ਦੁੱਖ
ਨਰਿੰਦਰ ਸਿੰਘ ਕਪੂਰ
ਜ਼ਿੰਦਗੀ ਦੀਆਂ ਬਹਾਰਾਂ ਵਿਚੋਂ ਗੁਜ਼ਰਦਿਆਂ ਅਚਾਨਕ ਕੋਈ ਅਣਕਿਆਸੀ ਘਟਨਾ ਵਾਪਰਦੀ ਹੈ ਜਿਸ ਨਾਲ ਪੈਰਾਂ ਥੱਲਿਉਂ ਜ਼ਮੀਨ ਨਿਕਲ ਜਾਂਦੀ ਹੈ। ਹਰੇ ਭਰੇ ਬਾਗ਼ ਸ਼ਮਸ਼ਾਨ ਘਾਟ ਦਿਸਣ ਲਗ ਪੈਂਦੇ ਹਨ।
ਦੁੱਖ ਇਕ ਮਾਨਸਿਕ ਸੰਕਲਪ ਹੈ, ਜਿਸ ਨਾਲ ਸਾਡੀ ਬਾਹਰੀ ਜਗਤ ਨੂੰ ਵੇਖਣ ਦੀ ਦ੍ਰਿਸ਼ਟੀ ਹੀ ਬਦਲ ਜਾਂਦੀ ਹੈ। ਸਤਰੰਗੀ ਪੀਂਘ ਉੱਤੇ ਦੌੜਦੇ ਦੌੜਦੇ ਅਸੀਂ ਧਰਤੀ ਉੱਤੇ ਆ ਡਿਗਦੇ ਹਾਂ।
ਭਾਵੇਂ ਕੋਈ ਦੁੱਖ ਅਜਿਹਾ ਨਹੀਂ ਜਿਹੜਾ ਸਮੇਂ ਦੇ ਬੀਤਣ ਨਾਲ ਮਿਟ ਨਹੀਂ ਜਾਂਦਾ, ਪਰ ਕਈ ਦੁੱਖ ਅਜਿਹੇ ਹਨ ਜਿਹੜੇ ਸਾਨੂੰ ਸਦੀਆਂ ਤਕ ਹੰਢਾਉਣੇ ਪੈਂਦੇ ਹਨ। ਸਰਹਿੰਦ ਦੀਆਂ ਕੰਧਾਂ ਵਿਚ ਚਿਣੇ ਹੋਏ ਸਾਹਿਬਜ਼ਾਦਿਆਂ ਦੇ ਮਾਸੂਮ ਚਿਹਰਿਆਂ ਉੱਤੇ ਸੰਜਮ ਅਤੇ ਸੰਤੋਖ ਦੀ ਮਿੱਠੀ ਮਿੱਠੀ ਮੁਸਕਰਾਹਟ ਦੇ ਅਰਥ ਸ਼ਬਦਾਂ ਵਿਚ ਬਿਆਨ ਨਹੀਂ ਕੀਤੇ ਜਾ ਸਕਦੇ, ਉਨ੍ਹਾਂ ਦੀ ਵਿਥਿਆ ਦੱਸਣ ਲਈ ਸਦੀਆਂ ਦਾ ਸਮਾਂ ਚਾਹੀਦਾ ਹੈ। ਉਨ੍ਹਾਂ ਦੇ ਦੁੱਖ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣ ਵਾਲਾ ਲੇਖਕ ਅਜੇ ਪੈਦਾ ਨਹੀਂ ਹੋਇਆ।
ਦੁੱਖ ਵਿਚੋਂ ਵਿਰਲਾਪ ਉਪਜਦਾ ਹੈ। ਵਿਰਲਾਪ ਨਾਲ ਸਾਡਾ ਮਨ ਝੁਕਦਾ ਹੈ। ਝੁਕਣ ਨਾਲ ਸਾਡੇ ਵਿਚੋਂ ਹਉਮੈ ਅਤੇ ਆਕੜ ਮਿਟਦੀ ਹੈ।
