ਮੇਰੇ ਪਿੰਡ ਦਾ ਜੀਵਨ ਗਿਆਨੀ ਗੁਰਦਿੱਤ ਸਿੰਘ
ਆਰੰਭਕ ਸ਼ਬਦ
ਸੰਨ 1960 ਵਿਚ ਲੇਖਕ ਦੀ ਇਕ ਪੁਸਤਕ ਛਪੀ ਸੀ, ਮੇਰਾ ਪਿੰਡ । ਇਸ ਪੁਸਤਕ ਵਿਚ ਪੰਜਾਬ ਦੇ ਲੋਕ ਜੀਵਨ ਦੇ ਕਈ ਪੱਖਾਂ ਨੂੰ ਚਿਤ੍ਰਿਆ ਗਿਆ ਸੀ। ਪੁਸਤਕ ਲਿਖਣ ਸ਼ੈਲੀ ਤੇ ਵਸਤੂ ਨੂੰ ਪੰਜਾਬ ਦੇ ਲੇਖਕਾਂ ਤੇ ਦਾਨਿਆਂ ਵਲੋਂ ਪ੍ਰਵਾਨ ਕੀਤਾ ਗਿਆ। ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੇ ਇਸ ਪੁਸਤਕ ਨੂੰ ਰੱਜ ਕੇ ਸਲਾਹਿਆ, ਵੱਡੇ ਲੇਖਕਾਂ ਵਲੋਂ ਰਜਵੀਂ ਪ੍ਰਸ਼ੰਸਾਂ ਪ੍ਰਾਪਤ ਹੋਈ। ਇਸ ਉਤਸ਼ਾਹ ਤੋਂ ਮੇਰੇ ਅੰਦਰ ਖਿਆਲ ਪੱਕੇ ਹੋਏ ਕਿ ਪੰਜਾਬ ਦੇ ਲੋਕ-ਜੀਵਨ ਉਪਰ ਜਿੰਨਾਂ ਕੁਝ ਹੱਥ ਲਗਦਾ ਹੈ, ਸੰਭਾਲ ਲਿਆ ਜਾਵੇ, ਤਿੰਨ ਚਾਰ ਪੁਸਤਕਾਂ ਏਸ ਕਿਸਮ ਦੀਆਂ ਲਿਖਣ ਦੀ ਵਿਉਂਤ ਬਣਾਈ ਗਈ, ਜਿਨ੍ਹਾਂ ਵਿਚ ਬੀਤੇ ਅਤੇ ਬੀਤ ਰਹੇ ਸਮਕਾਲੀ ਪੰਜਾਬ ਦੀਆਂ ਜੀਵਨ ਝਾਕੀਆਂ ਚਿੱਤ੍ਰ ਕੀਤੀਆਂ ਗਈਆਂ, ਪਰ ਇਹ ਤਿੰਨ ਚਾਰ ਏਸੇ ਰੰਗ ਦੀਆਂ ਪੁਸਤਕਾਂ ਹਾਲਾਂ ਤਕ ਅਧੂਰੀਆਂ ਹੀ ਪਈਆਂ ਹਨ। ਸੰਨ 1967 ਵਿਚ ਇਹ ਖਰੜਾ ਯੂਨੈਸਕੋ ਦੇ ਇਕ ਉਚੇਚੇ ਇਨਾਮੀ ਟਾਕਰੇ ਲਈ ਭੇਜਿਆ ਗਿਆ, ਜਿਥੋਂ ਪਹਿਲੇ ਦਰਜ਼ੇ ਦੀ ਇਨਾਮੀ ਵਾਰਤਕ ਮੰਨੀ ਗਈ। 1800 ਰੁਪਏ ਦਾ ਇਨਾਮ ਸੀ, ਏਨੀਆਂ ਕੁ ਪੁਸਤਕਾਂ ਹੀ ਯੂਨੈਸਕੋ ਵਲੋਂ ਖਰੀਦੀਆਂ ਗਈਆਂ। ਇਹ ਪ੍ਰਸੰਨਤਾ ਦੀ ਗੱਲ ਹੈ, ਪੰਜਾਬੀ ਜੀਵਨ ਤੇ ਸਭਿਆਚਾਰ ਬਾਰੇ ਸਮੱਗਰੀ ਨੂੰ ਹੁਣ ਲੋੜੀਂਦਾ ਸਮਝਿਆ ਜਾਣ ਲੱਗ ਪਿਆ ਹੈ, ਏਧਰ ਉਧਰ ਹੋਈਆਂ ਗੱਲਾਂ ਨੂੰ ਲੱਭ ਲੱਭ ਕੇ, ਉਨ੍ਹਾਂ ਦੀ ਸੰਭਾਲ ਤੇ ਜੜਤ ਕਰਨ ਦੀ ਰੁਚੀ ਪੰਜਾਬੀ ਪਿਆਰਿਆਂ ਵਿਚ ਪਰਫੁੱਲਤ ਹੋ ਰਹੀ ਹੈ।
ਗੁਰਦਿੱਤ ਸਿੰਘ ਗਿਆਨੀ
ਮੇਰੇ ਪਿੰਡ ਦਾ ਮੂੰਹ ਮੱਥਾ
ਗਿਆਨੀ ਗੁਰਦਿੱਤ ਸਿੰਘ
