ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਆਤਮ ਅਧਿਐਨ, ਪਿਆਰ ਅਤੇ ਸਬੰਧ

ਪ੍ਰੇਮ ਪ੍ਰੰਸਗ ਜਾਂ ਵਿਆਹੁਤਾ ਜੀਵਨ ਦੌਰਾਨ ਦੋਹਾਂ ਧਿਰਾਂ ਦੇ ਆਪਸੀ ਸਬੰਧਾਂ ਵਿਚ ਕਈ ਵਾਰ ਤਕਰਾਰ ਦੇ ਹਾਲਾਤ ਪੈਦਾ ਹੋ ਜਾਂਦੇ ਹਨ। ਸਮਾਜ ਵਿਚ ਵਿਆਹੁਤਾ ਜਾਂ ਬਗੈਰ ਵਿਵਾਹਿਤ ਸਬੰਧ ਇਕੱਠਿਆਂ ਰਹਿਣ (ਲਿਵ-ਇਨ) ਵਾਲੇ ਜੋੜਿਆਂ ਵਿਚ ਪੈਦਾ ਹੋਏ ਅਜਿਹੇ ਹਾਲਾਤਾਂ ਦਾ ਹੱਲ ਕਾਨੂੰਨੀ ਤੌਰ ਤੇ ਰਾਜੀਨਾਵਾਂ ਜਾਂ ਤਲਾਕ ਹਨ। ਹਾਲਾਂਕਿ ਵਿਚੋਲੀਏ, ਰਿਸ਼ਤੇਦਾਰ ਅਤੇ ਇਕੱਠਿਆਂ ਰਹਿਣ ਵਾਲੇ ਜੋੜੇ, ਇਨ੍ਹਾਂ ਸਬੰਧਾਂ ਦੇ ਬਰਕਰਾਰ ਰੱਖਣ ਲਈ ਕੋਸ਼ਿਸ਼ ਜਰੂਰ ਕਰਦੇ ਹਨ, ਪਰੰਤੂ ਕਈ ਵਾਰ ਪ੍ਰੇਮ-ਪ੍ਰਸੰਗ (ਜਾਂ ਵਿਆਹ) ਉਪਰੰਤ ਕੁਝ ਚਿਰ ਸੰਗ ਰਹਿਣ ਮਗਰੋਂ ਅਲਗ ਹੋ ਜਾਣ ਦਾ ਫੈਸਲਾ ਕਰਨਾ ਪੈਂਦਾ ਹੈ। ਹਰ ਗਲੀ ਮੁਹੱਲੇ ਵਿਚ ਇਕ-ਦੋ ਘਰਾਂ ਵਿਚ ਆਪਸੀ ਸਬੰਧਾਂ ਦੇ ਅਜਿਹੇ ਮਸਲੇ ਸੁਲਗਦੇ ਹੀ ਰਹਿੰਦੇ ਹਨ। ਅਖਬਾਰਾਂ ਅਤੇ ਟੈਲੀਵੀਯਨ ਚੈਨਲਾਂ ਤੇ ਅਜਿਹੇ ਹਾਲਾਤਾਂ ਵਿਚ ਆਤਮਹੱਤਿਆ ਜਾਂ ਕਤਲ ਜਿਹੀਆਂ ਵਾਰਦਾਤਾਂ ਦੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ।

ਬੜੇ ਅਹਿਮ ਸਵਾਲ ਪੈਦਾ ਹੋ ਜਾਂਦੇ ਹਨ ਜਿਵੇਂ ਕਿ ਅਸੀਂ ਕਿਸੇ ਨਾਲ ਪਿਆਰ ਦਾ ਸਬੰਧ ਬਣਾਉਣ ਲਈ ਕਿਉਂ ਉਤਾਵਲੇ ਹੋ ਜਾਂਦੇ ਹਾਂ? ਅਸੀਂ ਆਪਣੇ ਇਕੱਲੇਪਣ ਨੂੰ ਦੂਰ ਕਰਨ ਲਈ ਇਕ ਸਾਥੀ ਦੀ ਭਾਲ ਕਿਉਂ ਕਰਦੇ ਹਾਂ? ਅਸੀਂ ਆਪਣੀ ਜਿੰਦਗੀ ਵਿਚ ਇਕ ਇਕੱਲਾਪਣ ਮਹਿਸੂਸ ਕਿਉਂ ਕਰਦੇ ਹਾਂ? ਆਖਿਰ ਕੀ ਹੈ ਇਹ ਜਿੰਦਗੀ? ਆਦਿ..।  ਹੁਣ ਤੱਕ ਸਾਨੂੰ ਖੁਦ ਆਪਣੇ ਆਪ ਨੂੰ ਪਹਿਚਾਨਣ ਦੀ ਜਾਚ ਕਿਉਂ ਨਹੀਂ ਆਈ? ਹਥਲੀ ਜਿਲਦ ਵਿਚ ਅਜਿਹੇ ਹੀ ਹਾਲਾਤਾਂ ਨੂੰ ਸਮਝਣ ਲਈ ਧਾਰਮਿਕ, ਆਧਿਆਤਮਕ, ਕਰਮ ਅਤੇ ਕਰਮਫਲ ਦੇ ਸਿਧਾਂਤਾਂ ਦੀ ਸਹਾਇਤਾ ਲਈ ਗਈ ਹੈ।

ਕਿਸੇ ਦੂਸਰੇ ਇਨਸਾਨ ਤੋਂ ਆਪਣਾ ਕਾਰਜ ਸਿੱਧ ਕਰਾਉਣ ਲਈ ਪਿਆਰ (ਪ੍ਰੇਮ) ਦਾ ਸਹਾਰਾ ਲਿਆ ਜਾਂਦਾ ਹੈ। ਸਾਡੀ ਇੱਛਾ ਇਹੀ ਰਹਿੰਦੀ ਹੈ ਕਿ ਸਾਡਾ ਪਰਿਵਾਰ, ਦੋਸਤ ਮਿੱਤਰ ਸਾਨੂੰ ਪਿਆਰ ਦੇਣ ਅਤੇ ਉਹਨਾਂ ਵੱਲੇਂ ਪਿਆਰ ਦਿੱਤਾ ਜਾਣਾ ਬਣਦਾ ਹੈ। ਅਸੀਂ ਇਸ ਨੂੰ ਆਪਣਾ ਹੱਕ ਸਮਝਦੇ ਹਾਂ। ਇਸ ਜਿਲਦ ਦਾ ਵਿਸ਼ਾ ਆਪਣੇ ਵਲੋਂ ਚੁਣੇ ਗਏ ਜੀਵਨ ਸਾਥੀ ਦੇ ਪਿਆਰ ਨਾਲ ਸਬੰਧਤ ਹੈ। ਸਾਡੀ ਖੁਸ਼ੀ, ਸਾਡੇ ਸਾਥੀ ਦੇ ਵਿਹਾਰ ਤੇ ਹੀ ਨਿਰਭਰ ਕਰਦੀ ਹੈ। ਜਦ ਕਦੇ ਉਹ ਸਾਥੀ ਸਾਨੂੰ ਛੱਡ ਕੇ ਚਲਾ ਜਾਂਦਾ ਹੈ ਤਾਂ ਹਰ ਵੇਲੇ, ਹਰ ਜਗ੍ਹਾ ਵੀਰਾਨੀ ਮਹਿਸੂਸ ਹੋਣ ਲੱਗ ਪੈਂਦੀ ਹੈ। ਉਸ ਵੇਲੇ  ਪਿਆਰ ਦੀ ਕਮੀ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਕੇਂਦਰ ਬਣ ਜਾਂਦੀ ਹੈ। ਅਜਿਹੇ ਹਾਲਾਤ ਹੋਣ ਤੇ ਹੀ ਸਮਝ ਆਉਂਦੀ ਹੈ ਕਿ ਪਿਆਰ ਸਿਰਫ ਪਾ-ਲੈਣ ਜਾਂ ਗੁਆ-ਲੈਣ ਵਾਲੀ ਵਸਤੂ ਨਹੀਂ। ਪਿਆਰ ਦਰਸਾਉਂਦਾ ਹੈ, ਅਸੀਂ ਕੀ ਹਾਂ, ਵੇਦ-ਗ੍ਰੰਥਾ ਵਿਚ ਦਰਜ ਹੈ ਕਿ ਪਿਆਰ ਸਾਡੀ ਆਤਮਾ ਦਾ ਇਕ ਗੁਣ ਹੈ। ਇਸਦੇ ਅਹਿਸਾਸ ਨਾਲ ਅਸੀਂ ਖੁਦ ਨੂੰ ਸੰਪੂਰਨ ਮਹਿਸੂਸ ਕਰਦੇ ਹਾਂ।

ਸ਼ਾਇਦ ਰਿਸ਼ਤੇ-ਨਾਤਿਆਂ ਸਬੰਧੀ ਮੁਸ਼ਕਲਾਂ, ਆਪਣੇ ਅੰਦਰ ਉਨ੍ਹਾਂ ਸਾਥੀਆਂ ਪ੍ਰਤੀ ਪਿਆਰ ਦੀ ਭਾਵਨਾ ਦੀ ਕਮੀ ਨਾਲ ਨਹੀਂ, ਬਲਕਿ ਸਹੀ ਤਰੀਕੇ ਨਾਲ ਖੁਦ ਨੂੰ ਨਾ-ਸਮਝਣ ਤੇ ਹੀ ਜਨਮ ਲੈਂਦੀਆਂ ਹਨ। ਦੂਸਰਿਆਂ ਨਾਲ ਸਾਡੀ ਬੇਰੁਖੀ ਅਤੇ ਕਿਸੇ ਤੋਂ ਅਲਗ ਹੋ-ਜਾਣਾ ਹੀ ਸਾਡੇ ਅੰਦਰੂਨੀ ਸੁਭਾਅ ਦੀ ਕੜਵਾਹਟ ਨੂੰ ਦਰਸਾਉਂਦਾ ਹੈ। ਜਦ ਅਸੀਂ ਖੁਦ ਨੂੰ ਪਿਆਰ ਦਾ ਸਰੋਤ, ਆਪਣੇ-ਆਪ ਨੂੰ ਪ੍ਰੇਮ-ਆਨੰਦ ਨਾਲ ਭਰਪੂਰ ਸਮਝਦੇ ਹਾਂ ਅਤੇ ਫਿਰ ਅਸੀਂ ਆਪਣੇ-ਆਲੇ ਦੁਆਲੇ ਤੋਂ ਪਿਆਰ ਪਾਉਣ ਲਈ ਬੇਚੈਨੀ ਮਹਿਸੂਸ ਨਹੀਂ ਕਰਦੇ। ਅਸੀਂ ਖੁਦ ਨੂੰ ਪਿਆਰ ਕਰਨਾ ਸਿੱਖ ਜਾਂਦੇ ਹਾਂ ਅਤੇ ਹੋਰਾਂ ਨਾਲ ਸੁਖਦ ਸਬੰਧ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਹਾਂ।

