ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਵਤਨੋਂ ਪਾਰ ਵੱਸਦੇ ਪੰਜਾਬੀਆਂ ਦੀ ਮਾਂ-ਬੋਲੀ ਨਾਲ ਸਾਂਝ
ਡਾ.
 ਹਰਸ਼ਿੰਦਰ ਕੌਰ

ਹਾਲਾਂਕਿ ਪਾਕਿਸਤਾਨ ਤੋਂ ਇਲਾਵਾ ਮੈਨੂੰ ਕਿਤੇ ਹੋਰ ਵਤਨੋਂ ਪਾਰ ਜਾਣ ਦਾ ਮੌਕਾ ਨਹੀਂ ਮਿਲਿਆ, ਪਰ ਬਹੁਤ ਸਾਰੇ ਐਨ.ਆਰ.ਆਈ. ਵੀਰਾਂ ਤੇ ਭੈਣਾਂ ਦੀਆਂ ਚਿੱਠੀਆਂ ਅਤੇ ਫ਼ੋਨ ਮੈਨੂੰ ਪੰਜਾਬੀ ਜ਼ਬਾਨ ਦੇ ਸੀਮਿਤ ਹੁੰਦੇ ਘੇਰੇ ਬਾਰੇ ਪਹੁੰਚੇ ਹਨ। ਇਕ ਵੀਰ ਨੇ ਤਾਂ ਨਿਊਜ਼ੀਲੈਂਡ ਤੋਂ ਪੰਜਾਬੀ ਜ਼ਬਾਨ ਦਾ ਦੂਜੀ ਪੁਸ਼ਤ ਤਕ ਉੱਕਾ ਹੀ ਨਾ ਪਹੁੰਚਣ ਕਾਰਨ, ਬਹੁਤ ਭਾਵੁਕ ਹੋ ਕੇ ਇਹ ਤੁਕਾਂ ਲਿਖ ਭੇਜੀਆਂ ਹਨ ਕਿ ਵਤਨੋਂ ਪਾਰ ਆਉਣ ਵਾਲੇ ਹਰ ਪੰਜਾਬੀ ਤਾਈਂ ਮੇਰਾ ਇਹ ਸੁਨੇਹਾ ਪਹੁੰਚਾ ਦਿਓ :

ਜਿਨ੍ਹਾਂ ਪੁੱਤਾਂ ਨੂੰ ਸੀਨੇ ਲਾ ਕੇ ਹੱਥੀਂ ਦੁੱਧ ਚੁੰਘਾਇਆ ਏ,
ਉਨ੍ਹਾਂ ਪੁੱਤਾਂ ਨੇ ਹੀ ਗ਼ੈਰਾਂ ਦੇ ਹੱਥ ਮਾਂ ਨੂੰ ਗਿਰਵੀ ਪਾਇਆ ਏ।
ਮਾਂ-ਬੋਲੀ ਪੰਜਾਬੀ ਦਾ ਅੱਜ ਰੋਮ ਰੋਮ ਕੁਰਲਾਇਆ ਏ।
ਮੇਰੇ ਆਪਣੇ ਪੁੱਤ ਹੀ ਵੈਰੀ ਬਣ ਗਏ, ਮਾਂ ਨੂੰ ਬਲੀ ਚੜ੍ਹਾਇਆ ਏ।
ਰੋਜ਼ੀ ਰੋਟੀ ਖ਼ਾਤਰ ਜਿਹੜੇ ਤੁਰ ਗਏ ਵਿਚ ਬਦੇਸਾਂ ਦੇ,
ਸਹਿਕ ਰਹੀ ਨੂੰ ਛੱਡ ਕੇ ਤੁਰ ਗਏ ਆਪ ਫਸ ਗਏ ਵਿਚ ਐਸ਼ਾਂ ਦੇ।
ਵੱਸਦੇ ਰਹੋ ਤੁਸੀਂ ਜਾਣ ਵਾਲਿਓ, ਮਾਂ ਨੂੰ ਰਾਹ ਕਬਰਾਂ ਦੇ ਪਾਇਆ ਏ,
ਮਾਂ-ਬੋਲੀ ਪਹਿਚਾਣ ਹੈ ਸਾਡੀ, ਉਸੇ ਨੂੰ ਨਜ਼ਰਾਂ ‘ਚੋਂ ਗਿਰਾਇਆ ਏ।
ਸੋਹਣੇ ਪੁੱਤਰੋ, ਪਛਤਾਓਗੇ ਜਦੋਂ ਵੇਲਾ ਹੱਥ ਨਾ ਆਉਣਾ ਏ,
ਨਾ ਘਰ ਦੇ ਨਾ ਘਾਟ ਦੇ ਰਹਿਣਾ ਗ਼ੈਰਾਂ ਨੇ ਮੂੰਹ ਡੁੰਵਾਉਣਾ ਏ।
ਮਾਂ-ਬੋਲੀ ਨੂੰ ਜੋ ਭੁੱਲ ਜਾਂਦੇ, ਉਨ੍ਹਾਂ ਆਪਣਾ ਆਪ ਗਵਾਇਆ ਏ।
ਮਾਂ-ਬੋਲੀ ਪੰਜਾਬੀ ਦਾ ਅੱਜ ਰੋਮ ਰੋਮ ਕੁਰਲਾਇਆ ਏ।

