ਦੋਸਤੀ
ਨਰਿੰਦਰ ਸਿੰਘ ਕਪੂਰ
ਦੋਸਤ ਅਤੇ ਦੁਸ਼ਮਣ ਦੋਵੇਂ ਦੁੱਖ ਦਿੰਦੇ ਹਨ, ਦੋਸਤ ਵਿਛੜ ਕੇ ਦੁੱਖ ਦਿੰਦੇ ਹਨ ਅਤੇ ਦੁਸ਼ਮਣ ਮਿਲ ਕੇ ਦੁੱਖ ਦਿੰਦੇ ਹਨ
ਦੋਸਤੀ ਦਾ ਦਾਅਵਾ ਤਾਂ ਸਾਰੇ ਕਰਦੇ ਹਨ ਪਰ ਤਰਬੂਜ਼ ਵਾਂਗ ਕੋਈ ਕੋਈ ਦੋਸਤ ਹੀ ਮਿੱਠਾ ਹੁੰਦਾ ਹੈ। ਸਾਡੀ ਖੁਸ਼ਹਾਲੀ ਦੇ ਦਿਨਾਂ ਵਿਚ ਸਾਨੂੰ ਦੋਸਤ ਮਿਲਦੇ ਹਨ ਤੇ ਮੁਸੀਬਤ ਵੇਲੇ ਪਰਖੇ ਜਾਂਦੇ ਹਨ।
ਆਪਣੇ ਆਪ ਨੂੰ ਪਛਾਣਨ ਲਈ ਦੋਸਤਾਂ ਦੀ ਹੋਂਦ ਜ਼ਰੂਰੀ ਹੈ। ਕਿਸੇ ਵਿਅਕਤੀ ਦੇ ਕਾਹਲੇ ਤੇ ਚਿੜਚਿੜੇ ਸੁਭਾ ਦਾ ਅਸਲ ਕਾਰਨ ਇਹ ਹੁੰਦਾ ਹੈ ਕਿ ਉਸ ਨੂੰ ਦੋਸਤ ਨਹੀਂ ਮਿਲੇ। ਸਾਡੀ ਸ਼ਖਸੀਅਤ ਲਈ ਸਾਡੇ ਦੋਸਤ ਦਾ ਉਹੀ ਰੋਲ ਹੁੰਦਾ ਹੈ ਜੋ ਸਾਡੀ ਬਿਮਾਰੀ ਦੀ ਹਾਲਤ ਵਿਚ ਡਾਕਟਰ ਦਾ। ਸਾਡੇ ਦੋਸਤ ਦਾ ਪਹਿਲਾ ਕੰਮ ਇਹ ਹੈ ਕਿ ਉਹ ਸਾਨੂੰ ਉਲਾਰ ਨਾ ਹੋਣ ਦੇਵੇ। ਇਵੇਂ ਦੋਸਤ ਸਾਡੀ ਹੀ ਤੱਕੜੀ ਦਾ ਦੂਜਾ ਛਾਬਾ ਹੁੰਦਾ ਹੈ।
ਸਾਡੇ ਦੋਸਤ ਸਾਡੇ ਆਪਣੇ ਵਿਚਾਰਾਂ ਦੇ ਪੱਕਣ ਤੇ ਸਾਡੀ ਸ਼ਖਸੀਅਤ ਦੇ ਰਸਣ ਵਿਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ, ਕਿਉਂਕਿ ਆਪਣੇ ਵਿਚਾਰਾਂ ਦਾ ਸਭ ਤੋਂ ਪਹਿਲਾ ਪ੍ਰਗਟਾਵਾ ਅਸੀਂ ਆਪਣੇ ਦੋਸਤਾਂ ਸਾਹਮਣੇ ਹੀ ਕਰਦੇ ਹਾਂ।
ਦੋਸਤੀ ਵਿਚ ਲੋਕਤੰਤਰਕ ਰਿਸ਼ਤਾ ਹੈ। ਅਸੀਂ ਜੀਵਨ ਵਿਚ ਤਿੰਨ ਪ੍ਰਕਾਰ ਦੇ ਲੋਕਾਂ ਨੂੰ ਮਿਲਦੇ ਹਾਂ, ਆਪਣੇ ਤੋਂ ਉੱਚਿਆਂ ਨੂੰ, ਆਪਣੇ ਵਰਗਿਆਂ ਨੂੰ ਤੇ ਆਪਣੇ ਤੋਂ ਨੀਵਿਆਂ ਨੂੰ। ਦੋਸਤ ਸਾਡੇ ਵਰਗੇ ਹੁੰਦੇ ਹਨ।