ਆਤਮਿਕ ਗਿਆਨ ਦੀ ਸੋਝੀ ਪਿਆਰ ਤੋਂ ਹੀ ਮਿਲ ਸਕਦੀ ਹੈ। ਜੇਕਰ ਇਹ ਸਮਝ ਆ ਜਾਵੇ ਤਾਂ ਆਨੰਦ ਵਿੱਚ ਰਹਿਣ ਲਈ, ਵੱਖ-ਵੱਖ ਧਰਮਾਂ ਵਿਚ ਦੱਸੀਆਂ ਗਈਆ ਔਖੀਆਂ ਯੁਕਤੀਆਂ ਅਪਨਾਉਣ ਦੀ ਵੀ ਲੋੜ ਨਹੀਂ ਪੈਂਦੀ। ਅਸੀਂ ਖੁਦ ਬੜੇ ਆਸਾਨ ਤਰੀਕੇ ਨਾਲ ਦੂਸਰੇ ਵਿਅਕਤੀਆਂ ਅਤੇ ਦੁਨੀਆ ਦੀਆਂ ਹੋਰ ਸ਼ੈਆਂ ਨਾਲ ਪ੍ਰੇਮ-ਪਿਆਰ ਦੇ ਸਬੰਧ ਬਣਾ ਸਕਦੇ ਹਾਂ। ਆਧਿਆਤਮ ਕੋਈ ਅੰਧਵਿਸ਼ਵਾਸ਼ ਜਾਂ ਭੇਦ-ਭਰਪੂਰ ਵਿਸ਼ਾ ਨਹੀਂ ਹੈ ਜੋ ਕਿ ਸਾਡੀ ਪਹੁੰਚ ਤੋਂ ਬਾਹਰ ਹੈ ਅਤੇ ਇਹ ਵੀ ਨਹੀਂ ਕਿ ਅਧਿਆਤਮ ਨੂੰ ਕੇਵਲ ਧਰਮ ਦੇ ਰਸਤੇ ਤੇ ਚੱਲ ਕੇ ਹੀ ਸਮਝਿਆ ਜਾ ਸਕਦਾ ਹੈ। ਇਹ ਪ੍ਰੇਮ ਹੀ ਹੈ ਜੋ ਕਿ ਹਮੇਸ਼ਾ ਹੀ ਸਾਡੇ ਜੀਵਨ ਦਾ ਹਿੱਸਾ ਬਣਕੇ ਰਿਹਾ ਹੈ ਅਤੇ ਜਦੋਂ ਵੀ ਅਸੀਂ ਚਾਹੁੰਦੇ ਹਾਂ ਇਸ ਦੀ ਹੋਂਦ ਨੂੰ ਮਹਿਸੂਸ ਕਰ ਸਕਦੇ ਹਾਂ।

ਇਕ ਹੋਰ ਅਹਿਮ ਤਬਦੀਲੀ ਵੇਖਣ ਵਿਚ ਆਉਂਦੀ ਹੈ ਜਦੋਂ ਅਸੀਂ ਪਿਆਰ ਨੂੰ ਸਰੀਰਿਕ ਬੰਧਨਾਂ ਤੋਂ ਆਜਾਦ ਕਰਦੇ ਹਾਂ। ਅਸੀਂ ਆਤਮਾ ਬਾਰੇ ਵਿਚਾਰ ਕਰਦੇ ਹਾਂ, ਤਾਂ ਸਮਝ ਪੈਂਦੀ ਹੈ ਕਿ ਪਿਆਰ ਦਾ ਘੇਰਾ ਸਾਡੀ ਆਪਣੀ ਸੋਚ ਤੋਂ ਕਿਤੇ ਵੱਡਾ ਹੈ। ਪਹਿਲੋਂ ਮੈਂ ਪਿਆਰ ਦੀ ਭਾਵਨਾ ਨੂੰ ਆਪਣੇ ਦਿਮਾਗ ਵਿਚ ਹੋ ਰਹੀਆਂ ਰਸਾਇਣਿਕ ਕਿਰਿਆਵਾਂ ਦਾ ਨਤੀਜਾ ਸਮਝ ਰਿਹਾ ਸੀ। ਪਰੰਤੂ ਹੁਣ ਮੈਂ ਪਿਆਰ ਨੂੰ ਬ੍ਰਹਮੰਡ ਦੀ ਚੇਤਨਤਾ, ਜਿਸ ਦਾ ਕਿ ਮੈਂ ਅਖੰਡ ਹਿੱਸਾ ਹਾਂ ਵਜੋਂ ਵੇਖ ਰਿਹਾ ਹਾਂ। ਇਹ ਪ੍ਰੇਮ ਦਾ ਪਸਾਰ ਸਾਨੂੰ ਸਾਰੇ ਜੀਵਾਂ ਅਤੇ ਚੁਬੰਕੀ ਸ਼ਕਤੀ ਦੀ ਤਰ੍ਹਾਂ ਸਾਰੀਆਂ ਵਸਤੂਆਂ ਨਾਲ ਜੋੜਦਾ ਹੈ ।

ਹੋਰਾਂ ਨਾਲ ਪ੍ਰੇਮ-ਪਿਆਰ ਵਿੱਚ ਰਹਿਣਾ ਸਾਡਾ ਕੁਦਰਤੀ ਸੁਭਾਅ ਹੈ। ਅਸੀਂ ਦੁਖੀ ਉਸ ਵੇਲੇ ਹੁੰਦੇ ਹਾਂ ਜਦ ਅਸੀਂ ਇਸ ਸੱਚ ਨੂੰ ਮੰਨਣਾ ਨਹੀਂ ਚਾਹੁੰਦੇ ਅਤੇ ਇਸ ਮੰਨ ਲੈਂਦੇ ਹਾਂ ਕਿ ਅਸੀਂ ਦੂਜਿਆਂ ਨਾਲੋਂ ਇਕ ਆਜਾਦ ਤੇ ਵੱਖਰੀ ਸ਼ੈਅ ਹਾਂ। ਜਦ ਵੀ ਇਕ ਇਨਸਾਨ ਖੁਦ ਨੂੰ ਦੂਸਰੇ ਇਨਸਾਨਾਂ ਨਾਲੋਂ ਵੱਖ ਕਰ ਲੈਂਦਾ ਹੈ ਅਤੇ ਹੋਰਾਂ ਪ੍ਰਤੀ ਆਪਣਾ ਪਿਆਰ ਨਕਾਰ ਦਿੰਦਾ ਹੈ, ਉਹ ਖੁਦ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੁੰਦਾ ਹੈ।

ਅਸੀਂ ਸਬੰਧਾਂ ਨੂੰ ਸਰੀਰਿਕ, ਭਾਵਨਾਤਮਕ ਅਤੇ ਆਧਿਆਤਮਕ ਤੌਰ ਤੇ ਵੱਖ-ਵੱਖ ਤੈਹਾਂ ਵਿਚ ਵੇਖਦੇ ਹਾਂ। ਅਸਲ ਵਿਚ ਇਹ ਸਭ ਇਕੋ ਹੀ ਭਾਵਨਾ ਦੀਆਂ ਵੱਖ-ਵੱਖ ਧਾਰਨਾਵਾਂ ਹਨ। ਇਹਨਾਂ ਨੂੰ ਵੱਖ-ਵੱਖ ਤੌਰ ਤੇ ਵੇਖਣ ਤੇ ਹੀ ਇਹ ਫਾਇਦੇਮੰਦ ਰਹਿਣਗੀਆਂ, ਖਾਸਕਰ ਜਦੋਂ ਅਸੀਂ ਕਿਸੇ ਇਕ ਸਬੰਧ ਬਾਰੇ ਸੋਚ ਕੇ ਉਸ ਸਬੰਧ ਪ੍ਰਤੀ ਉਪਯੁਕਤ ਢੰਗ ਨਾਲ ਵਰਤਾਅ ਕਰਾਂਗੇ। ਇਸ ਤਰ੍ਹਾਂ ਦੀ ਸੋਚ ਸਾਨੂੰ ਸਬੰਧਾਂ ਬਾਰੇ ਸਮਝਾ ਸਕਦੀ ਹੈ ਕਿ ਇਹ ਸਭ ਕੇਵਲ ਇਕ ਇਨਸਾਨ ਹੀ ਨਹੀਂ ਬਲਕਿ ਹੋਰ ਸਭਨਾਂ ਬਾਰੇ ਵੀ। ਆਧਿਆਤਮਕ ਤੌਰ ਤੇ ਸੋਚਣ ਉਪਰੰਤ ਸਾਡੇ ਸਰੀਰਿਕ ਅਤੇ ਭਾਵਨਾਤਮਕ ਸਬੰਧਾਂ ਤੇ ਸਾਕਾਰਾਤਮਕ ਅਸਰ ਪੈਂਦਾ ਹੈ।