ਅਮਰੀਕਾ ਵਿੱਚੋਂ ਵੀ ਇਕ ਐਨ.ਆਰ.ਆਈ. ਵੀਰ ਦਾ ਫੋਨ ਪਹੁੰਚਿਆ ਕਿ ਇਥੇ ਤਾਂ ਪੰਜਾਬੀ ਕਾਇਦਾ ਵੇਖਣਾ ਬਿਲਕੁਲ ਇੰਜ ਜਾਪਦਾ ਹੈ, ਜਿਵੇਂ ਡੂੰਘੇ ਸਮੁੰਦਰ ਹੇਠੋਂ ਸੀਪ ਵਿਚਲਾ ਮੋਤੀ ਕੱਢਣਾ ਹੋਵੇ। ਕਹਿ ਦਿਓ ਪੰਜਾਬੀ ਵੀਰਾ ਨੂੰ, ਝੋਲੇ ਵਿਚ ਪੰਜਾਬੀ ਦਾ ਕਾਇਦਾ ਲੈ ਕੇ ਇਥੇ ਆਉਣ, ਕਿਉਂਕਿ ਇਥੇ ਵੱਸਦੇ ਉਨ੍ਹਾਂ ਲੋਕਾਂ ਲਈ ਇਹ ਬੇਸ਼ਕੀਮਤੀ ਸੌਗ਼ਾਤ ਹੋਵੇਗੀ, ਜਿਹੜੇ ਆਪਣੇ ਬੱਚਿਆਂ ਦੀ ਆਪਣੇ ਪਿਛੋਕੜ ਤੇ ਆਪਣੀ ਬੋਲੀ ਨਾਲ ਸਾਂਝ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।

ਇਕ ਹੋਰ ਐਨ.ਆਰ.ਆਈ. ਵੀਰ ਨੇ ਵੀ ਦੁਹਾਈ ਪਾਈ ਕਿ ਮਾਂ-ਬੋਲੀ ਨੂੰ ਭੁਲਾ ਕੇ ਅਸੀਂ ਆਪਣਾ ਆਪ ਗੁਆ ਰਹੇ ਹਾਂ ਤੇ ਇਸ ਪਛਾਣ ਦੇ ਗੁੰਮ ਜਾਣ ਕਾਰਨ ਸਾਡੇ ਬੱਚੇ ਸਾਡੀ ਸਭਿਅਤਾ ਤੋਂ ਬਿਲਕੁਲ ਹੀ ਕੋਰੇ ਹੋ ਗਏ ਹਨ। ਇਕ ਗੱਲ ਤਾਂ ਸਾਫ਼ ਹੋ ਹੀ ਗਈ ਕਿ ਗੁਲਾਬ ਦੀ ਖੁਸ਼ਬੋ ਵਰਗੀ, ਤ੍ਰੇਲ ਦੇ ਮੋਤੀਆਂ ਵਰਗੀ, ਮਿੱਟੀ ਦੀ ਮਹਿਕ ਵਰਗੀ, ਪੋਹ ਦੀ ਧੁੱਪ ਵਰਗੀ ਤੇ ਅੰਮ੍ਰਿਤ ਵੇਲੇ ਦੀ ਚੁੱਪ ਵਰਗੀ ਇਹ ਪੰਜਾਬੀ ਬੋਲੀ ਕਿਤੇ ਨਾ ਕਿਤੇ ਹਰ ਪੰਜਾਬੀ ਅੰਦਰ ਇਕ ਸਾਂਝ ਪੈਦਾ ਕਰਨ ਦੀ ਅਜੇ ਵੀ ਸੰਭਾਵਨਾ ਰੱਖਦੀ ਹੈ।