ਮਹਾਨ ਦੁੱਖ, ਭਰਿਸ਼ਟ ਹੋਈਆਂ ਆਤਮਾਵਾਂ ਨੂੰ ਵੀ ਸਿੱਧੇ ਰਾਹ ਲੈ ਆਉਂਦਾ ਹੈ।
ਦੁੱਖ ਹੀ ਗਿਆਨ ਦਾ ਪ੍ਰਮੁੱਖ ਸਰੋਤ ਹੈ। ਦੁੱਖ ਵਿਚ ਅਸੀਂ ਦੂਜਿਆਂ ਦੇ ਸਾਥ ਲਈ ਭਟਕਦੇ ਹਾਂ। ਇਹੀ ਭਟਕਣ ਹਮਦਰਦੀ ਦੀ ਬੁਨਿਆਦ ਹੈ।
ਮਨੁੱਖੀ ਰਿਸ਼ਤਿਆਂ ਦੇ ਖੇਤਰ ਵਿਚ ਕੀਤੀ ਸਾਡੀ ਕਮਾਈ ਦੁੱਖਾਂ ਸਮੇਂ ਹੀ ਵੇਖਣ ਵਿਚ ਆਉਂਦੀ ਹੈ।
ਜਿਉਂਦੇ ਰਹਿਣ ਲਈ ਸਬਰ, ਸੰਤੋਖ ਅਤੇ ਹੌਸਲਾ ਜ਼ਰੂਰੀ ਹਨ ਪਰ ਇਨ੍ਹਾਂ ਦੀ ਪ੍ਰਾਪਤੀ ਦੁੱਖ ਤੋਂ ਬਿਨਾ ਸੰਭਵ ਨਹੀਂ।
ਸੰਸਾਰ ਵਿਚ ਵੱਡਾ ਯੋਗਦਾਨ ਦੁਖੀ ਵਿਅਕਤੀਆਂ ਨੇ ਹੀ ਦਿੱਤਾ ਹੈ। ਰਾਜਾ ਰਾਮ ਮੋਹਨ ਰਾਏ ਦੀ ਭਰਜਾਈ ਨੂੰ ਜਦੋਂ ਜ਼ਬਰਦਸਤੀ ਸਤੀ ਕੀਤਾ ਗਿਆ ਤਾਂ ਸਤੀ ਦੇ ਵਿਰੁਧ ਅੰਦੋਲਨ ਪੈਦਾ ਹੋਇਆ। ਲੈਨਿਨ ਦੇ ਭਰਾ ਨੂੰ ਜ਼ਾਰਸ਼ਾਹੀ ਨੇ ਮਾਰਿਆ ਤਾਂ ਲੈਨਿਨ ਦੇ ਮਨ ਵਿਚ ਇਨਕਲਾਬ ਨੇ ਅੰਗੜਾਈ ਲਈ। ਗੁਰੂ ਗੋਬਿੰਦ ਸਿੰਘ ਨੇ ਉਸੇ ਦਿਨ ਤਲਵਾਰ ਚੁੱਕ ਲਈ ਸੀ ਜਿਸ ਦਿਨ ਗੁਰੂ ਤੇਗ਼ ਬਹਾਦੁਰ ਨੂੰ ਚਾਂਦਨੀ ਚੌਂਕ ਵਿਚ ਸ਼ਹੀਦ ਕੀਤਾ ਗਿਆ। ਦੁੱਖ ਸਾਡੀ ਪ੍ਰਤਿਭਾ ਨੂੰ ਚਮਕਾਉਣ ਦਾ ਇਕ ਵਸੀਲਾ ਹਨ। ਖੁਸ਼ ਅਤੇ ਸੁਖੀ ਵਿਅਕਤੀਆਂ ਨੇ ਸੰਸਾਰ ਵਿਚ ਅਯਾਸ਼ੀ ਫੈਲਾਈ ਹੈ ਜਦ ਕਿ ਦੁੱਖਾਂ ਨੇ ਮਨੁੱਖਤਾ ਵਿਚ ਮਨੁੱਖੀ ਕਦਰਾਂ ਕੀਮਤਾਂ ਦਾ ਨਿਰਮਾਣ ਕੀਤਾ ਹੈ।