ਦੋਸਤ ਸਾਡੀ ਮੈਂ ਦਾ ਹੀ ਇਕ ਹੋਰ ਰੂਪ ਹੁੰਦੇ ਹਨ। ਦੋਸਤ ਇਕ ਹੀ ਦੀਵੇ ਵਿਚੋਂ ਬਲਨ ਵਾਲੀਆਂ ਦੋ ਬੱਤੀਆਂ ਹਨ।
ਇੱਕ ਦੋਸਤ ਹੀ ਕਾਫੀ ਹੁੰਦਾ ਹੈ, ਦੋ ਦੋਸਤਾਂ ਜਿਹੀ ਕੋਈ ਰੀਸ ਨਹੀਂ, ਤਿੰਨ ਦੋਸਤ ਕਰਮਾਂ ਵਾਲਿਆਂ ਦੇ ਹੁੰਦੇ ਹਨ, ਚਾਰ ਦੋਸਤ ਸੰਭਵ ਨਹੀਂ। ਆਪਣੇ ਆਪ ਸੋਚੋ, ਕੀ ਕੁਝ ਅਜਿਹਾ ਹੈ ਜੋ ਤੁਸੀਂ ਇਸ ਕਰ ਕੇ ਕਰਦੇ ਹੋ, ਕਿਉਂਕਿ ਉਹ ਤੁਹਾਡੇ ਦੋਸਤ ਨੂੰ ਚੰਗਾ ਲਗਦਾ ਹੈ ਜਾਂ ਕੁਝ ਅਜਿਹਾ ਹੈ ਜੋ ਤੁਸੀਂ ਇਸ ਲਈ ਨਹੀਂ ਕਰਦੇ ਕਿਉਂਕਿ ਉਹ ਤੁਹਾਡੇ ਦੋਸਤ ਨੂੰ ਚੰਗਾ ਨਹੀਂ ਲੱਗਦਾ।
ਸਾਡੇ ਸਾਰੇ ਰਿਸ਼ਤੇ ਸਮਾਜ ਜਾਂ ਸਾਡੇ ਮਾਪੇ ਨਿਸ਼ਚਿਤ ਕਰਦੇ ਹਨ, ਦੋਸਤੀ ਸਾਡਾ ਆਪ ਸਿਰਜਿਆ ਹੋਇਆ ਰਿਸ਼ਤਾ ਹੁੰਦੀ ਹੈ। ਅੰਤਮ ਨਿਰਣੇ ਅਨੁਸਾਰ ਸਾਨੂੰ ਓਹੀ ਦੋਸਤ ਮਿਲਦੇ ਹਨ, ਜਿਨ੍ਹਾਂ ਦੇ ਅਸੀਂ ਯੋਗ ਹੁੰਦੇ ਹਾਂ। ਚੜ੍ਹਦੀ ਜਵਾਨੀ ਵਿਚ ਦੋਸਤੀਆਂ ਪੈਂਦੀਆਂ ਹਨ। ਦੋਹਾਂ ਧਿਰਾਂ ਦੇ ਵਿਕਾਸ ਕਰਨ ਨਾਲ ਦੋਸਤੀਆਂ ਵਿਕਾਸ ਕਰਦੀਆਂ ਹਨ। ਜਿਸ ਧਿਰ ਦਾ ਵਿਕਾਸ ਰੁਕ ਜਾਵੇ, ਉਸ ਧਿਰ ਦੇ ਖ਼ਾਰਜ ਹੋਣ ਦੀ ਕਿਰਿਆ ਸ਼ੁਰੂ ਹੋ ਜਾਂਦੀ ਹੈ। ਦੋਸਤੀ ਦੋ ਬਰਾਬਰ ਧਿਰਾਂ ਵਿਚ ਹੀ ਸੰਭਵ ਹੁੰਦੀ ਹੈ। ਜਿਥੇ ਇਕ ਦੋਸਤ ਦੀਆਂ ਕੀਤੀਆਂ ਦਾ ਬਦਲਾ ਚੁਕਾਉਣ ਦੀ ਸਮਰਥਾ ਜਾਂ ਸੰਭਾਵਨਾ ਨਾ ਹੋਏ ਉਥੇ ਦੋਸਤੀ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਦੋਵੇਂ ਧਿਰਾਂ ਉਚੇਚ ਦਾ ਸ਼ਿਕਾਰ ਹੋ ਜਾਂਦੀਆਂ ਹਨ। ਦੋਸਤੀ ਇਕ ਅਜਿਹਾ ਵਾਤਾਵਰਨ ਹੈ, ਜਿਸ ਵਿਚ ਸੰਪੂਰਨ ਸੁਰੱਖਿਆ ਦਾ ਅਨੁਭਵ ਹੋਵੇ ਤੇ ਕਿਸੇ ਵੀ ਹੋਰ ਥਾਂ ਦੇ ਮੁਕਾਬਲੇ ਸਾਹ ਸੌਖਾ ਆਏ।
ਦੋਸਤ ਅਤੇ ਦੁਸ਼ਮਣ ਵਿਚ ਮੁਸਕਰਾਹਟ ਤੇ ਤਿਊੜੀ ਵਾਲਾ ਅੰਤਰ ਹੁੰਦਾ ਹੈ। ਉਚੇਚ ਦਾ ਸ਼ਿਕਾਰ ਹੋਈ ਦੋਸਤੀ ਚ ਸਾਹ ਲੈਣਾ ਔਖਾ ਹੋ ਜਾਂਦਾ ਹੈ। ਦੋਸਤੀ ਨੂੰ ਘੁਣ ਉਦੋਂ ਲਗਦਾ ਹੈ ਜਦੋਂ ਉਸ ਵਿਚ ਅਜਿਹੇ ਛੋਟੇ-ਛੋਟੇ ਦੇਸ਼ ਉਪਜ ਪੈਣ ਕਿ ਉਨ੍ਹਾਂ ਦੀ ਸ਼ਿਕਾਇਤ ਕਰਨੀ ਠੀਕ ਪ੍ਰਤੀਤ ਨਾ ਹੋਏ ਪਰ ਇਹ ਦੇਸ਼ ਇਤਨੇ ਵਧ ਜਾਣ ਕਿ ਉਨ੍ਹਾਂ ਸਬੰਧੀ ਚੁੱਪ ਰਹਿਣਾ ਔਖਾ ਹੋ ਜਾਏ। ਰਾਜਨੀਤਿਕ ਸ਼ਕਤੀ ਵਾਲੇ ਵਿਅਕਤੀਆਂ ਵਿਚ ਦੋਸਤੀ ਸੰਭਵ ਨਹੀਂ ਹੁੰਦੀ ਕਿਉਂਕਿ ਕੁਰਸੀ ਉਤੇ ਬੈਠਾ ਹਾਕਮ ਬਾਕੀ ਸਾਰਿਆਂ ਨੂੰ ਆਪਣੇ ਦੁਸ਼ਮਣ ਮਿਥ ਲੈਂਦਾ ਹੈ ਤੇ ਉਨ੍ਹਾਂ ਨੂੰ ਮਜਬੂਰ ਕਰ ਦਿੰਦਾ ਹੈ ਕਿ ਉਹ ਦੁਸ਼ਮਣਾਂ ਵਾਂਗ ਵਿਚਰਨ। ਜੂਨੀਅਰ ਸੀਜਰ ਤੇ ਬਰੂਟਸ ਦੀ ਉਦਾਹਰਣ ਸਾਡੇ ਸਾਹਮਣੇ ਹੈ।
ਬੇਨੇਮੀ ਮਿਹਰਬਾਨੀ ਵੀ ਦੋਸਤੀ ਨੂੰ ਖਤਮ ਕਰਦੀ ਹੈ। ਸੁਦਾਮਾ ਜਦੋਂ ਆਪਣੇ ਦੋਸਤ ਕ੍ਰਿਸ਼ਨ ਕੋਲ ਗਿਆ ਤਾਂ ਉਸ ਦੀ ਦੋਸਤੀ ਦਾ ਦਾਅਵਾ ਅਸਲ ਵਿਚ ਦੋਸਤੀ ਦਾ ਵਾਸਤਾ ਸੀ। ਦੋਸਤੀ ਦੇ ਜਾਰੀ ਰੱਖਣ ਲਈ ਜ਼ਰੂਰੀ ਹੈ ਕਿ ਦੋਵਾਂ ਧਿਰਾਂ ਦੀ ਆਰਥਿਕ ਤੇ ਮਾਨਸਿਕ ਪੱਧਰ ਇਕ ਹੋਏ ਨਹੀਂ ਤਾਂ ਇਕ ਧਿਰ ਦੂਜੀ ਨੂੰ ਖਿੱਚ ਰਹੀ ਪ੍ਰਤੀਤ ਹੋਵੇਗੀ। ਦੋਸਤ ਨੇੜੇ ਨੇੜੇ ਉੱਗ ਰਹੇ ਦਰਖ਼ਤਾਂ ਵਾਂਗ ਹੁੰਦੇ ਹਨ, ਉਨ੍ਹਾਂ ਦਾ ਬਹੁਤ ਨੇੜੇ ਹੋਣਾ ਉਨ੍ਹਾਂ ਦੇ ਵਿਕਾਸ ਨੂੰ ਰੋਕ ਦੇਵੇਗਾ ਤੇ ਉਨ੍ਹਾਂ ਦਾ ਬਹੁਤ ਦੂਰ ਹੋਣਾ ਉਨ੍ਹਾਂ ਦੀ ਸਾਂਝ ਨੂੰ ਮੁਕਾ ਦੇਵੇਗਾ।
ਦੋਸਤੀ ਉਸ ਵਾਤਾਵਰਨ ਵਿਚ ਪੈਂਦੀ ਹੈ ਜਿਸ ਵਿਚ ਦੋਵੇਂ ਧਿਰਾਂ ਸਾਂਝੇ ਮੁਕਾਬਲੇ ਤੋਂ ਮੁਕਤ ਹੋਣ। ਜਮਾਤੀਆਂ ਦੀ ਦੋਸਤੀ ਜਾਂ ਇਕ ਦਫ਼ਤਰ ਵਿਚ ਕੰਮ ਕਰਦੇ ਕਰਮਚਾਰੀਆਂ ਦੀ ਦੋਸਤੀ ਦੋਸਤੀ ਨਹੀਂ ਹੁੰਦੀ, ਇਹ ਅਸਲ ਵਿਚ ਸਾਂਝੇ ਦੁਸ਼ਮਣ ਵਿਰੋਧੀ ਮੋਰਚੇ ਬੰਦੀ ਹੁੰਦੀ ਹੈ। ਇਕ ਡਾਕਟਰ ਤੇ ਇੰਜੀਨੀਅਰ ਦੋਸਤ ਹੋ ਸਕਦੇ ਹਨ, ਦੋ ਡਾਕਟਰ ਜਾਂ ਦੋ ਇੰਜੀਨੀਅਰ ਨਹੀਂ। ਨਿਕੰਮੇ ਲੋਕ ਦੋਸਤੀ ਨੂੰ ਮਿਲਣ ਵਾਲੇ ਲਾਭਾਂ ਨਾਲ ਮਿਣਦੇ ਹਨ ਜਦੋਂ ਕਿ ਦੋਸਤੀ ਪ੍ਰਾਪਤੀ ਦਾ ਨਹੀਂ ਤਿਆਗ ਦਾ ਰਿਸ਼ਤਾ ਹੈ।
ਦੋਸਤੀ ਦਾ ਸਮੁੱਚਾ ਸੰਕਲਪ ਸਾਮੰਤਵਾਦੀ ਯੁਗ ਦੀ ਦੇਣ ਹੈ। ਪੂੰਜੀਵਾਦ ਨੇ ਹਰ ਖੇਤਰ ਵਿਚ ਤੇ ਹਰ ਵਿਅਕਤੀ ਵਿਚ ਮੁਕਾਬਲੇ ਅਤੇ ਸੁਆਰਥ ਦੀ ਰੁਚੀ ਇਸ ਹੱਦ ਤੱਕ ਬਲਵਾਨ ਕਰ ਦਿੱਤੀ ਹੈ ਕਿ ਦੋਸਤੀ ਜਿਹਾ ਸੁਭਾਵਕ ਰਿਸ਼ਤਾ ਇਕ ਅਜੂਬਾ ਬਣ ਗਿਆ ਹੈ।