ਗੋਰਿਆਂ ਨੂੰ ਇਸ ਬੋਲੀ ਨਾਲ ਪੰਜਾਬੀਆਂ ਦੇ ਲਗਾਓ ਬਾਰੇ ਭਿਣਕ ਲੱਗ ਚੁੱਕੀ ਹੈ, ਇਸੇ ਲਈ ਉਨ੍ਹਾਂ ਨੇ ਪੰਜਾਬੀਆਂ ਦੇ ਦਿਲਾਂ ਦੇ ਤਾਰ ਨੂੰ ਛੇੜ ਦਿੱਤਾ ਹੈ। ਉਨ੍ਹਾਂ ਨੇ ਈਸਾਈ ਇਲਮ ਦਾ ਹਿੰਦੀ ਤੇ ਪੰਜਾਬੀ ਵਿਚ ਤਰਜਮਾ ਕਰ ਕੇ ਹਰ ਐਨ.ਆਰ.ਆਈ. ਪੰਜਾਬੀ ਦੇ ਘਰ ਮੁਫ਼ਤ ਵੰਡਣਾ ਸ਼ੁਰੂ ਕਰ ਦਿੱਤਾ ਹੈ। ਨਤੀਜੇ ਵਜੋਂ ਅਗਲੀ ਪੌਦ ਬੋਲੀ ਤੋਂ ਤਾਂ ਮਜ਼ਬੂਰੀ ਤਹਿਤ ਪਰ੍ਹਾਂ ਹੋ ਹੀ ਰਹੀ ਹੈ, ਪਰ ਪੰਜਾਬੀ ਸਭਿਆਚਾਰ ਤੇ ਆਪਣੇ ਧਰਮ ਤੋਂ ਵੀ ਕੋਸਾਂ ਦੂਰ ਹੋ ਰਹੀ ਹੈ, ਕਿਉਂਕਿ ਪੰਜਾਬੀ ਬੱਚਿਆਂ ਨੂੰ ਅੰਗਰੇਜ਼ੀ ਵਿਚ ਤਰਜਮਾ ਕੀਤਾ ਹੋਇਆ ਆਪਣਾ ਇਤਿਹਾਸ ਤੇ ਪਿਛੋਕੜ ਜਾਨਣ ਦਾ ਮੌਕਾ ਹੀ ਨਹੀਂ ਮਿਲ ਰਿਹਾ। ਸਕੂਲਾਂ ਵਿਚ ਬਹੁ-ਗਿਣਤੀ ਗੋਰਿਆਂ ਵਿਚ ਇੱਕਾ-ਦੁੱਕਾ ਭਾਰਤੀ ਬੱਚਾ ਆਪਣੇ ਆਪ ਨੂੰ ਸਾਰੀ ਕਲਾਸ ਵਿਚ ਰਲਾਉਣ ਲਈ ਪੂਰੀ ਤਰ੍ਹਾਂ ਉਨ੍ਹਾਂ ਦੇ ਰੰਗ ਵਿਚ ਰੰਗਿਆ ਜਾਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਕੰਮ-ਕਾਜ ਵਿਚ ਤਰੱਕੀ ਦੇ ਲਾਲਚ ਨੂੰ ਉਥੋਂ ਦੇ ਰੰਗ ਵਿਚ ਰਚਣਾ ਵਤਨੋਂ ਪਾਰ ਭਾਰਤੀ ਮੂਲ ਵਾਲਿਆਂ ਲਈ ਜ਼ਰੂਰਤ ਬਣ ਜਾਂਦੀ ਹੈ।