ਦੁੱਖਾਂ ਨੇ ਹੀ ਸੁਖਾਂ ਦੇ ਅਰਥ ਨਿਰਧਾਰਤ ਕੀਤੇ ਹਨ।
ਭੋਜਨ ਹੋਣਾ ਪਰ ਭੁੱਖ ਨਾ ਹੋਣੀ, ਭੁੱਖ ਹੋਣੀ ਪਰ ਭੋਜਨ ਨਾ ਹੋਣਾ ਆਦਿ ਦੁੱਖ ਦੀਆਂ ਸਧਾਰਨ ਉਦਾਹਰਣਾਂ ਹਨ। ਵੱਡੇ ਵਿਅਕਤੀਆਂ ਦੇ ਦੁੱਖ ਵੱਡੇ ਹੁੰਦੇ ਹਨ। ਕੋਈ ਵੀ ਦੁੱਖ ਅਜਿਹਾ ਨਹੀਂ ਜਿਸ ਨੂੰ ਮਨੁੱਖ ਬਰਦਾਸ਼ਤ ਨਾ ਕਰ ਸਕੇ, ਪਰ ਵੇਖਣਾ ਇਹ ਹੈ ਕਿ ਦੁੱਖ ਨਾਲ ਵਿਅਕਤੀ ਡੁੱਬਦਾ ਹੈ ਜਾਂ ਦੁੱਖ ਦੀ ਸਵਾਰੀ ਕਰਦਾ ਹੈ।
ਜੇਕਰ ਅਸੀਂ ਸਾਰੇ ਆਪਣੇ ਦੁੱਖਾਂ ਨੂੰ ਇਕ ਥਾਂ ਇਕੱਠੇ ਕਰ ਦੇਈਏ ਤੇ ਸਭ ਨੂੰ ਬਰਾਬਰ ਵੰਡਣ ਦਾ ਯਤਨ ਕਰੀਏ ਤਾਂ ਲਗਭਗ ਸਾਰੇ ਆਪਣੇ ਆਪਣੇ ਦੁੱਖ ਵਾਪਸ ਲੈ ਕੇ ਖੁਸ਼ ਹੋ ਜਾਣਗੇ।
ਮਨੋਵਿਗਿਆਨਕ ਤੌਰ ਉਤੇ ਦੂਜਿਆਂ ਦੇ ਦੁੱਖ ਸਾਨੂੰ ਆਪਣੇ ਦੁੱਖ ਬਰਦਾਸ਼ਤ ਕਰਨ ਵਿਚ ਸਹਾਈ ਹੁੰਦੇ ਹਨ। ਮਹਾਨ ਦੁੱਖਾਂ ਵਿਚ ਮਹਾਨ ਨਾਇਕ ਸਿਰਜਣ ਦੀ ਸਮਰਥਾ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਦੁੱਖ ਮਈ ਸਥਿਤੀਆਂ ਵਿਚੋਂ ਉਪਜੀ ਇਕ ਸ਼ਾਂਤ ਨਾਇਕ-ਆਤਮਾ ਸਨ।
ਡੁੱਬ ਰਹੇ ਬੱਚਿਆਂ ਨੂੰ ਬਚਾਉਂਦਾ ਜਦੋਂ ਇਕ ਸਧਾਰਨ ਵਿਅਕਤੀ ਆਪ ਡੁੱਬ ਜਾਂਦਾ ਹੈ ਤਾਂ ਉਹ ਤਿਆਗ ਅਤੇ ਕੁਰਬਾਨੀ ਦੀਆਂ ਨਵੀਆਂ ਸਿਖਰਾਂ ਛੋਹ ਜਾਂਦਾ ਹੈ।