ਬਹੁਤ ਸਾਰੀਆਂ ਅਜੋਕੀਆਂ ਮਾਨਸਿਕ ਬਿਮਾਰੀਆਂ ਦਾ ਕਾਰਨ ਇਹ ਹੈ ਕਿ ਆਪਣੇ ਦਿਲ ਦੀ ਵੇਦਨਾ ਦੱਸਣ ਲਈ ਸਾਡਾ ਕੋਈ ਦੋਸਤ ਨਹੀਂ। ਜੋ ਕੁਝ ਇਕ ਦੋਸਤ ਨੂੰ ਦੂਜੇ ਲਈ ਆਪ-ਮੁਹਾਰੇ ਕਰਨਾ ਚਾਹੀਦਾ ਹੈ, ਉਸ ਦੀ ਹੁਣ ਅਖ਼ਬਾਰਾਂ ਵਿਚ ਖ਼ਬਰ ਛਪਦੀ ਹੈ।
ਦੋਸਤਾਂ ਨੂੰ ਦੱਸਿਆਂ ਸਾਡੀਆਂ ਖੁਸ਼ੀਆਂ ਵਧਣੀਆਂ ਚਾਹੀਦੀਆਂ ਹਨ, ਉਨ੍ਹਾਂ ਨਾਲ ਵੰਡਿਆਂ ਸਾਡੇ ਦੁੱਖ ਘਟਣੇ ਚਾਹੀਦੇ ਹਨ। ਪਰ ਸਾਡੀਆਂ ਅਜੋਕੀਆਂ ਨਿਜੀ ਸਮੱਸਿਆਵਾਂ ਬਹੁਤ ਕਰ ਕੇ ਸਾਡੇ ਦੋਸਤਾਂ ਦੀਆਂ ਮਿਹਰਬਾਨੀਆਂ ਸਦਕਾ ਹੀ ਹੁੰਦੀਆਂ ਹਨ।
ਪੱਕੇ ਦੁਸ਼ਮਣ ਬਣ ਹੀ ਉਹ ਸਕਦੇ ਹਨ, ਜੋ ਕਿਸੇ ਸਮੇਂ ਪੱਕੇ ਦੋਸਤ ਰਹੇ ਹੋਣ।
ਪੰਜਵਾਦ ਹਰ ਵਸਤ ਤੇ ਰਿਸ਼ਤੇ ਨੂੰ ਪੈਸੇ ਦੀ ਤੱਕੜੀ ਵਿਚ ਤੋਲਦਾ ਹੈ। ਸੱਚ ਤਾਂ ਇਹ ਹੈ ਕਿ ਅਜੋਕੇ ਯੁਗ ਵਿਚ ਦੋਸਤੀ ਸੰਭਵ ਹੀ ਨਹੀਂ। ਰਾਜਨੀਤੀ ਵੀ ‘ਮੇਰੇ ਦੁਸ਼ਮਣ ਦਾ ਦੁਸ਼ਮਣ ਮੇਰਾ ਦੋਸਤ ਹੈ’ ਦੇ ਅਸੂਲ ਉਤੇ ਉਸਰਦੀ ਜਾ ਰਹੀ ਹੈ। ਸਾਡੇ ਦੁਸ਼ਮਣ ਵਿਚ ਹੀ ਦੋਸਤ ਬਣਨ ਦੀਆਂ ਸੰਭਾਵਨਾਵਾਂ ਸੁੰਗੜ ਰਹੀਆਂ ਹਨ। ਇਸੇ ਕਰਕੇ ਦੁਸ਼ਮਣਾਂ ਵਰਗੇ ਦੋਸਤਾਂ ਤੋਂ ਬਚਣ ਦੇ ਨਵੇਂ ਤੋਂ ਨਵੇਂ ਸੰਕਲਪ ਉਸਰ ਰਹੇ ਹਨ, ਜਿਵੇਂ ਕਹਿੰਦੇ ਹਨ ਕਿ ਦੁਸ਼ਮਣ ਤੇ ਭਾਵੇਂ ਇਤਬਾਰ ਕਰ ਲਵੋ ਪਰ ਆਪਣੇ ਨਾਰਾਜ਼ ਦੋਸਤ ਉਤੇ ਨਹੀਂ। ਇਵੇਂ ਹੀ ਕਹਿੰਦੇ ਹਨ ਕਿ ਦੁਸ਼ਮਣ ਨੂੰ ਇੰਜ ਮਿਲੋ ਜਿਵੇਂ ਉਸ ਨੇ ਇਕ ਦਿਨ ਦੋਸਤ ਬਣ ਜਾਣਾ ਹੋਏ। ਇਹ ਵੀ ਕਿਹਾ ਜਾਂਦਾ ਹੈ ਕਿ ਅਹੁਦੇਦਾਰ ਦੋਸਤ ਤੇ ਕੁਆਰੇ ਦਾ ਵਿਆਹਿਆ ਦੋਸਤ ਦੋਸਤ ਨਹੀਂ ਰਹਿੰਦੇ। ਅਸੀਂ ਆਪਣੇ ਦੁਸ਼ਮਣਾਂ ਨੂੰ ਮਾਫ਼ ਕਰ ਸਕਦੇ ਹਾਂ ਆਪਣੇ ਦੋਸਤਾਂ ਨੂੰ ਨਹੀਂ। ਪੁਰਾਣੇ ਦੋਸਤ ਪੁਰਾਣੇ ਬੂਟਾਂ ਵਾਂਗ ਸੁਖਦਾਈ ਤਾਂ ਹੁੰਦੇ ਹਨ ਪਰ ਪੁਰਾਣੇ ਹੋਣ ਕਰਕੇ ਉਨ੍ਹਾਂ ਦਾ ਤਿਆਗ ਭਾਵੇਂ ਨਾ ਕਰੀਏ, ਪਰ ਉਨ੍ਹਾਂ ਦੀ ਵਰਤੋਂ ਘਟ ਜਾਂਦੀ ਹੈ।
ਮਹਿੰਗਾਈ ਦੇ ਜ਼ਮਾਨੇ ਵਿਚ ਦੋਸਤੀਆਂ ਵੀ ਮਹਿੰਗੀਆਂ ਹੋ ਜਾਂਦੀਆਂ ਹਨ। ਸਾਡਾ ਆਲਾ-ਦੁਆਲਾ ਇਸ ਹੱਦ ਤਕ ਭ੍ਰਿਸ਼ਟ ਗਿਆ ਹੈ ਕਿ ਅਸੀਂ ਸਾਰੇ ਕਿਸੇ ਸੱਚੇ ਮਿੱਤਰ ਨੂੰ ਮਿਲਣ ਲਈ ਸਹਿਕੇ ਹੋਏ ਫਿਰਦੇ ਹਾਂ। ਹੁਣ ਤਾਂ ਆਪਣੇ ਦੋਸਤਾਂ ਦੀਆਂ ਵਧੀਕੀਆਂ ਬਿਆਨ ਕਰਨ ਲਈ ਸਾਨੂੰ ਹੋਰ ਦੋਸਤਾਂ ਦੀ ਲੋੜ ਬਣੀ ਰਹਿੰਦੀ ਹੈ। ਸੱਚ ਤਾਂ ਇਹ ਹੈ ਕਿ ਦੋਸਤੀ ਨੂੰ ਜੀਵਤ ਰੱਖਣ ਲਈ ਬੜੀ ਮਿਹਨਤ ਤੇ ਗੁਣਾਂ ਦੀ ਲੋੜ ਹੈ ਅਤੇ ਦੋਸਤੀ ਦੇ ਵਿਕਾਸ ਤੇ ਵਾਧੇ ਲਈ ਕਈ ਸੰਕਟ ਲੋੜੀਂਦੇ ਹਨ। ਜਿਵੇਂ ਅਸੀਂ ਹੱਕਾਂ ਪ੍ਰਤੀ ਵਧੇਰੇ ਸੁਚੇਤ ਹੋ ਕੇ ਫਰਜ਼ਾਂ ਪ੍ਰਤੀ ਅਵੇਸਲੇ ਹੋ ਗਏ ਹਾਂ ਇਵੇਂ ਹੀ ਅਸੀਂ ਦੋਸਤਾਂ ਦੀਆਂ ਵਧੀਕੀਆਂ ਤਾਂ ਯਾਦ ਰੱਖਦੇ ਹਾਂ ਪਰ ਆਪਣੀਆਂ ਕੀਤੀਆਂ ਭੁੱਲ ਜਾਂਦੇ ਹਾਂ।
ਕਈ ਦੋਸਤੀਆਂ ਵਿਚ ਕੇਵਲ ਮੂਰਖਤਾ ਦੀ ਹੀ ਸਾਂਝ ਹੁੰਦੀ ਹੈ।
