ਸਿਹਤ ਤੇ ਸਮਾਜ ਲਈ.. ਫਲ ਫਰੂਟ
ਡਾ. ਰਿਪੁਦਮਨ ਸਿੰਘ
ਪਤਾ ਹੈ ਤੁਹਾਨੂੰ ਕਿ ਮਨੁੱਖ ਸ਼ਾਕਾਹਾਰੀ ਨਹੀ ਹੈ ਕਿਉ ਕਿ ਮਨੁੱਖ ਵਿਚ ਸਿੱਧੇ ਤੌਰ ਤੇ ਸੈਲੂਲੋਜ਼ ਨਾਮ ਦੇ ਤੱਤ ਜੋ ਹਰੇ ਪੱਤਿਆਂ ਵਿਚ ਹੁੰਦੇ ਹਨ ਨੂੰ ਹਜ਼ਮ ਕਰਨ ਦੀ ਸਮਰਥਾ ਨਹੀਂ ਹੁੰਦੀ ਪਤਾ ਹੀ ਹੋਵੇਗਾ ਤੁਹਾਨੂੰ ਤਦੇ ਤਾਂ ਹੀ ਅਸੀਂ ਹਰੀਆਂ ਸਬਜ਼ੀਆਂ ਤੇ ਸਰੋਂ ਦੇ ਸਾਗ ਨੂੰ ਚੰਗੀ ਤਰਾਂ ਰਿਝਾਇਆ ਤੇ ਪਕਾਇਆ ਜਾਂਦਾ ਹੈ। ਸੋ ਅਸੀਂ ਸਿੱਧੇ ਤੌਰ ਤੇ ਸ਼ਾਕਾਹਾਰੀ ਨਾ ਹੋਏ। ਸੋ ਕੀ ਫਿਰ ਮਨੁੱਖ ਮਾਸਾਹਾਰੀ ਹੈ? ਨਹੀਂ ਹੈ, ਕਿਉਂਕਿ ਮਨੁੱਖ ਦੇ ਦੰਦ ਸ਼ੇਰ ਵਾਂਗ ਨੁਕੀਲੇ ਨਹੀਂ ਹੁੰਦੇ ਜੋ ਮਾਸ ਨੂੰ ਵੱਢ ਟੁੱਕ ਕਰਨ ਲਈ ਸਮਰੱਥ ਹੋਣ। ਸਾਬਤ ਹੋ ਰਿਹਾ ਹੈ ਕਿ ਅੱਜ ਦਾ ਮਨੁੱਖ ਨਾ ਸ਼ਾਕਾਹਾਰੀ ਹੈ ਤੇ ਨਾ ਹੀ ਮਾਸਾਹਾਰੀ। ਫਿਰ ਅਸੀਂ ਹਾਂ ਕਿਸ ਤਰਾਂ ਦੇ?
ਵਿਗਿਆਨ ਨੇ ਸਾਬਤ ਕੀਤਾ ਹੈ ਕਿ ਮਾਨਵ ਬਾਂਦਰਾਂ ਦੀ ਤਬਦੀਲੀ ਤੋਂ ਬਣਿਆ ਹੈ, ਡਾਰਵਨ ਦੀ ਐਵੁਲੇਸ਼ਨ ਦੀ ਧਾਰਨਾ ਅਨੁਸਾਰ ਇਹ ਸੱਚ ਹੈ ਤਾਂ ਪਤਾ ਲਗਦਾ ਹੈ ਕਿ ਬਾਂਦਰ ਆਮ ਤੌਰ ਤੇ ਫਲਾਹਾਰੀ ਹਨ। ਫਲ ਖਾ ਕੇ ਆਪਣਾ ਢਿੱਡ ਭਰਦੇ ਹਨ। ਉਨਾਂ ਵਿਚ ਹੱਦਾ ਦੀ ਤਾਕਤ ਰਹਿੰਦੀ ਹੈ ਕਿਤਨੀ ਕੁਦਾੜੀਆਂ ਭਰਦੇ ਹਨ ਥੱਕਦੇ ਹੀ ਨਹੀਂ।
