ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਰਾਣੀ ਲੂਣਾ ਦਾ ਪਿੰਡ – ਚਮਿਆਰੀ
ਜਤਿੰਦਰ ਸਿੰਘ ਔਲਖ

ਜਿਥੇ ਸ਼ਿਵ ਲੂਣਾ ਲਿਖ ਕੇ ਅਮਰ ਹੋ ਗਿਆ ਉਥੇ ਲੂਣਾ ਨੇ ਪਤਾ ਨਹੀਂ ਕਿੰਨੇ ਕਵੀ ਅਮਰ ਕਰ ਦਿੱਤੇ। ਕਿੰਨੇ ਕਵੀਆਂ ਨੇ ਲੂਣਾ ‘ਤੇ ਕਲਮ ਅਜ਼ਮਾਈ ਕਰਕੇ ਸ਼ਾਹਕਾਰ ਪੈਦਾ ਕੀਤੇ। ਆਓ ਤੁਹਾਨੂੰ ਲੂਣਾ ਦੇ ਪਿੰਡ ਚਮਿਆਰੀ ਲੈ ਚਲਦੇ ਹਾਂ। ਪਿੰਡ ਚਮਿਆਰੀ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਤੋਂ ਕੁਝ ਕਿਲੋਮੀਟਰ ਦੀ ਵਿੱਥ ਤੇ ਹੈ। ਉਂਝ ਚਮਿਆਰੀ ਕਦੀ 2500 ਤੋਂ 3000 ਸਾਲ ਪਹਿਲਾਂ ਮੱਧ ਏਸ਼ੀਆ ਦਾ ਉੱਘਾ ਵਪਾਰਕ ਸ਼ਹਿਰ ਸੀ। ਪਰ ਰਾਵੀ ਦੇ ਹੜ੍ਹਾਂ ਦੀ ਮਾਰ ਅਤੇ ਰਾਜਨੀਤਕ ਬਖੇੜਿਆਂ ਕਾਰਨ ਇਥੋਂ ਦੇ ਬਾਸ਼ਿੰਦੇ ਹੋਰ ਥਾਂਵਾਂ ਵੱਲ ਹਿਜਰਤ ਕਰ ਗਏ, ਪਰ ਤਕਰੀਬਨ ਚਾਰ ਸਦੀਆਂ ਪਹਿਲਾਂ ਇਹ ਪਿੰਡ ਮੁੜ ਆਬਾਦ ਹੋਇਆ ਤੇ ਮੁੜ ਸਭਿਅਤਾ ਧੜਕਣ ਲੱਗੀ। ਕਹਿੰਦੇ ਹਨ ਕਿ ਚਮਿਆਰੀ ਦਾ ਪੁਰਾਣਾ ਨਾਮ ਪੱਕਾ ਸ਼ਹਿਰ ਸੀ।