ਦੋਸਤੀ ਦੀਆਂ ਉਦਾਹਰਣਾਂ ਦੇਣ ਲਈ ਸਾਨੂੰ ਮਨੁੱਖੀ ਅਨੁਭਵ ਦੇ ਅਤੀਤ ਵਲ ਮੁੜਨਾ ਪੈਂਦਾ ਹੈ। ਇਕ ਵਾਰੀ ਰੋਮ ਵਿਚ ਇਕ ਮੁਜ਼ਰਿਮ ਨੂੰ ਬਾਦਸ਼ਾਹ ਨੇ ਪੁੱਛਿਆ ‘ਤੂੰ ਮੁੜ ਮੁੜ ਆਪਣੀ ਦੋਸਤੀ ਦਾ ਦਾਅਵਾ ਕਰ ਰਿਹਾ ਹੈਂ, ਦਸ ਤੂੰ ਆਪਣੇ ਦੋਸਤ ਵਾਸਤੇ ਕੀ ਕਰਨ ਲਈ ਤਿਆਰ ਹੈਂ?’ ਉੱਤਰ ਮਿਲਿਆ ‘ਸਭ ਕੁਝ’। ‘ਕੀ ਸਭ ਕੁਝ?’ ਫਿਰ ਉੱਤਰ ਮਿਲਿਆ ‘ਸਭ ਕੁਝ’। ਤਾਂ ਬਾਦਸ਼ਾਹ ਨੇ ਕਿਹਾ, ‘ਜੇ ਉਹ ਕਹੇ ਕਿ ਪਵਿੱਤਰ ਮੰਦਰਾਂ ਨੂੰ ਅੱਗ ਲਾ ਦੇ, ਕੀ ਤੂੰ ਇਵੇਂ ਹੀ ਕਰੇਂਗਾ ?’ ਉੱਤਰ ਮਿਲਿਆ, ‘ਮੈਂ ਆਪਣੇ ਦੋਸਤ ਨੂੰ ਜਾਣਦਾ ਹਾਂ, ਉਹ ਕਦੇ ਅਜਿਹਾ ਨਹੀਂ ਕਹੇਗਾ।’ ‘ਪਰ ਜੇ ਉਹ ਅਜਿਹਾ ਕਹੇ ਤਾਂ?’ ਦੋਸਤ ਨੇ ਬੜੇ ਮਾਣ ਨਾਲ ਕਿਹਾ ‘ਹਾਂ, ਉਹ ਦੇ ਕਹਿਆਂ ਮੈਂ ਪਵਿੱਤਰ ਮੰਦਰਾਂ ਨੂੰ ਵੀ ਅੱਗ ਲਾ ਦੇਵਾਂਗਾ।’ ਇਵੇਂ ਹੀ, ਇਕ ਹੀ ਸ਼ਹਿਰ ਵਿਚ ਹੜ੍ਹ ਵਿਚ ਘਿਰੇ ਦੋ ਦੋਸਤਾਂ ਨੇ ਤੀਜੇ ਨੂੰ ਬਹੁੜਨ ਲਈ ਸੁਨੇਹਾ ਭੇਜਿਆ ਤਾਂ ਵਿਚਾਰਾ ਤੀਜਾ ਦੋਸਤ ਇਸ ਦੁਚਿੱਤੀ ਵਿਚ ਹੀ ਪਾਗਲ ਹੋ ਗਿਆ ਕਿ ਪਹਿਲਾਂ ਕਿਸ ਵਲ ਜਾਵਾਂ। ਇਕ ਹੋਰ ਮਿਸਾਲ ਹੈ- ਇਕ ਦੋਸਤ ਨੇ ਮਰਨ ਲੱਗਿਆਂ ਕਿਹਾ, ‘ਆਪਣੀ ਮਾਂ ਦੀ ਦੇਖ-ਭਾਲ ਕਰਨ ਦਾ ਮਾਣ ਮੈਂ ਵੱਡੇ ਦੋਸਤ ਨੂੰ ਦਿੰਦਾ ਹਾਂ ਤੇ ਆਪਣੀ ਧੀ ਦਾ ਵਿਆਹ ਕਰਨ ਦਾ ਮਾਣ ਛੋਟੇ ਦੋਸਤ ਨੂੰ।’ ਇਸ ਮਾਣ ਭਰੇ ਦਾਅਵੇ ਉਤੇ ਲੋਕ ਤਾਂ ਹੱਸੇ ਪਰ ਦੋਸਤ ਖੁਸ਼ ਹੋਏ। ਛੋਟੇ ਦੋਸਤ ਨੇ ਆਪਣੀ ਧੀ ਤੇ ਦੋਸਤ ਦੀ ਧੀ ਦਾ ਇਕ ਹੀ ਦਿਹਾੜੇ ਆਪਣੀ ਅੱਧੀ ਅੱਧੀ ਜਾਇਦਾਦ ਦਾ ਦਾਜ ਦੇ ਕੇ ਵਿਆਹ ਕੀਤਾ। ਇਹਨਾਂ ਮਿਸਾਲਾਂ ਦਾ ਉਦੇਸ਼ ਇਹ ਦੱਸਣਾ ਹੈ ਕਿ ਦੋਸਤੀ ਕੀ ਹੋਇਆ ਕਰਦੀ ਸੀ ਤੇ ਅੱਜ ਕੱਲ੍ਹ ਕੀ ਬਣ ਗਈ ਹੈ।