ਵਤਨੋਂ ਪਾਰ ਬਣੇ ਕੁਝ ਗੁਰਦੁਆਰਿਆਂ ਵਿਚ ਇਸ ਮਸਲੇ ਨੂੰ ਹੱਲ ਕਰਨ ਦਾ ਯਤਨ ਸ਼ੁਰੂ ਹੋ ਚੁੱਕਾ ਹੈ, ਕਿਉਂਕਿ ਗੁਰਦੁਆਰੇ ਨੂੰ ਸਿਰਫ ਇਕ ਧਾਰਮਿਕ ਅਸਥਾਨ ਬਣਾਉਣ ਦੀ ਬਜਾਇ ਸਭਿਆਚਾਰ ਅਤੇ ਸਿੱਖਿਆ ਦਾ ਕੇਂਦਰ ਬਣਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਮੈਨੂੰ ਦੱਸਿਆ ਗਿਆ ਹੈ ਕਿ ਉਥੇ ਪੰਜਾਬੀ ਸਿਖਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ, ਛੋਟੇ ਪਹਿਲੀ ਜਮਾਤ ਤਕ ਦੇ ਸਕੂਲ ਵੀ ਖੋਲ੍ਹੇ ਗਏ ਹਨ ਤੇ ਗੁਰਦੁਆਰੇ ਦੀ ਹੱਦ ਦੇ ਅੰਦਰ ਹੀ ਡਿਸਪੈਂਸਰੀ ਵੀ ਬਣਾਈ ਗਈ ਹੈ। ਧਾਰਮਿਕ ਸਾਹਿਤ ਦੀਆਂ ਕਿਤਾਬਾਂ ਵੀ ਉਥੇ ਮੁਹੱਈਆ ਕਰਵਾਈਆਂ ਗਈਆਂ ਹਨ ਤੇ ਸਾਰੇ ਪੰਜਾਬੀਆਂ ਨੂੰ ਸਾਲ ਵਿਚ ਇਕ ਵਾਰ ਆਪਣੇ ਬੱਚਿਆਂ ਨੂੰ ਵੀਹ ਦਿਨਾਂ ਲਈ ਉਥੇ ਅੰਦਰ ਬਣੇ ਹੋਸਟਲ ਵਿਚ ਇਕੱਠੇ ਭੇਜਣ ਲਈ ਕਿਹਾ ਜਾਂਦਾ ਹੈ। ਇਸ ਨਾਲ ਸਾਰੇ ਪੰਜਾਬੀ ਮੂਲ ਵਾਲੇ ਬੱਚਿਆਂ ਦੀ ਸਾਂਝ ਵੀ ਬਣੀ ਰਹਿੰਦੀ ਹੈ ਤੇ ਉਨ੍ਹਾਂ ਦੀ ਆਪਣੇ ਪਿਛੋਕੜ ਤੇ ਸਭਿਆਚਾਰ ਨਾਲ ਜਾਣ-ਪਛਾਣ ਵੀ ਹੁੰਦੀ ਰਹਿੰਦੀ ਹੈ। ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ, ਜਿਥੇ ਬੱਚਿਆਂ ਨੂੰ ਸ਼ਬਦ ਗਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਪੰਜਾਬੀ ਬੱਚਾ ਭਾਵੇਂ ਕਿੰਨਾ ਵੀ ਪੱਛਮੀ ਸਭਿਅਤਾ ਵਿਚ ਰੰਗਿਆ ਜਾਵੇ, ਪਰ ਆਪਣੀ ਬੋਲੀ ਬਾਰੇ ਜਾਣੂ ਰਹਿੰਦਾ ਹੈ ਤੇ ਹੋਰ ਵੀ ਆਪਣੇ ਵਰਗਿਆਂ ਦੀ ਹੋਂਦ ਦੇ ਅਹਿਸਾਸ ਨਾਲ ਉਸ ਅੰਦਰ ਓਪਰੇ ਦੇਸ ਵਿਚ ਵੀ ਅੰਦਰੂਨੀ ਤਾਕਤ ਬਣੀ ਰਹਿੰਦੀ ਹੈ।
ਇਹ ਸਭ ਕੁਝ ਬੱਚੇ ਨੂੰ ਆਪਣੀ ਵੱਖਰੀ ਪਛਾਣ ਤੇ ਹੋਂਦ ਕਾਇਮ ਕਰਨ ਵਿਚ ਸਹਾਈ ਹੁੰਦਾ ਹੈ ਤੇ ਭੀੜ ਪੈਣ ‘ਤੇ ਪੰਜਾਬ ਵਿਚਲੇ ਪੰਜਾਬੀ ਵੀ ਪਰਵਾਸੀ ਪੰਜਾਬੀਆਂ ਦੀ ਹਮਾਇਤ ਵਿਚ ਉੱਠ ਖੜੇ ਹੁੰਦੇ ਹਨ। ਸੱਚ ਹੀ ਤਾਂ ਹੈ :

ਸਾਨੂੰ ਗੁੜਤੀ ਦੇ ਵਿਚ ਨੁਸਖ਼ਾ ਮਿਲਿਆ ਜਾਨ ਲੜਾਉਣ ਦਾ,
ਆਪਣੇ ਖ਼ੂਨ ਦਾ ਇਕ ਇਕ ਕਤਰਾ ਦੇਸ ਲਈ ਵਹਾਉਣ ਦਾ,
ਸਾਡੇ ਬਜ਼ੁਰਗਾਂ ਗੁਰ ਦੱਸਿਆ ਹਿੱਕ ਤਾਣ ਕੇ ਜੀਉਣ ਦਾ,
ਸਾਨੂੰ ਮਾਣ ਰਹੇਗਾ ਸਦੀਆਂ ਤਕ ਪੰਜਾਬੀ ਹੋਣ ਦਾ।

ਜੇ ਪਰਵਾਸੀ ਪੰਜਾਬੀਆਂ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਨਾਲ ਬੰਨ੍ਹੀ ਰੱਖਣਾ ਹੈ ਤਾਂ ਇਸ ਸਭ ਕਾਸੇ ਲਈ ਪੰਜਾਬੀ ਬੋਲੀ ਨੂੰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਪਰਵਾਸੀ ਪੰਜਾਬੀ ਘਰਾਂ ਵਿਚ ਆਪਣੇ ਬੱਚਿਆਂ ਨਾਲ ਪੰਜਾਬੀ ਵਿਚ ਗੱਲਬਾਤ ਕਰਨ ਤਾਂ ਹੀ ਇਹ ਜ਼ਬਾਨ ਜ਼ਿੰਦਾ ਰਹਿ ਸਕਦੀ ਹੈ, ਨਹੀਂ ਤਾਂ ਇਸ ਦੀ ਮੌਤ ਤੀਸਰੀ ਪੀੜ੍ਹੀ ਤਕ ਨਿਸ਼ਚਿਤ ਹੋ ਜਾਣੀ ਹੈ। ਇਕ ਗੱਲ ਤਾਂ ਪੱਕੀ ਹੈ ਕਿ ਅਮਰੀਕਨ ਲੋਕ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਆਪਣੇ ਵਿਚ ਰਲਣ ਨਹੀਂ ਦੇਣ ਲੱਗੇ ਤੇ ਕਹਾਉਣਗੇ ਉਹ ਪਰਵਾਸੀ ਪੰਜਾਬੀ ਹੀ। ਜੇ ਪਰਵਾਸੀ ਪੰਜਾਬੀ ਆਪਣੀ ਮਾਂ-ਬੋਲੀ ਨੂੰ ਆਪਣੇ ਬੱਚਿਆਂ ਤਕ ਨਾ ਪਹੁੰਚਾ ਸਕੇ ਤਾਂ ਉਨ੍ਹਾਂ ਦੇ ਬੱਚੇ ਪੰਜਾਬ ਦੀ ਧਰਤੀ ਨਾਲ ਕੀ ਮੋਹ ਪਾਲਣਗੇ ਤੇ ਪੰਜਾਬ ਵਿਚਲੇ ਪੰਜਾਬੀ ਉਨ੍ਹਾਂ ਦੀ ਮਦਦ ਲਈ ਕਿਵੇਂ ਅੱਗੇ ਆਉਣਗੇ?

ਪਰਵਾਸੀ ਪੰਜਾਬੀਆਂ ਦੀ ਦੂਜੀ ਜਾ ਤੀਜੀ ਪੀੜ੍ਹੀ ਦੇ ਬਥੇਰੇ ਬੱਚੇ ਐਸੇ ਹਨ, ਜਿਨ੍ਹਾਂ ਨੇ ਪੰਜਾਬ ਦੀ ਧਰਤੀ ‘ਤੇ ਕਦੇ ਪੈਰ ਪਾਇਆ ਹੀ ਨਹੀਂ। ਉਨ੍ਹਾਂ ਦਾ ਪੰਜਾਬੀ ਬੋਲੀ ਤੇ ਸਭਿਆਚਾਰ ਤੋਂ ਨਾਤਾ ਟੁੱਟ ਚੁੱਕਿਆ ਹੈ। ਅਜਿਹੇ ਬੱਚੇ ਪੰਜਾਬੀ ਬੋਲੀ ਨਾਲ ਕੀ ਮੋਹ ਪਾਲ ਸਕਦੇ ਹਨ? ਅਫ਼ਸੋਸ ਦੀ ਗੱਲ ਇਹ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਵੱਖਰੀ ਪਛਾਣ ਹੀ ਨਹੀਂ ਦੇ ਸਕੇ ਤੇ ਅਜਿਹੇ ਬੱਚੇ ਅਮਰੀਕਨਾਂ ਦੀ ਵੱਡੀ ਭੀੜ ਵਿਚ ਗੁੰਮ ਜਾਣ ਲਈ ਤਿਆਰ ਹਨ, ਭਾਵੇਂ ਜਾਤ ਅਤੇ ਰੰਗ ਦੇ ਵਿਤਕਰੇ ਨੂੰ ਵੀ ਸਹਿਣਾ ਪਵੇ।

