- ਉਦਾਸੀ – ਇਸ ਨੂੰ ਕਿਵੇਂ ਦੂਰ ਕਰੀਏ
ਸਾਡੀ ਜਿੰਦਗੀ ਵਿਚ ਕਿਸੇ ਵੇਲੇ ਅਸੀਂ ਬਹੁਤ ਉਦਾਸ ਮਹਿਸੂਸ ਕਰਦੇ ਹਾਂ। ਉਦਾਸੀ ਨਾਲ ਇਕ ਰੋਸ ਦਾ ਵਿਕਾਸ ਹੁੰਦਾ ਹੈ ਜੋ ਜਾਂਦਾ ਨਹੀਂ ਅਤੇ ਇਸ ਸਬੰਧ ਕਿਸੇ ਨੁਕਸਾਨ ਨਾਲ ਹੁੰਦਾ ਹੈ। ਇਹ ਕਿਸੇ ਪਿਆਰੇ ਦੇ ਅਚਾਨਕ ਸਦਾ ਲਈ ਚਲੇ ਜਾਣ ਜਾਂ ਰੋਮਾਂਟਕ ਰਿਸ਼ਤੇ ਦੇ ਅੰਤ ਜਾਂ ਫਿਰ ਰੁਜਗਾਰ ਦੇ ਚਲੇ ਜਾਣ ਕਾਰਨ ਹੋ ਸਕਦਾ ਹੈ। ਉਦਾਸੀ ਨੂੰ ਰੋਕਨ ਦੀ ਕੋਸ਼ਿਸ਼ ਕਰਨਾ ਗਲਤ ਹੋਵੇਗਾ, ਪਰੰਤੂ ਇਸ ਦਾ ਜਿਆਦਾ ਅਸਰ ਹੋਣ ਤੇ ਜਿੰਦਗੀ ਲਈ ਘਾਤਕ ਵੀ ਹੋ ਸਕਦਾ ਹੈ।
ਬਹੁਤ ਜਿਆਦਾ ਉਦਾਸ ਹੋਣ ਦਾ ਕਾਰਨ ਹੈ ਕਿ ਅਸੀਂ ਕਿਸੇ ਵਿਅਕਤੀ ਜਾਂ ਹਾਲਾਤ ਨੂੰ ਪਕੜ ਕੇ ਬੈਠੇ ਹਾਂ। ਜੋ ਘਟਨਾ ਘਟ ਚੁੱਕੀ ਹੈ ਉਹ ਸਾਡੀ ਖੁਸ਼ਨੁਮਾ ਜਿੰਦਗੀ ਦੇ ਅਨੁਕੂਲ ਵੀ ਨਹੀਂ ਅਤੇ ਉਸ ਨੂੰ ਜਾਣ ਵੀ ਨਹੀਂ ਦਿੰਦੇ। ਇਕ ਰਿਸ਼ਤੇ ਦੇ ਖਤਮ ਹੋਣ ਤੇ ਜੋ ਉਦਾਸੀ ਘਰ ਕਰ ਜਾਂਦੀ ਹੈ ਉਸ ਲਈ ਅਸੀਂ ਖੁਦ ਤੇ ਤਰਸ ਮਹਿਸੂਸ ਕਰਦੇ ਹਾਂ। ਅਰਧ ਚੇਤਨ ਅਵਸਥਾ ਵਿਚ ਅਸੀਂ ਸੁਨੇਹਾਂ ਭੇਜ ਰਹੇ ਹੁੰਦੇ ਹਾਂ, ਆਪਣੇ ਵਿਛੜੇ ਸਾਥੀ ਨੂੰ ਕਿ ਅਸੀਂ ਖੁਸ਼ ਨਹੀਂ ਹਾਂ ਅਤੇ ਉਸ ਨੇ ਵਿਛੜ ਕੇ ਗਲਤੀ ਕੀਤੀ ਹੈ। ਅਸੀਂ ਉਸ ਨੂੰ ਵਾਪਸ ਚਾਹੁੰਦੇ ਹਾਂ ਆਪਣੀ ਉਦਾਸੀ ਨਾਲ, ਦੂਸਰੇ ਲਫਜਾਂ ਵਿਚ ਉਸ ਨੂੰ ਗੁਨਾਹਗਾਰ ਬਣਾ ਰਹੇ ਹੁੰਦੇ ਹਾਂ।
ਉਦਾਸੀ ਸੰਵੇਦਨਸ਼ੀਲ ਕਿਸਮ ਦੀ ਭਾਵਨਾ ਹੈ, ਇਹ ਮਾਨਸਿਕ ਤੌਰ ਤੇ ਬੀਮਾਰ ਵੀ ਕਰ ਸਕਦੀ ਹੈ। ਪੀੜਤ ਚਾਹੁੰਦਾ ਹੈ ਕਿ ਉਦਾਸੀ ਲਈ ਜਿੰਮੇਵਾਰ ਉਸਦਾ ਸਾਥੀ ਮਿਲਣ ਲਈ ਆਵੇ ਅਤੇ ਮੁਆਫੀ ਮੰਗੇ। ਉਸ ਸਾਥੀ ਦੇ ਪਿਆਰ ਲਈ ਤੜਫ ਵਧ ਜਾਂਦੀ ਹੈ ਅਤੇ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਜਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਕੇਵਲ ਉਸ ਸਾਥੀ ਤੇ ਨਿਰਭਰ ਹੋਣ।
ਕਈ ਵਾਰੀ ਇਸ ਉਦਾਸੀ ਦਾ ਹੱਲ ਨਹੀਂ ਹੁੰਦਾ, ਇਸ ਸਮੇਂ ਕੋਈ ਸਹਾਰਾ ਨਹੀਂ ਮਿਲਦਾ। ਇਸ ਨੂੰ ਕਈ ਵਾਰ ਉਦਾਸੀ ਦਾ ਸਮੰਦਰ ਵੀ ਕਹਿੰਦੇ ਹਨ ਅਤੇ ਪੀੜਤ ਘੰਟਿਆਂ ਬੰਧੀ ਬਹੁਤ ਰੋਂਦੇ ਕੁਰਲਾਉਂਦੇ ਹਨ। ਇਸ ਵੇਲੇ ਇਸ ਅਫਸੋਸ ਵਿਚ ਰੋਣਾ-ਕੁਰਲਾਉਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕਿਉਂਕਿ ਕਈ ਦਿਨਾਂ, ਮਹੀਨਿਆਂ ਤੱਕ ਸਦਮੇ ਵਿਚ ਰਹਿਣਾ ਘਾਤਕ ਹੋ ਸਕਦਾ ਹੈ। ਜੇਕਰ ਇੰਜ ਵਾਪਰ ਰਿਹਾ ਹੁੰਦਾ ਹੈ ਤਾਂ ਇਸ ਦਾ ਅਰਥ ਹੈ ਕਿ ਅਸੀਂ ਖੁਦ ਨੂੰ ਸਦਮੇ ਵਿਚੋਂ ਬਾਹਰ ਨਹੀਂ ਕੱਢ ਰਹੇ, ਅਸੀਂ ਆਪਣੇ ਪਿਆਰੇ ਦੇ ਵਿਛੋੜੇ ਨੂੰ ਭੁੱਲ ਨਹੀਂ ਰਹੇ।
ਕਈ ਵਾਰ ਦੇਰ ਤੱਕ ਚੱਲਣ ਵਾਲਾ ਸੋਗ, ਇਸ ਭਾਵਨਾਤਮਕ ਦਰਦ ਨੂੰ ਗੁਨਾਹ ਦੇ ਰੂਪ ਵਿਚ ਲੁਕੋ ਲੈਂਦਾ ਹੈ। ਇਹ ਰਿਸ਼ਤੇ ਵਿਚ ਸਾਥੀ ਦੇ ਵਿਛੜਣ ਤੋਂ ਪਹਿਲਾਂ ਅਧੂਰੀਆਂ ਰਹਿ ਗਈਆਂ ਭਾਵਨਾਵਾਂ ਦਾ ਗੁਨਾਹ ਹੈ। ਸਾਨੂੰ ਇਸਦਾ ਅਫਸੋਸ ਹੁੰਦਾ ਹੈ ਅਤੇ ਗੁਨਾਹ ਦੀ ਭਾਵਨਾ ਜਨਮ ਲੈ ਲੈਂਦੀ ਹੈ। ਸਾਨੂੰ ਅਪਣੇ ਕੋਲੋਂ ਸਾਥੀ ਨਾਲ ਕੀਤੇ ਗਏ ਵਰਤਾਅ ਤੇ ਅਫਸੋਸ ਹੁੰਦਾ ਹੈ, ਜੋ ਵਤੀਰਾ ਵਿਛੋੜੇ ਦਾ ਕਾਰਨ ਬਣਿਆ। ਇਹ ਵਿਛੋੜਾ ਮਾਪਿਆਂ ਦੇ ਅਚਾਨਕ ਸਾਡੀ ਜਿੰਦਗੀ ਵਿਚੋਂ ਚਲੇ ਜਾਣ ਕਰਕੇ ਵੀ ਉਤਨਾ ਹੀ ਦੁਖਦਾਈ ਹੁੰਦਾ ਹੈ ਅਤੇ ਉਨ੍ਹਾਂ ਦੇ ਵਾਪਸ ਆਉਣ ਦਾ ਬੇਸਬਰੀ ਨਾਲ ਇੰਤਜਾਰ ਕੀਤਾ ਜਾਂਦਾ ਹੈ ਕਿ ਜੇਕਰ ਮੁੜ ਆਉਣ ਤਾਂ ਪਿਆਰ, ਆਦਰ-ਸਨਮਾਨ ਅਤੇ ਸੇਵਾ ਕੀਤੀ ਜਾ ਸਕੇ। ਅਫਸੋਸ ਇਸ ਗੱਲ ਦਾ ਕਿ ਉਨ੍ਹਾਂ ਦੇ ਨਾਲ ਰਹਿੰਦਿਆਂ ਜਾਂ ਜਿਉਂਦਿਆਂ ਇਹ ਭਾਵਨਾ ਨਾ ਵਿਖਾ ਸਕੇ।
ਉਦਾਸੀ ਦੇ ਸਾਰੇ ਕਾਰਨ ਇਨਸਾਨ ਜਾਂ ਹਾਲਾਤ ਤੋਂ ਵਿਛੜਣ ਕਾਰਨ ਬਣਦੇ ਹਨ। ਇਥੇ ਇਹ ਵੀ ਸੋਚਣਾ ਪਵੇਗਾ ਕਿ ਜੋ ਸਾਥੀ ਵਿਛੜ ਚੁੱਕਾ ਹੈ। ਜੇਕਰ ਉਸ ਨੂੰ ਸਾਡੀ ਉਦਾਸੀ ਬਾਰੇ ਪਤਾ ਲੱਗੇ ਤਾਂ ਉਹ ਖੁਸ਼ ਵੀ ਹੋ ਰਿਹਾ ਹੋਣਾ ਅਤੇ ਨਾਲ ਹੀ ਆਪਣੇ ਆਪ ਤੇ ਅਫਸੋਸ ਵੀ ਕਰ ਰਿਹਾ ਹੋਣਾ। ਅਸੀਂ ਖੁਦ ਅੰਦਾਜਾ ਲਗਾ ਸਕਦੇ ਹਾਂ ਕਿ ਉਹ ਸਾਡੇ ਲਈ ਕੀ ਮੰਗ ਰਹੇ ਹੋਣਗੇ, ਮੌਤ ਤੋਂ ਬਾਅਦ ਜਾਂ ਰਿਸ਼ਤੇ ਦੇ ਖਤਮ ਹੋਣ ਤੋਂ ਬਾਅਦ। ਜਿਆਦਾਤਰ ਲੋਕ ਸਾਨੂੰ ਖੁਸ਼ ਦੇਖਣਾ ਚਾਹੁੰਦੇ ਹੋਣਗੇ ਅਤੇ ਚਾਹੁੰਦੇ ਹੋਣਗੇ ਕਿ ਅਸੀਂ ਆਪਣੀ ਜਿੰਦਗੀ ਵਿਚ ਅੱਗੇ ਵਧੀਏ। ਤੁਸੀਂ ਸਿਰਫ ਇਹ ਕਰੋ ਕਿ ਜਿਹੜੀਆਂ ਚੀਜਾਂ ਤੁਹਾਨੂੰ ਉਸ ਵਿਅਕਤੀ ਪ੍ਰਤੀ ਪਿਆਰੀਆਂ ਹਨ, ਉਨ੍ਹਾਂ ਨੂੰ ਉਲਾਰ ਦਿਉ – ਉਨ੍ਹਾਂ ਵੱਲ – ਉਨ੍ਹਾਂ ਦੀ ਪ੍ਰਸ਼ੰਸਾ ਕਰੋ ਅਤੇ ਆਪਣੇ ਅੰਦਰ ਉਨ੍ਹਾਂ ਨੂੰ ਖੁਸ਼ ਵੇਖਣ ਦੀ ਕੋਸ਼ਿਸ਼ ਕਰੋ। ਯਾਦ ਰਹੇ ਕਿ ਤੁਸੀਂ ਉਸ ਇਨਸਾਨ ਨੂੰ ਪਿਆਰ ਕਰਦੇ ਹੋ ਅਤੇ ਉਨ੍ਹਾਂ ਦਾ ਪਿਆਰ ਮਹਿਸੂਸ ਵੀ ਕਰਦੇ ਹੋ ਭਾਂਵੇਂ ਉਹ ਤੁਹਾਡੀ ਜਿੰਦਗੀ ਵਿਚ ਸ਼ਾਮਲ ਹੋਣ ਜਾਂ ਨਾਂ।
