ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਪੰਜਾਬੀ ਫੌਂਟ ਅਤੇ ਯੂਨੀਕੋਡ ਪ੍ਰਣਾਲੀ
ਸੀ.ਪੀ.ਕੰਬੋਜ

ਜਦੋਂ ਵੀ ਕਿਤੇ ਕੰਪਿਊਟਰ ਉੱਤੇ ਪੰਜਾਬੀ ਭਾਸ਼ਾ ਦੀ ਵਰਤੋਂ ਦੀ ਗੱਲ ਸ਼ੁਰੂ ਹੁੰਦੀ ਹੈ ਤਾਂ ਗੁਰਮੁਖੀ ਟਾਈਪ ਕਰਨ ਲਈ ਉਪਲੱਬਧ ਫੌਂਟਾਂ ਦੀ ਸਮੱਸਿਆ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ। ਗੁਰਮੁਖੀ ਦੇ ਫੌਂਟਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਇੱਕ ਆਮ ਵਿਅਕਤੀ ਇਹਨਾਂ ਦੀ ਉਪਲਬਧਤਾ ਅਤੇ ਵਰਤੋਂ ਬਾਰੇ ਜਾਣਨ ਤੋਂ ਪਾਸਾ ਵੱਟਦਾ ਹੈ। ਵੱਖ-ਵੱਖ ਫੌਂਟਾਂ ਦੇ ਝਮੇਲੇ ਦੀ ਸਥਿਤੀ ਇਤਨੀ ਕੁ ਗੰਭੀਰ ਹੈ ਕਿ ਕਈ ਵਾਰ ਕੋਈ ਹਿੰਮਤੀ ਵਰਤੋਂਕਾਰ ਵੀ ਕੰਪਿਊਟਰ ਨੂੰ ਪੰਜਾਬੀ ਵਿੱਚ ਵਰਤਣ ਦੀ ਦਲੇਰੀ ਨਹੀਂ ਕਰਦਾ।

ਕਈ ਵਾਰ ਲੇਖਕਾਂ ਅਤੇ ਪੱਤਰਕਾਰਾਂ ਨੂੰ ਅਖ਼ਬਾਰਾਂ ਵੱਲੋਂ ਹਿਦਾਇਤ ਦਿੱਤੀ ਜਾਂਦੀ ਹੈ ਕਿ ਉਹ ਪ੍ਰਕਾਸ਼ਿਤ ਕੀਤੇ ਜਾਣ ਵਾਲੀ ਰਚਨਾ ਟਾਈਪ ਕਰਵਾ ਕੇ ਭੇਜਣ। ਕਾਫ਼ੀ ਜਦੋ-ਜਹਿਦ ਕਰ ਕੇ ਜੇਕਰ ਕੋਈ ਸੱਜਣ ਟਾਈਪ ਕਰਵਾ ਕੇ ਈ-ਮੇਲ ਰਾਹੀਂ ਪੁੱਜਦਾ ਕਰਵਾ ਵੀ ਦਿੰਦਾ ਹੈ ਤਾਂ ਅੱਗੋਂ ਟੈਲੀਫ਼ੋਨ ਆ ਜਾਂਦਾ ਹੈ ਕਿ ਭੇਜਿਆ ਗਿਆ ਖਰੜਾ ਪੜ੍ਹਨ ਯੋਗ ਨਹੀਂ ਹੈ, ਇਸ ਨਾਲ ਦਾ ਫੌਂਟ ਵੀ ਭੇਜੋ।

ਅਖ਼ਬਾਰਾਂ ਵੱਲੋਂ ਵਰਤੇ ਜਾਣ ਵਾਲੇ ਫੌਂਟ ਵਿੱਚ ਮਜ਼ਮੂਨ ਟਾਈਪ ਨਾ ਕਰਵਾ ਕੇ ਘੱਲਿਆ ਜਾਵੇ ਤਾਂ ਉਸ ਨੂੰ ਦੁਬਾਰਾ ਟਾਈਪ ਕਰਵਾਉਣਾ ਪੈਂਦਾ ਹੈ। ਅਸਲ ਵਿਚ ਸ਼ੁਰੂ ਤੋਂ ਵੱਖ-ਵੱਖ ਭਾਸ਼ਾਵਾਂ ਦੀਆਂ ਵੱਖ-ਵੱਖ ਲਿਪੀਆਂ ਦਾ ਕੋਈ ਅੰਤਰਰਾਸ਼ਟਰੀ ਮਿਆਰ ਨਹੀਂ ਸੀ ਰੱਖਿਆ ਗਿਆ। ਜਦੋਂ ਕਿਸੇ ਦਾ ਦਿਲ ਕੀਤਾ ਆਪਣੀ ਲੋੜ, ਮਰਜ਼ੀ ਅਤੇ ਸੁਵਿਧਾ ਅਨੁਸਾਰ ਨਵਾਂ ਫੌਂਟ ਉਸਾਰ ਲਿਆ ਗਿਆ। ਇਸ ਤਰ੍ਹਾਂ ਫੌਂਟਾਂ ਦੀ ਬਹੁਤਾਤ ਨੇ ਸਧਾਰਨ ਵਰਤੋਂਕਾਰ ਨੂੰ ਭੰਬਲਭੂਸੇ ਪਾ ਦਿੱਤਾ। ਸਿੱਟਾ ਇਹ ਨਿਕਲਿਆ ਕਿ ਇਕ ਫੌਂਟ ਵਿਚ ਟਾਈਪ ਕੀਤਾ ਗਿਆ ਮਜ਼ਮੂਨ ਕਿਸੇ ਦੂਸਰੇ ਫੌਂਟ ‘ਤੇ ਖੋਲ੍ਹਣਾ ਹੋਵੇ ਤਾਂ ਅਰਥ-ਅਨਰਥ ਹੋ ਜਾਂਦੇ ਹਨ। ਇੰਝ ਲਗਦਾ ਹੈ। ਜਿਵੇਂ ਕੰਪਿਊਟਰ ਦੇਵ ਕਾਲ ਬਣ ਕੇ ਧਰਤੀ ‘ਤੇ ਉਤਰ ਆਇਆ ਹੋਵੇ। ਕਈ ਵਾਰ ਬੜੀ ਮਿਹਨਤ ਨਾਲ ਤਿਆਰ ਕਰਕੇ ਘੱਲਿਆ ਈ-ਮੇਲ ਸੰਦੇਸ਼ ਅਗਲੇ ਲਈ ਜ਼ਰਾ ਵੀ ਕੰਮ ਦਾ ਨਹੀਂ ਰਹਿੰਦਾ। ਕੋਈ ਪੰਜਾਬੀ (ਗੁਰਮੁਖੀ) ਦੀ ਵੈੱਬਸਾਈਟ ਖੋਲ੍ਹਣ ਉਪਰੰਤ ਜਦੋਂ ਸਭ ਊਟ-ਪਟਾਂਗ ਨਜ਼ਰ ਆਉਂਦਾ ਹੈ ਤਾਂ ਮਨ ਵਿੱਚ ਖਿਝ ਚੜ੍ਹ ਜਾਂਦੀ ਹੈ। ਅਜਿਹੀਆਂ ਮੁਸ਼ਕਲਾਂ ਦੇ ਸਥਾਈ ਹੱਲ ਲਈ ਇਕ ਅੰਤਰਰਾਸ਼ਟਰੀ ਯੂਨੀਕੋਡ ਪ੍ਰਣਾਲੀ ਦਾ ਵਿਕਾਸ ਕੀਤਾ ਗਿਆ, ਜਿਸ ਨੂੰ ਯੂਨੀਕੋਡ ਪ੍ਰਣਾਲੀ ਕਿਹਾ ਜਾਂਦਾ ਹੈ।  ਇਸ ਪ੍ਰਣਾਲੀ ਵਿਚ ਵਿਸ਼ਵ ਦੀਆਂ ਪ੍ਰਮੁੱਖ ਭਾਸ਼ਾਵਾਂ ਨੂੰ ਯੋਗ ਸਥਾਨ ਦਿੱਤਾ ਗਿਆ ਹੈ।

ਆਖਰ ਕੀ ਹੈ, ਇਹ ਫੌਂਟਾਂ ਦੀ ਸਮੱਸਿਆ?, ਇਹ ਇੰਨਾਂ ਗੰਭੀਰ ਰੂਪ ਕਿਉਂ ਧਾਰਨ ਕਰ ਚੁੱਕੀ ਹੈ? ਯੂਨੀਕੋਡ ਪ੍ਰਣਾਲੀ ਕੀ ਹੈ ਤੇ ਕਿਉਂ ਹੈ ਇਸ ਦੀ ਕੀ ਲੋੜ? ਯੂਨੀਕੋਡ ਪ੍ਰਣਾਲੀ ਦੇ ਫਾਇਦੇ ਅਤੇ ਖ਼ਾਮੀਆਂ ਕੀ-ਕੀ ਹਨ?  ਆਓ, ਇਹਨਾਂ ਮੁੱਦਿਆਂ ‘ਤੇ ਵਿਸਤਾਰ ਨਾਲ ਚਰਚਾ ਕਰੀਏ।


ਫੌਂਟ
ਟਾਈਪ-ਫੇਸ ਅਤੇ ਫੌਂਟ ਫੈਮਲੀ

ਵੱਖ-ਵੱਖ ਭਾਸ਼ਾਵਾਂ ਦੇ ਵੱਖ-ਵੱਖ ਅੱਖਰਾਂ ਨੂੰ ਦਿਖਾਉਣ ਅਤੇ ਪ੍ਰਿੰਟ ਕਰਨ ਦੇ ਵਿਸ਼ੇਸ਼ ਰੂਪ ਨੂੰ ਫੌਂਟ ਕਿਹਾ ਜਾਂਦਾ ਹੈ। ਅਸਲ ਵਿੱਚ ਫੌਂਟ ਵੱਖ-ਵੱਖ ਅੱਖਰਾਂ, ਅੰਕਾਂ ਅਤੇ ਸੰਕੇਤਾਂ ਦਾ ਸਮੂਹ ਹੁੰਦਾ ਹੈ। ਵੱਖ-ਵੱਖ ਭਾਸ਼ਾਵਾਂ ਦੀਆਂ ਲਿਪੀਆਂ ਦੇ ਵੱਖ-ਵੱਖ ਫੌਂਟ ਹੁੰਦੇ ਹਨ।

ਗੁਰਮੁਖੀ ਦੀਆਂ ਵੱਖ-ਵੱਖ ਲਿਪੀਆਂ ਜਿਵੇਂ ਗੁਰਮੁਖੀ20, ਸਤਲੁਜ, ਜੁਆਏ, ਅਸੀਸ, ਅੰਮ੍ਰਿਤ-ਲਿਪੀ, ਅੱਖਰ, ਅਨਮੋਲ ਲਿਪੀ, ਗੁਰਬਾਣੀ ਕਲਮੀ ਆਦਿ; ਸ਼ਾਹਮੁਖੀ ਲਈ ਨਾਸਤਲਿਕ, ਅਲਵੀ ਆਦਿ ਅਤੇ ਰੋਮਨ (ਅੰਗਰੇਜ਼ੀ) ਲਈ ਏਰੀਅਲ, ਟਾਈਮਜ਼ ਨਿਊ ਰੋਮਨ, ਇੰਪੈਕਟ ਆਦਿ ਸਮੇਤ ਅਨੇਕਾਂ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ। ਫੌਂਟਾਂ ਦੀਆਂ ਅੱਗੇ ਵੱਖ-ਵੱਖ ਸ਼ੈਲੀਆਂ (ਸਟਾਈਲ), ਅਕਾਰ, ਰੰਗ ਅਤੇ ਸਟਰੌਕ (ਵਜ਼ਨ) ਹੁੰਦੇ ਹਨ। ਫੌਂਟਾਂ ਦੇ ਵੱਖ-ਵੱਖ ਨਮੂਨਿਆਂ (ਡਿਜ਼ਾਈਨ) ਨੂੰ ਟਾਈਪ-ਫੇਸ ਕਿਹਾ ਜਾਂਦਾ ਹੈ। ਇੱਕ ਹੀ ਨਾਮ ਹੇਠ ਤਿਆਰ ਕੀਤੇ ਵੱਖ-ਵੱਖ ਟਾਈਪ-ਫੇਸਾਂ ਨੂੰ ਫੌਂਟ ਪਰਿਵਾਰ ਜਾਂ ਫੌਂਟ ਫੈਮਲੀ ਕਿਹਾ ਜਾਂਦਾ ਹੈ। ਮਿਸਾਲ ਵਜੋਂ ਗੁਰਮੁਖੀ ਫੌਂਟ ਪਰਿਵਾਰ ਦੇ ਗੁਰਮੁਖੀ ਥਿੰਨ, ਗੁਰਮੁਖੀ ਵਾਈਡ, ਗੁਰਮੁਖੀ ਬੋਲਡ ਆਦਿ ਅਲੱਗ-ਅਲੱਗ ਟਾਈਪ ਫੇਸ ਹਨ।

ਕੀ-ਬੋਰਡ (ਕੁੰਜੀ ਪਟਲ) ਦੇ ਅਧਾਰ ਉੱਤੇ ਫੌਂਟਾਂ ਨੂੰ ਦੋ ਭਾਗਾਂ (ਫੋਨੈਟਿਕ ਅਤੇ ਰਮਿੰਗਟਨ) ਵਿੱਚ ਵੰਡਿਆ ਜਾਂਦਾ ਹੈ। ਫੌਨੈਟਿਕ ਫੌਂਟ ਕੀ-ਬੋਰਡ ਉੱਤੇ ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨਾਂ ਦੇ ਅਧਾਰ ਤੇ ਚਲਦੇ ਹਨ। ਜਿਵੇਂ ਕਿ ਅੰਗਰੇਜ਼ੀ ਦਾ ‘a’ ਦਬਾਉਣ ਉਪਰੰਤ ਊੜਾ, ‘c’ ਦਬਾਉਣ ਉਪਰੰਤ ਚੱਚਾ, ‘C’ ਦਬਾਉਣ ਉਪਰੰਤ ਛੱਛਾ ਅੱਖਰ ਪੈਂਦਾ ਹੈ। ਇਹਨਾਂ ਫੌਂਟਾਂ ਉੱਤੇ ਇਕ ਅਣਜਾਣ ਵਿਅਕਤੀ ਵੀ ਕੰਮ ਕਰ ਸਕਦਾ ਹੈ। ਇਸ ਸ਼੍ਰੇਣੀ ਦੇ ਫੌਂਟਾਂ ਵਿੱਚੋਂ ਅਨਮੋਲ ਲਿਪੀ, ਗੁਰੂ ਅੰਗਦ, ਧਨੀ ਰਾਮ ਚਾਤ੍ਰਿਕ, ਅੰਮ੍ਰਿਤ ਲਿਪੀ ਅਤੇ ਅੱਖਰ ਆਦਿ ਪ੍ਰਮੁੱਖ ਹਨ। ਦੂਸਰੇ ਰਮਿੰਗਟਨ ਕਿਸਮ ਦੇ ਫੌਂਟਾਂ ਉੱਤੇ ਇਕ ਟਾਈਪਿਸਟ ਹੀ ਕੰਮ ਕਰ ਸਕਦਾ ਹੈ।

ਇਹਨਾਂ ਵਿੱਚ ਅੱਖਰ ਅੰਗਰੇਜ਼ੀ ਦੀਆਂ ਧੁੰਨੀਆਂ ਦੇ ਅਧਾਰ ‘ਤੇ ਨਹੀਂ ਪੈਂਦੇ ਸਗੋਂ ਇਹਨਾਂ ਦਾ ਇੱਕ ਵੱਖਰਾ ਹੀ ਪੈਟਰਨ ਹੁੰਦਾ ਹੈ। ਅਸਲ ਵਿੱਚ ਕੀ-ਬੋਰਡ ਦੀਆਂ ਕੁੰਜੀਆਂ ਨੂੰ ਵੱਧ ਵਰਤੋਂ ਅਤੇ ਘੱਟ ਵਰਤੋਂ ਦੀ ਆਵ੍ਰਿਤੀ ਦੇ ਅਧਾਰ ਉੱਤੇ ਡਿਜ਼ਾਈਨ ਕੀਤਾ ਗਿਆ ਹੈ। ਜੁਆਏ, ਸਤਲੁਜ, ਅਸੀਸ, ਗੁਰਮੁਖੀ, ਰਣਜੀਤ ਆਦਿ ਗੁਰਮੁਖੀ ਲਿਪੀ ਦੇ ਰਮਿੰਗਟਨ ਫੌਂਟ ਹਨ।


ਵਰਤਮਾਨ ਕੰਪਿਊਟਰੀ ਕੋਡ ਪ੍ਰਣਾਲੀ: ਆਸਕੀ

ਕੰਪਿਊਟਰ ਇੱਕ ਅੰਕੜਾ ਸੰਸਾਧਨ (ਡਾਟਾ ਪ੍ਰੋਸੈਸਿੰਗ) ਮਸ਼ੀਨ ਹੈ।  ਕੰਪਿਊਟਰ ਉੱਤੇ ਪਾਏ ਜਾਣ ਵਾਲੇ ਦਸਤਾਵੇਜ਼, ਗੀਤ-ਸੰਗੀਤ, ਫੋਟੋਆਂ ਅਤੇ ਫਿਲਮਾਂ ਆਦਿ ਦਾ ਮੂਲ ਅਧਾਰ ਅੰਕੜਾ ਹੀ ਹੈ। ਦੂਸਰੇ ਸ਼ਬਦਾਂ ਵਿੱਚ ਕੰਪਿਊਟਰ ਉੱਤੇ ਨਜ਼ਰ ਆਉਣ ਵਾਲੀ ਕੋਈ ਚੀਜ਼ ਸਾਡੇ ਲਈ ਭਾਵੇਂ ਅੱਖਰ, ਫੋਟੋ, ਆਵਾਜ਼ ਆਦਿ ਭਲੇ ਹੀ ਕਿਉਂ ਨਾ ਹੋਵੇ ਪਰ ਕੰਪਿਊਟਰ ਲਈ ਇਹ ਸਿਰਫ਼ ਅੰਕੜੇ ਹੀ ਹਨ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਕੰਪਿਊਟਰ ਸਿਰਫ਼ ਦੋ ਅੰਕਾਂ ਸਿਫ਼ਰ (0) ਅਤੇ ਇੱਕ (1) ਨੂੰ ਹੀ ਸਮਝ ਸਕਦਾ ਹੈ, ਬਸ ਸਿਫ਼ਰ ਅਤੇ ਇੱਕ ਹੀ ਕੰਪਿਊਟਰ ਲਈ ਅੰਕੜੇ (ਡਾਟਾ) ਹਨ। ਸਿਫ਼ਰ ਅਤੇ ਇੱਕ ਦੇ ਸੁਮੇਲ ਨਾਲ ਬਣੀ ਅੰਕੜਿਆਂ ਦੀ ਇਸ ਵਿਲੱਖਣ ਪ੍ਰਣਾਲੀ ਨੂੰ ਬਾਇਨਰੀ ਅੰਕ ਪ੍ਰਣਾਲੀ (ਕੰਪਿਊਟਰ ਦੀ ਭਾਸ਼ਾ) ਕਿਹਾ ਜਾਂਦਾ ਹੈ। ਕੰਪਿਊਟਰ ਵਿੱਚ ਧੁਰ ਤੱਕ ਵਰਤੇ ਜਾਣ ਵਾਲੇ ਇਹਨਾਂ ਦੋ ਅੰਕਾਂ ਨੂੰ ਬਿੱਟਸ (ਬਾਇਨਰੀ ਡਿਜ਼ੇਟਸ) ਦਾ ਨਾਮ ਦਿੱਤਾ ਗਿਆ ਹੈ। ਅੱਠ ਬਿੱਟਸ ਦੇ ਸਮੂਹ ਨੂੰ ਇੱਕ ਬਾਈਟ ਕਿਹਾ ਜਾਂਦਾ ਹੈ।

ਆਸਕੀ 8 ਬਿੱਟਸ ਵਾਲਾ ਇੱਕ ਸੰਕੇਤਕ ਕੋਡ ਹੈ। ਇਹੀ ਕਾਰਨ ਹੈ ਕਿ ਇਸ ਵਿੱਚ ਸਿਫ਼ਰ ਅਤੇ ਇੱਕ ਦੇ ਮੇਲ ਨਾਲ 256 ਸੰਭਾਵਿਤ ਵਿਲੱਖਣ ਸੁਮੇਲ (ਕੰਬੀਨੇਸ਼ਨ) ਬਣ ਸਕਦੇ ਹਨ। ਸਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਸ ਵਿੱਚ ਕਿਸੇ ਭਾਸ਼ਾ ਦੇ 256 ਵੱਖ-ਵੱਖ ਅੱਖਰਾਂ, ਅੰਕਾਂ ਅਤੇ ਹੋਰਨਾ ਚਿੰਨ੍ਹਾਂ ਨੂੰ ਪਰਦਰਸ਼ਿਤ ਕੀਤਾ ਜਾ ਸਕਦਾ ਹੈ।