ਹੁਣ ਸਵਾਲ ਇਹ ਉਠਦਾ ਹੈ ਕਿ ਉਹ ਪਰਵਾਸੀ ਪੰਜਾਬੀ ਜਿਨ੍ਹਾਂ ਦੇ ਦਿਲ ਅੰਦਰ ਪੰਜਾਬ ਦੀ ਧਰਤੀ ਨਾਲ ਮੋਹ ਅਜੇ ਜ਼ਿੰਦਾ ਹੈ ਅਤੇ ਆਪਣੀ ਮਾਂ-ਬੋਲੀ ‘ਤੇ ਫ਼ਖ਼ਰ ਮਹਿਸੂਸ ਕਰਦੇ ਹਨ, ਮਾਂ-ਬੋਲੀ ਨੂੰ ਜ਼ਿੰਦਾ ਰੱਖਣ ਲਈ ਕੀ ਕਰਨ? ਇਹ ਤਾਂ ਪੱਕੀ ਗੱਲ ਹੈ ਕਿ ਜੇ ਪਰਵਾਸੀ ਪੰਜਾਬੀ ਦੁਨੀਆ ਭਰ ਵਿਚ ਫ਼ਖ਼ਰ ਨਾਲ ਸਿਰ ਉੱਚਾ ਕਰ ਕੇ ਫਿਰ ਰਹੇ ਹਨ ਤਾਂ ਆਪਣੇ ਪਿਛੋਕੜ ਤੇ ਇਤਿਹਾਸ ਕਾਰਨ।

ਮਿਹਨਤੀ ਪੰਜਾਬੀ ਕਿਤੇ ਵੀ ਜਾ ਕੇ ਸਿਖਰਾਂ ‘ਤੇ ਪਹੁੰਚਣ ਦੀ ਹਿੰਮਤ ਰੱਖਦੇ ਹਨ। ਆਪਣੇ ਦੇਸ-ਪਿਆਰ, ਖ਼ਾਸਕਰ ਪੰਜਾਬ ਦੀ ਧਰਤੀ ਨਾਲ ਖਿੱਚ ਬਹੁਤ ਸਾਰੇ ਪਰਵਾਸੀਆਂ ਨੂੰ ਪੰਜਾਬ ਦੀ ਤਰੱਕੀ ਵਾਸਤੇ ਪੈਸਾ ਖ਼ਰਚਣ ਤੇ ਮਜਬੂਰ ਕਰ ਦਿੰਦੀ ਹੈ। ਅਮਰੀਕਨ ਭਾਸ਼ਾ-ਵਿਗਿਆਨੀਆਂ ਅਨੁਸਾਰ ਪੰਜਾਬੀ ਬੋਲੀ ਦਾ ਪਰਵਾਸੀ ਪੰਜਾਬੀਆਂ ਵਿਚ ਅਗਲੇ ਪੰਜਾਹ ਸਾਲਾਂ ਵਿਚ ਭੋਗ ਪੈ ਜਾਏਗਾ। ਪਰ ਮੈਨੂੰ ਡਰ ਹੈ ਕਿ ਜੋ ਹਾਲਾਤ ਪੰਜਾਬੀ ਬੋਲੀ ਦੇ ਪੰਜਾਬ ਵਿਚ ਹਨ, ਕਿਤੇ ਪੰਜਾਬ ਵਿਚ ਹੀ ਉਸ ਤੋਂ ਪਹਿਲਾਂ ਇਸ ਬੋਲੀ ਦੀ ਕਬਰ ਨਾ ਪੁੱਟੀ ਜਾਏ। ਜੇ ਪਰਵਾਸੀ ਪੰਜਾਬੀ ਕੁਝ ਹਿੰਮਤ ਕਰ ਸਕਣ ਤਾਂ ਇਸ ਤਰ੍ਹਾਂ ਆਪਣੀ ਮਾਂ-ਬੋਲੀ ਨੂੰ ਪਰਫੁੱਲਤ ਕਰ ਸਕਦੇ ਹਨ

1. ਪੰਜਾਬੀ ਫ਼ੌਂਟ ਦੇ ਕੰਪਿਊਟਰ ਪੰਜਾਬ ਦੇ ਬੈਂਕਾਂ ਤੇ ਹਰ ਵੱਡੀਆਂ ਕੰਪਨੀਆਂ ਵਿਚ ਰੱਖਣੇ ਲਾਜ਼ਮੀ ਕਰਵਾ ਦਿੱਤੇ ਜਾਣ, ਜਿਨ੍ਹਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਉਨ੍ਹਾਂ ਦਾ ਵਾਸਤਾ ਹੋਵੇ।