ਲੂਣਾ ਸਾਂਬੇ ਦੇ ਰਾਜੇ ਦੀ ਧੀ ਸੀ। ਜਦੋਂ ਲੂਣਾ ਜਨਮੀ ਤਾਂ ਪੰਡਿਤ ਨੇ ਟੇਵਾ ਲਾ ਕੇ ਦੱਸਿਆ ਕਿ ਇਸ ਲੜਕੀ ਤੋਂ ਰਾਜੇ ਦੀ ਜਾਨ ਨੂੰ ਖ਼ਤਰਾ ਹੈ ਇਸ ਔਲਾਦ ਦਾ ਜਨਮ ਤੇਰੇ ਲਈ ਸ਼ੁਭ ਨਹੀਂ, ਹੇ ਰਾਜਨ ਇਸ ਤੋਂ ਕਿਸੇ ਤਰ੍ਹਾਂ ਛੁਟਕਾਰਾ ਪਾ। ਰਾਜੇ ਨੇ ਇੱਕ ਸੰਦੂਕ ਬਣਵਾਇਆ ਜਿਸਦੇ ਦੋ ਭਾਗ ਬਣਾਏ ਗਏ, ਹੇਠਲੇ ਭਾਗ ਵਿੱਚ ਸੋਨੇ ਦੀਆਂ ਮੋਹਰਾਂ, ਗਹਿਣੇ, ਹੀਰੇ ਆਦਿ ਪਾ ਦਿੱਤੇ ਗਏ ਅਤੇ ਉਪਰਲੇ ਭਾਗ ਵਿੱਚ ਲੂਣਾ ਨੂੰ ਲਿਟਾ ਦਿੱਤਾ ਗਿਆ। ਸੰਦੂਕ ਦਰਿਆ ਸਪੁਰਦ ਕਰ ਦਿੱਤਾ ਗਿਆ। ਰੁੜਦਾ ਹੋਇਆ ਸੰਦੂਕ ਪਿੰਡ ਚਮਿਆਰੀ ਦੀ ਘਾਟ ਤੇ ਪੀਪੇ ਚਮਿਆਰ ਅਤੇ ਇੱਕ ਧੋਬੀ ਦੀ ਨਜ਼ਰ ਪਿਆ ਦੋਹਾਂ ਨੇ ਸੰਦੂਕ ਦਰਿਆ ਵਿੱਚੋਂ ਕੱਢ ਲਿਆ ਅਤੇ ਪੀਪੇ ਅਤੇ ਧੋਬੀ ਵਿਚਾਲੇ ਸੰਦੂਕ ਦੀ ਮਾਲਕੀ ਨੂੰ ਲੈ ਕੇ ਝਗੜਾ ਹੋ ਗਿਆ ਅੰਤ ਫੈਸਲਾ ਹੋਇਆ ਕਿ ਸੰਦੂਕ ਦਾ ਉਪਰਲਾ ਹਿੱਸਾ ਪੀਪਾ ਚਮਿਆਰ ਰੱਖ ਲਵੇਗਾ ਤੇ ਹੇਠਲਾ ਧੋਬੀ। ਲੂਣਾ, ਪੀਪੇ ਚਮਿਆਰ ਦੇ ਪਲ ਕੇ ਜਵਾਨ ਹੋਈ ਉਸਦੀ ਸੁੰਦਰਤਾ ਬਾਰੇ ਬਿਆਨ ਕਰਨਾ ਸ਼ਾਇਦ ਉਚਿਤ ਨਹੀਂ ਕਿਉਂਕਿ ਕਵੀਆਂ ਨੇ ਕੋਈ ਬਿੰਬ, ਅਲੰਕਾਰ ਅਜਿਹਾ ਨਹੀਂ ਛੱਡਿਆ ਜੋ ਲੂਣਾ ਦੀ ਸੁੰਦਰਤਾ ਬਿਆਨ ਕਰਨ ਲਈ ਨਾ ਵਰਤਿਆ ਹੋਵੇ। ਕਾਦਿਰ ਯਾਰ ਕਹਿੰਦਾ ਹੈ:

ਜਾਇ ਰਾਜੇ ਸਲਵਾਹਨ ਆਂਦੀ
ਇਕ ਇਸਤਰੀ ਹੋਰ ਵਿਆਹ ਕੇ ਜੀ
ਉਸਦੀ ਜਾਤ ਚਮਿਆਰੀ ਤੇ ਨਾਮ ਲੂਣਾ
ਘਰ ਆਂਦੀ ਸੀ ਈਨ ਮਨਾਇ ਕੇ ਜੀ
ਕਾਦਿਰਯਾਰ ਕੀ ਆਖ ਸੁਣਾਵਾਂ
ਪੰਛੀ ਡਿੱਗਦੇ ਗਸ਼ ਖਾਇ ਕੇ ਜੀ।