ਵਿਸ਼ਵ ਦੀਆਂ ਵਿਭਿੰਨ ਭਾਸ਼ਾਵਾਂ ਦੀਆਂ ਲਿਪੀਆਂ ਦੇ ਵੱਖ-ਵੱਖ ਫੌਂਟਾਂ ਦੇ ਅੱਖਰਾਂ ਲਈ ਆਸਕੀ ਪ੍ਰਣਾਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਸਲ ਵਿੱਚ ਆਸਕੀ ਅੰਗਰੇਜ਼ੀ ਜਾਂ ਲਾਤੀਨੀ ਅਧਾਰਿਤ ਪ੍ਰਣਾਲੀ ਹੈ। ਕਿਉਂਕਿ ਮੁੱਢਲੇ ਪੜਾਅ ਦੀਆਂ ਸਾਰੀਆਂ ਖੋਜਾਂ ਅੰਗਰੇਜ਼ੀ ਭਾਸ਼ਾ ਵਿੱਚ ਹੋਈਆਂ ਹਨ, ਇਸ ਲਈ ਸਾਡਾ ਕੰਪਿਊਟਰ ਹੋਰਨਾਂ ਭਾਸ਼ਾਵਾਂ ਦੇ ਮੁਕਾਬਲੇ ਅੰਗਰੇਜ਼ੀ ਲਈ ਵਧੇਰੇ ਅਨੁਕੂਲ ਹੈ। ਜਿਵੇਂ-ਜਿਵੇਂ ਖੋਜ ਕਾਰਜਾਂ ਵਿੱਚ ਵਾਧਾ ਹੋਇਆ ਵੱਖ-ਵੱਖ ਭਾਸ਼ਾਵਾਂ ਦੇ ਮੁੱਦਈਆ ਨੇ ਆਪਣੀ-ਆਪਣੀ ਭਾਸ਼ਾ ਲਈ ਫੌਂਟ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਪੰਜਾਬੀ ਮੂਲ ਦੇ ਅਮਰੀਕਾ ਨਿਵਾਸੀ ਡਾ. ਕੁਲਬੀਰ ਸਿੰਘ ਥਿੰਦ ਨੇ ਸਾਲ 1984 ਵਿੱਚ ਸਭ ਤੋਂ ਪਹਿਲਾਂ ਮੈਕਿਨਟੌਸ਼ ਕੰਪਿਊਟਰ ਉੱਤੇ ਗੁਰਮੁਖੀ ਫੌਂਟ ਵਰਤਣ ਦਾ ਸਫਲ ਪ੍ਰਯੋਗ ਕੀਤਾ। ਫਿਰ ਹੋਰ ਕੰਪਿਊਟਰ ਖੋਜਕਾਰਾਂ ਨੇ ਨਵੇਂ-ਨਵੇਂ ਫੌਂਟ ਘੜੇ ਅਤੇ ਮਾਤ ਭਾਸ਼ਾ ਦੀ ਸੇਵਾ ਕੀਤੀ। ਹੌਲੀ-ਹੌਲੀ ਕੰਪਿਊਟਰ ਸੰਸਾਰ ਇੱਕ ਅਜਿਹੇ ਮੁਕਾਮ ‘ਤੇ ਪਹੁੰਚ ਗਿਆ ਜਿਥੇ ਅੰਤਰਰਾਸ਼ਟਰੀ ਮਿਆਰ ਵਾਲੇ ਕਿਸੇ ਨਵੇਂ ਫੌਂਟ ਜਾਂ ਕੋਡ ਪ੍ਰਣਾਲੀ ਦੀ ਲੋੜ ਮਹਿਸੂਸ ਹੋਣ ਲੱਗੀ। ਵਿਗਿਆਨੀਆਂ ਨੂੰ ਵਿਸ਼ਵ ਦੀਆਂ ਵੱਖ-ਵੱਖ ਭਾਸ਼ਾਵਾਂ ਨੂੰ ਇਕੋ ਪਲੇਟਫਾਰਮ ਉੱਤੇ ਇਕੱਠਾ ਕਰਨ ਵਾਲੀ ਪ੍ਰਣਾਲੀ ਦੀ ਘਾਟ ਅਤੇ ਇਸ ਨੂੰ ਪੂਰਾ ਕਰਨ ਦੀ ਚਿੰਤਾ ਵੱਢ-ਵੱਢ ਖਾਣ ਲੱਗੀ। ਬਸ, ਫਿਰ ਕੀ ਸੀ ਆਸਕੀ ਅਧਾਰਿਤ ਫੌਂਟਾਂ ਦੇ ਕੀ-ਬੋਰਡ ਖ਼ਾਕੇ (ਲੇਆਉਟ) ਅਤੇ ਪੰਜਾਬੀ ਫੌਂਟਾਂ ਸਬੰਧੀ ਭੰਬਲਭੂਸੇ ਤੋਂ ਬਚਣ ਲਈ ਯੂਨੀਕੋਡ ਪ੍ਰਣਾਲੀ ਦੀ ਸਫਲ ਖੋਜ ਹੋਈ।


ਭਾਰਤੀ ਕੋਡ ਪ੍ਰਣਾਲੀ: ਇਸਕੀ

ਭਾਰਤ ਸਰਕਾਰ ਨੇ ਵੱਖ-ਵੱਖ ਭਾਰਤੀ ਭਾਸ਼ਾਵਾਂ ਨੂੰ ਇਕ ਸਾਂਝੇ ਪਲੇਟਫਾਰਮ ਉੱਤੇ ਇਕੱਠਾ ਕਰਨ ਲਈ ਸੰਖਿਪਤ (ਕੋਡ) ਯੋਜਨਾ ਤਿਆਰ ਕੀਤੀ। ਇਸ ਨੂੰ ‘ਇਂਡੀਅਨ ਸਕਰਿਪਟ ਕੋਡ ਫਾਰ ਇਨਫਰਮੇਸ਼ਨ ਇੰਟਰਚੇਂਜ’ (ਆਈ.ਐਸ.ਸੀ.ਆਈ.ਆਈ.  ਜਾਂ ਇਸਕੀ) ਨਾਮ ਦਿੱਤਾ ਗਿਆ। ਇਸ ਪ੍ਰਣਾਲੀ ਵਿੱਚ ਭਾਰਤ ਦੀਆਂ ਅਸਾਮੀ, ਬੰਗਾਲੀ, ਦੇਵਨਾਗਰੀ, ਗੁਜਰਾਤੀ, ਗੁਰਮੁਖੀ, ਕੰਨੜ, ਮਲਿਆਲਮ, ਉੜੀਆ, ਤਾਮਿਲ ਅਤੇ ਤੇਲਗੂ ਆਦਿ ਸਮੇਤ 10 ਭਾਰਤੀ ਭਾਸ਼ਾਵਾਂ ਨੂੰ ਸ਼ਾਮਿਲ ਕੀਤਾ ਗਿਆ। ਇਹ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਨੂੰ ਕੰਪਿਊਟਰ ਦੇ ਇਕ ਸਾਂਝੇ ਕੋਡ ਉਪਰ ਇਕੱਠਾ ਕਰਨ ਦਾ ਇਕ ਮਹੱਤਵਪੂਰਨ ਉਪਰਾਲਾ ਹੈ। ਭਾਰਤੀ ਭਾਸ਼ਾਵਾਂ ਬ੍ਰਹਮੀ ਅਧਾਰਿਤ ਹਨ ਜਿਸ ਕਾਰਨ ਉਹਨਾਂ ਵਿੱਚ ਵਰਤੇ ਜਾਂਦੇ ਅਲੱਗ-ਅਲੱਗ ਅੱਖਰਾਂ ਦੀ ਬਣਾਵਟ ਅਤੇ ਧੁਨੀ ਬਣਤਰ ਵੀ ਲਗਭਗ ਇਕੋ ਜਿਹੀ ਹੈ।

ਇਸਕੀ ਪ੍ਰਣਾਲੀ ਇਕ ਧੁਨੀਆਤਮਕ (ਫੌਨੈਟਿਕ) ਪ੍ਰਣਾਲੀ ਹੈ। ਇਹ ਉਹ ਪ੍ਰਣਾਲੀ ਹੈ ਜਿਸ ਵਿੱਚ ਇਕ ਧੁਨੀ ਲਈ ਕੇਵਲ ਇਕ ਹੀ ਅੱਖਰ ਰੱਖਿਆ ਗਿਆ ਹੈ। ਇਸ ਵਿੱਚ ਅੰਗਰੇਜ਼ੀ ਕੀ-ਬੋਰਡ ਦੀ ਧੁਨੀ ਦੇ ਅਧਾਰਭੂਤ ਵਿਭਿੰਨ ਭਾਰਤੀ ਭਾਸ਼ਾਵਾਂ ਦੇ ਅੱਖਰਾਂ ਨੂੰ ਉਹਨਾਂ ਦੀ ਧੁਨੀ ਨਾਲ ਮਿਲਾਣ ਕਰਕੇ ਵਿਉਂਤਿਆ ਗਿਆ ਹੈ। ਉਦਾਹਰਣ ਵਜੋਂ ਕੀ-ਬੋਰਡ ਦੀ ਅੰਗਰੇਜ਼ੀ ਦੀ ਕੀਅ ‘k’ ਨੂੰ ਇਸਕੀ ਕੋਡ ‘੦ x b3’ ਜਾਰੀ ਕੀਤਾ ਗਿਆ ਹੈ ਜਿਹੜਾ ਕਿ ‘ਕਿ’ ਨੂੰ ਦਰਸਾਉਂਦਾ ਹੈ। ਜਦੋਂ ਕੋਈ ਵਰਤੋਂਕਾਰ ‘ਕੇ’ ਕੀਅ ਨੂੰ ਦਬਾਉਂਦਾ ਹੈ ਤਾਂ ਪੰਜਾਬੀ ਵਿੱਚ ਵੇਖਣ ਉਪਰੰਤ ਉਸ ਨੂੰ ‘ਕਿ’ ਅਤੇ ਦੇਵਨਾਗਰੀ ਵਿੱਚ ਦੇਖਣ ਉਪਰੰਤ ਉਸ ਨੂੰ ‘कि’ ਨਜ਼ਰ ਆਉਂਦਾ ਹੈ।

ਇਸ ਨਾਲ ਵਿਭਿੰਨ ਭਾਰਤੀ ਭਾਸ਼ਾਵਾਂ ਦੇ ਵੱਖ-ਵੱਖ ਅੱਖਰਾਂ ਨੂੰ ਧੁਨੀ ਦੇ ਅਧਾਰ ‘ਤੇ ਇਕ ਦੂਜੇ ਨਾਲ ਮਿਲਾਇਆ ਗਿਆ ਹੈ। ਵੱਖ-ਵੱਖ ਭਾਸ਼ਾਵਾਂ ਦੇ ਇਕ ਜਿਹੀ ਧੁਨੀ ਉਤਪੰਨ ਕਰਨ ਵਾਲੇ ਅੱਖਰਾਂ ਨੂੰ ਕੀ-ਬੋਰਡ ਦੀ ਇਕੋ ਸਾਂਝੀ ਕੀਅ ਹੇਠ ਰੱਖਿਆ ਗਿਆ ਹੈ। ਇਹੀ ਕਾਰਨ ਹੈ ਕਿ ਇਸ ਪ੍ਰਣਾਲੀ ਦੀ ਵਰਤੋਂ ਕਰਕੇ ਇਕ ਅਣਜਾਣ ਵਿਅਕਤੀ ਵੀ A ਤੋਂ ੳ,  B ਤੋਂ ਬ ਆਦਿ ਅੱਖਰ ਸਹਿਜੇ ਹੀ ਪਾ ਸਕਦਾ ਹੈ। ਟਾਈਪ ਸ਼ੁਰੂ ਕਰਨ ਤੋਂ ਪਹਿਲਾਂ ਬਸ ਇਕ ਛੋਟਾ ਜਿਹਾ ਕੰਮ ਜ਼ਰੂਰ ਕਰਨਾ ਪੈਂਦਾ ਹੈ, ਉਹ ਹੈ ਭਾਸ਼ਾ ਦੀ ਚੋਣ ਕਰਨਾ। ਭਾਵੇਂ ਇਹ ਪ੍ਰਣਾਲੀ ਆਮ ਲੋਕਾਂ ਤੱਕ ਨਹੀਂ ਪਹੁੰਚ ਸਕੀ ਤੇ ਸਿਰਫ਼ ਸਰਕਾਰੀ ਦਫ਼ਤਰਾਂ ਅਤੇ ਵਪਾਰਕ ਅਦਾਰਿਆਂ ਤੱਕ ਹੀ ਸਿਮਟ ਕੇ ਰਹਿ ਗਈ  ਹੈ ਪਰ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਆਪਣੇ ਮੁਲਕ ਦੀ ਕਿਸੇ ਵੀ ਭਾਸ਼ਾ ਵਿੱਚ ਲਿਖੇ ਮਜ਼ਮੂਨ ਦਾ ਦੂਸਰੀ ਭਾਰਤੀ ਭਾਸ਼ਾ ਵਿੱਚ ਲਿਪੀਅੰਤਰਨ ਬੜੀ ਆਸਾਨੀ ਨਾਲ ਕਰ ਸਕਦੇ ਹੋ। ਬਹੁਅਰਥਤਾ ਦੇ ਖ਼ਤਰੇ ਤੋਂ ਬਚਣ ਲਈ ਕੁਝ ਵਿਸ਼ੇਸ਼ ਨਿਯਮਾਂ (ਭੇਦ ਸੂਚਕਾਂ ਦੀ ਵਰਤੋਂ) ਦਾ ਧਿਆਨ ਰੱਖ ਕੇ ਗੁਰਮੁਖੀ ਜਾਂ ਦੇਵਨਾਗਰੀ ਆਦਿ ਵਿੱਚ ਤਿਆਰ ਕੀਤੀ ਲਿਖਤ ਸਮੱਗਰੀ ਨੂੰ ਰੋਮਨ ਲਿਪੀ ਵਿੱਚ ਵੀ ਬਦਲਿਆ ਜਾ ਸਕਦਾ ਹੈ।

ਇਸਕੀ 8 ਬਿੱਟ ਵਾਲੀ ਸੰਖਿਪਤ ਪ੍ਰਣਾਲੀ ਹੈ। ਇਸ ਦੀਆਂ ਹੇਠਲੀਆਂ 128 ਬਿੱਟਸ ਨੂੰ ਆਮ ਪਰੰਪਰਾਗਤ ਆਸਕੀ ਕੋਡ ਲਈ ਅਤੇ ਰਹਿੰਦੀਆਂ ਉਪਰਲੀਆਂ 128 ਬਿੱਟਸ ਨੂੰ ਭਾਸ਼ਾ ਦੀ ਚੋਣ ਕਰਨ ਲਈ ਵਰਤਿਆ ਜਾਂਦਾ ਹੈ। ਇਸਕੀ ਦੇ ਵਿਕਾਸ ਸਮੇਂ ਦੇਵਨਾਗਰੀ ਨੂੰ ਅਧਾਰ ਬਣਾ ਕੇ ਕੰਮ ਕੀਤਾ ਗਿਆ ਹੈ ਜਿਸ ਕਾਰਨ ਲਿਪੀਅੰਤਰਨ ਦੌਰਾਨ ਕਈ ਵਾਰ ਕੁਝ ਤਬਦੀਲੀ ਨਜ਼ਰ ਆਉਂਦੀ ਹੈ।

ਇਸਕੀ ਵਿਚ ਵੱਖ-ਵੱਖ ਭਾਸ਼ਾਵਾਂ ਦੇ ਸ੍ਵਰ, ਵਿਅੰਜਨਾ ਅਤੇ ਹੋਰ ਪ੍ਰਤੀਕ ਚਿੰਨ੍ਹਾਂ ਨੂੰ ਉਹਨਾਂ ਦੇ ਧੁਨੀ ਗੁਣਾਂ ਅਤੇ ਵੱਧ ਜਾਂ ਘੱਟ ਵਰਤੋਂ ਦੇ ਅਧਾਰ ‘ਤੇ ਅੰਗਰੇਜ਼ੀ ਕੀ-ਬੋਰਡ ਨਾਲ ਜੋੜਿਆ ਗਿਆ ਹੈ। ਪਰ ਯੂਨੀਕੋਡ ਪ੍ਰਣਾਲੀ ਦੇ ਹੋਂਦ ‘ਚ ਆਉਣ ਨਾਲ ਇਸ ਦੀ ਅਹਿਮੀਅਤ ਘਟਦੀ ਜਾ ਰਹੀ ਹੈ।

ਯੂਨੀਕੋਡ ਪ੍ਰਣਾਲੀ

ਯੂਨੀਕੋਡ ਇਕ ਅੰਤਰਰਾਸ਼ਟਰੀ ਅੱਖਰ ਸੰਕੇਤ ਲਿਪੀ ਹੈ ਇਸ ਵਿੱਚ ਦੁਨੀਆ ਦੀ ਹਰੇਕ ਪ੍ਰਮੁੱਖ ਭਾਸ਼ਾ ਦੇ ਅੱਖਰਾਂ, ਅੰਕਾਂ, ਵਿਸ਼ਰਾਮ ਚਿੰਨ੍ਹਾਂ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਯੂਨੀਕੋਡ ਪ੍ਰਣਾਲੀ ਦੁਨੀਆ ਦੀਆਂ ਵਿਭਿੰਨ ਭਾਸ਼ਾਵਾਂ ਦੇ ਵਿਭਿੰਨ ਫੌਂਟਾਂ ਦੇ ਹਰੇਕ ਅੱਖਰ ਜਾਂ ਅੰਕ ਆਦਿ ਨੂੰ ਇੱਕ ਵਿਸ਼ੇਸ਼, ਵਿਲੱਖਣ ਅਤੇ ਮਿਆਰੀ ਅੰਕ (ਨੰਬਰ ਜਾਂ ਬਿੱਟਸ) ਪ੍ਰਦਾਨ ਕਰਵਾਉਂਦੀ ਹੈ। ਇਹ ਦੁਨੀਆ ਦੀ ਹਰੇਕ ਪ੍ਰਮੁੱਖ ਭਾਸ਼ਾ ਦੀ ਭਾਸ਼ਾ ਵਿਗਿਆਨ ਦੇ ਚਿੰਨ੍ਹਾਂ ਨੂੰ ਪਰਿਭਾਸ਼ਿਤ ਕਰਨ ਦਾ ਇਕ ਸ਼ਕਤੀਸ਼ਾਲੀ ਸਾਧਨ ਹੈ। ਇਹ ਹਰੇਕ ਅੱਖਰ ਨੂੰ ਇੱਕ ਅਜਿਹਾ ਵਿਲੱਖਣ ਕੋਡ ਮੁਹੱਈਆ ਕਰਵਾਉਂਦੀ ਹੈ ਜੋ ਯੂਨੀਕੋਡ ਅਨੁਕੂਲ ਵਾਲੇ ਹਰੇਕ ਕੰਪਿਊਟਰ ਉੱਤੇ ਹਮੇਸ਼ਾ ਸਥਿਰ ਰਹਿੰਦਾ ਹੈ। ਸੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫੌਂਟਾਂ ਦੀ ਸਮੱਸਿਆ ਦਾ ਹੱਲ ਯੂਨੀਕੋਡ ਨੇ ਇੱਕ ਝਟਕੇ ਵਿੱਚ ਹੀ ਕੱਢ ਦਿੱਤਾ ਹੈ।

ਪੰਜਾਬੀ ਭਾਸ਼ਾ ਦੀਆਂ ਵੱਖ-ਵੱਖ ਲਿਪੀਆਂ ਵਿੱਚ ਅਨੇਕਾਂ ਮਿਆਰੀ ਸਾਫ਼ਟਵੇਅਰ ਵਿਕਸਿਤ ਕਰਨ ਵਾਲੇ ਭਾਸ਼ਾ ਦੇ ਤਕਨੀਕੀ ਵਿਕਾਸ ਦੇ ਮੁੱਦਈ ਡਾ. ਗੁਰਪ੍ਰੀਤ ਸਿੰਘ ਲਹਿਲ ਅਨੁਸਾਰ, ”ਯੂਨੀਕੋਡ ਪ੍ਰਣਾਲੀ ਇਕ ਅਜਿਹੀ ਵਿਵਸਥਾ ਹੈ ਜੋ ਦੁਨੀਆ ਭਰ ਦੀਆਂ ਭਾਸ਼ਾਵਾਂ ਨੂੰ ਇਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਵਾ ਕੇ ਲਿਪੀਆਂ ਅਤੇ ਭਾਸ਼ਾਵਾਂ ਦੀਆਂ ਸਰਹੱਦਾਂ ਨੂੰ ਖਤਮ ਕਰਨ ਦਾ ਕੰਮ ਕਰਦੀ ਹੈ।”

ਪੰਜਾਬੀ ਗੁਰਮੁਖੀ ਫੌਂਟਾਂ ਦੇ ਪਿਤਾਮਾ ਡਾ. ਕੁਲਬੀਰ ਸਿੰਘ ਥਿੰਦ ਅਨੁਸਾਰ, ”ਯੂਨੀਕੋਡ ਇਕ ਅਜਿਹੀ ਤਕਨੀਕ ਹੈ ਜਿਹੜੀ ਵਿਸ਼ਵ ਭਰ ਦੀਆਂ ਭਾਸ਼ਾਵਾਂ ਦੀਆਂ ਲਿਪੀਆਂ ਲਈ ਕੰਪਿਊਟਰ ਅਧਾਰਿਤ ਇਕ ਵਿਵਸਥਾ ਤਿਆਰ ਕਰਦੀ ਹੈ।”

ਬਾਬਾ ਬਲਜਿੰਦਰ ਸਿੰਘ ‘ਰਾੜਾ ਸਾਹਿਬ’ ਦੇ ਸ਼ਬਦਾਂ ਵਿੱਚ, ”ਯੂਨੀਕੋਡ ਇਕ ਅਜਿਹਾ ਫੌਂਟ ਹੈ, ਜਿਸ ਵਿਚ ਸਾਰੀਆਂ ਭਾਸ਼ਾਵਾਂ ਦੇ ਅੱਖਰ ਸਮਿੱਲਤ ਹਨ, ਉਹ ਫੌਂਟ ਜਿਸ ਵਿੱਚ ਅੱਖਰਾਂ ਦੇ ਕੋਡ ਯੁਨੀਵਰਸਲ ਹਨ ਭਾਵ ਪੱਕੇ ਤੌਰ ‘ਤੇ ਨਿਰਧਾਰਿਤ ਕਰ ਦਿੱਤੇ ਗਏ ਹਨ।”

ਗੁਰਮੁਖੀ-ਸ਼ਾਹਮੁਖੀ ਮਸ਼ੀਨ ਲਿਪੀਅੰਤਰਨ ਲਈ ਮੁਢਲਾ ਕੰਮ ਕਰਨ ਵਾਲੇ ਟਰਾਂਟੋ ਨਿਵਾਸੀ ਕਿਰਪਾਲ ਸਿੰਘ ਪੰਨੂੰ ਅਨੁਸਾਰ, ”ਯੂਨੀਕੋਡ ਪ੍ਰਣਾਲੀ ਨੇ ਪੰਜਾਬੀ ਫੌਂਟਾਂ ਦੀ ਬਹੁਤਾਤ ਦੇ ਘਚੋਲੇ ਦੇ ਕੋਹੜ ਤੋਂ ਪੰਜਾਬੀ ਜਗਤ ਨੂੰ ਮੁਕਤ ਕਰਵਾਉਣ ਲਈ ਰਾਹ ਪਧਰਾ ਕਰ ਦਿੱਤਾ ਹੈ।”

ਯੂਨੀਕੋਡ ਪ੍ਰਣਾਲੀ ਆਸਕੀ ਤੋਂ ਦੁਗਣੇ (16 ਬਿੱਟਸ) ਅਕਾਰ ਵਾਲੀ ਪ੍ਰਣਾਲੀ ਹੈ। ਇਹੀ ਕਾਰਨ ਹੈ ਕਿ ਇਸ ਵਿੱਚ ਵੱਖ-ਵੱਖ ਮੁਲਕਾਂ ਦੀਆਂ ਭਾਸ਼ਾਵਾਂ ਦੇ 65,536 ਅੱਖਰਾਂ ਨੂੰ ਦਰਸਾਇਆ ਜਾ ਸਕਦਾ ਹੈ। ਯੂਨੀਕੋਡ ਪ੍ਰਣਾਲੀ ਕੰਪਿਊਟਰ ਵਿੱਚ ਅੰਕੜਾ ਭੰਡਾਰਨ ਲਈ ਇੱਕ ਸੰਕੇਤ ਮਾਣਕ ਤਹਿ ਕਰਦੀ ਹੈ। ਇਸ ਪ੍ਰਣਾਲੀ ਦੇ ਹੋਂਦ ‘ਚ ਆਉਣ ਨਾਲ ਕੰਪਿਊਟਰ ਦੀ ਦੁਨੀਆ ਵਿੱਚ ਇਕ ਨਵੀਂ ਕ੍ਰਾਂਤੀ ਆਈ ਹੈ। ਇਸ ਨਾਲ ਅੰਗਰੇਜ਼ੀ ਤੋਂ ਇਲਾਵਾ ਵਿਸ਼ਵ ਦੀਆਂ ਦੂਸਰੀਆਂ ਭਾਸ਼ਾਵਾਂ ਨੂੰ ਵਿਆਪਕ ਰੂਪ ਵਿੱਚ ਕੰਪਿਊਟਰ ‘ਤੇ ਵਰਤਣਾ ਸੰਭਵ ਹੋ ਸਕਿਆ ਹੈ।

ਯੂਨੀਕੋਡ ਦਾ ਸਭ ਤੋਂ ਪਹਿਲਾ ਸੰਸਕਰਣ ਸਾਲ 1991 ਵਿੱਚ ਹੋਂਦ ਵਿੱਚ ਆਇਆ। ਯੂਨੀਕੋਡ ਦੇ ਤਾਜ਼ਾ ਸੰਸਕਰਣ ਵਿੱਚ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ਦੇ 50,000 ਤੋਂ ਵੱਧ ਅੱਖਰ ਸ਼ਾਮਿਲ ਕੀਤੇ ਗਏ ਹਨ। ਜਿਨ੍ਹਾਂ ਵਿੱਚ ਵਿਗਿਆਨਿਕ, ਗਣਿਤਕ, ਤਕਨੀਕੀ ਅਤੇ ਇਥੋਂ ਤੱਕ ਕਿ ਸੰਗੀਤਕ ਚਿੰਨ੍ਹਾਂ ਨੂੰ ਵੀ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਅਜੇ ਤੱਕ ਦੁਨੀਆ ਦੀ ਹਰੇਕ ਭਾਸ਼ਾ ਨੂੰ ਯੂਨੀਕੋਡ ਵਿੱਚ ਸ਼ਾਮਿਲ ਕਰਨਾਂ ਸੰਭਵ ਨਹੀਂ ਹੋ ਸਕਿਆ ਹੈ।

ਕਈ ਲਿਪੀਆਂ ਦੀ ਵਰਤੋਂ ਬਹੁਤ ਸਾਰੀਆਂ ਭਾਸ਼ਾਵਾਂ ਲਿਖਣ ਲਈ ਕੀਤੀ ਜਾਂਦੀ ਹੈ। ਯੂਨੀਕੋਡ ਬਹੁਤ ਸਾਰੀਆਂ ਲਿਪੀਆਂ ਵਿੱਚ ਲਿਖੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਪੂਰੀ ਤਰ੍ਹਾਂ ਅਨੁਕੂਲ ਹੈ। ਇਹਨਾਂ ਵਿਚੋਂ ਕੁਝ ਲਿਪੀਆਂ ਹਨ ਲੇਤਿਨ, ਗ੍ਰੀਕ, ਹਿਬਰੂ, ਅਰਬੀ, ਦੇਵਨਾਗਰੀ, ਬੰਗਾਲੀ, ਗੁਰਮੁਖੀ, ਉੜੀਆ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਤਿੱਬਤੀ, ਕਨੇਡੀਅਨ, ਮੰਗੋਲੀਅਨ ਆਦਿ।

ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਯੂਨੀਕੋਡ ਉੱਤੇ ਪੰਜਾਬੀ (ਗੁਰਮੁਖੀ) ਸਮੇਤ ਦੇਵਨਾਗਰੀ (ਹਿੰਦੀ), ਬੰਗਾਲੀ, ਗੁਜਰਾਤੀ, ਉੜੀਆ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਨੂੰ ਸ਼ਾਮਿਲ ਕੀਤਾ ਗਿਆ ਹੈ।

ਯੂਨੀਕੋਡ ਨੂੰ ਐਪਲ, ਆਈ.ਬੀ.ਐਮ., ਐਚ.ਪੀ., ਔਰੇਕਲ, ਮਾਈਕ੍ਰੋਸਾਫ਼ਟ, ਸੈਪ, ਸਾਈਬੇਸ, ਯੂਨਿਸਿਸ ਸਮੇਤ ਅਨੇਕਾਂ ਪ੍ਰਮੁੱਖ ਕੰਪਨੀਆਂ ਨੇ ਅਪਣਾਇਆ ਹੈ। ਵਿਗਿਆਨੀ ਸੰਚਾਲਨ ਪ੍ਰਣਾਲੀਆਂ (ਓਪਰੇਟਿੰਗ ਸਿਸਟਮ), ਵੈੱਬ ਬ੍ਰਾਊਜ਼ਰਾਂ ਆਦਿ ਵਰਗੇ ਪ੍ਰਮੁੱਖ ਸਾਫ਼ਟਵੇਅਰ ਨੂੰ ਯੂਨੀਕੋਡ ਦੇ ਅਨੁਕੂਲ ਬਣਾਉਣ ਲਈ ਖੋਜਾਂ ਜਾਰੀ ਹਨ।

ਯੂਨੀਕੋਡ ਦੀ ਲੋੜ

ਪਹਿਲਾਂ ਅਨੇਕਾਂ ਸੰਕੇਤ ਲਿਪੀ (ਕੋਡ) ਪ੍ਰਣਾਲੀਆਂ ਪ੍ਰਚਲਤ ਹੋਣ ਕਾਰਨ ਕੋਈ ਅੰਤਰਰਾਸ਼ਟਰੀ ਮਿਆਰ ਨਿਰਧਾਰਿਤ ਨਹੀਂ ਸੀ ਹੋ ਸਕਿਆ। ਦੋ ਵਿਭਿੰਨ ਪ੍ਰਣਾਲੀਆਂ ਵਿੱਚ ਇਕ ਅੱਖਰ ਲਈ ਵੱਖੋ-ਵੱਖਰਾ ਸੰਕੇਤ ਜਾਂ ਦੋ ਵੱਖ-ਵੱਖ ਅੱਖਰਾਂ ਲਈ ਇਕ ਸਾਂਝਾ ਸੰਕੇਤ ਅਪਣਾਇਆ ਜਾ ਸਕਦਾ ਸੀ।

ਕੰਪਿਊਟਰ ਦੀ ਸਕਰੀਨ ਉੱਤੇ ਕੋਈ ਦਸਤਾਵੇਜ਼ ਪੜ੍ਹਨ ਲਈ ਤੁਹਾਡੇ ਕੰਪਿਊਟਰ ਵਿੱਚ ਉਹ ਫੌਂਟ ਮੌਜੂਦ ਹੋਣਾ ਚਾਹੀਦਾ ਹੈ, ਜਿਸ ਵਿੱਚ ਇਸ ਨੂੰ ਟਾਈਪ ਕੀਤਾ ਗਿਆ ਹੈ। ਇਥੇ ਲਿਖਣ ਵਾਲੇ ਦੀ ਮਰਜ਼ੀ ਹੈ ਕਿ ਉਹ ਕਿਹੜੇ ਫੌਂਟ ਵਿੱਚ ਆਪਣੀ ਰਚਨਾ ਲਿਖੇ। ਲਿਖਣ ਵਾਲਾ ਉਸੇ ਫੌਂਟ ਵਿਚ ਹੀ ਲਿਖੇਗਾ ਜੋ ਉਸ ਦੇ  ਕੰਪਿਊਟਰ ਵਿੱਚ ਉਪਲੱਬਧ ਹੈ ਜਾਂ ਫਿਰ ਜਿਸ ਦੀ ਉਸ ਨੇ ਆਦਤ ਪਾ ਲਈ ਹੈ। ਪਰ ਜਦੋਂ ਅਗਲੇ ਦੇ ਕੰਪਿਊਟਰ ਵਿਚ ਉਹ ਵਿਸ਼ੇਸ਼ ਫੌਂਟ ਨਾ ਹੋਵੇ ਤਾਂ ਸਥਿਤੀ ਬੜੀ ਗੰਭੀਰ ਬਣ ਜਾਂਦੀ ਹੈ। ਬਹੁਤ ਸਾਰੀ ਮਿਹਨਤ, ਪੈਸਾ ਅਤੇ ਸਮਾਂ ਜਾਇਆ ਚਲਾ ਜਾਂਦਾ ਹੈ। ਅਜਿਹੀ ਸਮੱਸਿਆ ਦੇ ਹੱਲ ਦੀ ਚਿਰੋਕਣੀ ਉਡੀਕ ਸੀ ਤੇ ਜਿਸ ਦਾ ਹੱਲ ਯੂਨੀਕੋਡ ਨੇ ਚੁਟਕੀ ਮਾਰ ਕੇ ਹੀ ਕੱਢ ਦਿੱਤਾ ਹੈ।

ਸਪਸ਼ਟ ਰੂਪ ਵਿੱਚ ਜਾਣਨ ਲਈ ਆਓ ਪਹਿਲਾਂ ਕੀ-ਬੋਰਡ ਦੀਆ ਵਿਭਿੰਨ ਕੁੰਜੀਆਂ (ਕੀਜ਼) ਵਲੋਂ ਉਤਪੰਨ ਹੋਣ ਵਾਲੇ ਸੰਕੇਤਾਂ (ਸਿਗਨਲ) ਬਾਰੇ ਜਾਣੀਏ। ਕੀ-ਬੋਰਡ ਦੀ ਹਰੇਕ ਕੀਅ ਨੂੰ ਆਸਕੀ ਦੇ ਅਧਾਰਭੂਤ ਇੱਕ ਵਿਸ਼ੇਸ਼ ਅੰਕ ਪ੍ਰਦਾਨ ਕਰਵਾਇਆ ਜਾਂਦਾ ਹੈ। ਜਿਵੇਂ ਕਿ ਅੰਗਰੇਜ਼ੀ ਦੇ ‘ਸੀ’ (c) ਲਈ 99 ਅਤੇ ‘ਆਈ’ (i) ਲਈ 105। ਜਿਉਂ ਹੀ ਵਰਤੋਂਕਾਰ ‘ਸੀ’ ਜਾਂ ‘ਆਈ’ ਵਾਲੀ ਕੀਅ ਨੂੰ ਦਬਾਉਂਦਾ ਹੈ ਤਾਂ ਕੀ-ਬੋਰਡ ਤੋਂ ਉਸ ਦੇ ਅੰਕ (ਨੰਬਰ) ਦਾ ਸੰਕੇਤ (ਸਿਗਨਲ) ਸੀ.ਪੀ.ਯੂ. (ਕੰਪਿਊਟਰ) ਨੂੰ ਚਲਾ ਜਾਂਦਾ ਹੈ। ਸੀ.ਪੀ.ਯੂ. ਉਸ ਵਿਸ਼ੇਸ਼ ਸੰਕੇਤ ਲਈ ਰਾਖਵੇਂ ਅੱਖਰ ਨੂੰ ਕੰਪਿਊਟਰ ਸਕਰੀਨ ਉੱਤੇ ਪੇਸ਼ ਕਰ ਦਿੰਦਾ ਹੈ।

ਇਥੇ ਇਹ ਦੱਸਣ ਯੋਗ ਹੈ ਕਿ ਕੀ-ਬੋਰਡ ਉੱਤੇ ਅੰਗਰੇਜ਼ੀ ਦੀ ਹਰੇਕ ‘ਕੀ’ ਦਾ ਆਪਣਾ ਸਥਿਰ ਨੰਬਰ ਹੈ ਜੋ ਉਸ ਨੂੰ ਦਬਾਉਣ ਉਪਰੰਤ ਉਤਪੰਨ ਹੁੰਦਾ ਹੈ। ਅਗਾਂਹ ਲਾਗੂ ਕੀਤੇ ਫੌਂਟ ਦੇ ਅਧਾਰ ਉੱਤੇ ਸੀ.ਪੀ.ਯੂ. ਉਸ ਨੰਬਰ ਦਾ ਮਿਲਾਣ (ਪਹਿਲਾਂ ਤੋਂ ਨਿਰਧਾਰਿਤ) ਕਿਸੇ ਵਿਸ਼ੇਸ਼ ਅੱਖਰ ਨਾਲ ਕਰਵਾਉਂਦਾ ਹੈ। ਫੌਂਟ ਅਸਲ ਵਿੱਚ ਨਿੱਕੇ-ਨਿੱਕੇ ਕੰਪਿਊਟਰ ਪ੍ਰੋਗਰਾਮ ਹਨ। ਇਹ ਪ੍ਰੋਗਰਾਮ ਕੰਪਿਊਟਰ ਨੂੰ ਸਮਝਾਉਂਦੇ (ਦੱਸਦੇ) ਹਨ ਕਿ ਕੀ-ਬੋਰਡ ਵੱਲੋਂ ਉਤਪੰਨ ਹੋਏ ਕਿਸੇ ਨੰਬਰ ਦੇ ਸੰਕੇਤ ਨੂੰ ਕਿਹੜੇ ਅੱਖਰ ਨਾਲ ਦਰਸਾਉਣਾ ਹੈ। ਮਿਸਾਲ ਵਜੋਂ ਕੀ-ਬੋਰਡ ਦੀ ‘ਕੀ’ ਸੀ (c) ਦੱਬਣ ਉਪਰੰਤ ਆਸਕੀ ਦਾ ਸੰਕੇਤ 99 ਉਤਪੰਨ ਹੁੰਦਾ ਹੈ। ਕੰਪਿਊਟਰ ਵਿੱਚ ਪਹੁੰਚ ਕੇ ਇਸ ਸੰਕੇਤ ਦਾ ਮਿਲਾਣ ਕਿਸੇ ਵਿਸ਼ੇਸ਼ ਅੱਖਰ ਨਾਲ ਕਰਵਾਇਆ ਜਾਂਦਾ ਹੈ। ਜੇਕਰ ਤੁਸੀਂ ਕਿਸੇ ਅੰਗਰੇਜ਼ੀ ਦੇ ਫੌਂਟ ਉੱਤੇ ਕੰਮ ਕਰ ਰਹੇ ਹੋ ਤਾਂ ‘ਸੀ’ (c) ਪ੍ਰਦਰਸ਼ਿਤ ਹੁੰਦਾ ਹੈ। ਇਸੇ ਤਰ੍ਹਾਂ ਜੁਆਏ ਲਈ ‘ਫ’ ਅਤੇ ਅੰਮ੍ਰਿਤ ਲਿਪੀ ਲਈ ‘ਚ’ ਅੱਖਰ ਨਜ਼ਰ ਆਵੇਗਾ। ਠੀਕ ਇਸੇ ਤਰ੍ਹਾਂ ਕੀ-ਬੋਰਡ ਦੀ ‘p’ (80) ‘ਕੀ’ ਦਬਾਉਣ ਨਾਲ ਅਸੀਸ ਫੌਂਟ ਵਿੱਚ ‘ਸ਼’, ਜੁਆਏ ਵਿੱਚ  ਪੈਰੀਂ ਹਾਹਾ ਅਤੇ ਅੰਮ੍ਰਿਤ ਲਿਪੀ2 ਰੈਗੂਲਰ ਵਿੱਚ ‘ਫ’ ਪੈਂਦਾ ਹੈ। ਆਓ ਹੁਣ ਸਮਝਣ ਦਾ ਕੋਸ਼ਿਸ਼ ਕਰੀਏ ਕਿ ਕਈ ਵਾਰ ਇੱਕ ਹੀ ਵਾਕ ਨੂੰ ਦੋ ਵੱਖ-ਵੱਖ ਕੰਪਿਊਟਰਾਂ ਵਿਚ ਪੜ੍ਹਨ ‘ਤੇ ਬਦਲਾਓ ਕਿਉਂ ਨਜ਼ਰ ਆਉਂਦਾ ਹੈ।

