- ਸ਼ਾਂਤੀ ਨਾਲ ਜਿੰਦਗੀ ਜਿਉਣਾ
ਅੱਜ ਦੇ ਅਰਾਜਕਤਾ ਦੇ ਸਮੇਂ, ਬੇਫਿਕਰੀ ਨਾਲ ਜਿੰਦਗੀ ਜਿਉਣਾ ਅਸੰਭਵ ਲਗਦਾ ਹੈ। ਜਿਆਦਾਤਰ ਲੋਕ ਡਰ ਅਤੇ ਅਨਿਸ਼ਚਿਤਤਾ ਵਿਚ ਜਿਉਂ ਰਹੇ ਹਨ ਇਸ ਲਈ ਸ਼ਾਂਤ ਜਿੰਦਗੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬੇਫਿਕਰੀ, ਅਸ਼ਾਂਤੀ ਦੇ ਸ਼ਬਦ ਸਾਨੂੰ ਆਪਣੀ ਜਿੰਦਗੀ ਦੇ ਸ਼ਬਦਕੋਸ਼ ਵਿਚੋਂ ਕੱਢਣੇ ਪੈਣਗੇ ਅਤੇ ਆਰਾਮ ਦੀ ਜਿੰਦਗੀ ਜਿਉਣ ਲਈ ਕੁਝ ਨਵਾਂ ਨਹੀਂ ਸਿੱਖਣਾ ਪਵੇਗਾ। ਅਸੀਂ ਸਿਰਫ ਸ਼ਾਂਤੀ ਦੇ ਰਾਹ ਦੀਆਂ ਰੁਕਾਵਟਾ ਨੂੰ ਦੂਰ ਕਰਨਾ ਹੈ ਜਿਨ੍ਹਾਂ ਨੂੰ ਅਸੀਂ ਆਪਣੀ ਜਿੰਦਗੀ ਵਿਚ ਖੁਦ ਲਿਆਂਦਾ ਹੈ।
ਅਸੀਂ ਹੋਰ ਲੋਕਾਂ, ਹਾਲਾਤ ਅਤੇ ਜਗ੍ਹਾ ਨੂੰ ਹੀ ਆਪਣੇ ਖੁਸ਼ੀ ਦੇ ਰਾਹ ਦਾ ਰੋੜਾ ਸਮਝਦੇ ਹਾਂ, ਪਰੰਤੂ ਇਹ ਬੜਾ ਅਜੀਬ ਜਿਹਾ ਲਗਦਾ ਹੈ ਕਿ ਅਸੀਂ ਖੁਦ ਆਪਣੀ ਖੁਸ਼ੀ ਦੇ ਰਾਹ ਵਿਚ ਰੁਕਾਵਟਾਂ ਪਾ ਚੁੱਕੇ ਹਾਂ। ਜੇਕਰ ਤੁਹਾਡੀ ਜਿੰਦਗੀ ਇਤਨੀ ਵਿਅਸਤ ਹੈ ਤਾਂ ਇਸ ਦਾ ਮਤਲਬ ਹੈ ਤੁਸੀਂ ਆਪਣੀ ਜਿੰਦਗੀ ਅਤੇ ਸਬੰਧਾਂ ਨਿਭਾਉਣ ਲਈ ਸਹੀ ਰਾਹ ਨਹੀਂ ਪਕੜਿਆ ਹੋਇਆ। ਤੁਸੀਂ ਅਸਲ ਵਿਚ ਤੁਸੀਂ ਨਹੀਂ ਹੋ।
ਅਸੀਂ ਸਾਰੇ ਡਰ, ਅਸੁਰੱਖਿਆ ਅਤੇ ਸਬੰਧਾਂ ਵਿਚ ਨਾਕਾਮ ਹੋਏ, ਗੁਨਾਹ ਦੀ ਭਾਵਨਾ ਤੋਂ ਸ਼ਿਕਾਰ ਹੋ ਚੁੱਕੇ ਹਾਂ ਅਤੇ ਉਨ੍ਹਾਂ ਭਾਵਨਾਵਾਂ ਨੂੰ ਹੀ ਦਬਾਉਣਾ ਚਾਹੁੰਦੇ ਹਾਂ। ਇਸ ਤਰਾਂ ਕਰਨ ਨਾਲ, ਅਸੀਂ ਖੁਦ ਨੂੰ ਦੁਬਾਰਾ ਉਹੀ ਸੰਤਾਪ ਹੰਢਾਉਣ ਤੋਂ ਬਚਾਉਂਦੇ ਹਾਂ। ਖੁਦ ਨੂੰ ਸਰੀਰਿਕ, ਭਾਵਨਾਤਮਕ ਅਤੇ ਆਧਿਆਤਮਕ ਤੌਰ ਤੇ ਸਾਰੇ ਸਬੰਧਾਂ ਤੋਂ ਅਲਗ ਕਰ ਲੈਂਦੇ ਹਾਂ। ਇਹ ਦੂਰੀ ਅਸੀਂ ਖੁਦ ਹੀ ਬਣਾ ਲੈਂਦੇ ਹਾਂ ਕਿਉਂਕਿ ਅਸੀਂ ਆਪਣੇ ਭਾਵਨਾਤਮਕ ਦਰਦ ਲਈ ਹੋਰਾਂ ਨੂੰ ਜਿੰਮੇਵਾਰ ਸਮਝ ਲੈਂਦੇ ਹਾਂ ਅਤੇ ਵਿਸ਼ਵਾਸ਼ ਕਰ ਲੈਂਦੇ ਹਾਂ ਕਿ ਜਿਉਣ ਲਈ ਭਾਵਨਾਵਾ ਛੱਡ ਕੇ ਆਜਾਦ ਹੋ ਹੋਣਾ ਜਿਆਦਾ ਬਿਹਤਰ ਹੋਵੇਗਾ।