ਫਲ ਫਰੂਟਾਂ ਵਿਚ ਫ੍ਰਕਟੋਜ਼ ਨਾਮ ਦੀ ਮਿਠਾਸ ਹੁੰਦੀ ਹੈ ਜਿਸ ਨੂੰ ਹਜ਼ਮ ਕਰਨ ਲਈ ਸਰੀਰ ਨੂੰ ਕੋਈ ਮੁਸ਼ੱਕਤ ਨਹੀਂ ਕਰਨੀ ਪੈਂਦੀ ਸਿੱਧੇ ਹੀ ਸਰੀਰ ਵਿਚ ਜਜ਼ਬ ਹੋਕੇ ਸਕਤੀ ਦਾ ਭੰਡਾਰ ਪੈਦਾ ਕਰਦੀ ਹੈ। ਬਾਕੀ ਹੋਰ ਅੰਨ ਵਾਂਗ ਸਰੀਰ ਨੂੰ ਕੋਈ ਵਾਧੂ ਝੰਝਟ ਵੀ ਨਹੀ ਕਰਨਾ ਪੈਦਾ।
ਫਲ ਫਰੂਟ ਕੇਵਲ ਖਾਣ ਲਈ ਹੀ ਨਹੀਂ ਸਗੋਂ ਇਸ ਦੇ ਉਂਜ ਬੇਅੰਤ ਫਲ ਵੀ ਹਨ। ਵਿਚਾਰ ਦੀ ਗੱਲ ਹੈ ਕਿ ਜਦ ਵੀ ਅਸੀਂ ਕਿਸੇ ਮਿੱਤਰ, ਰਿਸ਼ਤੇਦਾਰ ਨੂੰ ਮਿਲਣ ਜਾਂਦੇ ਹਾਂ ਤੇ ਢਾਈ ਤਿੰਨ ਸੋ ਦੀ ਮਿਠਿਆਈ ਲੈ ਕੇ ਜਾਂਦੇ ਹਾਂ ਪਤਾ ਹੈ ਕਿ ਵੀਹ ਰੁਪਏ ਦੀ ਖੰਡ ਵੀ ਢਾਈ ਸੋ ਦੀ ਖਰੀਦ ਕਰਦੇ ਹਾਂ ਤੇ ਗੱਤੇ ਦਾ ਡੱਬਾ ਵੀ, ਇਸ ਸਿਆਣਪ ਦੇ ਵਾਰੇ ਵਾਰੇ ਜਾਈਏ। ਸੋਚੋ ਜਰਾ ਕੁ ਜੇ ਇਤਨੇ ਪੈਸਿਆਂ ਦੇ ਮੌਸਮੀ ਫਲ ਫਰੂਟ ਲੈਕੇ ਜਾਂਦੇ ਹਾਂ ਤਾਂ ਅਗਲੇ ਦਾ ਤਾਂ ਘਰ ਹੀ ਭਰ ਜਾਵੇਗਾ ਤੇ ਕਈ ਦਿਨਾਂ ਤੱਕ ਉਹ ਆਪ ਵੀ ਢਿੱਡ ਭਰ ਖਾਵਣਗੇ ਤੇ ਆਉਣ ਵਾਲਿਆਂ ਨੂੰ ਵੀ ਖੁਆਉਣਗੇ। ਸਾਰਿਆਂ ਦੀ ਸਿਹਤ ਵੀ ਬਣੇਗੀ ਤੇ ਤੁਹਾਡਾ ਨਾਂ ਵੀ ਹੋਵੇਗਾ। ਇਕ ਹੋਰ ਗੱਲ ਕਹਾਂ ਕਿ ਸੰਸਾਰ ਦੀਆਂ ਬਹੁਤੀਆਂ ਬੀਮਾਰੀਆਂ, ਬਹੁਤੀ ਦੇਰ ਤੱਕ ਰੱਖਿਆ ਦੁੱਧ ਤੇ ਦੁੱਧ ਦੀਆਂ ਬਣੀਆਂ ਵਸਤਾਂ ਮਾਸ ਤੇ ਲਹੂ ਉਤੇ ਪਣਪਦੀਆਂ ਹਨ। ਫਲਾਂ ਦੀ ਵਰਤੋ ਕਰਨ ਨਾਲ ਇਨਾਂ ਤੋਂ ਤਾਂ ਬਚ ਹੀ ਜਾਵਾਂਗੇ ਹੋਰ ਕੁਝ ਨਾ ਸਹੀ।
ਨਾਲੇ ਅੱਜਕੱਲ ਦੁੱਧ ਕਿਹੜਾ ਸੁੱਧ ਹੈ, ਯੂਰੀਏ ਤੋਂ ਬਣਿਆ ਹੋਇਆ ਤਾਂ ਮਿਲਦਾ ਹੈ। ਫਿਰ ਜਾਣ ਬੁੱਝ ਕੇ ਕਿਉਂ ਜ਼ਹਿਰ ਖਾਇਆ ਜਾਵੇ। ਬੱਚਿਆਂ ਨੂੰ ਮਾਂ ਦਾ ਦੁੱਧ ਘੱਟ ਹੋਣ ਦੀ ਹਾਲਤ ਵਿਚ ਜ਼ਹਿਰੀਲੇ ਦੁੱਧ ਦੀ ਬਜਾਏ ਬੱਚੇ ਨੂੰ ਫਲਾਂ ਵਿਚ ਪਕਿਆ ਚੀਕੂ, ਪਪੀਤਾ ਜਾਂ ਕੇਲਾ ਦਿਤਾ ਜਾ ਸਕਦਾ ਹੈ। ਬੱਚਿਆਂ ਨੂੰ ਮਾਂ ਦੇ ਦੁੱਧ ਨਾਲ ਨਾਲ ਫਲ ਫਰੂਟ ਵੀ ਦਿਤੇ ਜਾ ਸਕਦੇ ਹਨ ਇਸ ਨਾਲ ਬੱਚੇ ਦਾ ਢਿੱਡ ਵੀ ਭਰੇਗਾ ਤੇ ਸਿਹਤ ਵੀ ਵਧੀਆ ਰਹੇਗੀ।
ਹਾਂ ਬਹੁਤ ਜਰੂਰੀ ਹੈ ਇਹ ਵਿਚਾਰ ਕਰਨਾ ਕਿ ਫਲ ਖਾਣੇ ਚੰਗੇ ਹੁੰਦੇ ਹਨ ਫਲਾਂ ਦੇ ਜੂਸ ਪੀਣ ਨਾਲੋਂ ਕਿਉ ਕਿ ਜਦੋਂ ਜੂਸ ਪੀਤਾ ਜਾਂਦਾ ਹੈ ਤਾਂ ਉਸ ਦੀ ਮਿਠਾਸ ਤੇ ਹੋਰ ਤੱਤ ਯਕਦਮ ਖੂਨ ਵਿਚ ਮਿਲ ਜਾਂਦੇ ਹਨ ਜਿਸ ਦਾ ਲਾਭ ਘੱਟ ਤੇ ਨੁਕਸਾਨ ਦਾ ਖ਼ਤਰਾ ਵੱਧ ਜਾਂਦਾ ਹੈ। ਫਲਾਂ ਨੂੰ ਖਾਣ ਨਾਲ ਇਕ ਤਾਂ ਦੰਦਾਂ ਦੀ ਬੁਰਸ਼ ਵਾਂਗ ਸਫਾਈ ਵੀ ਹੁੰਦੀ ਰਹਿੰਦੀ ਹੈ ਤੇ ਥੁਕ ਦੀ ਲਾਰ ਵੀ ਅੰਦਰ ਜਾਂਦੀ ਹੈ ਤੇ ਫਲਾਂ ਦੀ ਚੀਨੀ ਤੇ ਜਰੂਰੀ ਤੱਤ ਵੀ ਹੋਲੀ ਹੋਲੀ ਹਜ਼ਮ ਹੁੰਦੇ ਹਨ। ਜਰਾਂ ਕੁ ਸੋਚ ਵੇਖੋ ਕਿ ਸਫਰ ਤੇ ਜਾਣ ਸਮੇਂ ਬਾਹਰ ਦਾ ਭੋਜਨ ਨਾਲ ਬੀਮਾਰ ਹੋਣ ਦੀ ਥਾਂ ਜੇ ਫਲ ਖਾਏ ਜਾਣ ਤਾਂ ਚੰਗਾ ਨਾ ਰਹੇਗਾ। ਬਹੁਤ ਚੰਗਾ ਰਹੇਗਾ ਸੱਚ ਜਾਣਿਓ।
ਇਹ ਕੋਈ ਜਰੂਰੀ ਨਹੀਂ ਤੇ ਨਾ ਹੀ ਕਿਤੇ ਕਿਸੇ ਨੇ ਲਿਖਿਆ ਹੈ ਕਿ ਮਹਿੰਗੇ ਜਾਂ ਵਿਦੇਸ਼ੀ ਫਰੂਟ ਹੀ ਖਾਣੇ ਹਨ। ਚੰਗਾ ਹੈ ਕਿ ਆਪਣੇ ਆਲੇ ਦੁਆਲੇ ਲਗਦੇ ਫਲਾਂ ਨੂੰ ਹੀ ਵਰਤੋ ਦੇਸੀ ਫਲ ਤੇ ਤਰਕਾਰੀਆਂ ਸਦਾ ਹੀ ਅੱਛੀਆਂ ਹੁੰਦੀਆਂ ਹਨ। ਹਰ ਮੋਸਮੀ ਫਰੂਟਾਂ ਦਾ ਮਜ਼ਾ ਲਿੱਤਾ ਜਾਣਾ ਚਾਹੀਦਾ ਹੈ। ਹਾਂ ਜਰਾ ਕੁ ਸੋਚੋ ਤਾਂ ਸਹੀ ਅਕਸਰ ਫੁੱਲਾਂ ਦੇ ਬਾਗ਼ ਬਗੀਚੇ ਪਿੰਡਾ ਵਿਚ ਹੀ ਹੁੰਦੇ ਹਨ, ਸ਼ਹਿਰਾਂ ਵਿਚ ਨਹੀ। ਸ਼ਹਿਰਾਂ ਵਿਚ ਤਾਂ ਲੋਕ ਦਖਾਵੇ ਲਈ ਜਾਂ ਟਸ਼ਨ ਲਈ ਅਮੀਰ ਲੋਕ ਆਪਣੇ ਘਰਾਂ ਵਿਚ ਇਕਾ ਦੁੱਕੇ ਅੰਬ ਦੇ ਬੂਟੇ ਜਾਂ ਗਮਲਿਆਂ ਵਿਚ ਮੇਥੀ ਜਾਂ ਧਨੀਆ ਲਾ ਸ਼ੇਖੀ ਮਾਰੀ ਜਾਂਦੇ ਹਨ ਕਿ ਵੇਖਿਆ ਕੀਨੀ ਖੁਸ਼ਬੋ ਹੈ ਘਰ ਦੀ ਮੇਥੀ ਦੀ ਦਸਾਂ ਘਰ ਤੱਕ ਜਾਂਦੀ ਹੈ। ਅਸੀਂ ਪੇਂਡੂਆਂ ਨੇ ਤਾਂ ਕਦੇ ਨਹੀ ਕਿਹਾ ਕਿ ਸਾਡੀ ਫਸਲ ਦੀ ਮਹਿਕ ਕਰੋੜਾਂ ਘਰਾਂ ਤੱਕ ਗਈ ਹੈ।
ਸੋਚੋ ਤਾਂ ਸਹੀ ਜੇ ਅਸੀਂ ਸਾਰੇ ਫਲ ਫਰੂਟਾਂ ਦੀ ਵਰਤੋ ਵਧਾਂਦੇ ਹਾਂ ਤਾਂ…. ਪਿੰਡਾ ਵਿਚ ਸਵੈ ਰੋਜ਼ਗਾਰ ਵਧੇਗਾ, ਪੇਂਡੂ ਅਮੀਰ ਹੋਣ ਲਗਣਗੇ ਤੇ ਪਿੰਡ ਖੁਸ਼ਹਾਲ ਹੋ ਜਾਣਗੇ। ਪ੍ਰਾਂਪਰਿਕ ਅੰਨ ਦੀ ਵਰਤੋ ਘਟੇਗੀ ਧਰਤੀ ਤੇ ਬੋਝ ਘਟੇਗਾ। ਅੰਨ ਪਕਾਉਣ ਲਈ ਗੈਸ ਤੇ ਬਾਲਣ ਦੀ ਘਟ ਲੋੜ ਪਵੇਗੀ। ਹਰ ਪਾਸੇ ਬਚਤ ਹੀ ਬਚਤ। ਬਚਤ ਹੀ ਇਕੱਲੀ ਨਹੀ ਸਗੋਂ ਸਿਹਤ ਹੀ ਸਿਹਤ ਹੋਵੇਗੀ।
ਫਲ ਮਜ਼ੇ ਨਾਲ ਤੇ ਜੀ ਭਰਕੇ ਖਾਏ ਜਾਣ। ਖਾਣ ਬਾਦ ਉਸ ਦੇ ਬੀਜਾਂ ਨੂੰ ਕੂੜੇ ਵਿਚ ਨਾ ਸੁੱਟੋ ਸਗੋਂ ਬੀਜ ਦਿਓ। ਬੀਜ ਉੱਗਣਗੇ, ਬੂਟੇ ਬਣਨਗੇ ਜਵਾਨ ਹੋਏ ਫੁੱਲਾਂ ਦੇ ਬੂਟਿਆਂ ਨੂੰ ਮੁੜ ਫਲ ਲਗਣਗੇ। ਪੰਜਾਬ ਦੀ ਕਹਾਵਤ ਵੀ ਸੱਚ ਹੋਵੇਗੀ ਕਿ ਬਣਾਵੇ ਦਾਦਾ ਵਰਤੇ ਪੋਤਾ। ਬੜੀ ਲੰਮੀ ਸੋਚ ਵਾਲੇ ਹਾਂ ਅਸੀਂ ਪੰਜਾਬੀ। ਸੰਸਾਰ ਲਈ ਤੇ ਆਪਣੇ ਅਤੇ ਆਪਣੇ ਬੱਚਿਆਂ ਲਈ ਖੇਤਾਂ ਦੇ ਆਲੇ ਦੁਆਲੇ ਫਲਾਂ ਦੇ ਬੂਟੇ ਲੱਗਾਈਏ।
ਇਕ ਇਕ ਇੰਚ ਥਾਂ ਦੇ ਸੇਹਤ ਦੇ ਭੰਡਾਰ ਖੜ੍ਹੇ ਕਰ ਦਈਏ। ਸੜਕਾਂ ਦੇ ਦੋਨੋਂ ਬੰਨ੍ਹੇ ਬੇ ਹਿਸਾਬੀ ਥਾਂ ਪਈ ਹੋਈ ਹੈ ਉਥੇ ਲਗਾ ਦਿਤੇ ਜਾਣ ਫਲ ਫਰੂਟਾਂ ਦੇ ਬੂਟੇ। ਲਗੇ ਫਲਾਂ ਦੇ ਬੂਟੇ ਬੇ-ਰੋਜਗਾਰਾਂ ਨੂੰ ਦੇ ਦਿਤੇ ਜਾਣ ਨਾਲੇ ਦੇਖ ਭਾਲ ਹੋਵੇਗੀ ਤੇ ਨਾਲ ਹੀ ਬੇ-ਰੋਜਗਾਰੀ ਵੀ ਹੱਲ ਹੋ ਜਾਵੇਗੀ। ਸਰਕਾਰ ਤੇ ਸਮਾਜ ਦੀ ਸਿਰ ਦਰਦੀ ਵੀ ਸਮਾਪਤ ਹੋ ਜਾਵੇਗੀ, ਨਾਲੇ ਪੁੰਨ ਤੇ ਨਾਲੇ ਫਲੀਆਂ ਵੀ। ਇੰਜ ਅਸੀਂ ਆਪਣੇ ਬੱਚਿਆਂ ਦੀ ਮਾਂਵਾਂ ਨੂੰ ਦਵਾਈ ਦੀ ਦੁਕਾਨਾਂ ਦੋ ਫੋਲਿਕਐਸਿਡ ਅਤੇ ਵਿਟਾਮਿਨ ਲੈਕੇ ਖਾਣ ਦੀ ਥਾਂ ਕੁਦਰਤ ਦੇ ਤੋਹਫ਼ੇ (ਫਲਾਂ) ਨਾਲ ਮਾਲਾ ਮਾਲ ਕਰ ਸਕਾਂਗੇ। ਬੂਟੇ ਕੇਵਲ ਫਲ ਹੀ ਨਹੀਂ ਸਗੋਂ ਥਾਂ ਵੀ ਦੇਣਗੇ, ਬਾਲਣ ਵੀ ਤੇ ਵਾਤਾਵਰਣ ਵੀ ਠੀਕ ਰਹੇਗਾ… ਸਾਰਾ ਕੁਝ ਸੁਧ ਹੋਵੇਗਾ ਅਸੀਂ ਵੀ ਤੇ ਸਰਿਸ਼ਟੀ ਵੀ, ਬਸ ਲੋੜ ਹੈ ਰਲ ਮਿਲ ਸੋਚਣ ਦੀ ਤੇ ਕਰਨ ਦੀ.. ਆਉ ਬਸ ਕਰ ਦੇਖੀਏ ਹੋਰ ਕੁਝ ਨਹੀਂ ਪਰਮਾਤਮਾ ਸਾਡੀ ਸ਼ੁਭ ਸੋਚ ਨਾਲ ਹੈ, ਹਿਮੰਤ ਦੇਵੇਗਾ ਸਾਨੂੰ।
(ਡਾ: ਰਿਪੁਦਮਨ ਸਿੰਘ)
੧੩੪-ਐਸ, ਸੰਤ ਨਗਰ
ਪਟਿਆਲਾ