ਮਾਂ-ਬੋਲੀ ਨਾਲ ਮੇਰਾ ਸਨੇਹ
ਆਕਾਸ਼ਦੀਪ ਭਿੱਖੀ
ਪੰਜਾਬੀ ਭਾਸ਼ਾ ਦੀ ਚੜ੍ਹਦੀਕਲਾ ਬਰਕਰਾਰ ਰੱਖਣ ਵਾਸਤੇ ਜੋ ਇਹ ਮਹਾਨ ਯੱਗ ਵੀਰਪੰਜਾਬ ਡਾਟ ਕਾਮ ਕਰ ਰਹੀ ਹੈ। ਉਸਨੂੰ ਵੇਖ ਮੈਨੂੰ ਇਸ ਤਰ੍ਹਾਂ ਲਗਦਾ ਹੈ ਕਿ ਤੁਹਾਨੂੰ ਓਹ ਰਸ ਤੇ ਸ਼ਰਬਤ ਭਰੀਆਂ ਲੋਰੀਆਂ ਨਹੀਂ ਵਿਸਰੀਆਂ ਜੋ ਸਾਡੀ ਮਾਂ ਬੋਲੀ ਰਾਹੀਂ ਸਾਨੂੰ ਸਾਡੇ ਜਨਮ ਲੈਣ ਵਕਤ ਮਿਲੀਆਂ ਸਨ। ਇਹ ਸਾਡੀ ਪੰਜਾਬੀ ਮਾਂ ਬੋਲੀ ਹੀ ਹੈ, ਜੋ ਜਨਮ ਵਕਤ ਆਪਣੇ ਸ਼ਰਬਤ ਭਰੇ ਬੋਲਾਂ ਨਾਲ ਸਾਨੂੰ ਲੋਰੀਆਂ ਦਿੰਦੀ ਹੈ, ਅਤੇ ਫਿਰ ਆਪਣੇ ਬੱਚਿਆਂ ਦੇ ਵਿਆਹਾਂ ਵਿੱਚ ਸੁਹਾਗ-ਘੋੜੀਆਂ, ਗਿਧੇ, ਭੰਗੜੇ ਦੇ ਬੋਲਾਂ ਤੇ ਹੋਰ ਅਨੇਕਾਂ ਤਰ੍ਹਾਂ ਦੇ ਸ਼ਗਨਾਂ ਵਾਲੇ ਗੀਤਾਂ ਨਾਲ ਆਪਣੀ ਹਾਜ਼ਰੀ ਦੀ ਗਵਾਹੀ ਭਰਦੀ ਹੈ।
ਸਾਡੀ ਇਹ ਮਾਂ ਬੋਲੀ ਇਥੇ ਹੀ ਸਾਡਾ ਸਾਥ ਨਹੀਂ ਛਡਦੀ ਸਗੋਂ ਜਦ ਸਾਡਾ ਇਸ ਰੰਗਾਂ ਭਰੇ ਜੱਗ ਤੋਂ ਉਡਾਰੀ ਮਾਰਨ ਦਾ ਅਨੋਖਾ ਵਕਤ ਆ ਜਾਂਦਾ, ਓਸ ਵਕ਼ਤ ਵੀ ਇਹ ਸਾਨੂੰ ਸਿਵਿਆਂ ਤੱਕ ਲੈ ਜਾਂਦੇ ਸਮੇਂ ਆਪਣੇ ਬੋਲਾਂ ਦੇ ਵੈਣਾਂ, ਅਲਾਹੁਣੀਆਂ ਦੇ ਗੀਤਾਂ ਦੇ ਬੋਲਾਂ ਸੰਗ ਆਪਣੀ ਹਾਜ਼ਰੀ ਭਰਦੀ ਹੈ।
ਵੇਖਿਆ ਪੰਜਾਬੀਓ ਸਾਡੀ ਮਾਂ ਜਨਮ ਤੋਂ ਲੈ ਕੇ ਸਾਡੇ ਮਰਨ ਵਕਤ ਵੀ ਸਾਡੇ ਨਾਲ ਹੁੰਦੀ ਹੈ ਪਰ ਅਸੀਂ ਵੇਖੋ ਇਸ ਦੇ ਪੁੱਤ ਹੋ ਕੇ ਵੀ ਕਪੂਤ ਬਣੇ, ਜਿਉਂਦੇ ਜੀ ਵੀ ਆਪਣੀ ਇਸ ਮਾਂ ਦੀ ਕੀ ਬੇਕਦਰੀ ਕੀਤੀ ਹੋਈ ਹੈ। ਇਸ ਮਾਂ ਨੂੰ ਇਸਦੇ ਆਪਣੇ ਹੀ ਪੁੱਤ ਇਸਨੂੰ ਇਸਦੇ ਘਰ ਨਹੀਂ ਆਉਣ ਦੇ ਰਹੇ ਤੇ ਇਹ ਵਿਚਾਰੀ ਆਪਣਿਆਂ ਵਿੱਚ ਹੀ ਅਜਨਬੀਆਂ ਵਾਂਗ ਫਿਰਦੀ ਹੈ।