ਸਿਆਲਕੋਟ ਦਾ ਰਾਜਾ ਚਮਿਆਰੀ ਦੇ ਕੋਲ ਸ਼ਿਕਾਰ ਖੇਡਿਆ ਕਰਦਾ ਸੀ। ਉਸਨੇ ਅਚਾਨਕ ਇੱਕ ਦਿਨ ਘਾਟ ਤੇ ਲੂਣਾ ਨੂੰ ਵੇਖ ਲਿਆ ਤੇ ਉਸਤੇ ਮੋਹਿਤ ਹੋ ਗਿਆ। ਉਸਨੇ ਲੂਣਾ ਕੋਲ ਵਿਆਹ ਦੀ ਪੇਸ਼ਕਸ਼ ਕੀਤੀ ਪਰ ਲੂਣਾ ਨੇ ਸ਼ਰਤ ਲਾਈ ਕਿ ਰਾਜਾ ਉਸਦੇ ਪਿੰਡ ਵਿੱਚ 12 ਖੂਹ ਲਵਾਏ ਅਤੇ ਚਮਿਆਰੀ ਤੋਂ ਸਿਆਲਕੋਟ ਤੱਕ ਪੱਕੀ ਸੜਕ ਬਣਾਏ। ਰਾਜੇ ਨੇ ਏਸੇ ਤਰ੍ਹਾਂ ਹੀ ਕੀਤਾ, ਰਾਣੀ ਲੂਣਾ ਤੇ ਪੂਰਨ ਭਗਤ ਨਾਲ ਕਿਵੇਂ ਬੀਤੀ ਇਹ ਕਾਫੀ ਮਕਬੂਲ ਕਥਾ ਹੈ ਇਸਦੇ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ। ਲੂਣਾ ਦੁਆਰਾ ਆਪਣੇ ਮਤਰੇਏ ਪੁੱਤਰ ਪੂਰਨ ਨੂੰ ਚਾਹੁਣ ਕਾਰਨ ਲੂਣਾ ਕਵੀਆਂ ਤੇ ਕਿੱਸਾਕਾਰਾਂ ਦੀ ਨਫ਼ਰਤ ਦੀ ਪਾਤਰ ਰਹੀ ਹੈ, ਪਰ ਉਸਦੀ ਦਹਿਕਦੀ ਜਵਾਨੀ ਨੂੰ ਸਿਆਲਕੋਟ ਦੇ ਬੁੱਢੇ ਰਾਜੇ ਸਲਵਾਨ, ਜੋ ਉਸਦੇ ਪਿਤਾ ਦੀ ਉਮਰ ਦਾ ਸੀ ਨਾਲ ਨਰੜ ਦੇਣਾ ਕਿਥੋਂ ਦੀ ਦਿਆਨਤਦਾਰੀ ਸੀ? ਹੀਰ, ਸਾਹਿਬਾਂ ਵਾਂਗ ਲੂਣਾ ਨੇ ਵੀ ਕਵੀਆਂ ਨੂੰ ਸਮੁੱਚੀ ਔਰਤ ਜਾਤ ਨੂੰ ਗਾਹਲਾਂ ਕੱਢਣ ਦਾ ਮੌਕਾ ਦੇ ਦਿੱਤਾ। ਉਂਝ ਨਿਰਪੱਖ ਹੋ ਵੇਖੀਏ ਤਾਂ ਲੂਣਾ ਦੀ ਮਾਨਸਿਕਤਾ ਪਿੱਛੇ ਮਰਦੀ ਨੇ ਅੱਕ ਚੱਬਿਆ ਵਾਲੇ ਹਾਲਾਤ ਜਰੂਰ ਕੰਮ ਕਰ ਰਹੇ ਹੋਣਗੇ। ਉਂਝ ਮੇਰੇ ਲਿਖੇ ਇਸ ਸ਼ੇਅਰ ਪਿੱਛੇ ਲੂਣਾ ਦੀ ਮਾਨਸਿਕਤਾ ਸ਼ਾਇਦ ਅਚੇਤ ਹੀ ਕੰਮ ਕਰ ਰਹੀ ਹੋਵੇਗੀ।