  1. ਮਾਂ-ਬੋਲੀ ਪੰਜਾਬੀ ਦੇ ਕਾਇਦੇ ਹਰ ਪਰਵਾਸੀ ਦੇ ਘਰ ਹੋਣੇ ਲਾਜ਼ਮੀ ਹਨ।
  2. ਬੱਚਿਆਂ ਲਈ ਵਧੀਆ ਸਾਹਿਤ ਘੜਨ ਲਈ ਉਤਸ਼ਾਹਿਤ ਕਰਨਾ ਜ਼ਰੂਰੀ ਹੈ ਤਾਂ ਜੋ ਬੱਚਾ ਕਿਤਾਬ ਪੜ੍ਹਨ ਲਈ ਮਾਂ-ਬੋਲੀ ਸਿੱਖਣ’ਤੇ ਮਜਬੂਰ ਹੋ ਜਾਵੇ।
  3. ਪੰਜਾਬੀ ਪੜ੍ਹਾਉਣ ਵਾਲੇ ਉਸਤਾਦ ਆਪਣੀ ਬੋਲੀ ਵਿਚ ਪੂਰੀ ਮੁਹਾਰਤ ਹਾਸਿਲ ਕਰਨ ਤੇ ਦਿਲ ਲਾਕੇ ਪੰਜਾਬੀ ਪੜ੍ਹਾਉਣ। ਇਸ ਵਾਸਤੇ ਜੇ ਪਰਵਾਸੀ ਮਹੀਨੇ ਦੇ ਪੰਜਾਹ ਡਾਲਰ ਵੀ ਪੰਜਾਬ ਵਿਚਲੇ ਪੰਜਾਬੀ ਦੇ ਮਾਹਿਰ ਉਸਤਾਦ ਲਈ ਭੇਜਣਾ ਸ਼ੁਰੂ ਕਰ ਦੇਣ ਤਾਂ ਪੰਜਾਬੀ ਜ਼ਬਾਨ ਦੇ ਕਈ ਉਪਾਸ਼ਕ ਪੈਦਾ ਹੋ ਜਾਣਗੇ ਤੇ ਮਰਦੀ ਜ਼ਬਾਨ ਵਿਚ ਜਾਨ ਪੈ ਜਾਵੇਗੀ। ਇਸ ਲਈ ਸੰਸਥਾ ਵੀ ਤਿਆਰ ਕੀਤੀ ਜਾ ਸਕਦੀ ਹੈ। ਇਸ ਨਾਲ ਗਲੀ ਗਲੀ ਖੁੱਲ੍ਹਦੇ ਅੰਗਰੇਜ਼ੀ ਮਾਧਿਅਮ ਦੇ ਪ੍ਰੀ-ਨਰਸਰੀ ਸਕੂਲਾਂ ਵਿਚ ਵੀ ਠਲ੍ਹ ਪੈ ਜਾਵੇਗੀ।
  4. ਜੇ ਈਸਾਈ ਧਰਮ ਦੇ ਸਾਹਿਤ ਦਾ ਤਰਜਮਾ ਪੰਜਾਬੀ ਵਿਚ ਹੋ ਸਕਦਾ ਹੈ ਤਾਂ ਆਪਣੇ ਧਰਮ ਦਾ ਤਰਜਮਾ ਅੰਗਰੇਜ਼ੀ ਵਿਚ ਕਰ ਕੇ ਅੰਗਰੇਜ਼ ਬੱਚਿਆਂ ਨੂੰ ਵੀ ਵੰਡਿਆ ਜਾ ਸਕਦਾ ਹੈ ਤਾਂ ਜੋ ਉਹ ਵੀ ਇਸ ਪਿਛੋਕੜ ਬਾਰੇ ਜਾਨਣ ਜਿਸ’ਤੇ ਪੰਜਾਬੀ ਫ਼ਖ਼ਰ ਕਰਦੇ ਹਨ।
  5. ਜੇ ਪਰਵਾਸੀ ਪੰਜਾਬੀ ਪਿੰਡਾਂ ਦੇ ਬਾਹਰ ਵੱਡੇ ਵੱਡੇ ਗੇਟ ਬਣਾਉਣ’ਤੇ ਖ਼ਰਚਾ ਕਰ ਸਕਦੇ ਹਨ ਤਾਂ ਆਪਣੇ ਪਿੰਡ ਵਿਚ ਵਧੀਆ ਸਕੂਲ ਕਿਉਂ ਨਹੀਂ ਖੋਲ੍ਹ ਸਕਦੇ, ਜਿਸ ਵਿਚ ਪਹਿਲੇ ਚਾਰ ਸਾਲ ਤਾਂ ਘੱਟੋ-ਘੱਟ ਮਾਂ-ਬੋਲੀ ਪੰਜਾਬੀ ਪੜ੍ਹਾਈ ਜਾ ਸਕੇ ਤੇ ਅੱਗੋਂ ਭਾਵੇਂ ਜਿੰਨੀਆਂ ਮਰਜ਼ੀ ਭਾਸ਼ਾਵਾਂ ਵਿਚ ਬੱਚਾ ਪਰਪੱਕ ਹੋ ਜਾਵੇ। ਇਹ ਬੱਚੇ ਦੀ ਵਧੀਆ ਮਾਨਸਿਕਤਾ ਲਈ ਜ਼ਰੂਰੀ ਹੈ। 7. ਕਿੱਤਾ ਮੁਹੱਈਆ ਕਰਵਾਉਣ ਵਾਲੀਆਂ ਸੰਸਥਾਵਾਂ ਵੀ ਖੋਲ੍ਹੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨਾਲ ਨੌਜਵਾਨ ਪੰਜਾਬੀਆਂ ਦੀ ਮਾਲੀ ਹਾਲਤ ਬਿਹਤਰ ਹੋ ਜਾਵੇਗੀ ਤੇ ਵਤਨੋਂ ਪਾਰ ਜਾਣ ਦੀ ਹੋੜ ਵੀ ਕੁਝ ਘਟੇਗੀ। 8. ਆਮ ਹੀ ਵੇਖਿਆ ਗਿਆ ਹੈ ਕਿ ਪਰਵਾਸੀ ਪੰਜਾਬੀ 50-60 ਲੱਖ ਇਕ ਟੂਰਨਾਮੈਂਟ ‘ਤੇ ਖ਼ਰਚ ਕਰ ਦਿੰਦੇ ਹਨ। ਜੇ ਇਸ ਦਾ ਦਸਵਾਂ ਹਿੱਸਾ ਵੀ ਪੰਜਾਬੀ ਜ਼ਬਾਨ ਨੂੰ ਪਰਫੁੱਲਤ ਕਰਨ ਵਿਚ ਲਗਾ ਦੇਣ ਤਾਂ ਪੰਜਾਬ ਦੀ ਨੁਹਾਰ ਹੀ ਬਦਲ ਜਾਵੇਗੀ।