ਮੇਰੇ ਪਿੰਡ ਦਾ ਨਾਂ ਹੈ ਮਿੱਠੇ ਵਾਲ। ਕਹਿੰਦੇ ਇਹ ਨਾਂ ਇਸ ਕਰਕੇ ਪਿਆ ਸੀ ਕਿ ਸਾਡਾ ਪਿੰਡ ਅਕਬਰ ਦੇ ਸਮੇਂ ਪ੍ਰਗਣਾ ਦੀਨਾ ਕਾਂਗੜ ਦੇ ਇਕ ਮੁਖੀ ਚੌਧਰੀ, ਮਹਿਰ ਮਿੱਠੇ ਨੇ ਬੰਨ੍ਹਿਆ ਸੀ। ਪਹਾੜਾਂ ਜੇਡੇ ਉੱਚੇ ਰੇਤ ਦੇ ਟਿੱਬਿਆਂ ਅਤੇ ਚੀਲ੍ਹਾਂ ਜੇਡੇ ਲੰਮੇ ਲੰਝੇ ਜ਼ੌਰੀ ਸ਼ੂਕਰਾਂ ਪਾਂਦੇ ਸਰਕੜੇ ਦੇ ਸੰਘਣੇ ਜੰਗਲਾਂ ਵਿਚਾਲੇ, ਪਲ੍ਹੋਂ ਵਾਲੀ ਕਾਲੀ ਮਿੱਟੀ ਨਾਲ ਲਿੰਬੇ ਹੋਏ ਕੱਚਿਆਂ ਕੋਠਿਆਂ ਵਾਲਾ ਇਕ ਟਾਪੂ ਜਿਹਾ ਹੈ ਮੇਰਾ ਪਿੰਡ, ਜਿਹੜਾ ਆਪਣੇ ਨਾਂ ਨਾਲੋਂ ਵੀ ਵੱਧ ਮਿੱਠੇ ਸੁਆਦ ਆਪਣੀਆਂ ਯਾਦਾਂ ਵਿਚ ਸਮਾਈ ਬੈਠਾ ਹੈ।
ਕੱਚਿਆਂ ਕੋਠਿਆਂ ਵਿਚ ਪੰਜ ਸੱਤ ਕਲੀ ਕੀਤੇ ਲਿਸ਼ਕਦੇ ਬਨੇਰੇ ਚੰਗਾ ਘਰ ਬਣਾ ਤੇ ਪਹਿਨ ਪੱਚਰ ਕੇ ਜ਼ਿੰਦਗੀ ਲੰਘਾਉਣ ਵਾਲੇ ਤੁਰਦੇ ਭਗਵਾਨ ਲਾਣਿਆਂ ਦੀ ਨਿਸ਼ਾਨੀ ਹਨ, ਜੋ ਪਿੰਡ ਦੀ ਅਮੀਰੀ ਦੀ ਚੰਗੀ ਜਚਵੀਂ ਪ੍ਰਦਰਸ਼ਨੀ ਕਰ ਰਹੇ ਹਨ।
ਮੇਰੇ ਪਿੰਡ ਨੂੰ ਰੇਲਵੇ ਸਟੇਸ਼ਨ ਕਿਉਂਕਿ 10-15 ਕੋਹ (1 ਕੋਹ ਸਵਾ ਮੀਲ) ਤੋਂ ਨੇੜੇ ਕੋਈ ਵੀ ਨਹੀਂ ਲਗਦਾ, ਇਸ ਲਈ ਸਮਝਿਆ ਇਹ ਜਾਂਦਾ ਹੈ ਕਿ ਚਾਰ ਚੁਫੇਰੇ ਦੇ ਸਾਰੇ ਹੀ ਸ਼ਹਿਰ ਸਾਡੇ ਪਿੰਡ ਦੇ ਨਜ਼ਦੀਕੀ ਸਟੇਸ਼ਨ ਹਨ। ਆਜ਼ਾਦੀ ਆਉਣ ਨਾਲ ਜਿੰਨ੍ਹਾਂ ਪਿੰਡਾਂ ਵਲੋਂ ਰੇਲ ਨਹੀਂ ਲੰਘਦੀ ਸੀ ਹੁਣ ਉਨ੍ਹਾਂ ਵਿਚੋਂ ਬਹੁਤੇ ਨਵੀਆਂ ਬਣ ਰਹੀਆਂ ਸੜਕਾਂ ਉਤੇ ਆ ਗਏ ਹਨ। ਪਰ ਮੇਰਾ ਪਿੰਡ ਇਤਨਾ ਖੁਸ਼ਕਿਸਮਤ ਜਾਂ ਬਦਕਿਸਮਤ ਹੈ ਕਿ ਇਨ੍ਹਾਂ ਉਨਤੀ-ਸਕੀਮਾਂ ਵਿਚ ਨਿਕਲਣ ਵਾਲੀਆਂ ਸੜਕਾਂ ਇਸ ਦੇ ਲਾਗਿਓਂ ਲੰਘਣ ਦੀ ਤਾਂ ਗੱਲ ਬਹੁਤ ਵੱਡੀ ਹੈ ਉਹ ਤਾਂ ਮੇਰੇ ਪਿੰਡ ਦੀ ਨਾਲ ਲਗਦੀ ਕਿਸੇ ਜੂਹ ਵਾਲੇ ਪਿੰਡ ਵਿਚੋਂ ਵੀ ਨਹੀਂ ਲੰਘਦੀਆਂ।
ਚਲੋ ਜੇ ਮੇਰੇ ਪਿੰਡ ਦੀ ਹੁਣ ਕਦਰ ਨਹੀਂ ਹੋ ਰਹੀ ਤਾਂ ਕੇਹੜੀ ਗੱਲ ਹੈ। ਥੋੜ੍ਹੇ ਚਿਰ ਨੂੰ ਜਦੋਂ ਭਾਰਤ ਦੇ ਸਾਰੇ ਪਿੰਡ ਵਧੀਆ ਤੇ ਨਵੀਆਂ ਕਿਸਮਾਂ ਦੇ ਬਣ ਗਏ, ਉਦੋਂ ਬਾਹਰਲੇ ਸੈਲਾਨੀਆਂ ਨੂੰ ਜਿਵੇਂ ਹੁਣ ਨਵੇਂ ਪਿੰਡ ਦਿਖਾਏ ਜਾਂਦੇ ਹਨ, ਪੁਰਾਣਾ ਭਾਰਤ ਦਿਖਾਉਣ ਲਈ ਤਾਂ ਮੇਰਾ ਪਿੰਡ ਪਹਿਲੇ ਨੰਬਰ ਤੇ ਹੋਵੇਗਾ, ਓਦੋਂ ਤਾਂ ਫਿਰ ਜ਼ਰੂਰ ਕਦਰ ਹੋਵਾਂਗੀ ਨਾਂ ?