ਹੁੰਦਾ ਕਵੀ ਕੋਲ ਤੋਲ ਤੇ ਬਹਿਰ ਪੂਰਾ
ਗਜ਼ਲ ਡੇਗਦੀ ਕਿਉਂ ਈਮਾਨ ਯਾਰੋ

ਪਰ ਸ਼ਿਵ ਨੇ ਕਵੀਆਂ ਦੀ ਪਰੰਪਰਾਗਤ ਲੀਕ ਤੋਂ ਹਟ ਕੇ ਲੂਣਾ ਦੇ ਹੱਕ ਵਿੱਚ ਗੱਲ ਕੀਤੀ :

ਬਾਪ ਜੇ ਧੀ ਦਾ ਰੂਪ ਹੰਢਾਵੇ
ਤਾਂ ਇਸ ਜਗ ਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ
ਚਰਿਤਰਹੀਨ ਕਿਉਂ ਕਹੇ ਜੀਭ ਜਹਾਨ ਦੀ

ਪਿੰਡ ਦੇ ਇੱਕ ਬਜ਼ੁਰਗ ਦੇ ਦੱਸਣ ਅਨੁਸਾਰ ਇੱਕ ਖੇਤ ਦੀ ਖੁਦਾਈ ਦੇ ਦੌਰਾਨ ਹੇਠੋਂ ਪੁਰਾਣੀਆਂ ਇੱਟਾਂ ਦਾ ਖੂਹ ਨਿਕਲਿਆ। ਇੱਕ ਹੋਰ ਬਜ਼ੁਰਗ ਸ੍ਰ: ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬਜ਼ੁਰਗਾਂ ਨੇ ਸਿਆਲਕੋਟ ਤੱਕ ਪੱਕੀ ਸੜਕ ਖੁਦ ਵੇਖੀ ਸੀ। ਸ੍ਰ: ਪ੍ਰੀਤਮ ਸਿੰਘ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਉਹਨਾਂ ਨੇ ਸੜਕ ਦਾ ਕੁਝ ਹਿੱਸਾ ਖੁਦ ਵੇਖਿਆ ਸੀ। ਚਮਿਆਰੀ ਦੀ ਮਸ਼ਹੂਰ ਸ਼ਖਸੀਅਤ ਕਾਮਰੇਡ ਰਾਜੇਸ਼ਵਰ ਸਿੰਘ ਹਨ। ਉਹ ਦੇਸ਼ ਭਗਤ ਲਹਿਰ ਵਿੱਚ ਕੁਰਬਾਨੀ ਦੇ ਪੁੰਜ ਵਜੋਂ ਨਾਮਵਰ ਜੀਉਂਦੇ-ਜਾਗਦੇ ਹਸਤਾਖਰ ਹਨ ਉਹਨਾਂ ਨੂੰ ਕਾਮਰੇਡ ਦਲੀਪ ਸਿੰਘ ਪਟਿਆਲਾ ਨੇ ਦੇਸ਼ਭਗਤੀ ਦੀ ਲਗਨ ਲਗਾਈ ਅਤੇ ਉਹਨਾਂ ਨੇ ਸਾਰੀ ਉਮਰ ਲੋਕਾਂ ਦੀ ਸੇਵਾ ਕਰਦਿਆਂ ਲਗਾ ਦਿੱਤੀ ਉਹ ਚਮਿਆਰੀ ਦੇ ਖਾਂਦੇ-ਪੀਂਦੇ ਪਰਿਵਾਰ ਵਿੱਚੋਂ ਸਨ। ਜਵਾਨੀ ਵੇਲੇ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ‘ਤੇ ਸ਼ਾਦੀ ਕਰਨ ਦਾ ਦਬਾਅ ਪਾਉਣ ਲੱਗੇ, ਪਰ ਵਿਆਹ ਵਾਲੇ ਦਿਨ ਉਹ ਘਰੋਂ ਦੌੜ ਗਏ ਕਿਉਂਕਿ ਉਹ ਸਮਝਦੇ ਸਨ ਕਿ ਘਰ-ਗ੍ਰਿਹਸਤੀ ਉਹਨਾਂ ਦੀ ਦੇਸ਼ਭਗਤੀ ਦੀ ਲਗਨ ਵਿੱਚ ਰੁਕਾਵਟ ਬਣੇਗੀ, ਉਸ ਤੋਂ ਬਾਅਦ ਉਹ ਪਾਰਟੀ ਦੇ ਕੁਲਵਕਤੀ ਦੇ ਤੌਰ ‘ਤੇ ਕੰਮ ਕਰਦੇ ਆ ਰਹੇ ਹਨ। ਸੀ.ਪੀ.ਐਮ ਦੇ ਅੰਮ੍ਰਿਤਸਰ ਅਲਬਰਟ ਰੋਡ ਵਾਲੇ ਦਫਤਰ ਵਿੱਚ ਕਾਫੀ ਸਮਾਂ ਬਿਤਾਉਣ ਮਗਰੋਂ ਉਹ ਅੱਜਕੱਲ ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਿਖੇ ਰਹਿ ਰਹੇ ਹਨ।

ਲਗਭਗ 2000 ਤੋਂ 2500 ਸਾਲ ਪਹਿਲਾਂ ਚਮਿਆਰੀ ਚਮੜੇ ਤੋਂ ਬਣਨ ਵਾਲੀਆਂ ਵਸਤਾਂ ਦਾ ਤਿਜਾਰਤੀ ਕੇਂਦਰ ਸੀ। ਇਥੋਂ ਬਣਨ ਵਾਲੀਆਂ ਚਮੜੇ ਦੀਆਂ ਵਸਤਾਂ ਨਾ ਸਿਰਫ ਉੱਤਰੀ ਭਾਰਤ ਬਲਕਿ ਮੁਲਤਾਨ, ਕੰਧਾਰ, ਖਾੜੀ ਫਾਰਸ ਤੇ ਕੁਝ ਅਰਬ ਦੇਸ਼ਾਂ ਨੂੰ ਵੀ ਸਾਗਰ ਦੇ ਜ਼ਰੀਏ ਸਪਲਾਈ ਹੁੰਦੀਆਂ ਸਨ। ਜਿਨ੍ਹਾਂ ਵਿੱਚ ਘੋੜਿਆਂ ਦੀਆਂ ਲਗਾਮਾਂ, ਜੁੱਤੀਆਂ, ਮਸ਼ਕਾਂ ਤੇ ਫੌਜੀਆਂ ਦੀਆਂ ਵਿਸ਼ੇਸ਼ ਕਿਸਮ ਦੀਆਂ ਪੁਸ਼ਾਕਾਂ ਆਦਿ ਸ਼ਾਮਿਲ ਹਨ। ਦਿੱਲੀ ਤੋਂ ਜੋ ਵਪਾਰੀ ਕਾਫਲੇ ਖਾੜੀ ਫਾਰਸ ਵੱਲ ਲਾਹੌਰ ਰਾਹੀਂ ਨਹੀਂ ਜਾਇਆ ਕਰਦੇ ਸਨ। ਉਹਨਾਂ ਦਾ ਪੜਾਅ ਚਮਿਆਰੀ – ਸਿਆਲਕੋਟ ਆਦਿ ਹੁੰਦੇ ਸਨ। ਇਸ ਤਰ੍ਹਾਂ ਕਰਨ ਦੇ ਕਈ ਕਾਰਨ ਸਨ, ਵਪਾਰੀਆਂ ਦੇ ਦਿੱਲੀ ਲਾਹੌਰ ਵਾਲੇ ਰਾਹ ‘ਤੇ ਲੁਟੇਰਿਆਂ ਦੀ ਜਿਆਦਾ ਨਿਗਾਹ ਰਹਿੰਦੀ ਸੀ ਤੇ ਮਸੂਲ ਵਗੈਰਾ ਵੱਧ ਤਾਰਨਾ ਪੈਂਦਾ ਸੀ।