ਵਧੀਆ ਸਾਹਿਤ ਦੀ ਘਾਟ ਹੀ ਪੰਜਾਬੀ ਜ਼ਬਾਨ ਨੂੰ ਹੇਠਾਂ ਵੱਲ ਧੱਕ ਰਹੀ ਹੈ ਤੇ ਨੌਜਵਾਨ ਪੀੜ੍ਹੀ ਇਸ ਜ਼ਬਾਨ ਨੂੰ ਕਿੱਤਾ ਮੁਹੱਈਆ ਕਰਵਾਉਣ ਤੋਂ ਅਸਮਰਥ ਸਮਝ ਕੇ ਇਸ ਨੂੰ ਨੀਵੀਂ ਸਮਝਦੇ ਹੋਏ ਇਸ ਤੋਂ ਪਰ੍ਹਾਂ ਵੱਲ ਖਿੱਚੀ ਜਾ ਰਹੀ ਹੈ। ਪੰਜਾਬੀ ਵਿਚ ਲਿਖੇ ਸਾਹਿਤ ਨੂੰ ਪ੍ਰੋਤਸਾਹਿਤ ਕਰਨ ਲਈ ਪਰਵਾਸੀ ਪੰਜਾਬੀ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਹਨ। ਹਰ ਪੰਜਾਬੀ ਲਈ, ਭਾਵੇਂ ਉਹ ਪੰਜਾਬ ਵਿਚ ਹੈ ਤੇ ਭਾਵੇਂ ਸੱਤ ਸਮੁੰਦਰ ਪਾਰ, ਇਹ ਗੱਲ ਯਾਦ ਰੱਖਣ ਵਾਲੀ ਹੈ:

ਸਾਡੀ ਜਾਤ ਏ ਪੰਜਾਬੀ, ਸਾਡੀ ਪਾਤ ਏ ਪੰਜਾਬੀ
ਸਾਨੂੰ ਲਾਡ ਲਡਾਉਣ ਵਾਲੀ ਮਾਤ ਏ ਪੰਜਾਬੀ
ਸਾਡਾ ਦੀਨ ਈਮਾਨ ਤੇ ਔਕਾਤ ਏ ਪੰਜਾਬੀ
ਕਿਤੇ ਭੁੱਲ ਨਾ ਜਾਇਓ ਪੰਜਾਬੀਓ!
ਗੁਰੂਆਂ ਤੇ ਪੀਰਾਂ ਵੱਲੋਂ ਮਿਲਾ ਸੌਗ਼ਾਤ ਏ ਪੰਜਾਬੀ।

 

Loading spinner