ਮੇਰੇ ਪਿੰਡ ਵਿਚੋਂ ਕਿਸੇ ਮੋਟਰ ਦਾ ਲੰਘ ਜਾਣਾ ਸਾਧਾਰਨ ਤੇ ਸੁਖੱਲੀ ਗੱਲ ਨਹੀਂ। ਜਦੋਂ ਕੋਈ ਮੋਟਰ ਪਿੰਡ ਦੇ ਨੇੜੇ ਆਉਂਦੀ ਦਿਸਦੀ ਹੈ ਤਾਂ ਪਿੰਡ ਦੇ ਸਾਰੇ ਬੁੱਢੇ ਬਾਲ, ‘ਔਹ ਆ ਗਈ, ਔਹ ਆ ਗਈ’ ਕਰਦੇ ਪਿੰਡੋਂ ਬਾਹਰ ਹੀ ਉਸਦੇ ਸਵਾਗਤ ਨੂੰ ਜਾ ਪੁੱਜਦੇ ਹਨ। ਕਈ ਸਾਊ ਤੇ ਸਿਆਣੇ ਆਦਮੀ ਤਾਂ ਇਸ ਊਠਾਂ ਤੇ ਬਲਦਾਂ ਤੋਂ ਬਿਨਾਂ ਚਲਦੀ ਸਵਾਰੀ ਨੂੰ ਅਜੂਬੇ ਦੀ ਤਰ੍ਹਾਂ ਦੇਖਣ ਲੱਗ ਜਾਂਦੇ ਹਨ। ਪਿੰਡ ਦੇ ਬਹਾਦਰ ਨਿਆਣੇ ਮੌਤ ਦੀ ਪਰਵਾਹ ਨਾ ਕਰਦੇ ਹੋਏ ਜਿਥੇ ਕਿਤੇ ਵੀ ਮੋਟਰ ਦੇ ਪਿੰਡੇ ਤੇ ਨਹੁੰ ਫਸਦਾ ਹੋਵੇ ਜੋਕਾਂ ਵਾਂਗ ਚਿਮਟ ਜਾਂਦੇ ਹਨ। ਜਦੋਂ ਮੋਟਰ ਦੌੜਦੀ ਹੈ ਉਦੋਂ ਮੁੱਛ-ਫੁਟ ਗੱਭਰੂ ਵੀ ਪਿਛੇ ਨਹੀਂ ਰਹਿੰਦੇ, ਕਈ ਪਲਾਕੀ ਮਾਰ ਕੇ ਪਿਛੋਂ ਦੀ ਜਿਥੇ ਟੰਗ ਬਾਂਹ ਅੜੇ; ਮੋਟਰ ਨਾਲ ਜਾ ਲਟਕਦੇ ਹਨ। ਅਜਿਹੀ ਚੀਜ਼ ਫਿਰ ਝਾਟੀਆਂ ਲੈਣ ਲਈ ਫਿਰ ਕਦੋਂ ਲੱਭੇ।
ਕੁਦਰਤ ਦੀ ਸਿਤਮ-ਜ਼ਰੀਫੀ ਇਹ ਹੈ ਕਿ ਰੋਸ਼ਨੀ ਦੇ ਇਸ ਨਵੇਂ ਯੁਗ ਵਿਚ ਵੀ ਮੇਰੇ ਪਿੰਡ ਵਿਚ ਕਿਸੇ ਪਾਸਿਉਂ ਰੋਸ਼ਨੀ ਦੀ ਕੋਈ ਕਿਰਨ ਪੂਰਾ ਜ਼ੋਰ ਲਾ ਕੇ ਵੀ ਪਹੁੰਚ ਨਹੀਂ ਸਕਦੀ। ਨਹਿਰ ਸਰਹਿੰਦ ਵਿਚੋਂ ਨਿਕਲਿਆ ਇਕ ਸੂਆ (ਰਜਬਾਹਾ) ਮੇਰੇ ਪਿੰਡ ਕੋਲੋਂ ਦੀ ਲੰਘਦਾ ਹੈ, ਪਰ ਉਸ ਦੇ ਪਾਣੀ ਦੀ ਇਕ ਤਿੱਪ ਵੀ ਮੇਰੇ ਪਿੰਡ ਦੀ ਧਰਤੀ ਦੇ ਪਿੰਡੇ ਨੂੰ ਨਸੀਬ ਨਹੀਂ। ਆਖਦੇ ਹਨ ਕਿ ਜਦੋਂ ਨਹਿਰ ਨਿਕਲੀ ਸਾਡੇ ਪੁਰਾਣੇ ਬਾਦਸ਼ਾਹ -ਮਲੇਰਕੋਟਲੇ ਦੇ ਨਵਾਬ- ਨੇ ਅੰਗਰੇਜ਼ਾਂ ਨੂੰ ਆਪਣੇ ਹਿੱਸੇ ਬਹਿੰਦੇ ਰੁਪਈਏ ਨਹੀਂ ਦਿੱਤੇ। ਇਸ ਕਰਕੇ ਸਾਡੇ ਪਿੰਡਾਂ ਨੂੰ ਪਾਣੀ ਨਹੀਂ ਮਿਲਿਆ। ਕਈ ਰਾਜ-ਭਗਤ ਕਹਿੰਦੇ ਹਨ ਕਿ ‘ਰੁਪਈਏ ਤਾਂ ਸਾਡਾ ਨਵਾਬ ਦੇਂਦਾ ਸੀ, ਪਰ ਉਹ ਕਹਿੰਦਾ ਸੀ ਕਿ ਮੈਂ ਆਪਣੀ ਟਕਸਾਲ ਦੇ ਦੇਵਾਂਗਾ’ (ਜਿਹੜੇ ਅੰਗਰੇਜ਼ੀ ਰੁਪਈਏ ਦੇ ਚਾਰ ਹੁੰਦੇ ਸਨ) ਅੰਗਰੇਜ਼ ਕਹਿੰਦੇ ਸੀ ਸਾਡੇ ਬਣਾਏ ਰੁਪਈਏ ਦੇਹ। ਇਸ ਕਰਕੇ ਖਟ-ਪਟੀ ਹੋ ਗਈ ? ਕਿਵੇਂ ਵੀ ਹੋਵੇ ਸਾਡੇ ਮਲੇਰਕੋਟਲੇ ਦੇ ਨਵਾਬ ਕੋਲ ਰੁਪਏ ਨਾ ਹੋਣ ਕਾਰਨ, ਜਾਂ ਕਿਸੇ ਤਰ੍ਹਾਂ ਹੋਰ ਸਾਂਝ ਨਾਂ ਪਾਉਣ ਕਰਕੇ ਕਈ ਹੋਰ ਪਿੰਡਾਂ ਵਾਂਗ ਸਾਡੇ ਪਿੰਡ ਨੂੰ ਵੀ ਕੱਸੀ ਦਾ ਪਾਣੀ ਨਹੀਂ ਮਿਲਿਆ।
ਹੁਣ ਟਿਊਬਵੈਲਾਂ ਦੀ ਲਾਈਨ ਟੁਰੀ ਆਉਂਦੀ ਮੇਰੇ ਪਿੰਡ ਦੀ ਸਰਹੱਦ ਉੱਤੇ ਆ ਕੇ ਘੁਮਿਆਰ ਦੇ ਅੜੀਅਲ ਖੋਤੇ ਵਾਂਗ ਪੈਰ ਗੱਡ ਕੇ ਆ ਖੜੀ ਹੋਈ ਹੈ। ਹਸਪਤਾਲ ਤੇ ਸਕੂਲ ਮੇਰੇ ਪਿੰਡ ਤੋਂ ਉਨੇ ਹੀ ਦੂਰ ਹਨ (ਤੇ ਮੇਰਾ ਅਸ਼ੁਭ ਖਿਆਲ ਹੈ ਕਿ ਉਨੇ ਹੀ ਦੂਰ ਰਹਿਣਗੇ) ਜਿੰਨੇ ਪਹਿਲਾਂ ਸਨ, ਕਿਉਂਕਿ ਡਾਕ-ਘਰ ਜੁ ਹਾਲ ਤੱਕ ਪਹਿਲਾਂ ਵਾਲੀ ਥਾਂ ਤੇ ਹੀ ਝੰਡੇ ਬੁੰਗੇ ਗੱਡੀ ਬੈਠਾ ਹੈ। ਮੇਰੇ ਪਿੰਡ ਨੂੰ ਡਾਕਘਰ ਕੰਗਣਵਾਲ ਲਗਦਾ ਹੈ ਜੋ ਉਥੋਂ ਸਿਰਫ 15-16ਮੀਲ ਦੂਰ ਹੈ (ਫੇਰ ਲੋਹਟ ਵੱਦੀ ਹੋ ਗਿਆ ਸੀ ਜੋ ਪਹਿਲੇ ਨਾਲੋਂ ਦੋ ਮੀਲ ਨੇੜੇ ਸੀ।) ਓਥੋਂ ਡਾਕੀਆ ਹਫਤੇ ਵਿਚ ਇਕ ਵਾਰ ਆਉਂਦਾ ਹੈ ਜੇ ਕਿਸੇ ਦਾ ਮਨੀਆਰਡਰ 25 ਰੁਪਏ ਤੱਕ ਦਾ ਹੋਵੇ ਤਾਂ ਮਿਹਰਬਾਨੀ ਕਰਕਾ ਪਿੰਡਾਂ ਦੇ ਪੈਂਚਾਂ ਦੀ ਗਵਾਹੀ ਲੈ ਕੇ ਪਿੰਡ ਦੀ ਸੱਥ ਵਿਚ ਹੀ ਵਸੂਲ ਕਰਨ ਵਾਲੇ ਨੂੰ ਸੱਦ ਕੇ ਦੇ ਆਉਂਦਾ ਹੈ ਤਾਂ ਜੁ ਜਿੰਨਾ ਨੇ ਹੁਧਾਰ ਸੁਧਾਰ ਲੈਣਾ ਹੋਵੇ ਉਹ ਅਗਲੇ ਦੇ ਪੈਸੇ ਘਰ ਲਿਜਾਣ ਤੋਂ ਪਹਿਲਾਂ ਹੀ ਲੈ ਲੈਣ। ਜੇ ਕਿਸੇ ਦੇ ਵਰ੍ਹਿਆਂ ਤੋਂ ‘ਮਿਰਕਣ ਜਾਂ ਕਿਸੇ ਟਾਪੂ ਵਿਚ ਗਏ ਬੰਦੇ ਦੇ ਇਸ ਨਾਲੋਂ ਵੱਧ ਰੁਪਏ ਆ ਜਾਣ ਤਾਂ ਸਾਰੇ ਮੁਹੱਲੇ ਨੂੰ ਬਿਪਤਾ ਪੈ ਜਾਂਦੀ ਹੈ। ਡਾਕੀਆ ਘਰੇ ਸੁਨੇਹਾਂ ਪਹੁੰਚਾ ਜਾਂਦਾ ਹੈ ਕਿ ‘ਥੋਡਾ ਮਨੀ-ਆਰਡਰ ਐ, ਦੋ ਗਵਾਹ ਨਾਲ ਲੈ ਕੇ ਕੰਗਣਵਾਲੋਂ ਛੁਡਾ ਲਿਆਉਣਾ’। ਮਨੀਆਰਡਰ ਨਾ ਹੋਇਆ ਕੋਈ ਬੰਦਾ ਕੈਦ ਹੋ ਗਿਆ ਸਮਝੋ ? ਜਿਵੇਂ ਉਸ ਦਾ ਜਾਮਨੀ ਬਿਨਾ ਛੁੱਟਣਾ ਮੁਸ਼ਕਲ ਹੋ ਗਿਆ ਹੋਵੇ ?
ਇਸ ‘ਨਮੂਨੇ’ ਦੇ ਪਿੰਡ ਦੇ ਢੱਠੇ ਹੋਏ ਦਰਵਾਜ਼ੇ ਤੇ ਉੱਚੀਆਂ ਚੌਕੜੀਆਂ ਵਾਲੀ ਧਰਮਸ਼ਾਲਾ ਦੇ ਸਾਹਮਣੇ ਛੋਟਾ ਜਿਹਾ ਚੁਗਾਨ ਤੇ ਇਸ ਦੇ ਨਾਲ ਇਕ ਵਾਰਗਲਾ (ਬਾਰ-ਅੱਗਲਾ) ਖੂਹ ਹੈ। ਇਹੋ ਮੇਰੇ ਪਿੰਡ ਦੀ ਸੱਥ ਹੈ ਜਿਥੇ ਪਾਰਲੀਮੈਂਟ ਤੇ ਅਸੈਂਬਲੀ ਨਾਲੋਂ ਵੱਧ ਚੁੰਝਾਂ ਦੇ ਭੇੜ ਹੋ ਕੇ ਹਰ ਇਕ ਬੋਲਦਾ ਚਾਲਦਾ ਬੰਦਾ ਆਪਣੀ ਰਾਏ ਪਰਗਟ ਕਰਕੇ ਸਰਬ ਸਧਾਰਨ ਨੂੰ ਲਾਭ ਪਹੁੰਚਾਉਂਦਾ ਹੈ। ਇਨ੍ਹਾਂ ਚੋਕੜੀਆਂ, ਖਾਰੇ, ਬੋੜੇ, ਉੱਭਲ ਖੂਹਾਂ ਦੀਆਂ ਮੌਣਾ ਤੇ ਕੰਧਾਂ ਨਾਲ ਪਏ ਕਿੱਕਰਾਂ ਅਤੇ ਪਿੱਪਲਾਂ ਦੇ ਪੁਰਾਣੇ ਖੁੰਢਾਂ ਉਤੇ ਸਵੇਰੇ, ਹਾੜਾਂ ਵਿਚ ਸ਼ਾਮਾਂ ਨੂੰ, ਪਿੰਡ ਦੇ ਕੁਝ ਨੇਤਰਹੀਨ ਬਜ਼ੁਰਗ, ਅੰਗ-ਭੰਗ ਤੇ ਕੰਮ ਕਾਜ ਨਾ ਕਰ ਸਕਣ ਵਾਲੇ ਲੂਲੇ, ਲੰਗੜੇ, ਕਾਣੇ, ਬੁੱਢੇ ਖੌਢੇ, ਦਮੇ ਦੇ ਖਾਧੇ ਸੱਤ ਅੱਠ ਮਹਾਨੁਭਾਵ ਪੂਰੇ ਨਖਰੇ ਨਾਲ ਆ ਜੁੜਦੇ ਹਨ। ਇਥੇ ਚਲ ਰਹੀ ‘ਜ਼ਮਾਨੇ ਦੀ ਹਵਾ’ ਦੇ ‘ਰੁਖ ਪੜਤਾਲਦੇ ਤੇ ਉਨ੍ਹਾਂ ਉਤੇ ਆਪਣੀਆਂ ਘੋਖਵੀਆਂ ਕੀਮਤੀ ਰਾਵਾਂ ਦੇਂਦੇ ਹਨ। ਕਦੇ ਕਦੇ ਕਿਸੇ ਵਿਹਲੇ ਦਿਨ ਲਾਗੇ ਦੇ ਖੁੰਢਾਂ ਉਤੇ ਪਿੰਡਾਂ ਦੇ ਕਈ ਨਿੱਕੇ ਵੱਡੇ ਮੁੰਡੇ ਖੁੰਡੇ ਤੇ ਧੱਕੇ ਨਾਲ ਬਣੇ ਖੜਪੈਂਚ ਵੀ ਆ ਧਮਕਦੇ ਹਨ, ‘ਸੁਣਾ ਚੰਨਣ ਸਿੰਹਾਂ, ਕੋਈ ਰੱਬ ਦੇ ਘਰ ਦੀ ਨਵੀਂ ਤਾਜ਼ੀ!’ ਇਉਂ ਆਖ ਕੇ ਖੱਦਰ ਦਾ ਪਰਨਾ ਹੇਠਾਂ ਸੁੱਟ ਕੇ ਲੋਕਾਂ ਦੀ ਇਸ ਵਿਚਾਰ ਸਭਾ ਵਿਚ ਆ ਸ਼ਰੀਕ ਹੁੰਦੇ ਹਨ। ਆਪਣੀਆਂ ਦਿਮਾਗੀ ਚਤਰਾਈਆਂ ਨਾਲ ਜ਼ਿਮੀ ਅਸਮਾਨ ਦੇ ਉਹ ਕੁੰਡੇ ਮੇਲਦੇ ਹਨ ਕਿ ਕਲਪਣਾ ਹਫ ਕੇ ਡਿੱਗ ਪੈਂਦੀ ਹੈ।
ਮੇਰੇ ਪਿੰਡ ਨੂੰ ਚਾਰੇ ਪਾਸਿਆਂ ਤੋਂ ਟੋਭਿਆਂ ਨੇ ਘੇਰਿਆ ਹੋਇਆ ਹੈ। ਇਕ ਪਾਸੇ ਚਿਲਣਵਾਲਾ ਟੋਭਾ ਹੈ ਜਿਥੇ ਗਾਈਆਂ ਮਹੀਆਂ ਦਾ ਵੱਗ ਛਿੜਦਾ ਹੈ, ਦੂਜੇ ਪਾਸੇ ਵੱਡਾ ਟੋਭਾ ਹੈ ਜਿਥੇ ਸਾਉਣ ਦੇ ਮਹੀਨੇ ਵੱਡੇ ਵਰੋਟਿਆਂ ਨਾਲ ਕੁੜੀਆਂ ਪੀਘਾਂ ਪਾਉਂਦੀਆਂ ਹਨ ਜਾਂ ਨਵੀਂ ਵੱਢੀ ਮੱਕੀ ਦੇ ਟਾਂਡਿਆਂ ਦੇ ਮੁਹਾਰੇ ਲਾਏ ਜਾਂਦੇ ਹਨ। ਤੀਜੇ ਪਾਸੇ ਝਿੜੀ ਵਾਲਾ ਟੋਭਾ ਹੈ ਜਿਥੇ ਮੁਰਦਿਆਂ ਨੂੰ ਦਬਿਆ ਫੂਕਿਆ ਜਾਂਦਾ ਹੈ। ਚੋਥੇ ਪਾਸੇ ਚਮਾਰਾਂ ਦੀ ਛੱਪੜੀ ਹੈ – ਜਿਸ ਦੇ ਇਕ ਕੰਢੇ ਲੱਗੀ ਖੂਹੀ ਉਤੇ ਚਮਾਰਾਂ ਦੀਆਂ ਕੁੰਨਾ ਚੜ੍ਹੀਆਂ ਰਹਿੰਦੀਆਂ ਹਨ। ਦੂਰ ਪਰੇ ਨਵੇਂ ਪਿੰਡ ਦੀ ਢਾਬ ਹੈ। ਜਿਥੇ ਕਾਲੀ ਮਿੱਟੀ ਲਿਆ ਕੇ ਲੋਕ ਕੱਚੇ ਘਰਾਂ ਦੀਆਂ ਕੰਧਾਂ ਲਿਪਦੇ ਹਨ।