ਜਦੋਂ ਬੰਦਾ ਬਹਾਦਰ ਨੇ ਸਰਹਿੰਦ ਫਤਹਿ ਕਰਕੇ ਬਾਕੀ ਪੰਜਾਬ ਵੱਲ ਕੂਚ ਕੀਤਾ ਤਾਂ ਫੌਜਾਂ ਸਣੇ ਇਥੇ ਪੜਾਅ ਕੀਤਾ। ਬੰਦਾ ਬਹਾਦਰ ਨੇ ਇਥੋਂ ਚੜ੍ਹਾਈ ਕਰਕੇ ਭੀਲੋਵਾਲ ਦੇ ਇਲਾਕੇ ‘ਚ ਗਿਲਜੇ ਵੱਢੇ। ਜਿੱਥੇ ਬੰਦਾ ਬਹਾਦਰ ਨੇ ਪੜਾਅ ਕੀਤਾ ਉੱਥੇ ਅੱਜ ਗੁਰਦੁਆਰਾ ਵਿਦਮਾਨ ਹੈ ਪਿੰਡ ਵਿੱਚ ਇੱਕ ਤੁਲਸੀ ਦਾਸ ਨਾਮ ਦੇ ਭਗਤ ਦੀ ਸਮਾਧ ਹੈ ਜੋ ਸਾਰੀ ਉਮਰ ਇਸਤਰੀ ਦੇ ਮੱਥੇ ਨਹੀਂ ਸੀ ਲੱਗਾ। ਚਮਿਆਰੀ ਪਿੰਡ ਦੇ ਦੋ ਜਰਨੈਲ ਸ੍ਰ: ਨਾਹਰ ਸਿੰਘ ਅਤੇ ਮਾਖੇ ਖਾਂ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਵਾਸ ਪਾਤਰ ਉੱਘੇ ਜਰਨੈਲ ਸਨ। ਅੰਗਰੇਜ਼ਾਂ ਨਾਲ ਹੋਈਆਂ ਲੜਾਈਆਂ ਵਿੱਚ ਦੋਹਾਂ ਨੇ ਕਮਾਲ ਦੀ ਬਹਾਦਰੀ ਵਿਖਾਈ। ਜਰਨੈਲ ਮਾਖੇ ਖਾਂ ਦਾ ਜ਼ਿਕਰ ਸ਼ਾਹ ਮੁਹੰਮਦ ਦੇ ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ ‘ਚ ਵੀ ਆਉਂਦਾ ਹੈ:

‘ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ
ਹੱਲੇ ਤਿੰਨ ਫ਼ਰੰਗੀ ਦੇ ਮੋੜ ਸੁੱਟੇ’
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ’