ਮੰਨ ਲਵੋ ਤੁਸੀਂ ਕੋਈ ਰਚਨਾ ਗੁਰਮੁਖੀ ਦੇ ਜੁਆਏ ਫੌਂਟ ਵਿੱਚ ਤਿਆਰ ਕੀਤੀ। ਦੂਸਰੇ ਕੰਪਿਊਟਰ ‘ਤੇ ਜਿਸ ਵਿੱਚ ਸਿਰਫ਼ ਗੁਰਮੁਖੀ ਦਾ ਅੰਮ੍ਰਿਤ ਲਿਪੀ ਫੌਂਟ ਹੀ ਉਪਲੱਬਧ ਹੈ, ਵਿੱਚ ਸਾਰੇ ਫੱਫੇ, ਚੱਚਿਆਂ ਵਿਚ ਬਦਲੇ ਹੋਏ ਨਜ਼ਰ ਆਉਣਗੇ। ਬਾਕੀ ਅੱਖਰਾਂ ਅਤੇ ਲਗਾਂ-ਮਾਤਰਾਵਾਂ ਦੇ ਸਬੰਧ ਵਿੱਚ ਵੀ ਅਜਿਹੀਆਂ ਤਬਦੀਲੀਆਂ ਆਪ-ਮੁਹਾਰੇ ਹੋ ਜਾਣਗੀਆਂ। ਹੁਣ ਜੇਕਰ ਤੁਹਾਡੇ ਕੋਲ ਜੁਆਏ ਫੌਂਟ ਨਹੀਂ ਤਾਂ ਤੁਸੀਂ ਇਸੇ ਰਚਨਾ ਨੂੰ ਆਪਣੇ ਮੂਲ ਰੂਪ ਵਿੱਚ ਪੜ੍ਹਨ ਅਤੇ ਸਮਝਣ ਤੋਂ ਅਸਮਰੱਥ ਹੋ ਜਾਵੋਗੇ। ਸਪਸ਼ਟ ਹੈ ਕਿ ਕੀ-ਬੋਰਡ ਦੀਆਂ ਵੱਖ-ਵੱਖ ਕੁੰਜੀਆਂ ਲਈ ਗੈਰ ਮਿਆਰੀ ਤੌਰ ‘ਤੇ ਵੱਖ-ਵੱਖ ਅੱਖਰਾਂ ਨਾਲ ਮਿਲਾਣ ਕਰਵਾ ਕੇ ਬਣਾਏ ਫੌਂਟਾਂ ਨੇ ਪੰਜਾਬੀਆਂ ਲਈ ਇੱਕ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਇਸ ਤੋਂ ਉਲਟ ਯੂਨੀਕੋਡ ਪ੍ਰਣਾਲੀ ਦਾ ਮੰਤਵ ਇਕ ਅਜਿਹਾ ਕੋਡ ਨਿਸ਼ਚਿਤ ਕਰਨਾ ਹੈ ਜਿਸ ਵਿੱਚ ਵਰਤੋਂਕਾਰ ਦੁਆਰਾ ਵਰਤੀ ਜਾਂਦੀ ਹਰੇਕ ਭਾਸ਼ਾ ਦੇ ਹਰੇਕ ਅੱਖਰ ਲਈ ਇਕ ਨਿਰਧਾਰਿਤ (ਸਥਿਰ) ਅੰਕ ਹੋਵੇ। ਯੂਨੀਕੋਡ ਵਿੱਚ ਲਾਤੀਨੀ (ਅੰਗਰੇਜ਼ੀ) ਨੂੰ 0 ਤੋਂ 256, ਦੇਵਨਾਗਰੀ (ਹਿੰਦੀ) ਨੂੰ 2304 ਤੋਂ 2431 ਅਤੇ ਗੁਰਮੁਖੀ (ਪੰਜਾਬੀ) ਨੂੰ 2560 ਤੋਂ 2687 ਦੀ ਸੀਮਾ (ਰੇਂਜ) ਵਿੱਚ ਰੱਖਿਆ ਗਿਆ ਹੈ।

ਅੰਗਰੇਜ਼ੀ ਦੇ ਅੱਖਰਾਂ ਨੂੰ ਦਰਸਾਉਣ ਦੀ ਸੀਮਾ ਉਹੀ (ਆਸਕੀ ਵਾਲੀ) ਹੀ ਰੱਖੀ ਗਈ ਹੈ। ਇਹੀ ਕਾਰਨ ਹੈ ਕਿ ਅੰਗਰੇਜ਼ੀ ਦੀ ਵਰਤੋਂ ਕਰਨ ਵਾਲੇ ਵਰਤੋਂਕਾਰਾਂ ਨੂੰ ਫੌਂਟਾਂ ਦੇ ਸਬੰਧ ਵਿੱਚ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮਿਸਾਲ ਵਜੋਂ ਅੰਗਰੇਜ਼ੀ ਵਿੱਚ 99 ਅਤੇ 105 ਕੋਡ ਨੰਬਰ ਨਾਲ ਦੋਵਾਂ ਪ੍ਰਣਾਲੀਆਂ ਵਿੱਚ ਕ੍ਰਮਵਾਰ ‘c’ (ਛੋਟਾ) ਅਤੇ ‘i’ (ਛੋਟਾ) ਹੀ ਪਵੇਗਾ ਪਰ ਪੰਜਾਬੀ ਸਮੇਤ ਅਨੇਕਾਂ ਭਾਰਤੀ ਭਾਸ਼ਾਵਾਂ ਵਿਚ ਮੁਸ਼ਕਲ ਪੇਸ਼ ਆਉਂਦੀ ਹੈ।

ਯੂਨੀਕੋਡ ਫੌਂਟ ਵਿੱਚ ਕੋਡ ਕੀਮਤਾਂ 2586, 2588, 2603 ਅਤੇ 2623 ਨੂੰ ਕ੍ਰਮਵਾਰ ‘ਚ’, ‘ਜ’, ‘ਫ’ ਅਤੇ ‘ਿ ‘ (ਸਿਹਾਰੀ) ਦੇ ਬਰਾਬਰ ਰੱਖਿਆ ਗਿਆ ਹੈ। ਯੂਨੀਕੋਡ ਫੌਂਟ ਇਕ ਓਪਨ ਫੌਂਟ ਹੋਣ ਕਾਰਨ ਇਸ ਵਿੱਚ ਲਿਖਿਆ ਕੋਈ ਵੀ ਦਸਤਾਵੇਜ਼ ਵਿਸ਼ਵ ਦੇ ਕਿਸੇ ਵੀ ਯੂਨੀਕੋਡ ਅਨੁਕੂਲ ਕੰਪਿਊਟਰ ਉੱਤੇ ਬੜੀ ਅਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ। ਸੋ ਅੱਜ ਆਸਕੀ ਫੌਂਟਾਂ ਦੇ ਝੁਰਮਟ ਵਿੱਚੋਂ ਨਿਕਲ ਕੇ ਯੂਨੀਕੋਡ ਪ੍ਰਣਾਲੀ ਅਪਣਾਉਣ ਦੀ ਸਖ਼ਤ ਜ਼ਰੂਰਤ ਹੈ।


ਯੂਨੀਕੋਡ ਸੰਗਠਨ

ਯੂਨੀਕੋਡ ਕੰਸੋਰਟੀਅਮ (ਰਾਸ਼ਟਰ-ਸੰਘ) ਇਕ ਗੈਰ-ਵਪਾਰਕ ਸੰਗਠਨ ਹੈ। ਇਸ ਦੀ ਸਥਾਪਨਾ ਆਧੁਨਿਕ ਸਾਫ਼ਟਵੇਅਰ ਉਤਪਾਦਾਂ ਵਿੱਚ ਯੂਨੀਕੋਡ ਮਿਆਰ ਦੀ ਵਰਤੋਂ ਕਰਨ ਅਤੇ ਲੋਕ-ਪ੍ਰਿਆ ਬਣਾਉਣ ਲਈ ਕੀਤੀ ਗਈ ਹੈ। ਯੂਨੀਕੋਡ ਕੰਸੋਰਟੀਅਮ ਨੇ ਦੁਨੀਆ ਦੀਆਂ ਪ੍ਰਮੁੱਖ ਭਾਸ਼ਾਵਾਂ ਨੂੰ ਇਕ ਸਾਂਝੇ ਪਲੇਟਫਾਰਮ ਉੱਤੇ ਖੜ੍ਹਾ ਕੀਤਾ ਹੈ। ਕੰਸੋਰਟੀਅਮ ਦਾ ਮੁੱਖ ਮੰਤਵ ਯੂਨੀਕੋਡ ਮਿਆਰ ਨੂੰ ਸਥਾਪਿਤ ਕਰਨਾ ਅਤੇ ਬਰਕਰਾਰ ਰੱਖਣਾ ਹੈ। ਇਹ ਸੰਸਥਾ ਕਈ ਪ੍ਰਕਾਰ ਦੀਆਂ ਅੰਤਕਾਵਾਂ, ਅੱਖਰਾਂ ਦਾ ਡਾਟਾ ਬੇਸ, ਯੂਨੀਕੋਡ ਦਾ ਤਕਨੀਕੀ ਮਿਆਰ, ਰਿਪੋਰਟਾਂ ਅਤੇ ਯੂਨੀਕੋਡ ਤਕਨੀਕੀ ਨੋਟਸ ਆਦਿ, ਪ੍ਰਕਾਸ਼ਿਤ ਕਰਦੀ ਰਹਿੰਦੀ ਹੈ। ਕੰਪਿਊਟਰ ਨਾਲ ਸਬੰਧਿਤ ਪ੍ਰਮੁੱਖ ਨਿਗਮ, ਸਾਫ਼ਟਵੇਅਰ ਉਤਪਾਦਕ ਕੰਪਨੀਆਂ, ਡਾਟਾ ਬੇਸ ਵਿਕਰੇਤਾ, ਸਰਕਾਰੀ ਮੰਤਰਾਲੇ, ਖੋਜ ਸੰਗਠਨ, ਅੰਤਰਰਾਸ਼ਟਰੀ ਏਜੰਸੀਆਂ, ਵਿਭਿੰਨ ਖਪਤਕਾਰ ਸਮੂਹ ਅਤੇ ਰੁਚੀ ਰੱਖਣ ਵਾਲੇ ਅਨੇਕਾਂ ਲੋਕ ਇਸ ਕੰਸੋਰਟੀਅਮ ਦੇ ਮੈਂਬਰ ਹਨ, ਅੱਗੇ ਕੰਸੋਰਟੀਅਮ ਦੇ ਕੰਮਾਂ ਨੂੰ ਅਲੱਗ-ਅਲੱਗ ਕਮੇਟੀਆਂ ਵਿੱਚ ਵੰਡਿਆ ਹੋਇਆ ਹੈ। ਯੂਨੀਕੋਡ ਕਮੇਟੀ ਯੂਨੀਕੋਡ ਮਿਆਰ ਦੀ ਸਿਰਜਣਾ, ਦੇਖ ਭਾਲ ਅਤੇ ਵਿਸ਼ੇਸ਼ਤਾਵਾਂ ਲਈ ਜਿੰਮੇਵਾਰ ਹੁੰਦੀ ਹੈ। ਦਸਤਾਵੇਜ਼ਾਂ ਅਤੇ ਸਾਫ਼ਟਵੇਅਰ ਨੂੰ ਯੂਨੀਕੋਡ ਰਾਹੀਂ ਵਿਸ਼ਵ-ਵਿਆਪੀ ਬਣਾਉਣਾ ਵੀ ਇਸ ਦਾ ਇਕ ਪ੍ਰਮੁੱਖ ਕੰਮ ਹੈ। ਯੂਨੀਕੋਡ ਕੰਸੋਰਟੀਅਮ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ www.unicode.org ਨਾਮਕ ਵੈੱਬਸਾਈਟ ਦੀ ਮਦਦ ਲਈ ਜਾ ਸਕਦੀ ਹੈ।

ਯੂਨੀਕੋਡ ਫੌਂਟ

ਸਭ ਤੋਂ ਪਹਿਲਾ ਯੂਨੀਕੋਡ ਪੰਜਾਬੀ ਫੌਂਟ ਮੈਕਿਨਟੌਸ਼ ਕੰਪਿਊਟਰ ਵਾਲਿਆਂ ਨੇ ਓ.ਐਸ9 ਲਈ ਤਿਆਰ ਕੀਤਾ ਸੀ। ਇਸ ਤੋਂ ਬਾਅਦ ਗੁਰਮੁਖੀ ਲਿਪੀ ਲਈ ਮਾਈਕ੍ਰੋਸਾਫ਼ਟ ਕੰਪਨੀ ਨੇ ‘ਰਾਵੀ’ ਨਾਮਕ ਯੂਨੀਕੋਡ ਤਿਆਰ ਕੀਤਾ। ‘ਰਾਵੀ’ ਫੌਂਟ ਵਿੰਡੋਜ਼ 2003 ਦੇ ਸਮੇਂ ਤਿਆਰ ਕੀਤਾ ਗਿਆ ਸੀ। ਇਹ ਫੌਂਟ ਵਿੰਡੋਜ਼-ਐਕਸ.ਪੀ. ਨਾਲ ਮੁਫ਼ਤ ਉਪਲੱਬਧ ਹੈ ਤੇ ਵਿੰਡੋਜ਼ ਇੰਸਟਾਲ ਕਰਨ ਉਪਰੰਤ ਆਪਣੇ ਆਪ ਲੋਅਡ ਹੋ ਜਾਂਦਾ ਹੈ। ਇਸ ਤੋਂ ਬਾਅਦ ਸਭ ਤੋਂ ਪਹਿਲਾ ਓਪਨ ਟਾਈਪ ਮੁਫ਼ਤ ਫੌਂਟ ਬਰਤਾਨੀਆ ਦੇ ਡਾ. ਸੁਖਜਿੰਦਰ ਸਿੰਘ ਸਿੱਧੂ ਨੇ ਬਣਾਇਆ, ਜਿਸ ਦਾ ਨਾਮ ‘ਸਾਬ ਯੂਨੀਕੋਡ’ ਰੱਖਿਆ ਗਿਆ। ਡਾ. ਸੁਖਜਿੰਦਰ ਸਿੰਘ ਦੁਆਰਾ ਸੰਚਾਲਿਤ ਪੰਜਾਬੀ ਕੰਪਿਊਟਿੰਗ ਰਿਸੋਰਸ ਸੈਂਟਰ ਦੀ ਵੈੱਬਸਾਈਟ www.guca.sourceforge.net ਉੱਤੇ ਫੌਂਟਾਂ ਬਾਰੇ ਜਾਣਕਾਰੀ ਵਿਸਤਾਰ ਸਹਿਤ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਸ ਤੋਂ ਬਾਅਦ ਅਮਰੀਕਾ ਦੇ ਪੰਜਾਬੀ ਮੂਲ ਦੇ ਡਾ. ਕੁਲਬੀਰ ਸਿੰਘ ਥਿੰਦ ਨੇ ਦਸੰਬਰ 2006 ਵਿਚ ਯੂਨੀਕੋਡ ਫੌਂਟ ਤਿਆਰ ਕੀਤਾ । ਡਾ. ਥਿੰਦ ਇਕ ਅਜਿਹੇ ਵਿਅਕਤੀ ਹਨ ਜਿਨ੍ਹਾਂ ਸਭ ਤੋਂ ਵੱਧ ਯੂਨੀਕੋਡ ਅਤੇ ਗੈਰ ਯੂਨੀਕੋਡ ਫੌਂਟ ਤਿਆਰ ਕੀਤੇ ਹਨ। ਉਹਨਾਂ ਦੇ ਯੂਨੀਕੋਡ ਫੌਂਟਾਂ ਵਿਚੋਂ ਅਨਮੋਲ ਪਰਿਵਾਰ ਜਿਵੇਂ ਕਿ ਅਨਮੋਲ ਯੂਨੀ, ਅਨਮੋਲ ਯੂਨੀ-ਬੋਲਡ, ਅਨਮੋਲ ਯੂਨੀ-ਹੈਵੀ, ਅਨਮੋਲ ਯੂਨੀ-ਬਾਣੀ, ਅਨਮੋਲ ਯੂਨੀ-ਬਾਣੀ-ਬੋਲਡ, ਅਨਮੋਲ ਯੂਨੀ-ਬਾਣੀ-ਹੈਵੀ ਦੇ ਫੌਂਟ ਅਤੇ ਚਾਤ੍ਰਿਕ ਯੂਨੀਕੋਡ ਕਾਫ਼ੀ ਲੋਕ-ਪ੍ਰਿਅ ਹਨ। ਡਾ. ਥਿੰਦ ਅਨੁਸਾਰ ਉਨ੍ਹਾਂ ਸਭ ਤੋਂ ਪਹਿਲਾਂ ਮੈਕਿਨਟਾਸ਼ ਕੰਪਿਊਟਰਾਂ ਲਈ ਪੰਜਾਬੀ ਫੌਂਟ ਤਿਆਰ ਕੀਤਾ। ਉਹਨਾਂ ਦੇ ਮੁੱਢਲੇ ਫੌਂਟ ਬਿੱਟਮੈਪ ਵਾਲੇ ਸਨ ਜਿਨ੍ਹਾਂ ਦੇ ਨਾਮ ਹਨ 10-ਪੀ, 12-ਪੀ, 14-ਪੀ, 18-ਪੀ ਆਦਿ। ਤਕਨੀਕ ਦੇ ਬਦਲਣ ਨਾਲ ਡਾ. ਥਿੰਦ ਨੇ ਗੈਰ ਯੂਨੀਕੋਡ ਫੌਂਟਾਂ ਦੀ ਤਾਂ ਜਿਵੇਂ ਝੜੀ ਹੀ ਲਗਾ ਦਿੱਤੀ। ਉਹਨਾਂ ਦੁਆਰਾ ਬਣਾਏ ਗਏ ਗੁਰਮੁਖੀ ਫੌਂਟਾਂ ਵਿਚੋਂ ਅੰਮ੍ਰਿਤ, ਅੰਮ੍ਰਿਤ ਲਿਪੀ 2, ਅੰਮ੍ਰਿਤ ਲਿਪੀ ਲਾਈਟ, ਅਮਰ ਬੋਲੀ, ਗੁਰਬਾਣੀ ਪਰਿਵਾਰ, ਅਨਮੋਲ ਪਰਿਵਾਰ (ਅਨਮੋਲ ਲਿਪੀ, ਅਨਮੋਲ ਕਲਮੀ, ਅਨਮੋਲ ਉਭਰੀ, ਅਨਮੋਲ ਰੇਜ਼ਡ ਆਦਿ), ਸਮਤੋਲ ਪਰਿਵਾਰ, ਅਸੀਸ, ਗੁਰਬਾਣੀ ਲਿਪੀ, ਸੂਰਜ ਆਦਿ ਦਾ ਨਾਮ ਵਰਣਨਯੋਗ ਹੈ। ਡਾ. ਥਿੰਦ ਦੇ ਯੂਨੀਕੋਡ ਫੌਂਟਾਂ ਬਾਰੇ ਜਾਣਕਾਰੀ ਲੈਣ ਅਤੇ ਫੌਂਟ ਡਾਊਨਲੋਡ ਕਰਨ ਲਈ  www.gurbanifiles.org/unicode/index.htm ਨਾਮਕ ਵੈੱਬਸਾਈਟ ਨੂੰ ਖੋਲ੍ਹਿਆ ਜਾ ਸਕਦਾ ਹੈ। ਗੈਰ ਯੂਨੀਕੋਡ ਫੌਂਟਾਂ ਲਈ ਟਰਾਂਟੋ (ਕੈਨੇਡਾ) ਦੇ ਕਿਰਪਾਲ ਸਿੰਘ ਪੰਨੂ ਨੇ ਸ਼ਾਹਮੁਖੀ ਲਈ ਬਾਬਾ ਫ਼ਰੀਦ ਫੌਂਟ ਤਿਆਰ ਕਰਕੇ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਗੁਰਮੁਖੀ ਦੇ ਅਨਮੋਲ ਲਿਪੀ ਅਤੇ ਧਨੀ ਰਾਮ ਚਾਤ੍ਰਿਕ ਫੌਂਟਾਂ ਨੂੰ ਵੈੱਬਸਾਈਟ ਦੇ ਅਨੁਕੂਲ ਬਣਾਉਣ ਲਈ ਵੀ ਕੰਮ ਕੀਤਾ ਹੈ। ਭਾਰਤੀ ਭਾਸ਼ਾਵਾਂ ਦੇ ਤਕਨੀਕੀ ਵਿਕਾਸ ਲਈ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ, ਨਵੀਂ ਦਿੱਲੀ ਵੀ ਜੁਟਿਆ ਹੋਇਆ ਹੈ। ਇਸ ਸੰਸਥਾਨ ਦੀਆਂ ਗਤੀਵਿਧੀਆਂ ਬਾਰੇ ਜਾਣਨ ਲਈ www.idc.in ਵੈਬਸਾਈਟ ਦੀ ਸਹਾਇਤਾ ਲਈ ਜਾ ਸਕਦੀ ਹੈ।