ਕੁਦਰਤ ਦਾ ਇਕ ਨਿਯਮ ਹੈ ਤਿ ਜਦੋਂ ਅਸੀਂ ਖੁਸ਼ੀਆਂ ਵੰਡਦੇ ਹਾਂ ਉਹੀ ਮੁੜ ਕੇ ਵਾਪਸ ਆਉਦੀਆਂ ਹਨ। ਇਸ ਲਈ ਅਸੀਂ ਆਪਣੇ ਦਿਲ ਨੂੰ ਦੂਸਰਿਆਂ ਲਈ ਖੋਲ ਦੇਈਏ ਬਜਾਇ ਇਸ ਦੇ ਕਿ ਇਸ ਨੂੰ ਜਿੰਦਰਾ ਮਾਰ ਕੇ ਬੈਠ ਜਾਈਏ ਕਿ ਇਹ ਰਿਸ਼ਤਿਆਂ ਵਿਚ ਨਾ ਫਸੇ ਅਤੇ ਖੁਸ਼ੀਆਂ ਦਾ ਇੰਤਜਾਰ ਕਰੇ। ਖੁਸ਼ੀਆਂ ਵੰਡਣ ਨਾਲ ਸਾਡੇ ਪ੍ਰਤੀ ਸਾਕਾਰਾਤਮਕ ਖਿੱਚ ਪੈਦਾ ਹੋ ਜਾਵੇਗੀ ਅਤੇ ਅਸੀਂ ਹੋਰ ਖੁਸ਼ੀਆਂ ਦਾ ਆਕਰਸ਼ਨ ਕੇਂਦਰ ਬਣ ਜਾਵਾਂਗੇ।
ਇਹ ਸਾਡੇ ਆਪਣੇ ਰਿਸ਼ਤਿਆਂ ਦੀ ਗੁਣਵੱਤਾ ਦਾ ਅਸਰ ਹੋਵੇਗਾ ਕਿ ਅਸੀਂ ਆਰਾਮਦੇਹ ਜਿੰਦਗੀ ਬਤੀਤ ਕਰ ਸਕਦੇ ਹਾਂ। ਕਿਸੇ ਵੇਲੇ ਤੁਸੀਂ ਕਿਹਾ ਸੀ ਕਿ ਤੁਸੀਂ ਆਪਣੇ ਸਾਥੀ ਨੂੰ, ਆਪਣੇ ਮਾਪਿਆਂ ਅਤੇ ਆਪਣੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਹੋ। ਆਪਣੇ ਰੁਜਗਾਰ ਵਾਲੀ ਜਗ੍ਹਾ ਤੁਸੀਂ ਕਿਸੇ ਦੀ ਸਰਾਹਨਾ ਜਾਂ ਕਿਸੇ ਦੀ ਔਖੇ ਵੇਲੇ ਸਹਾਇਤਾ ਕੀਤੀ ਸੀ। ਕਦੇ ਤੁਸੀਂ ਕਿਸੇ ਨੂੰ ਜੋ ਤੁਹਾਡੇ ਤੇ ਹਮਲਾ ਕਰ ਰਿਹਾ ਸੀ ਜਾਂ ਤੁਹਾਡੀ ਜਿੰਦਗੀ ਕਠਿਨ ਬਨਾ ਰਿਹਾ ਸੀ, ਮੁਆਫ ਕੀਤਾ ਸੀ । ਇਸ ਤੋਂ ਵੀ ਜਿਆਦਾ ਜਰੂਰੀ ਕਦ ਤੁਸੀਂ ਆਪਣੀ ਖੁਦ ਦੀ ਪ੍ਰਸ਼ੰਸਾ ਕੀਤੀ ਅਤੇ ਖੁਦ ਨੂੰ ਪਿਆਰ ਕੀਤਾ ਸੀ।
ਇਹ ਸਾਰੀਆਂ ਗੱਲਾਂ ਸਾਨੂੰ ਸ਼ਾਂਤੀ ਅਤੇ ਆਰਾਮਦਾਇਕ ਜੀਵਨ ਵੱਲ ਲਿਜਾਂਦੀਆਂ ਹਨ। ਸਾਡੀ ਕੁਦਰਤੀ ਬਣਤਰ ਕੁਝ ਅਜਿਹੀ ਹੀ ਹੈ ਕਿ ਅਸੀਂ ਜਿਸ ਹਾਲਾਤ ਵਿਚ ਵੀ ਰਹੀਏ ਅਤੇ ਸਾਨੂੰ ਹਾਲਾਤ ਨਾਲ ਨਜਿੱਠਣਾ ਆਉਂਦਾ ਹੈ। ਸਾਰੀ ਦੁਨੀਆ ਉਦਾਸ ਹੈ, ਇਸ ਨੂੰ ਕੁਝ ਦੂਰਦਰਸ਼ੀ ਆਤਮਾਵਾਂ ਦੀ ਲੋੜ ਹੈ। ਉਹ ਆਤੰਕ ਜਾਂ ਨਫਰਤ ਫੈਲਾਉਣ ਦੀ ਬਜਾਇ ਪਿਆਰ ਵੰਡ ਸਕਦੇ ਹਨ। ਸ਼ਾਇਦ ਤੁਸੀਂ ਹੀ ਉਨ੍ਹਾਂ ਵਿਚੋਂ ਇਕ ਹੋ ਜੋ ਇਹ ਕਰ ਕੇ ਵਿਖਾ ਸਕਦੇ ਹੋ।