ਚਮਾਰਾਂ ਦੀ ਛੱਪੜੀ ਵਿਚ ਨਵੀਂ ਵੱਢੀ ਕਿੱਕਰ ਦਾ ਕਸ ਪਾ ਕੁੰਨਾਂ ਖੂਹੀਆਂ ਉਤੇ ਬੰਨ੍ਹ ਕੇ ਨਵੀਂ ਲਾਹੀ ਖੱਲ ਦਾ ਜਦੋਂ ਚਮੜਾ ਪਕਾਇਆ ਜਾਂਦਾ ਹੋਵੇ, ਦੂਜੇ ਟੋਭਿਆਂ ਦੇ ਟੋਇਆਂ ਵਿਚ ਸਣ ਤੇ ਸਣ-ਕੁਕੜੇ ਦੇ ਗਰਨੇ ਦੱਬ ਕੇ ਸਾੜੇ ਜਾ ਰਹੇ ਹੋਣ ਅਤੇ ਕੱਚਾ ਗੋਹਾ ਮੀਂਹ ਪੈਣ ਨਾਲ ਰੂੜੀਆਂ ਤੋਂ ਸਡੇਹਾਂਦ ਛੱਡ ਦੇਵੇ ਤਾਂ ਪਿੰਡ ਦਾ ਸਾਰਾ ਵਾਯੂ ਮੰਡਲ ਕਸ਼ਮੀਰ ਦੀਆਂ ‘ਕੇਸਰ ਕਿਆਰੀਆਂ’ ਨਾਲੋਂ ਵੀ ਵੱਧ ਖੁਸ਼ਬੋ-ਭਿੰਨੀਆਂ ਹਵਾਵਾਂ ਨਾਲ ਮਹਿਕ ਉਠਦਾ ਹੈ।
ਅਜੇਹੀ ਬਹਾਰ ਵਿਚ ਇਹ ਟੋਭੇ ਜੋ ਨਜ਼ਾਰਾ ਪੇਸ਼ ਕਰਦੇ ਹਨ ਉਨ੍ਹਾਂ ਸਾਹਮਣੇ ਸ੍ਰੀ ਨਗਰ ਦੀ ਡਲ ਤੇ ਮਾਨ ਸਰੋਵਰ ਦੀ ਝੀਲ ਦੀਆਂ ਮਹਿਕਾਂ ਹੁਲਾਰਦੀਆਂ ਲਹਿਰਾਂ ਨੇ ਕੀ ਧਰਿਆ ਹੋਇਆ ਹੈ? ਟਿੱਬਿਆਂ ਨਾਲ ਘਿਰਿਆ ਹੋਇਆ ਮੇਰਾ ਪਿੰਡ ਦੂਰੋਂ ਇਉਂ ਲਗਦਾ ਹੈ ਜਿਵੇਂ ਹੜੱਪਾ ਕਾਲ ਦੇ ਕਿਸੇ ਪੁਰਾਣੇ ਤੇ ਉੱਚੇ ਥੇਹ ਉਤੇ ਬਝਿਆ ਹੁੰਦਾ ਹੈ, ਪਰ ਜਦੋਂ ਥੋੜੇ ਜਿਹੇ ਮੀਂਹ ਪੈਣ ਨਾਲ ਹੜ੍ਹ ਆਉਣੇ ਸ਼ੁਰੂ ਹੁੰਦੇ ਹਨ ਤਾਂ ਅੱਧੇ ਪਿੰਡ ਦੀਆਂ ਕਾਛੜਾਂ ਵਿਚ ਪਾਣੀ ਆ ਵੜਦਾ ਹੈ।
ਮੇਰੇ ਪਿੰਡ ਦੀਆਂ ਖ਼ੂਬਸੂਰਤ ਗਲੀਆਂ ਦਾ ਪੂਰੇ ਵੇਰਵੇ ਨਾਲ ਵਰਨਣ ਮੈਂ ਇਸ ਕਰਕੇ ਨਹੀਂ ਕਰਦਾ ਕਿ ਕਿਧਰੇ ਚੰਡੀਗੜ੍ਹ ਨੂੰ ਸਿਰਜਣ ਵਾਲਾ ਫ਼ਰਾਂਸੀਸੀ ਇੰਜੀਨੀਅਰ ਸਾਡੇ ਪਿੰਡ ਨੂੰ ਹੀ ਵਹੀਰਾਂ ਨਾ ਪਾ ਦੇਵੇ। ਮੇਰੇ ਪਿੰਡ ਦੀਆਂ ਗਲੀਆਂ (ਸਟਰੀਟਾਂ) ਦੀ ਖ਼ੂਬਸੂਰਤੀ ਦਾ ਤੁਸੀਂ ਉਨ੍ਹਾਂ ਦੇ ਨਾਵਾਂ ਤੋਂ ਹੀ ਚੰਗੀ ਤਰ੍ਹਾਂ ਅੰਦਾਜ਼ਾ ਲਗਾ ਸਕੋਗੇ- ਭੀੜੀ ਬੀਹੀ, ਨੀਵੀਂ ਬੀਹੀ, ਉੱਚੀ ਬੀਹੀ। ਇਹ ਨਾਂ, ਨਾਮ ਮਾਤਰ ਨਹੀਂ ਸਗੋਂ ਕਈ ਹਕੀਕਤਾਂ ਆਪਣੀ ਕੁੱਛੜ ਵਿਚ ਲੁਕਾਈ ਬੈਠੇ ਹਨ। ਭੀੜੀ ਬੀਹੀ ਦਾ ਨਾਂ ਯਾਦ ਆਉਂਦਿਆਂ ਹੀ ਸੰਤ ਮਸਤੂਆਣੇ ਵਾਲਿਆਂ ਦੀ ਇਕ ਧਾਰਨਾ ਆਪ ਮੁਹਾਰੇ ਗੀ ਬੁਲ੍ਹਾਂ ਤੇ ਆ ਜਾਂਦੀ ਹੈ
‘ਅਗੇ ਭੀੜੀਆਂ ਸੁਣੀ ਦੀਆਂ ਗਲੀਆਂ
ਜਿਥੋਂ ਦੀ ਜਮ ਲੈ ਕੇ ਜਾਣਗੇ।‘