ਅਸਲ ਅਰਥਾਂ ਵਿਚ ਪਿਆਰ ਅਟਲ ਸੱਚ ਹੈ। ਇਸੇ ਖਿਆਲ ਨਾਲ ਸਾਨੂੰ ਸਮਝ ਪੈ ਸਕਦੀ ਹੈ ਕਿ ਅਸੀਂ ਕੌਣ ਹਾਂ। ਬਜਾਇ ਇਸ ਦੇ ਕਿ ਇਸ ਸਵਾਲ ਨੂੰ ਲੈ ਕੇ ਭਟਕਦੇ ਰਹੀਏ – ਕਿ ਸਾਨੂੰ ਪਿਆਰ ਕਰਨ ਵਾਲਾ ਸਹੀ ਸਾਥੀ, ਜਿਸ ਦਾ ਸੁਭਾਅ ਸਾਡੇ ਆਪਣੇ ਸੁਭਾਅ ਨਾਲ ਮੇਲ ਖਾਂਦਾ ਹੋਵੇ, ਕਿਉਂ ਨਹੀਂ ਮਿਲਦਾ। ਅਸੀਂ ਖੁਦ ਨੂੰ ਇਹ ਕਿਉਂ ਨਹੀਂ ਪੁੱਛਦੇ ਕਿ ਅਸੀਂ ਆਪਣੀ ਆਤਮਿਕ ਸ਼ਕਤੀ, ਜੋ ਕਿ ਜਨਮ-ਜਾਤ ਸਾਡੇ ਕੋਲ ਹੈ ਦਾ ਪਿਆਰ ਮਹਿਸੂਸ ਕਿਉਂ ਨਹੀਂ ਕਰਦੇ ਅਤੇ ਇਸਦੇ ਉਲਟ ਆਪਣੇ ਰਾਹ ਵਿਚ ਮੁਸ਼ਕਲਾਂ ਖੜ੍ਹੀਆਂ ਕਰ ਲੈਂਦੇ ਹਾਂ। ਇਕ ਰਿਸ਼ਤੇ ਵਿਚ ਬਨ੍ਹੇ ਹੋਏ ਵੀ ਅਸੀਂ ਆਪਣੇ ਸਾਥੀ ਨੂੰ ਪਿਆਰ ਕਰਨ ਦੀ ਆਜਾਦੀ ਕਿਉਂ ਨਹੀਂ ਦਿੰਦੇ। ਅਸੀਂ ਖੁਦ ਨੂੰ ਪਿਆਰ ਕੀਤੇ ਜਾਣ ਦੇ ਰਾਹ ਵਿਚ ਖੁਦ ਹੀ ਪੈਦਾ ਕੀਤੀਆਂ ਰੁਕਾਵਟਾਂ ਨੂੰ ਕਿਉਂ ਨਹੀਂ ਤੋੜਦੇ, ਜੇਕਰ ਅਸੀਂ ਇਹ ਸਮਝਣ ਵਿਚ ਸਫਲ ਹੋ ਜਾਂਦੇ ਹਾਂ ਤਾਂ ਅਸੀਂ ਖੁਦ ਨੂੰ ਪਿਆਰ ਕਰਨ ਦਾ ਕੁਦਰਤੀ ਰਾਹ ਲੱਭ ਲਵਾਂਗੇ। ਜੇਕਰ ਅਸੀਂ ਖੁਦ ਨੂੰ ਭੁੱਲੇ ਰਹਾਂਗੇ ਤਾਂ ਆਪਣੇ ਅੰਦਰ ਪਿਆਰ ਦੀ ਕਮੀ ਮਹਿਸੂਸ ਕਰਦੇ ਰਹਾਂਗੇ।