ਜੰਗ ਹਾਰ ਜਾਣ ਪਿੱਛੋਂ ਮਾਖੇ ਖਾਂ ਪਿੰਡ ਆ ਗਿਆ। ਇੱਕ ਦਿਨ ਪਿੰਡ ਚਮਿਆਰੀ ਉੱਤੇ ਡਾਕੂਆਂ ਹਮਲਾ ਕਰ ਦਿੱਤਾ। ਮਾਖੇ ਖਾਂ ਨੇ ਆਪਣੇ ਸਾਥੀਆਂ ਨਾਲ ਡਾਕੂਆਂ ਦਾ ਡਟ ਕੇ ਟਾਕਰਾ ਕੀਤਾ। ਡਾਕੂ ਚਿੱਲਿਆਂ ਵਾਲੀ ਦੀ ਲੜਾਈ ਦੇ ਇਹਨਾਂ ਨਾਇਕਾਂ ਸਾਹਵੇਂ ਟਿਕ ਨਾ ਸਕੇ ਅਤੇ ਮਾਖੇ ਖਾਂ ਨੇ ਪਿੰਡ ਦੀ ਰਾਖੀ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਮਾਖੇ ਖਾਂ ਅਤੇ ਸ੍ਰ: ਨਾਹਰ ਸਿੰਘ ਨੂੰ ਜਗੀਰ ਦਿੱਤੀ ਹੋਈ ਸੀ। ਸਿੱਖ ਫੌਜਾਂ ਵੱਲੋਂ ਕੰਧਾਰ ਦਾ ਕਿਲ੍ਹਾ ਫਤਹਿ ਕਰਨ ਸਮੇਂ ਮਾਖੇ ਖਾਂ ਤੋਪਚੀ ਸਨ ਅਤੇ ਕਿਲਾ ਫਤਹਿ ਕਰਨ ਵਿੱਚ ਮਾਖੇ ਖਾਂ ਦਾ ਬਹੁਤ ਵੱਡਾ ਹੱਥ ਸੀ ਮਾਖੇ ਖਾਂ ਦੇ ਮਹਿਲ ਦੀ ਨਾਨਕ ਸ਼ਾਹੀ ਇੱਟਾਂ ਦੀ ਚਾਰ-ਦੀਵਾਰੀ ਅਤੇ ਬਚੇ ਹੋਏ ਦੋ ਕਮਰਿਆਂ ਵਿੱਚ ਇੱਕ ਕਿਸਾਨ ਪਰਵਾਰ ਰਹਿ ਰਿਹਾ ਹੈ। ਮਕਾਨ ਦਾ ਵਿਸ਼ਾਲ ਦਰਵਾਜ਼ਾ ਵੀ ਮੌਜੂਦ ਹੈ। ਚਾਰ-ਦੀਵਾਰੀ ਇੰਨੀ ਮਜ਼ਬੂਤ ਹੈ ਕਿ ਮਾਖੇ ਖਾਂ ਵਰਗੇ ਬਹਾਦਰ ਯੋਧੇ ਅਤੇ ਫੌਜੀ ਦਿਮਾਗ ਦੀ ਕਾਢ ਹੈ। ਮਾਖੇ ਖਾਂ ਦਾ ਪੋਤਰਾ ਅਨਵਰ ਹੁਸੈਨ 1947 ਵਿਚ ਪਰਿਵਾਰ ਸਮੇਤ ਸ਼ੇਖਪੁਰੇ ਪਾਕਿਸਤਾਨ ਵੱਸ ਗਿਆ। ਅਨਵਰ ਹੁਸੈਨ ਦਾ ਪੋਤਰਾ ਕੁਝ ਸਮਾਂ ਪਹਿਲਾਂ ਚਮਿਆਰੀ ਆਇਆ ਤੇ ਆਪਣੇ ਢੱਠੇ ਮਹਿਲਾਂ ਤੇ ਨਤਮਸਤਕ ਹੋ ਕੇ ਗਿਆ। ਪ੍ਰਸਿੱਧ ਪੰਜਾਬੀ ਲੇਖਕ ਅਤੇ ਵਿਚਾਰਵਾਨ ਅਮੀਨ ਮਲਿਕ ਚਮਿਆਰੀ ਪਿੰਡ ਦੇ ਜਮਪਲ ਹਨ ਜੋ ਅੱਜਕੱਲ ਲੰਡਨ ਰਹਿ ਰਹੇ ਹਨ।


ਜਤਿੰਦਰ ਸਿੰਘ ਔਲਖ
ਪਿੰਡ ਤੇ ਡਾਕ ਕੋਹਾਲੀਤਹਿ ਅਜਨਾਲਾ. ਜਿਲ੍ਹਾ ਅੰਮ੍ਰਿਤਸਰ

 

Loading spinner