ਗੁਰਮੁਖੀ ਲਈ ਮਾਈਕ੍ਰੋਸਾਫ਼ਟ ਦਾ ਏਰੀਅਲ ਯੂਨੀਕੋਡ ਵੀ ਬਹੁਤ ਪ੍ਰਚਲਿਤ ਹੈ। ਅੱਜ ਸ਼ਾਹਮੁਖੀ ਲਿਪੀ ਲਈ ਵੀ ਅਨੇਕਾਂ ਯੂਨੀਕੋਡ ਅਧਾਰਿਤ ਫੌਂਟ ਉਪਲੱਬਧ ਹਨ। ਇਨ੍ਹਾਂ ਵਿਚੋਂ ਗੈਰ-ਯੂਨੀਕੋਡ (ਰਵਾਇਤੀ) ਲਈ ਨੂਰੀ ਨਸਤਾਅਲੀਕ, ਨੂਰੀ ਕਰੈਕਟਰ, ਅਸਵਦ ਅਤੇ ਯੂਨੀਕੋਡ ਲਈ ਨਸਤਾਅਲੀਕ, ਅਲਵੀ, ਗ਼ਾਲਿਬ ਅਤੇ ਨਬੀਨ ਵਧੇਰੇ ਪ੍ਰਚਲਿਤ ਹਨ।

ਯੂਨੀਕੋਡ ਫੌਂਟ ਇੰਸਟਾਲ ਕਰਨਾ

ਯੂਨੀਕੋਡ ਫੌਂਟਾਂ ਨੂੰ ਕੰਪਿਊਟਰ ਉੱਤੇ ਇੰਸਟਾਲ ਕਰਨਾ ਬਹੁਤ ਸੌਖਾ ਹੈ। ਜੇਕਰ ਤੁਹਾਡੇ ਕੰਪਿਊਟਰ ਵਿੱਚ ਵਿੰਡੋਜ਼-ਐਕਸ.ਪੀ., ਵਿੰਡੋਜ਼ ਵਿਸਟਾ ਜਾਂ ਕੋਈ ਹੋਰ (ਨਵੀਂ) ਸੰਚਾਲਨ ਪ੍ਰਣਾਲੀ ਹੈ ਤਾਂ ਮਾਈਕ੍ਰੋਸਾਫ਼ਟ ਦਾ ਰਾਵੀ ਫੌਂਟ ਪਹਿਲਾਂ ਹੀ ਤੁਹਾਡੇ ਕੋਲ ਉਪਲੱਬਧ ਹੋਵੇਗਾ। ਇਸ ਦਾ ਅਰਥ ਇਹ ਹੋਇਆ ਕਿ ਜੇਕਰ ਕੋਈ ਬਾਹਰੋਂ ਤੁਹਾਨੂੰ ਗੁਰਮੁਖੀ ਯੂਨੀਕੋਡ ਵਿੱਚ ਦਸਤਾਵੇਜ਼ ਭੇਜਦਾ ਹੈ ਤਾਂ ਉਹ ਮਾਇਕਰੋਸਾਫਟ-ਵਰਡ ਵਿੱਚ ਖੋਲ੍ਹਣ ਉਪਰੰਤ ਆਪਣੇ-ਆਪ ਹੀ ‘ਰਾਵੀ’ ਵਿੱਚ ਖੁਲ੍ਹ ਜਾਵੇਗਾ। ਜੇਕਰ ਤੁਸੀਂ ਕੋਈ ਹੋਰ (ਸਾਬ ਜਾਂ ਅਨਮੋਲ ਯੂਨੀ ਆਦਿ) ਫੌਂਟ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਫੌਂਟ ਕੰਟ੍ਰੋਲ ਪੈਨਲ ਦੇ ਫੌਂਟ ਫੋਲਡਰ ਵਿੱਚ ਪੇਸਟ ਕਰਨ ਦੀ ਲੋੜ ਪਵੇਗੀ। ਤੁਸੀਂ ਹੇਠਾਂ ਲਿਖੇ ਤਰੀਕੇ ਰਾਹੀਂ ਫੌਂਟ ਇੰਸਟਾਲ ਕਰ ਸਕਦੇ ਹੋ:

  1. ਇੰਸਟਾਲ ਕੀਤੇ ਜਾਣ ਵਾਲੇ ਫੌਂਟ ਜਾਂ ਫੌਂਟਾਂ ਨੂੰ ਚੁਣੋ ਅਤੇ ਕਾਪੀ ਕਮਾਂਡ ਦਿਓ।
  2. ਸਟਾਰਟ> ਕੰਟ੍ਰੋਲ ਪੈਨਲ > ਫੌਂਟ ਉੱਤੇ ਕਲਿੱਕ ਕਰਕੇ ਫੌਂਟ ਨਾਮਕ ਫੋਲਡਰ ਖੋਲ੍ਹੋ।
  3. ਇਥੇ ਪੇਸਟ ਕਮਾਂਡ ਲਾਗੂ ਕਰੋ।

ਇਸ ਨਾਲ ਚੁਣੇ ਗਏ ਫੌਂਟ ਇੰਸਟਾਲ ਹੋ ਜਾਣਗੇ।

ਇਸ ਤੋਂ ਬਿਨਾਂ ਯੂਨੀਕੋਡ ਵੱਲੋਂ ਏਰੀਅਲ ਯੂਨੀਕੋਡ ਅਤੇ ਤਾਹੋਮਾ (Tahoma) ਵੀ ਵਿਕਸਿਤ ਕੀਤੇ ਗਏ ਹਨ। ਪਰ ਇਹ ਮਾਈਕ੍ਰੋਸਾਫ਼ਟ ਆਫਿਸ ਦੇ ਕਈ ਸੰਸਕਰਣਾਂ ਵਿੱਚ ਨਜ਼ਰ ਨਹੀਂ ਆਉਂਦੇ। ਇਹਨਾਂ ਨੂੰ ਵੱਖਰੇ ਤੌਰ ‘ਤੇ ਇੰਸਟਾਲ ਕੀਤਾ ਜਾ ਸਕਦਾ ਹੈ।

ਕੰਪਿਊਟਰ ਨੂੰ ਯੂਨੀਕੋਡ ਦੇ ਅਨੁਕੂਲ ਬਣਾਉਣਾ

ਜੇਕਰ ਤੁਸੀਂ ਯੂਨੀਕੋਡ ਵਿੱਚ ਟਾਈਪ ਕਰਨਾ ਚਾਹੁੰਦੇ ਹੋ ਜਾਂ ਮੌਜੂਦਾ ਯੂਨੀਕੋਡ ਫ਼ਾਈਲ ਨੂੰ ਸੰਪਾਦਿਤ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੀ ਲੋੜ ਹੈ ਕਿ ਤੁਹਾਡਾ ਕੰਪਿਊਟਰ ਯੂਨੀਕੋਡ ਪ੍ਰਣਾਲੀ ਦੇ ਅਨੁਕੂਲ ਹੋਵੇ। ਵਿੰਡੋਜ਼-ਐਕਸ.ਪੀ. ਸੰਸਕਰਣ ਵਾਲੇ ਕੰਪਿਊਟਰ ਵਿੱਚ ਭਾਵੇਂ ਯੂਨੀਕੋਡ ਸੁਵਿਧਾ (ਸਪੋਰਟ) ਪਹਿਲਾਂ ਹੀ ਮੌਜੂਦ ਹੁੰਦੀ ਹੈ ਪਰ ਆਮ ਤੌਰ ‘ਤੇ ਅਜਿਹੇ ਕੰਪਿਊਟਰ ਪੰਜਾਬੀ (ਗੁਰਮੁਖੀ) ਦੇ ਅਨੁਕੂਲ ਨਹੀਂ ਹੁੰਦੇ। ਵਿੰਡੋਜ਼ ਵਿਸਟਾ ਵਾਲੇ ਕੰਪਿਊਟਰ ਭਾਵੇਂ ਗੁੰਝਲਦਾਰ ਲਿਪੀਆਂ ਜਿਵੇਂ ਕਿ ਪੰਜਾਬੀ, ਹਿੰਦੀ ਆਦਿ ਲਈ ਪਹਿਲਾਂ ਹੀ ਕਿਰਿਆਸ਼ੀਲ ਹੁੰਦੇ ਹਨ ਪਰ ਉਨ੍ਹਾਂ ਵਿੱਚ ਵੀ ਪੰਜਾਬੀ ਭਾਸ਼ਾ ਦਾ ਕੀ-ਬੋਰਡ ਇੰਸਟਾਲ ਕਰਨ ਦੀ ਜ਼ਰੂਰਤ ਪੈਂਦੀ ਹੈ।

ਆਪਣੇ ਕੰਪਿਊਟਰ ਨੂੰ ਯੂਨੀਕੋਡ ਦੇ ਅਨੁਕੂਲ ਬਣਾਉਣ ਲਈ ਹੇਠਾਂ ਦਿੱਤਾ ਤਰੀਕਾ ਅਪਣਾਇਆ ਜਾ ਸਕਦਾ ਹੈ:

  1. ਸਟਾਰਟ ਬਟਨ ਉੱਤੇ ਕਲਿੱਕ ਕਰੋ।
  2. ਕੰਟ੍ਰੋਲ ਪੈਨਲ ਉੱਤੇ ਕਲਿੱਕ ਕਰੋ।
  3. ‘ਰਿਜ਼ਨਲ ਐਂਡ ਲੈਂਗੂਏਜ’ ਆਪਸ਼ਨ ਨੂੰ ਖੋਲ੍ਹੋ।

ਇਕ ਡਾਇਲਾਗ ਬਾਕਸ ਖੁੱਲ੍ਹੇਗਾ।

  1. ਡਾਇਲਾਗ ਬਾਕਸ ਦੇ ਲੈਂਗੂਏਜ ਟੈਬ (ਬਟਨ) ਉੱਤੇ ਕਲਿੱਕ ਕਰੋ।
  2. ‘ਸਪਲੀਮੈਂਟਲ ਲੈਂਗੂਏਜ ਸਪੋਰਟ’ ਵਾਲੇ ਭਾਗ ਵਿੱਚ ਖੱਬੇ ਪਾਸੇ ਬਣੇ ਦੋਨਾਂ ਡੱਬਿਆਂ(ਚੈੱਕ ਬਕਸਿਆਂ) ਉੱਤੇ ਵਾਰੀ-ਵਾਰੀ ਕਲਿੱਕ ਕਰੋ।ਇਸ ਕਾਰਜ ਦੌਰਾਨ ਜੇਕਰ ਕੰਪਿਊਟਰ ਤੁਹਾਡੇ ਤੋਂ ਅਰਬੀ, ਗੁਰਮੁਖੀ ਆਦਿ ਵਿਭਿੰਨ ਲਿਪੀਆਂ ਇੰਸਟਾਲ ਕਰਨ ਲਈ ਪੁਸ਼ਟੀ ਕਰੇ ਤਾਂ ਓ.ਕੇ. ਬਟਨ ‘ਤੇ ਕਲਿੱਕ ਕਰ ਦੇਵੋ।
  3. ‘ਅਪਲਾਈ’ ਬਟਨ’ਤੇ ਕਲਿੱਕ ਕਰੋ।ਕੰਪਿਊਟਰ ਤੁਹਾਡੇ ਤੋਂ ਵਿੰਡੋਜ਼-ਐਕਸ.ਪੀ. ਜਾਂ ਸਰਵਿਸ ਪੈਕ ਦੀ ਸੀ.ਡੀ. ਮੰਗੇਗਾ।
  4. ਉਪਯੁਕਤ ਸੀ.ਡੀ. ਡਰਾਈਵ ਵਿੱਚ ਪਾ ਦੇਵੋ ਤੇ ਓ.ਕੇ. ਬਟਨ ਉੱਤੇ ਕਲਿੱਕ ਕਰੋ ਅਤੇ ਅਗਲੇ ਨਿਰਦੇਸ਼ ਤੱਕ ਇੰਤਜ਼ਾਰ ਕਰੋ।
  5. ਹੁਣ ਡਾਇਲਾਗ ਬਾਕਸ ਦੇ’ਡਿਟੇਲਜ਼’ ਬਟਨ ਉੱਤੇ ਕਲਿੱਕ ਕਰੋ।
  6. ‘ਐਡ’ ਬਟਨ ਉੱਤੇ ਕਲਿੱਕ ਕਰੋ ਅਤੇ’ਇਨਪੁਟ ਲੈਂਗੂਏਜ਼’ ਨਾਮਕ ਹੇਠਾਂ ਨੂੰ ਖੁੱਲ੍ਹਣ ਵਾਲੇਮੀਨੂ ਤੋਂ ਪੰਜਾਬੀ (ਗੁਰਮੁਖੀ), ਹਿੰਦੀ, ਉਰਦੂ ਆਦਿ ਦਾ ਚੋਣ ਕਰੋ।
  7. ਹੁਣ ਓ.ਕੇ. ਬਟਨ ਉੱਤੇ ਕਲਿੱਕ ਕਰ ਦੇਵੋ।
  8. ਅਖੀਰ’ਤੇ ‘ਅਪਲਾਈ’ ਅਤੇ ਫਿਰ ਓ. ਕੇ. ਬਟਨ ‘ਤੇ ਕਲਿੱਕ ਕਰੋ।

ਹੁਣ ਤੁਹਾਡਾ ਕੰਪਿਊਟਰ ਯੂਨੀਕੋਡ ਵਿਚ ਕੰਮ ਕਰਨ ਦੇ ਅਨੁਕੂਲ ਬਣ ਗਿਆ ਹੈ।

ਵੈੱਬ ਬ੍ਰਾਊਜ਼ਰ ਨੂੰ ਯੂਨੀਕੋਡ ਦੇ ਅਨੁਕੂਲ ਬਣਾਉਣਾ

ਜੇਕਰ ਤੁਹਾਡੇ ਕੋਲ ਵੈੱਬ ਬ੍ਰਾਊਜ਼ਰ (ਇੰਟਰਨੈੱਟ ਐਕਸਪਲੋਰਰ) ਦਾ ਪੁਰਾਣਾ ਸੰਸਕਰਣ ਹੈ ਤਾਂ ਕਈ ਵਾਰ ਪੰਜਾਬੀ ਯੂਨੀਕੋਡ ਪੰਨਿਆਂ ਨੂੰ ਪੜ੍ਹਨ ਸਮੇਂ (% # $ * ਵਰਗੇ ਚਿੰਨ੍ਹ ਪ੍ਰਦਰਸ਼ਿਤ ਹੋਣ ਕਾਰਨ) ਮੁਸ਼ਕਿਲ ਆ ਸਕਦੀ ਹੈ। ਜੇਕਰ ਤੁਹਾਡਾ ਕੰਪਿਊਟਰ ਯੂਨੀਕੋਡ ਦੇ ਪੂਰੀ ਤਰ੍ਹਾਂ ਅਨੁਕੂਲ ਹੈ ਤੇ ਫਿਰ ਵੀ ਐਕਸਪਲੋਰਰ ਦੀ ਵਿੰਡੋ ‘ਤੇ ਸਮੱਸਿਆ ਆ ਰਹੀ ਹੈ ਤਾਂ ਬਿਹਤਰ ਹੈ ਕਿ ਤੁਸੀਂ ਐਕਸਪਲੋਰਰ ਦਾ ਨਵਾਂ ਸੰਸਕਰਣ ਇੰਸਟਾਲ ਕਰ ਲਵੋ ਜਾਂ ਮੌਜੂਦਾ ਸੰਸਕਰਣ ਨੂੰ ਅੱਪਡੇਟ ਕਰ ਲਵੋ। ਜੇਕਰ ਅਜਿਹਾ ਕਰਨ ਤੋਂ ਅਸਮਰੱਥ ਹੋ ਤਾਂ ਹੇਠਾਂ ਲਿਖੀਆਂ ਤਬਦੀਲੀਆਂ ਜ਼ਰੂਰ ਕਰ ਲੈਣੀਆਂ ਚਾਹੀਦੀਆਂ ਹਨ।

  1. ਐਕਸਪਲੋਰਰ ਦੇ ਵੀਊ> ਇਨਕੋਡਿੰਗ > ਮੋਰ ਵਿਕਲਪ ਉੱਤੇ ਜਾਵੋ।
  2. ਲੋੜੀਂਦੇ ਵਿਕਲਪ ਦਾ ਚੋਣ ਕਰ ਕੇ ਚਾਲੂ ਕਰੋ।
  3. ਜੇਕਰ ਚੋਣ ਲਈ ਇਕ ਤੋਂ ਵਧੇਰੇ ਮੱਦ ਹਨ ਤਾਂ ਇਕ-ਇਕ ਕਰਕੇ ਉਦੋਂ ਤੱਕ ਚੋਣ ਕਰਦੇ ਜਾਵੋ ਜਦੋਂ ਤੱਕ ਕਿ ਤੁਹਾਨੂੰ ਪੰਨਾ ਸਹੀ ਤੇ ਸਪਸ਼ਟ ਨਾ ਨਜ਼ਰ ਆ ਜਾਵੇ।
  4. ਪੰਜਾਬੀ ਸਾਈਟ ਤੋਂ ਬਾਅਦ ਰੋਮਨ (ਅੰਗਰੇਜ਼ੀ) ਸਾਈਟ ਵੇਖਣ ਲਈ ਪੁਰਾਣੇ ਵਿਕਲਪਾਂ ਨੂੰ ਦੁਬਾਰਾ ਕਿਰਿਆਸ਼ੀਲ ਕਰੋ।

ਉਪਰੋਕਤ ਤਰੀਕਾ ਐਕਸਪਲੋਰਰ ਦੇ ‘5.ਐਕਸ’ ਅਤੇ ‘6.ਐਕਸ’ ਲਈ ਦਰਸਾਇਆ ਗਿਆ ਹੈ। ਵਿੰਡੋਜ਼ ਅਧਾਰਿਤ ਕੰਪਿਊਟਰਾਂ ਉੱਤੇ ਚਲਣ ਵਾਲੇ ਫਾਇਰ-ਫੌਕਸ 1.5, ਨੈਟਸਕੇਪ 7, ਆਪੇਰਾ ਆਦਿ ਇੰਟਰਨੈੱਟ ਬ੍ਰਾਊਜ਼ਰਾਂ ਨੂੰ ਪੰਜਾਬੀ ਲਈ ਅਨੁਕੂਲ ਬਣਾਉਣ ਦਾ ਤਰੀਕਾ ਲਗਭਗ ਇਕੋ ਵਰਗਾ ਹੈ। ਮੈਕਿਨਟਾਸ਼ ਸੰਚਾਲਨ ਪ੍ਰਣਾਲੀ ਦੇ ਓ.ਐਸ.ਐਕਸ 10.5 ਨਾਮਕ ਸੰਸਕਰਣ ਤੱਕ ਯੂਨੀਕੋਡ ਲਈ ਕੋਈ ਇੰਤਜ਼ਾਮ ਨਹੀਂ ਹੈ। ਹਾਂ, ਨਵੇਂ ਸੰਸਕਰਣਾਂ ਨੂੰ ਯੂਨੀਕੋਡ ਦੇ ਪੂਰੀ ਤਰ੍ਹਾਂ ਅਨੁਕੂਲ ਬਣਾ ਲਿਆ ਗਿਆ ਹੈ। ਵੈੱਬ ਬ੍ਰਾਊਜ਼ਰ ਸਫ਼ਾਰੀ ਯੂਨੀਕੋਡ ਲਈ ਪੂਰੀ ਤਰ੍ਹਾਂ ਸਮਰੱਥ ਹੈ। ਜੇਕਰ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਵੀਊ > ਟੈਕਸਟ ਇਨਕੋਡਿੰਗ ਵਿਕਲਪ ਵਿਚ ਜਾ ਕੇ ਠੀਕ ਕੀਤਾ ਜਾ ਸਕਦਾ ਹੈ।

ਕੀ-ਬੋਰਡ ਦੀ ਵਿਓਂਤ ਨੂੰ ਸੋਧਣਾ

ਕੰਪਿਊਟਰ ਨੂੰ ਯੂਨੀਕੋਡ ਦੇ ਅਨੁਕੂਲ ਬਣਾਉਣ ਉਪਰੰਤ ਅਸੀਂ ਕੀ-ਬੋਰਡ ਤੋਂ ਸਿੱਧੇ ਰੂਪ ਵਿੱਚ ਯੂਨੀਕੋਡ ਅੱਖਰ ਟਾਈਪ ਕਰ ਸਕਦੇ ਹਾਂ। ਪਰ ਆਮ ਤੌਰ ‘ਤੇ ਪਹਿਲਾਂ ਤੋਂ ਮੌਜੂਦ ਯੂਨੀਕੋਡ ਕੀ-ਬੋਰਡ ਢੁੱਕਵਾਂ ਤੇ ਸੁਵਿਧਾਜਨਕ ਨਹੀਂ ਹੁੰਦਾ। ਇਸ ਸਥਿਤੀ ਵਿੱਚ ਤੁਸੀਂ ਆਪਣੀ ਮਰਜ਼ੀ ਦੇ ਫੌਂਟ ਵਿੱਚ ਕੀ-ਬੋਰਡ ਤਿਆਰ ਕਰ ਸਕਦੇ ਹੋ। ਇਸ ਨੂੰ ਕੀ-ਬੋਰਡ ਲੇਆਉਟ ਤਿਆਰ ਕਰਨਾ ਕਿਹਾ ਜਾਂਦਾ ਹੈ।
ਤੁਸੀਂ ਯੂਨੀਕੋਡ ਟਾਈਪਿੰਗ ਦੌਰਾਨ ਅੱਖਰਾਂ ਅਤੇ ਹੋਰ ਚਿੰਨ੍ਹਾਂ ਨੂੰ ਬੜੀ ਫੁਰਤੀ ਨਾਲ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਸੁਵਿਧਾ ਮੁਤਾਬਿਕ ਨਵਾਂ ਕੀ-ਬੋਰਡ ਵਿਓਂਤ (ਖ਼ਾਕਾ) ਤਿਆਰ ਕਰ ਲੈਣਾ ਚਾਹੀਦਾ ਹੈ ਜਾਂ ਫਿਰ ਪੁਰਾਣੇ ਨੂੰ ਸੋਧ ਲੈਣਾ ਚਾਹੀਦਾ ਹੈ।