ਪਿਆਰ ਦੀ ਕਮੀ ਮਹਿਸੂਸ ਕਰਨ ਦਾ ਦੂਸਰਾ ਨਾਮ ਡਰ ਵੀ ਹੈ, ਉਨ੍ਹਾਂ ਸਾਰਿਆਂ ਤੋਂ ਜੋ ਸਾਡੇ ਆਲੇ-ਦੁਆਲੇ ਵਿਚਰਦੇ ਹਨ ਅਤੇ ਇਸੇ ਡਰ ਨਾਲ ਹੀ ਮਨ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਅਜਿਹੇ ਹਾਲਾਤ ਵੀ ਪੈਦਾ ਹੋ ਜਾਂਦੇ ਹਨ ਕਿ ਸਾਥੀ ਸਾਨੂੰ ਬੇਗਾਨਾ ਸਮਝਣ ਲੱਗ ਪੈਂਦੇ ਹਨ। ਹਰ ਰਿਸ਼ਤੇ ਦੀਆਂ ਮੁਸ਼ਕਲਾਂ ਦਾ ਹੱਲ ਇਹੀ ਹੈ ਕਿ ਅਸੀਂ ਸਭਨਾਂ ਨਾਲ ਸੁਹਿਰਦਤਾ ਵਾਲਾ ਤਾਲਮੇਲ ਬਣਾਈ ਰੱਖੀਏ ਅਤੇ ਪਿਆਰ ਦੇ ਹੋਰ ਸਬੰਧ ਬਣਾਉਣ ਦੇ ਰਾਹ ਖੋਜ ਲਈਏ।

ਇਹ ਕਰਨਾ ਇਤਨਾ ਆਸਾਨ ਤਾਂ ਨਹੀਂ ਹੈ ਪਰੰਤੂ ਅਸੀਂ ਇਸ ਉਪਰਾਲੇ ਲਈ ਆਪਣੀ ਚੇਤਨ ਸ਼ਕਤੀ (ਜਾਂ ਦੂਸਰਾ ਨਾਮ ਪਰਮਾਤਮਾ) ਤੋਂ ਇਸ ਲਈ ਸਹਾਇਤਾ ਲੈ ਸਕਦੇ ਹਾਂ। ਅਸਲ ਵਿੱਚ ਅਸੀਂ ਅਣਜਾਣੇ ਵਿਚ ਹੀ ਪਿਆਰ ਦੇ ਰਾਹ ਤੇ ਯਾਤਰਾ ਕਰ ਰਹੇ ਹਾਂ, ਉਸ ਦੀ ਤੋਰ ਹੌਲੀ ਵੀ ਕਰ ਰਹੇ ਹਾਂ। ਇਹ ਵੀ ਤੈਅ ਹੈ ਕਿ ਸਾਡੇ ਇਸ ਰਾਹ ਵਿਚ ਕੋਈ ਹੋਰ ਸ਼ੈਅ ਅੜਚਨ ਵੀ ਨਹੀਂ ਪਾ ਸਕਦੀ। ਸ਼ਰਤ ਇਹੀ ਹੈ ਕਿ ਸਾਨੂੰ ਇਹ ਨਾ ਭੁੱਲੇ ਕਿ ਅਸੀਂ ਕੌਣ ਹਾਂ। ਹਮੇਸ਼ਾ ਖੁਦ ਨੂੰ ਅਤੇ ਹੋਰ ਲੋਕਾਂ ਨੂੰ ਮੁਆਫ ਕਰਦੇ ਰਹੀਏ ਤਾਕਿ ਪਿਆਰ ਦੇ ਬੰਧਨ ਨਾਲ ਦੁਬਾਰਾ ਤੋਂ ਜੁੜ ਜਾਈਏ। ਆਪਣੀ ਜਿੰਦਗੀ ਦੇ ਕਿਸੇ ਵੀ ਪਲ ਪਿਆਰ (ਨਫਰਤ ਦੀ ਬਜਾਇ) ਚੁਣ ਕੇ ਅੰਤਰ-ਧਿਆਨ ਦੇ ਰਾਹ ਪੈ ਕੇ ਆਪਣੇ ਮੰਜਿਲ ਪਹੁੰਚ ਸਕਦੇ ਹਾਂ ਅਤੇ ਆਪਣੇ ਸੰਬਧੀਆਂ ਵਿਚ ਪਰਸਪਰ ਪ੍ਰੇਮ ਵੀ ਬਣਾਈ ਰੱਖ ਸਕਦੇ ਹਾਂ।

Loading spinner