡੀ,
ਭੁੱਲ ਕੇ ਨਹੀਂ ਢਾਉਣੀ ਚੰਨਾ,
ਬੋਲੀ ਏ ਪੰਜਾਬੀ ਸਾਡੀ।
ਮੁਖਵੀਰ ਸਿੰਘ
ਐਮ.ਏ.(ਪੰਜਾਬੀ, ਇਤਿਹਾਸ). ਐਮ.ਫਿਲ. ਪਿੰਡ ਮੱਲ੍ਹੀਆਂ, ਡਾਕ ਦਿਆਲਪੁਰ, ਜਲੰਧਰ (ਪੰਜਾਬ) 98156 33274 mukhvir@yahoo.co.in