ਡਾ. ਥਿੰਦ ਦੇ ਯੂਨੀਕੋਡ ਫੌਂਟ ਉਹਨਾਂ ਦੁਆਰਾ ਬਣਾਏ ਅਨਮੋਲ ਲਿਪੀ, ਡੀ.ਆਰ.ਚਾਤ੍ਰਿਕ ਅਤੇ ਅਸੀਸ ਗੈਰ ਯੂਨੀਕੋਡ ਫੌਂਟਾਂ ਦੇ ਅਧਾਰ ‘ਤੇ ਚਲਦੇ ਹਨ। ਭਾਵ ਇਹ ਕਿ ਇਹਨਾਂ (ਗੈਰ ਯੂਨੀਕੋਡ ) ਫੌਂਟਾਂ ਵਿੱਚ ਟਾਈਪਿੰਗ ਦਾ ਜਾਣਕਾਰ ਸਹਿਜੇ ਹੀ ਯੂਨੀਕੋਡ ਟਾਈਪਿੰਗ ਸਿੱਖ ਸਕਦਾ ਹੈ। ਜੇਕਰ ਤੁਸੀਂ ਆਪਣੀ ਕੀ-ਬੋਰਡ ਵਿਉਂਤ ਬਦਲਣਾ ਚਾਹੁੰਦੇ ਹੋ ਤਾਂ ਮਾਈਕ੍ਰੋਸਾਫ਼ਟ ਦੇ ‘ਮਾਈਕ੍ਰੋਸਾਫ਼ਟ ਕੀ-ਬੋਰਡ ਲੇਆਉਟ ਕ੍ਰੀਏਟਰ’ ਨੂੰ ਵੈੱਬਸਾਈਟ www.microsoft.com/globaldev/tools/nsklc.nspx ਤੋਂ ਡਾਊਨਲੋਡ ਕਰ ਲਵੋ। ਆਪਣੇ ਕੰਪਿਊਟਰ ਵਿੱਚ ਮੁਫ਼ਤ ‘ਕੀ-ਬੋਰਡ ਲੇਆਉਟ ਮੈਨੇਜਰ’ ਇੰਸਟਾਲ ਕਰਨ ਲਈ www.klm.freeservers.com/spx ਦੀ ਵਰਤੋਂ ਕੀਤੀ ਜਾ ਸਕਦੀ ਹੈ।


ਯੂਨੀਕੋਡ ਟਾਈਪਿੰਗ

ਯੂਨੀਕੋਡ ਵਿੱਚ ਟਾਈਪਿੰਗ ਸ਼ੁਰੂ ਕਰਨ ਤੋਂ ਪਹਿਲਾਂ ਟਾਸਕਬਾਰ ਤੋਂ ਪੰਜਾਬੀ ਭਾਸ਼ਾ ਦੀ ਚੋਣ ਕਰੋ। ਇਕ ਭਾਸ਼ਾ ਤੋਂ ਦੂਸਰੀ ਭਾਸ਼ਾ ਵਿੱਚ ਜਾਣ ਲਈ ਕੀ-ਬੋਰਡ ਦੀਆਂ ਅਲਟ (Alt) ਅਤੇ ਸ਼ਿਫਟ (Shift) ਕੁੰਜੀਆਂ ਇਕੱਠੀਆਂ ਦਬਾਈਆਂ ਜਾ ਸਕਦੀਆਂ ਹਨ। ਯੂਨੀਕੋਡ ਟਾਈਪਿੰਗ ਕੋਈ ਆਮ ਟਾਈਪਿੰਗ ਨਹੀਂ। ਇਸ ਦੇ ਕਾਇਦੇ-ਕਾਨੂੰਨ ਆਮ ਫੌਂਟਾਂ ਨਾਲੋਂ ਕੁਝ ਵੱਖਰੇ ਹਨ। ਯੂਨੀਕੋਡ ਟਾਈਪਿੰਗ ਦੌਰਾਨ ਹੇਠਾਂ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:

  1. ਯੂਨੀਕੋਡ ਵਿੱਚ ਤੁਸੀਂ ਆਜ਼ਾਦ ਸ੍ਵਰ ਨਹੀਂ ਬਣਾ ਸਕਦੇ।ਮਿਸਾਲ ਵਜੋਂ ਈੜੀ ਨੂੰ ਬਿਹਾਰੀ (ਈ) ਪਾਉਣ ਸਮੇਂ ਈੜੀ ਅਤੇ ਬਿਹਾਰੀ ਦੋ ਵੱਖ-ਵੱਖ ਕੁੰਜੀਆਂ ਦਬਾਉਣ ਦੀ ਬਜਾਏ ਤੁਹਾਨੂੰ ਪਹਿਲਾਂ ਤੋਂ ਤਿਆਰ ‘ਈ’ ਵਾਲੀ ਇਕ ਕੁੰਜੀ ਹੀ ਵਰਤਣੀ ਪਵੇਗੀ।
  2. ਪੈਰੀਂ (ਅੱਧਾ) ਅੱਖਰ ਪਾਉਣ ਲਈ ਬਿੰਦੀਆਂ ਵਾਲੇ ਗੋਲੇ (ਹਲੰਤ) ਦੀ ਵਰਤੋਂ ਕੀਤੀ ਜਾਂਦੀਹੈ। ਜਿਵੇਂ ਕਿ ਪੱਪੇ ਪੈਰੀਂ ਰਾਰਾ (ਪ੍ਰ) ਪਾਉਣ ਲਈ ਤੁਸੀਂ ਪੱਪਾ, ਹਲੰਤ ਅਤੇ ਰਾਰੇ ਦਾ ਇਸਤੇਮਾਲ ਕਰੋਗੇ।
  3. ਯੂਨੀਕੋਡ ਵਿੱਚ ਸਾਰੇ ਅੱਖਰ ਆਵਾਜ਼ ਦੇ ਕ੍ਰਮ ਵਿੱਚ ਲਿਖੇ ਜਾਂਦੇ ਹਨ।ਉਦਾਹਰਣ ਵਜੋਂ ਜੇਕਰ ਤੁਸੀਂ ਈੜੀ ਨੂੰ ਸਿਹਾਰੀ (ਇ) ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਹਿਲਾਂ ਈੜੀ ਪਾਵੋਗੇ ਤੇ ਫਿਰ ਸਿਹਾਰੀ।
  4. ਭਾਵੇਂ ਯੂਨੀਕੋਡ ਵਿਚ ਟਾਈਪ ਕਰਨਾ ਥੋੜ੍ਹਾ ਔਖਾ ਹੈ ਪਰ ਇਹ ਪ੍ਰਣਾਲੀ ਗੁਰਮੁਖੀ ਦੇਨਿਯਮਾਂ ਨੂੰ ਜ਼ੋਰ ਦੇ ਕੇ ਲਾਗੂ ਕਰਵਾਉਂਦੀ ਹੈ। ਯੂਨੀਕੋਡ ਵਿਚ ਸਿਰਫ਼ ਗੁਰਮੁਖੀ ਦੇ ਸੁਭਾਅ ‘ਤੇ ਖਰਾ ਉਤਰਨ ਵਾਲੇ ਅੱਖਰ ਅਤੇ ਲਗਾਂ-ਮਾਤਰਾਵਾਂ ਹੀ ਟਾਈਪ ਕੀਤੀਆਂ ਜਾ ਸਕਦੀਆਂ ਹਨ। ਜਿਵੇਂ ਕਿ ਯੂਨੀਕੋਡ ਵਿਚ ਤੁਸੀਂ ਕਿਸੇ ਅੱਖਰ ਨਾਲ ਇਕ ਤੋਂ ਵੱਧ ਮਾਤਰਾਵਾਂ ਨਹੀਂ ਲਗਾ ਸਕਦੇ। ਜੇ ਤੁਸੀਂ ਜ਼ਬਰਦਸਤੀ ਅਜਿਹਾ ਪਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਹਲੰਤ ਵਿਭਿੰਨ ਮਾਤਰਾਵਾਂ ਵਿਚ ਵੱਖਰੇਵਾਂ ਕਰ ਦੇਵੇਗਾ। ਭਾਵੇਂ ਕਈ ਲੋਕ ਨਿਯਮਾਂ ਤੋਂ ਉਲਟ ਅੱਖਰਾਂ ਦੀ ਵਰਤੋਂ ਲਈ ‘ਜੀਰੋ ਵਿਡਥ ਨਾਨ-ਜੋਆਇਨਰ’ ਦਾ ਪ੍ਰਯੋਗ ਕਰ ਲੈਂਦੇ ਹਨ ਪਰ ਅਜਿਹਾ ਕਰਨਾ ਗਲਤ ਹੈ।


ਯੂਨੀਕੋਡ ਟਾਈਪਿੰਗ ਪੈਡ

ਯੂਨੀਕੋਡ ਪ੍ਰਣਾਲੀ ਦੇ ਹੋਂਦ ਵਿੱਚ ਆਉਣ ਨਾਲ ਹੁਣ ਪੰਜਾਬੀ ਸਮੇਤ ਹੋਰਨਾਂ ਭਾਰਤੀ ਭਾਸ਼ਾਵਾਂ ਵਿੱਚ ਈ-ਮੇਲ ਭੇਜਣਾ, ਬਲੌਗ ਅਤੇ ਵੈੱਬਸਾਈਟਾਂ ਦਾ ਵਿਕਾਸ ਕਰਨਾ ਕਾਫ਼ੀ ਆਸਾਨ ਹੋ ਗਿਆ ਹੈ। ਇਸ ਵਿਸ਼ਵ-ਵਿਆਪੀ ਪ੍ਰਣਾਲੀ ਨੇ ਪੰਜਾਬੀ ਫੌਂਟਾਂ ਦੀ ਸਮੱਸਿਆ ਦਾ ਮਸਲਾ ਸਹਿਜੇ ਹੀ ਸੁਲਝਾ ਦਿੱਤਾ ਹੈ। ਹਾਲ ਹੀ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਇਕ ਅਜਿਹੇ ਸਾਫ਼ਟਵੇਅਰ ਦਾ ਵਿਕਾਸ ਕੀਤਾ ਹੈ ਜੋ ਰਵਾਇਤੀ ਫੌਂਟਾਂ ਵਿੱਚ ਲਿਖੇ ਹੋਏ ਪੰਜਾਬੀ ਦਸਤਾਵੇਜ਼ ਨੂੰ ਯੂਨੀਕੋਡ ਵਿੱਚ ਤਬਦੀਲ ਕਰ ਸਕਦਾ ਹੈ, ਵਰਤੋਂ ਕਰਤਾ ਨੂੰ ਆਸਾਨ ਤਰੀਕੇ ਨਾਲ ਪੰਜਾਬੀ ਨੂੰ ਯੂਨੀਕੋਡ ਵਿੱਚ ਟਾਈਪ ਕਰਨ ਦੀ ਸੁਵਿਧਾ ਪ੍ਰਦਾਨ ਕਰਵਾਉਂਦਾ ਹੈ ਤੇ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਵਿਚ ਈ-ਮੇਲ ਕਰਨ ਦਾ ਅਸਾਨ ਤਰੀਕਾ ਉਪਲੱਬਧ ਕਰਵਾਉਂਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਸਦਕਾ ਹੋਂਦ ਵਿੱਚ ਆਏ ਇਸ ਸਾਫ਼ਟਵੇਅਰ ਦੀ ਬਦੌਲਤ ਹੁਣ ਪੰਜਾਬੀ ਭਾਸ਼ਾ ਵਿੱਚ ਈ-ਮੇਲ ਭੇਜਣਾ ਆਸਾਨ ਹੋ ਗਿਆ ਹੈ। ਪੰਜਾਬੀ ਭਾਸ਼ਾ ਨੂੰ ਤਕਨੀਕ ਦੀ ਬਦੌਲਤ ਬੁਲੰਦੀਆਂ ‘ਤੇ ਪਹੁੰਚਾਉਣ ਵਾਲੇ ਡਾ. ਲਹਿਲ ਅਨੁਸਾਰ ਯੂਨੀਕੋਡ ਪ੍ਰਣਾਲੀ ਰਾਹੀਂ ਟਾਈਪ ਕਰਨ ਵਿੱਚ ਪੰਜਾਬੀ ਵਰਤੋਂਕਾਰਾਂ ਨੂੰ ਅਨੇਕਾਂ ਸਮੱਸਿਆਵਾਂ ਆਉਂਦੀਆਂ ਸਨ। ਪਹਿਲਾਂ ਜਦੋਂ ਵੀ ਕੋਈ ਵਰਤੋਂਕਾਰ ਦੂਸਰੇ ਨੂੰ ਈ-ਮੇਲ ਸੰਦੇਸ਼ ਭੇਜਦਾ ਸੀ ਤਾਂ ਉਹਨੂੰ ਪੜ੍ਹਨ ਲਈ ਅਗਲੇ ਦੇ ਕੰਪਿਊਟਰ ਵਿੱਚ ਉਸ ਵਿਸ਼ੇਸ਼ ਫੌਂਟ ਦਾ ਹੋਣਾ ਜਰੂਰੀ ਹੁੰਦਾ ਸੀ ਜਿਸ ਵਿੱਚ ਉਸ ਨੂੰ ਟਾਈਪ ਕੀਤਾ ਗਿਆ ਹੈ। ਇੰਝ ਫੌਂਟ ਨਾ ਹੋਣ ਦੀ ਸੂਰਤ ਵਿੱਚ ਈ-ਮੇਲ ਸੰਦੇਸ਼ ਦੇ ਅਰਥ-ਅਨਰਥ ਹੋ ਜਾਂਦੇ ਸਨ। ਪੰਜਾਬੀ ਵਿੱਚ ਆਸਾਨ ਤਰੀਕੇ ਨਾਲ ਈ-ਮੇਲ ਕਰਨ ਵਾਲੇ ਸਾਫ਼ਟਵੇਅਰ ਦੀ ਪੰਜਾਬੀਆਂ ਨੂੰ ਚਿਰੋਕਣੀ ਆਸ ਸੀ। ਡਾ. ਲਹਿਲ ਦੀ ਅਗਵਾਈ ਹੇਠ ਯੂਨੀਕੋਡ ਟਾਈਪਿੰਗ ਪੈਡ ਨਾਮਕ ਇਸ ਸਾਫ਼ਟਵੇਅਰ ਦੇ ਨਿਰਮਾਣ ਵਿੱਚ ਸਿਸਟਮ ਐਨਾਲਿਸਟ ਸ੍ਰੀ ਤਜਿੰਦਰ ਸਿੰਘ ਸੈਣੀ ਨੇ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਇਸ ਟਾਈਪਿੰਗ ਪੈਡ ਵਿੱਚ ਵਰਤੋਂਕਾਰ ਆਪਣੀ ਮਰਜ਼ੀ ਨਾਲ ਰਮਿੰਗਟਨ, ਫੌਨੈਟਿਕ ਜਾਂ ਆਨ-ਸਕਰੀਨ ਕੀ-ਬੋਰਡ ਵਰਤ ਕੇ ਯੂਨੀਕੋਡ ਪ੍ਰਣਾਲੀ ਵਿੱਚ ਮੈਟਰ ਟਾਈਪ ਕਰ ਸਕਦਾ ਹੈ। ਟਾਈਪਿੰਗ ਪੈਡ ਵਿੱਚ ਵਰਤੋਂਕਾਰ ਕੁਝ ਖਾਸ ਵਿਕਲਪਾਂ ਦੀ ਵਰਤੋਂ ਕਰਕੇ ਆਪਣੀ ਜਰੂਰਤ ਵਾਲਾ ਅੰਗਰੇਜ਼ੀ ਦਾ ਸ਼ਬਦ ਜਾਂ ਲਾਈਨ ਵੀ ਟਾਈਪ ਕਰ ਸਕਦਾ ਹੈ। ਨਵੇਂ ਵਰਤੋਂਕਾਰ ਇਸ ਟਾਈਪਿੰਗ ਪੈਡ ਰਾਹੀਂ ਫੌਨੈਟਿਕ ਅਤੇ ਰਮਿੰਗਟਨ ਕੀ-ਬੋਰਡ ਖ਼ਾਕਾ ਵੇਖ ਕੇ ਟਾਈਪਿੰਗ ਦਾ ਅਭਿਆਸ ਕਰ ਸਕਦੇ ਹਨ। ਜੇਕਰ ਤੁਹਾਡੇ ਕੋਲ ਕੋਈ ਦਸਤਾਵੇਜ਼ ਸਤਲੁਜ ਜਾਂ ਅਨਮੋਲ ਲਿਪੀ ਫੌਂਟ ਵਿਚ ਤਿਆਰ ਕੀਤਾ ਹੋਇਆ ਹੈ ਤਾਂ ਤੁਸੀਂ ਉਸ ਨੂੰ ਪੈਡ ਵਿੱਚ ਖੋਲ੍ਹ ਕੇ ਯੂਨੀਕੋਡ ਵਿਚ ਤਬਦੀਲ ਕਰ ਸਕਦੇ ਹੋ ਤੇ ਲੋੜ  ਅਨੁਸਾਰ ਸੁਰੱਖਿਅਤ ਕਰ ਸਕਦੇ ਹੋ ਜਾਂ ਮੇਲ ਕਰ ਸਕਦੇ ਹੋ। ਟਾਈਪਿੰਗ ਪੈਡ ਦੀ ਸਕਰੀਨ ਉੱਤੇ ਬਣੇ ‘ਯੂਨੀਕੋਡ ਕੀ ਹੈ?’ ਨਾਮਕ ਲਿੰਕ ਉੱਤੇ ਕਲਿੱਕ ਕਰਕੇ ਕੋਈ ਵੀ ਵਰਤੋਂਕਾਰ ਯੂਨੀਕੋਡ ਪ੍ਰਣਾਲੀ ਬਾਰੇ ਵਿਸਤਾਰ ਸਹਿਤ ਜਾਣਕਾਰੀ ਹਾਸਿਲ ਕਰ ਸਕਦਾ ਹੈ। ਇਸ ਸਾਫ਼ਟਵੇਅਰ ਨੂੰ http://g2s.learnpunjabi.org/uni[pad.aspx ਨਾਮਕ ਵੈੱਬਸਾਈਟ ਉੱਤੇ ਮੁਫ਼ਤ  ਉਪਲੱਬਧ ਕਰਵਾਇਆ ਗਿਆ ਹੈ। ਵੈੱਬਸਾਈਟ ਵਿੱਚ ਪੰਜਾਬੀ ਦੀ ਗੁਰਮੁਖੀ ਲਿਪੀ ਵਿੱਚ ਲਿਖੇ ਦਸਤਾਵੇਜ਼ ਨੂੰ ਸ਼ਾਹਮੁਖੀ ਵਿੱਚ ਤਬਦੀਲ ਕਰਕੇ ਈ-ਮੇਲ ਸੰਦੇਸ਼ ਵਜੋਂ ਭੇਜਣ ਦੀ ਦਮਦਾਰ ਸੁਵਿਧਾ ਵੀ ਪਹਿਲੀ ਵਾਰ ਮੁਹੱਈਆ ਕਰਵਾਈ ਗਈ ਹੈ। ਵਰਤੋਂਕਾਰਾਂ ਨੂੰ ਈ-ਮੇਲ ਦੀ ਸੁਵਿਧਾ ਮੁਹੱਈਆ ਕਰਵਾਉਣ ਵਾਲਾ ਇਹ ਸਾਫ਼ਟਵੇਅਰ ਇਕੱਲਾ ਈ-ਮੇਲ ਔਜ਼ਾਰ ਹੀ ਨਹੀਂ ਬਲਕਿ ਇਸ ਵਿਚ ਯੂਨੀਕੋਡ ਕਨਵਰਟਰ, ਯੂਨੀਕੋਡ ਟਾਈਪ-ਰਾਈਟਰ ਅਤੇ ਟਾਈਪਿੰਗ ਟਿਊਟਰ ਵਾਲੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਟਾਈਪਿੰਗ ਪੈਡ ਵਿਚ ਗੂਗਲ ਅਧਾਰਿਤ ਰੋਮਨ ਲਿਪੀ ਨੂੰ ਗੁਰਮੁਖੀ  ਵਿਚ ਤਬਦੀਲ ਕਰਨ ਦੀ ਨਵੀਂ ਸੁਵਿਧਾ ਵੀ ਜੋੜ ਦਿੱਤੀ ਗਈ ਹੈ।

ਯੂਨੀਕੋਡ ਰੂਪਾਂਤਰਣ

ਜੇਕਰ ਤੁਹਾਡੇ ਕੋਲ ਕਿਸੇ ਵੀ ਗੈਰ ਯੂਨੀਕੋਡ ਫੌਂਟ ਵਿੱਚ ਤਿਆਰ ਕੀਤਾ ਕੋਈ ਦਸਤਾਵੇਜ਼ ਜਾਂ ਵੈੱਬਸਾਈਟ ਹੈ ਤਾਂ ਤੁਸੀਂ ਇਸ ਨੂੰ ਵੱਖ-ਵੱਖ ਸਾਫ਼ਟਵੇਅਰਾਂ ਰਾਹੀਂ ਯੂਨੀਕੋਡ ਵਿੱਚ ਰੂਪਾਂਤਰਿਤ ਕਰ ਸਕਦੇ ਹੋ। ਇਸ ਮੰਤਵ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ”ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ” ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਲਹਿਲ ਦੁਆਰਾ ਬਣਾਇਆ ‘ਅੱਖਰ’ (ਵਰਡ ਪ੍ਰੋਸੈਸਰ) ਇਕ ਪਾਏਦਾਰ ਸਾਫ਼ਟਵੇਅਰ ਹੈ।

ਯੂਨੀਕੋਡ ਰੂਪਾਂਤਰਣ ਲਈ ਤੁਸੀਂ ਮਾਈਕ੍ਰੋਸਾਫ਼ਟ ਦਾ ਵੀਜ਼ੂਅਲ ਓਪਨ ਟਾਈਪ ਲੇਆਉਟ ਟੂਲ ਵਰਤ ਸਕਦੇ ਹੋ। ਇਸ ਨੂੰ www.microsoft.com/typograph/volt.nspx ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸੇ ਪ੍ਰਕਾਰ ਅਡੌਬ ਅਤੇ ਐਪਲ ਦੇ ਫੌਂਟ ਟੂਲ ਵਰਤਣ ਲਈ ਕ੍ਰਮਵਾਰ www.adobe.com/devnet/opentype ਅਤੇ www.developer.apple.com/text s/tools/index.htm ‘ਤੇ ਲਾਗ ਆਨ ਕੀਤਾ ਜਾ ਸਕਦਾ ਹੈ।


ਲਾਭ

ਯੂਨੀਕੋਡ ਬਹੁ-ਭਾਸ਼ਾਈ ਪਾਠਾਂ ਨਾਲ ਸਬੰਧ ਰੱਖਣ ਵਾਲੇ ਲੇਖਕਾਂ, ਪੱਤਰਕਾਰਾਂ, ਖੋਜਕਾਰਾਂ, ਵਪਾਰੀਆਂ, ਭਾਸ਼ਾ ਵਿਗਿਆਨੀਆਂ ਅਤੇ ਤਕਨੀਕੀ ਮਾਹਿਰਾਂ ਲਈ ਬਹੁਤ ਉਪਯੋਗੀ ਹੈ। ਅੱਜ ਸੰਚਾਲਨ ਪ੍ਰਣਾਲੀਆਂ (ਓਪਰੇਟਿੰਗ ਸਿਸਟਮ) ਅਤੇ ਟਾਈਪ ਐਡੀਟਰਾਂ ਨੂੰ ਯੂਨੀਕੋਡ ਫੌਂਟ ਦੀ ਸੁਵਿਧਾ ਵਰਤ ਸਕਣ ਦੇ ਯੋਗ ਬਣਾਇਆ ਜਾ ਚੁੱਕਾ ਹੈ। ਹੁਣ ਪੁਰਾਣੇ ਫੌਂਟਾਂ ਨਾਲ ਮਗ਼ਜ਼-ਖਪਾਈ ਬਹੁਤੀ ਦੇਰ ਨਹੀਂ ਚਲਣੀ ਤੇ ਕਦੇ ਨਾ ਕਦੇ ਸਾਨੂੰ ਯੂਨੀਕੋਡ ਅੱਗੇ ਗੋਡੇ ਟੇਕਣੇ ਹੀ ਪੈਣੇ ਹਨ।

ਯੂਨੀਕੋਡ ਪ੍ਰਣਾਲੀ ਦੇ ਅਨੇਕਾਂ ਲਾਭ ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ:

  1. ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇੱਕ ਕੰਪਿਊਟਰ ਵਿੱਚ ਟਾਈਪ ਕੀਤਾ ਦਸਤਾਵੇਜ਼ ਸੰਸਾਰਦੇ ਕਿਸੇ ਵੀ ਯੂਨੀਕੋਡ ਅਧਾਰਿਤ ਕੰਪਿਊਟਰ ਉੱਤੇ ਖੋਲ੍ਹਿਆ ਜਾ ਸਕਦਾ ਹੈ ਤੇ ਉਸ ਵਿੱਚ ਵੱਖਰੇ ਤੌਰ ‘ਤੇ ਕਿਸੇ ਫੌਂਟ ਦੀ ਜ਼ਰੂਰਤ ਨਹੀਂ ਪੈਂਦੀ।
  2. ਯੂਨੀਕੋਡ ਵਿੱਚ ਵਿਸ਼ਵ ਦੀ ਹਰੇਕ ਪ੍ਰਮੁੱਖ ਭਾਸ਼ਾ ਦੇ ਅੱਖਰ ਮੌਜੂਦ ਹਨ।ਇਹੀ ਕਾਰਨ ਹੈ ਕਿ ਇੱਕੋ ਯੂਨੀਕੋਡ ਫੌਂਟ ਵਰਤ ਕੇ ਤੁਸੀਂ ਬਹੁ-ਭਾਸ਼ਾਈ ਪਾਠ ਦੀ ਸਿਰਜਣਾ ਕਰ ਸਕਦੇ ਹੋ।
  3. ਪੰਜਾਬੀ ਜਾਣਨ ਵਾਲਾ ਵਿਅਕਤੀ ਯੂਨੀਕੋਡ ਅਧਾਰਿਤ ਕਿਸੇ ਵੀ ਕੰਪਿਊਟਰ ਉੱਤੇ ਟਾਈਪ ਕਰ ਸਕਦਾ ਹੈ।
  4. ਯੂਨੀਕੋਡ ਦੇ ਵਿਕਾਸ ਨਾਲ ਸਾਡਾ ਕੰਪਿਊਟਰ ਅੰਗਰੇਜ਼ੀ ਦੇ ਮੁਥਾਜ ਨਹੀਂ ਰਿਹਾ।ਹੁਣ ਅਸੀਂ ਕੰਪਿਊਟਰ ਨੂੰ ਹੋਰਨਾਂ ਭਾਸ਼ਾਵਾਂ ਵਿੱਚ ਵੀ ਸਮਝਾ ਸਕਦੇ ਹਾਂ।
  5. ਅਜੋਕੇ ਭੂਮੰਡਲੀ ਕਰਨ ਦੇ ਦੌਰ ਵਿੱਚ ਇਹ ਇਕ ਪਾਏਦਾਰ ਕਦਮ ਹੈ।ਇਸ ਨੇ ਦੁਨੀਆ ਦੀਆਂ ਵਿਭਿੰਨ ਭਾਸ਼ਾਵਾਂ ਦੀਆਂ ਲਿਪੀਆਂ ਵਿਚਲੀਆਂ ਸਰਹੱਦਾਂ ਨੂੰ ਖਤਮ ਕਰ ਦਿੱਤਾ ਹੈ।
  6. ਹੁਣ ਕੰਪਿਊਟਰ ਉੱਤੇ ਕੋਈ ਵੀ ਕੰਮ ਭਾਰਤੀ ਭਾਸ਼ਾਵਾਂ ਵਿੱਚ ਕਰਨਾ ਸੰਭਵ ਹੈ।ਸ਼ਰਤ ਇਹ ਹੈ ਕਿ ਕੰਪਿਊਟਰ ਵਿੱਚ ਯੂਨੀਕੋਡ ਅਨੁਕੂਲ ਦਾ ਢੁੱਕਵਾਂ ਸਾਫ਼ਟਵੇਅਰ ਅਤੇ ਟੈਕਸਟ ਐਡੀਟਰ ਹੋਵੇ। ਮਾਈਕ੍ਰੋਸਾਫ਼ਟ ਦਾ ਆਫਿਸ ਸੰਸਕਰਣ, ਸਨ ਮਾਇਕਰੋ ਸਿਸਟਮ ਦਾ ਸਟਾਰ ਆਫਿਸ ਜਾਂ ਫਿਰ ਓਪਨ ਸੋਰਸ ‘ਤੇ ਅਧਾਰਿਤ ਓਪਨ ਆਫਿਸ ਜਿਹੇ ਸਾਫ਼ਟਵੇਅਰ ਪੈਕੇਜ ਤੁਸੀਂ ਸ਼ਬਦ ਸੰਸਾਧਕ (ਵਰਡ ਪ੍ਰੋਸੈਸਰ), ਤਾਲਿਕਾ ਸਾਫ਼ਟਵੇਅਰ (ਸਪਰੈੱਡਸ਼ੀਟ), ਪ੍ਰਸਤੁਸੀ ਸਾਫ਼ਟਵੇਅਰ (ਪਾਵਰ ਪੁਆਇੰਟ) ਦੀਆਂ ਸੁਵਿਧਾਵਾਂ ਮਾਣ ਸਕਦੇ ਹੋ।
  7. ਯੂਨੀਕੋਡ ਪ੍ਰਣਾਲੀ ਦੀ ਮਦਦ ਨਾਲ ਕੰਪਿਊਟਰ ਵਿੱਚ ਪੰਜਾਬੀ ਅੰਕੜਿਆਂ ਨੂੰ ਕ੍ਰਮ ਵਿੱਚਲਗਾਉਣਾ (ਸਾਰਟਿੰਗ), ਅਨੁਕ੍ਰਮਿਕਾ (ਇੰਡੈਕਸ) ਤਿਆਰ ਕਰਨਾ, ਖੋਜ (ਸਰਚ) ਕਰਨਾ, ਮੇਲ ਮਰਜ਼, ਹੈੱਡਰ, ਫੁੱਟਰ, ਫੁੱਟ ਨੋਟਸ ਅਤੇ ਟਿੱਪਣੀਆਂ ਦੇਣਾ ਸੰਭਵ ਹੋ ਗਿਆ ਹੈ।
  8. ਇੰਟਰਨੈੱਟ ਪ੍ਰਣਾਲੀ ਨੇ ਸਾਡੇ ਇੰਟਰਨੈੱਟ ਸੰਸਾਰ ਨੂੰ ਇਕ ਝਟਕੇ ਵਿੱਚ ਬਦਲ ਦਿੱਤਾ ਹੈ।ਹੁਣ ਨੈੱਟ ‘ਤੇ ਯਾਹੂ, ਗੂਗਲ, ਵਿੱਕੀਪੀਡੀਆ, ਐਮ.ਐਸ.ਐਨ. ਆਦਿ ਵੈੱਬਸਾਈਟਾਂ ਉੱਤੇ ਪੰਜਾਬੀ ਵਿੱਚ ਕੰਮ ਕਰਨਾ ਉਨਾਂ ਹੀ ਆਸਾਨ ਹੈ ਜਿਨ੍ਹਾਂ ਕਿ ਅੰਗਰੇਜ਼ੀ ਵਿਚ।
  9. ਯੂਨੀਕੋਡ ਅਧਾਰਿਤ ਵੈੱਬਸਾਈਟਾਂ ਅਤੇ ਬਲੌਗਜ਼ ਦੀ ਖੋਜ (ਸਰਚ) ਕਰਨਾ ਬਹੁਤ ਆਸਾਨ ਹੈ।ਪੰਜਾਬੀ ਯੂਨੀਕੋਡ ਵਾਲੇ ਮੈਟਰ ਨੂੰ ਲੱਭਣ ਵਾਲੇ ਅੱਜ ਅਨੇਕਾਂ ਸਰਚ ਇੰਜਣਾਂ ਦਾ ਵਿਕਾਸ ਹੋ ਚੁੱਕਾ ਹੈ। ਇਹਨਾਂ ਸਰਚ ਇੰਜਣਾਂ ਦੀ ਮਦਦ ਨਾਲ ਗੁਰਮੁਖੀ, ਸ਼ਾਹਮੁਖੀ ਅਤੇ ਦੇਵਨਾਗਰੀ, ਆਦਿ ਲਿਪੀ ਵਿੱਚ ਉਪਲੱਬਧ ਜਾਣਕਾਰੀ ਤੱਕ ਸਹਿਜੇ ਹੀ ਪਹੁੰਚਿਆ ਜਾ ਸਕਦਾ ਹੈ। ਅੱਜ ਪੰਜਾਬੀ ਸਰਚ ਇੰਜਣ (www.punjabikhoj.com) ਸਮੇਤ ਅਨੇਕਾਂ ਯੂਨੀਕੋਡ ਅਧਾਰਿਤ ਸਰਚ ਇੰਜਣਾਂ ਦਾ ਵਿਕਾਸ ਹੋ ਚੁੱਕਾ ਹੈ।
  10. ਯੂਨੀਕੋਡ ਅਧਾਰਿਤ ਕੋਈ ਵੈੱਬਸਾਈਟ (ਜਿਵੇਂ ਕਿwww.veerpunjab.com, www.ajitweekly.com, www.likhari.com, ਆਦਿ) ਖੋਲ੍ਹਣ ਜਾਂ ਡਾਊਨਲੋਡ ਕਰਨ ਸਮੇਂ ਭਾਸ਼ਾ ਦੀ ਕੋਈ ਸਮੱਸਿਆ ਨਹੀਂ ਆਉਂਦੀ। ਮਾਈਕ੍ਰੋਸਾਫ਼ਟ ਆਫਿਸ, ਡਾਊਨਲੋਡ ਕੀਤੀ ਕਿਸੇ ਪੰਜਾਬੀ ਸਮੱਗਰੀ ਨੂੰ ਉਸ ਵਿੱਚ ਪਹਿਲਾਂ ਤੋਂ ਮੌਜੂਦ ‘ਰਾਵੀ’ ਫੌਂਟ ਵਿੱਚ ਆਪਣੇ-ਆਪ ਦਿਖਾਉਣ ਦੀ ਸਮਰੱਥਾ ਰੱਖਦਾ ਹੈ।
  11. ਯੂਨੀਕੋਡ ਦੀ ਵਰਤੋਂ ਨਾਲ ਕੰਪਿਊਟਰ ਦੀ ਭੰਡਾਰਨ ਅਤੇ ਕਾਰਜ ਪ੍ਰਣਾਲੀ ਪੂਰੀ ਤਰ੍ਹਾਂ ਬਦਲਗਈ ਹੈ। ਇਸ ਨਾਲ ਗੈਰ ਅੰਗਰੇਜ਼ੀ ਭਾਸ਼ਾਵਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
  12. ਯੂਨੀਕੋਡ ਦੀ ਵਰਤੋਂ ਕਰਦੇ ਸਮੇਂ ਕੰਪਿਊਟਰ ਉੱਤੇ ਮੀਨੂ ਅਤੇ ਡਾਈਲਾਗ ਬਕਸੇ ਪੰਜਾਬੀ ਵਿੱਚ ਬਣਾਉਣੇ ਸੰਭਵ ਹੋ ਗਏ।
  13. ਯੂਨੀਕੋਡ ਅਧਾਰਿਤ ਕਿਸੇ ਕੰਪਿਊਟਰ ਉੱਤੇ ਤੁਸੀਂ ਫ਼ਾਈਲਾਂ ਅਤੇ ਫੋਲਡਰਾਂ ਦਾ ਨਾਮ (ਜਿਵੇਂਕਿ ‘ਮੇਰੀ ਫਾਈਲ.ਡੌਕ’) ਪੰਜਾਬੀ ਵਿੱਚ ਰੱਖ ਸਕਦੇ ਹੋ। ਅੱਜ ਦੁਨੀਆ ਭਰ ਵਿੱਚ ਵਿਭਿੰਨ ਸਾਫ਼ਟਵੇਅਰਜ਼ ਨੂੰ ਯੂਨੀਕੋਡ ਅਧਾਰਿਤ ਬਣਾਉਣ ਦੀਆਂ ਕੋਸ਼ਿਸ਼ਾਂ ਚਲ ਰਹੀਆਂ ਹਨ। ਆਉਣ ਵਾਲੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਸਾਨੂੰ ਹਰੇਕ ਪ੍ਰਮੁੱਖ ਸਾਫ਼ਟਵੇਅਰ ਸ਼ਕਤੀਸ਼ਾਲੀ ਯੂਨੀਕੋਡ ਅਨੁਕੂਲਤਾ ਨਾਲ ਉਪਲੱਬਧ ਹੋ ਜਾਵੇਗਾ। ਅਜਿਹਾ ਹੋਣ ਨਾਲ ਕੰਪਿਊਟਰ ਦੀ ਅੰਗਰੇਜ਼ੀ ਉੱਤੇ ਨਿਰਭਰਤਾ ਤੋਂ ਪੂਰਨ ਰੂਪ ਵਿੱਚ ਮੁਕਤੀ ਮਿਲ ਜਾਵੇਗੀ।
  14. ਯੂਨੀਕੋਡ ਪ੍ਰਣਾਲੀ ਦੀ ਮਦਦ ਨਾਲ ਕਿਸੇ ਵੀ ਭਾਸ਼ਾ ਵਿੱਚ ਕੰਪਿਊਟਰ ਪ੍ਰੋਗਰਾਮ ਬਣਾਏ ਜਾ ਸਕਦੇ ਹਨ।
  15. ਇਸ ਨਵੀਂ ਤਕਨੀਕ ਦੇ ਵਿਕਸਿਤ ਹੋਣ ਨਾਲ ਹੁਣ ਕੋਈ ਵਿਅਕਤੀ ਇੱਕ ਕੰਪਿਊਟਰ ਤੋਂ ਦੂਸਰੇਕੰਪਿਊਟਰ ਵਿੱਚ ਗੁਰਮੁਖੀ ਅੰਕੜਿਆਂ ਦਾ ਸਥਾਨੰਤਰਨ ਬਿਨਾਂ ਕਿਸੇ ਨੁਕਸਾਨ ਦੇ ਅਤੇ ਫੌਂਟ ਦੀ ਚਿੰਤਾ ਕੀਤੇ ਬਿਨਾਂ ਕਰ ਸਕਦਾ ਹੈ।
  16. ਯੂਨੀਕੋਡ ਫੌਂਟ ਵਿਚ ਤਿਆਰ ਕੀਤਾ ਡਾਟਾ ਬੇਸ ਵਰਤਣਾ ਬਹੁਤ ਆਸਾਨ ਹੈ।
  17. ਆਉਣ ਵਾਲੇ ਸਮੇਂ ਵਿੱਚ ਮੋਬਾਇਲ ਫੋਨ, ਸੀ.ਡੀ./ ਡੀ.ਵੀ.ਡੀ. ਪਲੇਅਰ, ਫੋਨ-ਬੁੱਕਸ ਮੈਸੇਜ (ਸੰਦੇਸ਼) ਬੋਰਡ ਆਦਿ ਪੂਰੀ ਤਰ੍ਹਾਂ ਯੂਨੀਕੋਡ ਅਨੁਕੂਲ ਹੋਣਗੇ।
  18. ਯੂਨੀਕੋਡ ਅਨੁਕੂਲ ਕਿਸੇ ਵੀ ਕੰਪਿਊਟਰ ਵਿੱਚ ਅਸੀਂ ਪੰਜਾਬੀ ਵਿੱਚ ਈ-ਮੇਲ ਸੰਦੇਸ਼ ਭੇਜ ਸਕਦੇ ਹਾਂ।
  19. ਭਵਿੱਖ ਵਿੱਚ ਕੰਪਿਊਟਰ ਅਤੇ ਹੋਰਨਾਂ ਸੰਚਾਰ ਯੰਤਰਾਂ ਦੇ ਕਲ-ਪੁਰਜ਼ੇ ਯੂਨੀਕੋਡ ਦੇਅਨੁਕੂਲ ਹੋ ਜਾਣਗੇ ਤੇ ਤੁਹਾਡੇ ਸੀ.ਡੀ. ਜਾਂ ਡੀ.ਵੀ.ਡੀ. ਪਲੇਅਰ ਉੱਤੇ ਵੱਜਣ ਵਾਲੇ ਗੀਤਾਂ ਦੇ ਬੋਲ ਪੰਜਾਬੀ ਭਾਸ਼ਾ ਵਿੱਚ ਸਕਰੋਲ (Scroll)  ਕਰਦੇ ਨਜ਼ਰ ਆਉਣਗੇ।