ਦੋਸਤ ਇਕ ਅਜਿਹਾ ਵਿਅਕਤੀ ਹੁੰਦਾ ਹੈ ਜਿਸ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਦੋਸਤੀ ਵਿਚ ਮਦਦ ਕਰਨ ਵਾਲੇ ਦਾ ਧੰਨਵਾਦ ਨਹੀਂ ਕੀਤਾ ਜਾਂਦਾ, ਮਦਦ ਕਰਨ ਵਾਲਾ ਮਦਦ ਲੈਣ ਵਾਲੇ ਦਾ ਧੰਨਵਾਦ ਕਰਦਾ ਹੈ। ਇਕ ਵਾਰੀ ਜਦੋਂ ਫ਼ਿਲਾਸਫ਼ਰ ਡਾਇਓਜੀਨੀਸ ਨੂੰ ਮਾਲੀ ਸੰਕਟ ਆਣ ਬਣਿਆ ਤਾਂ ਉਸ ਨੇ ਆਪਣੀ ਪਤਨੀ ਨੂੰ ਕਿਹਾ, ‘ਆਪਣੇ ਦੋਸਤਾਂ ਕੋਲ ਚਲਿਆਂ ਹਾਂ ਉਨ੍ਹਾਂ ਤੋਂ ਆਪਣੇ ਪੈਸੇ ਲੈ ਆਵਾਂ।’
ਇਕ ਵਾਰੀ ਇਕ ਦੋਸਤ ਕੋਲ ਅਜਿਹਾ ਭੇਤ ਸੀ ਜਿਸ ਦੇ ਦੱਸਿਆਂ ਇਕ ਦੋਸਤ ਨੂੰ ਲਾਭ ਹੁੰਦਾ ਸੀ ਤੇ ਦੂਜੇ ਨੂੰ ਨੁਕਸਾਨ। ਅਜਿਹੀਆਂ ਸਥਿਤੀਆਂ ਵਿਚ ਹੀ ਦੋਸਤੀ ਪਰਖੀ ਜਾਂਦੀ ਹੈ।
ਪਿਆਰ ਅਸਲ ਵਿਚ ਖ਼ੂਬਸੂਰਤੀ ਦੀ ਭਾਵਨਾ ਵਿਚੋਂ ਉਪਜੀ ਦੋਸਤੀ ਹੁੰਦੀ ਹੈ। ਅਜੋਕੇ ਯੁਗ ਵਿਚ ਸੱਚਾਈ ਤੇ ਈਮਾਨਦਾਰੀ ਵਾਂਗ ਦੋਸਤੀ ਵੀ ਦੁਰਲਭ ਹੋ ਗਈ ਹੈ। ਉਹ ਦੋਸਤ ਕਿਥੇ ਹਨ ਜਿਹੜੇ ਨਿਪੱਤਿਆਂ ਦੀ ਪਤ ਸਨ, ਨਿਓਟਿਆਂ ਦੀ ਓਟ ਸਨ। ਉਹ ਦੋਸਤ ਕਿਥੇ ਹਨ, ਜਿਨ੍ਹਾਂ ਬਾਰੇ ਅਰਦਾਸ ਵਿਚ ਕਿਹਾ ਜਾਂਦਾ ਹੈ, ‘ਸੋਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ।’