ਕਿੱਥੇ ਜਾ ਕੇ ਹੋਊ ਨਬੇੜਾ…. ਸਵਤੰਤਰ ਖੁਰਮੀ
ਦਸੰਬਰ 2010 ਵਿੱਚ ਸਵਿਟਜ਼ਰਲੈਂਡ ਦੀ ਸਰਕਾਰ ਨੇ ਸੈਕਸ ਸਬੰਧਾਂ ਨਾਲ ਜੁੜੇ ਜੁਰਮਾਂ ਅਤੇ ਸਜ਼ਾ ਨਿਰਧਾਰਿਤ ਕਰਨ ਲਈ ਸੋਧੇ ਹੋਏ ਕਾਨੂੰਨ ਦੀ ਰੂਪ ਰੇਖਾ ਤਿਆਰ ਕੀਤੀ ਹੈ ਜਿਸ ਵਿੱਚ ਪਰਵਾਰਿਕ ਜੀਆਂ ਦੇ ਆਪਸ ਵਿੱਚ ਅਨੈਤਿਕ ਸਰੀਰਕ ਸਬੰਧ ਸਥਾਪਿਤ ਕਰਨ ਵਰਗੇ ਕੁਕਰਮ ਨੂੰ ਕਾਨੂੰਨ ਦੀਆਂ ਨਜ਼ਰਾਂ ਵਿੱਚ ਜੁਰਮ ਵਜੋਂ ਛੋਟ ਦੇਣ ਦੀ ਸਲਾਹ ਦਿੱਤੀ ਗਈ ਹੈ। “ਵਰਜਤ ਭੋਗ ਨੂੰ ਕਾਨੂੰਨੀ ਮਾਨਤਾ” ਇਸ ਦਾ ਸਿੱਧਾ ਅਰਥ ਹੈ। ਉਥੋਂ ਦੀ ਗ੍ਰੀਨ ਪਾਰਟੀ ਦੇ ਮੈਂਬਰ ਪਾਰਲੀਮੈਂਟ ਡੇਨੀਅਲ ਵਿਸਰ ਨੇ ਸੁਝਾਇਆ ਹੈ ਕਿ ਦੇਸ਼ ਵਿੱਚ ਲਾਗੂ ਇਸ ਕਾਨੂੰਨ ਜਿਸ ਦੀ ਉਲੰਘਣਾ ਕਰਨ ਤੇ ਤਿੰਨਾਂ ਸਾਲਾਂ ਦੀ ਕੈਦ ਕੱਟਣੀ ਪੈਂਦੀ ਹੈ, ਨੂੰ ਭੰਗ ਕਰ ਦਿੱਤਾ ਜਾਵੇ। ਸਵਿੱਸ ਲੋਕਾਂ ਦੇ ਚੁਣੇ ਉਕਤ ਨੁਮਾਇੰਦੇ ਨੇ ਜੋ ਕਿ ਪੇਸ਼ੇ ਤੋਂ ਵਕੀਲ ਵੀ ਹੈ, ਸਬੂਤ ਵਜੋਂ ਇਹ ਦਲੀਲ ਵੀ ਦਿੱਤੀ ਹੈ ਕਿ ਦੇਸ਼ ਵਿੱਚ ਪਿਛਲੇ 26 ਸਾਲਾਂ ਦੌਰਾਨ ਇਸ ਕਾਨੂੰਨ ਦੀ ਉਲੰਘਣਾ ਦੇ ਕੇਵਲ ਤਿੰਨ ਮਾਮਲੇ ਹੀ ਸਾਹਮਣੇ ਆਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਹੀ ਪਰਿਵਾਰਕ ਜੀਆਂ ਨਾਲ ਸਰੀਰਕ ਸਬੰਧ ਬਣਾਉਣਾ ਜਾਂ ਬਣਾਉਣ ਲਈ ਸਹਿਮਤੀ ਦੇਣਾ ਨਿਰਾ ਇਖ਼ਲਾਕੀ ਦਾ ਸੁਆਲ ਹੈ ਅਤੇ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਦਖ਼ਲ-ਅੰਦਾਜੀ ਦੀ ਲੋੜ ਨਹੀਂ ਹੈ।
ਸਵਿੱਸ ਸਰਕਾਰ ਦੇ ਮੌਜੂਦਾ ਨਿਆਂ ਮੰਤਰੀ ਸਿਮੋਨੈਟਾ ਸੋਮਾਰੱਗਾ ਨੇ ਇਸ ਸੈਕਸ ਸਬੰਧੀ ਕਾਨੂੰਨ ਦੇ ਨਵੇਂ ਸੋਧੇ ਰੂਪ ਨੂੰ ਲਾਗੂ ਕਰਨ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ, ਪਰ ਇਸ ਘਟਨਾ ਦਾ ਚਰਚਾ ਜ਼ੋਰਾਂ ਸ਼ੋਰਾਂ ਤੇ ਹੈ। ਵਿਰੋਧੀ ਪਾਰਟੀ ਦੇ ਇੱਕ ਬੁਲਾਰੇ ਨੇ ਇਸ ਨਵੇਂ ਕਾਨੂੰਨ ਦੇ ਵਿਰੋਧ ਵਿੱਚ ਇਹ ਕਿਹਾ ਕਿ ਇਸ ਤਰ੍ਹਾਂ ਤਾਂ ਦੇਸ਼ ਵਿੱਚ ਕਤਲ ਦੇ ਕੇਸ ਵੀ ਬਹੁਤ ਘੱਟ ਹੁੰਦੇ ਹਨ ਪਰ ਕਿਸੇ ਨੇ ਉਸ ਕਾਨੂੰਨ ਵਿੱਚ ਜਾਂ ਇਸ ਸਬੰਧੀ ਧਾਰਾ ਦੇ ਖੰਡਨ ਬਾਰੇ ਤਾਂ ਕੋਈ ਸਲਾਹ ਨਹੀਂ ਦਿੱਤੀ ਹੈ।
ਵਰਜਤ ਭੋਗ ਦਾ ਸਿੱਧਾ ਅਰਥ ਇਹ ਹੈ ਕਿ ਨੇੜੇ ਦੇ ਰਿਸ਼ਤੇਦਾਰਾਂ ਨਾਲ ਸਰੀਰਕ ਸਬੰਧ ਬਣਾਉਣਾ। ਇਸ ਕੁਕਰਮ ਦੀ ਮਨਾਹੀ ਹੈ ਜਿਸ ਸਮਾਜ ਵਿੱਚ ਵੀ ਇਸ ਨਾਲ ਸਬੰਧਿਤ ਘਟਨਾਵਾਂ ਵਾਪਰਦੀਆਂ ਹਨ ਅਤੇ ਇਹ ਇੱਕ ਸਮਾਜਿਕ ਬੁਰਾਈ ਵੀ ਹੈ। ਇਸ ਤਰਾਂ ਦੀ ਸੈਕਸ ਕਿਰਿਆ ਜਾਂ ਸਬੰਧ ਪ੍ਰਤੀ ਨਜ਼ਰੀਆ ਉਥੋਂ ਦੀ ਸਭਿਅਤਾ ਜਾਂ ਸਬੰਧਿਤ ਖੇਤਰ ਦੇ ਕਾਨੂੰਨ ਮੁਤਾਬਿਕ ਜ਼ੁਰਮ ਜਾਂ ਸਮਾਜਿਕ ਬੁਰਾਈ ਮੰਨਿਆ ਜਾਂਦਾ ਹੈ। ਕੁਝ ਸਭਿਅਤਾਵਾਂ ਵਿੱਚ ਇੱਕੋ ਘਰ ਵਿੱਚ ਰਹਿਣ ਵਾਲੇ, ਇੱਕੋ ਜਾਤੀ, ਗੋਤ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਦਾ ਆਪਸ ਵਿੱਚ ਸਰੀਰਕ ਸਬੰਧ ਬਣਾਉਣਾ ਵਰਜਤ ਹੈ ਅਤੇ ਕੁਝ ਸਭਿਅਤਾਵਾਂ ਵਿੱਚ ਕੇਵਲ ਖ਼ੂਨ ਦਾ ਰਿਸ਼ਤਾ ਰੱਖਣ ਵਾਲਿਆਂ ਵਿੱਚ ਇਸ ਸਬੰਧ ਦੀ ਮਨਾਹੀ ਹੈ ਅਤੇ ਕਈਆਂ ਵਿੱਚ ਗੋਦ ਲਈ ਗਈ ਔਲਾਦ ਨਾਲ ਵੀ ਅਜਿਹੇ ਸਬੰਧ ਦੀ ਮਨਾਹੀ ਹੈ। ਪੱਛਮੀ ਸਭਿਅਤਾ ਵਿੱਚ ਪਿਛਲੇ ਕਈ ਸਾਲਾਂ ਤੋਂ ਪ੍ਰਾਪਤ ਤੱਥਾਂ ਮੁਤਾਬਿਕ ਪਿਤਾ-ਪੁਤਰੀ ਦੇ ਆਪਸੀ ਵਰਜਤ ਭੋਗ ਦੀ ਸ਼ਿਕਾਇਤ ਭੈਣ-ਭਰਾ ਦੇ ਵਰਜਤ ਭੋਗ ਦੀ ਸ਼ਿਕਾਇਤ ਨਾਲੋਂ ਘੱਟ ਵੇਖਣ ਨੂੰ ਮਿਲਦੀ ਹੈ। ਬਹੁਤੇ ਦੇਸ਼ਾਂ ਵਿੱਚ ਤਾਂ ਬਿਨਾਂ ਦੂਜੀ ਧਿਰ ਦੀ ਰਜ਼ਾਮੰਦੀ ਦੇ ਇਸ ਤਰ੍ਹਾਂ ਦੇ ਬਣਾਏ ਸਬੰਧ ਅਪਰਾਧਾਂ ਦੀ ਗਿਣਤੀ ਵਿੱਚ ਸ਼ਾਮਿਲ ਹਨ। ਪਰ ਗਵਾਹ ਦੀ ਕਮੀ ਕਾਰਨ ਇਹ ਅਪਰਾਧ ਸਾਬਤ ਨਹੀਂ ਹੁੰਦੇ ਇਸ ਲਈ ਕਈ ਵਾਰ ਅਪਰਾਧੀ ਇਸੇ ਆੜ ਵਿੱਚ ਬਚ ਵੀ ਜਾਂਦੇ ਹਨ (ਅਜਿਹੇ ਕੇਸਾਂ ਦੀ ਗਿਣਤੀ ਬਹੁਤ ਵੱਧ ਹੈ)।
ਉਦਾਹਰਣ ਵਜੋਂ ਇੱਕ ਤੱਥ ਮੁਤਾਬਿਕ 46 ਪ੍ਰਤੀਸ਼ਤ ਬੱਚੇ ਪਰਵਾਰਿਕ ਮੈਂਬਰਾਂ ਵੱਲੋਂ ਬਦਫੈਲੀ ਦਾ ਸ਼ਿਕਾਰ ਹੁੰਦੇ ਹਨ। ਅਮਰੀਕਾ ਦੇ 64 ਪ੍ਰਤੀਸ਼ਤ ਬਲਾਤਕਾਰ ਦਾ ਸ਼ਿਕਾਰ ਹੋਇਆਂ ਦੀ ਉਮਰ 18 ਸਾਲਾਂ ਤੋਂ ਘੱਟ ਦਰਜ਼ ਕੀਤੀ ਗਈ ਹੈ। ਹੋਰ ਤਾਂ ਹੋਰ 29 ਪ੍ਰਤੀਸ਼ਤ ਪ੍ਰਭਾਵਿਤ ਬੱਚਿਆਂ ਦੀ ਉਮਰ 11 ਸਾਲਾਂ ਤੋਂ ਵੀ ਘੱਟ ਹੈ। 11 ਪ੍ਰਤੀਸ਼ਤ ਬੱਚੇ ਤਾਂ ਸਕੇ- ਪਿਤਾ ਜਾਂ ਮਤ੍ਰੇਏ ਪਿਤਾ ਅਤੇ 16 ਪ੍ਰਤੀਸ਼ਤ ਹੋਰ ਨੇੜੇ ਦੇ ਰਿਸ਼ਤੇਦਾਰਾਂ ਦੀ ਬਦਫੈਲੀ ਦੀ ਸ਼ਿਕਾਰ ਹੋਏ ਹਨ। ਇਨ੍ਹਾਂ ਵਾਰਦਾਤਾਂ ਪਿੱਛੇ ਘਰੇਲੂ ਹਾਲਾਤ, ਕਲੇਸ਼, ਘ੍ਰਿਣਾ, ਨਸ਼ਾ ਜਾ ਬਦਲਾ ਲਓ ਸੁਭਾਅ ਜਿੰਮੇਵਾਰ ਰਹੇ ਹਨ। ਇਹ ਤਾਂ ਇੱਕੋ ਪਹਿਲੂ ਹੈ ਕਿ ਅਜਿਹੇ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਤਾਂ ਮਿਲ ਜਾਂਦੀ ਹੈ ਪਰ ਦੂਜੇ ਪਾਸੇ ਇਸ ਵਾਰਦਾਤ ਦੇ ਸ਼ਿਕਾਰ ਹੋਏ ਇਨਸਾਨ ਦਾ ਸਾਰਾ ਜੀਵਨ ਇਸ ਘਟਨਾ ਤੋਂ ਪ੍ਰਭਾਵਿਤ ਰਹਿੰਦਾ ਹੈ, ਉਸ ਦੀ ਜ਼ਿੰਦਗੀ ਖੁਸ਼ਨੁਮਾ ਨਹੀਂ ਰਹਿ ਸਕਦੀ।
ਸਵਿਟਜ਼ਰਲੈਂਡ ਦੇ ਇਸ ਨਵੇਂ ਕਾਨੂੰਨ ਮੁਤਾਬਿਕ ਇੱਕ ਪਰਿਵਾਰ ਦੇ ਕੋਈ ਦੋ ਇਨਸਾਨ ਜੋ ਕਿ ਯੁਵਾ-ਅਵਸਥਾ ਵਿੱਚ ਹੋਣ ਫਿਰ ਭਾਵੇਂ ਉਹ ਪਿਤਾ-ਪੁਤਰੀ ਜਾਂ ਉਨ੍ਹਾਂ ਦਾ ਆਪਸੀ ਰਿਸ਼ਤਾ ਭੈਣ-ਭਰਾ ਦਾ ਹੋਵੇ ਆਪਸੀ ਰਜ਼ਾਮੰਦੀ ਨਾਲ ਸਰੀਰਕ ਸਬੰਧ ਬਣਾ ਸਕਦੇ ਹਨ। ਅਜਿਹੀ ਖ਼ਬਰ ਪੜ੍ਹਨ ਉਪਰੰਤ ਇਕ ਜਿੰਮੇਵਾਰ ਇਨਸਾਨ ਘੱਟੋ-ਘੱਟ ਆਪਣੇ ਇਨਸਾਨ ਹੋਣ ਤੇ ਤਾਂ ਗਰਵ ਨਹੀਂ ਕਰ ਸਕਦਾ। ਕੁਝ ਲੋਕ ਇਸ ਨੂੰ ਪਸ਼ੂ-ਬਿਰਤੀ ਦਾ ਨਾਂ ਵੀ ਦੇ ਦਿੰਦੇ ਹਨ। ਪਰ ਜਾਨਵਰਾਂ ਵਿੱਚ ਵੀ ਅਜਿਹਾ ਨਹੀਂ ਹੁੰਦਾ (ਤੱਥ ਤਾਂ ਮੌਜੂਦ ਨਹੀਂ ਪਰ ਕੁਝ ਸਾਲ ਪਹਿਲੋਂ ਬੀ.ਬੀ.ਸੀ. ਲੰਡਨ ਦੇ ਇੱਕ ਚਰਚਾ ਸ਼ੋਅ ਵਿੱਚ ਇਸ ਬਾਰੇ ਜਿਕਰ ਆ ਚੁੱਕਾ ਹੈ।)
ਅਸੀਂ ਅੱਜ ਨੈਤਿਕਤਾ ਦੇ ਕੋਰਸ ਨੂੰ ਕਿੱਤਾ-ਮੁਖੀ ਕੋਰਸਾਂ ਵਿੱਚ ਇਕ ਜ਼ਰੂਰੀ ਵਿਸ਼ੇ (ਪੀ.ਟੀ.ਯੂ.ਜਲੰਧਰ ਅਤੇ ਹੋਰ ਅਦਾਰਿਆਂ ਵਿੱਚ ਹਿਊਮਨ ਵੈਲਯੂਜ਼ ਐਂਡ ਐਥਿਕਸ ਇਨ ਟੈਕਨੀਕਲ ਐਜ਼ੂਕੇਸ਼ਨ) ਵਜੋਂ ਲਾਗੂ ਕਰਨ ਜਾ ਰਹੇ ਹਾਂ। ਜਿਸ ਵਿੱਚ ਸਰਿਸ਼ਟੀ ਦੀ ਸੁੰਦਰਤਾ ਬਰਕਰਾਰ ਰੱਖਣ ਲਈ ਅਸੀਂ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਜਿਨ੍ਹਾਂ ਨੂੰ ਭੁੱਲਦੇ ਜਾ ਰਹੇ ਸਾਂ, ਨੂੰ ਯਾਦ ਕਰਵਾਉਣ ਦੀ ਪੂਰੇ ਜੋਸ਼ ਨਾਲ ਕੋਸ਼ਿਸ਼ ਕਰਨ ਵਿੱਚ ਲੱਗੇ ਹੋਏ ਹਾਂ।
ਫਿਰ ਇਹ ਕੌਣ ਲੋਕ ਹਨ ਜੋ ਸਾਨੂੰ ਨਰਕ ਵੱਲ ਘੜੀਸਦੇ ਲਿਜਾ ਰਹੇ ਹਨ ਜਾਂ ਇਸ ਦੀ ਕੋਸ਼ਿਸ਼ ਕਰ ਰਹੇ ਹਨ। ਭਾਵੇਂ ਸਵਿਟਜ਼ਰਲੈਂਡ ਵਿੱਚ ਇਸ ਕਾਨੂੰਨ ਦੀ ਸੋਧ ਲਾਗੂ ਹੋਣ ਨਾਲ ਹਿੰਦੁਸਤਾਨ ਦੀ ਸਭਿਅਤਾ ਤੇ ਕੋਈ ਅਸਰ ਅਜੇ ਨਹੀਂ ਹੁੰਦਾ ਪਰ ਮਾੜਾ ਮੋਟਾ ਸੇਕ ਤਾਂ ਲਗਦਾ ਹੀ ਹੈ। ਅਤੇ ਜਿਵੇਂ ਅਸੀਂ ਲਿਵ-ਇਨ ਰਿਲੇਸ਼ਨਸ਼ਿਪ (ਵਿਆਹ ਕੀਤੇ ਬਗ਼ੈਰ ਇੱਕ ਜੋੜੇ ਦਾ ਇਕੱਠੇ ਰਹਿਣਾ) ਵਰਗੇ ਕਾਨੂੰਨ ਨੂੰ ਮਾਨਤਾ ਦਿੱਤੀ ਹੈ ਹੋ ਸਕਦੈ ਕਿ ਇਸ ਤਰਾਂ ਦਾ ਕਾਨੂੰਨ ਵੀ ਕਦੇ ਨਾ ਕਦੇ ਪਾਸ ਹੋ ਹੀ ਜਾਵੇ। ਅੱਜ ਇਸ ਕਾਨੂੰਨ ਦੀ ਹਿਮਾਇਤ ਕਰਨ ਵਾਲੇ ਲੋਕਾਂ ਦੀ ਨੈਤਿਕ ਗਿਰਾਵਟ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ, ਅਸਲ ਵਿੱਚ ਅਜਿਹੇ ਲੋਕ ਬਹੁਤ ਗੰਭੀਰ ਬੀਮਾਰੀ ਤੋਂ ਗ੍ਰਸਤ ਹਨ ਜਿਸ ਦਾ ਇਲਾਜ ਕਿਸੇ ਹਸਪਤਾਲ ਕੋਲ ਨਹੀਂ ਹੈ। ਜਾਂ ਫਿਰ ਇੰਝ ਕਹਿ ਲਈਏ ਕਿ ਇਨ੍ਹਾਂ ਲੋਕਾਂ ਦੇ ਆਪਣੇ ਪਾਲਨ-ਪੋਸ਼ਨ ਵਿੱਚ ਹੀ ਨੁਕਸ ਰਹਿ ਗਿਆ ਸੀ ਜੋ ਇਨ੍ਹਾਂ ਦੀ ਸੋਚ ਇੰਨੀ ਮਾੜੀ ਹੈ। ਕੀ ਅਜਿਹੇ ਲੋਕ ਨਰਕਾਂ ਦੇ ਭਾਗੀ ਨਾ ਬਣਨਗੇ?
ਅਜਿਹੀ ਮਾਨਤਾ ਰੱਖਣ ਵਾਲਿਆਂ ਦੇ ਫਿਟੇ-ਮੂੰਹ!
ਜੇਕਰ ਵਿਸ਼ਵ ਵਿੱਚ ਕਿਧਰੇ ਕੁਝ ਵੀ ਅਜਿਹਾ ਹੁੰਦਾ ਹੈ ਤਾਂ ਦੂਰ-ਦੁਰਾਡੇ ਰਹਿਣ ਵਾਲਾ ਵਿਅਕਤੀ ਪ੍ਰਭਾਵਿਤ ਤਾਂ ਹੋ ਹੀ ਜਾਂਦਾ ਹੈ। ਪਤਰਕਾਰਿਤਾ ਦੇ ਪੇਸ਼ੇ ਨਾਲ ਸਬੰਧਿਤ ਵਿਅਕਤੀ ਕੀ ਕਰਨ, ਬਹੁਤ ਦੁਬਿਧਾ ਵਿੱਚ ਪੈ ਜਾਂਦੇ ਹਨ, ਕਿ ਇਸ ਸਮਾਚਾਰ ਨੂੰ ਪਾਠਕਾਂ ਤੱਕ ਕਿਵੇਂ ਪੁੱਜਦਾ ਕੀਤਾ ਜਾਵੇ। ਕੁਝ ਗ਼ੈਰ-ਜਿੰਮੇਵਾਰ (ਮੌਸਮੀ) ਲੋਕ ਇਸ ਨੂੰ ਮਸਾਲਾ ਲਗਾ ਕੇ ਛਾਪ ਦੇਣਗੇ ਜਿਸ ਨੂੰ ਘਟੀਆ ਮਾਨਸਿਕਤਾ ਵਾਲੇ ਲੋਕ ਚਟਖ਼ਾਰੇ ਲੈ ਕੇ ਪੜ੍ਹਨਗੇ। ਕੁਝ ਧਰਮ, ਇਨਸਾਨੀਅਤ, ਨੈਤਿਕਤਾ ਦੀ ਦੁਹਾਈ ਦੇ ਕੇ ਨਕਾਰ ਦੇਣਗੇ ਅਤੇ ਕੁਝ ਵਿਚਾਰੇ ਸ਼ਰਮ ਦੇ ਮਾਰੇ ਸਮਾਚਾਰ ਛਪਣ ਲਈ ਨਹੀਂ ਭੇਜਣਗੇ। ਜੇਕਰ ਅਸੀਂ ਆਪਣੇ ਆਲੇ-ਦੁਆਲੇ ਹੋ ਰਹੀ ਹਲਚਲ ਤੋਂ ਅੱਖਾਂ ਫੇਰ ਲੈਂਦੇ ਹਾਂ ਤਾਂ ਕੀ ਅਸੀਂ ਇਸ ਦੇ ਹੋਣ ਵਾਲੇ ਅਸਰ ਤੋਂ ਬਚ ਜਾਵਾਂਗੇ ਇਸ ਦੀ ਕੋਈ ਗਾਰਂਟੀ ਨਹੀਂ। ਕੀ ਨੈਤਿਕ ਹੈ ਅਤੇ ਕੀ ਅਨੈਤਿਕ, ਸਵਿੱਸ ਵਿੱਚ ਸਰੀਰਕ ਸਬੰਧਾਂ ਦੇ ਕਾਨੂੰਨ, ਇਨ੍ਹਾਂ ਸਬੰਧਾਂ ਦੇ ਨਤੀਜੇ ਦਾ ਇਤਿਹਾਸਿਕ, ਵਿਗਿਆਨਿਕ ਅਤੇ ਇਸ ਦੇ ਧਾਰਮਿਕ ਦ੍ਰਿਸ਼ਟੀਕੋਣ ਜਾਣਨਾ ਵੀ ਬਹੁਤ ਜ਼ਰੂਰੀ ਹੈ।
ਵਰਜਤ ਭੋਗ ਦੀ ਹਰ ਧਰਮ ਅਤੇ ਹਰ ਸਭਿਅਤਾ ਵਿੱਚ ਮਨਾਹੀ ਹੈ। ਕਾਨੂੰਨੀ ਨੁਕਤਿਆਂ ਵਿੱਚ ਵਰਜਤ ਸ਼ਬਦ ਵਰਤਣ ਦਾ ਪਹਿਲੀ ਵਾਰ ਜ਼ਿਕਰ 1225 ਵਿੱਚ ਮਿਡਲ ਇੰਗਲਿਸ਼ ਕਿਤਾਬ ਵਿੱਚ ਕੀਤਾ ਗਿਆ। ਵਿਲਿਅਮ ਕਲਾਰਕ ਦੀ 1954 ਵਿੱਚ ਲਿਖੀ ਕਿਤਾਬ ਟਰਾਇਲ ਆਫ਼ ਬਾਸਟਾਰਡ ਵਿੱਚ ਮਰਦ ਵੱਲੋਂ ਵਰਜਤ ਵਿਆਹ ਬਾਰੇ ਬਕਾਇਦਾ ਚਾਰਟ ਬਣਾ ਕੇ ਦੱਸਿਆ ਗਿਆ ਹੈ।
ਸਭ ਤੋਂ ਪੁਰਾਣੀ ਮਿਸਾਲ ਐਡੀਪਸ ਦੀ ਧਿਆਨ ਵਿੱਚ ਆਉਂਦੀ ਹੈ ਜਿਸ ਨੂੰ ਕਿ ਕਿਸਮਤ ਦੀ ਮਾਰ ਕਰਕੇ ਆਪਣੀ ਮਾਂ ਨਾਲ ਵਿਆਹ ਕੀਤਾ ਗਿਆ। ਇਸ ਕੁਕਰਮ ਦੀ ਸਜਾ ਐਡੀਪਸ ਨੇ ਭੁਗਤੀ, ਉਸਨੇ ਅੰਨ੍ਹਾਪਣ ਸਵੀਕਾਰ ਕੀਤਾ ਅਤੇ ਐਂਟੀਗੋਨ ਕਹਾਣੀ ਮੁਤਾਬਕ ਇਨ੍ਹਾਂ ਦੇ ਇਸ ਕੁਕਰਮ ਕਾਰਨ ਐਡੀਪਸ ਦੇ ਚਾਰਾਂ ਬੱਚਿਆਂ ਨੂੰ ਸਜ਼ਾ ਮਿਲੀ। ਮਿਸਰ ਅਤੇ ਰੋਮ ਦੇ ਰਾਜ ਦੌਰਾਨ ਇੱਕੋ ਮਾਂ-ਬਾਪ ਦੇ ਬੱਚਿਆਂ ਵਿੱਚ ਵਿਆਹ ਜਿਨ੍ਹਾਂ ਵਿੱਚੋਂ ਕਈ ਤਾਂ ਰਾਜਸੀ ਘਰਾਣਿਆਂ ਦੀਆਂ ਹੀ ਉਦਾਹਰਣਾਂ ਹਨ। ਕਲੀਉਪੈਟਰਾ VII ਦਾ ਵਿਆਹ ਆਪਣੇ ਛੋਟੇ ਭਰਾ ਪਤੋਲਮੀ XIII ਨਾਲ ਹੋਇਆ ਸੀ। ਉਸਦੀ ਮਾਤਾ ਅਤੇ ਪਿਤਾ ਕਲੀਉਪੈਟਰਾ V ਅਤੇ ਪਤੋਲਮੀ XII ਵੀ ਆਪਸ ਵਿੱਚ ਭੈਣ-ਭਰਾ ਸਨ। ਪੁਰਾਤਨ ਯੂਨਾਨ ਵਿੱਚ ਰਾਜਾ ਸਪਾਰਤਨ ਲਿਉਨਿਡਾਸ I ਦਾ ਵਿਆਹ ਆਪਣੀ ਭਤੀਜੀ ਗੋਰਗੋ ਨਾਲ ਹੋਇਆ ਸੀ ਜੋ ਕਿ ਉਸ ਦੇ ਮਤ੍ਰੇਏ ਭਰਾ ਕਲੀਉਮੈਨਸ I ਦੀ ਪੁਤਰੀ ਸੀ। ਰੋਮਨ ਰਾਜ ਵਿੱਚ ਵਰਜਤ ਭੋਗ ਦੀ ਮਨਾਹੀ ਦੇ ਬਾਵਜੂਦ ਰੋਮਨ ਸਮਰਾਟ ਕੇਲੀਗੁਆ ਬਾਰੇ ਇਹ ਚਰਚਿਤ ਰਿਹਾ ਹੈ ਕਿ ਉਸ ਦੇ ਆਪਣੀਆਂ ਤਿੰਨਾਂ ਭੈਣਾਂ ਜੁਲੀਆ ਲੀਵੀਲਾ, ਦਰੂਸਿਲਾ ਅਤੇ ਅਗ੍ਰਿਪਿੰਨਾ ਨਾਲ ਸਰੀਰਕ ਸਬੰਧ ਸਨ। ਸਮਰਾਟ ਕਲਾਉਡੀਅਸ ਨੇ ਆਪਣੀ ਪਤਨੀ ਨੂੰ ਫਾਂਸੀ ਦੇਣ ਕਾਨੂੰਨ ਵਿੱਚ ਤਰਮੀਮ ਕਰਨ ਉਪਰੰਤ ਆਪਣੀ ਭਤੀਜੀ ਅਗ੍ਰਿਪਿੰਨਾ ਨਾਲ ਵਿਆਹ ਕੀਤਾ। ਇਸ ਕੁਕਰਮ ਲਈ ਕਿਹੋ ਜਿਹੇ ਕਾਰਣ ਰਹੇ ਹੋਣਗੇ ਇਸ ਬਾਰੇ ਕਿਤੇ ਕੋਈ ਸੂਚਨਾ ਦਰਜ਼ ਨਹੀਂ ਹੈ। ਹੋ ਸਕਦਾ ਹੈ ਕਿ ਅੱਜ ਦੁਬਾਰਾ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਹਮਾਇਤ ਕਰਨ ਵਾਲੇ ਸ਼ਾਇਦ ਲੋਕ ਅਜਿਹੀ ਮਾਨਸਿਕ ਬਿਰਤੀ ਵਾਲਿਆਂ ਦੀ ਔਲਾਦ ਹੀ ਹੋਣਗੇ।
ਵਿਗਿਆਨਕ ਦ੍ਰਿਸ਼ਟੀਕੋਣ ਮੁਤਾਬਕ ਇੱਕੋ ਮਾਂ-ਬਾਪ ਦੀ ਔਲਾਦ ਜਾਂ ਦਾਦਕਿਆਂ/ਨਾਨਕਿਆਂ ਵਿੱਚ ਵਿਵਾਹਿਕ ਸਬੰਧ ਬਣਾਉਣ ਨਾਲ ਜੀਨ ਡਿਫੈਕਟ (ਸਿਹਤ ਸਬੰਧੀ ਨਾਂ ਠੀਕ ਕੀਤੇ ਜਾ ਸਕਣ ਵਾਲੇ ਨੁਕਸ) ਪਾਏ ਜਾਂਦੇ ਹਨ। ਬਹੁਤੀ ਵਾਰ ਔਲਾਦ ਸਤਮਾਹੀ ਪੈਦਾ ਹੁੰਦੀ ਹੈ ਜਾਂ ਜਨਮ ਤੋਂ ਪਹਿਲੋਂ ਮਰ ਚੁੱਕੀ ਹੁੰਦੀ ਹੈ। ਭੈਣ-ਭਰਾ ਜਾਂ ਪਿਤਾ-ਪੁਤਰੀ ਦੇ ਸਰੀਰਕ ਸਬੰਧ ਤੋਂ ਪੈਦਾ ਹੋਈ ਔਲਾਦ ਦੇ ਸਰਵੇਖਣ ਵਿੱਚ 21 ਕੇਸਾਂ ਵਿੱਚੋਂ 12 ਬੱਚਾ ਤੰਦਰੁਸਤ ਪੈਦਾ ਨਹੀਂ ਹੋਏ ਅਤੇ 9 ਬੱਚਿਆਂ ਵਿੱਚ ਭਿਆਨਕ ਰੋਗ ਪਾਏ ਗਏ। ਫਿਰ ਸਵਾਲ ਇਹ ਉੱਠਦਾ ਹੈ ਕਿ ਕਿਹੋ ਜਿਹਾ ਸਮਾਜ ਸਿਰਜਿਆ ਜਾ ਰਿਹਾ ਹੈ ਇਹ ? ਕੀ ਤਮਾਸ਼ਾ ਵੇਖਣਾ ਚਾਹੁੰਦੇ ਹਨ ਅਜਿਹੇ ਲੋਕ?