ਦੁੱਖ ਸਿਰਜਣਾਤਮਕ ਸ਼ਕਤੀ ਦਾ ਸਰੋਤ ਹਨ। ਇਸ ਵਿਚ ਮਨੁੱਖ ਦੀ ਅਸਲੀ ਧਾਤ ਪਛਾਣੀ ਜਾਂਦੀ ਹੈ। ਪੋਰਸ ਵੱਲੋਂ ਸਿਕੰਦਰ ਨੂੰ ਦਿੱਤਾ ਜਵਾਬ ਦੁੱਖ ਦੀ ਕੁੱਖ ਵਿਚੋਂ ਸੂਰਜ ਵਾਂਗ ਉਗਮਿਆ, ਇਕ ਅਜਿਹਾ ਵਾਕ ਸੀ ਜਿਸ ਨੇ ਜਿੱਤੇ ਹੋਏ ਸਿਕੰਦਰ ਦੇ ਮੁਕਾਬਲੇ ਹਾਰੇ ਹੋਏ ਪੋਰਸ ਨੂੰ ਮਹਾਨ ਬਣਾ ਦਿੱਤਾ।
ਦੁੱਖ ਬਰਦਾਸ਼ਤ ਕਰਨ ਨਾਲ ਸਾਡੀ ਦੁੱਖ ਬਰਦਾਸ਼ਤ ਕਰਨ ਦੀ ਸਮਰਥਾ ਵੱਧਦੀ ਹੈ। ਦੁੱਖਾਂ ਦੇ ਬਰਦਾਸ਼ਤ ਕੀਤੇ ਜਾਣ ਨੂੰ ਨੇਮਬਧ ਕਰਨ ਲਈ ਮਨੁੱਖ ਨੇ ਕਈ ਰਸਮਾਂ-ਰੀਤਾਂ ਦਾ ਨਿਰਮਾਣ ਕੀਤਾ ਹੈ। ਕਿਹਾ ਜਾਂਦਾ ਹੈ ਕਿ ਦੁੱਖ ਇਕੱਲੇ ਨਹੀਂ ਆਉਂਦੇ ਪਰ ਇਹ ਵੀ ਕਿਹਾ ਜਾਂਦਾ ਹੈ ਕਿ ਪਤਝੜ ਮਗਰੋਂ ਬਹਾਰ ਨੇ ਆਉਣਾ ਹੀ ਆਉਣਾ ਹੈ ਅਰਥਾਤ ਦੁੱਖ ਸੁਖ ਇਕ ਦੂਜੇ ਨਾਲ ਲੁਕਣ ਮੀਚੀ ਖੇਡਦੇ ਹੀ ਰਹਿੰਦੇ ਹਨ।
ਸਵੈ-ਵਿਰੋਧੀ ਸ਼ਕਤੀਆਂ ਜ਼ਿੰਦਗੀ ਨੂੰ ਚਲਦੇ ਰੱਖਣ ਵਿਚ ਸਹਾਈ ਹੁੰਦੀਆਂ ਹਨ। ਜਿਵੇਂ ਅੰਤਾਂ ਦੀ ਖੁਸ਼ੀ ਸ਼ਬਦਾਂ ਵਿਚ ਨਹੀਂ ਪ੍ਰਗਟਾਈ ਜਾ ਸਕਦੀ, ਇਵੇਂ ਹੀ ਅੰਤਾਂ ਦੇ ਦੁੱਖ ਸਮੇਂ ਸਧਾਰਨ ਬੋਲੀ ਨੂੰ ਆਪਣੇ ਪ੍ਰਗਟਾਵੇ ਦਾ ਸਾਧਨ ਨਹੀਂ ਬਣਾਇਆ ਜਾ ਸਕਦਾ।
ਦੂਜਿਆਂ ਦੇ ਦੁਖੜੇ ਸੁਣ ਕੇ ਸਾਨੂੰ ਇਕ ਵਿਸ਼ੇਸ਼ ਪ੍ਰਕਾਰ ਦੀ ਢਾਰਸ ਮਿਲਦੀ ਹੈ। ਕਿਸੇ ਦਾ ਬੱਚਾ ਡੁੱਬ ਕੇ ਮਰਨ ਦੀ ਖ਼ਬਰ ਨਾਲ ਸਾਨੂੰ ਆਪਣੇ ਬੱਚੇ ਵਧੇਰੇ ਪਿਆਰੇ ਲੱਗਣ ਲੱਗ ਪੈਂਦੇ ਹਨ। ਕਿਸੇ ਵਿਧਵਾ ਨੂੰ ਵੇਖ ਕੇ ਆਪਣਾ ਪਤੀ ਵਧੇਰੇ ਚੰਗਾ ਲੱਗਣ ਲੱਗ ਪੈਂਦਾ ਹੈ। ਕਿਸੇ ਦੀ ਪਤਨੀ ਦੀ ਮੌਤ ਦੀ ਖ਼ਬਰ ਸੁਣ ਕੇ ਸਾਨੂੰ ਆਪਣੀ ਪਤਨੀ ਦੁਬਾਰਾ ਪ੍ਰਾਪਤ ਹੋਈ ਪ੍ਰਤੀਤ ਹੋਣ ਲੱਗ ਪੈਂਦੀ ਹੈ।
ਦੁੱਖ ਨਾਲ ਮਨੁੱਖ ਵਿਚ ਕੰਮ ਕਰਨ ਲਈ ਉਤਸਾਹ ਪੈਦਾ ਹੁੰਦਾ ਹੈ, ਪਰ ਇਹ ਸੰਭਵ ਤਾਂ ਹੈ ਜੇ ਉਸ ਸਾਹਮਣੇ ਕੋਈ ਉਦੇਸ਼ ਹੋਵੇ। ਦੁੱਖ ਨੂੰ ਭੁਲਾਉਣ ਤੇ ਘਟਾਉਣ ਦਾ ਉੱਤਮ ਢੰਗ ਆਪਣੇ ਆਪ ਨੂੰ ਕੰਮ ਵਿਚ ਲਾਉਣਾ ਹੈ ਅਰਥਾਤ ਮਨ ਵਿਚ ਪੈਦਾ ਹੋਏ ਖਾਲੀਪਣ ਨੂੰ ਕੰਮ ਦੀ ਸੰਤੁਸ਼ਟਤਾ ਨਾਲ ਭਰਨਾ ਹੈ।
ਇਕ ਗਰਭਵਤੀ ਔਰਤ ਕਿਸ ਦੀ ਮੌਤ ਉਤੇ ਇਸ ਲਈ ਸਬਰ ਸੰਤੋਖ ਕਰ ਲੈਂਦੀ ਹੈ ਕਿਉਂਕਿ ਉਸ ਨੂੰ ਆਪਣਾ ਆਪ ਭਰਿਆ ਭਰਿਆ ਲਗਦਾ ਹੈ।
ਦੁੱਖ ਸਮੇਂ ਸਾਡਾ ਵਰਤਾਰਾ, ਸਾਡੀ ਸ਼ਖਸੀਅਤ ਦੀ ਕਿਸਮ, ਪੱਧਰ, ਡੂੰਘਾਈ ਤੇ ਵਿਸ਼ਾਲਤਾ ਨੂੰ ਨਿਰਧਾਰਤ ਕਰਦਾ ਹੈ। ਦੁੱਖ ਵਿਚ ਅਚਾਨਕ ਇਕੱਲੇ ਰਹਿ ਜਾਣ ਦਾ ਅਨੁਭਵ ਹੁੰਦਾ ਹੈ। ਇਸ ਸਮੇਂ ਸਾਡੀ ਸ਼ਖਸੀਅਤ ਦੇ ਕਈ ਟੋਏ ਟਿੱਬੇ ਪੱਧਰੇ ਹੋ ਜਾਂਦੇ ਹਨ।
ਦੁੱਖ ਵਿਚ ਅਸੀਂ ਸਾਰੇ ਸਾਊ ਤੇ ਸਭਿਅਕ ਭਾਸ਼ਾ ਬੋਲਦੇ ਹਾਂ ਅਤੇ ਆਪਣੀਆਂ ਪਦਵੀਆਂ ਦੇ ਆਧਾਰ ਉਤੇ ਨਹੀਂ, ਮਨੁੱਖਤਾ ਦੀ ਪੱਧਰ ਉਤੇ ਇਕ ਦੂਜੇ ਨਾਲ ਵਿਚਰਦੇ ਹਾਂ। ਇਨ੍ਹਾਂ ਪਲਾਂ ਵਿਚ ਸਾਨੂੰ ਗਿਆਨ ਹੋ ਜਾਂਦਾ ਹੈ ਕਿ ਮਨੁੱਖ ਦੀ ਹੋਣੀ ਵਿਚ ਅੰਤ ਨੂੰ ਦੁੱਖ ਹੈ। ਦੁੱਖ ਇਕ ਸਦੀਵੀ ਤੇ ਸਰਵ-ਵਿਆਪਕ ਅਨੁਭਵ ਹੈ, ਜਦੋਂ ਕਿ ਸੁਖ ਛਿੰਨ-ਭੰਗਰ ਦਾ ਭੁਲੇਖਾ ਬਣ ਕੇ ਰਹਿ ਜਾਂਦਾ ਹੈ। ਰੋਣ ਨਾਲ ਸਾਡੀ ਰੂਹ ਧੋਤੀ ਜਾਂਦੀ ਹੈ। ਦੁੱਖ ਵਿਚ ਛੋਟੀ ਤੋਂ ਛੋਟੀ ਆਸ ਵੀ ਸੂਰਜ ਦਾ ਦਰਜਾ ਰੱਖਦੀ ਹੈ।
ਗੁੱਸਾ ਦੁੱਖ ਦਾ ਹੋਛਾ ਰੂਪ ਹੁੰਦਾ ਹੈ। ਦੁੱਖ ਸਾਨੂੰ ਦੂਜਿਆਂ ਨਾਲ ਜੋੜਦਾ ਹੈ ਜਦੋਂ ਕਿ ਗੁੱਸਾ ਸਾਨੂੰ ਨਿਖੇੜਦਾ ਹੈ।
ਇਹ ਦੁੱਖ ਦੀ ਪੱਧਰ ਸਾਡੀ ਸ਼ਖਸੀਅਤ ਉਤੇ ਨਿਰਭਰ ਕਰਦਾ ਹੈ ਕਿ ਅਸੀਂ ਦੁਸ਼ਮਣ ਨੂੰ ਤਬਾਹ ਕਰਨ ਦੇ ਮਨਸੂਬੇ ਬਣਾਉਂਦੇ ਹਾਂ ਕਿ ਉਸ ਨੂੰ ਮੁਆਫ਼ ਕਰ ਦਿੰਦੇ ਹਾਂ। ਅਸੀਂ ਸਾਰੇ ਇਸ ਭਰਮ ਦਾ ਸ਼ਿਕਾਰ ਹਾਂ ਕਿ ਸਾਡੇ ਦੁੱਖਾਂ ਜਿਹਾ ਕੋਈ ਦੁੱਖ ਨਹੀਂ। ਸੱਚ ਤਾਂ ਇਹ ਹੈ ਕਿ ਸਾਡੇ ਨੈਣ-ਨਕਸ਼ਾਂ ਵਾਂਗ ਸਾਡੇ ਦੁੱਖਾਂ ਦੀ ਵੀ ਆਪਣੀ ਹੀ ਕਿਸਮ ਹੁੰਦੀ ਹੈ।
ਸਭ ਤੋਂ ਵਧੇਰੇ ਅਸਹਿ ਦੁੱਖ ਅਕ੍ਰਿਤਘਣਤਾਂ ਵਿਚੋਂ ਜਨਮਦੇ ਹਨ।
ਬੇਵਫ਼ਾਈ, ਖ਼ੁਦਕੁਸ਼ੀ, ਤਲਾਕ ਆਦਿ ਅਕ੍ਰਿਤਘਣਤਾ ਦੀਆਂ ਉਦਾਹਰਣਾਂ ਹਨ।
ਦੁਸ਼ਮਣਾਂ ਦੇ ਪੱਥਰ ਅਸੀਂ ਖਿੜੇ ਮੱਥੇ ਬਰਦਾਸ਼ਤ ਕਰ ਲੈਂਦੇ ਹਾਂ ਪਰ ਸੱਜਣਾਂ ਦੇ ਫੁੱਲ ਲੱਗਣ ਨਾਲ ਵੀ ਸਾਡੀ ਰੂਹ ਅੰਬਰਾਂ ਤਕ ਕੁਰਲਾ ਉਠਦੀ ਹੈ।