ਖ਼ਾਮੀਆਂ

ਅਨੇਕਾਂ ਲਾਭ ਹੋਣ ਕਾਰਨ ਸਮੁੱਚੀ ਦੁਨੀਆ ਦੀਆ ਨਜ਼ਰਾਂ ਯੂਨੀਕੋਡ ਪ੍ਰਣਾਲੀ ‘ਤੇ ਟਿੱਕੀਆਂ ਹੋਈਆਂ ਹਨ। ਇਹਨਾਂ ਸਭ ਦੇ ਬਾਵਜੂਦ ਇਸ ਵਿੱਚ ਕੁਝ ਖ਼ਾਮੀਆਂ ਵੀ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :

  1. ਯੂਨੀਕੋਡ ਵਿੱਚ ਗੁਰਮੁਖੀ ਦੀਆਂ ਪੁਰਾਤਨ (ਗੁਰਬਾਣੀ) ਵਾਲੀਆਂ ਵਿਸ਼ੇਸ਼ਤਾਵਾਂ ਨਹੀਂ ਹਨ।
  2. ਯੂਨੀਕੋਡ ਵਿੱਚ ਅਨੇਕਾਂ ਫੌਂਟ ਪੱਧਰੀ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਹਨ।ਆਮ ਫੌਂਟ ਉੱਤੇ ਕੰਮ ਕਰਨ ਵਾਲੇ ਵਰਤੋਂਕਾਰਾਂ ਨੂੰ ਇਕ ਵੱਖਰੇ ਲੇਆਉਟ ਦਾ ਇਸਤੇਮਾਲ ਕਰਨਾ ਪੈ ਸਕਦਾ ਹੈ। ਇਹੀ ਕਾਰਨ ਹੈ ਕਿ ਆਮ ਵਿਅਕਤੀ ਯੂਨੀਕੋਡ ਦੇ ਲੇਆਉਟ ਨੂੰ ਵਰਤਣ ਤੋਂ ਕੰਨੀ ਕਤਰਾਉਂਦਾ ਹੈ।
  3. ਯੂਨੀਕੋਡ ਵਿੱਚ ਟਾਈਪ ਕਰਨਾ ਆਮ ਫੌਂਟ ਵਿੱਚ ਟਾਈਪ ਕਰਨ ਨਾਲੋਂ ਕਾਫ਼ੀ ਭਿੰਨ ਹੈ।ਯੂਨੀਕੋਡ ਪ੍ਰਣਾਲੀ ਲਗਾਂ-ਮਾਤਰਾਂ ਦੇ ਮਿਆਰੀ ਨਿਯਮਾਂ ਤੋਂ ਹਟ ਕੇ ਇਕ ਅਲੱਗ ਕਿਸਮ ਦਾ ਵਾਤਾਵਰਨ ਮੁਹੱਈਆ ਕਰਵਾਉਂਦੀ ਹੈ। ਮਿਸਾਲ ਵਜੋਂ ਯੂਨੀਕੋਡ ਵਿੱਚ ਸਿਹਾਰੀ ਦੀ ਵਰਤੋਂ ਅੱਖਰ ਤੋਂ ਬਾਅਦ ਕੀਤੀ ਜਾਂਦੀ ਹੈ। ਪੈਰੀਂ ਅੱਖਰ ਪਾਉਣ ਸਮੇਂ ਹਲੰਤ ਦੀ ਵਰਤੋਂ ਕੀਤੀ ਜਾਂਦੀ ਹੈ ਆਦਿ।
  4. ਯੂਨੀਕੋਡ ਦੁਨੀਆ ਦੀਆਂ ਸਭਨਾ ਭਾਸ਼ਾਵਾਂ ਦੀਆਂ ਸਮੁੱਚੀਆਂ ਲੋੜਾਂ ਪੂਰੀਆਂ ਕਰਨ ਦੇਅਸਮਰੱਥ ਹੈ। ਇਸ ਵਿੱਚ ਇਕ ਹੱਦ ਤੱਕ ਹੀ ਅੱਖਰਾਂ/ਚਿੰਨ੍ਹਾਂ ਆਦਿ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ।
  5. ਕਈ ਲੋਕਾਂ ਕੋਲ ਪੁਰਾਣੇ ਕੰਪਿਊਟਰ ਹਨ।ਉਹਨਾਂ ਵਿੱਚ ਵਿੰਡੋਜ਼ ਅਤੇ ਇੰਟਰਨੈੱਟ ਐਕਸਪਲੋਰਰ ਦੇ ਪੁਰਾਣੇ ਸੰਸਕਰਣ ਮੌਜੂਦ ਹਨ। ਇਹੀ ਕਾਰਨ ਹੈ ਕਿ ਅਜਿਹੇ ਕੰਪਿਊਟਰਾਂ ਨਾਲ ਜੁੜੇ ਵਿਅਕਤੀ ਯੂਨੀਕੋਡ ਦਾ ਲਾਭ ਨਹੀਂ ਉਠਾ ਸਕਦੇ।
  6. ਅਸੀਂ ਯੂਨੀਕੋਡ ਦੇ ਸੁੰਦਰ ਅਤੇ ਆਕਰਸ਼ਕ ਫੌਂਟ ਬਣਾਉਣ’ਚ ਨਾਕਾਮ ਰਹੇ ਹਾਂ।
  7. ਕਈ ਵਿਅਕਤੀ ਕੰਪਿਊਟਰ ਵਿੱਚ ਪਹਿਲਾਂ ਤੋਂ ਹੀ ਸ਼ਾਮਿਲ ਯੂਨੀਕੋਡ ਫੌਂਟਾਂ (ਰਾਵੀ ਅਤੇਏਰੀਅਲ ਯੂਨੀਕੋਡ ਆਦਿ) ਤੋਂ ਹੱਟ ਕੇ ਚੰਗੀ ਦਿੱਖ ਵਾਲੇ ਯੂਨੀਕੋਡ ਫੌਂਟ ਵਰਤਣ ਦੀ ਇੱਛਾ ਰੱਖਦੇ ਹਨ। ਯੂਨੀਕੋਡ ਫੌਂਟ ਆਮ ਫੌਂਟਾਂ ਨਾਲੋਂ ਵਧੇਰੇ ਥਾਂ ਘੇਰਦੇ ਹਨ। ਜਿਸ ਕਾਰਨ ਨੈੱਟਵਰਕ ਰਾਹੀਂ ਯੂਨੀਕੋਡ ਫੌਂਟਾਂ ਦਾ ਅਦਾਨ-ਪ੍ਰਦਾਨ ਕਰਨਾ ਔਖਾ ਹੋ ਜਾਂਦਾ ਹੈ।
  8. ਯੂਨੀਕੋਡ ਫੌਂਟਾਂ ਦੀ ਤਿਆਰੀ ਆਮ ਫੌਂਟਾਂ ਵਾਂਗ ਆਸਾਨ ਨਹੀਂ ਹੈ।ਯੂਨੀਕੋਡ ਫੌਂਟਾਂ ਨੂੰ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਤਿਆਰ ਕਰਨਾ ਪੈਂਦਾ ਹੈ ਜਿਹੜੀ ਕਿ ਕਾਫ਼ੀ ਜ਼ੋਖਮ ਭਰਿਆ ਕੰਮ ਹੈ।

ਉਪਰੋਕਤ ਕਾਰਨਾਂ ਕਰਕੇ ਹਾਲਾਂ ਯੂਨੀਕੋਡ ਪ੍ਰਣਾਲੀ ਨੂੰ ਭਰਵਾਂ ਸਮਰਥਨ ਪ੍ਰਾਪਤ ਨਹੀਂ ਹੋ ਰਿਹਾ । ਇਸ ਦੇ ਸੁਧਾਰ, ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕਾਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਹੁਣ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਮਜਬੂਰਨ ਵਸ ਇਸ ਲਾਹੇਵੰਦ ਪ੍ਰਣਾਲੀ ਉੱਤੇ ਨਿਰਭਰ ਹੋ ਜਾਵਾਂਗੇ।

ਸੁਝਾਅ

ਦੁਨੀਆ ਦੀਆਂ ਪ੍ਰਮੁੱਖ ਭਾਸ਼ਾਵਾਂ ਦੇ ਕੰਪਿਊਟਰੀਕਰਨ ਲਈ ਰੀੜ੍ਹ ਦੀ ਹੱਡੀ ਬਣ ਚੁੱਕੀ ਯੂਨੀਕੋਡ ਪ੍ਰਣਾਲੀ ਨੂੰ ਵਿਕਸਿਤ ਕਰਨ ਲਈ ਜੰਗੀ ਪੱਧਰ ‘ਤੇ ਖੋਜ ਕਾਰਜ ਹੋ ਰਹੇ ਹਨ। ਇਸ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਹਰਮਨ-ਪਿਆਰਾ ਬਣਾਉਣ ਲਈ ਕੁਝ ਸੁਝਾਅ ਦਿੱਤੇ ਜਾ ਰਹੇ ਹਨ ਜੋ ਕਿ ਇਸ ਪ੍ਰਕਾਰ ਹਨ:

  1. ਵੱਖ-ਵੱਖ ਗੁਰਮੁਖੀ ਫੌਂਟਾਂ ਜਿਵੇਂ ਅੰਮ੍ਰਿਤ ਲਿਪੀ, ਅਨਮੋਲ ਲਿਪੀ, ਸਤਲੁਜ ਅਤੇ ਅਸੀਸਆਦਿ ਦੇ ਅਨੁਕੂਲ ਯੂਨੀਕੋਡ ਕੀ-ਬੋਰਡ ਲੇਆਉਟ ਤਿਆਰ ਕੀਤੇ ਜਾਣ ਤਾਂ ਜੋ ਸਧਾਰਨ ਫੌਂਟ ਉੱਤੇ ਕੰਮ ਕਰਨ ਵਾਲਾ ਵਿਅਕਤੀ ਯੂਨੀਕੋਡ ਫੌਂਟ ਨੂੰ ਵਰਤਣ ਸਮੇਂ ਮੁਸ਼ਕਿਲ ਨਾ ਮਹਿਸੂਸ ਕਰੇ। ਇਸ ਖੇਤਰ ਵਿੱਚ ਭਾਵੇਂ ਕਾਫ਼ੀ ਕੰਮ ਹੋ ਚੁੱਕਾ ਹੈ ਪਰ ਲੋੜ ਹੈ ਇਸ ਨੂੰ ਆਮ ਲੋਕਾਂ ਤੱਕ ਪੁੱਜਦਾ ਕਰਵਾਉਣ ਦੀ।
  2. ਯੂਨੀਕੋਡ ਅਧਾਰਿਤ ਨਵੇਂ ਫੌਂਟਾਂ ਦੀ ਉਸਾਰੀ ਕੀਤੀ ਜਾਵੇ ਜੋ ਦੇਖਣ ਨੂੰ ਸੁੰਦਰ ਅਤੇਆਕਰਸ਼ਕ ਲੱਗਣ। ਯੂਨੀਕੋਡ ਅਧਾਰਿਤ ਗੁਰਬਾਣੀ ਦੇ ਅੱਖਰਾਂ ਦੀ ਦਿਖਾਵਟ ਵਾਲੇ ਫੌਂਟਾਂ ਦੀ ਉਚੇਚੀ ਲੋੜ ਹੈ। ਨਵੇਂ ਫੌਂਟਾਂ ਵਿੱਚ ਗੁਰਬਾਣੀ ਦੇ ਰਹਿੰਦੇ ਅੱਖਰਾਂ/ਚਿੰਨ੍ਹਾਂ ਨੂੰ ਵੀ ਜੋੜਿਆ ਜਾ ਸਕਦਾ ਹੈ।
  3. ਪੁਰਾਣੇ ਸਾਫ਼ਟਵੇਅਰ (ਜਿਵੇਂ ਕਿ ਵਿੰਡੋਜ਼, ਆਫਿਸ ਅਤੇ ਇੰਟਰਨੈੱਟ ਐਕਸਪਲੋਰਰ ਆਦਿ) ਵਰਤਣਵਾਲੇ ਵਰਤੋਂਕਾਰਾਂ ਨੂੰ ਆਪਣਾ ਸਾਫ਼ਟਵੇਅਰ ਅੱਪਡੇਟ ਕਰਨ ਦੀ ਨੈੱਟ ਉੱਤੇ ਮੁਫ਼ਤ ਸਹੂਲਤ ਹੋਵੇ। ਇਹ ਠੀਕ ਹੈ ਕਿ ਅਜਿਹੇ ਕੰਮ ਲਈ ਨੈੱਟ ਉੱਤੇ ਅਨੇਕਾਂ ਮੁਫ਼ਤ ਸ੍ਰੋਤ ਉਪਲਬਧ ਹਨ ਪਰ ਇਹਨਾਂ ਬਾਰੇ ਜਾਗਰੂਕਤਾ ਦੀ ਬਹੁਤ ਵੱਡੀ ਘਾਟ ਹੈ।
  4. ਇੰਟਰਨੈੱਟ’ਤੇ ਪ੍ਰਕਾਸ਼ਿਤ ਹੋਣ ਵਾਲੇ ਅਖ਼ਬਾਰਾਂ ਨੂੰ ਤਾਂ ਹਰ ਹੀਲੇ ਯੂਨੀਕੋਡ ਪ੍ਰਣਾਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਨਾਂ ਤਾਂ ਅੰਗਰੇਜ਼ੀ ਦੇ ਪਾਠ ਵਾਲੇ ਪੰਜਾਬੀ ਦਸਤਾਵੇਜ ਨੂੰ ਅੱਪਲੋਡ ਕਰਨ ਦੀ ਦਿੱਕਤ ਆਵੇਗੀ ਤੇ ਨਾ ਹੀ ਕੁਝ ਡਾਊਨਲੋਡ ਕਰਨ ਜਾਂ ਵੈੱਬਸਾਈਟ ਪੜ੍ਹਨ ਵਾਲੇ ਪਾਠਕ ਨੂੰ ਆਪਣੇ ਕੰਪਿਊਟਰ ਵਿਚ ਸਬੰਧਿਤ ਫੌਂਟ ਰੱਖਣ ਦੀ ਨੌਬਤ ਆਵੇਗੀ। ਅਜੀਤ ਅਤੇ ਪੰਜਾਬੀ ਟ੍ਰਿਬਿਉਨ ਵਰਗੇ ਅਖ਼ਬਾਰਾਂ ਦੀ ਇੰਟਰਨੈੱਟ ਉੱਤੇ ਯੂਨੀਕੋਡ ਫੌਂਟ ਵਿੱਚ ਪ੍ਰਕਾਸ਼ਨਾਂ ਦੀ ਪਾਠਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਤੱਕ ਬਣੇ ਪੰਜਾਬੀ ਖੋਜ (ਸਰਚ) ਇੰਜਣ ਵੀ ਸਿਰਫ਼ ਯੂਨੀਕੋਡ ਮੈਟਰ ਨੂੰ ਹੀ ਲੱਭਣ ਦੇ ਸਮਰੱਥ ਹਨ। ਸੋ ਇਹਨਾਂ ਖੋਜ ਇੰਜਣਾਂ ਦਾ ਪੂਰਾ-ਪੂਰਾ ਲਾਭ ਲੈਣ ਲਈ ਜ਼ਰੂਰੀ ਹੈ ਕਿ ਗੈਰ-ਯੂਨੀਕੋਡ ਫੌਂਟਾਂ ਵਿਚ ਉਪਲਬਧ ਸਮੱਗਰੀ ਨੂੰ ਯੂਨੀਕੋਡ ਵਿਚ ਬਦਲ ਦਿੱਤਾ ਜਾਵੇ।
  5. ਗੈਰ ਯੂਨੀਕੋਡ ਫੌਂਟਾਂ ਨੂੰ ਯੂਨੀਕੋਡ ਫੌਂਟ ਵਿੱਚ ਪਰਿਵਰਤਿਤ ਕਰਨ ਵਾਲੇ ਤਕਨੀਕੀਔਜ਼ਾਰਾਂ (ਕਨਵਰਟਰਾਂ) ਦਾ ਵਿਕਾਸ ਵੀ ਹੋ ਚੁੱਕਾ ਹੈ ਪਰ ਇਸ ਨੂੰ ਇਕ ਆਮ ਵਰਤੋਂਕਾਰ ਤੱਕ ਪਹੁੰਚਾਉਣਾ ਬਹੁਤ ਔਖਾ ਹੈ।


ਸਿੱਟਾ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਯੂਨੀਕੋਡ ਪ੍ਰਣਾਲੀ ਨੇ ਕੰਪਿਊਟਰ ਉੱਤੇ ਦੁਨੀਆ ਦੀਆਂ ਵਿਭਿੰਨ ਭਾਸ਼ਾਵਾਂ ਵਿੱਚ ਟਾਈਪ ਕਰਨ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਹੱਲ ਕਰ ਦਿੱਤਾ ਹੈ। ਇਸ ਵਿਸ਼ਵ-ਵਿਆਪੀ ਪ੍ਰਣਾਲੀ ਨੇ ਕੰਪਿਊਟਰ ਦੀ ਕਾਰਜ-ਪ੍ਰਣਾਲੀ ਵਿੱਚ ਸੁਧਾਰ ਕਰਕੇ ਇਕ ਨਵੀਂ ਕ੍ਰਾਂਤੀ ਲਿਆਂਦੀ ਹੈ। ਯੂਨੀਕੋਡ ਸਦਕਾ ਅਸੀਂ ਆਪਣੇ ਕੰਪਿਊਟਰ ਦੀਆਂ ਫ਼ਾਈਲਾਂ, ਫੋਲਡਰਾਂ, ਮੀਨੂਆਂ, ਡਾਈਲਾਗ ਬਕਸਿਆਂ ਆਦਿ ਦਾ ਨਾਮ ਪੰਜਾਬੀ ਸਮੇਤ ਯੂਨੀਕੋਡ ਅਧਾਰਿਤ ਦੁਨੀਆ ਦੀ ਕਿਸੇ ਵੀ ਭਾਸ਼ਾ ਵਿੱਚ ਰੱਖ ਸਕਦੇ ਹਾਂ ਪਰ ਇਕ ਆਮ ਵਰਤੋਂਕਾਰ ਇਸ ਨੂੰ ਅਪਣਾਉਣ ਤੋਂ ਪਾਸਾ ਵੱਟ ਰਿਹਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਯੂਨੀਕੋਡ ਟਾਈਪਿੰਗ ਦੇ ਨਿਯਮ ਗੁਰਮੁਖੀ ਲਿਪੀ ਦੇ ਅਨੁਕੂਲ ਨਾ ਹੋਣੇ, ਪੁਰਾਣੇ ਕੰਪਿਊਟਰਾਂ ਅਤੇ ਸਾਫ਼ਟਵੇਅਰਜ਼ ‘ਤੇ ਨਿਰਭਰਤਾ, ਚੰਗੀ ਦਿਖਾਵਟ ਵਾਲੇ ਫੌਂਟਾਂ ਦੀ ਘਾਟ ਅਤੇ ਆਮ ਜਾਣਕਾਰੀ ਦੀ ਘਾਟ ਆਦਿ।
ਅੱਜ ਭਲੀ-ਭਾਂਤ ਮੰਨ ਲੈਣਾ ਚਾਹੀਦਾ ਹੈ ਕਿ ਖੇਤਰੀ ਭਾਸ਼ਾਵਾਂ ਦੀ ਗਲੋਬਲ ਪਹੁੰਚ ਲਈ ਯੂਨੀਕੋਡ ਦਾ ਪੱਲਾ ਫੜਨਾ ਹੀ ਪੈਣਾ ਹੈ। ਦੁਨੀਆ ਦੀਆਂ ਵਿਭਿੰਨ ਭਾਸ਼ਾਵਾਂ ਦੇ ਤਕਨੀਕੀ ਵਿਕਾਸ ਲਈ ‘ਜਨਮ-ਘੁੱਟੀ’ ਕਹੀ ਜਾਣ ਵਾਲੀ ਪ੍ਰਣਾਲੀ ਨੂੰ ਗੁਰਮੁਖੀ ਲਈ ਹੋਰ ਤਰਾਸ਼ਣ-ਮਾਂਜਣ ਦੀ ਉਚੇਚੀ ਲੋੜ ਹੈ।

ਸੀ.ਪੀ. ਕੰਬੋਜ ਸਿਸਟਮ ਐਨਾਲਿਸਟ
ਪੰਜਾਬੀ ਭਾਸ਼ਾ
ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ ਪੰਜਾਬੀ ਯੂਨੀਵਰਸਿਟੀਪਟਿਆਲਾ ਈ-ਮੇਲ : cp_kamboj@yahoo.co.in

 

Loading spinner