ਧਾਰਮਿਕ ਦ੍ਰਿਸ਼ਟੀਕੋਣ ਮੁਤਾਬਕ ਯਹੂਦੀ ਧਰਮ ਵਿੱਚ ਦਾਦੇ/ਨਾਨੇ, ਪੋਤਰੇ(ਰੀ)/ਦੋਹਤਰੇ(ਰੀ), ਭਤੀਜੇ(ਜੀ) ਅਤੇ ਪਤੀ(ਪਤਨੀ) ਦੇ ਰਿਸ਼ਤੇਦਾਰਾਂ ਨਾਲ ਸਰੀਰਕ ਸਬੰਧ ਜਾਂ ਔਲਾਦ ਪੈਦਾ ਕਰਨਾ ਵਰਜਤ ਹੈ। ਈਸਾਈ ਧਰਮ ਵਿੱਚ ਵੀ ਇਸੇ ਤਰ੍ਹਾਂ ਦੇ ਸਬੰਧਾਂ ਨੂੰ ਵਰਜਤ ਕਰਾਰ ਦਿੱਤਾ ਗਿਆ ਹੈ। ਇਸਲਾਮ ਧਰਮ ਮਾਂ, ਮਤ੍ਰੇਈ ਮਾਂ, ਮਤ੍ਰੇਈ ਭੈਣ, ਭੂਆ, ਸੱਸ ਅਤੇ ਇੱਕੋ ਮਾਂ ਦੇ ਦੁੱਧ ਪੀਤੀ ਔਲਾਦ ਨੂੰ ਆਪਸ ਵਿੱਚ ਵਿਆਹ ਕਰਨ ਦੀ ਮਨਾਹੀ ਹੈ। ਹਿੰਦੂ ਧਰਮ ਸ਼ਾਇਦ ਭਵਿੱਖ ਵਿੱਚ ਹੋਣ ਵਾਲੇ ਖ਼ਤਰਿਆਂ ਤੋਂ ਡਰਦੇ ਹੋਏ ਨਿਯਮ ਹੋਰ ਵੀ ਸਖ਼ਤ ਬਣਾਏ ਹੋਏ ਹਨ। ਇਸ ਵਿੱਚ ਚਾਚੇ-ਤਾਏ ਦੇ ਬੱਚਿਆਂ ਤੋਂ ਇਲਾਵਾ ਇੱਕੋ ਗੋਤ (ਦਾਦੇ-ਨਾਨੇ ਤੱਕ ਦੇ) ਅਤੇ ਪਰਿਵਾਰ ਵਿੱਚ ਸਰੀਰਕ ਸਬੰਧ ਬਣਾਉਣ ਦੀ ਮਨਾਹੀ ਹੈ।
ਇਨ੍ਹਾਂ ਤੱਥਾਂ ਅਤੇ ਨੈਤਿਕਤਾ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਭਿਅਤਾ, ਕੁਦਰਤ ਅਤੇ ਸੁੰਦਰ ਸ੍ਰਿਸ਼ਟੀ ਨੂੰ ਹੋਰ ਮਿਆਰੀ ਬਣਾਏ ਰੱਖਣ ਲਈ ਅਸੀਂ ਇੱਕ ਆਵਾਜ਼ ਹੋਕੇ ਤੰਦਰੁਸਤ ਇਨਸਾਨ ਜਾਤੀ ਅਤੇ ਹਿੰਦੁਸਤਾਨ ਦੀ ਸਭਿਅਤਾ ਦੀ ਮਿਸਾਲ ਦੇ ਕੇ ਵਰਜਤ ਸਰੀਰਕ ਸਬੰਧਾਂ ਦੇ ਕਾਨੂੰਨ ਦੀ ਨਿਖੇਧੀ ਕਰੀਏ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਮਾਹੌਲ ਵਿੱਚ ਜ਼ਿੰਦਗੀ ਜਿਉਣ ਦੀ ਸੇਧ ਦੇਈਏ।
ਡਾ. ਸਵਤੰਤਰ ਖੁਰਮੀ sawtantar@gmail.com
ਮੈਂ ਵਿੱਚ ਤੂੰ……. ਇਕ ਕਿਤਾਬ