ਮੈਨੂੰ ਤਾਂ ਕਦੇ ਕਦੇ ਇਸ ਤਰਾਂ ਲਗਦਾ ਹੈ ਕੇ ਅਸੀਂ ਅਰਦਾਸ ਵੀ ਅੰਗ੍ਰੇਜ਼ੀ ਵਿੱਚ ਨਾ ਕਰਨ ਲੱਗ ਪਈਏ। ਓਹ ਇਸ ਲਈ ਕਿ ਅਸੀਂ ਅਮ੍ਰਿਤ ਵੇਲੇ ਨੂੰ ਮਾਰਨਿੰਗ ਟਾਈਮ ਅਤੇ ਰਹਿਰਾਸ ਨੂੰ ਈਵਨਿੰਗ ਟਾਈਮ ਜੋ ਆਖਣ ਲੱਗਗੇ ਹਾਂ। ਓਏ ਵੀਰੋ, ਮਾਸੀ ਦਾ ਸਤਿਕਾਰ ਕਰਨਾ ਚੰਗੀ ਗੱਲ ਹੈ, ਪਰ ਮਾਸੀ ਕਰ ਕੇ ਆਪਣੀ ਮਾਂ ਨੂੰ ਤਾਂ ਘਰਾਂ ਵਿਚੋਂ ਨਾਂ ਬਾਹਰ ਕਰੋ।
ਨਾਂ ਮੇਰੇ ਪੰਜਾਬੀ ਵੀਰੋ ਮੇਰੀ ਥੋਨੂੰ ਪੈਰੀਂ ਪੈ ਕੇ ਅਰਜ਼ ਹੈ ਆਪਣੀ ਮਾਂ ਬੋਲੀ ਪੰਜਾਬੀ ਨੂੰ ਇਸ ਤਰਾਂ ਨਾਂ ਵਿਸਾਰੋ। ਅਸੀਂ ਪੰਜਾਬੀ ਹਰ ਪਾਸੇ ਮੱਲਾਂ ਮਾਰ ਰਹੇ ਹਾਂ, ਪਰ ਇੱਕ ਮੱਲ ਜੋ ਅਸੀਂ ਮਾਰ ਸਕਦੇ ਹਾਂ, ਜੋ ਚੰਗੀ ਭਲੀ ਮਾਰ ਵੀ ਸਕਦੇ ਹਾਂ। ਓਸ ਤੋਂ ਅਸੀਂ ਪਾਸਾ ਵੱਟੀ ਬੈਠੇ ਹਾਂ। ਅਸੀਂ ਅੱਜ ਦੁਨੀਆਂ ਦੇ ਕੋਨੇ ਕੋਨੇ ਤੇ ਬੈਠੇ ਹਾਂ ਤੇ ਸਾਡੀਆਂ ਸਰਦਾਰੀਆਂ ਹੁਣ ਦੇਸ਼ਾਂ ਵਿਦੇਸ਼ਾਂ ਵਿੱਚ ਹਨ। ਕੀ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਵਿਸ਼ਵ ਦੀ ਇੱਕ ਨੰਬਰ ਦੀ ਭਾਸ਼ਾ ਨਹੀਂ ਬਣਾ ਸਕਦੇ । ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੇ ਮਹਾਨ ਗ੍ਰੰਥ ਜਿਹੀ ਮਹਾਨ ਰਚਨਾ ਦੀ ਮਿਸਾਲ ਸਾਰੇ ਵਿਸ਼ਵ ਦੇ ਲੋਕਾਂ ਸਮੇਤ ਨਾਸਾ ਦੇ ਸਾਇੰਸਦਾਨ ਦਿੰਦੇ ਹਨ ਤਾਂ ਕੀ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਕਿ ਲੋਕ ਸਾਡੀ ਪੰਜਾਬੀ ਬੋਲੀ ਦੀਆਂ ਮਿਸਾਲਾਂ ਵੀ ਦੇਣ। ਦੋਸਤੋ ਥੋਨੂੰ ਪਤਾ ਹੋਣਾ ਬਣਦਾ ਹੈ ਕਿ ਪੰਜਾਬੀ ਭਾਸ਼ਾ ਵਿੱਚ ਕਲਮਬੱਧ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਸਾ ਪੁਲਾੜ ਵਿੱਚ ਬੜੇ ਹੀ ਅਦਬ ਸੰਗ ਪ੍ਰਕਾਸ਼ ਕੀਤਾ ਹੋਇਆ ਹੈ। ਓਹ ਇਸ ਕਰਕੇ ਕਿ ਸਾਇੰਸਦਾਨ ਇਸ ਗੱਲ ਨੂੰ ਖੁਦ ਮੰਨ ਰਹੇ ਹਨ ਕਿ ਜੋ ਜਾਣਕਾਰੀ ਸਾਇੰਸ ਅੱਜ ਲੋਕਾਂ ਨੂੰ ਦੇ ਰਹੀ ਹੈ, ਓਹ ਤਾਂ ਇਸ ਗ੍ਰੰਥ ਵਿੱਚ ਆਰੰਭ ਤੋਂ ਹੀ ਸ਼ਾਮਿਲ ਹੈ ਇਹ ਗੱਲ ਓਹਨਾਂ ਲੋਕਾਂ ਵਾਸਤੇ ਸਹੀ ਜਵਾਬ ਹੋਵੇਗੀ, ਜੋ ਇਹ ਆਖਦੇ ਹਨ ਕਿ ਪੰਜਾਬੀ ਭਾਸ਼ਾ ਗਰੀਬ ਭਾਸ਼ਾ ਹੈ, ਅਗਰ ਇਹ ਗਰੀਬ ਭਾਸ਼ਾ ਹੈ ਤਾਂ ਫਿਰ ਸਾਡੇ ਗੁਰੂ ਸਾਹਿਬ ਨੇ ਇਸ ਮਹਾਨ ਗ੍ਰੰਥ ਨੂੰ ਪੰਜਾਬੀ ਭਾਸ਼ਾ ਵਿੱਚ ਹੀ ਕਾਸ਼ ਤੋਂ ਕਲਮਬੱਧ ਕੀਤਾ ਓਸ ਵਕਤ ਵੀ ਤਾਂ ਸੰਸਕ੍ਰਿਤ ਸਮੇਤ ਅਨੇਕਾਂ ਭਾਸ਼ਾਵਾਂ ਦੀ ਸਰਦਾਰੀ ਸੀ, ਜਿਵੇਂ ਹੁਣ ਸਾਡੀ ਆਪਣੀ ਕਮਜ਼ੋਰੀ ਕਰਕੇ ਅੰਗ੍ਰੇਜ਼ੀ ਸਾਡੇ ਹੀ ਮੁਲਕ ਵਿੱਚ ਆਪਣਾ ਰੋਅਬ ਪਾਈ ਬੈਠੀ ਹੈ ਪਰ ਇਹ ਰੋਅਬ ਪਤਾ ਨਹੀਂ ਅਸੀਂ ਪੰਜਾਬੀ ਕਿਵੇਂ ਮੰਨੀ ਜਾ ਰਹੇ ਹਾਂ, ਜਦ ਕਿ ਸਾਡੇ ਬਾਰੇ ਤਾਂ ਸਾਰੀ ਦੁਨੀਆਂ ਜਾਣਦੀ ਹੈ ਕਿ ਅਸੀਂ ਕਿਸੇ ਦੀ ਈਨ ਨਹੀਂ ਮੰਨਦੇ ਪਰ ਭਾਸ਼ਾ ਦੇ ਪੱਖ ਤੋਂ ਪਤਾ ਨਹੀਂ ਅਸੀਂ ਕਾਸ ਤੋਂ ਤੇ ਓਹ ਵੀ ਬੇਮਤਲਬ ਮੰਨੀ ਜਾ ਰਹੇ ਹਾਂ। ਅੰਗ੍ਰੇਜ਼ੀ ਦੀ ਇੱਕ ਗੱਲ ਦੋਸਤੋ ਥੋਡੀ ਜਾਣਕਾਰੀ ਵਾਸਤੇ ਦਸ ਦੇਵਾਂ ਕਿ ਪਿਛਲੇ ਸਾਲ (ਆਈ ਏ ਐਸ) ਦੇ ਇਮਤਿਹਾਨ ਵਿਚੋਂ ਸਾਰੇ ਭਾਰਤ ਚੋਂ ਤੇ ਮੁੰਡਿਆਂ ਵਿਚੋਂ ਇੱਕ ਨੰਬਰ ਤੇ ਜੋ ਉਮੀਦਵਾਰ ਸੀ ਓਹ ਸੀ ਵਰਿੰਦਰ ਸ਼ਰਮਾ ਜੋ ਕਿ ਪੰਜਾਬ ਦਾ ਵਸਨੀਕ ਹੈ ਤੇ ਉਸ ਨੇ ਆਈ ਏ ਐਸ ਦਾ ਇਮਤਿਹਾਨ ਵੀ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਵਿੱਚ ਅਵੱਲ ਦਰਜੇ ਵਿੱਚ ਪਾਸ ਕੀਤਾ ਤੇ ਇੰਟਰਵਿਊ ਵੀ ਪੰਜਾਬੀ ਵਿੱਚ ਦੇ ਕੇ ਹੋਰਾਂ ਭਾਸ਼ਾਵਾਂ ਦੇ ਉਮੀਦਵਾਰਾਂ ਤੋਂ ਵੱਧ ਨੰਬਰ ਓਸ ਨੇ ਇੰਟਰਵਿਊ ਵਿਚੋਂ ਪ੍ਰਾਪਤ ਕੀਤੇ।
ਇਸ ਪੰਜਾਬੀ ਮਾਂ ਬੋਲੀ ਦੇ ਸ਼ਿੰਦੇ ਪੁੱਤਰ ਨੇ ਓਹਨਾਂ ਲੋਕਾਂ ਨੂੰ ਵੀ ਚਾਨਣ ਕਰ ਦਿੱਤਾ ਹੈ ਜੋ ਇਹ ਗੱਲ ਵਾਰ ਵਾਰ ਆਖਦੇ ਨੇ ਕੇ ਪੰਜਾਬੀ ਵਿੱਚ ਰੁਜ਼ਗਾਰ ਦੀ ਭਾਸ਼ਾ ਬਣਨ ਦੀ ਤਾਕਤ ਨਹੀਂ। ਦੋਸਤੋ ਮੁੱਕਦੀ ਗੱਲ ਇਹ ਹੈ ਕਿ ਸਾਡੇ ਵਿੱਚ ਹੀ ਕੋਈ ਘਾਟ ਹੈ। ਪੰਜਾਬੀ ਭਾਸ਼ਾ ਦਾ ਤਾਂ ਲਫ਼ਜ਼ ਲਫ਼ਜ਼ ਅਮੀਰ ਹੈ, ਪਰ ਇਸ ਗੱਲ ਨੂੰ ਵੀ ਓਹੀ ਜਾਣਦਾ ਹੈ ਜਿਸ ਇਨਸਾਨ ਦਾ ਦਿਲ ਦਿਮਾਗ ਰੋਸ਼ਨ ਹੈ।
ਆਓ ਮਾਂ ਬੋਲੀ ਪੰਜਾਬੀ ਦੇ ਸਹੀ ਸ਼ਬਦਾਂ ਵਿੱਚ ਸ਼ਿੰਦੇ ਪੁੱਤ ਬਣੀਏ।
ਪੰਜਾਬੀ ਮਾਂ ਬੋਲੀ ਦੀ ਚੜ੍ਹਦੀਕਲਾ ਦੀ ਦੁਆ ਕਰਦਾ ਓਸਦਾ ਪੁੱਤ
ਆਕਾਸ਼ ਦੀਪ ਭੀਖੀ, ਪ੍ਰੀਤ ਫੋਨ – 9463374097 01652275342