ਸੰਤਾਂ ਨੂੰ ਕੌਣ ਦਸਦਾ ਕਿ ਉਨ੍ਹਾਂ ਗਲੀਆਂ ਵਿਚੋਂ ਇਕ ਸਾਡੇ ਪਿੰਡ ਵੀ ਹੈ, ਜਿਥੇ ਆਦਮੀ ਦੇਹਾਂ ਪਾਸਿਆਂ ਦੀਆਂ ਕੰਧਾਂ ਨੂੰ ਘਿਸਰੇ ਬਿਨਾਂ ਪਾਰ ਨਹੀਂ ਲੰਘ ਸਕਦਾ। ਨੀਵੀਂ ਗਲੀ ਤਾਂ ਜੇ ਕਿਸੇ ਦੇ ਬੂਹੇ ਅਗੇ ਡੋਹਲੇ ਪਾਣੀ ਤੋਂ ਪੈਰ ਤਿਲਕੇ ਤਾਂ ਬੰਦਾ ਅਗਲੇ ਸਿਰੇ ਤੇ ਜਾ ਕੇ ਭਾਵੇਂ ਲੱਭੇ। ਉੱਚੀ ਬੀਹੀ ਕੀ ਹੋਈ ! ਬਿਲਕੁਲ ਊਠ ਦੀ ਕੁਹਾਣ।
ਮੇਰੇ ਪਿੰਡ ਦੀ ‘ਅਪਾਰ’ ਖੁਸ਼ਹਾਲੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਪਤਾ ਲਗਾ ਸਕਦੇ ਹੋ ਕਿ ਉਥੇ ਦੀ ਹਰ ਸਾਂਝੀ ਚੀਜ਼, ਦਰਵਾਜ਼ਾ ਤੇ ਧਰਮਸ਼ਾਲਾ ਸਰਹਿੰਦ ਦੇ ਖੰਡਰਾਂ ਨੂੰ ਸ਼ਰਮਾ ਰਹੇ ਹਨ। ਮੇਰੇ ਪਿੰਡ ਦਾ ਪਟਵਾਰੀ ਜੋ ਇਕ ਤਰ੍ਹਾਂ ਪਿੰਡ ਦੀ ‘ਰਾਜਧਾਨੀ’ (ਪਟਵਾਰਖਾਨੇ) ਦਾ ਰਾਜਾ ਸੀ, ਪਟਵਾਰਖਾਨੇ ਦੀ ਇਮਾਰਤ ਢਹਿ ਜਾਣ ਕਰਕੇ ਸਾਡਾ ਪਿੰਡ ਛੱਡ ਕੇ ਲਾਗਲੇ ਪਿੰਡ ਚਲਿਆ ਗਿਆ ਹੈ।
ਇਹ ਸ਼ੁਕਰ ਦੀ ਗੱਲ ਹੈ ਕਿ ਗੁਰਦਵਾਰੇ ਦੀ ਇਮਾਰਤ ਹਾਲਾਂ ਕਾਇਮ ਹੈ। ਇਕ ਪ੍ਰਾਇਮਰੀ ਸਕੂਲ ਜੋ ਪਿਛੇ ਜਿਹੇ ਧੱਕੇ ਨਾਲ ਹੀ ਜਾਰੀ ਹੋ ਗਿਆ ਹੈ ਉਸ ਲਈ ਕੋਈ ਥਾਂ ਨਹੀਂ ਲੱਭਦੀ। ਕਦੇ ਗੁਰਦੁਆਰੇ ਦੀਆਂ ਕੋਠੜੀਆਂ ਵਿਚ ਤੇ ਕਦੇ ਵਾਹਨਾਂ ਵਿਚ ਟੈਗੌਰ ਦੇ ਸ਼ਾਂਤੀ ਨਿਕੇਤਨ ਵਾਂਗ ਜਮਾਤਾਂ ਲਗਦੀਆਂ ਸਨ।
ਪਰ ਫਿਰ ਪਿੰਡੋਂ ਦੂਰ ਇਕ ਟਿੱਬੀ ਉਤੇ ਭੋਰੇ ਵਾਲੇ ਸਾਧ ਦੀ ਕੁਟੀਆ ਨੂੰ ਸਕੂਲ ਲਈ ਚੁਣ ਲਿਆ ਗਿਆ ਹੈ। ਬਿਨਾ ਹਿੰਗ ਫਟਕੜੀ ਲਗੇ ਇਉਂ ਸਕੂਲ ਦੀ ਇਮਾਰਤ ਲੱਭ ਲੈਣੀ ਕੀ ਛੋਟੀ ਜਿਹੀ ਸਿਆਣਪ ਹੈ ? ਮੇਰੇ ਪਿੰਡ ਦੇ ਲੋਕ ਬੜੇ ਕਮਾਊ, ਦਿਨ ਰਾਤ ਇਕ ਕਰਕੇ ਜਾਨ ਮਾਰ ਕੇ ਫਸਲਾਂ ਪੈਦਾ ਕਰਨ ਵਾਲੇ ਕਾਮੇ ਕਿਸਾਨ ਹਨ। ਉਂਜ ਥਕੇਵਾਂ ਲਾਹੁਣ ਲਈ ਪਿੰਡ ਵਿਚ ਦੇਸੀ ਸ਼ਰਾਬ ਦਾ ਠੇਕਾ ਵੀ ਹੈ, ਪਰ ਮਲਵਈ ਚਾਹ ਦਾ ਗੁੜਾਣਾਂ ਉਨ੍ਹਾਂ ਦਾ ਆਮ ਸ਼ੁਗਲ ਹੈ। ਮੇਰੇ ਪਿੰਡ ਦੇ ਲੋਕ ਚੰਗੇ ਖੁਲ੍ਹ-ਦਿਲੇ ਲੰਘਦੇ ਰਾਹੀ ਪਾਂਧੀ ਨਾਲ ਫਤ੍ਹੇ-ਫਤੂਹੀ ਦੀ ਸਾਂਝ ਪਾਉਣ ਵਾਲੇ, ਚਾਹ ਪਾਣੀ ਪੀਣ ਪਿਆਉਣ ਤੇ ਖੜਕੇ ਦੜਕੇ ਵਾਲੇ ਬੰਦੇ ਹਨ।
ਨਹਿਰਾਂ ਤੇ ਬੰਬੀਆਂ ਦਾ ਪਾਣੀ ਮੇਰੇ ਪਿੰਡ ਦੀ ਧਰਤੀ ਦੇ ਮੱਥੇ ਦੀ ਰੇਖਾਂ ਵਿਚ ਹੈ ਹੀ ਨਹੀਂ ਇਸ ਲਈ ਦਿਨ ਰਾਤ ਵਾਰੋ ਵਾਰੀ ਖੂਹਾਂ ਦੇ ਥੱਲੇ ਕੁੰਲਜਣ ਵਿਚ ਮੇਰੇ ਪਿੰਡ ਦੇ ਕਿਰਸਾਨਾਂ ਦੇ ਟਾਕਰੇ ਦੇ ਹੋਰ ਕਿਧਰੇ ਉੱਦਮੀ ਕਿਰਸਾਨ ਸ਼ਾਇਦ ਹੀ ਹੋਣ।