ਆਪਣੇ ਆਪਣੇ ਦੁੱਖ ਦੀਆਂ ਗੱਲਾਂ ਕਰ ਕੇ ਭਾਵੇਂ ਦੁੱਖ ਕਿਸੇ ਨਾਲ ਵੰਡਾਇਆ ਨਹੀਂ ਜਾ ਸਕਦਾ ਪਰ ਬਹੁਤ ਸਾਰੇ ਵਿਅਕਤੀ ਇਕ ਥਾਂ ਇਕੱਠੇ ਹੋ ਕੇ ਆਪਣੇ ਆਪਣੇ ਦੁਖ ਦੀਆਂ ਗੱਲਾਂ ਕਰਕੇ ਇਹ ਭੁਲੇਖਾ ਉਸਾਰਦੇ ਹਨ ਕਿ ਸਾਰੇ ਹੀ ਦੁਖੀ ਹਨ, ਸੋ ਦੁੱਖ ਨੂੰ ਬਰਦਾਸ਼ਤ ਕਰਨਾ ਚਾਹੀਦਾ ਹੈ।
ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਦੁੱਖਮਈ ਸਥਿਤੀਆਂ ਦਾ ਵਧੇਰੇ ਸਾਹਮਣਾ ਕਰਨਾ ਪੈਂਦਾ ਹੈ। ਇਸੇ ਲਈ ਉਹ ਪਿਆਰ, ਸਨੇਹ ਤੇ ਹਮਦਰਦੀ ਦੀਆਂ ਪ੍ਰਤੀਕ ਹਨ।
ਦੁੱਖ ਜੀਵਨ ਦਾ ਇਕ ਸੁਭਾਵਕ ਅਨੁਭਵ ਹੈ। ਇਸ ਤੋਂ ਬਚਣ ਦੀ ਥਾਂ ਇਸ ਨੂੰ ਹੰਢਾਉਣ ਦਾ ਜਿਗਰਾ ਅਤੇ ਹੌਸਲਾ ਉਸਾਰਨਾ ਚਾਹੀਦਾ ਹੈ। ਰੁੱਸਣਾ ਨਰਿੰਦਰ ਸਿੰਘ ਕਪੂਰ ਰੁੱਸਣਾ ਕਿਸੇ ਸਥਿਤੀ ਜਾਂ ਵਿਅਕਤੀ ਪ੍ਰਤੀ ਬੇਮੁਖਤਾ ਦਾ ਪ੍ਰਗਟਾਵਾ ਹੁੰਦਾ ਹੈ। ਹਰ ਇਕ ਵਿਅਕਤੀ ਜੀਵਨ ਵਿਚ ਅਨੇਕਾਂ ਵਾਰੀ ਰੁੱਸਦਾ ਹੈ। ਕਈ ਰੋਸੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਅਸੀਂ ਚੁੱਪ ਗੜੁੱਪ ਹੋ ਜਾਂਦੇ ਹਾਂ ਤੇ ਅੰਦਰੋਂ ਅੰਦਰ ਧੁਖਦੇ ਰਹਿੰਦੇ ਹਾਂ ਅਤੇ ਕਈ ਰੋਸੇ ਅਜਿਹੇ ਹੁੰਦੇ ਹਨ ਜਿਨ੍ਹਾਂ ਕਾਰਨ ਅਸੀਂ ਹਰ ਵੇਲੇ ਆਪਣੇ ਨਾਲ ਹੋਈ ਵਧੀਕੀ ਦੀ ਕਹਾਣੀ ਦੂਜਿਆਂ ਨੂੰ ਸੁਣਾਉਂਦੇ ਰਹਿੰਦੇ ਹਾਂ।