ਕਈ ਵਾਰ ਅਸੀ ਕਿਸੇ ਦੇ ਚਲੇ ਜਾਣ ਜਾਂ ਰਿਸ਼ਤੇ ਟੁੱਟਣ ਬਾਅਦ ਆਪਣੀ ਜਿੰਦਗੀ ਵਿਚ ਪੱਕਾ ਠਹਿਰਾ ਲੈ ਆਉਂਦੇ ਹਾਂ। ਇਹ ਸੋਚ ਕੇ ਕਿ ਉਹ ਵੇਖ ਰਿਹਾ ਹੋਵੇਗਾ, ਅਸੀਂ ਰੋਂਦੇ ਰਹਿੰਦੇ ਹਾਂ। ਜੇਕਰ ਤੁਸੀਂ ਅਜਿਹੀ ਉਦਾਸੀ ਨਾਲ ਨਜਿੱਠ ਰਹੇ ਹੋ ਤਾਂ ਆਪਣੇ ਆਪ ਨੂੰ ਪੁੱਛੋ, ਉਹ ਕਿਹੜੀ ਸ਼ੈਅ ਹੈ ਜਿਸਦੀਆਂ ਨਿਸ਼ੇਥਾਤਮਕ ਭਾਵਨਾਵਾਂ ਤੁਹਾਨੂੰ ਖੁਸ਼ ਹੋਣ ਤੋਂ ਰੋਕ ਰਹੀਆਂ ਹਨ। ਇਸ ਦਾ ਜਵਾਬ ਜੋ ਵੀ ਹੋਵੇ, ਤੁਸੀਂ ਜਿੰਦਗੀ ਵਿਚ ਅੱਗੇ ਵਧਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦੇਵੋ – ਨਵਾਂ ਰਿਸ਼ਤਾ, ਨਵਾਂ ਰੁਗਜਾਰ, ਕੋਈ ਸ਼ੌਕ ਅਪਣਾ ਕੇ। ਉਦਾਸੀ ਦੀ ਭਾਵਨਾ ਨੂੰ ਸਿੱਖਣ ਦਾ ਇਕ ਸੁਨਹਿਰੀ ਮੌਕਾ ਸਮਝੋ। ਇਸ ਉਪਰੰਤ ਤੁਹਾਡਾ ਵਿਕਾਸ ਹੋਵੇਗਾ ਅਤੇ ਇਕ ਹੋਰ ਵੀ ਚੰਗੇ ਇਨਸਾਨ ਦੇ ਤੌਰ ਤੇ ਵਿਕਸਤ ਹੋਵੋਗੇ। ਜੇਕਰ ਤੂਹਾਡਾ ਆਧਿਆਤਮ ਜਾਂ ਧਰਮ ਵਿਚ ਪੱਕਾ ਵਿਸ਼ਵਾਸ਼ ਹੈ ਤਾਂ ਤੁਸੀਂ ਇਸ ਸਦਮੇ ਨੂੰ ਉਸ ਵਿਅਕਤੀ ਨਾਲ ਜੋੜ ਕੇ (ਜੋ ਹੁਣ ਤੁਹਾਡੀ ਜਿੰਦਗੀ ਵਿਚ ਨਹੀਂ ਰਿਹਾ) ਕਬੂਲ ਕਰ ਲਵੋ।
ਕਈ ਵੇਰ ਉਹ ਲੋਕ, ਜਿਨ੍ਹਾਂ ਨੇ ਨੁਕਸਾਨ ਅਤੇ ਉਦਾਸੀ ਨੂੰ ਝੱਲਿਆ ਹੁੰਦਾ ਹੈ ਬਹੁਤ ਪ੍ਰਭਆਵਸ਼ਾਲੀ ਇਨਸਾਨ ਬਣ ਜਾਂਦੇ ਹਨ ਜੋ ਦੂਸਰਿਆਂ ਨੂੰ ਆਪਣੀ ਰਹਿਮਦਿਲੀ ਨਾਲ ਉਤਸਾਹਿਤ ਕਰਦੇ ਹਨ। ਉਨ੍ਹਾਂ ਨੇ ਉਦਾਸੀ ਨੂੰ ਖੁਲ੍ਹੇ ਦਿਲ ਨਾਲ ਖੁਸ਼-ਆਮਦੀਦ ਆਖਿਆ ਅਤੇ ਖੁਦ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਮਾੜਾ ਵੇਲਾ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਹੈ, ਜੇ ਅਸੀਂ ਆਪਣੇ ਤਜਰਬੇ ਕਬੂਲ ਕਰਨ ਲੱਗ ਪਈਏ ਫਿਰ ਭਾਵੇਂ ਉਹ ਚੰਗੇ ਜਾਂ ਮਾੜੇ ਹੋਣ।