ਸੋਹਣੀਆਂ ਲਹਿ-ਲਹਾਉਂਦੀਆਂ ਪੈਲੀਆਂ ਮੇਰੇ ਪਿੰਡ ਦਾ ਭਾਗ ਹਨ ਜਿਨ੍ਹਾਂ ਨੂੰ ਇਹ ਦਿਨ ਰਾਤ ਸਿੰਜਦੇ ਗੋਡਦੇ ਤੇ ਸਵਾਰਦੇ ਰਹਿੰਦੇ ਹਨ। ਇਨ੍ਹਾਂ ਨੂੰ ਬਾਹਰ ਦੀ ਦੁਨੀਆਂ ਨਾਲ ਕੀ, ਇਨ੍ਹਾਂ ਦੇ ਇਹ ਖੇਤ ਹਰੇ ਭਰੇ ਰਹਿਣ।
ਆਜ਼ਾਦੀ ਆਉਣ ਨਾਲ ਜਿੱਥੇ ਭਾਰਤ ਦੀ ਸਰਹੱਦ ਨੇੜੇ (ਵਾਹਗੇ) ਆ ਗਈ ਹੈ ਉਥੇ ਮੇਰਾ ਪਿੰਡ ਜੇਹੜਾ ਪਹਿਲਾਂ ਮਲੇਰਕੋਟਲੇ ਰਿਆਸਤ ਦਾ ਸਰਹੱਦੀ ਪਿੰਡ ਸੀ ਆਪਣੀ ‘ਖ਼ਾਸ’ ਮਹੱਤਤਾ ਇਸ ਕਰਕੇ ਗੁਆ ਬੈਠਾ ਹੈ ਕਿਉਂਕਿ ਇਸ ਦੀ ਸਰਹੱਦ ਖ਼ਤਮ ਹੋ ਗਈ ਹੈ।
ਜਦੋਂ ਮੇਰਾ ਪਿੰਡ ਇਸ ਰਿਆਸਤ ਦਾ ਸਰਹੱਦੀ ਪਿੰਡ ਹੁੰਦਾ ਸੀ ਮਲੇਰਕੋਟਲੇ ਦੀ ਸਸਤੀ ਦੇਸੀ ਸ਼ਰਾਬ ਏਥੋਂ ਨਾਲ ਲਗਦੀਆਂ ਰਿਆਸਤਾਂ ਦੇ ਪਿੰਡਾਂ ਨੂੰ ਜਿਨ੍ਹਾਂ ਗੁਪਤ ਤਰੀਕਿਆਂ ਨਾਲ ਜਾਂਦੀ ਸੀ, ਉਹ ਨਜ਼ਾਰੇ ਜੀਉਂਦੇ ਜੀ ਨਹੀਂ ਭੁੱਲ ਸਕਦੇ। ਸਾਰਾ ਦਿਨ ਹੀਰੇ ਦੇ ਠੇਕੇਦਾਰ ਦੇ ਘਰੇ ਊਠਾਂ ਤੇ ਗਧਿਆਂ ਦੀਆਂ ਹੇੜਾਂ ਇਕੱਠੀਆਂ ਹੁੰਦੀਆਂ ਰਹਿਣੀਆਂ ਤੇ ਉਸ ਦੇ ਵੇਹੜੇ, ਅਤੇ ਨੀਰੇ ਵਾਲੀ ਕੋਠੜੀ ਸਬਾਤ ਵਿਚ ਪਈਆਂ ਬੋਤਲਾਂ ਇਕੋ ਰਾਤ ਵਿਚ ਸਿਮਟ ਜਾਣੀਆਂ ਤੇ ਜਦੋਂ ਠੇਕਾ ਟੁੱਟ ਕੇ ਬੋਤਲ ਅੱਠਾਂ ਦਸਾਂ ਆਨਿਆਂ ਨੂੰ ਹੋ ਜਾਣੀ ਉਦੋਂ ਤੇ ਲਾਗਲੀਆਂ ਰਿਆਸਤਾਂ ਦੀ ਖ਼ਲਕਤ ਟੁੱਟ ਕੇ ਪੈ ਜਾਂਦੀ ਸੀ।
ਮੈਨੂੰ ਯਾਦ ਹੈ ਕਿ ਸਾਡੇ ਪਿੰਡ ਪਹਿਲਾਂ ਪਾਣੀ ਦਾ ਨਲਕਾ ਉਸ ਨੇ ਇਸ ਕਰਕੇ ਲਗਾਇਆ ਸੀ ਕਿ ਬੋਤਲਾਂ ਵਿਚੋਂ ਸ਼ਰਾਬ ਕੱਢ ਕੇ ਉਸ ਦੇ ਥਾਂ ਪਾਣੀ ਪਾਉਣ ਦੀ ਸੇਵਾ ਲਈ ਖਾਰੇ ਖੂਹ ਤੋਂ ਪਾਣੀ ਢੋਣਾ ਪੈਂਦਾ ਸੀ, ਜਦੋਂ ਨਲਕਾ ਲਾ ਲਿਆ ਫੇਰ ਤਾਂ ‘ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ’ ਵਾਲੀ ਗੱਲ ਬਣ ਗਈ।
ਮੈਨੂੰ ਮੇਰੇ ਪਿੰਡ ਦੇ ਮੂੰਹ ਮੱਥੇ ਨਾਲੋਂ ਵੱਧ ਏਥੋਂ ਦੇ ਬਜ਼ੁਰਗਾਂ ਦੀਆਂ ਅਚੰਭੇ ਭਰੀਆਂ ਗੱਲਾਂ ਤੇ ਆਪਣੀਆਂ ਜੀਵਨ-ਯਾਦਾਂ ਵਧੇਰੇ ਪਿਆਰੀਆਂ ਲਗਦੀਆਂ ਹਨ ਜੇਹੜੀਆਂ ਮੇਰੇ ਪਿੰਡ ਦੀ ਯਾਦ ਆਉਣ ਨਾਲ ਅੱਖਾਂ ਅੱਗੋਂ ਕਤਾਰਾਂ ਬਣ ਕੇ ਲੰਘ ਜਾਂਦੀਆਂ ਹਨ।
ਢੇਰ ਚਿਰ ਬਾਅਦ ਇਸ ਕਿਤਾਬ ਦੇ ਏਸ ਰੂਪ ਵਿਚੋਂ ਆਉਦਿਆਂ ਆਉਂਦਿਆਂ ਦੋ ਅਹਿਮ ਖ਼ਬਰਾਂ ਮਿਲੀਆਂ ਹਨ ਜੋ ਅੱਗੇ ਦਰਜ਼ ਹਨ।